ਆਪਣੀ ਹਲੀਮੀ ਅਤੇ ਮਿੱਠੇ ਸੁਭਾਅ ਲਈ ਜਾਣੇ ਜਾਂਦੇ ਹਿੰਦੀ ਸਿਨੇਮਾ ਦੇ ਬਹੁਤ ਹੀ ਸ਼ਾਨਦਾਰ ਸਾਬਕਾ ਕਲਾਕਾਰ ਅਤੇ ਮੋਜੂਦਾ ਸਮੇਂ ਲੋਕਸਭਾ ਹਲਕੇ ਗੁਰਦਾਸਪੁਰ ਤੋ ਸਾਂਸਦ ਵਿਨੋਦ ਖੰਨਾ ਜੀ ਲੰਮੇ ਸਮੇਂ ਤੋ ਕਾਫੀ ਬਿਮਾਰ ਚੱਲ ਰਹੇ ਹਨ ।ਅੱਜ ਕੱਲ ਫੇਸਬੁੱਕ/ਵਟਸਅੱਪ ਆਦਿ ਸ਼ੋਸ਼ਲ ਮੀਡੀਆ ਉੱਪਰ ਉਹਨਾਂ ਦੀ ਬੇਹੱਦ ਕਮਜੋਰ ਅਤੇ ਬਿਮਾਰ ਹਾਲਤ ਵਿੱਚ ਤਸਵੀਰ ਕਾਫੀ ਜ਼ੋਰਾਂ ਨਾਲ ਸਾਂਝੀ ਹੋ ਰਹੀ ਹੈ ।ਪਿਛਲੇ ਦੋ ਕੁ ਸਾਲਾਂ ਤੋ ਇਹ ਖਬਰ ਮੀਡੀਆ ਜਗਤ ਵਿੱਚ ਸਰਗਰਮ ਹੈ ਕਿ ਵਿਨੋਦ ਖੰਨਾ ਜੀ ਬਲੱਡ ਕੈਂਸਰ ਤੋ ਪੀੜਤ ਹਨ, ਇਹੀ ਕਾਰਨ ਹੈ ਕਿ ਉਹ ਜਿੱਥੇ ਸਿਨੇਮਾ ਘਰਾਂ ਦੀਆਂ ਸਕਰੀਨਾ ਤੋ ਤਾਂ ਗੈਰ ਹਾਜ਼ਰ ਚੱਲ ਹੀ ਰਹੇ ਹਨ ਉਸਦੇ ਨਾਲ ਹੀ ਉਹ ਲੋਕ ਸਭਾ ਸਦਨਾਂ ਵਿੱਚ ਵੀ ਲੰਮੇ ਸਮੇਂ ਤੋ ਵੇਖੇ ਨਹੀ ਗਏ ।ਇੱਕ ਭਿਆਨਕ ਬਿਮਾਰੀ ਦੀ ਜਕੜ ਵਿੱਚ ਹੋਣ ਦੀ ਖਬਰ ਨਾਲ ਜਿੱਥੇ ਸੰਪੂਰਨ ਦੁਨੀਆ ਵਿੱਚਲੇ ਉਹਨਾਂ ਦੇ ਹਿੰਦੀ ਫਿਲਮਾਂ ਦੇ ਪ੍ਰਸ਼ੰਸਕ ਚਿੰਤਾ ਵਿੱਚ ਚੱਲ ਰਹੇ ਹਨ ਉੱਥੇ ਹੀ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵੋਟਰ ਵੀ ਨਿਰਾਸ਼ਾ ਦੇ ਆਲਮ ਵਿੱਚ ਡੁੱਬੇ ਹੋਏ ਹਨ ਜਿੰਨਾਂ ਬਹੁਤ ਹੀ ਸ਼ਾਨਾ-ਮੱਤੇ ਢੰਗ ਨਾਲ ਲੱਖਾ ਵੋਟਾਂ ਪਾ ਕੇ ਉਹਨਾਂ ਨੂੰ ਆਪਣੇ ਹਲਕੇ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਸੀ ।ਉਹਨਾਂ ਸਾਰੇ ਹੀ ਲੋਕਾਂ ਦੀ ਚਿੰਤਾ ਨੁੰ ਵਾਇਰਲ ਹੋਈ ਬਿਮਾਰ ਵਿਨੋਦ ਖੰਨਾ ਦੀ ਤਸਵੀਰ ਨੇ ਹੋਰ ਵੀ ਪ੍ਰੇਸ਼ਾਨੀ ਵਿੱਚ ਡੋਬ ਦਿੱਤਾ ਹੈ ਕਿਉਂਕਿ ਇਸ ਤਸਵੀਰ ਵਿੱਚ ਤਾਂ ਵਿਨੋਦ ਖੰਨਾਂ ਪਹਿਚਾਣ ਵਿੱਚ ਹੀ ਨਹੀ ਆ ਰਹੇ ।ਬੇਹੱਦ ਕਮਜੋਰ ਹੋ ਚੁੱਕੇ ਖੰਨਾ ਜੀ ਦਾ ਭਾਰ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਗਿਆ ਪ੍ਰਤੀਤ ਹੋ ਰਿਹਾ ਹੈ, ਚਿਹਰਾ ਪੂਰੀ ਤਰਾ੍ਹ ਮੁਰਝਾਇਆ ਹੋਇਆ ਹੈ ।ਇੱਥੋ ਤੱਕ ਕਿ ਲੱਗ ਰਿਹਾ ਹੈ ਜਿਵੇਂ ਉਹ ਆਪ ਚੱਲਕੇ ਬਾਥਰੂਮ ਤੱਕ ਵੀ ਨਾ ਜਾ ਸਕਣ ।9 ਵਿਧਾਇਕਾਂ ਬਰਾਬਰ ਸੰਸਦ ਮੈਂਬਰ ਵਿਨੋਦ ਖੰਨਾ ਦਾ ਇਸ ਕਦਰ ਬਿਮਾਰ ਹੋਣਾ ਕਈ ਸਮੱਸਿਆਵਾਂ ਨੂੰ ਜਨਮ ਦੇ ਦਿੰਦਾ ਹੈ ਕਿਉਂ ਜੋ ਉਹਨਾਂ ਦੇ ਹਲਕੇ ਗੁਰਦਾਸਪੁਰ ਦੇ ਹਾਲਾਤ ਵੀ ਕੋਈ ਬਹੁਤੇ ਖੁਸ਼ਨੁਮਾਂ ਨਹੀ ਹਨ ।ਇੱਕ ਪਾਸਿਓ ਗਵਾਂਢੀ ਰਾਜਾਂ ਦੀਆਂ ਹੱਦਾ ਅਤੇ ਦੂਜੇ ਪਾਸਿਓ ਬਾਰਡਰ ਪਾਕਿਸਤਾਨ ਦਾ ।ਬੇਹੱਦ ਦੁੱਖ ਨਾਲ ਸਾਂਝਾ ਕਰਨਾ ਪੈ ਰਿਹਾ ਹੈ ਕਿ ਇਸੇ ਹੀ ਹਲਕੇ ਵਿੱਚ ਪਿਛਲੇ ਸਮੇਂ ਦੀਨਾਨਗਰ ਅੱਤਵਾਦੀ ਹਮਲਾ, ਪਠਾਨਕੋਟ ਏਅਰ ਬੇਸ ਉੱਪਰ ਆਤੰਕੀ ਹਮਲਾ ਵਰਗੀਆਂ ਕਈ ਹੋਰ ਵੀ ਅੱਤਵਾਦੀ ਘਟਨਾਵਾਂ ਵਾਪਰੀਆ ਜਾਂ ਵਾਪਰਨ ਦਾ ਖਦਸ਼ਾ ਹੋਇਆ ।ਪਰ ਆਪਣੀ ਭਿਆਨਕ ਬਿਮਾਰੀ ਦੇ ਚੱਲਦਿਆਂ ਉਸ ਹਲਕੇ ਦਾ ਲੋਕ ਸਭਾ ਮੈਂਬਰ ਵਿਨੋਦ ਖੰਨਾ ਇੱਕ ਵਾਰ ਵੀ ਨਾ ਹਾਲਾਤਾਂ ਦਾ ਜਾਇਜਾ ਲੈਣ ਆ ਸਕਿਆ ਅਤੇ ਨਾ ਕਦੇ ਹਲਕੇ ਦਾ ਵਿਸ਼ੇਸ਼ ਦੌਰਾ ਕਰਕੇ ਹਲਕੇ ਲੋਕਾਂ ਦੀ ਸਮੱਸਿਆਵਾਂ ਨੁੰ ਜਾਨਣਾ ਸੰਭਵ ਹੋਇਆ ।ਸੰਸਦ ਭਵਨ ਵਿੱਚ ਹਲਕੇ ਦੀ ਆਵਾਜ਼ ਜ਼ੋਰ ਦਾਰ ਢੰਗ ਨਾਲ ਸਦਨ ਅੱਗੇ ਰੱਖਣ ਦਾ ਤਾ ਸਵਾਲ ਹੀ ਨਹੀ ਪੈਦਾ ਹੁੰਦਾ ।ਪੰਜਾਬ ਦੇ ਸਿਰਮੌਰ ਪੱਤਰਕਾਰ ਜਤਿੰਦਰ ਪੰਨੂ ਜੀ ਦੇ ਕਥਨ ਮੁਤਾਬਿਕ ਇਸ ਹਲਕੇ ਵਿੱਚ ਅੱਜ ਕੱਲ ਇਹ ਗੱਲ੍ਹ ਮਸ਼ਹੂਰ ਹੈ ਕਿ ਇੱਥੇ ਓਨੀ ਵਾਰ ਸਾਂਸਦ ਨਹੀ ਆ ਸਕਿਆ ਜਿੰਨੀ ਵਾਰ ਇੱਥੇ ਅੱਤਵਾਦੀ ਆ ਗਏ ।ਸਰਹੱਦੀ ਇਲਾਕੇ ਵਿੱਚ ਪੈਂਦੇ ਅਤੇ ਗਵਾਂਢੀ ਰਾਜਾਂ ਨੂੰ ਛੂੰਹਦੇ ਇਸ ਲੋਕ ਸਭਾ ਹਲਕੇ ਗੁਰਦਾਸਪੁਰ ਨੂੰ ਇੱਕ ਮਜਬੂਤ ਸਾਂਸਦ ਦੀ ਸਖ਼ਤ ਜਰੂਰਤ ਹੈ ਪਰੰਤੂ ਆਪਣੀ ਖਰਾਬ ਸਿਹਤ ਦੇ ਚੱਲਦਿਆਂ ਵਿਨੋਦ ਖੰਨਾ ਜੀ ਇਹ ਜਿੰਮੇਵਾਰੀ ਸਹੀ ਢੰਗ ਨਾਲ ਨਿਭਾਉਣ ਤੋ ਅਸਮਰਥ ਚੱਲ ਰਹੇ ਹਨ ।ਸਾਲ 2014 ਵਿੱਚ ਚੁਣੇ ਗਏ ਸਾਂਸਦ ਵਿਨੋਦ ਖੰਨਾ ਦੇ ਕਾਰਜਕਾਲ ਦੇ ਹਾਲੇ ਵੀ 2 ਸਾਲ ਹੋਰ ਪਏ ਹਨ ।ਸੋ ਅਜਿਹੇ ਵਿੱਚ ਉਹਨਾਂ ਨੂੰ ਲੋਕ ਸਭਾ ਮੈਂਬਰ ਦੇ ਅਹੁੱਦੇ ਤੋ ਨਿਮਰਤਾ ਸਹਿਤ ਅਸਤਿਫਾ ਦੇ ਕੇ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ।ਅਸੀ ਵੀ ਆਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਦੀ ਸਿਹਤ ਨੁੰ ਛੇਤੀ ਤੋ ਛੇਤੀ ਨਿਜਾਤ ਬਖਸ਼ਕੇ ਉਹਨਾਂ ਨੂੰ ਮੁੜ ਤੋ ਤੰਦਰੁਸਤ ਕਰੇ ।ਇਸ ਹਲਕੇ ਤੋ ਖੰਨਾ ਜੀ ਤਸਿਰੀ ਵਾਰ ਬਤੌਰ ਸਾਂਸਦ ਚੁਣੇ ਗਏ ਹਨ, ਪਿਛਲੀ ਵਾਰੀਆਂ ਦਾ ਉਹਨਾਂ ਦਾ ਕਾਰਜਕਾਲ ਕਾਫੀ ਹੱਦ ਤੱਕ ਵੋਟਰਾਂ ਨੂੰ ਖੁਸ਼ ਅਤੇ ਪ੍ਰਭਾਵਿਤ ਰੱਖਣ ਵਾਲਾ ਸੀ ।ਇਸ ਲਈ ਉਹਨਾਂ ਨੂੰ ਇਸ ਵਾਰ ਵੀ ਕੁਦਰਤ ਦੀ ਮਰਜ਼ੀ ਨੂੰ ਪ੍ਰਵਾਨ ਕਰਦੇ ਹੋਏ ਆਪਣੀ ਜਗਾ੍ਹ ਕਿਸੇ ਹੋਰ ਸਾਂਸਦ ਨੂੰ ਆਉਣ ਦਾ ਮੌਕਾ ਦੇਣਾ ਚਾਹੀਦਾ ਹੈ ।ਅਜਿਹਾ ਕਰਨ ਨਾਲ ਹਲਕੇ ਦੇ ਵੋਟਰਾਂ ਵਿੱਚ ਵੀ ਉਹਨਾਂ ਦਾ ਮਾਣ-ਸਤਕਾਰ ਜਿਉਂ ਦਾ ਤਿਉਂ ਬਣਿਆ ਰਹੇਗਾ ।ਇਹ ਅਸਤੀਫਾ ਹਲਕੇ ਦੇ ਵੋਟਰਾਂ ਨਾਲ ਅਸਲ ਨਿਆ ਹੋਏਗਾ ।ਤਿੰਨ ਵਾਰ ਸਾਂਸਦ ਰਹੇ ਹੋਣ ਕਾਰਨ ਉਹਨਾਂ ਦੇ ਭੱਤਿਆ, ਅਸਰ-ਰਸੂਖ ਜਾਂ ਮਿਲਣ ਵਾਲੀਆ ਹੋਰ ਸਹੂਲਤਾਂ ਵਿੱਚ ਵੀ ਕੋਈ ਕਮੀਂ ਨਹੀ ਆਏਗੀ ।
ਧੰਨਵਾਦ
ਜਸਪ੍ਰੀਤ ਸਿੰਘ
ਬਠਿੰਡਾ, 99886-46091
jaspreetae18@gmail.com
-
ਜਸਪ੍ਰੀਤ ਸਿੰਘ, ਲੇਖਕ
Jaspreetae18@gmail.com
99886-46091
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.