1990-91 ਚ ਜਦ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੇ ਜਦ ਸੰਤ ਬਾਬਾ ਸੁੱਚਾ ਸਿੰਘ ਜਵੱਦੀ ਟਕਸਾਲ ਵਾਲਿਆਂ ਨੂੰ ਇਹ ਸੁਪਨਾ ਸਾਡੀ ਹਾਜ਼ਰੀ ਚ ਇਹ ਸੁਪਨਾ ਦਿੱਤਾ ਸੀ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਸ਼ੁੱਧ 31 ਰਾਗਾਂ ਨੂੰ ਪੂਰੀ ਪਰਪੱਕ ਜਾਣ ਪਛਾਣ ਸਮੇਤ ਰੀਕਾਰਡ ਕਰਕੇ ਇਹ ਵਿਸ਼ਵ ਬਰਾਦਰੀ ਨੂੰ ਸਮਝਾਇਆ ਜਾਵੇ ਕਿ ਸੀਡੀ ਵਿਰਾਸਤ ਚ ਕਿੰਨੇ ਅਣਮੋਲ ਖ਼ਜ਼ਾਨੇ ਪਏ ਹਨ। ਉਦੋਂ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਗੱਲ ਇਥੋਂ ਤੀਕ ਪਹੁੰਚ ਜਾਵੇਗੀ।
1992 ਤੀਕ ਉਸਤਾਦ ਜਸਵੰਤ ਭੰਵਰਾ, ਸੰਗੀਤ ਮਾਰਤੰਡ ਦਲੀਪ ਚੰਦਰ ਬੇਦੀ, ਭਾਈ ਬਲਬੀਰ ਸਿੰਘ, ਸਵਰਗੀ ਬੀਬੀ ਜਸਬੀਰ ਕੌਰ, ਪ੍ਰੋ: ਕਰਤਾਰ ਸਿੰਘ ਸਮੇਤ ਵੱਡੇ ਸੰਗੀਤ ਵਿਦਵਾਨਾਂ ਦੀ ਕਮੇਟੀ ਨੇ ਸ਼ੁੱਧ 31 ਰਾਗਾਂ ਦੇ ਸ਼ੁੱਧ ਸਰੂਪ ਪਛਾਣ ਦਿੱਤੇ।
ਪਹਿਲਾ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਸੰਤ ਬਾਬਾ ਸੁੱਚਾ ਸਿੰਘ ਜੀ ਦੀ ਦੇਖ ਰੇਖ ਹੇਠ ਹੋਇਆ। ਵਿਸ਼ੇਸ਼ ਟੀਮਾਂ ਮੰਗਵਾ ਕੇ ਮੇਰੇ ਪੀਏ ਯੂ ਸਹਿਕਰਮੀ ਰਣਤੇਜ ਸਿੰਘ ਗਿੱਲ ਨੇ ਦਿਨ ਰਾਤ ਪੂਰੀ ਚੇਤਨਾ ਨਾਲ ਵੀਡੀਓ ਤੇ ਆਡਿਓ ਰੀਕਾਰਡਿੰਗ ਕੀਤੀ।
ਲੋਕਾਂ ਤੀਕ ਰੀਕਾਰਡਿੰਗ ਪਹੁੰਚਾਉਣ ਲਈ ਕੰਪੀਆਂ ਤੀਕ ਰਸਾਈ ਕੀਤੀ ਪਰ ਉਨ੍ਹਾਂ ਦੇ ਨਖ਼ਰੇ ਹੀ ਮਾਣ ਨਹੀਂ ਸਨ।
16 ਕੈਸਿਟਸ ਦਾ ਸੈੱਟ ਬਣਨਾ ਸੀ। ਅਖੀਰ ਫ਼ੈਸਲਾ ਹੋਇਆ ਕਿ ਵਪਾਰੀਆਂ ਤੇ ਟੇਕ ਰੱਖਣ ਦੀ ਥਾਂ ਸਾਰੇ ਸੱਜਣ ਗੱਲਾਂ ਦੀ ਥਾਂ ਘੱਟੋ ਘੱਟ 100-100 ਸੈੱਟ ਪ੍ਰੇਰਨਾ ਦੇ ਕੇ ਆਪੋ ਆਪਣੇ ਦਾਇਰੇ ਵਿੱਚ ਵੇਚਣ।
ਆਪਣੀ ਕੰਪਨੀ ਵਿਸਮਾਦ ਨਾਦ ਨਾਮ ਹੇਠ ਬਣਾ ਕੇ ਪਹਿਲਾ ਸੈੱਟ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਗਿਆ। ਅੰਮ੍ਰਿਤਸਰ ਜਾਣ ਵਾਲੇ ਕਾਫ਼ਲੇ ਚ ਮੈਂ ਵੀ ਸ਼ਾਮਿਲ ਸਾਂ, ਸਭ ਦਾ ਉਤਸ਼ਾਹ ਨਿਵੇਕਲਾ ਸੀ।
ਵੱਡੇ ਸਾਰੇ ਝੋਲੇ ਚ ਸੈੱਟ ਪਾਕੇ ਅਸੀਂ ਘਰੋ ਘਰੀ ਤੁਰ ਪਏ। 500 ਰੁਪਏ ਚ 16 ਕੈਸਿਟਸ ਦਾ ਖ਼ਜ਼ਾਨਾ ਖ਼ਰੀਦਣ ਵਾਲੇ ਘੱਟ ਸਨ। ਮੂੰਹ ਮੁਲਾਹਜ਼ੇ ਵਾਲੇ 10 ਸੱਜਣਾਂ ਨੇ ਪਹਿਲੇ ਦਿਨ ਹੀ ਮੈਨੂੰ ਹੁੰਗਾਰਾ ਭਰ ਦਿੱਤਾ, ਉਨ੍ਹਾਂ ਚ ਸੰਧੂ ਸਟੁਡੀਓ ਫੀਰੋਜ਼ਪੁਰ ਰੋਡ ਲੁਧਿਆਣਾ ਵਾਲਾ ਮੇਰਾ ਬੇਲੀ ਤੇ ਫੋਟੋ ਅਾਰਟਿਸਟ ਤੇਜਪਰਤਾਪ ਸਿੰਘ ਸੰਧੂ ਵੀ ਸ਼ਾਮਿਲ ਸੀ।
ਗੁਰਬਾਣੀ ਸੰਗੀਤ ਉਸਦਾ ਕੋਈ ਸ਼ੌਕ ਨਹੀਂ ਸੀ ਪਰ ਕੈਮਰੇ ਨਾਲ ਕਵਿਤਾਵਾਂ ਵਰਗੀਆਂ ਤਸਵੀਰਾਂ ਤਿਆਰ ਕਰਨ ਚ ਮਾਹਿਰ ਸੀ।
ਕੁਝ ਮਹੀਨਿਆਂ ਬਾਦ ਉਸ ਦੀ ਜੀਵਨ ਸਾਥਣ ਸਤਿਬੀਰ ਕੌਰ ਪੇਕਿਆਂ ਨੂੰ ਮਿਲਣ ਅਮਰੀਕਾ ਚਲੀ ਗਈ ਤਾਂ ਮਗਰੋਂ 16 ਕੈਸਿਟਸ ਦੇ ਸੈੱਟ ਨਾਲ ਤੇਜ ਪਰਤਾਪ ਦੀ ਦੋਸਤੀ ਪੈ ਗਈ। ਹਰ ਰਾਗ ਤੋਂ ਪਹਿਲਾਂ ਉਸਤਾਦ ਜਸਵੰਤ ਭੰਵਰਾ ਨੇ ਰਾਗ ਦੇ ਸੁਭਾਅ, ਸਰੂਪ ਤੇ ਗਾਇਨ ਸਮੇਂ ਬਾਰੇ ਜਾਣਕਾਰੀ ਦਿੱਤੀ ਹੋਈ ਸੀ। ਇੰਜ ਗੁਰਬਾਣੀ ਸੰਗੀਤ ਨਾਲ ਉਸ ਦੀ ਪੱਕੀ ਰਿਸ਼ਤੇਦਾਰੀ ਪੈ ਗਈ।
ਗੁਰਬਾਣੀ ਸੰਗੀਤ ਪ੍ਰੇਰਕ ਬਣ ਗਿਆ.
ਕਦਮ ਦਰ ਕਦਮ, ਖਿੜਕੀ ਦਰ ਖਿੜਕੀ ਖੁੱਲਦੀ ਰਹੀ.
ਜਸਬੀਰ ਸਿੰਘ ਸਾਬਕਾ ਮੰਤਰੀ ਸੰਗਰੂਰ, ਹਰਚਰਨ ਸਿੰਘ ਖਾਲਸਾ ਹਜ਼ੂਰੀ ਰਾਗੀ ਦਰਬਾਰ ਸਾਹਿਬ, ਪਿੰਦਰਪਾਲ ਸਿੰਘ, ਡਾ: ਗੁਰਨਾਮ ਸਿੰਘ ਪਟਿਆਲਾ ਅੰਤਰ ਦ੍ਰਿਸ਼ਟੀ ਖਾਤਰ ਸਬੰਧਤ ਪੁਸਤਕਾਂ ਲਿਆ ਲਿਆ ਦਿੰਦੇ ਰਹੇ।
ਅਜਬ ਮੁਹਾਜ ਸੀ ਜਿੱਥੇ ਅਸਲ ਅਸਲਾ ਕਿਤਾਬਾਂ ਸਨ। ਇਹ ਸਭ ਪੁਸਤਕਾਂ ਦਾ ਅਸਲਾ ਪਹੁੰਚਾਉਂਦੇ ਰਹੇ।
ਇਹ ਜੰਗ ਬੜੀ ਲੰਮੀ ਹੈ, ਕੋਈ ਯੁੱਧ ਬੰਦੀ ਨਹੀਂ, ਸਿਰਫ਼ ਸ਼ਬਦ ਬਾਣ ਤੇ ਕਲਾ ਨਾਲ ਹਨੇਰੇ ਦੀ ਹਿੱਕ ਚੀਰਨੀ ਹੈ।
ਇਸੇ ਭਾਵਨਾ ਚੋਂ ਹੀ ਬਾਰਾਂ ਮਾਹ ਮਾਝ ਪੁਸਤਕ ਦੀ ਤਸਵੀਰਾਂ ਰਾਹੀਂ ਪੇਸ਼ਕਾਰੀ ਤੇ ਟੈਕਸਟ ਦੀ ਸਿਰਜਣਾ ਹੋਈ। ਮਨ ਦਾ ਵੀ ਕਾਇਆ ਕਲਪ ਨਾਲੋ ਨਾਲ ਚੱਲਦਾ ਰਿਹਾ।
ਗੁਰੂ ਗਰੰਥ ਸਾਹਿਬ ਚ ਸ਼ਾਮਿਲ ਰਾਗਾਂ ਦੇ ਗਾਇਨ ਸਮੇਂ ਦਰਬਾਰ ਸਾਹਿਬ ਦਾ ਦ੍ਰਿਸ਼ਾਵਲਾ ਮਾਹੌਲ ਕਿਹੋ ਜਿਹਾ ਹੁੰਦਾ ਹੈ, ਇਸ ਦੀ ਅਭਿਲਾਖਾ ਜਾਗ ਪਈ। ਕਈ ਸਾਲ ਲਗਾਤਾਰ ਦਰਬਾਰ ਸਾਹਿਬ ਹਦੂਦ ਚ ਜਾ ਕੇ ਇਹ ਦ੍ਰਿਸ਼ ਕੈਮਰੇ ਚ ਸੰਭਾਲੇ ਗਏ।
ਇਸ ਬਾਰੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ, ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਭਾਈ ਬਲਬੀਰ ਸਿੰਘ ਸਾਬਕਾ ਹਜ਼ੂਰੀ ਰਾਗੀ ਦਰਬਾਰ ਸਾਹਿਬ, ਡਾ: ਗੁਰਨਾਮ ਸਿੰਘ ਪੰਜਾਬੀ ਯੂਨੀਵਰਸਿਟੀ, ਪ੍ਰੋ: ਕਰਤਾਰ ਸਿੰਘ ਲੁਧਿਆਣਾ , ਡਾ: ਅਨੁਰਾਗ ਸਿੰਘ,ਭਾਈ ਹਰਜਿੰਦਰ ਸਿੰਘ ਤੇ ਗਿਆਨੀ ਪਿੰਦਰਪਾਲ ਸਿੰਘ ਤੋਂ ਇਲਾਵਾ ਅਨੇਕ ਮਹਾਂ ਅਨੁਭਵੀਆਂ ਨਾਲ ਗੁਫ਼ਤਗੂ ਹੁੰਦੀ ਰਹੀ.
ਰਾਗ ਰਤਨ ਨਾਮ ਹੇਠ ਇਸ ਪੁਸਤਕ ਦਾ ਪੰਜਾਬੀ ਸਰੂਪ 2010 ਚ ਡਾ: ਗੁਰਨਾਮ ਸਿੰਘ ਜੀ ਨੇ ਡਾ: ਜਸਪਾਲ ਸਿੰਘ ਜੀ ਪਾਸੋਂ ਪੰਜਾਬੀ ਯੂਨੀਵਰਸਿਟੀ ਚ ਲੋਕ ਅਰਪਨ ਕਰਵਾਇਆ।
ਉਨ੍ਹਾਂ ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਦਾ ਅੰਗਰੇਜ਼ੀ ਰੂਪ ਛਾਪਣ ਦਾ ਫ਼ੈਸਲਾ ਕੀਤਾ।
ਪਰਸੋਂ ਹੀ ਇਹ ਪੁਸਤਕ ਅੰਗਰੇਜ਼ੀ ਚ ਛਪ ਕੇ ਯੂਨੀਵਰਸਿਟੀ ਪਹੁੰਚ ਗਈ ਹੈ. ਕੌਫੀ ਟੇਬਲ ਬੁੱਕ ਸਾਈਜ਼ ਚ ਇਸ ਨੂੰ ਪ੍ਰਿੰਟਿੰਗ ਦੀ ਸਿਰਮੌਰ ਸੰਸਥਾ ਪਰਿੰਟਵੈੱਲ ਅੰਮ੍ਰਿਤਸਰ ਨੇ ਬੜੀ ਰੀਝ ਨਾਲ ਛਾਪਿਆ ਹੈ।
ਅੰਗਰੇਜ਼ੀ ਸਰੂਪ ਚ ਡਾ: ਅਨੁਰਾਗ ਸਿੰਘ ਦੀ ਮਿਹਨਤ ਬੋਲਦੀ ਹੈ. ਡਾ: ਗੁਰਨਾਮ ਸਿੰਘ ਦੀ ਵਿਉਂਤਕਾਰੀ ਤੇ ਡਾ: ਜਸਪਾਲ ਸਿੰਘ ਦੀ ਦੂਰ ਦ੍ਰਿਸ਼ਟੀ ਦਾ ਹੀ ਪਰਤਾਪ ਹੈ ਕਿ ਪੁਸਤਕ ਨੂੰ ਵਿਸ਼ਵ ਅੰਬਰ ਮਿਲ ਗਿਆ ਹੈ।
ਪੂਰੀ ਰੰਗੀਲ ਅਾਰਟ ਪੇਪਰ ਤੇ ਛਪੀ ਇਸ ਪੁਸਤਕ ਨੂੰ ਵੇਖ ਕੇ ਆਤਮਿਕ ਭੁੱਖ ਲਹਿੰਦੀ ਹੈ।
ਉਸਤਾਦ ਦਾਮਨ ਦੇ ਬੋਲ ਚੇਤੇ ਆ ਰਹੇ ਨੇ।
ਬੰਦਾ ਚਾਹੇ ਤੇ ਕੀ ਨਹੀਂ ਕਰ ਸਕਦਾ,
ਭਾਵੇਂ ਵਕਤ ਹੈ ਤੰਗ ਤੋਂ ਤੰਗ ਆਉਂਦਾ। ਰਾਂਝਾ ਤਖ਼ਤ ਹਜ਼ਾਰਿਓ ਂ ਤੁਰੇ ਤਾਂ ਸਹੀ, ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ।
ਤੇਜ ਪਰਤਾਪ ਸਿੰਘ ਸੰਧੂ ਆਪ ਕਦੇ ਯੂਨੀਵਰਸਿਟੀ ਚ ਨਹੀਂ ਪੜ੍ਹਿਆ ਪਰ ਯੂਨੀਵਰਸਿਟੀ ਨੇ ਉਸ ਦੀ ਲਿਖੀ ਤੇ ਕਲਾਤਮਿਕ ਫੋਟੋਗਰਾਫਿਕ ਕਲਾਵੰਤੀ ਪੁਸਤਕ ਛਾਪੀ ਹੈ, ਇਸ ਨੂੰ ਮੈਂ ਤਾਂ ਮਿਹਰ ਹੀ ਕਹਾਂਗਾ।
1100 ਰੁਪਏ ਕੀਮਤ ਵਾਲੀ ਇਹ ਪੁਸਤਕ ਪੰਜਾਬੀ ਯੂਨੀਵਰਸਿਟੀ ਤੋਂ ਬੁੱਕ ਕਲੱਬ ਸਕੀਮ ਅਧੀਨ 550 ਰੁਪਏ ਚ ਮਿਲ ਜਾਵੇਗੀ।
ਕੱਲ੍ਹ ਸ਼ਾਮ ਤੇਜ ਪਰਤਾਪ ਸਿੰਘ ਸੰਧੂ ਤੇ ਉਸ ਦੀ ਜੀਵਨ ਸਾਥਣ ਸਤਿਬੀਰ ਕੌਰ ਪੁਸਤਕ ਲੈ ਕੇ ਸਾਡੇ ਘਰ ਅਾਏ ਤਾਂ ਉਨ੍ਹਾਂ ਦੇ ਨੇਤਰਾਂ ਚ ਅਜਬ ਸਰੂਰ ਸੀ. ਤਸੱਲੀ ਤੇ ਰੂਹ ਦਾ ਰੱਜ ਸੀ। ਇਨ੍ਹਾਂ ਵਿਸਮਾਦੀ ਸਰੂਰੇ ਪਲਾਂ ਨੂੰ ਮੇਰੇ ਬੱਚਿਆਂ ਪੁਨੀਤ ਤੇ ਰਵਨੀਤ ਨੇ ਕੈਮਰੇ ਚ ਸੰਭਾਲ ਲਿਆ।
ਮੇਰੀ ਸਰਦਾਰਨੀ ਜਸਵਿੰਦਰ ਕੌਰ ਨੇ ਤਾਂ ਕੱਲ੍ਹ ਹੀ10 ਕਾਪੀਆਂ ਸੁਰੱਖਿਅਤ ਕਰਵਾ ਲਈਆਂ ਨੇ। ਬੱਚਿਅਾਂ ਦੇ ਜਨਮ ਦਿਨ, ਵਿਆਹ ਪੁਰਬ ਜਾਂ ਖੁਸ਼ੀ ਵੇਲੇ ਤੋਹਫ਼ੇ ਵਜੋਂ ਦਿਆ ਕਰਾਂਗੇ।
ਪੁਸਤਕ
ਕਦੇ ਚੁੱਪ ਨਹੀਂ ਰਹਿੰਦੀ,
ਹਰ ਵੇਲੇ ਹਰ ਥਾਂ
ਹਰ ਕਿਸੇ ਨਾਲ
ਬੋਲਦੀ ਹੈ,
ਹੁੰਗਾਰਾ ਭਰਨ ਨਾਲ
ਬਾਤ ਅੱਗੇ ਤੋਰਦੀ ਹੈ।
ਹੁੰਗਾਰਾ ਭਰੋ,
ਵਿਸਮਾਦ ਨਾਦ
ਰੂਹ ਟੁਣਕਾਵੇਗਾ।
ਗੁਰਭਜਨ ਗਿੱਲ
11.5.2017
-
ਗੁਰਭਜਨ ਗਿੱਲ, ਲੇਖਕ
gurbhajansinghgill@gmail.com
98726-31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.