ਲੰਘੀ 2017 ਦੀ ਵਿਧਾਨ ਸਭਾ ਚੋਣ ਨੇ ਕਾਫ਼ੀ ਕੁਝ ਬਦਲ ਦਿੱਤੈ। ਜਿਹੜੀਆਂ ਪ੍ਰਸਥਿਤੀਆਂ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਹੋਣਾ, ਉਨ੍ਹਾਂ ਨੂੰ ਬੂਰ ਪਿਆ, ਅਤੇ ਜਿਹੜਿਆਂ ਨੇ ਰਾਮ ਰੌਲਾ ਪਾ ਕੇ ਪੰਜਾਬ ਦੀ ਰਾਜਸੱਤਾ 'ਤੇ ਕਾਬਜ਼ ਹੋਣ ਦੀ ਰਣਨੀਤੀ 'ਤੇ ਚਲਦਿਆਂ ਅੰਦਰੋਂ ਅੰਦਰੀਂ ਵਜ਼ੀਰੀਆਂ ਵੀ ਵੰਡ ਲਈਆਂ ਸਨ, ਉਨ੍ਹਾਂ ਦੀ ਗੱਡੀ ਹੀ ਪਟੜੀ ਤੋਂ ਉੱਤਰ ਗਈ।
ਇਨ੍ਹਾਂ ਚੋਣਾਂ ਤੋਂ ਪਹਿਲਾਂ ਕਾਫ਼ੀ ਕੁਝ ਦੇਖਿਆ ਤੇ ਸੁਣਿਆ। ਹਰੇਕ ਦੀ ਜ਼ੁਬਾਨ 'ਤੇ ਝਾੜੂ ਦਾ ਮੁੱਖ ਮੰਤਰੀ ਆਉਣਾ ਆਮ-ਏ-ਹਾਲਾਤ ਸੀ। ਅਕਾਲੀਆਂ ਨੂੰ ਤਾਂ ਚਲੋ ਬਰਗਾੜੀ ਕਾਂਡ ਵੇਲੇ ਤੋਂ ਹੀ ਲੋਕਾਂ ਨੇ ਮੰਨਣਾ ਸ਼ੁਰੂ ਕਰ ਦਿੱਤਾ ਸੀ ਕਿ ਇਨ੍ਹਾਂ ਦਾ ਕੰਮ ਤਮਾਮ ਹੋ ਹੀ ਚੁੱਕਿਐ। ਕਾਂਗਰਸ ਥੋੜ੍ਹਾਂ ਬਹੁਤ ਸੁਲਗਦੀ ਨਜ਼ਰ ਆਉਂਦੀ ਸੀ ਪਰ ਜਿੱਤਣ ਦੀ ਪੁਜ਼ੀਸ਼ਨ ਵਿੱਚ ਨਹੀਂ ਸੀ। ਹੋਇਐ ਬਿਲਕੁੱਲ ਉਲਟ। ਆਵਾਮ ਨੇ ਇੱਕ ਬਾਰ ਫਿਰ ਦਿਖਾ ਦਿੱਤੈ ਕਿ ਉਹ ਵੱਡੀ ਚੀਜ਼ ਹੈ। ਝਾੜੂ ਵਾਲਿਆ ਦੀ ਨੀਤੀ ਦੀ ਸਪੱਸ਼ਟਤਾ ਹੀ ਉਨ੍ਹਾਂ ਨੂੰ ਲੈ ਬੈਠੀ। ਬਾਰ ਬਾਰ ਬਿਆਨ ਬਦਲਣੇ, ਮੁੱਖ ਮੰਤਰੀ ਦਾ ਚੇਹਰਾ ਪੇਸ਼ ਨਾ ਕਰਨਾ, ਲੰਘੀਆਂ ਲੋਕ ਸਭਾ ਚੋਣਾਂ ਮੌਕੇ ਕਈ ਨਿਕੰਮੇ ਬੰਦਿਆਂ ਨੂੰ ਪਾਰਟੀ ਉਮੀਦਵਾਰ ਬਣਾ ਕੇ ਲੋਕ ਸਭਾ ਭੇਜਣ ਤੋਂ ਇਲਾਵਾ ਪੰਜਾਬ ਦੀ ਲੀਡਰਸ਼ਿੱਪ 'ਤੇ ਦਿੱਲੀ ਵਾਲਿਆ ਦਾ ਕੁੰਡਾ ਬੇਮਤਲਬ ਤੋਂ ਪਾਈ ਰੱਖਣਾ ਅਜਿਹੇ ਕਈ ਵੱਡੇ ਕਾਰਨ ਸਨ ਜਿਨ੍ਹਾਂ ਪਾਰਟੀ ਦੇ ਪੈਰ ਹੀ ਧਰਤੀ 'ਤੇ ਨਾ ਲੱਗਣ ਦਿੱਤੇ। ਰਹਿੰਦੀ ਕਸਰ ਦਿੱਲੀ ਵਾਲਿਆਂ ਵੱਲੋਂ ਪੰਜਾਬੀਆਂ ਨੂੰ ਟਿਕਟਾਂ ਬਦਲੇ ਕੀਤੇ ਆਰਥਿਕ ਤੇ ਸਰੀਰਿਕ ਸੋਸ਼ਣ ਦੀਆਂ ਸੁਰਖ਼ੀਆਂ ਨੇ ਪੂਰੀ ਕਰ ਦਿੱਤੀ ਤੇ ਆਖ਼ਿਰ ਵਿੱਚ ਉਹੀ ਕੁਝ ਹੋਇਆ ਜਿਸ ਦੀ ਆਸ ਸਿਰਫ਼ ਕੁਝ ਕੁ ਸਿਆਸੀ ਸੂਝ-ਬੂਝ ਰੱਖਦੇ ਸਿਆਸੀ ਬੰਦਿਆ ਨੂੰ ਸੀ।
ਸਿੱਖਾਂ ਦੀ ਮਾਂ ਪਾਰਟੀ ਅਖਵਾਉਂਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਇਸ ਬਾਰ ਇਤਿਹਾਸਕ ਹਾਰ ਹਾਰਿਐ। ਜਿਸ ਦੀ ਕਿਆਸੀ ਅਕਾਲੀ ਦਲ ਦੇ ਆਗੂਆਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚੀ ਹੋਣੀ। ਜਿਸ ਪਾਰਟੀ ਨੂੰ ਅਕਾਲੀ ਦਲ ਦਾ ਪ੍ਰਧਾਨ 'ਭਈਆਂ' ਤੇ 'ਟੋਪੀ ਵਾਲਿਆਂ ਦੀ ਪਾਰਟੀ' ਆਖ ਪਾਣੀ ਪੀ-ਪੀ ਕੋਸਦਾ ਹੋਵੇ, ਇੱਥੋਂ ਤੱਕ ਕਿ ਉਨ੍ਹਾਂ ਨੂੰ ਔਰਤਾਂ ਦਾ ਦਲਾਲ ਆਖਿਆ ਗਿਆ ਹੋਵੇ, ਉਨ੍ਹਾਂ ਨੂੰ 'ਬੇਗਾਨੇ' ਕਹਿ ਕੇ ਆਪਣੇ ਪਣ ਦਾ ਸਬੂਤ ਮੰਗਿਆ ਹੋਵੇ, ਭਾਵ ਜਿਸ ਪਾਰਟੀ ਅੰਦਰ ਸਾਰੀਆਂ ਹੀ ਮਾੜੀਆਂ ਅਲਾਮਤਾਂ ਹੋਣ ਜੋ ਕਿ ਇੱਕ ਸਿਆਸੀ ਪਾਰਟੀ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਜਿਸ ਦੇ ਨੇਤਾਵਾਂ ਨੂੰ ਅੱਯਾਸ਼ ਤੇ ਸ਼ਰਾਬੀ ਕਹਿ ਕੇ ਮੁਰਜ਼ਮਾਂ ਵਾਂਗ ਵਰਤਾਓ ਕੀਤਾ ਹੋਵੇ, ਜਦ ਉਹੀ ਪਾਰਟੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਧੂੜ ਚਟਾ ਦੇਵੇ, ਉਨ੍ਹਾਂ ਨੂੰ ਆਪਣੀ ਔਕਾਤ ਯਾਦ ਕਰਵਾ ਦੇਵੇ ਤਾਂ ਸੋਚਣਾ ਬਣਦੈ ਕਿ ਗਲਤ ਕੌਣ ਐ ?
ਆਪ ਪਾਰਟੀ ਨੇ ਲੰਘੀਆਂ ਚੋਣਾਂ ਵਿੱਚ 22 ਐਮ.ਐਲ.ਏਜ਼. ਨਾਲ ਖਾਤਾ ਖੋਲ੍ਹਿਆ ਤੇ ਸਿੱਖਾਂ ਦੀ ਲਹੂ ਡੋਲ੍ਹਵੇਂ ਸੰਘਰਸ਼ ਵਿੱਚੋਂ ਪੈਦਾ ਹੋਈ ਪਾਰਟੀ ਲਾ-ਪਾ ਕੇ ਦਰਜਨ ਦੇ ਕਰੀਬ ਖਿੱਚਾ ਧੂਹੀ ਕਰਕੇ ਪਹੁੰਚੀ। ਜਿਨ੍ਹਾਂ ਦਸ ਸਾਲ ਰਾਜ ਕੀਤਾ ਹੁੰਦੈ, ਠੀਕ ਐ ਕਿ ਉਨ੍ਹਾਂ ਦਾ ਵਿਰੋਧ ਜ਼ਰੂਰ ਹੁੰਦੈ ਪਰ ਇੰਨਾ ਵੀ ਨਹੀਂ ਕਿ ਮਗਰਲੇ ਪਾਸਿਓਂ ਪਹਿਲਾ ਨੰਬਰ ਸ਼ੁਰੂ ਹੋ ਜਾਵੇ। ਜਿਨ੍ਹਾਂ ਸੀਟਾਂ ਨੂੰ ਵਿਧਾਨ ਸਭਾ ਅੰਦਰ ਅਕਾਲੀ ਦਲ ਨੇ ਮੱਲਣਾ ਸੀ, ਉਨ੍ਹਾਂ 'ਤੇ ਝਾੜੁ ਵਾਲਿਆਂ ਨੇ ਕਬਜ਼ਾ ਕਰ ਲਿਆ, ਫਿਰ ਮਾੜਾ ਕੌਣ ਹੋਇਆ ? ਸਿੱਖਾਂ ਦੀ ਆਪਣੀ ਪਾਰਟੀ ਕਿ ਬੇਗਾਨਿਆਂ ਦੀ ਪਾਰਟੀ ? ਅਕਾਲੀ ਦਲ ਦੇ ਲੀਡਰਾਂ ਨੇ ਆਪ ਹੁਦਰੀਆਂ ਗੱਲਾਂ ਕਰ ਪਾਰਟੀ ਦੀ ਹਾਲਤ ਪਾਣੀਓਂ ਪਤਲੀ ਕਰ ਦਿੱਤੀ। ਸਿੱਖ ਸਿੱਧਾਂਤਾਂ ਨੂੰ ਮਲੀਆ ਮੇਟ ਕਰਕੇ ਇੱਕ ਤੋਂ ਬਾਅਦ ਇੱਕ ਗਲਤੀਆਂ ਕਰ ਜਨਤਾ ਨੂੰ ਮਜਬੂਰ ਕਰ ਦਿੱਤਾ ਕਿ ਸਾਨੂੰ ਵੋਟ ਪਾਉਣ ਦੀ ਕੋਈ ਲੋੜ ਨਹੀਂ। ਟਕਸਾਲੀਆਂ ਨੂੰ ਰੋਲਣ ਤੋਂ ਇਲਾਵਾ ਪੈਸੇ ਦੀ ਗੇਮ 'ਤੇ ਸਾਰਾ ਜ਼ੋਰ ਲਾ ਚੋਣਾਂ ਜਿੱਤਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ। ਇਹ ਪੈਸੇ ਵਾਲਾ ਸਿਸਟਮ ਇੱਕ ਅੱਧੀ ਬਾਰ ਕਾਮਯਾਬ ਬੇਸ਼ੱਕ ਹੋ ਜਾਵੇ ਪਰ ਬਾਰ-ਬਾਰ ਨਹੀਂ।
ਪੰਥਕ ਸਿਧਾਂਤਾਂ ਨੂੰ ਤਿਲਾਂਜਲੀ ਦੇ ਕੇ ਪੰਜਾਬੀ ਪਾਰਟੀ ਦਾ ਮੁਖੌਟਾ ਅਕਾਲੀ ਦਲ (ਬ) ਵੱਲੋਂ ਭਾਵੇਂ ਕਾਫ਼ੀ ਦੇਰ ਪਹਿਲਾਂ ਹੀ ਪਾ ਲਿਆ ਸੀ ਪਰ ਹੁਣ ਤਾਂ ਹੱਦ ਹੀ ਕਰ ਦਿੱਤੀ ਹੈ। ਸਮੇਂ ਸਮੇਂ 'ਤੇ ਸਿੱਖ ਸਿੱਧਾਂਤਾਂ ਨੂੰ ਭਾਰੀ ਸੱਟ ਮਾਰੀ ਗਈ। ਪੁਲਿਸ ਨੂੰ ਖੁੱਲ੍ਹਾਂ ਦਿੱਤੀਆਂ ਗਈਆਂ। ਟਕਸਾਲੀ ਕੇਡਰ ਨੂੰ ਜੁੱਤੀਆਂ ਮਾਰ ਕੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਠੀਕ ਹੈ, ਕਿ ਪਿਛਲੀ ਸਰਕਾਰ ਸਮੇਂ ਕਾਫ਼ੀ ਖੇਤਰਾਂ ਵਿੱਚ ਵਿਕਾਸ ਜ਼ਰੂਰ ਹੋਇਐ। ਪਰ ਉਸ ਤੋਂ ਜ਼ਿਆਦਾ ਧਰਮ ਤੇ ਨੌਜਵਾਨੀ ਦਾ ਵਿਨਾਸ਼ ਹੋਇਐ। ਗੁਰਬਾਣੀ ਪੜ੍ਹਦੇ ਸਿੱਖਾਂ ਉੱਪਰ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ, ਪੱਗਾਂ ਚੌਂਕਾਂ ਵਿੱਚ ਰੋਲੀਆਂ ਗਈਆਂ, ਥਾਣਿਆਂ ਅੰਦਰ ਦਾੜ੍ਹੀਆਂ ਪੁੱਟੀਆਂ ਗਈਆਂ, ਇੱਥੋਂ ਤੱਕ ਕਿ ਸਿੱਖ ਬੀਬੀਆਂ ਨੂੰ ਵੀ ਨਾ ਬਖ਼ਸ਼ਿਆ ਗਿਆ। ਮਾਸੂਮ ਬੱਚੇ ਬਿਲਖਦੇ ਰਹੇ ਆਪਣੀਆਂ ਮਾਂਵਾਂ ਦੀਆਂ ਲਾਸ਼ਾਂ ਦੀਆਂ ਛਾਤੀਆਂ ਉੱਪਰ ਦੁੱਧੀਆਂ ਨੂੰ ਫੜ ਫੜ, ਖ਼ੌਫ਼ ਭਰੀਆਂ ਅੱਖਾਂ ਨਾਲ ਤੱਕਦੇ ਰਹੇ ਪਰ ਹਾਕਮ ਚੁੱਪ ਰਿਹਾ। ਉਸ ਨੇ ਮਾਸੂਮਾਂ ਨੂੰ ਕੋਈ ਜਵਾਬ ਤਾਂ ਕੀ ਦੇਣਾ ਸੀ, ਸਗੋਂ ਫਰਿਆਦ ਵੀ ਨਾ ਸੁਣੀ। ਕੀ ਅਜਿਹੇ ਕਾਰਨਾਮੇ ਇੱਕ ਪੰਥਕ ਸਰਕਾਰ ਕਰ ਸਕਦੀ ਹੈ ?
ਤਖ਼ਤ ਸਾਹਿਬਾਨਾਂ ਦੇ ਜੱਥੇਦਾਰਾਂ ਨੂੰ ਕੱਪੜਿਆਂ ਦੀ ਤਰ੍ਹਾਂ ਬਦਲਿਆ ਗਿਆ। ਸਿਤਮ ਜ਼ਰੀਫ਼ੀ ਇਹ ਰਹੀ ਕਿ ਇੱਕ ਜੱਥੇਦਾਰ ਸਾਹਿਬ ਦੀ ਜਗ੍ਹਾ ਦੂਜਾ ਆਉਂਦਾ ਰਿਹਾ ਤੇ ਉਸ ਤੋਂ ਵੀ ਵਧ ਕੇ ਇੱਕ ਵੱਡੇ ਘਰ ਦੀ ਜੀ ਹਜ਼ੂਰੀ ਕਰਦਾ ਰਿਹਾ। ਖ਼ੈਰ ਇਹ ਤਾਂ ਸਰਕਾਰ ਸਮੇਂ ਦੀ ਵਿਥਿਆ ਸੀ। ਹੁਣ ਅਕਾਲੀ ਦਲ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਵੀ ਪਿਛਲੀਆਂ ਗਲਤੀਆਂ ਨੂੰ ਦੁਹਰਾਉਂਦਾ ਨਜ਼ਰ ਆਉਂਦੈ। ਸ਼ਾਇਦ ਅਕਾਲੀ ਦਲ ਦੇ ਪ੍ਰਧਾਨ ਨੂੰ ਅਜੇ ਵੀ ਇਹ ਯਕੀਨ ਨਹੀਂ ਕਿ ਉਹ ਹੁਣ ਪੰਜਾਬ ਦੇ ਹਾਕਮ ਨਹੀਂ ਨੇ। ਵੱਡੇ ਵੱਡੇ ਬਿਆਨ, ਉਹੀ ਵੱਡੀਆਂ ਵੱਡੀਆਂ ਗੱਲਾਂ, ਪਤਾ ਨਹੀਂ ਕਿਉਂ ਧਰਤੀ 'ਤੇ ਆਉਣਾ ਨਹੀਂ ਚਾਹੁੰਦੇ ਜਾਂ ਉਨ੍ਹਾਂ ਦੇ ਆਲੇ-ਦੁਆਲੇ ਅਜਿਹੇ ਲੋਕਾਂ ਦਾ ਘੇਰਾ ਅਜੇ ਵੀ ਕਾਇਮ ਐ ਜਿਹੜੇ ਪ੍ਰਧਾਨ ਸਾਹਿਬ ਨੂੰ ਮਹਿਸੂਸ ਹੀ ਨਹੀਂ ਹੋਣ ਦਿੰਦੇ ਕਿ ਸਮਾਂ ਬਦਲ ਚੁੱਕਿਐ, ਉਹ ਸਿਰਫ਼ ਹੁਣ ਘਰ ਦੇ ਮਾਲਕ ਨੇ, ਪੰਜਾਬ ਦੇ ਨਹੀਂ।
ਪ੍ਰਧਾਨ ਜੀ, ਵਰਕਰਾਂ ਨੂੰ ਸਨੇਹ ਤੇ ਪਿਆਰ ਭਰੀ ਹਮਦਰਦੀ ਦੀ ਲੋੜ ਹੈ, ਵੱਡੀਆਂ ਗੱਲਾਂ ਦੀ ਨਹੀਂ। ਡੇਰਾ ਸਿਰਸਾ ਮਾਮਲੇ ਵਿੱਚ ਕੌਮ ਦਾ ਬੜਾ ਵੱਡਾ ਨੁਕਸਾਨ ਹੋਇਐ। ਕਈ ਕੀਮਤੀ ਜਾਨਾਂ ਇਸ ਸਾਰੇ ਘਟਨਾਕ੍ਰਮ ਵਿੱਚ ਗਈਆਂ ਨੇ। ਪਰ ਜੋ ਦਿਲ ਦੀ ਹਾਲਤ ਬੀਤੇ ਦਿਨੀਂ ਭਾਈ ਗੁਰਮੁੰਖ ਸਿੰਘ ਸਾਬਕਾ ਜੱਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਅਖ਼ਬਾਰਾਂ ਜ਼ਰੀਏ ਲੋਕਾਂ ਨਾਲ ਸਾਂਝੀ ਕੀਤੀ ਉਸ ਨੂੰ ਦੇਖ ਕੇ ਇਉਂ ਲੱਗਦੈ ਕਿ ਵਿੱਚੋਂ ਤਾਂ ਕਹਾਣੀ ਹੀ ਕੁਝ ਹੋਰ ਸੀ। ਇਹ ਇੱਕ ਅਲੱਗ ਵਿਸ਼ੈ ਕਿ ਕਿੰਝ ਇਸ ਵਰਤਾਰੇ ਨੂੰ ਅੰਜ਼ਾਮ ਦਿੱਤਾ ਗਿਆ ਪਰ ਕਿਉਂ ਦਿੱਤਾ ਗਿਆ, ਇਹ ਗੱਲ ਖਾਸ ਐ। ਇੱਕ ਹਫ਼ਤੇ ਵਿੱਚ ਇਹ ਸਾਰਾ ਅਭੇਦ ਭੇਦ ਵਿੱਚ ਬਦਲ ਗਿਐ। ਇੱਕ ਵਾਰ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਪਣੇ ਉੱਪਰੋਂ ਆਈ ਤਾਕਤ ਦਾ ਵਿਖਾਵਾ ਕੀਤਾ ਅਤੇ ਗਿਆਨੀ ਗੁਰਮੁੱਖ ਸਿੰਘ ਨੂੰ ਜੱਥੇਦਾਰੀ ਦੇ ਅਹੁਦੇ ਤੋਂ ਫ਼ਾਰਗ ਕਰ ਦਿੱਤਾ ਅਤੇ ਨਾਲ ਦੀ ਨਾਲ ਨਵਾਂ ਜੱਥੇਦਾਰ ਵੀ ਲਗਾ ਦਿੱਤਾ ਗਿਆ। ਇਹੀ ਕੁਝ ਪਿਛਲੇ ਲੰਮੇ ਸਮੇਂ ਚੱਲਦਾ ਆਇਐ। ਵਫ਼ਾਦਾਰੀਆਂ ਬਦਲੀਆਂ ਤਾਂ ਜੱਥੇਦਾਰੀਆਂ ਵੀ ਗਈਆਂ।
ਆਖ਼ਿਰ ਕਦੋਂ ਤੱਕ ਕੌਮ ਦੇ ਜੜ੍ਹੀਂ ਤੇਲ ਦਿੰਦੇ ਰਹੋਗੇ। ਅਸੀਂ ਪਹਿਲਾਂ ਹੀ ਬਥੇਰਾ ਨੁਕਸਾਨ ਕਰਵਾ ਲਿਐ। ਰੱਬ ਦਾ ਵਾਸਤਾ ਹੁਣ ਬੱਸ ਕਰੋ। ਖ਼ੁਦਕੁਸ਼ੀਆਂ ਅਤੇ ਗ਼ਰੀਬੀ ਦੀ ਝੰਬੀ ਕੌਮ ਨੂੰ ਪਹਿਲਾਂ ਹੀ ਕੋਈ ਰਾਹ ਨਹੀਂ ਸੀ ਦਿਖ ਰਿਹਾ। ਉਪਰੋਂ ਸਿੱਖ ਆਗੂਆਂ ਦੀਆਂ ਖ਼ੁਦਗਰਜ਼ੀਆਂ ਨੇ ਮਾਰ ਲਿਐ। ਅਸਲ ਵਿੱਚ ਕਾਂਗਰਸ ਦਾ ਇੱਕ ਧੜਾ ਇੱਥੋਂ ਤੱਕ ਸੋਚ ਕੇ ਚੱਲ ਰਿਹੈ ਕਿ ਕਿੰਝ ਅਕਾਲੀ ਦਲ ਨੂੰ ਆਉਣ ਵਾਲੇ ਸਮੇਂ ਅੰਦਰ ਸਿੱਖਾਂ ਤੇ ਸੱਤਾ ਤੋਂ ਦੂਰ ਰੱਖਿਆ ਜਾਵੇ। ਸ਼ਾਇਦ ਇਸੇ ਦੇ ਚਲਦਿਆਂ ਉਹ ਅਕਾਲੀ ਦਲ ਦੇ ਪ੍ਰਧਾਨ ਨੂੰ ਹਾਰ ਦਾ ਅਹਿਸਾਸ ਹੀ ਨਹੀਂ ਹੋਣ ਦੇ ਰਿਹਾ। ਉਨ੍ਹਾਂ ਦੀਆਂ ਸਾਰੀਆਂ ਸਹੂਲਤਾਂ ਬਰਕਰਾਰ ਰੱਖੀਆਂ ਹੋਈਆਂ ਨੇ। ਹੁਕਮ ਵੀ ਚੱਲਦੈ ਤੇ ਰੋਅਬ ਵੀ ਕਾਇਮ ਐ ਤਾਂ ਕਿ ਉਨ੍ਹਾਂ ਨੂੰ ਇਹ ਮਹਿਸੂਸ ਹੀ ਨਾ ਹੋਵੇ ਕਿ ਹੁਣ ਸਾਡੀ ਸਰਕਾਰ ਨਹੀਂ ਹੈ। ਜੇਕਰ ਅਕਾਲੀ ਆਗੂਆਂ ਨੂੰ ਇਹ ਮਹਿਸੂਸ ਹੋ ਗਿਆ ਤਾਂ ਉਹ ਵਰਕਰਾਂ ਵਿੱਚ ਜਾਣਗੇ ਤੇ ਨਵੀਂ ਲਹਿਰ ਪੈਦਾ ਹੋਵੇਗੀ ਤੇ ਵਰਕਰ ਪਾਰਟੀ ਲਈ ਕੰਮ ਕਰਨਗੇ। ਸੋ ਇਸ ਕੰਮ ਵਿੱਚ ਇਹ ਧੜਾ ਕਾਮਯਾਬ ਵੀ ਹੋ ਰਿਹੈ ਤੇ ਅਕਾਲੀ ਦਲ ਦੇ ਪ੍ਰਧਾਨ ਦਾ ਰਵੱਈਆ ਦੇਖ ਕੇ ਇਹ ਸੱਚ ਨਜ਼ਰ ਵੀ ਆਉਂਦੈ ਕਿ ਪ੍ਰਧਾਨ ਸਾਹਿਬ ਨੂੰ ਬੁਰੀ ਤਰ੍ਹਾਂ ਹੋਈ ਹਾਰ ਦਾ ਵੀ ਕੋਈ ਗ਼ਮ ਨਹੀਂ।
ਵਿਚਾਰੀ ਅਕਾਲੀ ਲੀਡਰਸ਼ਿੱਪ ਨੂੰ ਤਾਂ ਇਹ ਵੀ ਨਹੀਂ ਪਤਾ ਲੱਗਿਆ ਕਿ ਉਨ੍ਹਾਂ ਦੀ ਭਾਈਵਾਲ ਪਾਰਟੀ ਭਾਜਪਾ ਨੇ ਕੇਂਦਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਆਪ ਬੁਲਾ ਕੇ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਨ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਆਖਿਐ ਤਾਂ ਕਿ ਪੰਜਾਬ ਵਿੱਚ ਅਕਾਲੀ ਦਲ ਨੂੰ ਥਾਂ ਸਿਰ ਕੀਤਾ ਜਾਵੇ। ਪਰ ਇੱਧਰ ਅਕਾਲੀ ਦਲ ਅਜੇ ਵੀ ਸਮਝੌਤੇ ਦੀਆਂ ਕਾਲੀਆਂ ਐਨਕਾਂ ਲਾਈਂ ਫਿਰਦੈ। ਅਕਾਲੀ ਦਲ ਦੇ ਅੰਦਰੋਂ ਭਾਵੇਂ ਕਈ ਵੱਡੇ ਲੀਡਰ ਖ਼ਫ਼ਾ ਜ਼ਰੂਰ ਨੇ ਪਰ ਚੁੱਪ ਨੇ ਕਿ ਅਜੇ ਵੱਡੇ ਘਰ ਦੇ ਦੁਆਲੇ ਉਨ੍ਹਾਂ ਦੇ ਚਹੇਤਿਆਂ ਦੀ ਲਾਈਨ ਬੜੀ ਲੰਮੀ ਐ। ਸਿੱਖ ਸੰਘਰਸ਼ ਦੀ ਸੱਚੀ ਤੇ ਸੁੱਚੀ ਟਕਸਾਲ ਵਿੱਚੋਂ ਪੈਦਾ ਹੋਏ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਾਲ ਹੋਇਆ ਦੇਖ ਕੇ ਕਈ ਚਿੰਤਕਾਂ ਦੇ ਕਲੇਜਿਓਂ ਧੂਹ ਨਿਕਲਦੀ ਐ ਅਤੇ ਯਾਦ ਆਉਂਦੀ ਹੈ ਅਤੇ ਯਾਦ ਆਉਂਦੀ ਐ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੀਆਂ ਉਨ੍ਹਾਂ ਗੱਲਾਂ ਦੀ ਜੋ ਉਨ੍ਹਾਂ ਨੇ ਇਸ ਦੁਨੀਆਂ ਤੋਂ ਜਾਣ ਤੋਂ ਕੁਝ ਸਮਾਂ ਪਹਿਲਾਂ ਆਖੀਆਂ ਸਨ।
ਚੰਗਾ ਹੋਵੇ ਜੇਕਰ ਅਸਮਾਨ ਤੋਂ ਥੱਲੇ ਉੱਤਰ ਕੇ ਆਗੂਆ ਵੱਲੋਂ ਪਾਰਟੀ ਵਰਕਰਾਂ ਦੀ ਸਾਰ ਲਈ ਜਾਵੇ ਅਤੇ ਪਾਰਟੀ ਨੂੰ ਪੰਥਕ ਸੇਵਾਵਾਂ ਪ੍ਰਦਾਨ ਕਰਨ ਵਾਲੇ ਆਗੂਆਂ ਦੀ ਪੁੱਛ ਪੜਤਾਲ ਹੋਵੇ। ਗੁਰਧਾਮਾਂ ਤੋਂ ਕੁੰਡਾ ਹਟਾ ਕੇ ਆਜ਼ਾਦਾਨਾ ਤੌਰ 'ਤੇ ਵਿਚਰਣ ਦੀ ਪਿਰਤ ਪਾਈ ਜਾਵੇ। ਇਹ ਗੱਲ ਨਹੀਂ ਕਿ ਪੰਥ ਅੰਦਰ ਸਿੱਖੀ ਨੂੰ ਪਰਨਾਈਆਂ ਹੋਈਆਂ ਸ਼ਖ਼ਸੀਅਤਾਂ ਦੀ ਘਾਟ ਹੈ, ਬਸ਼ਰਤੇ ਲੋੜ ਹੈ ਉਨ੍ਹਾਂ ਨੂੰ ਪਹਿਚਾਨਣ ਦੀ। ਭਾਵੇਂ ਕਿ ਅਕਾਲੀ ਦਲ ਕੋਲ ਅੱਜ ਵੀ ਸ. ਸੁਖਦੇਵ ਸਿੰਘ ਢੀਂਡਸਾ ਵਰਗੀ ਉੱਚ ਕੋਟੀ ਦੀ ਸ਼ਖ਼ਸੀਅਤ ਅਤੇ ਰੌਸ਼ਨ ਦਿਮਾਗ ਸਿਆਸਤਦਾਨ ਮੌਜੂਦ ਨੇ ਤੇ ਉਨ੍ਹਾਂ ਦੀਆਂ ਸੇਵਾਵਾਂ ਪਾਰਟੀ ਲਈ ਲਾਹੇਵੰਦ ਹੋਣਗੀਆਂ ਅਤੇ ਧਾਰਮਿਕ ਖ਼ੇਤਰ ਅੰਦਰ ਸ. ਕਰਨੈਲ ਸਿੰਘ ਪੰਜੋਲੀ ਅਤੇ ਸ. ਸੁਖਦੇਵ ਸਿੰਘ ਭੌਰ ਵਰਗੇ ਆਗੂਆਂ ਤੋਂ ਆਸ ਰੱਖ ਕੇ ਮੌਕਾ ਦੇਣਾ ਬਣਦੈ। ਇੱਕ ਸਿਫ਼ਤ ਕਰਨੀ ਜ਼ਰੂਰ ਕਰਨੀ ਬਣਦੀ ਐ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਜਿਨ੍ਹਾਂ ਆਪਣੇ ਰਾਜਕਾਲ ਦੌਰਾਨ ਕਾਫ਼ੀ ਕੁਝ ਵਧੀਆ ਕਰਨ ਦਾ ਯਤਨ ਕੀਤੈ।
ਸਿਆਸੀ ਗਲਿਆਰਿਆਂ ਵਿੱਚ ਅੰਦਰ ਖਾਤੇ ਬਠਿੰਡਾ ਵੱਲ ਦੇ ਕਿਸੇ ਸਮੇਂ ਬਾਦਲਾਂ ਦੇ ਖਾਸਮ ਖਾਸ ਇੱਕ ਸਾਬਕਾ ਕਾਨੂੰਨਦਾਨ ਅਫ਼ਸਰ ਵੱਲੋਂ ਪੰਥਕ ਆਗੂਆਂ ਨੂੰ ਇੱਕੋ ਮਾਲਾ ਵਿੱਚ ਪਰੋਣ ਦੀ ਚਰਚਾ ਕੁਝ ਕੁ ਰਾਜਨੀਤੀ ਦੇ ਮਾਹਿਰ ਮੰਨੇ ਜਾਂਦੇ ਆਗੂਆਂ ਦੇ ਚੇਹਰਿਆਂ 'ਤੇ ਚਿੰਤਾ ਦੀਆਂ ਲਕੀਰਾਂ ਖਿੱਚਦੀ ਨਜ਼ਰ ਆਉਂਦੀ ਹੈ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਐਸ.ਜੀ.ਪੀ.ਸੀ. ਦੀਆਂ ਚੋਣਾਂ ਦੌਰਾਨ ਇਸ ਸਿਆਸੀ ਖਿਡਾਰੀ ਦੇ ਦੁਆਲੇ ਪੰਥ ਦੀ ਖਿੰਡੀ-ਪੁੰਡੀ ਸ਼ਕਤੀ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ।
ਨੌਜਵਾਨਾਂ ਦੇ ਜਜ਼ਬੇ ਨੂੰ ਧਰਮ ਦੇ ਖੇਤਰ ਵਿੱਚ ਵਰਤਿਆ ਜਾਵੇ ਨਾ ਕਿ ਸਿਆਸੀ ਤੇ ਨਸ਼ੇ ਵਰਗੀਆਂ ਅਲਾਮਤਾਂ ਵਿੱਚ ਖੁਆਰ ਕੀਤਾ ਜਾਵੇ ਤਾਂ ਕਿ ਫੌਲਾਦ ਦੀ ਭੱਠੀ ਵਿੱਚ ਤਪ ਕੇ ਕੁੰਦਨ ਬਣੀ ਸਿੱਖ ਕੌਮ ਪੰਜਾਬ, ਪੰਜਾਬੀਅਤ ਤੇ ਸਾਰੀ ਲੋਕਾਈ ਮੁੜ ਅਸਲ ਰਾਹਾਂ ਨੂੰ ਪਰਤ ਸਕੇ।
ਬਾਕੀ ਰਹੀ ਗੱਲ ਕਾਂਗਰਸ ਦੀ, ਇਨ੍ਹਾਂ ਦਾ ਹੁਣ ਰਾਜ ਹੈ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਅਤੇ ਬਹੁਮਤ ਪੂਰੀ ਹੈ। ਵਾਅਦੇ ਸਮੇਂ ਸਿਰ ਪੂਰੇ ਕਰਨ ਦੀ ਲੋੜ ਸਿਰ 'ਤੇ ਖੜ੍ਹੀ ਹੈ। ਭ੍ਰਿਸ਼ਟਾਚਾਰ, ਨਸ਼ਾ ਅਤੇ ਅਫ਼ਸਰਸ਼ਾਹੀ ਨੂੰ ਨੱਥ ਪਾਉਣਾ ਵੱਡੀਆਂ ਅਲਾਮਤਾਂ ਦੇ ਰੂਪ ਵਿੱਚ ਸਾਹਮਣੇ ਹਨ। ਇਹ ਸਮਾਂ ਬਦਲਾ ਖ਼ੋਰੀਆਂ ਵਿੱਚ ਉਲਝਣ ਦਾ ਨਹੀਂ ਕਿਉਂਕਿ ਪੰਜਾਬ ਬੜੇ ਨਾਜ਼ੁਕ ਦੌਰ ਵਿੱਚੋਂ ਲੰਘ ਰਿਹੈ। ਕੈਪਟਨ ਸਾਹਿਬ ਇੱਕ ਵਧੀਆ ਸਿੱਖ ਅਤੇ ਸਿਆਸਤਦਾਨ ਨੇ ਤੇ ਉਹ ਸਾਰਾ ਜਾਣਦੇ ਨੇ ਕਿ ਕਿੰਝ ਪੰਜਾਬ ਦੀ ਗੰਧਲੀ ਹੋ ਚੁੱਕੀ ਆਬੋ-ਹਵਾ ਨੂੰ ਚਿੱਟੀ ਤਵਾਰੀਖ਼ ਵਿੱਚ ਬਦਲਣਾ ਹੈ।
ਸਰੌਦ
ਪੰਜਾਬੀ ਰਾਈਟਰ ਯੂ.ਐਸ.ਏ. (ਵੀਕਲੀ)
ਮੋਬਾ. 94634-63163
-
ਮਨਜਿੰਦਰ ਸਿੰਘ, ਕਲਚਰ ਐਡੀਟਰ
manjindersinghkalasaroud@gmail.com
94634-63163
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.