21 ਅਪ੍ਰੈਲ 2017 ਨੂੰ ਰਿਲੀਜ਼ ਹੋਈ ਨਿਰਦੇਸ਼ਕ ਦਵਿੰਦਰ ਬਰਾੜ ਦੀ ਫ਼ਿਲਮ ਅਸਲੀ ਪੰਜਾਬ ਪੰਜਾਬ ਰਾਜ ਵੱਲੋਂ ਹੰਢਾਏ ਜਾ ਰਹੇ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਸੰਕਟ ਨਾਲ ਜੁੜੇ ਮੁੱਦਿਆਂ ਦੀ ਪੇਸ਼ਕਾਰੀ ਹੈ। ਮੁੱਢੋਂ ਭਾਂਵੇਂ ਆਰਥਿਕ ਪੱਖੋਂ ਪੰਜਾਬ ਪੂਰੇ ਭਾਰਤ ਦੇਸ਼ ਵਿੱਚ ਸਭ ਤੋਂ ਵੱਧ ਖੁਸ਼ਹਾਲ ਇਲਾਕਾ ਰਿਹਾ ਹੈ ਪਰ ਪਿਛਲੇ ਚਾਰ ਕੁ ਦਹਾਕਿਆਂ ਤੋਂ ਸਵਾਰਥੀ ਸਿਆਸੀ ਨੀਤੀਆਂ ਤਹਿਤ ਪੰਜਾਬ ਵੱਡੀਆਂ ਸਮੱਸਿਆਵਾਂ ਹੰਢਾ ਰਿਹਾ ਹੈ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਜਿਸਨੂੰ ਰਾਜਨੀਤਿਕ ਸੌੜੀਆਂ ਚਾਲਾਂ ਅਤੇ ਕੁਝ ਕੁ ਕੁਦਰਤੀ ਆਫ਼ਤਾਂ ਰਾਹੀਂ ਵੱਡੇ ਪੱਧਰ 'ਤੇ ਢਾਹ ਲੱਗੀ ਹੈ। ਇੱਥੋਂ ਹੀ ਪੈਦਾ ਹੋਏ ਆਰਥਿਕ ਸੰਕਟ ਵਿੱਚੋਂ ਉੱਭਰਦੀ ਸਮੱਸਿਆ ਜੋ ਸਾਹਮਣੇ ਆਉਂਦੀ ਹੈ, ਉਹ ਹੈ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦੀ। ਬੇਸ਼ੱਕ ਪੰਜਾਬ ਤੋਂ ਬਾਹਰ ਵੀ ਇਹ ਸਮੱਸਿਆ ਬਹੁਤ ਤਕੜਾ ਸੰਕਟ ਬਣੀ ਹੈ ਪਰ ਪੰਜਾਬੀ ਖੇਤਰੀ ਸਿਨਮੇ ਦੀ ਗੱਲ ਕਰਦਿਆਂ "ਅਸਲੀ ਪੰਜਾਬ" ਵਰਗੀ ਫ਼ਿਲਮ ਦਾ ਵਿਸ਼ਾ ਪੰਜਾਬੀ ਕਿਸਾਨਾਂ ਨਾਲ ਹੀ ਜੁੜਿਆ ਹੈ। ਪੰਜਾਬ ਦਾ ਕਿਸਾਨ ਵਰਗ ਹਰੀ ਕ੍ਰਾਂਤੀ ਤੋਂ ਬਾਅਦ ਕੀਟ-ਨਾਸ਼ਕਾਂ ਦੀ ਅਤਿ ਵਰਤੋਂ, ਡੂੰਘੇ ਪਾਣੀਆਂ, ਫ਼ਸਲੀ ਚੱਕਰ ਵਿੱਚ ਪੇਸ਼ ਆਉਂਦੀਆਂ ਕੁਦਰਤੀ ਆਫ਼ਤਾਂ ਅਤੇ ਮੰਡੀ ਵਿੱਚ ਪੂਰਾ ਮੁੱਲ ਨਾ ਮਿਲਣ ਕਾਰਨ ਖੇਤੀ ਨਾਲ ਜੁੜੀਆਂ ਕਈ ਸਮੱਸਿਆਂਵਾਂ ਆਪਣੇ ਪਿੰਡੇ ਹੰਢਾਉਂਦਾ ਰਿਹਾ ਹੈ। ਇਸਦੇ ਉਲਟ ਗੀਤਾਂ ਅਤੇ ਫ਼ਿਲਮਾਂ ਵਿੱਚ ਕਿਸਾਨੀ ਸਿਰਫ਼ "ਜੱਟ" ਸ਼ਬਦ ਨਾਲ ਮਨਸੂਬ ਹੈ ਜਿਸਨੂੰ ਵਧਾ-ਚੜ੍ਹਾ ਕੇ ਕਿ ਜੱਟ ਦੇ 70 ਕਿੱਲੇ, ਠਾਠ-ਬਾਠ, ਹਥਿਆਰਾਂ ਦਾ ਸ਼ੌਂਕੀ, ਨਿਆਈ ਵਾਲੇ ਟੱਕ ਦਾ ਹੌਂਸਲਾ, ਵੱਢ-ਟੁੱਕ, ਮਾਰ-ਧਾੜ, ਫ਼ੁਕਰਪੁਣੇ ਅਤੇ ਆਰਥਿਕ ਤੌਰ ਤੇ ਸਾਧਨ ਸੰਪੰਨ ਹੋਣ ਦਾ ਪੂਰਾ ਢੋਲ ਵਜਾਇਆ ਜਾਂਦਾ ਹੈ। ਸਗੋਂ ਸਥਿਤੀ ਏਨੀ ਗੰਭੀਰ ਹੈ ਕਿ ਕੁਝ ਕੁ ਸਾਧਨ-ਸੰਪੰਨ (ਰੱਜੇ-ਪੁੱਜੇ ਪਰਿਵਾਰਾਂ) ਨੂੰ ਛੱਡ ਕੇ ਬਹੁਤਾ ਕਿਸਾਨੀ ਤਬਕਾ ਨਿਰੋਲ ਛਿਮਾਹੀ ਖੇਤੀ ਉੱਤੇ ਹੀ ਨਿਰਭਰ ਹੈ। ਏਸੇ ਫ਼ਸਲ ਦੀ ਬਦੌਲਤ ਉਹਨਾਂ ਨੇ ਪਰਿਵਾਰਕ ਜ਼ਿੰਮੇਵਾਰੀਆਂ, ਲੋੜਾਂ, ਲੈਣ-ਦੇਣ ਅਤੇ ਕਬੀਲਦਾਰੀਆਂ ਨੂੰ ਕਿਓਂਟਣਾ ਹੁੰਦਾ ਹੈ। ਹੁਣ ਓਹੀ ਘੱਟ-ਵੱਧ ਜ਼ਮੀਨ ਦੇ ਮਾਲਕ ਜਦੋਂ ਵੀ ਕਿਸੇ ਖੇਤੀ ਸੰਕਟ ਦਾ ਸਾਹਮਣਾ ਕਰਨ ਲੱਗਦੇ ਨੇ ਤਾਂ ਉਹਨਾਂ ਵਿੱਚੋਂ ਅੱਕੇ ਹੋਏ ਬਹੁਤੇ ਤਾਂ ਮਸਲਿਆਂ ਤੋਂ ਕਿਨਾਰਾ ਕਰਨ ਦੇ ਚੱਕਰ 'ਚ ਖੁਦਕੁਸ਼ੀਆਂ ਦੇ ਰਾਹ ਪੈ ਜਾਂਦੇ ਹਨ।
ਵੱਡੀ ਗੱਲ ਹੈ ਕਿ ਪੰਜਾਬ ਦੇ ਬਹਾਦਰੀ ਅਤੇ ਸੂਰਮਗਤੀ ਲਈ ਜਾਣੇ ਜਾਂਦੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਤੋਂ ਤੰਗ ਏਨਾ ਨੀਚ ਅਤੇ ਡਰਪੋਕ ਕੰਮ ਵੀ ਕਰਨ ਲੱਗ ਗਏ?? ਹੁਣ ਤਾਂ ਇਹ ਰੇਸ਼ੋ ਏਨੀ ਵਧੀ ਹੈ ਕਿ ਪੰਜਾਬ ਦੀ ਕਿਸਾਨੀ ਦਾ ਤੀਜਾ ਹਿੱਸਾ ਅਣਚਾਹੀਆਂ ਮੌਤਾਂ ਨੂੰ ਗਲ ਲਾਉਣ ਲੱਗ ਪਿਆ ਹੈ। ਗੀਤਾਂ ਵਿੱਚ ਤਾਂ ਕਮਰਸ਼ੀਅਲਪੁਣੇ ਖ਼ਾਤਰ ਕਿਸਾਨਾਂ ਦਾ ਅਕਸ ਰੱਜੇ-ਪੁੱਜੇ ਸਰਦਾਰਾਂ ਰਾਹੀਂ ਕਾਇਮ ਕਰਕੇ ਆਪਣਾ ਬੁੱਤਾ ਸਾਰ ਲਿਆ ਜਾਂਦਾ ਹੈ ਪਰ ਏਸੇ ਮਸਲੇ ਨੂੰ ਥੀਮ ਲੈ ਕੇ ਇੱਕ ਫ਼ਿਲਮ ਦਾ ਨਿਰਮਾਣ ਸ਼ਲਾਘਾਯੋਗ ਉਪਰਾਲਾ ਹੈ।
ਫ਼ਿਲਮ ਦਾ ਨਾਮ ਬੇਸ਼ੱਕ ਪੂਰੇ ਪੰਜਾਬ ਦੀ ਕੋਈ ਗੱਲ ਕਰਨ ਦੀ ਹਾਮੀ ਭਰਦਾ ਹੈ ਪਰ ਅਸਲ ਵਿੱਚ ਫ਼ਿਲਮ 'ਅਸਲੀ ਪੰਜਾਬ' ਦਾ ਕੇਂਦਰੀ ਥੀਮ ਸਿਰਫ਼ ਕਿਸਾਨੀ ਖੁਦਕੁਸ਼ੀਆਂ ਨਾਲ ਜੁੜਿਆ ਹੈ। ਬਾਕੀ ਕਹਾਣੀ ਪੰਜਾਬ ਦੇ ਹੋਰ ਮੁੱਦਿਆਂ ਜਿਹਾ ਕਿ ਬੇਰੁਜ਼ਗਾਰੀ, ਅੱਯਾਸ਼ੀਪੁਣਾ ਅਤੇ ਨਸ਼ਿਆਂ ਵਿੱਚ ਗ਼ਲਤਾਨ ਹੋ ਰਹੀ ਨੌਜਵਾਨੀ ਦੀ ਗੱਲ ਕਰਦੀ ਨਜ਼ਰ ਆਉਂਦੀ ਹੈ। ਫ਼ਿਲਮ ਦੀ ਕਹਾਣੀ ਤਿੰਨ ਨੌਜਵਾਨਾਂ ਸੱਤੀ (ਧੀਰਜ ਕੁਮਾਰ), ਸ਼ੈਰੀ (ਜ਼ਫ਼ਰ ਖ਼ਾਨ) ਅਤੇ ਜੈਦ (ਦਵਿੰਦਰ ਬਰਾੜ) ਦੀਆਂ ਨਿੱਜੀ ਅਤੇ ਪਰਿਵਾਰਕ ਸਮੱਸਿਆਂਵਾਂ ਰਾਹੀਂ ਪੰਜਾਬ ਸੰਕਟ ਦੇ ਇੱਕ ਮਸਲੇ ਨੂੰ ਉਜਾਗਰ ਕਰਦੀ ਹੈ। ਸੱਤੀ ਮੱਧਵਰਗੀ ਪਰਿਵਾਰ ਵਿੱਚੋਂ ਹੈ ਜੋ ਐਕਟਿੰਗ ਲਈ ਘਰ ਛੱਡ ਕੇ ਚੰਡੀਗੜ੍ਹ ਪਹੁੰਚਦਾ ਹੈ, ਸ਼ੈਰੀ ਕਨੇਡੀਅਨ ਹੈ ਜੋ ਅਲੱਗ-ਅਲੱਗ ਕੁੜੀਆਂ ਨਾਲ ਫ਼ਲਅਰਟ ਕਰਨ ਨੂੰ ਜ਼ਿੰਦਗੀ ਦੇ ਨਜ਼ਾਰੇ ਸਮਝਦਾ ਹੈ ਅਤੇ ਜੈਦ ਆਪਣੇ ਪਿੰਡੋਂ ਆਈਅਲਸ ਕਰਨ ਚੰਡੀਗੜ੍ਹ ਆਇਆ ਹੈ ਤਾਂ ਜੋ ਪਾਸ ਹੋ ਕੇ ਬਾਹਰ ਜਾ ਸਕੇ। ਇਓਂ ਇਹ ਤਿੰਨੋਂ ਚੰਡੀਗੜ੍ਹ ਦੇ ਇੱਕ ਫ਼ਲੈਟ ਵਿੱਚ ਇਕੱਠੇ ਰਹਿੰਦੇ ਦਿਖਾਏ ਗਏ ਹਨ। ਸੱਤੀ ਆਪਣੇ ਐਕਟਿੰਗ ਦੇ ਜਨੂੰਨ ਲਈ ਕਈ ਥਾਂਈਂ ਮੱਥਾ ਮਾਰਦਾ ਹੈ ਅਤੇ ਅਸਫ਼ਲ ਰਹਿ ਕੇ ਵੀ ਯਤਨਸ਼ੀਲ ਰਹਿੰਦਾ ਹੈ। ਸ਼ੈਰੀ ਨਿੱਤ ਨਵੀਂ ਕੁੜੀ ਨਾਲ ਆਸ਼ਕੀਆਂ ਗੰਢਦਾ ਰੱਜੇ-ਪੁੱਜੇ ਘਰ ਦਾ ਮੁੰਡਾ ਹੈ ਜੋ ਕੁੜੀਆਂ ਨਾਲ ਟਾਇਮ ਪਾਸ ਕਰਦਾ ਦਿਖਾਇਆ ਗਿਆ ਹੈ। ਜੈਦ ਇਹਨਾਂ ਤਿੰਨਾਂ ਵਿੱਚੋਂ ਵੱਧ ਕਬੀਲਦਾਰ ਹੈ ਜੋ ਆਪਣੇ ਬਾਪੂ ਦਾ ਆਸਰਾ ਬਣਨ ਲਈ ਅਤੇ ਭੈਣ ਦੇ ਵਿਆਹ ਲਈ ਵਿਦੇਸ਼ ਜਾਣਾ ਚਾਹ ਰਿਹਾ ਹੈ।ਚੰਡੀਗੜ੍ਹ ਰਹਿੰਦਿਆਂ ਤਿੰਨੇ ਦੋਸਤ ਇੱਕ-ਦੂਜੇ ਦੇ ਸੁੱਖ-ਦੁੱਖ ਵਿੱਚ ਨਾਲ ਖਲੋਦੇ ਹਨ ਪਰ ਜੈਦ ਆਪਣੀਆਂ ਮਜਬੂਰੀਆਂ ਕਦੇ ਵੀ ਸਾਂਝੀਆਂ ਨਹੀਂ ਕਰ ਪਾਉਂਦਾ।
ਜੈਦ ਵੀ ਇੱਕ ਕੁੜੀ ਅਰਸ਼ ਨੂੰ ਪਸੰਦ ਕਰਦਾ ਹੈ ਪਰ ਉਹ ਉਸਦੀ ਸੱਚਾਈ ਤੋਂ ਅਣਜਾਣ ਹੈ ਕਿ ਅਰਸ਼ ਸਿਰੇ ਦੀ ਅੱਯਾਸ਼ ਅਤੇ ਮਤਲਬਪ੍ਰਸਤ ਕੁੜੀ ਹੈ। ਅਰਸ਼ ਆਪਣੇ ਮਾਪਿਆਂ ਨੂੰ ਬੇਵਕੂਫ਼ ਬਣਾ ਕੇ ਸ਼ਰਾਬਾਂ ਪੀਂਦੀ ਅਤੇ ਅੱਧੀ ਰਾਤ ਤੱਕ ਗ਼ੈਰ ਮਰਦਾਂ ਨਾਲ ਅਵਾਰਾ ਗਰਦੀ ਕਰਦੀ ਦਿਖਾਈ ਗਈ ਹੈ। ਸੱਚ ਤੋਂ ਅਣਜਾਣ ਜੈਦ ਅਰਸ਼ ਲਈ ਵਿਦੇਸ਼ ਜਾਣ ਅਤੇ ਵਿਆਹ ਕਰਵਾਉਣ ਦੇ ਮਨਸੂਬੇ ਬਣਾਉਂਦਾ ਹੈ। ਇਸਦੇ ਉਲਟ ਸਭ ਕੁਝ ਧਰਿਆ ਧਰਾਇਆ ਰਹਿ ਜਾਂਦਾ ਹੈ ਜਦ ਆਈਲਅਸ ਵਿੱਚੋਂ ਉਹ ਦੋਵੇਂ ਫ਼ੇਲ ਹੋ ਜਾਂਦੇ ਹਨ। ਫ਼ੇਲ ਹੋਣ ਦੀ ਗੱਲ ਉਹ ਸੱਤੀ ਤੇ ਸ਼ੈਰੀ ਦੋਵਾਂ ਨਾਲ ਹੀ ਨਹੀਂ ਕਰਦਾ ਅਤੇ ਚੁੱਪ-ਚਪੀਤੇ ਪਿੰਡ ਆ ਜਾਂਦਾ ਹੈ। ਆਈਲਅਸ ਵਿੱਚੋਂ ਫ਼ੇਲ ਹੋਣ ਕਾਰਨ ਉਸਨੂੰ 50 ਲੱਖ ਦੇ ਕੇ ਬਾਹਰ ਜਾਣ ਦਾ ਤਰੀਕਾ ਕੋਈ ਏਜੰਟ ਸੁਝਾ ਦਿੰਦਾ ਹੈ। ਅੱਗੋਂ ਜੈਦ ਆਪਣੇ ਬਾਪੂ ਕਰਤਾਰ ਸਿੰਘ (ਮਲਕੀਤ ਰੌਣੀ) ਨੂੰ ਪੰਜਾਹ ਲੱਖ ਲਈ ਜ਼ਮੀਨ ਵੇਚ ਦੇਣ ਲਈ ਮਜਬੂਰ ਕਰਦਾ ਹੈ। ਕਰਤਾਰ ਸਿੰਘ ਜੈਦ ਨੂੰ ਸਮਝਾਉਂਦਾ ਹੈ ਕਿ ਉਹ ਕਿਸੇ ਏਜੰਟ ਦੇ ਧੱਕੇ ਨਾ ਚੜ੍ਹੇ ਤੇ ਪੁਰਖਿਆਂ ਦੀ ਜ਼ਮੀਨ ਨਾ ਵੇਚੇ ਪਰ ਜੈਦ ਬਾਪੂ ਨੂੰ ਪੁੱਤਰ ਮੋਹ 'ਚ ਉਕਸਾ ਕੇ ਜ਼ਮੀਨ ਵਿਕਵਾ ਲੈਂਦਾ ਹੈ।
ਏਧਰ ਸੱਤੀ ਦੀਆਂ ਕੋਸ਼ਿਸ਼ਾਂ ਨੂੰ ਵੀ ਬੂਰ ਪੈਂਦਾ ਹੈ ਤੇ ਉਹ ਇੱਕ ਫ਼ਿਲਮ ਲਈ ਐਕਟਰ ਵਜੋਂ ਚੁਣਿਆ ਜਾਂਦਾ ਹੈ। ਸ਼ੈਰੀ ਵੀ ਅਵਾਰਾਗਰਦੀ ਛੱਡ ਕੇ ਅਨੰਤ (ਗੁਰਪ੍ਰੀਤ ਵਿਰਕ) ਨਾਲ ਵਿਆਹ ਕਰਵਾ ਲੈਂਦਾ ਹੈ। ਕੁਝ ਹਫ਼ਤਿਆਂ ਦੀ ਉਡੀਕ ਬਾਅਦ ਸ਼ੈਰੀ ਦੇ ਵਿਆਹ ਵਾਲੇ ਦਿਨ ਜੈਦ ਨੂੰ ਪਤਾ ਲੱਗਦਾ ਹੈ ਕਿ ਏਜੰਟ ਉਸਦੇ ਪੈਸੇ ਲੈ ਕੇ ਭੱਜ ਗਿਆ ਹੈ। ਉੱਦਰ ਸੱਤੀ ਸ਼ੂਟਿੰਗ 'ਚ, ਸ਼ੈਰੀ ਵਿਆਹ ਵਿੱੱਚ ਅਤੇ ਅਰਸ਼ ਅੱਯਾਸ਼ੀਆਂ ਵਿੱਚ ਰੁੱਝੀ ਹੋਣ ਕਾਰਨ ਉਸਦਾ ਫ਼ੋਨ ਨਹੀਂ ਚੁੱਕਦੀ। ਆਖਿਰ ਅੰਦਰੋਂ ਟੁੱਟੇ ਜੈਦ ਕੋਲ ਪਿੰਡ ਮੁੜਨ ਤੋਂ ਬਿਨ੍ਹਾਂ ਹੁਣ ਕੋਈ ਹੱੱਲ ਨਹੀਂ ਹੁੰਦਾ। ਏਥੇ ਵੀ ਜੈਦ ਅਤੇ ਉਸਦੇ ਬਾਪੂ ਕਰਤਾਰ ਨੂੰ ਕਰਜ਼ਾ ਚੁੱਕੇ ਪੈਸਿਆਂ ਲਈ ਪੰਚਾਇਤ ਵਿੱਚ ਬੁਲਾਇਆ ਜਾਂਦਾ ਹੈ ਅਤੇ ਪੈਸੇ ਨਾ ਮੋੜਨ ਦੀ ਅਸਮੱਰਥਤਾ ਦੇਖਦਿਆਂ ਫ਼ੈਸਲੇ ਵਜੋਂ ਇਹਨਾਂ ਨੂੰ ਨਿਹਾਲ ਸਿੰਘ ਦੇ ਖੇਤਾਂ ਵਿੱਚ ਕੰਮ ਕਰਨਾ ਪੈਂਦਾ ਹੈ। ਏਸ ਬੇਇੱਜ਼ਤੀ ਨੂੰ ਨਾ ਝੱਲਦਿਆਂ ਅੱਕ ਕੇ ਕਰਤਾਰ ਸਿੰਘ ਫ਼ਾਹਾ ਲੈ ਕੇ ਮਰ ਜਾਂਦਾ ਹੈ।
ਪਿਓ ਦੇ ਮਰਨ ਤੋਂ ਬਾਅਦ ਉਹ ਕਰਜ਼ਾ ਚੁਕਾਉਣ ਲਈ ਜੈਦ ਨੂੰ ਨਿਹਾਲ ਸਿੰਘ ਦੇ ਘਰ ਸੀਰੀ ਰਲਣਾ ਪੈਂਦਾ ਹੈ। ਉੱਧਰ ਸ਼ੈਰੀ ਨੂੰ ਟੀ.ਵੀ ਤੋਂ ਜੈਦ ਦੇ ਬਾਪੂ ਦੀ ਖੁਦਕੁਸ਼ੀ ਦਾ ਪਤਾ ਲੱਗਦਾ ਹੈ ਅਤੇ ਉਹ ਸੱਤੀ ਨੂੰ ਲੈ ਕੇ (ਜੋ ਸਟਾਰ ਬਣ ਜਾਂਦਾ ਹੈ) ਨੂੰ ਜੈਦ ਦੇ ਪਿੰਡ ਮੁੜਦੇ ਹਨ। ਦੋਸਤ ਹੋਣ ਦਾ ਫ਼ਰਜ਼ ਨਿਭਾਉਂਦਿਆਂ ਉਹ ਸਾਰਾ ਕਰਜ਼ਾ ਆਪ ਚੁਕਾ ਦੇਂਦੇ ਹਨ ਅਤੇ ਪ੍ਰਣ ਕਰਦੇ ਹਨ ਕਿ ਹੁਣ ਕੋਈ ਵੀ ਕਿਸਾਨ ਖੇਤੀ ਸੰਕਟ ਨਾਲ ਨਹੀਂ ਮਰਨ ਦੇਣਾ। ਏਸ ਕੋਸ਼ਿਸ਼ ਹਿਤ ਉਹ ਤਿੰਨੋਂ ਮਿਲ ਕੇ ਵਿਦਿਆਰਥੀ, ਬੇਰੁਜ਼ਗਾਰ ਅਤੇ ਕਿਸਾਨ ਯੂਨੀਅਨਾਂ ਨੂੰ ਇੱਕ ਕਰਦੇ ਹਨ ਅਤੇ ਦਾਨ ਰਾਹੀਂ ਇਕੱਠੀ ਹੋਈ ਰਕਮ ਨੂੰ ਲੋੜਵੰਦਾਂ ਵਿੱਚ ਵੰਡਣ ਲਈ ਮੁਹਿੰੰਮ ਵਿੱਢਦੀ ਹੋਈ ਕਹਾਣੀ ਫ਼ਿਲਮ ਦੀ ਸਮਾਪਤੀ ਵੱਲ ਵਧਦੀ ਹੈ।
ਫ਼ਿਲਮ ਦਾ ਥੀਮ ਨਿੱਕੇ-ਨਿੱਕੇ ਮੁੱਦਿਆਂ ਤੇ ਨਜ਼ਰਸਾਨੀ ਕਰਾਉਂਦਾ ਪੰਜਾਬੀਆਂ ਨੂੰ ਵੱਡੇ ਸੰਕਟ ਤੋਂ ਅਗਾਹ ਕਰਨ ਦਾ ਕੰਮ ਕਰਦਾ ਹੈ। ਅਰਸ਼ ਵਰਗੀ ਕੁੜੀ ਉਹਨਾਂ ਸਾਰੀਆਂ ਪੰਜਾਬੀ ਕੁੜੀਆਂ ਦੀ ਉਦਾਹਰਨ ਹੈ ਜੋ ਮਾਪਿਆਂ ਦੇ ਅੱਖੀਂ ਘੱਟਾ ਪਾ ਕੇ ਪੜ੍ਹਾਈ ਦੇ ਨਾਮ ਤੇ ਘਰੋਂ ਬਾਹਰ ਅੱਯਾਸ਼ੀ ਕਰਦੀਆਂ ਨੇ। ਬੇਸ਼ੱਕ ਇਹ ਗਿਣਤੀ ਥੋੜ੍ਹੀ ਹੀ ਹੋਵੇ ਪਰ ਪੰਜਾਬ ਲਈ ਵੱਡਾ ਖ਼ਤਰਾ ਹੀ ਹੈ। ਸੱਤੀ ਦਾ ਕਿਰਦਾਰ ਉਹਨਾਂ ਮੁੰਡਿਆਂ ਦੀ ਗੱਲ ਕਰਦਾ ਹੈ ਜੋ ਨੌਕਰੀਆਂ ਤੋਂ ਆਸਹੀਣ ਆਪਣੇ ਸੁਪਨੇ ਪੂਰਨ ਲਈ ਯਤਨਸ਼ੀਲ ਨੇ। ਏਸੇ ਤਰ੍ਹਾਂ ਸ਼ੈਰੀ ਦੇ ਕਿਰਦਾਰ ਰਾਹੀਂ ਨਿਰਦੇਸ਼ਕ ਨੇ ਵਿਅਕਤ ਕਰਵਾਇਆ ਹੈ ਕਿ ਕਿਵੇਂ ਅੱਜ ਦੇ ਮੁੰਡੇ- ਕੁੜੀਆਂ ਲਈ ਰਿਸ਼ਤੇ ਇੱਕ ਦੂਜੇ ਲਈ ਜਿਸਮਾਨੀ ਸਾਂਝ ਹੀ ਹੋ ਨਿੱਬੜੇ ਨੇ। ਕੁੰਡਲੀ ਮਿਲਾਉਣ ਵੇਲੇ ਫ਼ੇਸਬੁੱਕ ਚੈੱਕ ਕਰਨ ਦਾ ਕੰਸੈਪਟ ਭਾਂਵੇਂ ਪਹਿਲੀ ਨਜ਼ਰੇ ਕਾਮੇਡੀ ਸੀਨ ਹੀ ਲੱਗਦਾ ਹੈ ਪਰ ਵੱਡੀ ਗੱਲ ਹੈ ਕਿ ਅਸੀਂ ਸੋਸ਼ਲ-ਮੀਡੀਆ ਦਾ ਕੀ ਇਸਤੇਮਾਲ ਕਰ ਰਹੇ ਹਾਂ?? ਜੈਦ ਵਰਗਾ ਨੌਜਵਾਨ ਉਹਨਾਂ ਮੁੰਡਿਆਂ ਦੀ ਉਦਾਹਰਨ ਬਣ ਕੇ ਉੱਭਰਦਾ ਹੈ ਜੋ ਕਿਸੇ ਵੀ ਕੀਮਤ ਤੇ ਵਿਦੇਸ਼ ਜਾਣ ਲਈ ਲੱਗੇ ਹੋਏ ਨੇ। ਅੰਜ਼ਾਮ ਭਾਵੇਂ ਕੁਝ ਹੋ ਜਾਵੇ ਪਰ ਉਹ ਘਰਦਿਆਂ ਦੀ ਇੱਕ ਨਹੀਂ ਸੁਣਦੇ ਤੇ ਡਾਲਰਾਂ ਦੀ ਲਾਲਸਾ ਉਹਨਾਂ ਨੂੰ ਪੰਜਾਬ ਤੋਂ ਅਤੇ ਉਹਨਾਂ ਦੇ ਮਾਪਿਆਂ ਨੂੰ ਪੁਰਖਿਆਂ ਦੀ ਜ਼ਾਇਦਾਦ ਤੋਂ ਵੀ ਵਾਂਝੀ ਕਰ ਦਿੰਦੀ ਹੈ।
ਏਸੇ ਤਰਾਂ੍ਹ ਇੱਕ ਹੋਰ ਕੰਸੈਪਟ ਬਹੁਤ ਸੰਜੀਦਗੀ ਨਾਲ ਫ਼ਿਲਮ ਵਿੱਚੋਂ ਪੇਸ਼ ਹੋਇਆ ਹੈ ਜਦੋਂ ਜੈਦ ਦੱਸਦਾ ਹੈ ਕਿ ਤਿੰਨ ਕਰੋੜ ਗਿਣਤੀ ਵਾਲੇ ਪੰਜਾਬ ਦਾ ਤਿੰਨ ਸੌ ਕਰੋੜ ਦਾ ਕਰਜ਼ਾ ਇੱਕ ਮਹੀਨੇ ਵਿੱਚ ਹੀ ਲੱਥ ਜਾਵੇ ਜੇ ਸਾਰੇ ਜਾਣੇ ਮਿਲ ਕੇ ਕਿਸਾਨ ਲਈ ਸੌ ਰੁਪਏ ਵੀ ਦਾਨ ਕਰਨ। ਅਸਲ ਦੇ ਵਿੱਚ ਇਹ ਫ਼ਿਲਮ ਏਸ ਗੱਲ ਨਾਲ ਸਾਨੂੰ ਇੱਕ ਸਮੱਸਿਆ ਉਜਾਗਰ ਕਰਨ ਦੇ ਨਾਲ-ਨਾਲ ਉਸਦੇ ਹੱਲ ਨੂੰ ਸੁਝਾਉਂਦੀ ਵੀ ਲੱਗਦੀ ਹੈ। ਵਾਕਈ ਇਹ ਗੱਲ ਕਿੰਨੀ ਛੋਟੀ ਹੈ ਜੋ ਅਸੀਂ ਸਮਝਣਾ ਨਹੀਂ ਚਾਹੁੰਦੇ ਕਿ ਸਾਡੀ ਭਾਈਚਾਰਕ ਸਾਂਝ ਹੀ ਸਾਨੂੰ ਜਿਤਾ ਸਕਦੀ ਹੈ। ਇਸਦੇ ਉਲਟ ਅਸੀਂ ਆਪ ਸਵਾਰਥੀਪੁਣੇ ਵਿੱਚ ਅੜੇ ਕਿਸਾਨਾਂ ਦੀਆਂ ਮੌਤਾਂ ਦੇਖ, ਸੁਣ ਅਤੇ ਅਖ਼ਬਾਰਾਂ ਵਿੱਚੋਂ ਪੜ੍ਹ ਰਹੇ ਹਾਂ।ਫ਼ਿਲਮ ਦੀ ਕਹਾਣੀ ਦੱਸਦੀ ਹੈ ਕਿ ਅਸੀਂ ਚਾਹੀਏ ਤਾਂ ਪੰਜਾਬ ਨੂੰ ਕਰਜ਼ਾ ਮੁਕਤ ਕਰ ਸਕਦੇ ਹਾਂ ਜਿਸ ਲਈ ਲੋੜ ਹੈ ਸਿਰਫ਼ ਤੇ ਸਿਰਫ਼ ਇਕੱਠੇ ਹੋਣ ਦੀ। ਇਉਂ ਬਹੁਤ ਹੀ ਸੇਧਮਈ ਢੰਗ ਨਾਲ ਇਹ ਫ਼ਿਲਮ ਦਰਸ਼ਕਾਂ ਨੂੰ ਸੁਨੇਹਾ ਦਿੰਦੀ ਹੈ ਕਿ ਖੁਦਕੁਸ਼ੀਆਂ ਕਿਸੇ ਮਸਲੇ ਦਾ ਹੱਲ ਨਹੀਂ, ਜ਼ਿੰਦਗੀ ਨੂੰ ਜਿਉਣਾ ਅਤੇ ਜਿਉਣ ਲਈ ਜਿਉਣ ਵਰਗੀ ਬਣਾਉਣਾ ਪੈਂਦਾ ਹੈ। ਸਿੱਟਾ ਕੱਢਦਿਆਂ ਕਿਹਾ ਜਾ ਸਕਦਾ ਹੈ ਕਿ ਇਹ ਫ਼ਿਲਮ ਆਪਣੇ ਥੀਮ ਨੂੰ ਪ੍ਰਗਟਾਉਂਦੀ ਚੰਗੀ ਨਿਭੀ ਹੈ। ਪੰਜਾਬੀਆਂ ਨੂੰ ਪੰਜਾਬ ਦੀ ਅਸਲੀਅਤ ਦਿਖਾਉਣ ਦੀ ਚੋਖੀ ਲੋੜ ਹੈ। ਏਸ ਪਾਸੇ ਵੱਲ ਨਿਰਦੇਸ਼ਕ ਦਵਿੰਦਰ ਬਰਾੜ ਦੀ ਏਹ ਨਿੱਕੀ ਕੋਸ਼ਿਸ਼ ਸ਼ਲਾਘਾਯੋਗ ਹੈ।
ਤਕਨੀਕੀ ਪੱਖੋਂ ਏਸ ਫ਼ਿਲਮ ਵਿੱਚ ਕਾਫ਼ੀ ਊਣਤਾਈਆਂ ਨਜ਼ਰ ਆਉਂਦੀਆਂ ਨੇ। ਕੈਮਰਾ ਵਰਕ ਅਤੇ ਦ੍ਰਿਸਕਾਰੀ ਕਾਫ਼ੀ ਹਲਕੇ ਪੱਧਰ ਦੀ ਹੈ ਅਤੇ ਕਈ ਦ੍ਰਿਸ਼ਾਂ ਵਿੱਚ ਤਾਂ ਐਕਟਿੰਗ ਸੰਬੰਧੀ ਵੀ ਵੱਡੀਆਂ ਖਾਮੀਆਂ ਹਨ। ਜ਼ਫ਼ਰ ਖ਼ਾਨ, ਧੀਰਜ ਕੁਮਾਰ ਅਤੇ ਮਲਕੀਤ ਰੌਣੀ ਦਾ ਕੰੰਮ ਕਾਫ਼ੀ ਸਲਾਹੁਣਯੋਗ ਹੈ ਪਰ ਫ਼ੀਮੇਲ ਐਕਟਰੈੱਸ ਜ਼ਿਆਦਾਤਰ ਕੰਮ ਸਾਰਨ ਦੀ ਨਿਆਈਂ ਹੀ ਜਾਪੀਆਂ। ਪਹਿਲਾਂ ਇਹ ਫ਼ਿਲਮ ਸਤੰਬਰ 2016 ਵਿੱਚ ਰਿਲੀਜ਼ ਹੋਣੀ ਸੀ ਪਰ ਕੁਝ ਦ੍ਰਿਸ਼ਾਂ ਉੱਪਰ ਏਤਰਾਜ਼ ਹੋਣ ਕਰਕੇ ਏਹ ਅਗਲੀਆਂ ਤਰੀਕਾਂ ਲਈ ਸੈਂਸਰ ਬੋਰਡ ਵੱਲੋਂ ਰੋਕੀ ਗਈ ਸੀ।
ਸੈਂਸਰ ਕੈਂਚੀ ਤੋਂ ਬਾਅਦ ਇੱਕ ਘੰਟਾ ਅਠਵੰਜਾ ਮਿੰਟ ਦੀ ਏਸ ਫ਼ਿਲਮ ਵਿੱਚ ਨਿਰਦੇਸ਼ਕ ਨੇ ਕਈ ਸੁਨੇਹੇ ਦਰਸ਼ਕਾਂ ਨੂੰ ਦੇਣ ਦੀ ਵਧੀਆ ਕੋਸ਼ਿਸ਼ ਕੀਤੀ ਹੈ। ਇਸਦੇ ਉਲਟ ਸਧਾਰਨ ਸਟਾਰ ਕਾਸਟ, ਘੱਟ ਬਜਟ ਅਤੇ ਨਾਨ ਕਮਰਸ਼ੀਅਲ ਹੋਣ ਕਰਕੇ ਏਸ ਫ਼ਿਲਮ ਨੂੰ ਸਿਨਮਿਆਂ ਵਿੱਚ ਬਹੁਤੀ ਤਵੱਜੋ ਨਹੀਂ ਮਿਲੀ। ਪਰ ਅਜਿਹੇ ਵਿਸ਼ਿਆਂ ਤੇ ਫ਼ਿਲਮਾਂ ਬਣਨੀਆਂ ਜ਼ਰੂ੍ਰਰੀ ਹਨ ਅਤੇ ਦਰਸ਼ਕਾਂ ਨੂੰ ਵੀ ਇਹਨਾਂ ਪ੍ਰਤੀ ਧਿਆਨ ਦੇਣਾ ਬਣਦਾ ਹੈ। ਆਸ ਹੈ ਕੋਈ ਹੋਰ ਉਪਰਾਲਾ ਵੀ ਏਸ ਲੜੀ ਨੂੰ ਨਿਵੇਕਲੇ ਢੰਗ ਨਾਲ ਤੋਰਨ ਵਿੱਚ ਯਤਨਸ਼ੀਲ ਹੋਵੇਗਾ।
ਖੁਸ਼ਮਿੰਦਰ ਕੌਰ
ਖੋਜਨਿਗ਼ਾਰ ਪੰਜਾਬੀ ਸਿਨਮਾ,
ਪੰਜਾਬੀ ਯੂਨੀਵਰਸਿਟੀ ਪਟਿਆਲਾ
ਰਾਬਤਾ:-98788-89217
-
ਖੁਸ਼ਮਿੰਦਰ ਕੌਰ, ਖੋਜਨਿਗ਼ਾਰ ਪੰਜਾਬੀ ਸਿਨਮਾ
khushminderludhiana@gmail.com
98788-89217
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.