21 ਅਪ੍ਰੈਲ ਨੂੰ ਰਿਲੀਜ਼ ਹੋਈ ਨਿਰਦੇਸ਼ਕ ਅਮਨਜੀਤ ਸਿੰਘ ਬਰਾੜ ਦੀ ਫ਼ਿਲਮ ਕਵੇਲਾ ਪੰਜਾਬੀ ਸਿਨਮੇ ਵਿੱਚ ਨਵੀਂ ਪਿਰਤ ਦੀ ਹਾਮੀ ਭਰਦੀ ਹੈ। ਇਹ ਫ਼ਿਲਮ ਹੁਣ ਤੱਕ ਦੀਆਂ ਫ਼ਿਲਮਾਂ ਵਿੱਚ ਆਪਣੀ ਵਿਧਾ ਬਦੌਲਤ ਨਿਵੇਕਲਾ ਕਦਮ ਹੈ। ਅੱਜ ਤੱਕ ਖੇਤਰੀ ਪੰਜਾਬੀ ਸਿਨਮੇ ਵਿੱਚ ਜਿੰਨੀਆਂ ਵੀ ਕੋਸ਼ਿਸ਼ਾਂ ਹੋਈਆਂ ਹਨ ਉਹ ਐਕਸ਼ਨ, ਕਾਮੇਡੀ, ਰੁਮਾਂਸ, ਸਮਾਜਿਕ, ਧਾਰਮਿਕ, ਰਾਜਨੀਤਿਕ ਡਰਾਮਾ, ਪਰਿਵਾਰਿਕ ਜਾਂ ਡਾਇਸੋਪੋਰਕ ਵਿਧਾ ਤੱਕ ਸੀਮਿਤ ਰਹੀਆਂ ਹਨ। ਇਸ ਫ਼ਿਲਮ ਦੀ ਖਾਸੀਅਤ ਇਸਦੇ ਹਿੱਟ/ਫ਼ਲੱਾਪ ਹੋਣ ਤੋਂ ਪਹਿਲਾਂ ਇਸਦੇ ਮੇਕਿੰਗ ਸਟਾਇਲ ਵਿੱਚ ਛੁਪੀ ਹੈ। ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਇੱਕ ਡਾਰਕ ਫ਼ਿਲਮ ਹੋਣ ਨਾਤੇ ਇਸਨੇ ਪੰਜਾਬੀ ਫ਼ਿਲਮ ਚਹੇਤਿਆਂ ਅਤੇ ਫ਼ਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਅੰਦਰ ਕਈ ਸਵਾਲ ਖੜੇ ਕਰ ਦਿੱਤੇ ਸਨ। ਬਹੁਤੇ ਲੋਕ ਫ਼ਿਲਮ ਦੇਖਣ ਲਈ ਉਤਾਵਲੇ ਸਨ ਕਿ ਪੰਜਾਬੀ ਵਿੱਚ ਕੁਝ ਨਵਾਂ ਦੇਖਣ ਨੂੰ ਮਿਲੇਗਾ ਅਤੇ ਇਹ ਹੋਵੇਗਾ ਕੀ? ਬਿਲਕੁਲ, ਆਪਣੇ ਦਰਸ਼ਕਾਂ ਦੀ ਆਸ ਤੇ ਖਰੇ ਉਤਰਦਿਆਂ ਫ਼ਿਲਮ "ਕਵੇਲਾ" ਨੇ ਇਹ ਜ਼ਾਹਿਰ ਕੀਤਾ ਹੈ ਕਿ ਪੰਜਾਬੀ ਖੇਤਰੀ ਸਿਨਮੇ ਵਿੱਚ ਵੀ ਨਵੇਂ ਤਜ਼ਰਬੇ ਜਾਰੀ ਨੇ ਜੋ ਪੰਜਾਬੀ ਸਿਨਮਈ ਇੰਡਸਟਰੀ ਨੂੰ ਨਿਵੇਕਲੀ ਪਹਿਚਾਣ ਸਥਾਪਿਤ ਕਰਨ ਵਿੱਚ ਯਤਨਸ਼ੀਲ ਨੇ।
ਪਹਿਲਾਂ ਇਹ ਫ਼ਿਲਮ 31 ਮਾਰਚ 2017 ਨੂੰ ਰਿਲੀਜ਼ ਹੋਣੀ ਸੀ ਜੋ ਬਾਅਦ ਵਿੱਚ ਕੁਝ ਕਾਰਨਾਂ ਕਰਕੇ 21 ਅਪ੍ਰੈਲ 2017 ਨੂੰ ਰਿਲੀਜ਼ ਹੋਈ ਹੈ। ਮੂਲ ਰੂਪ ਵਿੱਚ ਇਹ ਇੱਕ ਮਨੋਵਿਗਿਆਨਕ ਥ੍ਰਿਲਰ ਹੈ ਜਿਸਦਾ ਮਕਸਦ ਇੱਕ ਅਜਿਹੀ ਕਹਾਣੀ ਹੈ ਜੋ ਲੋਕਾਂ ਦੇ ਮਨਾਂ ਵਿੱਚ ਕਿਸੇ ਬੁਰੀ ਆਤਮਾ, ਭੂਤ-ਪ੍ਰੇਤ ਅਤੇ ਗਹਿਰੇ ਡਰ ਦੀ ਗੱਲ ਕਰਦੀ ਹੈ। ਕਿਸੇ ਸਮੇਂ ਵਿੱਚ ਵਾਪਰੀ ਜਾਂ ਸੁਣੀ ਹੋਈ ਕੋਈ ਅਣਹੋਣੀ ਗੱਲ ਜਾਂ ਘਟਨਾ ਸਾਡੇ ਮਨ ਵਿੱਚ ਅਕਸਰ ਘਰ ਕਰ ਜਾਂਦੀ ਹੈ ਜੋ ਵਕਤ ਦੇ ਨਾਲ-ਨਾਲ ਸੋਚਣ, ਸੁਣਾਉਣ ਜਾਂ ਮਹਿਸੂਸ ਕਰਨ ਨਾਲ ਹੋਰ ਗੂੜ੍ਹੀ ਅਤੇ ਪੱਕੇ ਤੌਰ ਤੇ ਮਨੁੱਖੀ ਜਿਹਨ ਵਿੱਚ ਫ਼ਿੱਟ ਹੋ ਜਾਂਦੀ ਹੈ। ਜੇਕਰ ਗਲਤੀ ਨਾਲ ਵੀ ਕੋਈ ਅਣਸੁਖਾਵੀਂ ਘਟਨਾ ਮੁੜ ਉਸੇ ਥਾਂ ਵਾਪਰ ਜਾਵੇ ਤਾਂ ਲੋਕ ਓਸ ਜਗ੍ਹਾ, ਪਿੰਡ ਜਾਂ ਵਸਤੂ ਦਾ ਨਾਮ ਹੀ ਕਿਸੇ ਅਣਸੁਲਝੇ ਰਹੱਸ ਨਾਲ ਮਨਸੂਬ ਕਰ ਲੈਂਦੇ ਹਨ। ਇੱਥੋਂ ਹੀ ਪੈਦਾ ਹੁੰਦਾ ਅਤੇ ਪਨਪਦਾ ਰਹਿੰਦਾ ਹੈ ਇੱਕ ਡਰ। ਸਮਾਂ ਪਾ ਕੇ ਭਾਵੇਂ ਉਹ ਡਰ ਚਾਹੇ ਮੁਕਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜਾਂ ਉਸਦੇ ਤਹਿਤ ਕੋਈ ਫ਼ਾਇਦਾ ਚੁੱਕਿਆ ਜਾਵੇ, ਲੋਕ ਨਿਖੇੜਾ ਨਹੀਂ ਕਰ ਪਾਉਂਦੇ ਕਿ ਸੱਚ ਕੀ ਹੈ? ਇਸਦੇ ਪਿੱਛੇ ਸਿਰਫ਼ ਛੁਪਿਆ ਰਹਿੰਦਾ ਹੈ ਇੱਕ ਮਾਨਸਿਕ ਡਰ।
"ਕਵੇਲਾ" ਫ਼ਿਲਮ ਦੀ ਕਹਾਣੀ ਵੀ ਇੱਕ ਅਜਿਹੀ ਕਹਾਣੀ ਹੈ ਜੋ ਇੱਕ ਪਿੰਡ ਦੇ ਲੋਕਾਂ ਅੰਦਰ ਸਾਲਾਂ ਪੁਰਾਣੇ ਡਰ ਤੋਂ ਪਨਪੀ ਹੈ। ਕਹਾਣੀ ਸ਼ੁਰੂ ਹੁੰਦੀ ਹੈ ਦੋ ਪ੍ਰੇਮੀਆਂ ਦੇ ਇੱਕ ਉਜਾੜ ਜਗ੍ਹਾ ਤੇ ਚੋਰੀਓਂ ਮਿਲਣ ਤੋਂ। ਉਹ ਦੋਵੇਂ ਇੱਕ-ਦੂਜੇ ਨਾਲ ਵਿਆਹ ਕਰਾਉਣ ਦੀਆਂ ਗੱਲਾਂ ਦਾ ਦਿਲਾਸਾ ਦਿੰਦੇ ਉਜਾੜ ਵਿੱਚ ਬਣੀ ਕਿਸੇ ਥਾਂ ਤੇ ਮੱਥਾ ਟੇਕਣ ਲਈ ਪੈਰ ਪੁੱਟਦੇ ਨੇ ਕਿ ਅਚਾਨਕ ਉਹਨਾਂ ਨੂੰ ਕੋਈ ਮਾਰ ਦਿੰਦਾ ਹੈ। ਇਸਤੋਂ ਬਾਅਦ ਪੁਲਿਸ ਦੀ ਛਾਣ-ਬੀਣ ਸ਼ੁਰੂ ਹੁੰਦੀ ਹੈ ਜਿਸ ਵਿੱਚੋਂ ਪਤਾ ਲੱਗਦਾ ਹੈ ਕਿ ਇਹ ਦੋਵੇਂ ਕਿਸੇ ਹੋਰ ਪਿੰਡ ਦੇ ਹਨ ਜਿਹਨਾਂ ਨੂੰ ਮਰੇ ਹੋਇਆਂ ਹਾਈਵੇ ਪੈਟਰੋਲਿੰਗ ਪੁਲਿਸ ਨੇ ਲਾਸ਼ਾਂ ਦੇ ਰੂਪ ਵਿੱਚ ਬਰਾਮਦ ਕੀਤਾ ਹੈ। ਪਿੰਡ ਵਿੱਚੋਂ ਸਾਰੇ ਦਿਨ ਦੀ ਪੁਣ-ਛਾਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਏਥੇ ਏਹ ਘਟਨਾ ਕੋਈ ਨਵੀਂ ਨਹੀਂ ਵਾਪਰੀ ਸੀ। ਸਗੋਂ ਕੁਝ ਨਾ ਕੁਝ ਏਥੇ ਭਿਆਨਕ ਹੁੰਦਾ ਹੀ ਰਹਿੰਦਾ ਹੈ। ਏਸੇ ਤੋਂ ਅੱਗੇ ਕਹਾਣੀ ਟਵਿਸਟ-ਦਰ-ਟਵਿਸਟ ਵਧਦੀ ਰਹਿੰਦੀ ਹੈ। ਪਿੰਡ ਦੇ ਲੋਕ ਵੀ ਅਲੱਗ ਜਿਹਾ ਵਿਵਹਾਰ ਕਰਦੇ ਨਜ਼ਰੀ ਪੈਂਦੇ ਹਨ। ਪਿੰਡ ਦਾ ਇੱਕ ਡਾਕਟਰ ਗੁਰਮੇਲ ਸਿੰਘ (ਚੰਦਰ ਕਾਲੜਾ) ਤਾਂ ਹਮੇਸ਼ਾ ਇੱਕ ਖ਼ਾਸ ਬੇਚੈਨੀ ਵਿੱਚ ਘੁੰਮਦਾ ਨਜ਼ਰੀ ਪੈਂਦਾ ਹੈ। ਉਹ ਵਾਰ-ਵਾਰ ਪੁਲਿਸ ਦੇ ਕੰਮ ਵਿੱਚ ਵੀ ਆਪਣੀ ਦਖ਼ਲਅੰਦਾਜ਼ੀ ਕਰਦਾ ਹੈ ਪਰ ਪੁਲਿਸ ਉਸਨੂੰ ਬਹੁਤਾ ਉਤਸ਼ਾਹਿਤ ਨਹੀਂ ਕਰਦੀ। ਏਥਂੋ ਤੱਕ ਕਿ ਏਸ ਪਿੰਡ ਦੇ ਲੋਕ ਪਿੰਡ ਦਾ ਨਾਮ ਲੈਣ ਦੀ ਜੁਰਅਤ ਵੀ ਨਹੀਂ ਕਰਦੇ ਸਗੋਂ "ਓਸ ਪਿੰਡ" ਜਾਣਾ ਕਹਿ ਕੇ ਹੀ ਕੰਮ ਸਾਰਦੇ ਨੇ। ਖ਼ੈਰ ਬਾਅਦ 'ਚ ਇੱਕ ਦ੍ਰਿਸ਼ ਰਾਹੀਂ ਪਿੰਡ ਦਾ ਨਾਮ ਪਤਾ ਲੱਗਦਾ ਹੈ ਕਿ ਲੋਕਾਂ ਨੇ ਪਿੰਡ ਦਾ ਨਾਮ ਵੀ ਵਹਿਮ-ਭਰਮ ਵਿੱਚੋਂ ਸ਼ਰਾਪਿਤ ਨਾਮ "ਪ੍ਰੇਤਾਂ" ਰੱਖਿਆ ਹੋਇਆ ਹੈ।
ਪੁਲਿਸ ਆਪਣੀ ਛਾਣਬੀਣ 'ਚ ਇੱਕ ਤੰਦ ਫਰੋਲਦੀ ਹੈ ਤਾਂ ਦੂਜਾ ਕਤਲ ਹੋ ਜਾਂਦਾ ਹੈ। ਪਿੰਡ ਦੇ ਬਾਹਰ ਦਰੱਖਤਾਂ ਨਾਲ ਟੰਗੀਆਂ ਦੋ ਲਾਸ਼ਾਂ ਦੇਖ ਕੇ ਸਾਰਾ ਪਿੰਡ ਸਹਿਮ ਜਾਂਦਾ ਹੈ। ਹੁਣ ਲੋਕ ਘਰੋਂ ਨਿੱਕਲਣ ਤੋਂ ਅਤੇ ਪੁਲਿਸ ਮੀਡੀਆ 'ਚ ਫ਼ੈਲਣ ਵਾਲੀ ਬਦਨਾਮੀ ਤੋਂ ਡਰਦੀ ਹੈ। ਸਬ-ਇੰਸਪੈਕਟਰ ਗੁਰਜਿੰਦਰ ਸਿੰਘ (ਮਹਾਂਬੀਰ ਭੁੱਲਰ), ਐੱਸ.ਐੱਚ.ਓ. ਕਰਮਵੀਰ ਸਿੰਘ (ਹਰਪ ਫ਼ਾਰਮਰ), ਨੱਥਾ ਸਿੰਘ (ਮਨੀ ਕੁਲਾਰ), ਹਰਜਿੰਦਰ ਸਿੰਘ (ਬਲਜੀਤ ਮਠੌਨ), ਕਾਲਾ ਸਿੰਘ (ਭਾਰਤੀ ਦੱਤ), ਕੁਲਦੀਪ ਕੌਰ (ਜ਼ੋਇਆ) ਆਦਿ ਮਿਲ ਕੇ ਇੱਕ ਪੁਲਿਸ ਟੁਕੜੀ ਦੇ ਰੂਪ ਵਿੱਚ ਏਸ ਕੇਸ ਦੀ ਗੁੱਥੀ ਸੁਲਝਾਉਣ ਲੱਗੇ ਦਿਖਾਈ ਪੈਂਦੇ ਹਨ। ਅਚਾਨਕ ਕਰਮਵੀਰ ਸਿੰਘ ਦੇ ਰੈਲੀ ਤੇ ਜਾਣ ਕਾਰਨ ਇਹ ਕੇਸ ਕੇਵਲ ਗੁਰਜਿੰਦਰ ਸਿੰਘ ਅਤੇ ਪੂਰੀ ਟੀਮ ਨੂੰ ਸਾਂਭਣਾ ਪੈਂਦਾ ਹੈ।
ਕਾਫ਼ੀ ਦਿਨਾਂ ਦੀ ਛਾਣਬੀਣ 'ਚ ਹੀ ਇੱਕ-ਦੋ ਹੋਰ ਘਟਨਾਵਾਂ ਵਾਪਰਦੀਆਂ ਨੇ ਜਦੋਂ ਪਿੰਡ ਦੇ ਕਿਸੇ ਮੁੰਡੇ ਦਾ ਹੱਥ ਕੋਈ ਸ਼ੈਅ ਕੱਟ ਲੈਂਦੀ ਹੈ। ਏਸੇ ਤਰ੍ਹਾਂ ਪੁਲਿਸ ਦੀ ਮਦਦ ਕਰਨ ਬੈਠੇ ਬੰਦਿਆਂ ਨੂੰ ਰਾਤ ਦੇ ਪਹਿਰੇ ਤੇ ਹੀ ਕਿਸੇ ਸ਼ੈਅ ਵੱਲੋਂ ਦਬੋਚ ਲੈਣਾ ਅਤੇ ਨਹੁੰ ਮਾਰ ਕੇ ਮਾਰ ਦੇਣਾ ਵੀ ਖ਼ਤਰਨਾਕ ਘਟਨਾ ਸਾਬਿਤ ਹੁੰਦੀ ਹੈ। ਏਸ ਘਟਨਾ ਨਾਲ ਪੁਲਿਸ ਕਿਸੇ ਆਦਮੀ ਦੀ ਜਾਨ ਵੀ ਜ਼ੋਖਮ 'ਚ ਪਾਉਣੋਂ ਟਲਦੀ ਹੈ। ਪਿੰਡ ਵਿੱਚੋਂ ਹੀ ਮਸੀਤ ਜਾਣ ਵਾਲੀ ਕੁੜੀ (ਸਨਹਾ ਖ਼ਾਨ) ਨੂੰ ਸ਼ਰਾਬੀਆਂ ਵੱਲੋਂ ਸ਼ੋਸ਼ਿਤ ਕਰਨ ਦੀ ਕੋਸ਼ਿਸ਼ ਕਰਨਾ ਵੀ ਪੁਲਿਸ ਨੂੰ ਕਿਸੇ ਕੜੀ ਵੱਲ ਤੋਰਦਾ ਹੈ ਪਰ ਸਭ ਕੋਸ਼ਿਸ਼ਾਂ ਅਸਫ਼ਲ ਜਾਪਦੀਆਂ ਨੇ ਜਦ ਕੋਈ ਠੋਸ ਸਬੂਤ ਹੱਥ ਨਹੀਂ ਲੱਗਦਾ। ਬਹੁਤ ਸ਼ਸ਼ੋਪੰਜ ਵਿੱਚ ਪਈ ਪੁਲਿਸ ਹੋਰ ਸਖ਼ਤ ਪਹਿਰਿਆਂ ਦੇ ਲਈ ਚੇਤੰਨ ਹੋ ਰਹੀ ਹੁੰਦੀ ਹੈ ਅਤੇ ਪਿੰਡ ਦੀ ਭੋਲੀ ਜਨਤਾ ਕਿਸੇ ਆਤਮਾ ਦਾ ਬੁਰਾ ਸਾਇਆ ਸਮਝ ਕੇ ਹਵਨ ਕਰਾਉਣ ਅਤੇ ਤਾਂਤਰਿਕ ਸੱਦਣ ਦੀਆਂ ਸਕੀਮਾਂ ਲਾ ਲੈਂਦੀ ਹੈ।
ਲੋਕਾਂ ਦਾ ਡਰ ਅਤੇ ਪੁਲਿਸ ਦੀ ਚਿੰਤਾ ਲਗਾਤਾਰ ਵਧਦੇ ਰਹਿੰਦੇ ਨੇ ਕਿ ਇੱਕ ਹੋਰ ਘਟਨਾ ਘਟ ਜਾਂਦੀ ਹੈ। ਪਿੰਡ ਦੇ ਹੀ ਦੋ ਬੱਚੇ ਬਿੱਲਾ ਤੇ ਹਰਪ੍ਰੀਤ ਜੋ ਅਕਸਰ ਪਤੰਗਾਂ ਲੁੱਟਦੇ ਸਾਰੇ ਪਿੰਡ ਦਾ ਗੇੜ੍ਹਾ ਦਿੰਦੇ, ਘੁੰਮਦਿਆਂ-ਘੁੰਮਦਿਆਂ ਜੰਗਲ 'ਚ ਗੁਆਚ ਜਾਂਦੇ ਹਨ। ਦੂਜੇ ਦਿਨ ਲੱਭਣ ਤੇ ਇੱਕ ਬੱਚਾ ਬੇਹੋਸ਼ ਅਤੇ ਦੂਜਾ ਮ੍ਰਿਤਕ ਪਾਇਆ ਜਾਂਦਾ ਹੈ। ਇਹ ਸਦਮਾ ਤਾਂ ਪਿੰਡ ਦੇ ਲੋਕਾਂ ਨੂੰ ਹਜ਼ਮ ਹੀ ਨਹੀਂ ਹੁੰਦਾ ਜਿਸ ਕਰਕੇ ਉਹ ਤਾਂਤਰਿਕ ਨੂੰ ਵੀ ਪਿੰਡੋਂ ਧੱਕੇ ਮਾਰ ਕੱਢਦੇ ਹਨ।
ਏਧਰ ਜਿਸ ਬੱਚੇ ਦੀ ਲਾਸ਼ ਜੰਗਲ ਵਿੱਚੋਂ ਮਿਲਦੀ ਹੈ ਉਹ ਪੁਲਿਸ ਮੁਲਾਜ਼ਮ ਨੱਥੇ ਦੇ ਘਰ ਕੰਮ ਕਰਦੇ ਸੀਰੀ ਦਾ ਮੁੰਡਾ ਸੀ ਜਿਸਦੀ ਮੌਤ ਨੱਥਾ ਸਿੰਘ ਵੀ ਬਰਦਾਸ਼ਤ ਨਹੀਂ ਕਰ ਪਾਉਂਦਾ। ਉਹ ਵੀ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ਤਮ ਕਰ ਲੈਂਦਾ ਹੈ। ਹੁਣ ਤੱਕ ਕੋਈ ਸਬੂਤ ਨਾ ਮਿਲਣ ਦੇ ਬਾਵਯੂਦ ਕੁਝ ਗੁੱਝੀਆਂ ਗੱਲਾਂ ਤੇ ਛਾਣ-ਬੀਣ ਦੌਰਾਨ ਸਾਹਮਣੇ ਆਏ ਤੱਥ ਸਬ-ਇੰਸਪੈਕਟਰ ਗੁਰਜਿੰਦਰ ਸਿੰਘ ਨੂੰ ਪਿੰਡ ਦੇ ਇਤਿਹਾਸਿਕ ਪਿਛੋਕੜ ਅਤੇ ਮੌਯੂਦਾ ਹਾਲਾਤਾਂ ਨੂੰ ਫ਼ਰੋਲਦਿਆਂ ਪਿੰਡ ਦੇ ਪਾਰ ਸਿਵਿਆਂ (ਮੜ੍ਹੀਆਂ) ਵਿੱਚ ਲੈ ਜਾਂਦੇ ਹਨ। ਜਿੱਥੇ ਪਿੰਡ ਦੀ ਅੱਧੀ ਨੌਜਵਾਨ ਜਨਤਾ ਨਸ਼ੇ ਦੀ ਲਪੇਟ ਵਿੱਚ ਗ੍ਰਸਤ ਸੂਟੇ ਲਾ ਰਹੀ ਹੈ, ਟੀਕੇ ਲਾ ਰਹੀ ਹੈ, ਸਮੈਕਾਂ ਪੀ ਰਹੀ ਹੈ ਅਤੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਜਿਉਂਦੇ ਜੀਅ ਨਰਕ ਭੋਗਣ ਅਤੇ ਦੇਖਣ ਦਾ ਦ੍ਰਿਸ਼ ਪੇਸ਼ ਕਰ ਰਿਹਾ ਹੈ। ਡਰੱਗ ਸੁਸਾਇਟੀ ਦਾ ਪ੍ਰਧਾਨ (ਗੁਰਿੰਦਰ ਮਕਨਾ) ਹਨੇਰੇ ਅਤੇ ਧੁੰਦਲੇ ਜੀਵਨ ਦਾ ਪ੍ਰਤੀਕ ਬਣਿਆ ਸਬ-ਇੰਸਪੈਕਟਰ ਗੁਰਜਿੰਦਰ ਸਿੰਘ ਦੇ ਸਾਹਮਣੇ ਆਉਂਦਾ ਹੈ ਅਤੇ ਸਾਰੀ ਖੇਡ ਡਿਸਕਲੋਜ਼ ਕਰਦਾ ਹੈ। ਹੁਣ ਸਾਰਾ ਸੱਚ ਦਰਸ਼ਕਾਂ ਸਾਹਵੇਂ ਪੇਸ਼ ਹੁੰਦਾ ਹੈ ਕਿ ਅਸਲ ਕਹਾਣੀ ਕੀ ਹੈ? ਕਿਵੇਂ ਪਿੰਡ ਦੀ ਜਨਤਾ ਪਿੰਡ ਦੇ ਡਾਕਟਰ ਰਾਹੀਂ ਨਸ਼ਿਆਂ ਤੇ ਲਗਾਈ ਜਾਂਦੀ ਹੈ? ਕਿਵੇਂ ਭੋਲੇ-ਭਾਲੇ ਲੋਕ ਵਹਿਮ-ਭਰਮ ਵਿੱਚ ਪੈ ਕੇ ਪਿੰਡ ਦਾ ਪੁਲ ਲੰਘਣ ਦੀ ਹਿਮਾਕਤ ਵੀ ਨਹੀਂ ਕਰ ਪਾਉਂਦੇ ਸੀ? ਜਦਕਿ ਰਾਤ ਨੂੰ ਉੱਥੇ ਸਾਰੇ ਨਸ਼ੇੜੀ ਇਕੱਠੇ ਹੋ ਕੇ ਆਪਣਾ ਕੰਮ ਸਾਰਦੇ ਤੇ ਆਉਣ-ਜਾਣ ਵਾਲੇ ਦੀ ਲੁੱਟ-ਖਸੁੱਟ ਕਰਦੇ ਸੀ ਅਤੇ ਲੋੜ ਪੈਣ ਤੇ ਉਹਨਾਂ ਨੂੰ ਜਾਨੋਂ ਮਾਰਨ ਦਾ ਡਰ ਵੀ ਨਹੀਂ ਮੰਨਦੇ ਸੀ। ਇੰਝ ਹੀ ਭੂਤ-ਪ੍ਰੇਤ ਦੀ ਆੜ ਵਿੱਚ ਕਿਵੇਂ ਨਸ਼ਿਆਂ ਦਾ ਵਪਾਰ ਹੁੰਦਾ ਰਿਹਾ? ਇੱਥੋ ਤੱਕ ਕਿ ਸਰਪੰਚ ਦਾ ਪੁੱਤਰ ਵੀ ਏਸ ਕੰਮ ਵਿੱਚ ਸ਼ਾਮਿਲ ਹੁੰਦਾ ਹੈ। ਆਪਣੇ ਅੱਡੇ ਤੱਕ ਪਹੁੰਚ ਕਰਨ ਤੇ ਇਹੀ ਨਸ਼ਾ ਫ਼ੈਲਾਉਣ ਵਾਲੇ ਲੋਕ ਸਬ-ਇੰਸਪੈਕਟਰ ਗੁਰਜਿੰਦਰ ਸਿੰਘ ਨੂੰ ਵੀ ਗੋਲੀਆਂ ਨਾਲ ਮਾਰ ਦਿੰਦੇ ਹਨ।
ਓਧਰ ਪਿੰਡ ਦੇ ਲੋਕ ਆਪਣੇ ਪੱਧਰ ਤੇ ਇਹਨਾਂ ਘਟਨਾਵਾਂ ਪਿਛਲਾ ਸੱਚ ਲੱਭਦੇ ਦਿਖਾਏ ਜਾਂਦੇ ਹਨ। ਇਹ ਸੱਚ ਅਸਲ ਵਿੱਚ ਕਿਸੇ ਵੀ ਸੱਚ ਤੋਂ ਕੌੜਾ ਸਾਬਿਤ ਹੁੰਦਾ ਹੈ ਜਦੋਂ ਨਸ਼ੇ ਤੇ ਲੱਗੇ ਲੋਕ ਜਾਨ ਟੁੁੱਟਣ ਅਤੇ ਹਲਕਣ ਤੋਂ ਬਾਅਦ ਇੱਕ-ਦੂਜੇ ਨੂੰ ਹੀ ਮਾਰ ਦਿੰਦੇ ਹਨ ਅਤੇ ਨਾਲ ਹੀ ਮਰ ਜਾਂਦੇ ਨੇ ਉਹਨਾਂ ਦੇ ਮਨਾਂ ਦੇ ਵਹਿਮ ਜੋ ਹੁਣ ਤੱਕ ਉਹਨਾਂ ਨੇ ਪਾਲ਼ੇ ਹੋਏ ਸਨ। ਸਚੁਮੱਚ ਏਸ ਸੱਚ ਦੀ ਇੱਕ ਝਲਕ ਫ਼ਿਲਮ ਜ਼ਰੀਏ ਭਵਿੱਖ ਵਿੱਚ ਨਸ਼ਿਆਂ ਦੀ ਬਦੌਲਤ ਆਉਣ ਵਾਲੇ ਸੰਕਟ ਨੂੰ ਦ੍ਰਿਸਟੀਗੋਚਰ ਕਰਦਿਆਂ ਦਰਸ਼ਕ ਦੀ ਰੂਹ ਅੰਦਰ ਤੱਕ ਝੰਜੋੜਦੀ ਹੈ। ਇੱਕ ਪਲ ਲਈ ਤਾਂ ਘ੍ਰਿਣਾ ਤੇ ਡਰ ਦੋਵੇਂ ਅੰਦਰੋਂ ਸਵਾਲ ਕਰਦੇ ਜਾਪਣਗੇ ਕਿ ਅਸੀਂ ਸੱਚੀਂ ਏਸ ਗੰਧਲੇ ਸਮਾਜ 'ਚ ਜਿਓਂ ਰਹੇ ਹਾਂ ਅਤੇ ਇਹ ਸੱਚੀਂ ਸਾਡੇ ਹੀ ਕਿਸੇ ਪਿੰਡ ਦੀ ਕਹਾਣੀ ਹੈ? ਇਉਂ ਇੱਕ ਭਿਅੰਕਰ ਸੱਚ ਦੇ ਰੂ-ਬ-ਰੂ ਕਰਦਿਆਂ ਇਹ ਕਹਾਣੀ ਸਮਾਪਤੀ ਵੱਲ ਵਧਦੀ ਹੈ।
ਜ਼ਿਕਰਯੋਗ ਹੈ ਕਿ ਪੰਜਾਬੀ ਬੰਦੇ ਦੇ ਅਵਚੇਤਨ ਮਨ ਵਿੱਚੋਂ ਭੂਤ-ਪ੍ਰੇਤ ਦਾ ਸੰਕਲਪ ਕੱਢਣਾ ਏਨਾ ਸੁਖ਼ਾਲਾ ਨਹੀਂ ਅਤੇ ਨਾ ਹੀ ਕੋਈ ਵੀ ਤਰਕਸ਼ੀਲ, ਬੁੱਧੀਜੀਵੀ ਜਾਂ ਯੁੱਗਪੁਰਸ਼ ਏਸ ਗੱਲ ਦੀ ਗਾਰੰਟੀ ਚੁੱਕਦਾ ਹੈ ਕਿ ਏਹ ਚੀਜ਼ਾਂ, ਹਵਾਵਾਂ ਹੈ ਨਹੀਂ ਹਨ। ਸੋ, ਏਸੇ ਤਰਜ਼ ਤੇ ਨਿਰਦੇਸ਼ਕ ਵੀ ਏਸ ਗੱਲ ਨੂੰ ਗੋਲ-ਮੋਲ ਕਰਦਿਆਂ ਅੰਤ ਵਿੱਚ ਮੁਲਾਜ਼ਮ ਹਰਜਿੰਦਰ ਸਿੰਘ ਦੇ ਮੂੰਹੋਂ ਅਖਵਾਉਂਦਾ ਹੈ ਕਿ ਕੁਝ ਮੌਤਾਂ ਕਿਵੇਂ ਹੋਈਆਂ ਓਸਦੇ ਕਾਰਨ ਸਪੱਸ਼ਟ ਨਹੀਂ ਪਰ ਬਹੁਤੀਆਂ ਪਿੱਛੇ ਡਰੱਗ ਸਕੈਂਡਲ ਸੀ। ਇਸੇ ਤਰ੍ਹਾਂ ਫ਼ਿਲਮ ਦੀ ਸ਼ੁਰੂਆਤ ਵਿੱਚ ਮਰੇ ਪ੍ਰੇਮੀ ਜੋੜੇ ਦੀ ਮੌਤ ਦਾ ਰਹੱਸ ਸਪੱਸ਼ਟ ਕਰਦਿਆਂ ਹਰਜਿੰਦਰ ਸਿੰਘ ਦੱਸਦਾ ਹੈ ਕਿ ਉਹ ਉਹਨਾਂ ਦੇ ਘਰਦਿਆਂ ਨੇ ਹੀ ਮਰਵਾਏ ਸਨ ਜੋ ਕਿ ਉਹਨਾਂ ਦੇ ਆਪਸੀ ਵਿਆਹ ਦੇ ਖ਼ਿਲਾਫ਼ ਸਨ। ਇਸ ਗੱਲ ਦੀ ਪੁਸ਼ਟੀ ਪ੍ਰੇਮੀ ਲੜਕੇ ਵੱਲੋਂ ਢਾਬੇ ਤੇ ਲਗਾਏ ਗਏ ਮੋਟਰਸਾਈਕਲ ਤੋਂ ਹੋਈ ਛਾਣ-ਬੀਣ ਰਾਹੀਂ ਹੁੰਦੀ ਹੈ। ਸੋ, ਇਉਂ ਫ਼ਿਲਮ 'ਕਵੇਲਾ' ਵਿੱਚ ਕੁਝ ਰਹੱਸਾਂ ਨੂੰ ਖੋਲ੍ਹਦੀ ਅਤੇ ਜ਼ਿੰਦਗੀ ਸਾਹਵੇਂ ਕੁਝ ਅਹਿਮ ਸਵਾਲ ਖੜ੍ਹੇ ਕਰਦੀ ਇਹ ਫ਼ਿਲਮ ਸਮਾਪਤ ਹੋ ਜਾਂਦੀ ਹੈ।
ਨਿਰਦੇਸ਼ਕ ਅਮਨਜੀਤ ਬਰਾੜ ਫ਼ਿਲਮ "ਕਵੇਲਾ" ਦੇ ਮੁਤੱਲਕ ਵਧਾਈ ਦਾ ਪਾਤਰ ਹੈ ਕਿ ਉਹ ਅੰਤ ਤੱਕ ਚੰਗਾ ਕੰਮ ਪੇਸ਼ ਕਰ ਪਾਇਆ ਹੈ। ਲੋਕਾਂ ਦੇ ਮਨਾਂ ਵਿੱਚ ਛਾਇਆ ਕਵੇਲਿਆਂ ਦਾ ਡਰ, ਮਾਨਸਿਕ ਹਨ੍ਹੇਰਾ ਅਤੇ ਅਗਿਆਨਤਾ ਦਾ ਧੁੰਦਲਾਪਣ ਕਿੰਨਾ ਭਿਆਨਕ ਹੋ ਨਿੱਬੜਦਾ ਹੈ ਅਤੇ ਇਹੀ ਲੋਕ ਉਸਨੂੰ ਮਹਿਜ਼ ਵਹਿਮ-ਭਰਮ ਦੀ ਤੱਕੜੀ 'ਚ ਤੋਲੀ ਜਾਂਦੇ ਸਦੀਆਂ ਲੰਘਾ ਲੈਂਦੇ ਨੇ। ਕੁਝ ਤਾਂ ਲੋਕ ਜਾਗਣਾ ਨਹੀਂ ਚਾਹੁੰਦੇ ਅਤੇ ਕੁਝ ਨੂੰ ਜਗਾਉਣ ਦੀ ਬਜਾਇ ਸੁੱਤਾ ਰੱਖਣ ਚ ਹੀ ਮੁਨਾਫ਼ਾ ਸਮਝਿਆ ਜਾਂਦਾ ਹੈ। ਕੇਹੀ ਤ੍ਰਾਸਦੀ ਹੈ ਸਾਡੇ ਸਮਾਜ ਦੀ ਕਿ ਸਭ ਕੁਝ ਅੱਖਾਂ ਸਾਹਮਣੇ ਹੋ ਕੇ ਵੀ ਲੁਕਿਆ ਰਹਿ ਜਾਂਦੈ। ਸੋ, ਏਸ ਇੱਕ ਪਿੰਡ ਦੀ ਕਹਾਣੀ ਜ਼ਰੀਏ ਨਿਰਦੇਸ਼ਕ ਨੇ ਪੂਰੇ ਪੰਜਾਬ ਦੇ ਭਵਿੱਖ ਵਿਚਲੇ ਅਣਸੁਖਾਵੇਂ ਹਾਲਾਤਾਂ ਦੀ ਪੇਸ਼ੀਨੀਗੋਈ ਕੀਤੀ ਹੈ। ਇਓਂ ਫ਼ਿਲਮ "ਕਵੇਲਾ" ਸਿਰਫ਼ ਇੱਕ ਫ਼ਿਲਮ ਹੀ ਨਹੀਂ ਬਲਕਿ ਕਿਸੇ ਗੰਭੀਰ ਸੰਕਟ ਨੂੰ ਸਿਨਮੇ ਵਰਗੇ ਪਾਵਰਫ਼ੁੱਲ ਸਾਧਨ ਰਾਹੀਂ ਵਿਅਕਤ ਕਰਨ ਦਾ ਸਹੀ ਅਤੇ ਉੱਤਮ ਸਾਧਨ ਸਾਬਿਤ ਹੁੰਦੀ ਹੈ।
ਤਕਨੀਕੀ ਪੱਖ ਤੋਂ ਗੌਰ ਕੀਤਾ ਜਾਵੇ ਤਾਂ ਫ਼ਿਲਮ ਵਿੱਚ ਗਗਨਦੀਪ ਸਿੰਘ ਦੀ ਸਿਨਮੈਟੋਗ੍ਰਾਫ਼ੀ ਅਤੇ ਕੈਮਰਾਵਰਕ ਬਹੁਤ ਹੀ ਕਮਾਲ ਦਾ ਹੈ। ਲੋਕੇਸ਼ਨ ਅਤੇ ਕਾਸਟਿੰਗ ਦੀ ਚੋਣ ਫ਼ਿਲਮ ਨੂੰ ਹੋਰ ਵਧੀਆ ਬਣਾਉਂਦੇ ਨਜ਼ਰ ਆਏ ਅਤੇ ਗੁਰਮੋਹ ਅਤੇ ਗੈਵੀ ਸਿੱਧੂ ਵੱਲੋਂ ਬੈਕਗ੍ਰਾਊਂਡ ਸਕੋਰ ਤਾਂ ਫ਼ਿਲਮ ਲਈ ਬਿਲਕੁਲ ਸੂਟੇਬਲ ਅਤੇ ਲੋੜੀਂਦਾ ਦਿੱਤਾ ਗਿਆ ਹੈ। ਅਦਾਕਾਰਾਂ ਕੋਲੋਂ ਕਰਵਾਈ ਗਈ ਕੁਦਰਤੀ ਡਾਇਲਾੱਗ ਡਿਲੀਵਰੀ ਦਰਸ਼ਕਾਂ ਨੂੰ ਬਿਲਕੁਲ ਆਮ ਬੰਦੇ ਦੇ ਹੋਰ ਨੇੜੇ ਕਰਦੀ ਮਹਿਸੂਸ ਹੁੰਦੀ ਹੈ। ਫ਼ਿਲਮ ਵਿੱਚ ਸੰਖੇਪ ਡਾਇਲਾੱਗ ਇਸਤੇਮਾਲ ਕਰਵਾਏ ਗਏ ਹਨ ਅਤੇ ਮਹਾਂਬੀਰ ਭੁੱਲਰ ਦਾ ਕਿਰਦਾਰ ਸਚੁਮੱਚ ਹੀ ਬਹੁਤ ਯਾਦਗਾਰੀ ਹੋ ਨਿੱਬੜਿਆ ਹੈ। ਬੇਸ਼ੱਕ ਕੁਝ ਤਕਨੀਕੀ ਖਾਮੀਆਂ ਫ਼ਿਲਮ ਵਿੱਚ ਨਜ਼ਰ ਆਉਂਦੀਆਂ ਨੇ ਪਰ ਪਹਿਲੀ ਕੋਸ਼ਿਸ਼ ਸਮਝ ਕੇ ਇਹ ਨਜ਼ਰਅੰਦਾਜ਼ ਕਰਨੀਆਂ ਹੀ ਬੇਹਤਰ ਹਨ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਕਈ ਥਾਵਾਂ ਤੇ ਡਾਇਲਾੱਗ ਡਿਲੀਵਰ ਕਰਨ ਤੋਂ ਬਾਅਦ ਕੁਝ ਸਕਿੰਟਾਂ ਦੇ ਲੰਮੇ ਪੌਜ਼ (ਚੁੱਪੀ) ਜ਼ਰੂਰ ਦਰਸ਼ਕਾਂ ਨੂੰ ਬੋਰੀਅਤ ਦਾ ਅਹਿਸਾਸ ਕਰਾਉਂਦੇ ਹਨ ਅਤੇ ਏਸੇ ਲਈ ਦਰਸ਼ਕਾਂ ਨੂੰ ਫ਼ਿਲਮ ਦੇ ਪਹਿਲੇ ਅੱਧ ਤੱਕ ਫ਼ਿਲਮ ਵਿੱਚ ਕੋਈ ਦਿਲਚਸਪੀ ਵੀ ਨਹੀਂ ਜਾਪਦੀ। ਖੈਰ ਨਤੀਜਾ ਕੱਢਦਿਆਂ ਮੈਂ ਇਹ ਗੱਲ ਲਾਜ਼ਮੀ ਕਹਾਂਗੀ ਕਿ ਅਜਿਹੀ ਨਿਵੇਕਲੀ ਵਿਧਾ ਦੀ ਫ਼ਿਲਮ ਨੂੰ ਕਿਸੇ ਫ਼ਿਲਮ ਫ਼ੈਸਟੀਵਲ ਵਿੱਚ ਸ਼ਿਰਕਤ ਕਰਨੀ ਬਣਦੀ ਸੀ ਅਤੇ ਦਰਸ਼ਕਾਂ ਨੂੰ ਵੀ ਅਜਿਹੀਆਂ ਕੋਸ਼ਿਸ਼ਾਂ ਨੂੰ ਹੁੰਗਾਰਾ ਦੇਣਾ ਚਾਹੀਦਾ ਹੈ। ਭਾਵੇਂ ਅਜੇ ਬਹੁਤੇ ਪੰਜਾਬੀਆਂ ਦਾ ਅਜਿਹਾ ਫ਼ਿਲਮੀ ਟੇਸਟ ਵਿਕਸਿਤ ਨਹੀਂ ਹੋਇਆ ਹੈ ਪਰ ਫ਼ਿਲਮ ਦੇ ਕੰਸੈਪਟ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਲਈ ਵਿੱਦਿਅਕ ਅਦਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਜਦੋਂ ਵੱਧ ਤੋਂ ਵੱਧ ਨੌਜਵਾਨ ਅਤੇ ਆਮ-ਖ਼ਾਸ ਲੋਕ ਇਸ ਫ਼ਿਲਮ ਨੂੰ ਜਨ-ਜਨ ਤੱਕ ਪਹੁੰਚਾਉਣਗੇ ਤਾਂ ਮੇਰਾ ਖ਼ਿਆਲ ਹੈ ਕਿ ਨਿਰਦੇਸ਼ਕ ਅਮਨਜੀਤ ਬਰਾੜ ਅਤੇ ਪੰਜਾਬੀ ਸਿਨਮਾ ਆਪਣੇ ਅਸਲ ਮਕਸਦ ਵਿੱਚ ਜ਼ਰੂਰ ਕਾਮਯਾਬ ਹੋਵੇਗਾ। ਉਮੀਦ ਹੈ ਜੋ ਵੀ ਦਰਸ਼ਕ ਏਸ ਰਿਵਿਊ ਨੂੰ ਪੜ੍ਹਨ ਦੀ ਖੇਚਲ ਕਰੇਗਾ ਉਹ ਫ਼ਿਲਮ ਦੇਖਣ ਦੀ ਕੋਸ਼ਿਸ਼ ਵੀ ਲਾਜ਼ਮੀ ਕਰੇਗਾ। ਆਸ ਹੈ ਦਰਸ਼ਕਾਂ ਦੀ ਹੱਲਾਸ਼ੇਰੀ ਅੱਗੋਂ ਵੀ ਅਜਿਹੀਆਂ ਫ਼ਿਲਮਾਂ ਦੇ ਨਿਰਮਾਣ ਲਈ ਨਿਰਦੇਸ਼ਕਾਂ ਦੀ ਹੌਂਸਲਾਅਫ਼ਜ਼ਾਈ ਕਰੇਗੀ। ਆਮੀਨ!!!!
ਪੰਜਾਬੀ ਯੂਨੀਵਰਸਿਟੀ ਪਟਿਆਲਾ
ਰਾਬਤਾ:-98788-89217
-
ਖੁਸ਼ਮਿੰਦਰ ਕੌਰ, ਖੋਜਨਿਗ਼ਾਰ ਪੰਜਾਬੀ ਸਿਨਮਾ
khushminderludhiana@gmail.com
98788-89217
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.