30 ਅਪ੍ਰੈਲ ਪੰਜਾਬੀ ਯੂਨੀਵਰਸਿਟੀ ਦਾ ਸਥਾਪਨਾ ਦਿਵਸ ਹੈ। ਇਹੀ ਅਰਦਾਸ ਹੈ, ਜੁਗ ਜੁਗ ਜੀਵੇ ਪੰਜਾਬੀ ਯੂਨੀਵਰਸਿਟੀ! ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਰੰਗ ਵਿਚ ਰੰਗੀ ਮਾਂ ਬੋਲੀ ਨੂੰ ਸਮਰਪਿਤ ਪੰਜਾਬੀ ਯੂਨੀਵਰਸਿਟੀ ਨੇ ਵਰ੍ਹਿਆਂ ਦਾ ਸਫ਼ਰ ਬੜੀ ਸ਼ਾਨ ਨਾਲ ਤੈਅ ਕੀਤਾ ਹੈ ਪਰ ਅੱਜ ਕਲ ਪੰਜਾਬੀ ਯੂਨੀਵਰਸਿਟੀ ਨੂੰ ਪਿਆਰ ਕਰਨ ਵਾਲੇ ਕੁਝ ਉਦਾਸ ਹਨ। ਮੂੰਹ ਨਾਲ ਮੂੰਹ ਤੇ ਕੰਨ ਨਾਲ ਕੰਨ ਜੋੜੀ ਬਾਤਾਂ ਹੋ ਰਹੀਆਂ ਨੇ ਪਰ ਦਿਲ ਨਾਲ ਦਿਲ ਤੇ ਮੋਢੇ ਨਾਲ ਮੋਢਾ ਜੋੜ ਯੂਨੀਵਰਸਿਟੀ ਨੂੰ ਇਸ ਦੀ ਸਫਲਤਾ ਲਈ ਯਤਨਸ਼ੀਲ ਵਿਰਲੇ ਹਨ। ਸਿਫ਼ਤ ਤੇ ਸਲਾਹ ਨਾਲੋਂ ਖਬਰਾਂ ਤੇ ਅਫਵਾਹਾਂ ਦੀ ਰੁੱਤ ਗਰਮ ਤੇ ਸਰਗਰਮ ਹੈ ਜਿਸ ਨਾਲ ਪੰਜਾਬੀ ਯੂਨੀਵਰਸਿਟੀ ਦੇ ਭਵਿੱਖ ਉਤੇ ਦੁਰਗਾਮੀ ਅਸਰ ਹੋਣ ਦੀ ਚਿੰਤਾ ਵੀ ਹੋ ਰਹੀ ਹੈ। ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਚ ਜਦੋਂ ਵੀ ਰਾਜ ਭਾਗ ਬਦਲਿਆ, ਇੰਝ ਹੀ ਹੋਇਆ। ਕੁਰਸੀਆਂ ਮੱਲਣ ਦੀ ਤਾਕ ਝਾਕ ਦੀ ਲੁਕਣ ਮੀਚੀ ਦੀ ਖੇਡ ਅਕਸਰ ਖਡੀਂਦੀ ਰਹੀ।
ਪੰਜਾਬੀ ਯੂਨੀਵਰਸਿਟੀ ਪਿਆਰਿਓ! ਹੁਣ ਕੁਲ ਦੁਨੀਆ ਵਿਚ ਯੂਨੀਵਰਸਿਟੀ ਦੇ ਵਿਕਾਰ ਨੂੰ ਸੰਭਾਲਣ ਦਾ ਵੇਲਾ ਹੈ। ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਪੰਜਾਬ ਦੀ ਧਰਤ ਮਾਂ ਅਤੇ ਮਾਂ ਬੋਲੀ ਨੂੰ ਸਮਰਪਿਤ ਹੋ ਇਸ ਯੂਨੀਵਰਸਿਟੀ ਦੇ ਵਿਦਵਾਨਾਂ, ਅਧਿਆਪਕਾਂ, ਕਰਮਚਾਰੀਆਂ ਨੇ ਪੰਜਾਬੀਆਂ ਦੀਆਂ ਕਈ ਪੁਸ਼ਤਾਂ ਨੂੰ ਵਿਦਿਆ ਨਾਲ ਰੁਸ਼ਨਾਇਆ ਹੈ। ਗਿਆਨ ਵਿਗਿਆਨ ਦੇ ਵਿਭਾਗਾਂ ਨੇ ਅਨੇਕ ਦੁਸ਼ਵਾਰੀਆਂ ਝੱਲ ਮਾਲਵੇ ਦੀ ਧਰਤੀ ਨੂੰ ਆਪਣੀ ਅਕਲ ਤੇ ਹੁਨਰ ਨਾਲ ਸਿੰਝ ਕੇ ਜੀਵਨ ਪੰਧ ਉਤੇ ਸਫਲਤਾ ਨਾਲ ਤੋਰਿਆ ਹੈ। ਗੁਰੂ ਗੋਬਿੰਦ ਸਿੰਘ ਦੀ "ਪ੍ਰਗਟ ਹਮਾਰੀ ਕਾਸ਼ੀ" ਦੀ ਰੂਹ ਨੂੰ ਇਸੇ ਯੂਨੀਵਰਸਿਟੀ ਨੇ ਸਾਕਾਰ ਕੀਤਾ ਹੈ। ਅੱਜ ਪੰਜਾਬੀ ਯੂਨੀਵਰਸਿਟੀ ਦੇ 60 ਟੀਚਿੰਗ ਵਿਭਾਗ, 13 ਖੋਜ ਵਿਭਾਗ, 06 ਚੇਅਰਜ਼ ਅਤੇ 09 ਜਿਲ੍ਹਿਆਂ ਵਿਚ 11 ਰਿਜ਼ਨਲ ਸੈਂਟਰਜ਼, 11 ਕੰਸਟੀਚਿਊਂਟ ਕਾਲਜ ਅਤੇ 278 ਕਾਲਜਾਂ ਨੂੰ ਆਪਣੇ ਨਾਲ ਜੋੜ ਕੇ ਰਾਸ਼ਟਰੀ ਅੰਤਰ-ਰਾਸ਼ਟਰੀ ਪੱਧਰ ਦਾ ਅਧਿਆਪਨ ਕਰਵਾ ਰਹੀ ਹੈ। ਇਸ ਯੂਨੀਵਰਸਿਟੀ ਨੇ ਪੰਜਾਬ ਦੇ ਨਿਮਾਣੇ ਨਿਤਾਣੇ ਸਕੂਲਾਂ, ਕਾਲਜਾਂ ਤੋਂ ਆਉਣ ਵਾਲੇ ਸੰਗਾਊ ਗਬਰੂ ਸੁਪਨਿਆਂ ਨੂੰ ਪੰਜਾਬ ਦੇ ਭਵਿੱਖ ਲਈ ਸਿੰਝਿਆ ਤੇ ਵਿਗਸਿਆ ਹੈ। ਮਾਂ ਬੋਲੀ ਨੂੰ ਜਿਉਂਦਾ ਰੱਖਣ ਲਈ ਪੰਜਾਬੀ ਯੂਨੀਵਰਸਿਟੀ ਦੇ ਵੱਖ ਵੱਖ ਖੋਜ ਵਿਭਾਗ ਸਰਗਰਮ ਹਨ। 3000 ਤੋਂ ਵੱਧ ਕਿਤਾਬਾਂ, ਕੋਸ਼, ਵਿਸ਼ਵ ਕੋਸ਼, ਪੰਜਾਬੀ ਦੇ ਵਰ੍ਹਿਆਂ ਦੀ ਕਮਾਈ ਹਨ ਜੋ ਵਿਸ਼ਵ ਦੇ ਪੰਜਾਬੀ ਪਿਆਰਿਆਂ ਤੇ ਪਾਠਕਾਂ ਤੱਕ ਯੂਨੀਵਰਸਿਟੀ ਸਸਤਿਉਂ ਸਸਤੇ ਮੁੱਲ ਤੇ ਪਹੁੰਚਾ ਰਹੀ ਹੈ। ਪੰਜਾਬੀ ਯੂਨੀਵਰਸਿਟੀ ਨੇ ਯੂ.ਜੀ.ਸੀ. ਦੀ ਨੈਕ ਗਰੇਡਿੰਗ ਵਿਚ ਵੀ ਸਦਾ ਮਹੱਤਵਪੂਰਣ ਪ੍ਰਾਪਤੀ ਕੀਤੀ ਹੈ। ਅਧਿਆਪਕਾਂ ਤੇ ਵਿਭਾਗਾਂ ਨੇ ਯੂ.ਜੀ.ਸੀ. ਦੀ ਵੱਖ ਵੱਖ ਸਕੀਮਾਂ ਜਿਵੇਂ ਯੂ.ਜੀ.ਸੀ. ਸੈਪ ਵਿਚ 11, ਬੀ.ਐਸ.ਆਰ ਵਿਚ 06, ਡੀ.ਬੀ.ਟੀ. ਵਿਚ 05, ਡੀ.ਐਸ.ਟੀ. - ਐਫ.ਆਈ.ਐਸ.ਟੀ. ਵਿਚ 11 ਵਿਭਾਗਾਂ ਦੀ ਕਮਾਈ ਕੀਤੀ ਹੈ।
ਸਭੇ ਧਰਮਾਂ ਦਾ ਚਾਨਣ ਮੁਨਾਰਾ ਗੁਰੂ ਗੋਬਿੰਦ ਸਿੰਘ ਭਵਨ ਪੰਜਾਬੀ ਯੂਨੀਵਰਸਿਟੀ ਦੇ ਚੰਗੇ ਮਾੜੇ ਦੌਰਾਂ ਵਿਚ ਗਵਾਹ ਹੈ ਕਿ ਧਰਮ, ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿਚ ਇਸ ਯੂਨੀਵਰਸਿਟੀ ਦਾ ਕੋਈ ਹਾਣੀ ਨਹੀਂ। ਗਿਆਨ, ਵਿਗਿਆਨ, ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਦਵਾਨ ਅੰਤਰ-ਰਾਸ਼ਟਰੀ ਪਛਾਣ ਬਣਾ ਚੁੱਕੇ ਹਨ। ਵਿਦਿਆਰਥੀ ਕੇਵਲ ਡਿਗਰੀ ਕਰਕੇ ਹੀ ਨਹੀਂ, ਮਨ, ਸੋਚ ਤੇ ਵਿਚਾਰ ਕਰਕੇ ਵੀ ਸਮਾਜਿਕ ਤੇ ਰਾਜਨੀਤਕ ਤੌਰ 'ਤੇ ਜਾਗਰੂਕ ਹਨ।
ਪੰਜਾਬੀ ਯੂਨੀਵਰਸਿਟੀ ਦੇ ਆਲਣੇ ਵਿਚ 60% ਤੋਂ ਜਿਆਦਾ ਮਾਲਵੇ ਅਤੇ ਪੰਜਾਬ ਦੀਆਂ ਧੀਆਂ ਪੜ੍ਹ ਰਹੀਆਂ ਹਨ। 27000 ਤੋਂ ਵੱਧ ਵਿਦਿਆਰਥੀਆਂ ਨੂੰ ਵਿਦਿਆ ਦਾ ਦਾਨ ਦੇਣ ਵਾਲੀ ਇਸ ਯੂਨੀਵਰਸਿਟੀ ਨੇ ਆਪਣਿਆਂ ਦੇ ਬੋਝਿਆਂ ਦੀ ਸਾਰ ਲੈ ਦੂਸਰੀਆਂ ਯੂਨੀਵਰਸਿਟੀਆਂ ਨਾਲੋਂ ਫੀਸਾਂ ਵੀ ਘੱਟ ਰਖੀਆਂ ਹਨ ਅਤੇ ਫੀਸਾਂ ਵਧਾਉਣ ਦਾ ਪੰਗਾ ਵੀ ਨਹੀਂ ਲਿਆ। ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੇ ਵਿਕਾਰਾਂ ਤੋਂ ਮੁਕਤ ਕਰਕੇ ਤੰਦਰੁਸਤੀ ਤੇ ਖੁਸ਼ਹਾਲੀ ਦਾ ਰਾਹ ਵਿਖਾਉਂਦਿਆਂ ਪੰਜਾਬੀ ਯੂਨੀਵਰਸਿਟੀ ਨੇ ਖੇਡਾਂ ਦੇ ਖੇਤਰ ਵਿਚ ਸਰਬੋਤਮ ਯੂਨੀਵਰਸਿਟੀ ਬਣ ਕੇ ਅੱਠਵੀਂ ਵਾਰ ਮਾਕਾ ਟਰਾਫ਼ੀ ਜਿੱਤ ਵਿਖਾਈ ਹੈ। ਸਭਿਆਚਾਰ ਦੇ ਖੇਤਰ ਵਿਚ ਸੰਗੀਤ, ਲੋਕ ਸੰਗੀਤ, ਲੋਕ ਨਾਚ, ਥੀਏਟਰ ਤੇ ਗੁਰਮਤਿ ਸੰਗੀਤ ਰਾਹੀਂ ਮਰਦਾਨੇ ਦੀ ਰਬਾਬ, ਪੰਜਾਬ ਦੇ ਸਾਜ਼, ਪੰਜਾਬ ਦੇ ਨਾਚ, ਪੰਜਾਬ ਦੀ ਆਵਾਜ਼ ਅਤੇ ਪੰਜਾਬ ਦੀ ਅਦਾ-ਅਦਾਕਾਰੀ ਨੂੰ ਪੁਨਰ ਸੁਰਜੀਤ ਕੀਤਾ ਹੈ। ਆਪਣੇ ਸੰਪਰਕ ਤੇ ਸਰੋਤਾਂ ਨਾਲ ਇਸ ਯੂਨੀਵਰਸਿਟੀ ਦੇ ਸ਼ੁਭ ਚਿੰਤਕਾਂ ਨੇ ਭਵਨ ਉਸਾਰੀਆਂ ਵੀ ਕਰਵਾਈਆਂ ਅਤੇ ਵਿੱਤੀ ਸਹਿਯੋਗ ਵੀ ਦਿਤਾ। ਨਿਰ ਸੰਦੇਹ ਹਰ ਅਧਿਆਪਕ, ਕਰਮਚਾਰੀ ਤੇ ਵਿਦਿਆਰਥੀ ਨੇ ਪੰਜਾਬੀ ਯੂਨੀਵਰਸਿਟੀ ਦੇ ਕਣ ਕਣ ਨੂੰ ਮਨ ਕਰਕੇ ਪਿਆਰ ਕੀਤਾ ਹੈ। ਇਸੇ ਕਰਕੇ ਵਰਤਮਾਨ ਸਥਿਤੀ ਨੂੰ ਵੇਖ ਸਭ ਮਨ ਆਖ ਰਹੇ ਨੇ, ਉਦਾਸ ਨਾ ਹੋ ਪੰਜਾਬੀ ਯੂਨੀਵਰਸਿਟੀ, ਅਸੀਂ ਤੇਰੇ ਨਾਲ ਹਾਂ। ਅਸੀਂ ਜਰੂਰ ਬਦਲਾਂਗੇ ਅਤੇ ਬਦਲਾਂਗੇ ਤੇਰੀ ਨੁਹਾਰ ਤੇ ਤਕਦੀਰ।
ਪੰਜਾਬੀ ਤੇ ਪੰਜਾਬੀ ਪਿਆਰਿਆਂ ਦੀ ਸੇਵਾ ਕਰਨ ਵਾਲੀ ਪੰਜਾਬੀ ਯੂਨੀਵਰਸਿਟੀ ਨੇ ਵਣਜ ਕਦੇ ਵੀ ਨਹੀਂ ਕੀਤਾ। ਸ਼ਬਦ, ਸੰਗੀਤ ਤੇ ਗਿਆਨ ਵਿਗਿਆਨ ਦੇ ਰਹੱਸ ਖੋਲਣ ਵਾਲੀ ਯੂਨੀਵਰਸਿਟੀ ਨੇ ਵਿਦਿਆ ਵਿਚਾਰ ਨੂੰ ਪਰਉਪਕਾਰ ਦੀ ਦ੍ਰਿਸ਼ਟੀ ਤੋਂ ਹੀ ਹਰ ਪਲ ਜੀਵਿਆ ਹੈ। ਪੰਜਾਬੀ ਯੂਨੀਵਰਸਿਟੀ ਲਾਹੇ ਦੀ ਹੱਟੀ ਨਹੀਂ ਬਣੀ ਸਗੋਂ ਇਸ ਨੇ ਸ਼ੁਭ ਗੁਣਾਂ ਦੀ ਖੱਟੀ ਵੱਲ ਧਿਆਨ ਦਿਤਾ ਹੈ। ਆਓ ਪੰਜਾਬੀ ਯੂਨੀਵਰਸਿਟੀ ਪ੍ਰਤੀ ਸਾਕਾਰਾਤਮਕ ਪਹੁੰਚ ਰੱਖ ਕੇ ਮਾਲਵੇ ਤੇ ਪੰਜਾਬ ਦੇ ਪੁੱਤਰਾਂ ਤੇ ਵਿਸ਼ੇਸ਼ ਕਰਕੇ ਧੀਆਂ ਦੇ ਉੱਜਲ ਤੇ ਸੁਰੱਖਿਅਤ ਭਵਿੱਖ ਲਈ ਇਸ ਯੂਨੀਵਰਸਿਟੀ ਦੇ ਵਿਕਾਸ ਵਿਚ ਹਿੱਸਾ ਪਾਈਏ।
ਬਾਬਾ ਆਲਾ ਸਿੰਘ ਦੀ ਧਰਤ ਪਟਿਆਲਾ ਤੇ ਪੰਜਾਬੀ ਪਿਆਰਿਆਂ ਦੇ ਮਨ ਮੰਤਕ ਵਿਚ ਵਸੀ ਯੂਨੀਵਰਸਿਟੀ ਦੀਆਂ ਮੁੱਢਲੀਆਂ ਪੁਰਾਣੀਆਂ ਤਸਵੀਰਾਂ ਵਿਚ ਉਸ ਸਮੇਂ ਦੇ ਰਾਸ਼ਟਰਪਤੀ ਡਾ. ਰਾਧਾ ਕ੍ਰਿਸ਼ਨਨ, ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ, ਡਾ. ਭਾਈ ਜੋਧ ਸਿੰਘ ਅਤੇ ਡਾ. ਫ਼ਖਰੂਦੀਨ ਅਲੀ ਅਹਿਮਦ ਵਰਗੀਆਂ ਸ਼ਖਸੀਅਤਾਂ ਅਕਸਰ ਵੇਖੀਆਂ ਜਾਂਦੀਆਂ ਹਨ। ਇਨ੍ਹਾਂ ਸ਼ਖਸੀਅਤਾਂ ਦੇ ਨਾਲ ਹੀ ਉੱਚੇ ਕੱਦ ਤੇ ਸੁੱਚੇ ਸਰੂਪ ਵਾਲੇ ਮਹਾਰਾਜਾ ਯਾਦਵਿੰਦਰ ਸਿੰਘ ਕਿਸੇ ਤੋਂ ਭੁੱਲੇ ਨਹੀਂ ਜਿਨ੍ਹਾਂ ਦੇ ਸਪੁੱਤਰ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ ਪੰਜਾਬ ਦੇ ਵਰਤਮਾਨ ਮੁੱਖ ਮੰਤਰੀ ਹਨ। ਮਹਾਰਾਜਾ ਯਾਦਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਸਥਾਪਤ ਕਰਨ ਵਾਲੇ ਕਮਿਸ਼ਨ ਦੇ ਚੇਅਰਮੈਨ ਵੀ ਸਨ ਜਿਨ੍ਹਾਂ ਇਸ ਪਟਿਆਲਾ ਦੀ ਧਰਤੀ ਉਤੇ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਨੂੰ ਚਿਤਵਿਆ ਅਤੇ ਸਾਕਾਰ ਕੀਤਾ।
ਵਰਤਮਾਨ ਸਮੇਂ ਦਾ ਸੱਚ ਇਹ ਹੈ ਕਿ ਵਰ੍ਹਿਆਂ ਤੋਂ ਪੰਜਾਬੀ ਯੂਨੀਵਰਸਿਟੀ ਦਾ ਬਜਟ ਘੱਟਦਾ ਜਾ ਰਿਹਾ ਹੈ ਅਤੇ ਵਾਧੇ ਦੀਆਂ ਸੰਭਾਵਨਾਵਾਂ ਵੀ ਨਹੀਂ ਦਿੱਸੀਆਂ। ਪੰਜਾਬੀ ਦੇ ਵਿਕਾਸ ਲਈ ਬਜਟ ਵੀ ਗੁੰਮ ਸੁੰਮ ਹੋ ਗਿਆ ਹੈ। ਜੇਕਰ ਪੰਜਾਬ ਸਰਕਾਰ ਨੇ ਕਦੇ ਵਾਧੂ ਗ੍ਰਾਂਟ ਦੇਣ ਦੀ ਨੀਅਤ ਵੀ ਬਣਾਈ ਤਾਂ ਸਰਕਾਰੀ ਅਧਿਕਾਰੀਆਂ ਨੇ ਖੋਟ ਨੇ ਪੁੱਠੀਆਂ ਸਿੱਧੀਆਂ ਸ਼ਰਤਾਂ ਲਾ ਯੂਨੀਵਰਸਿਟੀ ਖੋਜ ਤੇ ਪ੍ਰਸ਼ਾਸਨ ਵਿਚ ਖੜੌਤ ਅਤੇ ਤਣਾਵ ਹੀ ਪੈਦਾ ਕੀਤਾ।
ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪਰਨੀਤ ਕੌਰ ਨੂੰ ਸਨਿਮਰ ਬਿਨੈ ਹੈ ਕਿ ਆਪਣੇ ਪੁਰਖਿਆਂ ਦੀ ਮਾਣ ਮਤੀ ਸ਼ਾਨ ਨੂੰ ਕਾਇਮ ਰੱਖਦਿਆਂ ਮਾਲਵੇ ਤੇ ਪੰਜਾਬ ਦੇ ਲੋਕ ਹਿਤਾਂ ਨੂੰ ਸਮਰਪਿਤ ਪੰਜਾਬੀ ਯੂਨੀਵਰਸਿਟੀ ਨੂੰ ਢੁਕਵਾਂ ਵਿਤੀ ਬਜਟ ਦੇ ਕੇ ਸੁਰੱਖਿਅਤ ਕੀਤਾ ਜਾਵੇ। ਪੰਜਾਬ ਦੀ ਇਸ ਵਿਦਿਅਕ ਵਿਰਾਸਤ ਨੂੰ ਹਰ ਪਖੋਂ ਪੱਕੇ ਪੈਰੀਂ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਉਜੱਲ ਭਵਿੱਖ ਨੂੰ ਸੰਭਾਲਣ ਦੀ ਬੁਨਿਆਦੀ ਜਰੂਰਤ ਹੈ। ਕਿਤੇ ਪੰਜਾਬੀਆਂ ਦੀ ਇਹ ਵਿਦਿਅਕ ਵਿਰਾਸਤ ਸਿਆਸਤ ਦੇ ਸਾਏ ਥੱਲੇ ਹੋਰ ਉਦਾਸ ਨਾ ਹੋ ਜਾਵੇ। ਆਓ ਦੁਆ ਕਰੀਏ - ਜੁਗ ਜੁਗ ਜੀਵੇ ਪੰਜਾਬੀ ਯੂਨੀਵਰਸਿਟੀ!
ਡਾ. ਗੁਰਨਾਮ ਸਿੰਘ
ਡੀਨ ਅਕਾਦਮਿਕ ਮਾਮਲੇ
ਪੰਜਾਬੀ ਯੂਨੀਵਰਸਿਟੀ, ਪਟਿਆਲਾ
81465-65012
drgnam@yahoo.com
-
ਡਾ. ਗੁਰਨਾਮ ਸਿੰਘ, ਡੀਨ ਅਕਾਦਮਿਕ ਮਾਮਲੇ
drgnam@yahoo.com
81465-65012
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.