ਯੂ.ਕੇ. ਵਿਚ ਅਗਲੀਆਂ ਆਮ ਚੋਣਾਂ 8 ਜੂਨ, 2017 ਨੂੰ ਹੋ ਰਹੀਆਂ ਹਨ, ਜਿਨ੍ਹਾਂ ਦੇ ਹੋਣ ਦਾ ਅਚਾਨਕ ਐਲਾਨ ਇੱਥੋਂ ਦੀ ਪ੍ਰਧਾਨ ਮੰਤਰੀ ਥਰੀਸਾ ਮੇਅ, ਵੱਲੋਂ 18 ਅਪ੍ਰੈਲ ਨੂੰ ਆਪਣੀ ਸਰਕਾਰੀ ਨਿਵਾਸ, 10 ਡਾਊਨਿੰਗ ਸਟਰੀਟ, ਲੰਡਨ ਤੋਂ ਕੀਤਾ ਗਿਆ ਸੀ। ਸੰਸਾਰ ਭਰ ਵਿਚ ਲੋਕ ਰਾਜ ਦੀ ਮਾਂ ਕਹਾਉਂਦੀ ਜਾਂ ਪ੍ਰਚਾਰਦੀ ਬਰਤਾਨਵੀ (ਗ੍ਰੇਟ ਬ੍ਰਿਟੇਨ) ਸੰਸਦ, ਹਾਊਸ ਆਫ਼ ਕਾਮਨਜ਼, ਦੀਆਂ ਆਮ ਚੋਣਾਂ ਹਰ 5 ਸਾਲ ਬਾਅਦ ਹੁੰਦੀਆਂ ਹਨ, ਪਰ ਪਿਛਲੀਆਂ 2015 ਦੀਆਂ ਆਮ ਚੋਣਾਂ ਤੋਂ ਬਾਅਦ ਦੂਜੀ ਵੇਰ ਬਣੇ ਕਨਜ਼ਰਵੇਟਿਵ ਪਾਰਟੀ (ਟੋਰੀ) ਦੇ ਪ੍ਰਧਾਨ ਮੰਤਰੀ, ਡੇਵਿਡ ਕੈਮਰਨ, ਵੱਲੋਂ ਬਰਤਾਨੀਆ ਦੇ 28 ਦੇਸ਼ਾਂ ਦੀ ਯੂਰਪੀ ਜਥੇਬੰਦੀ, ਯੂਰਪੀ ਸੰਘ (ਯੂਰਪੀਅਨ ਯੂਨੀਅਨ) ਵਿਚ ਰਹਿਣ ਜਾਂ ਇਸ ਨੂੰ ਛੱਡਣ ਦੇ ਮਸਲੇ 'ਤੇ ਬਹੁਮਤ ਕਰਵਾਇਆ ਗਿਆ, ਜਿਸ ਵਿਚ ਕੈਮਰਨ ਸਰਕਾਰ ਦੀ ਸੋਚ ਅਤੇ ਇਸ ਦੇ ਪ੍ਰਚਾਰ ਦੇ ਉਲਟ ਬਰਤਾਨਵੀ ਲੋਕਾਂ ਵੱਲੋਂ ਬਰਤਾਨੀਆ ਨੂੰ ਵੱਖਰਾ, ਸੁਤੰਤਰ ਅਤੇ ਯੂਰਪੀ ਸੰਘ ਤੋਂ ਬਾਹਰ ਨਿਕਲਣ ਜਾਂ ਛੱਡਣ ਦੇ ਹੱਕ ਵਿਚ ਬਹੁਮਤ ਦਿੱਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ ਬਰਤਾਨੀਆ ਦੇ ਕੌਮੀ ਸੰਕਟ ਦਾ ਸ਼ਿਕਾਰ ਹੁੰਦੇ ਹੋਏ ਆਪਣੀ ਹਾਰ ਕਾਰਨ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਆਪਣੇ ਅਹੁਦੇ ਤੋਂ ਇਖ਼ਲਾਕੀ ਤੌਰ 'ਤੇ ਤਿਆਗ ਪੱਤਰ ਦੇ ਦਿੱਤਾ ਸੀ, ਪਰ ਉਸ ਵੇਲੇ ਦੀ ਸਰਕਾਰ ਨੇ ਉਸ ਵੇਲੇ ਕੈਮਰਨ ਸਰਕਾਰ ਵਿਚ ਗ੍ਰਹਿ ਮੰਤਰੀ ਦੀ ਪਦਵੀ ਤੇ ਵਿਚਰਦੀ ਥਰੀਸਾ ਮੇਅ ਨੂੰ ਪਾਰਟੀ ਅਤੇ ਸਰਕਾਰ ਦੀ ਮੁਖੀ ਦੇ ਤੌਰ 'ਤੇ ਪ੍ਰਧਾਨ ਮੰਤਰੀ ਬਣਾ ਦਿੱਤਾ ਸੀ। ਉਦੋਂ ਤੋਂ ਪ੍ਰਧਾਨ ਮੰਤਰੀ ਥਰੀਸਾ ਮੇਅ ਬਰਤਾਨੀਆ ਨੂੰ ਯੂਰਪੀ ਸੰਘ ਵਿਚੋਂ ਬਾਹਰ ਨਿਕਲਣ ਦੀ ਬਹੁ-ਦੇਸ਼ੀ ਸੰਧੀਆਂ ਦੀ ਪ੍ਰਕਿਰਿਆ ਵਿਚ ਲੱਗੀ ਹੋਈ ਸੀ, ਜਿਸ ਦੌਰਾਨ ਉਸ ਨੂੰ ਲੰਡਨ ਸਥਿਤ ਇੰਗਲੈਂਡ, ਸਕਾਟਲੈਂਡ, ਵੇਲਜ਼ ਅਤੇ ਉਤਰੀ ਆਇਰਲੈਂਡ ਦੀ ਸਾਂਝੀ ਕੌਮੀ ਸੰਸਦ ਵਿਚ ਯੂਰਪੀ ਸੰਘ ਤੋਂ ਬਾਹਰ ਆਉਣ ਵੇਲੇ ਕਈ ਅੰਦਰੂਨੀ ਚੁਨੌਤੀਆਂ ਦਾ ਫ਼ੈਸਲੇ ਲੈਣਾ ਵੇਲੇ ਸਾਹਮਣਾ ਕਰਨਾ ਪੈਂਦਾ ਸੀ। ਇਸ ਅੰਦਰੂਨੀ ਰਾਜਨੀਤਕ ਖਿੱਚੋਤਾਣ ਜਾਂ ਚੁਨੌਤੀਆਂ ਤੋਂ ਮੁਕਤ ਹੋਣ ਲਈ ਅਤੇ ਰਾਜ ਸੱਤਾ ਵਿਚ ਹੀ ਫ਼ੈਸਲੇ ਲੈਣ ਵੇਲੇ ਵਧੇਰੇ ਸ਼ਕਤੀਸ਼ਾਲੀ ਅਤੇ ਸੁਰੱਖਿਅਤ ਹੋਣ ਲਈ ਪ੍ਰਧਾਨ ਮੰਤਰੀ ਮੇਅ ਨੇ 18 ਅਪ੍ਰੈਲ ਨੂੰ ਅਚਾਨਕ ਹੀ ਫਟਾਫਟ ਚੋਣਾਂ (ਸਨੈਪ ਇਲੈੱਕਸ਼ਨ) ਕਰਾਉਣ ਦਾ ਆਪਣੇ ਸਰਕਾਰੀ ਨਿਵਾਸ ਦੇ ਬਾਹਰ ਬਰਤਾਨਵੀ ਚੋਣਵੇਂ ਮੀਡੀਆ ਦੇ ਸਾਹਮਣੇ ਐਲਾਨ ਕਰ ਦਿੱਤਾ।
ਐਲਾਨ ਅਤੇ ਅਮਲ : ਬਰਤਾਨਵੀ ਪ੍ਰਧਾਨ ਮੰਤਰੀ ਨੇ ਐਲਾਨ ਕਰਨ ਤੋਂ ਅਗਲੇ ਹੀ ਦਿਨ 19 ਅਪ੍ਰੈਲ ਨੂੰ ਪਾਰਲੀਮੈਂਟ ਵਿਚ ਰਸਮੀ ਤੌਰ 'ਤੇ ਚੋਣਾਂ ਵਾਲਾ ਮਤਾ ਪੂਰੀ ਸੰਸਦ ਦੇ ਸਾਹਮਣੇ ਪ੍ਰਵਾਨਗੀ ਲਈ ਪੇਸ਼ ਕਰ ਦਿੱਤਾ। ਬਰਤਾਨੀਆ ਦੀ ਸੰਸਦ ਭੰਗ ਕਰਨ ਜਾਂ ਮੁੜ ਚੋਣਾਂ ਬਾਅਦ ਬੁਲਾਉਣ ਬਾਰੇ ਬਰਤਾਨਵੀ ਕਾਨੂੰਨ, ਫਿਕਸਡ ਟਰਮ ਪਾਰਲੀਮੈਂਟ ਐਟ, ਅਨੁਸਾਰ ਸੰਸਦ ਦੇ ਦੋ-ਤਿਹਾਈ ਲੋਕਾਂ ਦੀ ਪ੍ਰਵਾਨਗੀ ਜ਼ਰੂਰੀ ਹੁੰਦੀ ਹੈ, ਪਰ ਥਰੀਸਾ ਮੇਅ ਨੂੰ ਵਿਰੋਧੀ ਲੇਬਰ ਪਾਰਟੀ ਅਤੇ ਹੋਰ ਸਾਂਸਦਾਂ ਸਮੇਤ 650 ਵਿਚੋਂ 522 ਮੈਂਬਰ ਚੋਣਾਂ ਕਰਵਾਉਣ ਦੇ ਹੱਕ ਵਿਚ ਭੁਗਤੇ, ਜਿਸ ਦੇ ਨਤੀਜੇ ਵਜੋਂ ਪ੍ਰਧਾਨ ਮੰਤਰੀ ਮੇਅ ਨੂੰ ਤੁਰੰਤ ਚੋਣਾਂ ਕਰਵਾਉਣ ਦੇ ਹੱਕ ਵਿਚ ਹੂੰਝਾ-ਫੇਰ ਜਿੱਤ ਪ੍ਰਾਪਤ ਹੋਈ।
ਇਹ ਮਤਾ ਲੈ ਕੇ ਪ੍ਰਧਾਨ ਮੰਤਰੀ ਦੇਸ਼ ਦੀ ਸੰਵਿਧਾਨਿਕ ਮੁਖੀ, ਮਹਾਰਾਣੀ ਅਲਿਜ਼ਬੈਥ, ਨੂੰ ਮਿਲੇ ਅਤੇ 3 ਮਈ ਨੂੰ ਪਾਰਲੀਮੈਂਟ ਭੰਗ ਕਰ ਕੇ 8 ਜੂਨ, 2017 ਨੂੰ ਦੇਸ਼ ਭਰ ਵਿਚ ਚੋਣਾਂ ਕਰਾਉਣ ਦਾ ਸਰਕਾਰੀ ਐਲਾਨ ਕਰ ਦਿੱਤਾ। ਇਸ ਵੇਲੇ ਸੰਸਦ ਵਿਚ ਥਰੀਸਾ ਮੇਅ ਦੀ ਕੰਨਜ਼ਰਵੇਟਿਵ (ਟੋਰੀ) ਪਾਰਟੀ ਦੇ 330, ਮੁੱਖ ਵਿਰੋਧੀ ਲੇਬਰ ਪਾਰਟੀ ਦੇ 229, ਯੂਰਪੀ ਸੰਘ ਵਿਚ ਸਕਾਟਲੈਂਡ ਨੂੰ ਰੱਖਣ ਦੇ ਹੱਕ ਵਾਲੀ ਸਕਾਟਲੈਂਡ ਦੀ ਪ੍ਰਮੁੱਖ ਸਕਾਟਿਸ਼ ਨੈਸ਼ਨਲਿਸਟ ਪਾਰਟੀ ਦੇ 54, ਲਿਬਰਲ ਡੈਮੋਕਰੇਟਿਵ ਪਾਰਟੀ ਦੇ 8 ਅਤੇ ਬਾਕੀ ਦੇ ਇੱਕੜ-ਦੁੱਕੜ ਮੈਂਬਰ ਗੈਰ-ਪ੍ਰਭਾਵੀ ਛੋਟੀਆਂ ਪਾਰਟੀਆਂ ਨਾਲ ਸਬੰਧਿਤ ਅਤੇ ਆਜ਼ਾਦ ਚੁਣੇ ਹੋਏ ਸਾਂਸਦ ਸਨ, ਜੋ 3 ਮਈ ਤੋਂ ਬਾਅਦ ਸਾਰੇ ਸਾਬਕਾ ਐਮ.ਪੀ. ਬਣ ਚੁੱਕੇ ਹਨ।
ਚੋਣ ਪ੍ਰਕ੍ਰਿਆ ਅਤੇ ਨਵੀਂ ਪਾਰਲੀਮੈਂਟ : 8 ਜੂਨ ਦੀਆਂ ਕੌਮੀ ਚੋਣਾਂ ਵਿਚ ਉਮੀਦਵਾਰ ਬਣਨ ਲਈ ਅਗਲੀ 11 ਮਈ ਆਖ਼ਰੀ ਮਿਤੀ ਹੈ, ਜਿਸ ਦਿਨ ਜੇ ਕਿਸੇ ਖੜ੍ਹੇ ਉਮੀਦਵਾਰ ਨੇ ਆਪਣੀ ਉਮੀਦਵਾਰੀ ਵਾਪਸ ਲੈਣੀ ਹੋਵੇ, ਉਹ 4 ਵਜੇ ਬਾਅਦ ਦੁਪਹਿਰ ਤੱਕ ਲੈ ਸਕਦਾ ਜਾਂ ਲੈ ਸਕਦੀ ਹੈ।
ਵੋਟਾਂ ਪਾਉਣ ਲਈ ਯੂ.ਕੇ. ਭਰ ਵਿਚ ''ਪੋਲਿੰਗ ਬੂਥ'' 8 ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਖੁੱਲ੍ਹੇ ਰਹਿਣਗੇ, ਅਤੇ 10 ਵਜੇ ਤੋਂ ਬਾਅਦ ਚੋਣ ਬੂਥ ਬੰਦ ਹੋਣ ਸਾਰ ਵੋਟਾਂ ਦੀ ਹਰ ਹਲਕੇ ਵਿਚ ਗਿਣਤੀ ਸ਼ੁਰੂ ਹੋ ਜਾਵੇਗੀ।
ਦੇਸ਼ ਭਰ ਦੇ ਜਿੱਤੇ ਉਮੀਦਵਾਰ ਮੁੜ ਬਰਤਾਨਵੀ ਸੰਸਦ ਵਿਚ 13 ਜੂਨ ਨੂੰ ਲੰਡਨ ਵਿਖੇ ਪੁੱਜਣਗੇ, ਜਿਸ ਵਿਚ ਸਪੀਕਰ ਦੀ ਚੋਣ ਹੋਵੇਗੀ। ਇਸ ਤੋਂ ਬਾਅਦ ਵੱਖੋ-ਵੱਖਰੀਆਂ ਪਾਰਟੀਆਂ ਦੇ ਸਾਂਸਦ ਸਹੁੰ ਚੁੱਕ ਲੈਣਗੇ।
ਨਵੀਂ ਪਾਰਲੀਮੈਂਟ 19 ਜੂਨ ਤੋਂ ਸ਼ੁਰੂ ਹੋਵੇਗੀ, ਜਿੱਥੇ ਨਵੀਂ ਸਰਕਾਰ ਜਾਂ ਜਿੱਤੀ ਪਾਰਟੀ ਅਤੇ ਬਾਕੀ ਵਿਰੋਧੀ ਪਾਰਟੀ ਅਤੇ ਹੋਰ ਪਾਰਟੀਆਂ ਦੇ ਮੈਂਬਰਾਂ ਦੀ ਹਾਜ਼ਰੀ ਵਿਚ ਮਹਾਰਾਣੀ ਅਲਿਜ਼ਬੈਥ ਨਵੀਂ ਪਾਰਲੀਮੈਂਟ ਦਾ ਰਸਮੀ ਉਦਘਾਟਨ ਕਰਕੇ ਆਪਣਾ ਭਾਸ਼ਣ ਦੇਵੇਗੀ।
ਬਰਤਾਨਵੀ ਪਾਰਲੀਮੈਂਟ ਅਤੇ ਭਾਰਤੀ ਸਾਂਸਦ : 3 ਮਈ ਨੂੰ ਭੰਗ ਕੀਤੀ ਬਰਤਾਨਵੀ ਪਾਰਲੀਮੈਂਟ ਵਿਚ ਯੂ.ਕੇ. ਦੀਆਂ ਵੱਖੋ-ਵੱਖਰੀਆਂ ਰਾਜਨੀਤਕ ਪਾਰਟੀਆਂ ਨਾਲ ਸਬੰਧਿਤ ਅਤੇ ਆਜ਼ਾਦ 59 ਉਮੀਦਵਾਰ ਭਾਰਤੀ ਮੂਲ ਦੇ ਸਨ, ਜਿਨ੍ਹਾਂ ਵਿਚੋਂ ਰਾਜ ਸੱਤਾ ਵਾਲੀ ਕੰਨਜ਼ਰਵੇਟਿਵ ਜਾਂ ਟੋਰੀ ਪਾਰਟੀ ਦੇ 17, ਵਿਰੋਧੀ ਲੇਬਰ ਪਾਰਟੀ ਦੇ 14, ਲਿਬਰਲ ਡੈਮੋਕਰੇਟ ਦੇ 14, ਗਰੀਨ ਪਾਰਟੀ ਦੇ 4, ਯੂ.ਕੇ. ਇੰਡੀਪੈਂਡੈਂਟ ਪਾਰਟੀ (ਯੂ.ਕੇ.ਆਈ.ਪੀ.) ਦੇ 3, ਆਜ਼ਾਦ ਉਮੀਦਵਾਰ 2 ਅਤੇ ਵੱਖੋ-ਵੱਖਰੀਆਂ ਛੋਟੀਆਂ ਪਾਰਟੀਆਂ ਨਾਲ ਸਬੰਧਿਤ ਸਨ, ਜਿਨ੍ਹਾਂ ਵਿਚੋਂ 10 ਉਮੀਦਵਾਰ ਭਾਰਤੀ ਮੂਲ ਦੇ ਜਿੱਤ ਪ੍ਰਾਪਤ ਕਰਕੇ, ''ਹਾਊਸ ਆਫ਼ ਕਾਮਨਜ਼'' ਦੇ ''ਬ੍ਰਿਟਿਸ਼ ਐਮ.ਪੀ.'' ਬਣੇ ਸਨ। ਇਨ੍ਹਾਂ ਵਿਚ ਕੀਥ ਵਾਜ਼, ਉਸ ਦੀ ਭੈਣ ਵੈਲਰੀ ਵਾਜ਼, ਜਲੰਧਰ ਤੋਂ ਕਾਂਗਰਸੀ ਆਗੂ ਸਵਰਗੀ ਡਾਕਟਰ ਲੇਖਰਾਜ ਦੇ ਸਪੁੱਤਰ ਵਰਿੰਦਰ ਸ਼ਰਮਾ, ਸ੍ਰੀਮਤੀ ਸੀਮਾ ਮਲਹੋਤਰਾ, ਸ੍ਰੀਮਤੀ ਪ੍ਰੀਤੀ ਪਟੇਲ, ਭਾਰਤ ਦੀ ਪ੍ਰਸਿੱਧ ਕੰਪਨੀ ਇਨੋਫਸਿਸ ਦੇ ਡਾਇਰੈਕਟਰ ਨਾਰਾਇਣਾ ਮੂਰਤੀ ਦੇ ਦਾਮਾਦ ਰਿਸ਼ੀ ਸੂਨਕ, ਅਲੋਕ ਸ਼ਰਮਾ, ਸ਼ੈਲੇਸ਼ ਵਾਰਾ, ਲੀਸਾ ਨੰਦੀ ਅਤੇ ਸੂਲਾ ਫਰਨਾਂਡੇਜ਼ ਦੇ ਨਾਉਂ ਵਰਨਣਯੋਗ ਹਨ। ਬਰਤਾਨਵੀ ਪਾਰਲੀਮੈਂਟ ਵਿਚ ਪਹਿਲਾ ਭਾਰਤੀ ਮੂਲ ਦਾ ਐਮ.ਪੀ., 1892 ਵਿਚ ਬਣਿਆ ਦਾਦਾ ਭਾਈ ਨਾਰੋ ਜੀ ਸੀ, ਉਸ ਤੋਂ ਤੁਰੰਤ ਬਾਅਦ 19ਵੀਂ ਸਦੀ ਦੇ ਅਖੀਰ ਵਿਚ ਵੀ ਪਾਰਸੀ ਮਨਦੇਰਜੀ ਭਾਓਨਾਗਰੀ ਅਤੇ ਸ਼ਾਹਪੁਰ ਜੀ ਨੇ ਸਕਲਾਤਵਾਲਾ ਸਨ। ਇਨ੍ਹਾਂ ਤੋਂ ਪਿੱਛੋਂ ਲਗਭਗ 85 ਸਾਲ ਤੋਂ ਬਾਅਦ 1987 ਵਿਚ ਲੇਬਰ ਪਾਰਟੀ ਦਾ ਕੀਥ ਵਾਜ ਬਣਿਆ ਜੋ ਹਾਲੇ ਤੱਕ ਲੈਸਟਰ ਸ਼ਹਿਰ ਦੇ ਬਹੁਗਿਣਤੀ ਗੁਜਰਾਤੀ ਭਾਰਤੀ ਵਸੋਂ ਵਾਲੇ ਹਲਕੇ ਨਾਲ ਸਬੰਧਿਤ ਹੈ। ਉਸ ਤੋਂ ਬਾਅਦ ਪਿਛਲੀ ਸੰਸਦ ਦੇ 10 ਸਾਂਸਦਾਂ ਦੇ ਨਾਲ ਨਾਲ ਸਵਰਗੀ ਪਿਆਰਾ ਸਿੰਘ ਖਾਬੜਾ, ਨਿਰੰਜਨ ਦੇਵਾ, ਪਰਮਜੀਤ ਢਾਂਡਾ, ਪਰਮਜੀਤ ਸਿੰਘ ਗਿੱਲ, ਪਾਲ ਸਿੰਘ ਉੱਪਲ ਆਦਿ ਭਾਰਤੀ ਮੂਲ ਦੇ ਐਮ.ਪੀ. ਬਣਦੇ ਆ ਰਹੇ ਹਨ।
ਭਾਰਤੀ ਵੋਟਰ ਅਤੇ ਉਮੀਦਵਾਰ : 19ਵੀਂ ਸਦੀ ਦੇ ਅੱਧ ਤੋਂ ਪੰਜਾਬ ਦੇ ਬਰਤਾਨਵੀ ਭਾਰਤ ਨਾਲ ਨੱਕੀ ਕਰਨ ਤੋਂ ਭਾਰਤ ਦੀ 1947 ਵਿਚ ਸੁਤੰਤਰਤਾ ਤੱਕ ਸੈਂਕੜੇ ਭਾਰਤੀ ਬਰਤਾਨਵੀ ਹਾਕਮਾਂ ਅਤੇ ਅਧਿਕਾਰੀਆਂ ਦੇ ਸਹਿਯੋਗ ਨਾਲ ਇੱਥੇ ਆਏ ਅਤੇ ਲਿਆਂਦੇ ਗਏ ਸਨ ਅਤੇ ਭਾਰਤੀ ਸੁਤੰਤਰਤਾ ਤੋਂ ਹੁਣ ਤੱਕ ਸੈਂਕੜੇ ਨਹੀਂ ਹਜ਼ਾਰਾਂ ਭਾਰਤੀ ਆਪਣੀ ਆਰਥਿਕ ਬਿਹਤਰੀ, ਵਿਦਿਆ, ਰੁਜ਼ਗਾਰ ਅਤੇ ਦੋ-ਦੇਸ਼ੀ ਵਪਾਰਿਕ ਸੰਬੰਧਾਂ ਕਾਰਨ ਇੱਥੇ ਆਉਂਦੇ ਰਹੇ ਹਨ, ਜਿਨ੍ਹਾਂ ਦੀ ਪਿਛਲੀ ਲਗਭਗ 170 ਵਰ੍ਹੇ ਦੀ ਆਮਦ ਅਤੇ ਇੱਥੇ ਹੀ ਵੱਸਣ ਅਤੇ ਬਰਤਾਨਵੀ ਨਾਗਰਿਕ ਹੋਣ ਕਾਰਨ ਭਾਰਤੀ ਮੂਲ ਦੇ ਬਰਤਾਨਵੀ ਵਾਸੀਆਂ ਦੀ ਗਿਣਤੀ 18 ਲੱਖ ਦੇ ਆਲੇ-ਦੁਆਲੇ ਘੁੰਮ ਰਹੀ ਹੈ, ਜਿਸ ਕਾਰਨ ਭਾਰਤੀ ਮੂਲ ਦੇ ਇਹ ਬਰਤਾਨਵੀ ਲੱਖਾਂ ਵੋਟਰ ਯੂ.ਕੇ. ਦੇ ਕੁੱਲ 650 ਹਲਕਿਆਂ ਵਿਚ ਭਾਰਤੀ ਬਹੁਗਿਣਤੀ ਗੁਜਰਾਤੀ ਜਾਂ ਪੰਜਾਬੀ ਵਸੋਂ ਵਾਲੇ ਇਲਾਕਿਆਂ ਨੂੰ ਪ੍ਰਭਾਵਿਤ ਕਰਨ ਲੱਗ ਪਏ ਹਨ। ਘੱਟ ਗਿਣਤੀ ਵਿਚ ਵੱਸਦੇ ਇਨ੍ਹਾਂ ਭਾਰਤੀ ਮੂਲ ਦੇ ਵੋਟਰਾਂ ਦੀ ਮਹੱਤਤਾ ਨੂੰ ਭਾਂਪਦੇ ਹੋਏ ਬਰਤਾਨੀਆ ਦੀਆਂ ਰਾਜਨੀਤਕ ਪਾਰਟੀਆਂ ਏਸ਼ੀਆਈ ਜਾਂ ਭਾਰਤੀ ਮੂਲ ਦੇ ਯੋਗ ਅਤੇ ਮਿਹਨਤਕਸ਼ ਜਾਂ ਮਿਲਣਸਾਰ ਉਮੀਦਵਾਰਾਂ ਤੇ ਨਿਗਾਹ ਰੱਖਣ ਲੱਗ ਪਏ ਹਨ, ਜੋ ਆਪਣੇ ਰਸੂਖ਼ ਨਾਲ ਆਪਣੀ ਰਾਜਨੀਤਕ ਪਾਰਟੀ ਲਈ ਨਵੇਂ ਮੈਂਬਰ ਬਣਾ ਕੇ ਉਸ ਪਾਰਟੀ ਦਾ ਵੋਟ-ਬੈਂਕ ਮਜ਼ਬੂਤ ਕਰਨ ਵਿਚ ਸਹਾਈ ਹੋ ਰਹੇ ਹਨ।
ਬੇਸ਼ੱਕ ਭਾਰਤੀ ਮੂਲ ਦੇ ਚੋਣ ਮੈਦਾਨ ਵਿਚ ਨਿੱਤਰੇ ਕੁੱਲ ਉਮੀਦਵਾਰਾਂ ਬਾਰੇ ਪੱਕੀ ਜਾਣਕਾਰੀ 12 ਮਈ ਤੋਂ ਬਾਅਦ ਸਾਡੇ ਸਾਹਮਣੇ ਆਏਗੀ, ਪਰ ਵੱਖੋ-ਵੱਖਰੀਆਂ ਪਾਰਟੀਆਂ ਵੱਲੋਂ 8 ਮਈ ਤੱਕ ਜਿਨ੍ਹਾਂ ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਸਵੀਕਾਰ ਕਰ ਲਿਆ ਹੈ, ਉਨ੍ਹਾਂ ਵਿਚੋਂ ਰਾਜ ਸੱਤਾ ਵਾਲੀ ਟੋਰੀ ਪਾਰਟੀ ਨੇ ਵੁਲਵਹੈਂਪਟਨ ਹਲਕੇ ਤੋਂ ਪਾਲ ਉੱਪਲ, ਫੈਲਕਮ ਤੋਂ ਸਮੀਰ ਜੱਸਲ, ਲੇਬਰ ਪਾਰਟੀ ਵੱਲੋਂ ਬਰਮਿੰਘਮ ਦੇ ਹਲਕੇ ਤੋਂ ਪ੍ਰੀਤ ਕੌਰ ਗਿੱਲ, ਟੈਲਫੋਰਡ ਤੋਂ ਕੁਲਦੀਪ ਸਿੰਘ ਸਹੋਤਾ, ਸਲੋਹ ਤੋਂ ਦਸਤਾਰਧਾਰੀ ਸਿੱਖ ਤਮਨਜੀਤ ਸਿੰਘ ਢੇਸੀ, ਈਲਿੰਗ ਸਾਊਥਾਲ ਤੋਂ ਵਰਿੰਦਰ ਸ਼ਰਮਾ, ਬਾਰਕਿੰਗ ਤੋਂ ਰੌਕੀ ਸਿੰਘ ਗਿੱਲ, ਹੈਸਟਨ ਫੈਲਥਮ ਤੋਂ ਸ੍ਰੀਮਤੀ ਸੀਮਾ ਮਲਹੋਤਰਾ, ਟਕਸਬਰੀ ਤੋਂ ਮਨਜਿੰਦਰ ਸਿੰਘ ਗਿੱਲ, ਸਾਊਥ ਹੈਮ ਅਤੇ ਕੈਨਲਵਰਥ ਹਲਕੇ ਤੋਂ ਕੌਂਸਲਰ ਬਾਲੀ ਸਿੰਘ, ਲੈਸਟਰ ਤੋਂ ਕੀਥ ਵਾਜ, ਮਿਡਲੈਂਡ ਦੇ ਹਲਕੇ ਤੋਂ ਵੈਲਰੀ ਵਾਜ਼ ਨੂੰ ਉਮੀਦਵਾਰ ਚੁਣਿਆ ਜਾ ਚੁੱਕਾ ਹੈ। ਅਗਲੇ ਹਫ਼ਤੇ ਬਰਤਾਨਵੀ ਚੋਣਾਂ ਵਿਚ ਭਾਰਤੀ ਮੂਲ ਦੇ ਨਿੱਤਰੇ ਸਾਰੇ ਉਮੀਦਵਾਰਾਂ ਦਾ ਵੇਰਵਾ ਅਤੇ ਭਾਰਤੀ ਪਿਛੋਕੜ ਬਾਰੇ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਇੰਤਜ਼ਾਰ ਕਰੋ!
ਨਰਪਾਲ ਸਿੰਘ ਸ਼ੇਰਗਿੱਲ
ਟੈਲੀਫ਼ੋਨ : 07903-190 838
shergill@journalist.com
-
ਨਰਪਾਲ ਸਿੰਘ ਸ਼ੇਰਗਿੱਲ, ਲੇਖਕ
shergill@journalist.com
7903-190-838
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.