ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਵਲੋਂ ਲਾਏ ਦੋਸ਼ਾਂ ਦੇ ਜਵਾਬ ਤੋਂ ਭੱਜ ਰਹੇ ਹਨ। ਉਨ੍ਹਾਂ ਸਿਰਫ ਇਤਨਾ ਕਹਿਕੇ ਗੱਲ ਟਾਲ ਦਿਤੀ ਕਿ ਗਿਆਨੀ ਗੁਰਮੁਖ ਸਿੰਘ ਝੂਠ ਬੋਲ ਰਹੇ ਹਨ। ਸਾਬਕਾ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਗਿਆਨੀ ਗੁਰਮੁਖ ਸਿੰਘ ਵਲੋਂ ਲਗਾਏ ਦੋਸ਼ਾਂ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇਣ ਸਬੰਧੀ ਉਨ੍ਹਾਂ ਦੀ ਕੋਠੀ ਵਿੱਚ ਕੋਈ ਮੀਟਿੰਗ ਹੋਈ ਸੀ, ਨੂੰ ਨਕਾਰ ਦਿੱਤਾ ਹੈ। ਉਧਰ ਕਾਂਗਰਸ ਸਰਕਾਰ ਨੇ ਪਿਛਲੀ ਅਕਾਲੀ-ਬੀ.ਜੇ.ਪੀ. ਸਰਕਾਰ ਵੇਲੇ ਹੋਈਆਂ ਬੇਨਿਯਮੀਆਂ ਨੂੰ ਜੱਗ ਜਾਹਰ ਕਰਨ ਦੀ ਰਣਨੀਤੀ ਘੜ ਲਈ ਹ,ੈ ਇਸ ਤਹਿਤ ਸਰਕਾਰ ਨੇ ਸੂਬੇ ਦੇ ਜਿਹਨਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਇੱਕ ਕਰੋੜ ਤੋਂ ਵੱਧ ਦੀਆਂ ਗ੍ਰਾਂਟਾਂ ਦਿੱਤੀਆਂ, ਉਨ੍ਹਾਂ ਦਾ ਆਡਿਟ ਤੀਜੀ ਧਿਰ ਵਲੋਂ ਕਰਾਉਣ ਦਾ ਫੈਸਲਾ ਕੀਤਾ ਹੈ। ਦਿਲਸਚਪ ਗੱਲ ਇਹ ਹੈ ਕਿ ਇਹਨਾ ਪੰਚਾਇਤਾਂ ਵਿਚ ਪ੍ਰਕਾਸ਼ ਸਿੰਘ ਬਾਦਲ ਦੇ ਜ਼ਿਲੇ ਮੁਕਤਸਰ ਦੇ 71 ਪਿੰਡਾਂ ਦੀਆਂ ਪੰਚਾਇਤਾਂ ਹਨ। ਜਿਹਨਾ ਵਿਚੋਂ ਮੁੱਖ ਸਾਬਕਾ ਮੁਖਮੰਤਰੀ ਦੇ ਲੰਬੀ ਵਿਧਾਨ ਸਭਾ ਹਲਕੇ ਦੀਆਂ ਕੁਝ ਪੰਚਾਇਤਾਂ ਹਨ ਅਤੇ ਕੁਝ ਗਿਦੜ ਬਾਹਾ ਹਲਕੇ ਦੇ ਪਿੰਡ ਹਨ। ਬਠਿੰਡਾ ਜ਼ਿਲੇ੍ਹ ਦੀਆਂ 27 ਪੰਚਾਇਤਾਂ ਨੂੰ ਇੱਕ ਕਰੋੜ ਤੋਂ ਵੱਧ ਗ੍ਰਾਂਟ ਮਿਲੀ ਹੈ। ਜਦਕਿ ਤਰਨਤਾਰਨ ਦੇ 20, ਮਾਨਸਾ ਦੇ 10 ਅਤੇ ਜਲੰਧਰ ਦੇ ਪੰਜ ਪਿੰਡ ਇਸ ਵਿਚ ਸ਼ਾਮਲ ਹਨ।
ਧਰਮ ਹੋਵੇ ਜਾਂ ਸਿਆਸਤ! ਬਾਦਲਾਂ ਭਾਈ ਆਪਣੇ ਹਿੱਤ ‘ਚ ਵਰਤਨ ਲਈ ਰੱਤੀ ਭਰ ਸੰਕੋਚ ਨਹੀਂ ਕੀਤਾ।ਸੰਕੋਚ ਕਰਦੇ ਵੀ ਕਿਉਂ? ਗੱਦੀ ਕੀਹਨੂੰ ਨਹੀਂ ਪਿਆਰੀ? ਇਹ ਤਾਂ ਔਂਤਰੀ ਦੁਨੀਆ ਹੀ ਮਾੜੀ ਆ, ਜਿਹੜੀ ਨੇਤਾਵਾਂ ਦੇ ਪੈਰਾਂ ਥੱਲਿਓ ਜ਼ਮੀਨ ਕੱਢ ਦਿੰਦੀ ਆ ਤੇ ਪਿੱਠ ਥੱਲਿੳਂ ਕੁਰਸੀ।
ਕੌਣ ਨਹੀਂ ਜਾਣਦਾ ਭਾਈ ਬਾਦਲਾਂ ਬਿਨ੍ਹਾਂ ਸ਼੍ਰੋਮਣੀ ਕਮੇਟੀ ‘ਚ ਪੱਤਾ ਨਹੀਂ ਹਿੱਲਦਾ! ਪ੍ਰਧਾਨ ਬਣਦਾ ਆ ਪਰਚੀ ਨਾਲ! ਬਾਦਲਾਂ ਦੇ ਕੰਮ ਹੁੰਦੇ ਆ ਦਬਕੇ ਨਾਲ! ਜੋ ਅੜਿਆ, ਜਾਵੇ ਘਰ! ਜੋ ਖੰਘਿਆ ਜਾਵੇ ਹਰਿਆਣਾ! ਜੋ ਬੋਲਿਆ, ਬਣੇ ਫਿਰ ਗਿਆਨੀ ਗੁਰਮੁਖ ਸਿੰਘ। ਇਵੇਂ ਹੀ ਭਾਈ ਪੈਸਿਆਂ, ਗ੍ਰਾਂਟਾਂ ਦੀ ਗੱਲ ਆ ਜਿਹੜੇ ਆਪਣੇ ਸੀ, ਉਨ੍ਹਾਂ ਦੇ ਘੜੇ ਭਰ ਦਿਤੇ। ਜਿਹਨਾ ਹੱਥ ਅੱਡੇ, ਗੁਲਾਮ ਬਣੇ, ਬੱਸ ਹੋ ਗਏ ਬਾਦਲਾਂ ਦੇ ਪਿਆਰੇ, ਸਤਿਕਾਰੇ, ਚੌਧਰੀ!! ਜਮੀਨਾਂ ਵਾਲੇ ਟਰੱਕਾਂ ਵਾਲੇ ਬਜ਼ਰੀ ਰੇਤੇ ਦੀਆਂ ਖੱਡਾਂ ਵਾਲੇ!! ਜਾਂ ਬਣ ਗਏ ਕੇਬਲਾਂ, ਫੈਕਟਰੀਆਂ ਮੁਰੱਬਿਆਂ ਵਾਲੇ! ਜਿਤਨਾ ਚਿਰ ਚੌਕੜੀ ਨੇ ਰਾਜ ਕੀਤਾ, ਸਰਕਾਰੀ ਧੰਨ ਦੇ, ਧਰਮ ਦੇ ਧੰਨ ਦੇ ਕੁੱਪੇ ਰੁੜਾ ਦਿਤੇ! ਜੋ ਆਇਆ, ਖੈਰ ਬਿਨ੍ਹਾਂ ਖਾਲੀ ਨਾ ਗਿਆ ਉਨ੍ਹਾਂ ਦੇ ਦਰ ਤੋਂ। ਜੀਹਨੂੰ ਆਹੁਦਾ ਚਾਹੀਦਾ ਸੀ, ਅਹੁਦਾ ਹਾਜ਼ਰ। ਜਿਹਨੂੰ ਧੰਨ ਚਾਹੀਦਾ ਸੀ,ਧੰਨ ਹਾਜ਼ਰ।
ਪਰ ਆਖਰੀ ਉਮਰੇ ਭਾਈ ਵੱਡੇ ਨੂੰ ਵਾਹਵਾ ਨਿਰਾਸ਼ ਕੀਤਾ ਲੋਕਾਂ। ਵਾਹਵਾ ਹਾੜੇ ਕੱਢੇ ਉਸ ਪਰ ਕਵੀ ਸ਼ਿਵ ਦੇ ਕਹਿਣ ਵਾਂਗਰ, “ ਮੱਥੇ ਦਾ ਦੀਵਾ ਨਾ ਬਲਿਆ, ਤੇਲ ਤਾਂ ਪਾਇਆ ਭਰ-ਭਰ ਪਲ਼ੀਆਂ”।
ਖੇਤਾਂ ਵਿੱਚ ਭੱਖੜਾ ਬੁਘਾਟ ਉਗਿਆ
ਖ਼ਬਰ ਹੈ ਕਿ ਪੰਜਾਬ ‘ਚ ਤੀਸਰਾ ਬਦਲ ਬਣਨ ਤੋਂ ਖੁੰਝੀ ਆਮ ਆਦਮੀ ਪਾਰਟੀ ਦੇਸ਼ ਦੇ ਲੋਕਾਂ ਦੀਆਂ ਉਮੀਦਾਂ ਦੀ ਖੈਰ ਖ਼ਵਾਹ ਨਹੀਂ ਬਣ ਸਕੀ। ਦਿਲੀ ਦੇ ਲੋਕਾਂ ਵਲੋਂ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਰਿਕਾਰਡ 70 ਵਿਚੋਂ 67 ਸੀਟਾਂ ਜਿਤਾਕੇ ਦੇਸ਼ ਦੀ ਸਿਆਸਤ ‘ਚ ਇੱਕ ਨਵਾਂ ਇਨਕਲਾਬ ਲਿਆਂਦਾ ਸੀ, ਉਸ ਤੇ ਬਾਅਦ ਦੇਸ਼ ਦੇ, ਵਿਦੇਸ਼ ਦੇ ਪੰਜਾਬੀਆਂ ਨੂੰ ਆਸ ਬੱਝੀ ਸੀ ਕਿ ਆਮ ਆਦਮੀ ਪਾਰਟੀ ਪੰਜਾਬ ‘ਚ ਧੂੰਆਂਧਾਰ ਜਿੱਤ ਪ੍ਰਾਪਤ ਕਰੇਗਾ। ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾ ਤੇ ਹੁਣ ਦਿਲੀ ਨਿਗਮ ਚੋਣਾ ‘ਚ ਹੋਈ ਹਾਰ ਨੇ ਤਾਂ ਪਾਰਟੀ ਵਰਕਰਾਂ ਦੇ ਹੌਂਸਲੇ ਹੀ ਤੋੜਕੇ ਰੱਖ ਦਿਤੇ ਹਨ। ਆਮ ਆਦਮੀ ਪਾਰਟੀ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਅਤੇ ਸਹਿ ਇੰਚਾਰਜ ਦੁਰਗੇਸ਼ ਪਾਠਕ ਨੇ ਆਪੋ-ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿਤਾ ਹੈ। ਸੰਸਦ ਮੈਂਬਰ ਭਗਵੰਤ ਮਾਨ ਵਲੋਂ ਵੀ ਚੋਣਾਂ ‘ਚ ਹਾਰ ਬਾਅਦ ਕੇਂਦਰੀ ਨੇਤਾਵਾਂ ਵਿਰੁੱਧ ਭੜਾਸ ਕੱਢੀ ਹੈ। ਸਿਆਸੀ ਹਲਕਿਆਂ‘ਚ ਇਸ ਗੱਲ ਦੀ ਚਰਚਾ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਕਾਂਗਰਸ ਨੇ ਜਾਂ ਦਿਲੀ ਵਿਚ ਭਾਜਪਾ ਨੇ ਨਹੀਂ ਹਰਾਇਆ ਬਲਕਿ ਪਾਰਟੀ ਆਪਣੀਆਂ ਗਲਤ ਨੀਤਾਂ ਕਾਰਨ ਆਪਣੇ ਭਾਰ ਨਾਲ ਆਪੇ ਡਿਗ ਪਈ ਹੈ।
ਜਦੋਂ ਤਾਕਤ ਦਾ ਨਸ਼ਾ ਬੰਦੇ ਨੂੰ ਚੜ੍ਹ ਜਾਂਦਾ, ਉਦੋਂ ਉਹ ਕਮਲਿਆਂ-ਰਮਲਿਆਂ ਵਾਂਗਰ ਅਵਲੀਆਂ-ਟਵਲੀਆਂ ਮਾਰਨ ਲੱਗ ਪੈਂਦਾ। ਦਿਲੀ ਚ 70 ਵਿਚੋਂ 67 ਵਿਧਾਇਕਾਂ ਨੂੰ ਜਿਤਾਕੇ ਆਮ ਆਦਮੀ ਨੂੰ ਧਰਤੀ ਦਿਸਣੋਂ ਹੱਟ ਗਈ। ਕੁਝ ਆਪ, ਕੁਝ ਬਾਹਰਲਿਆਂ ਉਨ੍ਹਾਂ ਦੇ ਦਿਮਾਗ ਇਹੋ ਜਿਹੇ ਤਰੋ-ਤਾਜ਼ਾ ਕਰ ਦਿਤੇ ਪੈਸੇ ਨਾਲ, ਟੱਕੇ ਨਾਲ, ਸ਼ੋਹਰਤ ਨਾਲ, ਅਕਲ ਨਾਲ ਕਿ ਉਹ ਸਮਝਣ ਲੱਗ ਪਏ ਕਿ ਉਹਨਾ ਜਿਹਾ ਹੀਰਾ ਤਾਂ ਭਾਈ ਸਦੀਆਂ ਤੋਂ ਕੋਈ ਜੰਮਿਆ ਹੀ ਨਹੀਂ! ਨਾਹਰੇ ਲਾਏ ਸ਼ਹੀਦਾਂ ਦੇ,ਖਜ਼ਾਨਾ ਵਰਤਿਆ ਦਿਲੀ ਦਾ। ਗੱਲਾਂ ਕੀਤੀਆਂ ਦਿਲੀ ਦੀਆਂ, ਥੁੱਕ ਨਾਲ ਬੜੇ ਪਕਾਏ ਪੰਜਾਬ ‘ਚ! ਰੈਲੀਆਂ, ਸ਼ੋਅ, ਬੜਕਾਂ, ਦਬਕੇ, ਸਭ ਪਹਿਲੇ ਨੇਤਾਵਾਂ ਦੀ ਤਰ੍ਹਾਂ ਅਤੇ ਲੋਕ ਭਜਾਏ ਵਾਹਣੋ-ਵਾਹਣੀ ਟਿਕਟਾਂ ਦੇਣ ਵੇਲੇ। ਵਿਚਾਰਾ ਮੋਚੀ, ਕੇਜਰੀ ਨੂੰ ਲੱਭਦਾ ਫਿਰੇ ਭਾਈ ਮੇਰੀ ਟਿਕਟ ਕਿਥੇ ਆ? ਵਿਚਾਰਾ ਪੈਂਚਰ ਲਾਉਣ ਵਾਲਾ ਲੱਭਦਾ ਫਿਰੇ ਮੈਂ ਤਾਂ ਬਾਦਲਾਂ, ਰਾਜਿਆਂ ਬਰੋਬਰ ਖੜਕੇ ਅਸੰਬਲੀ ‘ਚ ਬੋਲਣਾ ਹੈ, ਮੇਰੇ ਹੀ ਪੱਲੇ ਪਾਉ ਟਿਕਟ ਕੇਜਰੀ। ਪਰ ਕੇਜਰੀ ਜੀ ਨੇ ਲੱਭੇ ਸੌਦਾਗਰ, ਕੇਜਰੀ ਨੇ ਲੱਭੇ ਛੋਟੇ-ਵੱਡੇ ਸੂੁਰਮੇ, ਜਿਨ੍ਹਾਂ ਨੂੰ ਸੱਤ ਕਰੋੜੀ, ਪੰਜ ਕਰੋੜੀ ਗਰਦਾਨ ਆਪਣੀ ਝੋਲੀ ਪਾ ਲਿਆ। ਇੰਜ ਭਾਈ ਚੰਗੀ ਭਲੀ ਚਲਦੀ ਬੇੜੀ ‘ਚ ਆਪਣਾ ਵੱਟਾ ਪਾ ਲਿਆ। ਆਮ ਬਣ ਗਈ ਖਾਸ ਅਤੇ ਇਹਦੇ ਖੇਤਾਂ ‘ਚ ਉਗ ਪਿਆ ਭੱਖੜਾ ਬੁਘਾਟ। ਤੇ ਹੁਣ ਚੋਣਾਂ ਬਾਅਦ ਕੇਜਰੀ ਆਂਹਦਾ ਫਿਰਦਾ ਆ, ਕਵੀ ਸ਼ਿਵ ਦੇ ਬੋਲ, “ ਬੀਜੇ ਸੀ ਤਾਰਿਆਂ ਦੇ ਬੀਜ ਉਹਨਾ ਖੇਤਾਂ ਵਿੱਚ ਭੱਖੜਾ ਬੁਘਾਟ ਉਗਿਆ”।
ਖ਼ੁਦਾਇਆ ਪਾਣੀ ਵਰਗੀ ਪਾਰਦਰਸ਼ਤਾ ਦੇ ਦੇ
ਖ਼ਬਰ ਹੈ ਕਿ ਕਿਧਰੇ ਕੈਪਟਨ ਸਰਕਾਰ ਟਰਾਂਸਪੋਰਟ ‘ਚ ਅਜ਼ਾਰੇਦਾਰੀ ਤੋੜਨ ਲਈ ਖੁਲ੍ਹੀ ਤੇ ਪਾਰਦਰਸ਼ੀ ਬੱਸ ਪਰਮਿੱਟ ਨੀਤੀ ਤੇ ਜ਼ੋਰ ਦੇ ਰਹੀ, ਕਿਧਰੇ ਤਬਾਹ ਹੋ ਚੁੱਕੀ ਪੰਜਾਬ ਦੀ ਆਰਥਿਕਤਾ ਨੂੰ ਮੁੜ ਉਭਾਰਨ ਦੇ ਯਤਨ ਵਜੋਂ ਕੈਪਟਨ ਮੁੰਬਈ ਤੱਕ ਜਾਕੇ ਸੱਨਅਤਕਾਰਾਂ ਨੂੰ ਪਰੇਰਨ ਲੱਗੇ ਹੋਏ ਹਨ, ਠੀਕ ਉਸੇ ਸਮੇਂ ਕਾਂਗਰਸ ਦੇ ਕੁਝ ਆਗੂ ਆਪਣੀ ਸਰਗਰਮੀਆਂ ਨਾਲ ਬਠਿੰਡਾ ਰੀਫਾਈਨਰੀ ਵਰਗੇ ਉਨ੍ਹਾਂ ਦੇ ਵਿਸਥਾਰ ਲਈ ਖ਼ਤਰਾ ਪੈਦਾ ਕਰ ਰਹੇ ਹਨ। ਰੀਫਾਈਨਰੀ ਵਲੋਂ ਵਿਸਥਾਰ ਦੇ ਕੰਮ ਲਈ ਛੋਟੇ ਟਰਾਂਸਪੋਰਟਾਂ ਦੇ ਟਰੱਕ ਟਰਾਲੇ ਇਸਤੇਮਾਲ ਕੀਤੇ ਜਾ ਰਹੇ ਹਨ,ਜੋ ਉਨ੍ਹਾਂ ਨੂੰ ਸਸਤੇ ਭਾਅ ਤੇ ਟਰਾਲੇ ਟਰੱਕ ਮੁਹੱਈਆ ਕਰ ਰਹੀਆ ਹਨ, ਪਰ ਬਾਦਲ ਸਰਕਾਰ ਦੇ ਸਮੇਂ ਦੇ ਲੱਠਮਾਰ ਜੋ ਪਹਿਲਾਂ ਅਕਾਲੀਆਂ ਦੇ ਹਲਕਾ ਇੰਚਾਰਜਾਂ ਦੀ ਸਰਪ੍ਰਸਤੀ ਹੇਠ ਕੰਮ ਕਰਦੇ ਸਨ, ਹੁਣ ਕਾਂਗਰਸੀਆਂ ਦੀ ਛਤਰ ਛਾਇਆ ‘ਚ ਆਕੇ ਛੋਟੇ ਟ੍ਰਾਂਸਪੋਰਟਰਾਂ ਤੇ ਗੁੰਡਾ ਟੈਕਸ ਪਹਿਲਾਂ ਦੀ ਤਰ੍ਹਾਂ ਵਸੂਲਣ ਲੱਗ ਪਏ ਹਨ। ਕੁਝ ਕਾਂਗਰਸੀ ਨੇਤਾਵਾਂ ਤੇ ਟਰਾਂਸਪੋਰਟਰਾਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਪੱਖਪਾਤ ਰਹਿਤ ਪਾਰਦਰਸ਼ੀ ਹਕੂਮਤ ਦੇ ਇਕਰਾਰ ਫਿੱਕੇ ਪੈ ਰਹੇ ਹਨ ਅਤੇ ਲੱਠਮਾਰਾਂ ਨੇ ਗਿਰਗਿਟ ਵਾਂਗ ਰੰਗ ਵਟਾਉਂਦਿਆਂ ਪਾਲਾ ਬਦਲ ਲਿਆ ਹੈ।
ਸੂਬਾ ਪੰਜਾਬ ‘ਚ ਨੇਤਾ ਲੋਕਾਂ ਦੀ ਇੱਕ ਜਮਾਤ ਆ। ਉਸ ਜਮਾਤ ਦੇ ਆਪਣੇ ਕਰਿੰਦੇ ਆ। ਆਪੋ ਆਪਣੇ ਦਲਾਲ ਆ। ਕੁਰਸੀ ਥੱਲਿਓਂ ਨੋਟ ਲੈਣ ਦੀ ਪਰੰਪਰਾ ਹੈ। ਦਿਨ ਤਿਉਹਾਰਾਂ ਤੇ “ਗਿਫਟੋ-ਗਿਫਟੀ” ਹੋਣਾ ਇਥੇ ਹੁਣ ਰਵਾਇਤ ਬਣ ਚੁੱਕੀ ਆ। ਫੋਨ, ਉਵੇਂ ਹੀ ਹੋ ਰਹੇ ਆ ਜਿਵੇਂ ਪਹਿਲਾਂ ਹੁੰਦੇ ਸਨ, “ਓ ਭਾਈ, ਵੇਖੀਂ ਆਪਣਾ ਬੰਦਾ ਆ ਰਿਹਾ, ਰਤਾ ਖਿਆਲ ਕਰੀਂ”। ਕਿਉਂਕਿ ਭਾਈ ਪੈਸੇ,ਸਿਫਾਰਸ਼ ਬਿਨ੍ਹਾਂ ਤਾਂ ਮਰ ਰਹੇ ਬਜ਼ੂਰਗ ਨੂੰ ਪੈਨਸ਼ਨ ਨਹੀਂ ਮਿਲਦੀ, ਗਰੀਬ ਬੁਰਬੇ ਨੂੰ “ਨੀਲਾ ਕਾਰਡ” ਨਹੀਂ ਮਿਲਦਾ। ਹਾਂ ਕੁਝ ਫਰਕ ਪੈ ਗਿਆ ਆ, ਪਹਿਲਾਂ ਕੁਝ ਵੱਡੀਆਂ ਢੁੱਠਾਂ ਵਾਲੇ ਸਨ, ਹੁਣ ਢੁੱਠਾਂ ਕੁਝ ਛੋਟੀਆਂ ਹਨ। ਪਹਿਲਾਂ ਬਹੁਤੇ ਵੱਡੇ ਢਿੱਡਾਂ ਵਾਲੇ ਸਨ, ਹੁਣ ਕੁਝ ਛੋਟੇ ਢਿੱਡਾਂ ਵਾਲੇ ਹਨ! ਉਂਜ ਭਾਈ ਬੜਾ ਹੀ ਪਾਰਦਸ਼ੀ ਕੰਮ ਆ। ਵੱਡੇ ਕੰਮ ਦੇ ਵੱਡੇ ਪੈਸੇ। ਛੋਟੇ ਕੰਮ ਲਈ ਕੁਝ ਵੀ ਚੱਲੂ ਤੁਹਾਡੀ ਮਰਜ਼ੀ ਨਾਲ। ਵੱਡੇ ਅਹੁਦੇ ਲਈ ਵੱਡੀ ਸਿਫਾਰਸ਼। ਛੋਟੇ ਕੰਮ ਲਈ ਛੋਟੀ ਸਿਫਾਰਸ਼, ਨੌਕਰੀ ਲਈ ਵੀ ਸਿਫਾਰਸ਼, ਮੁਫਤ ਅਨਾਜ ਲਈ ਵੀ ਸਿਫਾਰਸ਼ ਅਤੇ ਗੁੰਡਿਆਂ ਤੋਂ ਇੱਜਤ ਬਚਾਉਣ ਲਈ ਵੀ ਸਿਫਾਰਸ਼।ਤਦੇ ਤਾਂ ਤਾਇਆ ਨੱਥੂ ਆਂਹਦਾ ਰਹਿੰਦਾ, “ਮੈਨੂੰ ਇਨ੍ਹਾਂ ਦੇ ਬੱਸ ਨਾ ਪਾਈ। ਹੋਰ ਮੈਨੂੰ ਕੁਝ ਨਹੀਉਂ ਚਾਹੀਦਾ, ਮੈਨੂੰ ਤਾਂ ਬੱਸ “ਖ਼ੁਦਾਇਆ ਪਾਣੀ ਵਰਗੀ ਪਾਰਦਰਸ਼ਤਾ ਦੇ ਦੇ”।
ਸਰਾਹਣੇ ਦੇ ਸੱਪ
ਖ਼ਬਰ ਹੈ ਕਿ ਚੋਣ ਲੜਨ ਵਾਲੇ ਬਹੁਤ ਸਾਰੇ ਉਮੀਦਵਾਰ ਇਹੋ ਜਿਹੇ ਹਨ, ਜੋ ਚੋਣ ਨਿਮੰਕਨ ਪੱਤਰ ਭਰਦੇ ਸਮੇਂ ਆਪਣੇ ਵਲੋਂ ਦਿੱਤੇ ਸਹੁੰ-ਪੱਤਰ ਵਿੱੱਚ ਇਹ ਜਿਕਰ ਕਰਦੇ ਹਨ ਕਿ ਉਹ ਸਮਾਜ ਸੇਵਕ ਹੈ, ਪਰ ਜਦੋਂ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਹੁੰਦੀ ਹੈ ਤਾਂ ਇਹ ਸਮਾਜ ਸੇਵਕ ਕਰੋੜਪਤੀ ਨਿਕਲਦੇ ਹਨ। ਚੋਣ ਆਯੋਗ ਵਲੋਂ ਹੋਈਆਂ ਪੰਜ ਰਾਜਾਂ ਦੀਆਂ ਚੋਣਾ ਸਮੇਂ, ਭਾਰਤੀ ਚੋਣ ਆਯੋਗ ਦੇ ਅਨੁਸਾਰ7121 ਉਮੀਦਵਾਰਾਂ ਨੇ ਕਾਗਜ਼ ਭਰੇ, ਜਿਨ੍ਹਾਂ ਵਿਚੋਂ 2324 ਉਮੀਦਵਾਰ ਕਰੋੜਪਤੀ ਨਿਕਲੇ ਹਨ। ਇਹਨਾ ਵਿਧਾਇਕਾਂ ਵਿਚੋਂ ਪੰਜ ਵਿਧਾਇਕ ਇਹੋ ਜਿਹੇ ਹਨ, ਜਿਨ੍ਹਾਂ ਦੀ ਜਾਇਦਾਦ ਪਿਛਲੇ ਪੰਜ ਸਾਲਾਂ ਵਿਚ ਵਧਕੇ ਦੁਗਣੀ ਹੋ ਗਈ ਹੈ।
ਕੋਈ ਨਾ ਜੀ, ਬਾਕੀ ਰਹਿੰਦੇ ਵੀ ਇਵੇਂ ਹੀ ਵੱਧ-ਫੁਲ ਜਾਣਗੇ। ਲੱਖਾਂ ਵਾਲੇ ਕਰੋੜਪਤੀ, ਕਰੋੜਾਂ ਵਾਲੇ ਦਹਿ-ਕਰੋੜਪਤੀ। ਅਤੇ ਦਹਿ ਕਰੋੜਪਤੀ ਭਾਈ ਅਰਬਪਤੀ ਬਣ ਜਾਣਗੇ। ਭਲਿਆਂ ਸਮਿਆਂ ‘ਚ ਕੁਝ ਨਾ ਕਰਨ ਵਾਲੇ ਨੂੰ ਕਹਿੰਦੇ ਸਨ ਨਿਕੰਮਿਆਂ ਜਾਹ ਸਿਪਾਹੀ ਬਣ ਜਾਹ! ਹੁਣ ਵਾਲੇ ਸਮਿਆਂ ‘ਚ ਕਹਿੰਦੇ ਆ, ਜਾਹ ਸਿਆਸਤਦਾਨ ਬਣ ਜਾ, ਆਪੇ ਤੈਨੂੰ ਭਾਗ ਲੱਗਣਗੇ। ਸਚਮੁੱਚ ਸਿਆਸੀ ਬੰਦਿਆਂ ਨੂੰ ਵਾਹਵਾ ਭਾਗ ਲਗਦੇ ਆ। ਜਦੋਂ ਪੈਰ ਥੱਲੇ ਬਟੇਰਾ ਆਉਂਦਾ, ਕੁੱਖਾਂ ਵੀ ਭਰ ਜਾਂਦੀਆਂ, ਖਜ਼ਾਨੇ ਵੀ ਤੂਸ ਜਾਂਦੇ ਆ, ਅਤੇ ਫਿਰ “ਸਲਾਮਾਂ” ਵੀ ਵਾਧੇ ‘ਚ ਮਿਲਦੀਆਂ।
ਉਂਜ ਭਾਈ ਬਹੁਤੇ ਸਿਆਸਤਦਾਨ ਸਮਾਜ ਸੇਵਕ ਦਾ ਲੁਬਾਦਾ ਪਾਉਂਦੇ ਆ। ਧੂੜਾਂ ਫੱਕਦੇ ਆ। ਧੂੜਾਂ‘ਚੋਂ ਸੁਨਹਿਰੀ ਰੰਗ ਨਿਕਲਦਾ। ਜਿਹੜਾ ਸੇਵਾ ਦੀ ਥਾਂ ਉਨ੍ਹਾਂ ਨੂੰ ਮੇਵਾ ਬਖਸ਼ਦਾ! ਮੇਵਾ ਖਾਂਦੇ ਖਾਂਦੇ ਉਹ ਬਣ ਜਾਂਦੇ ਆ ਫਨੀਅਰ ਸੱਪ ਤੇ ਫਿਰ ਜੀਹਦੇ ਦੇਖੋ ਉਹਦੇ ਡੰਗ, ਨਾ ਛੱਡਦੇ ਆਪਣਾ, ਨਾ ਛੱਡਦੇ ਪਰਾਇਆ ਤੇ ਬਣ ਜਾਂਦੇ ਆ ਭਾਈ ਸਰਾਹਣੇ ਦੇ ਸੱਪ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਪਿਛਲੇ ਪੰਜ ਸਾਲਾਂ ਵਿੱਚ ਦੇਸ਼ ਦੇ ਸਰਕਾਰੀ ਸਕੂਲਾਂ ਵਿੱਚ ਜਿਥੇ ਦਾਖਲੇ ਵਿੱਚ ਇੱਕ ਕਰੋੜ ਤੀਹ ਲੱਖ ਵਿਦਿਆਰਥੀਆਂ ਦੀ ਕਮੀ ਆਈ ਹੈ, ਉਥੇ ਨਿੱਜੀ ਸਕੂਲਾਂ ਵਿਚ ਇਕ ਕਰੋੜ ਪਝੱਤਰ ਲੱਖ ਨਵੇਂ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ। ਉਤਰ ਪ੍ਰਦੇਸ਼ ਵਿੱਚ 50 ਫੀਸਦੀ ਬੱਚੇ ਨਿੱਜੀ ਸਕੂਲਾਂ ‘ਚ ਪੜ੍ਹਦੇ ਹਨ ਜਦਕਿ ਬਿਹਾਰ ਵਿਚ ਚਾਰ ਫੀਸਦੀ ਤੋਂ ਵੀ ਘੱਟ ਵਿਦਿਆਰਥੀ ਨਿੱਜੀ ਸਕੂਲਾਂ ਵਿਚ ਪੜ੍ਹਨ ਜਾਂਦੇ ਹਨ।
ਇੱਕ ਵਿਚਾਰ
ਜੀਵਨ ਵਿੱਚ ਦੋ ਚੀਜ਼ਾਂ ਬਹੁਤ ਮਹੱਤਵਪੂਰਨ ਹਨ, ਇੱਕ ਸੋਚਣ ਦੀ ਆਜ਼ਾਦੀ ਅਤੇ ਦੂਜੀ ਕੰਮ ਕਰਨ ਦੀ ਆਜ਼ਾਦੀ ਸਾਮਰਸੈੱਟ ਮਾਮ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.