ਗੁਰਮਤਿ ਦੇ ਆਦਰਸ਼ਾਂ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਗਤੀ ਤੇ ਸ਼ਕਤੀ ਦੇ ਧਾਰਨੀ ਸੰਤ-ਸਿਪਾਹੀ ਭਾਵ ਇਕ ਸੁਤੰਤਰ ਤੇ ਸੰਪੂਰਨ ਮਨੁੱਖ 'ਖਾਲਸਾ' ਦੀ ਸਾਜਨਾ ਕੀਤੀ। ਖਾਲਸਾ ਪੰਥ ਦੀ ਸਾਜਨਾ ਨਾਲ ਪੰਜਾਬ ਦੇ ਤ੍ਰਾਸੇ ਹੋਏ ਲੋਕਾਂ ਦੇ ਚਿਹਰੇ 'ਤੇ ਇਕ ਜਲਾਲ ਚਮਕਣ ਲੱਗਾ। ਇਕ-ਇਕ ਸਿੰਘ ਆਪਣੇ ਆਪ ਨੂੰ ਸਵਾ ਲੱਖ ਦੇ ਬਰਾਬਰ ਸਮਝਦਾ ਸੀ। ਮੁਗ਼ਲ ਹਕੂਮਤ ਅਤੇ ਸਥਾਨਕ ਰਜਵਾੜਿਆਂ ਨੇ ਇਸ ਨਵੀਂ ਪੈਦਾ ਹੋਈ ਰੋਸ਼ਨੀ ਨੂੰ ਖਤਮ ਕਰਨ ਦਾ ਯਤਨ ਕੀਤਾ ਕਿਉਂਕਿ ਉਹ ਆਪਣੇ ਆਪ ਨੂੰ ਜੀਵਨ ਵਿਚ ਪਾਈਆਂ ਢੇਰ ਸਾਰੀਆਂ ਕਮਜ਼ੋਰੀਆਂ ਕਾਰਨ ਇਨ੍ਹਾਂ ਨਵੇਂ ਸਜੇ ਸਿੰਘਾਂ/ਖਾਲਸਾ ਪੰਥ ਦੇ ਸਾਹਮਣੇ ਬੌਣੇ ਮਹਿਸੂਸ ਕਰਨ ਲੱਗ ਪਏ ਸਨ। ਇਸ ਸੰਘਰਸ਼ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ-ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਅਤੇ ਅਨੇਕ ਸਿੰਘ-ਸਿੰਘਣੀਆਂ ਅਤੇ ਭੁਝੰਗੀ ਸ਼ਹੀਦ ਹੋ ਗਏ। ਥੋੜ੍ਹੀ ਗਿਣਤੀ ਵਿਚ ਹੋਣ 'ਤੇ ਵੀ ਚਮਕੌਰ ਦੀ ਗੜ੍ਹੀ ਅਤੇ ਮੁਕਤਸਰ ਦੇ ਸਥਾਨ 'ਤੇ ਸਿੰਘਾਂ ਨੇ ਮੁਗ਼ਲ ਫੌਜ ਦਾ ਮੂੰਹ ਮੋੜ ਦਿੱਤਾ ਸੀ। ਮੁਗ਼ਲ ਹਕੂਮਤ ਨਾਲ ਟੱਕਰ ਲੈਣ ਵਾਲੇ ਸਿੱਖ ਯੋਧਆਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਵੀ ਖਾਸ ਅਹਿਮੀਅਤ ਰੱਖਦਾ ਹੈ।
ਬਾਬਾ ਬੰਦਾ ਸਿੰਘ ਦਾ ਪਹਿਲਾ ਨਾਂ ਲਛਮਣ ਦੇਵ ਸੀ। ਉਹ ਸਾਧੂਆਂ ਦੇ ਇਕ ਟੋਲੇ ਨਾਲ ਮਿਲ ਕੇ ਭਾਰਤ ਵਿਚ ਤੀਰਥਾਂ 'ਤੇ ਘੁੰਮਣ-ਫਿਰਨ ਲੱਗਾ। ਕੁਝ ਚਿਰ ਬਾਅਦ ਨਾਸਿਕ ਵਿਖੇ ਪਹੁੰਚਣ 'ਤੇ ਉਸ ਦਾ ਮੇਲ ਇਕ ਜੋਗੀ ਔਘੜ ਨਾਥ ਨਾਲ ਹੋਇਆ। ਔਘੜ ਨਾਥ ਇਕ ਤਾਂਤਰਿਕ ਸੀ ਜੋ ਜੰਤਰ-ਮੰਤਰ ਵਿਚ ਨਿਪੁੰਨ ਸੀ। ਲਛਮਣ ਦੇਵ ਉਸ ਦਾ ਚੇਲਾ ਬਣ ਗਿਆ ਅਤੇ ਉਸ ਕੋਲ ਹੀ ਰਹਿਣ ਲੱਗਾ। ਲਛਮਣ ਦੇਵ ਨੇ ਤਾਂਤਰਿਕ ਵਿੱਦਿਆ ਵਿਚ ਨਿਪੁੰਨ ਹੋ ਕੇ ਆਪਣਾ ਸੁਤੰਤਰ ਡੇਰਾ ਗੋਦਾਵਰੀ ਦੇ ਕੰਢੇ ਨਾਂਦੇੜ ਦੇ ਸਥਾਨ 'ਤੇ ਬਣਾ ਲਿਆ ਸੀ। ਉਸ ਇਲਾਕੇ ਦੇ ਲੋਕਾਂ ਵਿਚ ਉਸ ਦੀ ਬੜੀ ਪ੍ਰਸਿੱਧੀ ਹੋ ਗਈ। ਲੋਕ ਉਸ ਕੋਲ ਆਪਣੀਆਂ ਤਕਲੀਫਾਂ ਦੇ ਨਿਵਾਰਨ ਤੇ ਕਾਰਜ-ਸਿਧੀ ਲਈ ਆਉਂਦੇ ਸਨ। ਇਸ ਸਮੇਂ ਲਛਮਣ ਦੇਵ ਦਾ ਨਾਂ ਸਾਧੂਆਂ ਵਿਚ ਮਾਧੋਦਾਸ ਬੈਰਾਗੀ ਪ੍ਰਸਿੱਧ ਸੀ। ਆਪਣੀ ਦੱਖਣ ਦੀ ਯਾਤਰਾ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਨ 1708 ਈ: ਵਿਚ ਨਾਂਦੇੜ ਪਹੁੰਚੇ। ਗੁਰੂ ਜੀ ਨੂੰ ਮਾਧੋਦਾਸ ਦੀ ਪ੍ਰਸਿੱਧੀ ਦੀ ਜਾਣਕਾਰੀ ਮਿਲ ਚੁੱਕੀ ਸੀ। ਇਕ ਦਿਨ ਉਹ ਸਿੰਘਾਂ ਸਮੇਤ ਮਾਧੋਦਾਸ ਦੇ ਡੇਰੇ ਜਾ ਬਿਰਾਜਮਾਨ ਹੋਏ। ਮਾਧੋਦਾਸ ਸਤਿਗੁਰਾਂ ਨੂੰ ਆਪਣੇ ਆਸਣ ਉੱਤੇ ਬਿਰਾਜਮਾਨ ਵੇਖ ਕੇ ਅਤਿ ਕ੍ਰੋਧਵਾਨ ਹੋਇਆ ਪਰੰਤੂ ਉਸ ਦੇ ਸਾਰੇ ਜੰਤਰ-ਤੰਤਰ ਫੇਲ੍ਹ ਹੋ ਗਏ। ਮਾਧੋਦਾਸ ਗੁਰੂ ਜੀ ਦੀ ਅਗੰਮੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਦੇ ਮਨ ਵਿਚ ਪੂਰਨ ਬ੍ਰਹਮ ਗਿਆਨ ਦੀ ਅਭਿਲਾਖਾ ਸੀ। ਇਸ ਦੀ ਪੂਰਤੀ ਲਈ ਉਹ ਗੁਰੂ ਜੀ ਦਾ ਬੰਦਾ, ਉਨ੍ਹਾਂ ਦਾ ਸੇਵਕ ਬਣ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਵਿਖੇ ਉਸ ਨੂੰ ਸਿੰਘ ਸਜਾਇਆ ਤੇ ਉਸ ਦੇ ਗੁਰੂ ਜੀ ਪ੍ਰਤੀ ਪੂਰਨ ਸਮਰਪਣ ਨੂੰ ਦੇਖਦਿਆਂ ਉਸ ਦਾ ਨਾਮ ਬੰਦਾ ਸਿੰਘ ਬਹਾਦਰ ਰੱਖਿਆ। ਫਿਰ ਸਤਿਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਾਲਸੇ ਦਾ ਆਗੂ ਥਾਪ ਕੇ ਜ਼ਾਲਮਾਂ ਦੀ ਸੋਧ ਕਰਨ ਹਿੱਤ ਪੰਜਾਬ ਵੱਲ ਤੋਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਖਾਲਸੇ ਨੇ ਪੰਜਾਬ ਵਿਚ ਇਕ ਅਜਿਹਾ ਸਿੰਘ-ਨਾਦ ਪੈਦਾ ਕੀਤਾ ਕਿ ਮੁਗ਼ਲ ਰਾਜ ਦੇ ਮਹਿਲ ਢਹਿ-ਢੇਰੀ ਹੋਣ ਲੱਗੇ। ਡਰਾਉਣੇ ਅਤੇ ਜ਼ਾਲਮ ਸੂਬੇਦਾਰ ਅਤੇ ਵੱਡੇ-ਵੱਡੇ ਫੌਜਦਾਰ ਖੁਦ ਡਰ ਨਾਲ ਕੰਬਣ ਲੱਗ ਪਏ। ਖਾਲਸੇ ਨੇ ਥੋੜ੍ਹੇ ਸਮੇਂ ਵਿਚ ਹੀ ਪੰਜਾਬ ਦੇ ਰਾਜ, ਸਮਾਜ ਤੇ ਅਰਥ-ਵਿਵਸਥਾ ਨੂੰ ਪਲਟ ਕੇ ਰੱਖ ਦਿੱਤਾ ਸੀ।
ਬਾਬਾ ਬੰਦਾ ਸਿੰਘ ਬਹਾਦਰ ਇਕ ਤਪੱਸਵੀ ਰਿਹਾ ਸੀ, ਉਸ ਦਾ ਹਿਰਦਾ ਸ਼ੁੱਧ ਸੀ। ਗੁਰੂ ਜੀ ਦਾ ਪ੍ਰਤੱਖ ਰੂਪ ਵਿਚ ਅਸ਼ੀਰਵਾਦ ਅਤੇ ਛੋਹ ਪ੍ਰਾਪਤ ਕਰ ਕੇ ਉਸ ਨੇ ਥੋੜ੍ਹੇ ਦਿਨਾਂ ਵਿਚ ਹੀ ਗੁਰਮਤਿ ਦਾ ਗਿਆਨ ਤੇ ਖਾਲਸੇ ਦੀ ਰਹਿਤ ਦ੍ਰਿੜ੍ਹ ਕਰ ਲਈ ਸੀ। ਉਸ ਨੇ ਜੰਤਰ-ਮੰਤਰ ਤਿਆਗ ਕੇ ਧੁਰ ਕੀ ਬਾਣੀ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਸੀ। ਉਹ ਇਸ ਤਰ੍ਹਾਂ ਪੂਰਨ ਗੁਰਸਿੱਖ ਤੇ ਗੁਰੂ-ਘਰ ਦਾ ਪੱਕਾ ਸੇਵਕ ਬਣ ਚੁੱਕਾ ਸੀ। ਗੁਰੂ ਜੀ ਨੇ ਉਸ ਦਾ ਨਿਸ਼ਚਾ, ਦ੍ਰਿੜ੍ਹਤਾ ਅਤੇ ਯੋਗਤਾ ਵੇਖ ਕੇ ਹੀ ਉਸ ਨੂੰ ਖਾਲਸੇ ਦਾ ਆਗੂ ਥਾਪਿਆ। ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਮੇਂ ਦਾ ਇਕ ਉੱਤਮ ਦਰਜੇ ਦਾ ਸਿੱਖ ਯੋਧਾ ਤੇ ਪਹਿਲਾ ਸਿੱਖ ਹੁਕਮਰਾਨ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਦੇਸ਼ ਅਨੁਸਾਰ ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਪੰਜਾਬ ਵਿਚ ਜੋ ਇਨਕਲਾਬ ਲਿਆਂਦਾ, ਉਹ ਇਕ ਹੈਰਾਨੀਕੁੰਨ ਇਤਿਹਾਸਕ ਹਕੀਕਤ ਹੈ ਜੋ ਬੇਮਿਸਾਲ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਦਾ ਪਾਲਣ ਕਰਨ ਲਈ ਜਦ ਬਾਬਾ ਜੀ ਪੰਜਾਬ ਆਏ ਤਾਂ ਉਨ੍ਹਾਂ ਕੋਲ ਗੁਰੂ ਜੀ ਵੱਲੋਂ ਬਖਸ਼ੇ ਗਏ ਪੰਜ ਤੀਰ, ਖੰਡਾ ਤੇ ਨਗਾਰਾ ਸੀ। 'ਪੰਥ ਪ੍ਰਕਾਸ਼' ਅਨੁਸਾਰ:-
ਬੰਦੇ ਗੁਰ ਖੰਡਾ ਦਯੋ, ਲਯੋ ਉਨੇਂ ਗਲ ਪਾਇ॥
ਖਾਲਸੋ ਦੇਖ ਸੁ ਵਿਟਰਿਓ ਤਿਨ ਖੰਡੋ ਲਯੋ ਛਿਨਾਇ॥ (ਪੰਥ ਪ੍ਰਕਾਸ਼)
ਗੁਰੂ ਸਾਹਿਬ ਨੇ ਪੰਜ ਪਿਆਰੇ ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ ਤੇ ਭਾਈ ਰਣ ਸਿੰਘ ਨਾਲ ਤੋਰੇ। ਇਨ੍ਹਾਂ ਤੋਂ ਇਲਾਵਾ 20 ਸਿੰਘ ਹੋਰ ਸੰਭਾਵੀ ਸੰਘਰਸ਼ ਵਿਚ ਬਾਬਾ ਬੰਦਾ ਸਿੰਘ ਜੀ ਦਾ ਸਾਥ ਦੇਣ ਲਈ ਨਾਲ ਤੋਰੇ। ਬਾਬਾ ਜੀ ਅਤੇ ਇਨ੍ਹਾਂ 25 ਸਿੰਘਾਂ ਦੇ ਕਾਫਲੇ ਨੇ ਪੰਜਾਬ ਵੱਲ ਕੂਚ ਕੀਤਾ। ਦਿੱਲੀ ਪਾਰ ਕਰਦਿਆਂ ਹੀ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ। ਹੁਕਮ ਦਾ ਪਾਲਣ ਕਰਦਿਆਂ ਸਿੱਖ ਸੰਗਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸੁਆਗਤ ਲਈ ਅੱਗੇ ਆ ਗਈਆਂ। ਗੁਰੂ ਸਾਹਿਬ ਦੇ ਪਰਵਾਰ ਦੀਆਂ ਸ਼ਹੀਦੀਆਂ ਦੇ ਜ਼ਖਮ, ਸਿੱਖ ਸੰਗਤਾਂ ਵਿਚ ਅਜੇ ਤਾਜ਼ਾ ਸਨ। 'ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ' ਦੀ ਭਾਵਨਾ ਅਨੁਸਾਰ ਸਿੱਖ ਸਾਹਿਬਜ਼ਾਦਿਆਂ ਅਤੇ ਹੋਰ ਅਨੇਕ ਸ਼ਹੀਦ ਸਿੰਘਾਂ ਦੀਆਂ ਸ਼ਹੀਦੀਆਂ ਦਾ ਬਦਲਾ ਲੈਣ ਲਈ ਕਚੀਚੀਆਂ ਵੱਟ ਰਹੇ ਸਨ। ਬਸ ਉਨ੍ਹਾਂ ਨੂੰ ਯੋਗ ਅਗਵਾਈ ਦੀ ਲੋੜ ਸੀ, ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਨੇ ਪੂਰੀ ਕਰ ਦਿੱਤੀ। ਇਸ ਲਈ ਉਹ ਕੁਝ ਸਮੇਂ ਦੇ ਅੰਦਰ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਕੇਸਰੀ-ਖਾਲਸਾਈ ਝੰਡੇ ਥੱਲੇ ਇਕੱਠੇ ਹੋ ਗਏ, ਉਨ੍ਹਾਂ ਨੇ ਰਣ-ਭੂਮੀ ਵਿਚ ਆਪਣਾ ਨਾਹਰਾ 'ਰਾਜ ਕਰੇਗਾ ਖਾਲਸਾ' ਨਿਸ਼ਚਿਤ ਕਰ ਦਿੱਤਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਨੂੰ ਤੁਰੇ ਤਾਂ ਉਨ੍ਹਾਂ ਕੋਲ 25 ਸਿੰਘਾਂ ਤੋਂ ਇਲਾਵਾ ਕੋਈ ਫੌਜ ਨਹੀਂ ਸੀ। ਕੋਈ ਜੰਗੀ ਸਾਜੋ-ਸਾਮਾਨ, ਗੋਲੀ, ਬਾਰੂਦ ਆਦਿ ਨਹੀਂ ਸੀ। ਕੋਈ ਸਿਖਿਅਤ ਫੌਜ ਨਹੀਂ ਸੀ। ਮੁਸਲਮਾਨ ਲਿਖਾਰੀ ਖਾਫ਼ੀ ਖਾਨ ਤੇ ਮੁਹੰਮਦ ਕਾਸਮ ਅਨੁਸਾਰ ਛੇਤੀ ਹੀ 4000 ਘੋੜ-ਸਵਾਰ ਤੇ 7800 ਸਿਪਾਹੀ ਪੈਦਲ ਉਸ ਨਾਲ ਆ ਰਲ਼ੇ। ਮਸ਼ਹੂਰ ਇਤਿਹਾਸਕਾਰ ਸ੍ਰੀ ਗੋਕਲ ਚੰਦ ਨਾਰੰਗ ਅਨੁਸਾਰ ਪੈਦਲ ਸੈਨਿਕਾਂ ਦੀ ਗਿਣਤੀ 8900 ਹੋ ਗਈ ਤੇ ਵਧਦੀ ਹੋਈ ਅੰਤ 40,000 ਤਕ ਪਹੁੰਚ ਗਈ।
ਨਵੰਬਰ 11, 1709 ਈ: ਨੂੰ ਸਮਾਣਾ 'ਤੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਸੋਨੀਪਤ, ਕੈਂਥਲ, ਸਮਾਣਾ, ਘੁੜਾਮ, ਠਸਕਾ, ਸ਼ਾਹਬਾਦ, ਕਪੂਰੀ ਤੇ ਸਢੌਰਾ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਉਹਨੀਂ ਦਿਨੀਂ ਇਹ ਸ਼ਹਿਰ ਮੁਗ਼ਲ ਰਾਜ ਦੇ ਗੜ੍ਹ ਮੰਨੇ ਜਾਂਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਦੇ ਆਉਣ ਬਾਰੇ ਸੁਣ ਕੇ ਮਾਝੇ ਤੇ ਦੁਆਬੇ ਦੇ ਸਿੱਖਾਂ ਨੇ ਹਕੂਮਤ ਵਿਰੁੱਧ ਬਗ਼ਾਵਤ ਕਰ ਦਿੱਤੀ, ਕਿਉਂਕਿ ਸਿੱਖਾਂ ਦੇ ਹੌਸਲੇ ਬਹੁਤ ਬੁਲੰਦ ਹੋ ਚੁੱਕੇ ਸਨ। ਉਹ ਰੋਪੜ ਨੂੰ ਜਿੱਤ ਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਮਿਲੇ। ਹੁਣ ਸਿੱਖ ਆਪਣੇ ਮੁੱਖ ਨਿਸ਼ਾਨੇ ਸਰਹਿੰਦ 'ਤੇ ਜ਼ੋਰਦਾਰ ਹੱਲਾ ਬੋਲਣ ਲਈ ਕਚੀਚੀਆਂ ਲੈਣ ਲੱਗੇ। ਆਖਰ ਉਹ ਘੜੀ ਆ ਗਈ ਜਿਸ ਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸੂਬੇਦਾਰ ਵਜ਼ੀਰ ਖਾਨ ਨੂੰ ਸਬਕ ਸਿਖਾਉਣ ਲਈ ਸਿੱਖਾਂ ਨੇ ਚੱਪੜਚਿੜੀ ਦਾ ਮੈਦਾਨ ਆ ਮੱਲਿਆ (ਚੱਪੜਚਿੜੀ, ਸਰਹਿੰਦ ਤੋਂ ਲਗਭਗ 10-12 ਕੋਹ ਦੀ ਵਿੱਥ 'ਤੇ ਖਰੜ-ਲਾਂਡਰਾ ਸੜਕ 'ਤੇ ਸਥਿਤ ਹੈ) ਸੂਬੇਦਾਰ ਵਜ਼ੀਰ ਖਾਨ ਦੀਆਂ ਫੌਜਾਂ ਸਿੱਖਾਂ ਦੇ ਤੂਫਾਨ ਨੂੰ ਰੋਕਣ ਲਈ ਅੱਗੇ ਵਧੀਆਂ। ਸਿੰਘਾਂ ਨੇ ਸਰਹਿੰਦ 'ਤੇ ਹਮਲੇ ਲਈ ਪਹਿਲਾਂ ਹੀ ਜ਼ੋਰਦਾਰ ਤਿਆਰੀਆਂ ਕੀਤੀਆਂ ਹੋਈਆਂ ਸਨ। 12 ਮਈ, 1710 ਈ: ਨੂੰ ਚੱਪੜਚਿੜੀ ਦੇ ਮੈਦਾਨ ਵਿਚ ਜ਼ੋਰਦਾਰ ਖੂਨ-ਡੋਲ੍ਹਵਾਂ ਮੁਕਾਬਲਾ ਹੋਇਆ। ਇਸ ਭਿਆਨਕ ਲੜਾਈ ਵਿਚ ਵਜ਼ੀਰ ਖਾਨ ਮਾਰਿਆ ਗਿਆ। ਵਜ਼ੀਰ ਖਾਨ ਦੇ ਮਰਨ ਨਾਲ ਬਾਕੀ ਮੁਸਲਮਾਨ ਫੌਜਾਂ ਮੈਦਾਨ ਛੱਡ ਕੇ ਦੌੜ ਗਈਆਂ ਅਤੇ ਸਰਹਿੰਦ ਫਤਹਿ ਹੋ ਗਈ। 14 ਮਈ, 1710 ਈ: ਨੂੰ ਸਿੱਖ ਫੌਜਾਂ ਸਰਹਿੰਦ ਵਿਚ ਦਾਖਲ ਹੋਈਆਂ। ਦੋਸ਼ੀਆਂ ਨੂੰ ਚੁਣ-ਚੁਣ ਕੇ ਸਜ਼ਾਵਾਂ ਦਿੱਤੀਆਂ ਗਈਆਂ। ਵਜ਼ੀਰ ਖਾਨ ਦੇ ਮਹੱਲਾਂ ਵਿੱਚੋਂ ਬਹੁਤ ਸਾਰਾ ਧਨ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਲੱਗਾ। ਬਾਬਾ ਜੀ ਨੇ ਸਰਹਿੰਦ ਵਿਖੇ ਇਕ ਵਿਸ਼ਾਲ ਲੋਕ ਦਰਬਾਰ ਲਾਇਆ ਗਿਆ ਜਿਸ ਵਿਚ ਸਥਾਨਕ ਲੋਕਾਂ ਨੂੰ ਉਨ੍ਹਾਂ ਦੇ ਜਾਨ, ਮਾਲ, ਧਰਮ, ਧਾਰਮਿਕ ਚਿੰਨ੍ਹਾਂ ਅਤੇ ਧਾਰਮਿਕ ਅਸਥਾਨਾਂ ਦੀ ਮੁਕੰਮਲ ਸੁਰੱਖਿਆ ਦਾ ਭਰੋਸਾ ਦਿਵਾਇਆ ਗਿਆ। ਜਾਗੀਰਦਾਰੀ ਸਿਸਟਮ ਖ਼ਤਮ ਕਰਕੇ ਵਾਹੀਕਾਰਾਂ ਨੂੰ ਉਨ੍ਹਾਂ ਵੱਲੋਂ ਵਾਹੀ ਜਾ ਰਹੀ ਜ਼ਮੀਨ ਦੇ ਮਾਲਕ ਬਣਾ ਦਿੱਤਾ। ਇਸ ਤਰ੍ਹਾਂ ਹੁਣ ਗੁਰੂ-ਆਸ਼ੇ ਅਨੁਸਾਰ ਉਨ੍ਹਾਂ ਅਖੌਤੀ ਦਲਿਤਾਂ, ਪੱਛੜੀਆਂ ਸ਼੍ਰੇਣੀਆਂ, ਕਿਰਤੀਆਂ ਅਤੇ ਗਰੀਬਾਂ ਨੂੰ ਸਰਦਾਰੀ, ਜ਼ਿਮੀਦਾਰੀ, ਧਰਮ, ਧਾਰਮਿਕਤਾ, ਸ਼ਾਸਤਰ, ਸ਼ਸਤਰ ਅਤੇ ਰਾਜ-ਭਾਗ ਦੇ ਮਾਲਕ ਬਣਾ ਦਿੱਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਅਰੰਭੇ ਮੁਕੰਮਲ ਇਨਕਲਾਬ ਦਾ ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਇਹ ਦੂਸਰਾ ਕ੍ਰਿਸ਼ਮਾ ਸੀ। ਫੈਸਲੇ ਅਨੁਸਾਰ ਰਾਜ ਪ੍ਰਬੰਧ ਨੂੰ ਸਹੀ ਰੂਪ ਵਿਚ ਚਲਾਉਣ ਹਿਤ ਬਾਬਾ ਬਾਜ ਸਿੰਘ ਨੂੰ ਸਰਹਿੰਦ ਦਾ ਗਵਰਨਰ ਥਾਪਿਆ ਗਿਆ।
ਬਾਬਾ ਬੰਦਾ ਸਿੰਘ ਬਹਾਦਰ ਨੇ ਜਿੰਨਾ ਸਮਾਂ ਵੀ ਰਾਜ ਪ੍ਰਬੰਧ ਚਲਾਇਆ, ਉਸ ਸਮੇਂ ਦੌਰਾਨ ਉਨ੍ਹਾਂ ਦੇ ਤਹਿਤ ਇਲਾਕਿਆਂ ਵਿਚ ਕਿਸੇ ਧਾਰਮਿਕ ਅਸਥਾਨ ਭਾਵੇਂ ਉਹ ਇਸਲਾਮ ਨਾਲ ਸੰਬੰਧਿਤ ਸੀ ਜਾਂ ਹਿੰਦੂ ਧਰਮ ਨਾਲ, ਦੀ ਮਰਯਾਦਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਅਤੇ ਉਸ ਸਮੇਂ ਦੌਰਾਨ ਕਿਸੇ ਵੀ ਮਨੁੱਖ ਜਾਂ ਤ੍ਰੀਮਤ ਦੇ ਧਾਰਮਿਕ ਚਿੰਨ੍ਹ ਦਾ ਅਪਮਾਨ ਨਹੀਂ ਹੋਣ ਦਿੱਤਾ ਅਤੇ ਸਮੂਹ ਧਰਮਾਂ ਦੇ ਲੋਕਾਂ ਦੀਆਂ ਧੀਆਂ-ਭੈਣਾਂ ਦੀ ਇੱਜ਼ਤ-ਆਬਰੂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ। ਸਹੀ ਅਰਥਾਂ ਵਿਚ ਬਾਬਾ ਜੀ ਦਾ ਰਾਜ ਇਕ ਆਦਰਸ਼ਕ ਰਾਜ ਸੀ। ਅਜਿਹਾ ਸੀ ਪਹਿਲਾ ਸਿੱਖ ਹੁਕਮਰਾਨ ਜੋ ਦੇਸ਼ ਦੇ ਵੱਡੇ ਹਿੱਸੇ ਨੂੰ ਚਿਰਾਂ ਦੀ ਗ਼ੁਲਾਮੀ ਤੋਂ ਅਜ਼ਾਦੀ ਦਿਵਾਉਣ ਵਾਲਾ। ਸਾਨੂੰ ਉਨ੍ਹਾਂ ਉੱਤੇ ਹਮੇਸ਼ਾ ਮਾਣ ਰਹੇਗਾ।
-ਪ੍ਰੋ: ਕਿਰਪਾਲ ਸਿੰਘ ਬਡੂੰਗਰ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।
-
ਪ੍ਰੋ: ਕਿਰਪਾਲ ਸਿੰਘ ਬਡੂੰਗਰ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
sgpcmedia2@gmail.com
na
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.