ਸਿੱਖ ਪੰਥ ਅੰਦਰ ਪ੍ਰਬੁੱਧ, ਰੋਸ਼ਨ ਖਿਆਲ ਅਤੇ ਅਜ਼ੀਮ ਸ਼ਖ਼ਸੀਅਤਾਂ ਦੀ ਘਾਟ ਨਹੀਂ ਹੈ। ਪਰ ਜਿਨ੍ਹਾਂ ਲੋਕਾਂ ਦਾ ਸਿੱਖ ਸੰਸਥਾਵਾਂ 'ਤੇ ਕਬਜ਼ਾ ਹੈ ਉਨ੍ਹਾਂ ਵਿਚ ਸਿੱਖ ਸ਼ੁੱਧ ਸਿਧਾਂਤਾਂ ਅਤੇ ਇਨ੍ਹਾਂ ਤੇ ਇਮਾਨਦਾਰੀ ਨਾਲ ਅਮਲ ਵਿਚ ਇਕਸੁਰਤਾ ਸਬੰਧੀ ਸੋਝੀ ਦੀ ਘਾਟ ਕਰਕੇ ਉਨ੍ਹਾਂ ਇਨ੍ਹਾਂ ਨੂੰ ਨਮੋਸ਼ੀ ਭਰੇ ਪਤਨ ਦੇ ਰਾਹ ਤੋਰ ਰਖਿਆ ਹੈ। ਬਲਕਿ ਏਕਾਧਿਕਾਰਵਾਦੀ ਕਾਰਵਾਈਆਂ ਨਾਲ ਇਨ੍ਹਾਂ ਦੇ ਪਰਖ਼ਚੇ ਉਡਾਉਣੇ ਜਾਰੀ ਰਖੇ ਹੋਏ ਹਨ।
ਸੰਨ 1920 ਤੋਂ ਪਹਿਲਾਂ ਵੀ ਕੁਝ ਐਸਾ ਹੀ ਆਲਮ ਸੀ। ਸਿੱਖ ਪੰਥ ਦੀਆਂ ਅਜ਼ੀਮ ਸੰਸਥਾਵਾਂ ਬੁਰੀ ਤਰ੍ਹਾਂ ਖੋਰੇ ਦਾ ਸ਼ਿਕਾਰ ਸਨ। ਉਦੋਂ ਵੀ ਸਿੱਖ ਪੰਥ ਬੇਚਾਰਗੀ ਦੀ ਅਵਸਥਾ ਵਿਚ ਚੌਰਾਹੇ 'ਤੇ ਖੜ੍ਹਾ ਸੀ। ਲੇਕਿਨ ਸਿੱਖ ਪੰਥ ਅਤੇ ਇਸ ਦੀਆਂ ਸੰਸਥਾਵਾਂ ਨੂੰ ਪਤਨ ਤੋਂ ਬਚਾਉਣ ਲਈ ਉੱਘੀਆਂ ਪੰਥਕ ਸ਼ਖ਼ਸੀਅਤਾਂ ਨੇ ਸਿੱਖ ਸੁਧਾਰ ਲਹਿਰ ਦਾ ਪਰਚਮ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਬੁਲੰਦ ਕਰਦਿਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ। ਇਨ੍ਹਾਂ ਸੰਸਥਾਵਾਂ ਦੇ ਸ਼ਾਨਾਮਤੇ ਸੰਘਰਸ਼ ਕਰ ਕੇ ਸਿੱਖ ਪੰਥ ਦੀਆਂ ਸੰਸਥਾਵਾਂ ਦੀ ਆਨ, ਬਾਨ ਅਤੇ ਸ਼ਾਨ ਦੀ ਬਹਾਲੀ ਕੀਤੀ ਗਈ। ਇਸ ਨਾਲ ਹੀ ਦੇਸ਼ ਦੀ ਜੰਗ-ਏ-ਆਜ਼ਾਦੀ ਵਿਚ ਸਰਵੋਤਮ ਕੁਰਬਾਨੀਆਂ ਭਿੱਜਿਆ ਯੋਗਦਾਨ ਪਾਇਆ।
ਜਿਸ ਬ੍ਰਿਟਿਸ਼ ਸ਼ਾਹੀ ਦੇ ਪਿੱਠੂ ਕੁਕਰਮੀ ਮਹੰਤਾਂ, ਪੁਜਾਰੀਆਂ, ਗੁੰਡਾਗਰਦ ਗ੍ਰੋਹਾਂ ਤੋਂ ਸਿੱਖ ਗੁਰਧਾਮਾਂ ਅਤੇ ਉੱਚਤਮ ਸੰਸਥਾਵਾਂ ਨੂੰ ਆਜ਼ਾਦ ਕਰਵਾਇਆ ਅੱਜ ਉਹ ਫਿਰ ਨਵ-ਏਕਾਧਿਕਾਰਵਾਦੀ ਰਾਜਨੀਤੀਵਾਨਾਂ, ਉਨ੍ਹਾਂ ਦੇ ਪਿੱਠੂ ਧਾਰਮਿਕ ਮਹੰਤ ਜਥੇਦਾਰਾਂ ਅਤੇ ਗ੍ਰੰਥੀਆਂ, ਮੌਕਾਪ੍ਰਸਤ ਲਬਾਦਾ ਪਹਿਨੇ ਅਹੁਦੇਦਾਰਾਂ ਦੇ ਕਬਜ਼ੇ ਵਿਚ ਚਲੀਆਂ ਗਈਆਂ ਹਨ। 10-12 ਸਾਲਾ ਅੱਤਵਾਦੀ ਤ੍ਰਾਸਦੀ ਵੇਲੇ ਜਿਵੇਂ ਤਖ਼ਤ ਸਾਹਿਬਾਨਾਂ ਤੇ 4-4 ਸਿੰਘ ਸਾਹਿਬਾਨਾਂ ਦੇ ਸੈੱਟ ਨਿਯੁਕਤ ਸਨ ਉਵੇਂ ਹੀ ਅੱਜ ਦੋ-ਦੋ ਸੈੱਟ ਮੌਜੂਦ ਹਨ। ਉਲਟਾ ਵਾੜ ਹੀ ਖੇਤ ਨੂੰ ਖਾਣ ਰਸਤੇ ਤੁਰੀ ਪਈ ਹੈ। ਜਿਵੇਂ ਗੈਰ ਪੰਜਾਬੀਆਂ (ਸੰਜੈ-ਦੁਰਗੇਸ਼ ਜੁੰਡਲੀ) ਨੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦਾ ਬੇੜਾ ਗਰਕ ਕੀਤਾ ਸੀ ਉਵੇਂ ਹੀ ਬਾਹਰੀ ਸਲਾਹਕਾਰ ਪੰਜਾਬ ਅੰਦਰ ਸਿੱਖ ਸੰਸਥਾਵਾਂ ਦਾ ਬੇੜਾ ਗਰਕ ਕਰ ਰਹੇ ਹਨ। ਸਿੱਖ ਪੰਥ ਦੀਆਂ ਅਜ਼ੀਮ ਪ੍ਰਬੁੱਧ ਸ਼ਖ਼ਸੀਅਤਾਂ ਨਿਤਾਣੀਆਂ ਅਤੇ ਅਸਮਰੱਥ ਬੰਨ੍ਹੇਰੇ ਤੇ ਬੈਠੀਆਂ ਇਹ ਤਮਾਸ਼ਾ ਵੇਖਣ ਲਈ ਮਜਬੂਰ ਨਜ਼ਰ ਆ ਰਹੀਆਂ ਹਨ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੀਟਿੰਗ ਵਿਚ ਪ੍ਰਧਾਨ ਸ਼੍ਰੀ ਕ੍ਰਿਪਾਲ ਸਿੰਘ ਬਡੂੰਗਰ ਨੇ ਆਪਣੇ ਰਾਜਸੀ ਏਕਾਧਿਕਾਰਵਾਦੀ ਆਕਾਵਾਂ ਦੇ ਆਦੇਸ਼ਾਂ ਅਨੁਸਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੁਰਮੁਖ ਸਿੰਘ ਨੂੰ ਬੇਇੱਜ਼ਤ ਢੰਗ ਨਾਲ ਚਲਦਾ ਕਰਦਿਆਂ ਮੁੱਖ ਗ੍ਰੰਥੀ ਗੁਰਦੁਆਰਾ ਧਮਧਾਨ (ਹਰਿਆਣਾ) ਵਿਖੇ ਨਿਯੁਕਤ ਕਰ ਦਿਤਾ। ਵਿਧੀ-ਵਿਧਾਨ ਛਿੱਕੇ ਤੇ ਟੰਗਦਿਆਂ ਉਸ ਨੂੰ ਨੋਟਿਸ ਜਾਰੀ ਕਰਨ, ਉਸਦਾ ਪ੍ਰਤੀਕਰਮ ਜਾਣੇ ਬਗੈਰ ਉਸ ਨੂੰ ਫਾਇਰ ਕਰ ਦਿਤਾ। ਉਸ ਦੀ ਸੁਰੱਖਿਆ ਅਤੇ ਗੱਡੀਆਂ ਵਾਪਸ ਲੈ ਲਈਆਂ।
ਜਥੇਦਾਰ ਗੁਰਮੁਖ ਸਿੰਘ ਨੂੰ ਇਹ ਸਜ਼ਾ ਉਨ੍ਹਾਂ ਵਲੋਂ ਸਿੰਘ ਸਾਹਿਬਾਨਾਂ ਦੀ ਤਰਸਯੋਗ ਸਥਿਤੀ, ਸਿੱਖ ਸ਼ੁੱਧ ਸਿਧਾਂਤਾਂ ਅਤੇ ਅਮਲ ਦੀ ਇਕਸੁਰਤਾ ਵਾਲੇ ਵਰਤਾਰੇ ਦੀਆਂ ਧੱਜੀਆਂ ਉਡਾਉਣ, ਸਿੱਖ ਪੰਥ ਅਤੇ ਇਸ ਦੀਆਂ ਸੰਸਥਾਵਾਂ ਨੂੰ ਆਪਣੀ ਨਿੱਜੀ ਜਾਗੀਰ ਸਮਝਣ ਦਾ ਸੱਚ ਉਘਾੜਨ ਕਰਕੇ ਦਿਤੀ ਗਈ ਹੈ। ਉਨ੍ਹਾਂ ਪੰਥ ਨੂੰ ਦਸਿਆ ਕਿ ਉਨ੍ਹਾਂ ਨੇ ਬਾਬਾ ਗੁਰਮੀਤ ਰਾਮ ਰਹੀਮ ਸਿੰਘ, ਡੇਰਾ ਸਿਰਸਾ ਦੇ ਮੁਆਫੀਨਾਮੇ ਵਾਲੀ ਪੱਤ੍ਰਿਕਾ ਐਕਟਰ ਅਕਸ਼ੈ ਕੁਮਾਰ ਦੇ ਘਰੋਂ ਨਹੀਂ ਲਿਆਂਦੀ ਸੀ। ਉਸ ਨੂੰ ਮੁਆਫ ਕਰਨ ਲਈ, ਉਸ ਵਿਰੁੱਧ ਸੰਨ 2007 ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਰਾਵੇ ਵਰਗਾ ਸਵਾਂਗ ਰਚ ਕੇ ਜਾਮ-ਏ-ਇੰਸਾਂ ਤਿਆਰ ਕਰਨ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਾ ਵਾਪਸ ਲੈਣ ਲਈ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗੁਰਚਰਨ ਸਿੰਘ ਦੀ ਅਗਵਾਈ ਵਿਚ ਚੰਡੀਗੜ੍ਹ, ਤੱਤਕਾਲੀ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਤਲਬ ਕਰਕੇ ਆਦੇਸ਼ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਜਾਰੀ ਕਰਨ ਦੀਆਂ ਪਰਤਾਂ ਵੀ ਖੋਲ੍ਹੀਆਂ ਗਈਆਂ। ਪੰਜਾਬੋਂ ਬਾਹਰੋਂ ਸਰਮਾਏਦਾਰ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਦੀਆਂ ਧਮਕੀਆਂ ਦੇ ਰਾਜ ਵੀ ਖੋਲ੍ਹੇ ਕਿ ਤੁਸੀਂ ਵੀ ਦੂਸਰੇ ਸਿੰਘ ਸਾਹਿਬਾਨਾਂ ਵਾਂਗ 'ਰਾਜਨੀਤਕ ਬਾੱਸ' ਦੇ ਨਿਰਦੇਸ਼ਾਂ ਅੱਗੇ ਸੀਸ ਝੁਕਾਵੋ, ਨਹੀਂ ਤਾਂ ਅਹੁਦੇ ਤੋਂ ਬੇਦਖਲ ਕਰ ਦਿਤੇ ਜਾਵੋਗੇ। ਆਖ਼ਰ ਹੋਇਆ ਵੀ ਇਹੀ। ਸਿੰਘ ਸਾਹਿਬ ਗੁਰਮੁਖ ਸਿੰਘ ਵਿਧਾਨ ਸਭਾ ਚੋਣਾਂ ਵਿਚ ਡੇਰਾ ਸਿਰਸਾ ਵਾਲੇ ਬਾਬੇ ਦੀ ਪਨਾਹ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਉਸਦੇ ਪੈਰੋਕਾਰਾਂ ਦੀਆਂ ਵੋਟਾਂ ਖ਼ਾਤਰ ਜਾਣ ਦੇ ਸਖ਼ਤ ਵਿਰੁੱਧ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਸਦੀ ਬਜਾਏ ਅਕਾਲੀ ਦਲ, ਪੰਥ ਦੀ ਪਨਾਹ ਵਿਚ ਜਾਏ ਜੋ ਉਸ ਨੂੰ ਵੋਟਾਂ ਨਾਲ ਮਾਲਾ ਮਾਲ ਕਰ ਦੇਵੇਗਾ।
ਜਥੇਦਾਰ ਗੁਰਮੁਖ ਸਿੰਘ ਦਾ ਸਟੈਂਡ ਇਹ ਹੈ ਕਿ ਉਹ ਚਾਹੁੰਦੇ ਸਨ ਕਿ ਸਿੰਘ ਸਾਹਿਬਾਨ ਅਤੇ ਦੂਸਰੇ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਆਗੂ ਅਤੇ ਅਹੁਦੇਦਾਰ ਉਨ੍ਹਾਂ ਉੱਚਤਮ ਸਿੱਖ ਰਵਾਇਤਾਂ ਅਨੁਸਾਰ ਦ੍ਰਿੜ੍ਹਤਾ ਨਾਲ ਆਪਣੀ ਸੇਵਾ ਪੰਥ ਅਤੇ ਮਾਨਵਤਾ ਦੇ ਭਲੇ ਅਤੇ ਚੜ੍ਹਦੀਕਲਾ ਲਈ ਕਰਨ ਜਿਨ੍ਹਾਂ ਨੂੰ ਸਥਾਪਿਤ ਕਰਨ ਲਈ ਕਰੀਬ 239 ਸਾਲ ਲਗੇ। ਉਨ੍ਹਾਂ ਪੰਥ ਦਾ ਭੁਲੇਖਾ ਦੂਰ ਕੀਤਾ ਕਿ ਡੇਰਾ ਸਿਰਸਾ ਵਾਲੇ ਬਾਬੇ ਦੀ ਚਿੱਠੀ 'ਪ੍ਰਵਾਨ' ਕੀਤੀ ਸੀ, ਉਸ ਨੂੰ ਮੁਆਫੀ ਨਹੀਂ ਸੀ ਦਿਤੀ ਜਿਵੇਂ ਕਿ ਮੀਡੀਏ ਨੇ ਗਲਤ ਰੰਗਤ ਬਿਨਾਂ ਪੜ੍ਹੇ ਦਿੰਦੇ ਲਿਖਿਆ 'ਬਿਨਾਂ ਮੰਗੇ ਦਿਤੀ ਮੁਆਫੀ।' ਉਨ੍ਹਾਂ ਬਾਹਰੀ ਸਲਾਹਕਾਰ ਮਨਜਿੰਦਰ ਸਿੰਘ ਨੂੰ ਸੁਣਾਈਆਂ ਖਰੀਆਂ-ਖਰੀਆਂ ਦਾ ਖੁਲਾਸਾ ਵੀ ਕੀਤਾ ਕਿ ਸਿੱਖ ਸੰਸਥਾਵਾਂ ਤੁਹਾਡੇ ਕਾਰਖਾਨੇ ਨਹੀਂ ਜਦੋਂ ਮਰਜ਼ੀ ਕਿਸੇ ਨੂੰ ਕੰਮ ਤੇ ਰਖ ਲਵੋ ਅਤੇ ਜਦੋਂ ਮਰਜ਼ੀ ਕਢ ਦੇਵੋ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸ ਵਿਚੋਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਪਟਨਾ ਸਾਹਿਬ, ਸ਼੍ਰੀ ਹਜ਼ੂਰ ਸਾਹਿਬ ਨਾਦੇੜ ਸਬੰਧੀ ਖੁਦਮੁਖ਼ਤਾਰ ਬੋਰਡ ਵੱਖ ਹੋ ਜਾਣ ਦੇ ਬਾਵਜੂਦ ਸਿੱਖ ਪੰਥ ਦੀ ਤਾਕਤਵਰ ਸੰਸਥਾ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਦਮਦਮਾ ਸਾਹਿਬ ਤਖ਼ਤ ਸਿੱਧੇ ਇਸ ਨਾਲ ਜੁੜੇ ਪਏ ਹਨ। ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ਇਸ ਦੇ ਕਾਰਜ ਖੇਤਰ ਅਧੀਨ ਹਨ। ਅੱਜ ਵੀ ਜਿਸ ਰਾਜਨੀਤਕ ਧੜੇ ਦਾ ਇਸ 'ਤੇ ਕਬਜ਼ਾ ਹੋਵੇ ਉਸ ਦਾ ਹੀ ਪੰਜਾਬ ਦੀ ਰਾਜਨੀਤੀ ਵਿਚ ਬੋਲਬਾਲਾ ਕਾਇਮ ਕਹਿੰਦਾ ਹੈ। ਸੱਤਾ ਹੋਵੇ ਜਾਂ ਨਾ। ਅੱਜ ਵੀ ਇਹ ਇਕ ਖੁਦਮੁਖ਼ਤਾਰ ਸੰਸਥਾ ਹੋਣ ਕਰਕੇ ਭਾਰਤੀ ਰਾਜ ਅੰਦਰ ਇਕ ਰਾਜ ਵਜੋਂ ਵਿਚਰਦੀ ਹੈ। ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਕਰਕੇ ਪੂਰੇ ਵਿਸ਼ਵ ਦੇ ਸਿੱਖ, ਸਿੱਖ ਸੰਸਥਾਵਾਂ, ਬਦੇਸ਼ੀ ਰਾਜਾਂ ਵਿਚ ਸਿੱਖ ਮੰਤਰੀ, ਅਹੁਦੇਦਾਰ ਅਤੇ ਅਨੇਕ ਦੂਸਰੇ ਧਰਮਾਂ ਦੇ ਲੋਕ ਜੋ ਇਥੇ ਨਤਮਸਤਕ ਹੋਣ ਆਉਂਦੇ ਹਨ, ਇਸ ਸੰਸਥਾ ਨਾਲ ਕਿਸੇ ਨਾ ਕਿਸੇ ਰੂਪ ਵਿਚ ਜੁੜ ਜਾਂਦੇ ਹਨ। ਲੇਕਿਨ ਇਸ 'ਤੇ ਇਕ ਪਰਿਵਾਰ ਅਤੇ ਵਿਅਕਤੀ ਦਾ ਕਾਇਮ ਹੋਇਆ ਏਕਾਧਿਕਾਰ ਇਸ ਦੀ ਆਭਾ ਅਤੇ ਸ਼ਾਨਾਮਤੇ ਸਿਧਾਂਤ, ਅਮਲ ਅਤੇ ਵਿਰਸੇ ਨੂੰ ਦਾਗ਼ਦਾਰ ਕਰਦਾ ਪਤਨ ਦਾ ਸ਼ਿਕਾਰ ਬਣਾ ਰਿਹਾ ਹੈ।
ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਇਸ ਨੂੰ ਕੋਈ ਅਸੂਲ ਪ੍ਰਸਤ ਅਤੇ ਸਮਰੱਥ ਪ੍ਰਧਾਨ ਨਸੀਬ ਨਹੀਂ ਹੋ ਸਕਿਆ। ਦੂਸਰੇ ਸਾਰੇ ਪ੍ਰਧਾਨਾਂ ਨੇ ਆਪਣੇ ਰਾਜਨੀਤਕ ਆਕਾ ਦੇ ਨਾਦਰਸ਼ਾਹੀ ਫੁਰਮਾਨ ਤੇ ਇਸ ਦੇ ਸਿਧਾਂਤਾਂ, ਅਮਲਾਂ, ਰਵਾਇਤਾਂ ਦੇ ਪਰਖਚੇ ਉਡਾਏ। ਮੌਜੂਦਾ ਪ੍ਰਧਾਨ ਸ਼੍ਰੀ ਕ੍ਰਿਪਾਲ ਸਿੰਘ ਬਡੂੰਗਰ ਜੋ ਕਿਸੇ ਪਿੰਡ ਦੇ ਸਰਪੰਚ ਚੁਣੇ ਜਾਣ ਦੀ ਸਮਰੱਥਾ ਨਹੀਂ ਰਖਦੇ ਹਮੇਸ਼ਾ ਸ਼੍ਰੋਮਣੀ ਕਮੇਟੀ ਦੇ ਨਾਮਜ਼ਦ ਮੈਂਬਰ ਬਣਾਏ ਜਾਂਦੇ ਹਨ। ਪਹਿਲੀ ਵਾਰ ਜਦੋਂ ਸੰਨ 2001 ਵਿਚ ਉਨ੍ਹਾਂ ਨੂੰ ਸ੍ਰ. ਬਾਦਲ ਮੁੱਖ ਮੰਤਰੀ ਦੇ ਓ.ਐੱਸ.ਡੀ. ਹੁੰਦੇ ਪ੍ਰਧਾਨ ਥਾਪਿਆ ਤਾਂ ਕਮੇਟੀ ਦੇ ਸਦਨ ਵਿਚ ਬਗਾਵਤੀ ਸੁਰਾਂ ਬੁਲੰਦ ਹੋਈਆਂ ਕਿ ਕੀ ਇਸ ਸਦਨ ਵਿਚ ਚੁਣ ਕੇ ਆਏ ਮੈਂਬਰਾਂ ਵਿਚੋਂ ਕੋਈ ਵੀ ਪ੍ਰਧਾਨਗੀ ਦੇ ਕਾਬਲ ਨਹੀਂ? ਇਸ ਨੇ ਉਦੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਕੇਵਲ ਸਿੰਘ, ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਮਨਜੀਤ ਸਿੰਘ (ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵਿਵਾਦਤ ਕਾਰਜਕਾਰੀ ਜਥੇਦਾਰ ਵੀ ਰਹੇ ਸਨ) ਨੂੰ ਚਲਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਹੁਣ 5 ਨਵੰਬਰ, 2016 'ਚ ਪ੍ਰਧਾਨ ਬਣਨ ਤੇ ਲਗਾਤਾਰ ਵਿਵਾਦਾਂ ਵਿਚ ਫਸੇ ਹੋਏ ਹਨ। ਸਿੰਘ ਸਾਹਿਬ ਗੁਰਮੁਖ ਸਿੰਘ ਨੂੰ ਆਪਣੀ ਜ਼ਮੀਰ ਦੀ ਆਵਾਜ਼ ਅਤੇ ਪੰਥਕ ਰਵਾਇਤਾਂ ਉਲਟ ਇਨ੍ਹਾਂ ਆਪਣੇ 'ਬਾੱਸ' ਦੇ ਹੁਕਮਾਂ ਤੇ ਚਲਦਾ ਕਰ ਦਿਤਾ। ਸਹੀ ਰਾਹ ਲੱਭਣ ਦੀ ਜੁਰਅੱਤ ਨਹੀਂ ਕੀਤੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੁਰੀ ਤਰ੍ਹਾਂ ਬਦਇੰਤਜ਼ਾਮੀ ਦਾ ਸ਼ਿਕਾਰ ਹੈ। ਰਾਜਾਂ ਨਾਲੋਂ ਵੀ ਵਧ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੈ। ਵਿਦਿਅਕ ਸੰਸਥਾਵਾਂ ਵਿਚ ਵਿਦਿਆ ਦਾ ਬੁਰਾ ਹਾਲ ਹੈ। ਜੇ ਇਸ ਨੇ ਵਧੀਆ ਸਿੱਖੀ ਦਾ ਪ੍ਰਚਾਰ ਕੀਤਾ ਹੁੰਦਾ, ਸਿੱਖ ਗੁਰਦੁਆਰਾ ਅਜੋਕੇ ਕਮੇਟੀ ਮੈਂਬਰ ਮਹੰਤਾਂ ਵਿਚ ਨਾ ਵੰਡੇ ਹੁੰਦੇ, ਸਿੱਖ ਸੰਸਥਾਵਾਂ ਪੁਰਾਣੇ ਖਾੜਕੂ ਰਾਜਿੰਦਰ ਸਿੰਘ ਮਹਿਤਾ ਅਤੇ ਅਮਰਜੀਤ ਸਿੰਘ ਚਾਵਲਾ (ਜਿਨ੍ਹਾਂ ਡਾੱ. ਸ. ਸ. ਦੁਸਾਂਝ ਅਤੇ ਲੇਖਕ ਨੂੰ ਅੱਤਵਾਦ ਦੇ ਕਾਲੇ ਦੌਰ ਵੇਲੇ ਧਮਕੀਆਂ ਦਿਤੀਆਂ ਜੋ ਉਦੋਂ ਅਖ਼ਬਾਰਾਂ ਵਿਚ ਛਪੀਆਂ) ਵਰਗਿਆਂ ਹਵਾਲੇ ਨਾ ਕੀਤੀਆਂ ਹੁੰਦੀਆਂ ਤਾਂ ਅੱਜ ਸਿੱਖ ਨੌਜਵਾਨ ਪਤਿਤਪੁਣੇ, ਨਸ਼ੀਲੇ ਪਦਾਰਥਾਂ, ਗੈਂਗਵਾਰ ਆਦਿ ਦੇ ਸ਼ਿਕਾਰ ਨਾ ਹੁੰਦੇ ਅਤੇ ਬਦੇਸ਼ਾਂ ਵੱਲ ਚਾਲੇ ਨਾ ਪਾਉਂਦੇ।
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਨੂੰ ਤੁਰੰਤ ਏਕਾਧਿਕਾਰ ਪਾਰਟੀ, ਕਮੇਟੀ ਅਤੇ ਸਿੱਖ ਸੰਸਥਾਵਾਂ ਤੋਂ ਛੱਡ ਕੇ ਇਨ੍ਹਾਂ ਸਿੱਖ ਰਵਾਇਤਾਂ, ਸ਼ੁੱਧ ਸਿਧਾਂਤਾਂ ਅਮਲ ਦੀ ਇਕਸੁਰਤਾ ਹਵਾਲੇ ਕਰ ਦੇਣਾ ਚਾਹੀਦਾ ਹੈ। ਪ੍ਰੋਢ ਅਕਾਲੀ ਆਗੂਆਂ ਜਿਵੇਂ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਨਿਰਮਲ ਸਿੰਘ ਕਾਹਲੋਂ, ਜਥੇਦਾਰ ਤੋਤਾ ਸਿੰਘ ਆਦਿ ਦੀ ਸਲਾਹ ਨਾਲ ਲੋਕਤੰਤਰੀ ਵਿਵਸਥਾ ਸਥਾਪਿਤ ਕਰਨੀ ਚਾਹੀਦੀ ਹੈ। ਬਾਹਰੀ ਅਤੇ ਸਾਬਕਾ ਅਤਿਵਾਦੀ ਸਲਾਹਕਾਰ ਪੰਥਕ ਸੰਸਥਾਵਾਂ ਤੋਂ ਦੂਰ ਕਰ ਦੇਣੇ ਚਾਹੀਦੇ ਹਨ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਆਗਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵੇਲੇ ਵਿਧਾਨ ਸਭਾ ਚੋਣਾਂ-2017 ਦੇ ਹਸ਼ਰ ਲਈ ਤਿਆਰ ਰਹਿਣ।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
94170-94034
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
kahlondarbarasingh@gmail.com
94170-94034
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.