ਖ਼ਬਰ ਹੈ ਕਿ ਦਿਲੀ ਰਾਜੌਰੀ ਗਾਰਡਨ ਜ਼ਿਮਨੀ ਚੋਣ ਦੀ ਹਾਰ ਕਬੂਲਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ “ਨਤੀਜਾ ਕਾਫੀ ਖਰਾਬ ਰਿਹਾ ਅਤੇ ਪਾਰਟੀ ਦਾ ਉਮੀਦਵਾਰ ਤੀਜੇ ਨੰਬਰ ਤੇ ਰਿਹਾ”। ਉਨ੍ਹਾਂ ਕਿਹਾ ਕਿ ਜਦੋਂ ਉਹ ਚੋਣ ਪ੍ਰਚਾਰ ਕਰ ਰਹੇ ਸਨ ਤਾਂ ਲੋਕਾਂ ਦਾ ਗੁੱਸਾ ਸਾਹਮਣੇ ਆ ਰਿਹਾ ਸੀ ਤੇ ਲੋਕ ਕਾਫੀ ਨਾਰਾਜ਼ ਸਨ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜਰਨੈਲ ਸਿੰਘ ਦਾ ਵਿਚਾਲੇ ਛੱਡ ਕੇ ਚਲੇ ਜਾਣ ਦਾ ਖਾਸਾ ਨੁਕਸਾਨ ਹੋਇਆ ਹੈ।
ਲੋਕਾਂ ਨੂੰ ਸੁਫਨੇ ਦਿਖਾਉਣਾ ਨੇਤਾਵਾਂ ਦਾ ਕਰੱਤਬ ਹੈ। ਸੁਫਨੇ ਦਿਖਾਏ, ਮੁੜ ਘੁਰਨੇ ਵਿੱਚ ਵੜ ਗਏ। ਲੋਕਾਂ ਨੂੰ ਭਰਮਾਇਆ, ਆਪਣੇ ਬੰਦੇ ਜਿਤਾਏ, ਗੋਟੀਆਂ ਖੇਡੀਆਂ ਤੇ ਫਿਰ ਮੌਜਾਂ ਕਰਨ ਲਈ, ਆਰਾਮ ਫੁਰਮਾਉਣ ਲਈ, ਨਿੱਤ ਨਵੀਆਂ ਵਿਉਤਾਂ ਘੜਨ ਲਈ, ਏ.ਸੀ ਰੂਮਾਂ ‘ਚ ਜਾ ਵਿਰਾਜੇ।“ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ” ਲੇਕਿਨ ਕੰਮ ਕਰਨੇ, ਬੜੇ ਔਖੇ। ਲੋਕਾਂ ਨੂੰ ਭਾਈ ਕੰਮ ਨਹੀਂ ਚੰਮ ਪਿਆਰਾ ਆ। ਜਿਹੜਾ ਉਹਦੇ ਕੰਮ ਕਰੂ, ਜੱਸ ਖੱਟੂ। ਨਹੀਂ ਤਾਂ ਉਂਜ ਹੀ ਹੋਊ ਕਿ ਜਿਵੇਂ ਕਾਂਗਰਸ ਨਾਲ ਦੇਸ਼ ‘ਚ ਹੋਈ, ਜਿਵੇਂ ਦਿੱਲੀ ‘ਚ ਭਾਜਪਾ ਨਾਲ ਹੋਈ, ਜਿਵੇਂ ਬਿਹਾਰ ‘ਚ ਮੋਦੀ ਨਾਲ ਹੋਈ, ਜਿਵੇਂ ਪੰਜਾਬ ‘ਚ ਬਾਦਲਾਂ ਨਾਲ ਹੋਈ! ਲੋਕ ਮਾਂਜਾ ਫੇਰ ਦਿੰਦੇ ਆ। ਜਿਹੜਾ ਝਾੜੂ ਦਿਲੀ ਚੱਲਿਆ, ਭਾਜਪਾ ਦੀ ਸਫਾਈ ਲਈ, ਉਹੀ ਝਾੜੂ ਕੇਜਰੀਵਾਲ ਲਈ ਪੁੱਠਾ ਪੈ ਗਿਆ। ਤੇ ਪੰਜਾਬ ‘ਚ 100 ਸੀਟਾਂ ਜਿੱਤਦਾ 20 ਸੀਟਾਂ ਤੇ ਆ ਖੜਿਆ।
ਉਂਜ ਭਾਈ ਕੇਜਰੀਵਾਲ! ਕੁਮਾਰ ਵਿਸ਼ਵਾਸ ਤੈਥੋਂ ਬਹੁਤ ਸਵਾਲ ਪੁੱਛਦਾ ਆ। ਤੇਰਾ ਗੁਰੂ ਅੰਨਾ ਹਜ਼ਾਰੇ ਤੈਨੂੰ ਭਿ੍ਰਸ਼ਟ ਆਖਣ ਲੱਗ ਪਿਆ। ਲੋਕਾਂ ਦੇ ਪੈਸਿਆਂ ਉਤੇ ਮੌਜਾਂ ਉਡਾਉਣ ਵਾਲੇ ਨੇਤਾਵਾਂ ਦੀ ਦੇਸ਼ ‘ਚ ਪਹਿਲਾਂ ਕਿਹੜੀ ਕਮੀ ਸੀ, ਤੇਰਾ ਆਉਣਾ ਤਾਂ ਇਮਾਨਦਾਰ ਸਿਆਸਤ ਦੀ ਬਾਤ ਪਾਉਣਾ ਸੀ, ਤਦੇ ਕਦੇ ਦਿਲੀ, ਕਦੇ ਪੰਜਾਬ ਦੇ ਲੋਕ ਤੇਰੇ ਮਗਰ ਵਹੀਰਾਂ ਘੱਤੀ ਤੁਰ ਪਏ! ਆ ਦੇਖਿਆ, ਨਾ ਤਾ! ਘਰ ਦੇਖਿਆ, ਨਾ ਬਾਰ! ਨਾ ਪੈਸਾ ਦੇਖਿਆ, ਨਾ ਨੌਕਰੀ। ਤੇਰੇ ਮਗਰ ਚੱਲ ਸੋ ਚੱਲ! ਪਰ ਹੁਣ ਕਿਉਂ ਤੇਰੇ ਵਾਰਿਸ ਪੁੱਛਦੇ ਨੇ ਮੈਨੂੰ, ਕਿ ਚੋਲੀ ਦੇ ਪਿੱਛੇ ਕੀ ਆ? ਦੂਸਰਾ ਮੋਦੀ ?
ਕਣਕਾਂ ਨੇ ਹੈ ਭਾਰ ਘਟਾਉਣਾ ਕਰਜ਼ੇ ਦਾ?
ਖ਼ਬਰ ਹੈ ਕਿ ਪੰਜਾਬ ਵਿਚ ਸਾਲ 2010 ਤੱਕ 6926 ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀ ਕਰ ਚੁੱਕੇ ਸਨ। 2010 ਤੋਂ 2017 ਤੱਕ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ‘ਚ ਕਮੀ ਨਹੀਂ ਹੋਈ। ਇਸਦਾ ਮੁੱਖ ਕਾਰਨ ਕਿਸਾਨਾਂ ਜੁੰਮੇ ਕਰਜ਼ਾ ਹੈ। ਪੰਜਾਬ ਸੂਬੇ ਉਤੇ ਕੁਲ ਕਰਜ਼ਾ 1.32 ਲੱਖ ਕਰੋੜ ਹੈ, ਜਿਸ ਵਿਚ ਕਿਸਾਨ ਦੇ ਜੰਮੇ 80 ਹਜ਼ਾਰ ਕਰੋੜ ਦਾ ਕਰਜ਼ਾ ਹੈ ਭਾਵ ਹਰ ਕਿਸਾਨ ਦੇ ਹਿੱਸੇ 8 ਲੱਖ ਰੁਪਏ ਕਰਜ਼ੇ ਦਾ ਹਿੱਸਾ ਹੈ। ਕਿਸਾਨਾਂ ਨੇ 24 ਹਜ਼ਾਰ ਕਰੋੜ ਆੜ੍ਹਤੀਆਂ ਤੋਂ ਵੀ ਕਰਜ਼ਾ ਲਿਆ ਹੋਇਆ ਹੈ।
ਕਿਸਾਨ ਕਣਕ ਮੰਡੀ ਸੁੱਟ ਘਰਾਂ ਨੂੰ ਮੁੜ ਤੁਰਦੇ ਆ, ਕਣਕ ਕਿਹੜਾ ਉਨ੍ਹਾਂ ਦੀ ਆਪਣੀ ਆ? ਉਨ੍ਹਾਂ ਪਾਲੀ। ਉਨ੍ਹਾਂ ਪੋਸੀ। ਜਾਨਵਰਾਂ ਤੋਂ ਬਚਾਈ। ਉਨ੍ਹਾਂ ਵੱਢੀ! ਮੁੜ ਮੰਡੀ ਲਿਆ ਸੁੱਟੀ। ਕਣਕ ਦੇ ਮਾਲਕ ਆਏ ਜਾਨਵਰਾਂ ਤੋਂ ਵੀ ਭੈੜੇ ਸੂਦ ਖੋਰ! ਉਨ੍ਹਾਂ ਅੱਧ ਸੁਆਹ ਕੀਤਾ। ਆਪਣੀ ਝੋਲੀ ਭਰੀ। ਮੁਸਕਰਾਏ! ਉਹ ਗਏ, ਬਸ ਔਹ ਗਏ। ਕਿਸਾਨਾਂ ਦੇ ਕਰਜ਼ੇ ਉਤੇ ਲੀਕ ਫਿਰ ਵੀ ਨਾ ਵੱਜੀ! ਵਹੀ ਖਾਤਾ ਮੁੜ ਲਿਖਿਆ ਗਿਆ।ਕਿਧਰੇ ਅੰਗੂਠਾ ਲੱਗਾ, ਕਿਧਰੇ ਦਸਤਖਤ ਹੋਏ। ਕਰਜ਼ਾ ਮੁੜ ਨਵਿਆਇਆ ਗਿਆ। ਪੰਜਾਬ ‘ਬਾਬੇ’, ਦੀ ਦਾੜੀ ਨਾਲੋਂ ਮੁੱਛਾਂ ਵੱਡੀਆਂ ਹੋਣ ਵਾਲੇ ਕਰਜ਼ੇ ਵਾਂਗਰ।
ਉਹ ਬਾਈ, ਜਦ ‘ਬਾਬਾ’ ਵਾਲ-ਵਾਲ ਕਰਜ਼ੇ ਨਾਲ ਵਿੰਨਿਆ ਪਿਆ। ਉਹਦੇ ਕਾਲੇ ਸ਼ਾਹ ਵਾਲ ਕਰਜ਼ਾ ਉਤਾਰਦਿਆਂ ਚਿੱਟੇ ਹੋ ਗਏ ਆ, ਤਾਂ ਪੋਤੇ ਦਾ ਵੀ ਇਹੋ ਹਾਲ ਹੋਣਾ! ਲੱਖ, ਉਹ ਮੁੱਛਾਂ ਨੂੰ ਤੇਲ ਲਾਵੇ। ਲੱਖ, ਉਹ ਪੋਚਵੀਂ ਪੱਗ ਬੰਨੇ! ਲੱਖ ਉਹ ਖੁੰਡਾਂ ‘ਤੇ ਬੈਠ ਗੱਪਾਂ ਮਾਰੇ! ਫਿਰ ਭਾਈ ਅੰਦਰੋਂ ਤਾਂ ਉਹ ਮਸੋਸਿਆ ਪਿਆ।“ਚੁੱਕ ਤੰਗਲੀ ਨਸੀਬਾਂ ਨੂੰ ਫਰੋਲੀਏ”, ਬੋਲ ਉਹਦੇ ਮੂੰਹੋ ਹਾਉਕਾ ਭਰਕੇ ਹੀ ਨਿਕਲਦੇ ਆ। ਵੇਖੋ ਨਾ। ਚੋਣਾਂ ‘ਚ ਯੂ.ਪੀ. ਬੈਠਾ ਮੋਦੀ ਆਂਹਦਾ ਸੀ, ਅਖੇ ਕਿਸਾਨਾਂ ਦੇ ਕਰਜ਼ੇ ਮਾਫ ਕਰਦੂੰਗਾ, ਦਿੱਲੀ ਜਾ ਮੁੱਕਰ ਗਿਆ ਉਸ ਆੜ੍ਹਤੀਏ ਵਾਂਗਰ, ਜਿਹੜਾ ਆਂਹਦਾ ਸੀ, ਕੋਈ ਨਾ ਭਾਈ ਲੈ ਕਰਜ਼ਾ, ਵਿਆਹ-ਸੁਦ ਤੇ ਵਿਆਜ ਘੱਟ ਕਰ ਦੂੰਗਾ। ਕੈਪਟਨ ਆਂਹਦਾ ਸੀ, ਆ ਲੈਣ ਦਉ ਮੈਨੂੰ ਗੱਦੀ ਤੇ, ਆਉਂਦਾ ਹੀ ਲੀਕ ਫੇਰ ਦਊਂਗਾ। ਗੱਦੀ ਹੀ ਭੇੜੀ ਆ। ਕਰਜ਼ਾ ਮੁਆਫ ਕਰਨ ਦੀ ਥਾਂ ਊਠ ਦਾ ਬੁਲ ਲਮਕਾ ਦਿਤਾ। ਕਮੇਟੀ ਬਠਾ ਤੀ ਕਰਜ਼ਾ ਮੁਆਫ ਕਰਨ ਵਾਲੀ! ਜਦ ਰਾਜੇ ਹੀ ਸ਼ੋਹਦੇ ਆ, ਮੁਕਰਨ ਵਾਲੇ, ਤਾਂ ਵਿਚਾਰੀ ਕਣਕ ਕਰਜ਼ੇ ਦਾ ਭਾਰ ਕਿਵੇਂ ਝੱਲੂ ਜੀਹਨੇ ਮੌਸਮ ਦੀ ਮਾਰ ਵੀ ਝੱਲੀ, ਘੱਟ ਸੇਂਜੇ ਦੀ ਵੀ, ਕੌੜੀਆਂ ਕੁਸੈਲੀਆਂ ਦੁਆਈਆਂ ਦੀ ਵੀ ਤੇ ਸ਼ਾਹ ਦੀ ਗੰਦੀ ਨਜ਼ਰ ਦੀ ਵੀ।
ਚੌਮੁਖੀਏ ਦੀਵੇ ਦੀ ਨਹੀਂ, ਸੂਰਜਾਂ ਦੀ ਲੋੜ ਹੈ
ਖ਼ਬਰ ਹੈ ਕਿ ਦੇਸ਼ ਦੇ ਲਗਭਗ 8 ਲੱਖ ਅਧਿਆਪਕਾਂ ਨੂੰ ਅਗਲੇ ਢਾਈ ਵਰ੍ਹਿਆਂ ਵਿਚ “ਪੜਾਉਣ ਦੀ ਪੜ੍ਹਾਈ” ਦਾ ਨਾ ਕੇਵਲ ਕੋਰਸ ਹੀ ਕਰਨਾ ਪਵੇਗਾ ਸਗੋਂ ਉਨ੍ਹਾਂ ਨੂੰ ਉਸ ਵਿਚੋਂ ਪਾਸ ਵੀ ਹੋਣਾ ਪਵੇਗਾ। ਇਹ ਸਾਰੇ ਇਹੋ ਜਿਹੇ ਅਧਿਆਪਕ ਹਨ ਜਿਨ੍ਹਾਂ ਨੂੰ ਵੱਖੋ ਵੱਖਰੀਆਂ ਸਰਕਾਰਾਂ ਨੇ ਬਿਨਾਂ ਬੀ.ਐਡ. ਦੇ ਹੀ ਸਕੂਲਾਂ ਵਿਚ ਪੜਾਉਣ ਲਈ ਨਿਯੱੁਕਤ ਕੀਤਾ ਹੋਇਆ ਹੈ। ਦੇਸ਼ ਦੇ ਇਨ੍ਹਾਂ ਅੱਠ ਲੱਖ ਅਧਿਆਪਕਾਂ ਨੂੰ ਇਹ ਪ੍ਰੀਖਿਆ 2019 ਤੱਕ ਪਾਸ ਕਰਨੀ ਹੋਵੇਗੀ।
ਇਹ ਅਧਿਆਪਕ ਨਹੀਂ ਭਾਈ ਵੋਟਾਂ ਨੇ। ਇਹ ਵੋਟਾਂ ਨੇਤਾਵਾਂ ਨੇ ਆਪਣੀ ਲੋੜ ਲਈ ਸਕੂਲਾਂ ‘ਚ ਭਰਤੀ ਕੀਤੀਆਂ ਹੋਈਆਂ ਨੇ ਉਨ੍ਹਾਂ ਨੇਤਾਵਾਂ ਨੇ, ਜਿਨ੍ਹਾਂ ਲਈ ਬੱਚੇ ਦੀ ਪੜ੍ਹਾਈ, ਅਧਿਆਪਕ ਦੀ ਪੜ੍ਹਾਈ ਕੋਈ ਮਾਇਨੇ ਨਹੀਂ ਰੱਖਦੀ।
ਗਏ ਪੁਰਾਣੇ ਜ਼ਮਾਨੇ। ਜਦੋਂ ਅਧਿਆਪਕ ਪੜ੍ਹੇ ਅਤੇ ਗੁੜੇ੍ਹ ਹੋਏ ਸਨ। ਵਿਦਿਆਰਥੀਆਂ ਨੂੰ ਚੰਡਦੇ ਸਨ। ਉਨ੍ਹਾਂ ਨੂੰ ਵਿਦਿਆ ਵੰਡਦੇ ਸਨ। ਹੁਣ ਪੜ੍ਹਾਈ ਬਣ ਗਈ ਆ ਵਪਾਰ! ਆਈਲਟਸ ਕਰੋ, ਅੰਗਰੇਜੀ ਸਿਖੋ ਤੇ ਚਲੋ ਬਾਹਰ! ਸਕੂਲ ‘ਚ ਦਾਖਲਾ ਲਵੋ, ਪੜ੍ਹਾਈ ਟਿਊਸ਼ਨਾਂ ਕਰਕੇ ਕਰੋ ਕੋਚਿੰਗ ਸੈਂਟਰਾਂ ਵਿੱਚ ਅਤੇ ਦਾਖਲਾ ਲਵੋ ਡਾਕਟਰੀ, ਇੰਜੀਨੀਅਰੀ ‘ਚ ਧੰਨ ਖਰਚਕੇ ਧੰਨ ਕਮਾਉਣ ਲਈ! ਤਾਂ ਫਿਰ ਭਾਈ ਸਕੂਲਾਂ ‘ਚ ਅਧਿਆਪਕ ਅਨ-ਟਰੇਂਡ ਹਨ ਤਾਂ ਕਾਹਦਾ ਮਿਹਨਾ?
ਉਂਜ ਭਾਈ ਅਧਿਆਪਕ ਹੁੰਦੇ ਆ ਸੂਰਜ, ਸੌ ਕਲਾ ਸੰਪੂਰਨ!ਜਿਹੜੇ ਗਿਆਨ ਵੰਡਦੇ ਆ, ਚਾਨਣ ਫੈਲਾਉਂਦੇ ਆ। ਅਤੇ ਵਪਾਰੀ ਚੌਮੁਖੀਏ ਦੀਵੇ ਆ, ਜਿਹੜੇ ਥੋੜ ਚਿਰੀ ਲੋਅ ਤਾਂ ਦਿੰਦੇ ਆ, ਚਾਨਣ ਨਹੀਂ ਵੰਡ ਸਕਦੇ। ਅਤੇ ਇਸ ਸਮੇਂ ਕੁੜੀਮਾਰਾਂ, ਦਹੇਜੀਏ, ਰਿਸ਼ਵਤਖੋਰੀ ਵਾਲੇ ਸਮਾਜ ਲਈ ਚੌਮੁਖੀਏ ਦੀਵਿਆਂ ਦੀ ਨਹੀਂ, ਸੂਰਜਾਂ ਦੀ ਲੋੜ ਆ ਭਾਈ!
ਥੱਕ ਜਾਵਾਂ ਜਾਂ ਅੱਕ ਜਾਵਾਂ
ਖ਼ਬਰ ਹੈ ਕਿ ਦੇਸ਼ ਵਿਚ 21% ਬੀਮਾਰੀਆਂ ਕੇਵਲ ਗੰਦਾ ਪਾਣੀ ਪੀਣ ਦੇ ਕਾਰਣ ਹੁੰਦੀਆਂ ਹਨ। ਦੇਸ਼ ਦੇ 6 ਕਰੋੜ 30 ਲੱਖ ਪੇਂਡੂ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਕਮੀ। ਉਦੈਪੁਰ ਜ਼ਿਲੇ ਦੀ ਕੋਟੜਾ ਤਹਿਸੀਲ ਦਾ ਆਖਰੀ ਪਿੰਡ ਬੇਡਾਕਰ ਅਤੇ ਸੁਰਾ ਇਹੋ ਜਿਹਾ ਪਿੰਡ ਹੈ ਜਿਥੇ ਪਿਛਲੇ 200 ਸਾਲ ਤੋਂ ਇੱਕੋ ਘਾਟ ਤੋਂ ਜਾਨਵਰ ਅਤੇ ਇਨਸਾਨ ਪਾਣੀ ਪੀਂਦੇ ਹਨ। ਪੀਣ ਵਾਲੇ ਪਾਣੀ ਦੀ ਕਮੀ ਨੂੰ ਪੂਰਿਆ ਕਰਨ ਲਈ ਕਾਰਪੋਰੇਟ ਜਗਤ ਵੱਲੋਂ ਕਮਾਈ ਦਾ ਪੂਰਾ ਖਾਕਾ ਤਿਆਰ ਹੈ ਅਤੇ 2018 ਤੱਕ ਪੀਣ ਵਾਲੇ ਬੋਤਲ ਬੰਦ ਪਾਣੀ ਦਾ ਕਾਰੋਬਾਰ 16 ਹਜ਼ਾਰ ਕਰੋੜ ਰੁਪਏ ਹੋ ਜਾਏਗਾ। ਭਾਵੇਂ ਕਿ ਸਰਕਾਰ ਵਲੋਂ ਦੇਸ਼ ਵਿੱਚ ਪੀਣ ਦੇ ਪਾਣੀ ਲਈ 12 ਯੋਜਨਾਵਾਂ ਹਨ, ਪਰ ਦੇਸ਼ ਦੇ 44% ਹਿੱਸੇ ‘ਚ ਪਾਣੀ ਦਾ ਸੰਕਟ ਹੈ ਅਤੇ ਕਈ ਥਾਈਂ ਗੰਦੇ ਨਾਲਿਆਂ ਤੋਂ ਪਾਣੀ ਪੀਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਬਿਹਾਰ ਦਾ ਧਨਵਾਦ ਜ਼ਿਲੇ ਦਾ ਇੱਕ ਪਿੰਡ ਸਿਮਰਾਢਾਬ ਇਸਦੀ ਉਦਾਹਰਨ ਹੈ ਜਿਥੇ ਇਸ ਪਿੰਡ ਦੇ 20 ਪਰਿਵਾਰ 25 ਸਾਲਾਂ ਤੋਂ ਨਾਲੇ ਦਾ ਗੰਦਾ ਪਾਣੀ ਪੀਣ ‘ਤੇ ਮਜ਼ਬੂਰ ਹਨ।
ਪਾਣੀ ਤਾਂ ਹੁਣ ਬੁਲਬੁਲਿਆਂ ‘ਚ ਮਿਲਣ ਦੀਆਂ ਖ਼ਬਰਾਂ ਹਨ। ਇਸ਼ਨਾਨ ਕਰਨਾ ਹੋਊ, ਤਾਂ ਭਾਈ ਬੰਦੇ ਨੂੰ ਸਪੰਜ ਕਰਨਾ ਪੈਣਾ। ਨਾਹੀ ਧੋਈ ਦੀ ਤਾਂ ਗੱਲ ਹੀ ਛੱਡ ਦਿਉ।
ਵੇਖੋ ਨਾ ‘ਸਵੱਛ ਭਾਰਤ’ ਨੇ ਲਹਿਰਾਂ ਬਹਿਰਾਂ ਲਿਆ ਦਿੱਤੀਆਂ। ਗੰਗਾ ਸਾਫ ਹੋ ਗਈ! ਸ਼ਹਿਰਾਂ ਦਾ ਕੂੜਾ ਜਿਹੜਾ ਘਰਾਂ ‘ਚ ਸੀ ਦਰਾਂ ਵਿੱਚ ਆ ਗਿਆ। ਜਿਹੜਾ ਕੂੜਾ ਦਫ਼ੳਮਪ;ਤਰਾਂ ‘ਚ ਸੀ, ਉਹ ਪਿੰਡਾਂ ਦੀਆਂ ਬਰੂਹਾਂ ‘ਚ ਆ ਖਿਲ ਗਿਆ। ਫੈਕਟਰੀਆਂ ਦਾ ਪਾਣੀ ਜਿਹੜਾ ਬਾਹਰ ਤੁਰਿਆ ਫਿਰਦਾ ਸੀ, ਦਰਿਆਵਾਂ ਦੀ ਸ਼ੋਭਾ ਬਣ ਗਿਆ ਤੇ ਝਰਨਿਆਂ, ਦਰਿਆਵਾਂ ਦਾ ਪਾਣੀ ਫਿਲਟਰ ਕਰਨ ਲਈ ਆਹ ਆਪਣੇ “ਵੋਟਾਂ ਦੇ ਵਣਜਾਰਿਆਂ” ਆਪਣੇ ਜੇਬਾਂ ‘ਚ ਪਾ ਲਿਆ। ਕੋਈ ਨਾ ਭਾਈ, ਹਿੰਦੋਸਤਾਨੀਆਂ ਦਾ ਹਾਜ਼ਮਾ ਵਾਹਵਾ ਤਕੜਾ ਆ। ਉਂਜ ਵੀ ਦੇਸ਼ ‘ਚ ਗਊ-ਗਧਾ ਇੱਕ ਬਰੋਬਰ ਹੈ। ਜਾਨਵਰਾਂ-ਇਨਸਾਨਾਂ ਨਾਲ ਇਕੋ ਜਿਹਾ ਸਲੂਕ ਹੁੰਦਾ ਆ। ਕਈ ਹਾਲਤਾਂ ‘ਚ ਬੰਦੇ ਨਾਲੋਂ ਜਾਨਵਰ ਦੀ ਪੁੱਛ ਜਿਆਦਾ ਆ। ਜਾਨਵਰ ਨੂੰ ਝਰੀਟ ਲੱਗਿਆਂ, ਬੰਦੇ ਦੀ ਖੱਲ ਉਤਾਰ ਲਈ ਜਾਂਦੀ ਆ। ਰਹੀ ਗੱਲ ਪਾਣੀ ਦੀ, ਚੰਗਾ ਹੋਵੇ ਜਾਂ ਮੰਦਾ ਬੰਦੇ ਨੇ ਪਿਆਸ ਤਾਂ ਬੁਝਾਉਣੀ ਹੋਊ, ਬੀਮਾਰ ਹੋਊ ਮਰ ਜਾਊ, ਪਰ ਯਤਨ ਤਾਂ ਨਹੀਂ ਛੱਡੇ ਜਾਂਦੇ ਕਵੀ ਦੇ ਕਹਿਣ ਵਾਂਗਰ “ਥੱਕ ਜਾਵਾਂ ਜਾਂ ਅੱਕ ਜਾਵਾਂ ਏਨਾ ਨਹੀਂ ਨਿਤਾਣਾ ਮੈਂ”।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਦੇਸ਼ ਦੇ ਸ਼ਹਿਰੀ ਖੇਤਰ ਵਿੱਚ 31.3 ਅਤੇ ਪੇਂਡੂ ਖੇਤਰ ਵਿਚ 15% ਔਰਤਾਂ ਮੋਟਾਪੇ ਦਾ ਸ਼ਿਕਾਰ ਹਨ। ਜਦਕਿ ਪੇਂਡੂ ਖੇਤਰ ਵਿਚ 26.7% ਅਤੇ ਸ਼ਹਿਰੀ ਖੇਤਰ ਵਿਚ 15.5% ਔਰਤਾਂ ਦਾ ਬੀ.ਐਮ.ਆਈ. [ਸਰੀਰਕ ਭਾਰ ਇੰਡੋਕਨ] ਸਧਾਰਨ ਨਾਲੋਂ ਘੱਟ ਹੈ।
ਇੱਕ ਵਿਚਾਰ
ਕੂਟਨੀਤੀ ਸਹੀ ਸਮੇਂ ਤੇ, ਸਹੀ ਗੱਲ ਕਰਨ ਤੋਂ ਜ਼ਿਆਦਾ ਵੱਡੀ ਗੱਲ ਹੈ, ਕਿਸੇ ਵੀਂ ਸਮੇਂ ਗਲਤ ਗੱਲ ਕਰਨ ਜਾਂ ਕਹਿਣ ਤੋਂ ਇਸ ਵਿਚ ਬਚਿਆ ਜਾਂਦਾ ਹੈ- ਬੋ.ਬੇਨੇਟ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.