ਕਿਤਾਬਾਂ ਮਨੁੱਖ ਦਾ ਸਭ ਤੋਂ ਭਰੋਸੇਯੋਗ ਦੋਸਤ ਹੁੰਦੀਆਂ ਹਨ। ਜਿਥੇ ਕਿਤਾਬਾਂ ਪੜ੍ਹਣ ਨਾਲ ਪਾਠਕ ਦੀ ਸੂਝ-ਬੂਝ ਚ ਵਾਧਾ ਹੁੰਦਾ ਹੈ ਉਥੇ ਇਸ ਨਾਲ ਉਹ ਦੂਜਿਆਂ ਦੇ ਤਜਰਬਿਆਂ ਅਤੇ ਹੱਡ-ਬੀਤੀ ਤੋਂ ਗਿਆਨ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਕਾਮਯਾਬੀ ਦੇ ਰਾਹ ਤੋਰ ਸਕਦਾ ਹੈ ਕਿਤਾਬਾਂ ਪੜ੍ਹਣ ਦੀ ਆਦਤ ਇੱਕ ਚੰਗੀ ਆਦਤ ਹੈ। ਕਿਤਾਬਾਂ ਮਨੁੱਖ ਵਾਸਤੇ ਗਿਆਨ ਦਾ ਵਡਮੁੱਲਾ ਸੋਮਾ ਹੁੰਦੀਆਂ ਹਨ।ਉਹ ਲੋਕ ਗਿਆਨ ਵਾਨ ਬਣਦੇ ਹਨ ਜੋ ਕਿਤਾਬਾਂ ਪੜਦੇ ਹਨ। ਮਨੁੱਖ ਦੀ ਹਰ ਉਮਰ ਵਾਸਤੇ ਕਿਤਾਬਾਂ ਉਪਲਭਦ ਹਨ। ਕਿਤਾਬਾਂ ਬਚਿੱਆਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਗਿਆਨ ਵਿਚ ਵਾਧਾ ਕਰਦੀਆਂ ਹਨ। ਕਿਤਾਬਾਂ ਮਨੁੱਖ ਦੀਆਂ ਅੰਦਰਲੀਆਂ ਖਾਮੋਸ਼ੀਆਂ ਨੂੰ ਅਲਾਪ ਬਖਸ਼ਦੀਆਂ ਹਨ। ਕਿਤਾਬਾਂ ਪੜ੍ਹਣ ਨਾਲ ਮਾਨਸਿਕਤਾ ਬਲਵਾਨ ਬਣਦੀ ਹੈ। ਇਸ ਨਾਲ ਵਿਅਕਤੀਤਵ ਵਿਚ ਨਿਖਾਰ ਆਉਦਾ ਹੈ। ਆਦਮੀ ਜਦੋਂ ਉਦਾਸ ਹੋਵੇ ਤਾਂ ਕਿਤਾਬਾਂ ਉਸਨੂੰ ਬੁਲੰਦ ਕਰਦੀਆਂ ਹਨ। ਕਿਤਾਬਾਂ ਪੜਨ ਨਾਲ ਅਸੀ ਖੂਬਸੂਰਤ ਵਾਦੀਆਂ 'ਚ ਪੰਛੀਆਂ ਵਾਂਗਰ ਉਡਾਰੀਆਂ ਮਾਰਨ ਅਤੇ ਮਿਰਗਾਂ ਵਾਂਗਰ ਚੁੰਗੀਆਂ ਭਰਨ ਲੱਗ ਜਾਂਦੇ ਹਾਂ। ਕਿਤਾਬਾਂ ਤਾਂ ਇਨਸਾਨ ਦੀ ਸੋਚ ਨੂੰ ਖੰਭ ਲਾ ਦੇਣ ਵਿੱਚ ਕਾਮਯਾਬ ਹੁੰਦੀਆਂ ਹਨ। ਨਰੋਈ ਜਿੰਦਗੀ ਜੀਉਣ ਵਾਸਤੇ ਮਨੁੱਖ ਕਿਤਾਬਾਂ ਚੋਂ ਬਹੁਤ ਕੁਝ ਸਿੱਖ ਸਕਦਾ ਹੈ।ਵਿੱਦਿਆ ਸਬੰਧੀ ਕਿਤਾਬਾਂ ਨਾਲ ਆਮ ਤੇ ਖਾਸ ਗਿਆਨ 'ਚ ਵਾਧਾ ਹੁੰਦਾ ਹੈ। ਰੋਜ਼ਾਨਾ ਜ਼ਿੰਦਗੀ ਚ ਵਿਚਰਣ ਦਾ ਵੱਲ ਸਿਖਾਉਂਦੀਆਂ ਹਨ ਕਿਤਾਬਾਂ।ਕਿਤਾਬਾਂ ਸਾਨੂੰ ਦੁੱਖਾਂ, ਮੁਸੀਬਤਾਂ ਦੇ ਵਿਰਲਾਪ ਤੋਂ ਮੁਕਤ ਹੋ ਕੇ ਸੁਖਾਵਾਂ ਅਤੇ ਵਧੀਆ ਜੀਵਨ ਜੀਉਣ ਦੀ ਜਾਂਚ ਸਿਖਾਉਂਦੀਆਂ ਹਨ। ਉਹ ਮਨੁੱਖ ਦਾ ਨਿਸੁਆਰਥ ਸਾਥੀ ਹੁੰਦੀਆਂ ਹਨ। ਇਹ ਪਾਠਕ ਨੂੰ ਕਾਇਨਾਤ ਨਾਲ ਦੋਸਤੀ ਗੰਢਣ ਦਾ ਸੱਦਾ ਦਿੰਦੀਆਂ ਹਨ। ਉਸ ਨੂੰ ਵਿਦਵਾਨ ਲਵਾਉਦੀਆਂ ਹਨ।
ਕਈਆਂ ਦੇ ਘਰਾਂ ਚ ਕਿਤਾਬਾਂ ਪੜ੍ਹਣ ਦਾ ਮਾਹੋਲ ਹੁੰਦਾ ਹੈ। ਕਿਤਾਬਾਂ ਸਾਨੂੰ ਮੌਣ ਤੋਂ ਲਾਭ ਲੈਣ, ਇਕਾਂਤ ਵਿੱਚ ਰਹਿਣ ਅਤੇ ਆਦਰਸ਼ ਨਾਲ ਲਿਵ ਜੋੜਨ ਲਈ ਤਿਆਰ ਕਰਦੀਆਂ ਹਨ। ਕਈ ਲੋਕ ਹਰ ਰੋਜ਼ ਸੌਣ ਤੋਂ ਪਹਿਲਾਂ ਕਿਤਾਬਾਂ ਦੇ ਕੁਝ ਪੰਨੇ ਜਰੂਰ ਪ ਪੜ੍ਹਣ ਦੀ ਆਦਤ ਰੱਖਦੇ ਹਨ। ਇਨ੍ਹਾਂ ਲੋਕਾਂ ਚ ਗਿਆਨ ਦੀ ਪਿਆਸ ਹੁੰਦੀ ਹੈ ਜਿਸਦੀ ਕਿਤਾਬਾਂ ਪੜ੍ਹ ਕੇ ਤ੍ਰਿਪਤੀ ਮਿਲਦੀ ਹੈ। ਗਿਆਨ ਹਰ ਬੰਦੇ ਦੀ ਨਿੱਜੀ ਤਾਂਘ ਹੁੰਦੀ ਹੈ।ਇਹ ਪੀੜ੍ਹੀ ਦਰ ਪੀੜ੍ਹੀ ਨਹੀ ਜਾਂਦੀ। ਮਨੁੱਖ ਜਮਾਂਦਰੂ ਹੀ ਗਿਆਨ ਵਾਨ ਨਹੀਂ ਹੁੰਦਾ। ਗਿਆਨ ਆਲੇ-ਦੁਆਲੇ ਤੋਂ ਅਤੇ ਦੂਜਿਆਂ ਦੇ ਤਜਰਬਿਆਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਅਜਿਹਾ ਕਿਤਾਬਾਂ ਤੋਂ ਹਾਸਲ ਕੀਤਾ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਨੇ ਆਪਣੇ ਜੀਵਨ ਵਿਚ ਕਿਸੇ ਨਾ ਕਿਸੇ ਖੇਤਰ ਵਿਚ ਮਾਰਕਾ ਮਾਰਿਆ ਹੁੰਦਾ ਹੈ, ਉਨ੍ਹਾਂ ਨੂੰ ਉਸ ਖੇਤਰ ਦਾ ਭਰਪੂਰ ਗਿਆਨ ਹੁੰਦਾ ਹੈ। ਇਹ ਗਿਆਨ ਉਨ੍ਹਾਂ ਨੇ ਪੜ੍ਹਨ ਤੋਂ ਹੀ ਪ੍ਰਾਪਤ ਕੀਤਾ ਹੁੰਦਾ ਹੈ। ਗਿਆਨ ਦੀ ਭੁੱਖ ਰੱਖਣ ਵਾਲਾ ਬੰਦਾ ਹੀ ਗਿਆਨ ਪ੍ਰਾਪਤ ਕਰਦਾ ਹੈ ਅਤੇ ਆਪਣੇ ਖੇਤਰ ਚ ਪੈਰ ਜਮਾ ਲੈਂਦਾ ਹੈ। ਚੰਗੇਰੀ ਪ੍ਰਾਪਤੀ ਕਰਨ ਵਾਲੇ ਲੋਕਾਂ ਵਿਚ ਪੁਸਤਕਾਂ ਪੜ੍ਹਨ ਦਾ ਸੱਭਿਆਚਾਰ ਹੁੰਦਾ ਹੈ। ਸਾਨੂੰ ਵੀ ਚਾਹੀਦਾ ਹੈ ਕਿ ਅਸੀ ਕਿਤਾਬਾਂ ਪੜ੍ਹੀਏ।ਘਰ ਵਿਚ ਕਿਤਾਬਾਂ ਦਾ ਆਦਾਨ-ਪ੍ਰਦਾਨ ਕਰੀਏ।ਕਿਤਾਬ-ਸੱਭਿਆਚਾਰ ਸਿਰਜੀਏ।
ਪੁਸਤਕ ਸੱਭਿਆਚਾਰ ਕਿਸੇ ਵੀ ਦੇਸ਼ ਜਾਂ ਸਮਾਜ ਦੇ ਲੋਕਾਂ ਦੀ ਉਚੱਤਾ ਦਾ ਆਧਾਰ ਤੇ ਮਿਆਰ ਹੁੰਦਾ ਹੈ।ਸਮਾਜ ਜਾਂ ਕੌਮ ਦੀ ਤਰੱਕੀ ਅਤੇ ਪ੍ਰਫੁੱਲਤਾ ਲਈ ਇਸ ਨੂੰ ਅਪਨਾਉਣਾ ਮਹੱਤਵਪੂਰਨ ਹੁੰਦਾ ਹੈ।
ਕਿੰਨਾ ਚੰਗਾ ਹੋਵੇ ਜੇਕਰ ਕਿਸੇ ਦੇ ਜਨਮ-ਦਿਨ ਮੌਕੇ ਕਿਤਾਬ ਦੇ ਤੋਹਫੇ ਦਿੱਤੇ ਜਾਣ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਹਰ ਵਰਗ ਦੇ ਲੋਕਾਂ ਲਈ ਚੰਗੇਰੀਆਂ ਕਿਤਾਬਾਂ ਉਪਲੱਭਧ ਕਰਵਾਏ।ਅਸਲ ਵਿਚ ਲਾਇਬ੍ਰੇਰੀਆਂ ਪੂਜਨਯੋਗ ਅਸਥਾਨ ਹੁੰਦੇ ਹਨ ਜਿਥੋਂ ਹਰ ਕਿਸੇ ਨੂੰ ਮਨ ਦੀ ਲੋੜ ਮੁਤਾਬਕ ਸਮੱਗਰੀ ਬਿਨਾਂ ਕਿਸੇ ਭੇਦਭਾਵ ਮਿਲ ਸਕਦੀ ਹੈ। ਪਿੰਡਾਂ ਚ ਸਾਂਝੀ ਜਗਾ ਤੇ ਪੁਸਤਕਾਲੇ ਖੋਲੇ ਜਾਣ ਅਤੇ ਪੰਚਾਇਤਾਂ ਤੇ ਸਕੂਲਾਂ ਨੂੰ ਕਿਤਾਬਾਂ ਖਰੀਦਣ ਵਾਸਤੇ ਗਰਾਂਟਾ ਦਿੱਤੀਆਂ ਜਾਣ।
ਚੰਗੇ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਚੰਗੀਆਂ ਕਿਤਾਬਾਂ ਦੇਣ ਨਾਲ ਉਹਨਾਂ ਉਪਰ ਕਿਤਾਬਾਂ ਪੜ੍ਹਣ ਦੀ ਰੁਚੀ ਵਿਕਸਤ ਹੁੰਦੀ ਹੈ। ਵੱਡੇ ਕਿਤਾਬਾਂ ਪੜ੍ਹਣ ਤਾਂ ਇਹ ਆਦਤ ਬੱਚਿਆਂ 'ਚ ਵੀ ਪੈਦਾ ਹੁੰਦੀ ਹੈ। ਸਕੂਲਾਂ ਦੇ ਅਧਿਆਪਕ ਵੀ ਬੱਚਿਆਂ ਵਿਚ ਕਿਤਾਬਾਂ ਪੜ੍ਹਣ ਦੀ ਆਦਤ ਪਾਉਣ ਵਿਚ ਸਹਾਈ ਹੋ ਸਕਦੇ ਹਨ।ਕਲਾਕਾਰ ਕਵੀ, ਸਵਰਨਜੀਤ ਸਵੀ ਵਲੋਂ ਕਿਤਾਬਾਂ ਪੜਣ ਬਾਰੇ ਰਚਿਤ ਕਵਿਤਾ "ਕਿਤਾਬ ਜਾਗਦੀ ਹੈ" ਬੜੀ ਪ੍ਰੇਰਨਾ ਦਾਇਕ ਹੈ:
"ਖਰੀਦੋ-ਰੱਖੋ/ ਪੜ੍ਹੋ ਨਾ ਪੜ੍ਹੋ/ਘਰ ਦੇ ਰੈਕ ਚ ਰੱਖੋ/ਰੱਖੋ ਤੇ ਭੁੱਲ ਜਾਉ/ਜੇ ਤੁਸੀ ਪੜ ਨਹੀਂ ਸਕਦੇ/ਯਾਦ ਨਹੀ ਰੱਖ ਸਕਦੇ/ਸੌਣ ਦਿਉ ਕਿਤਾਬ ਨੂੰ ਮਹੀਨੇ, ਸਾਲ, ਪੀੜੀ ਦਰ ਪੀੜੀ।ਉਡੀਕ ਕਰੋ ਜਾਗੇਗੀ ਕਿਤਾਬ।ਕਿਸੇ ਦਿਨ, ਕਿਸੇ ਪਲ/ਪੜ੍ਹੇਗਾ ਕੋਈ।ਜਿਸਨੇ ਨਹੀਂ ਖਰੀਦਣੀ ਸੀ ਇਹ ਕਿਤਾਬ.....।"
ਕੌਮਾਂਤਰੀ ਸੰਸਥਾ ਸਯੁੰਕਤ ਰਾਸ਼ਟਰ ਨੇ ਜਿੱਥੇ ਵੱਖ-ਵੱਖ ਵਿਸ਼ਿਆਂ, ਜਿਵੇਂ ਕਿ ਮਾਤਾ ਦਿਵਸ, ਪਿਤਾ ਦਿਵਸ, ਵੈਲੰਟਾਈਨ ਦਿਵਸ, ਧਰਤੀ ਦਿਵਸ, ਊਰਜਾ ਦਿਵਸ, ਵਾਤਾਵਰਣ ਦਿਵਸ, ਵਿਗਿਆਨ ਅਤੇ ਤਕਨਾਲੋਜੀ ਦਿਵਸ, ਆਦਿ ਬਾਰੇ ਮਾਨਤਾ ਦਿੱਤੀ ਹੈ ਉੱਥੇ ਵਿਸ਼ਵ ਪੱਧਰ ਤੇ ਅੰਤਰਰਾਸ਼ਟਰੀ ਪੁਸਤਕ ਦਿਵਸ ਮਨਾਉਣ ਦਾ ਦਿਨ ਵੀ ਤੈਅ ਕੀਤਾ ਹੈ।
'ਅੰਤਰਰਾਸ਼ਟਰੀ ਪੁਸਤਕ ਦਿਵਸ' ਮਨਾਉਣ ਦਾ ਮੰਤਵ ਪਾਠਕਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਣ ਵਲ ਪ੍ਰੇਰਤ ਕਰਨਾ ਹੈ ਅਤੇ ਪ੍ਰਕਾਸ਼ਕਾਂ ਨੂੰ ਨਰੋਈ ਸੋਚ ਵਾਲੀਆਂ ਚੰਗੀਆਂ ਪ੍ਰਕਾਸ਼ਨਾਵਾਂ ਕਰਨ ਲਈ ਉਤਸ਼ਾਹਿਤ ਕਰਨਾ ਹੈ।
ਇਸ ਦਿਵਸ ਨੂੰ ਮਨਾਉਣ ਦੇ ਇਤਿਹਾਸ ਤੇ ਝਾਤ ਮਾਰਨ ਤੇ ਪਤਾ ਲੱਗਦਾ ਹੈ ਕਿ ਪਹਿਲੀ ਵਾਰੀ ਇਹ ਦਿਵਸ ਸੰਨ 1995 ਵਿਚ 23 ਅਪ੍ਰੈਲ ਨੂੰ ਮਨਾਉਣ ਦਾ ਫੈਸਲਾ ਲਿਆ ਗਿਆ ਸੀ। ਸਪੇਨ ਦੇ ਸ਼ਹਿਰ ਕੋਟਾਲੋਨੀਆਂ ਦੇ ਕਿਤਾਬ ਵਿਕਰੇਤਾਵਾਂ ਵਲੋਂ ਵਲੈਸ਼ੀਆ ਦੇ ਲਿਖਾਰੀ ਵੀਸੈਂਟ ਨਲੇਵੈਲ ਆਂਦਰੀ ਵਲੋਂ ਦਿੱਤੀ ਸਲਾਹ ਅਨੁਸਾਰ ਅੰਤਰਰਾਸ਼ਟਰੀ ਪੁਸਤਕ ਦਿਵਸ 23 ਅ੍ਰਪੈਲ ਨੂੰ ਮਨਾਉਣ ਦੀ ਪਿਰਤ ਪਾਈ ਗਈ। ਉੱਘੇ ਲਿਖਾਰੀ ਮੀਗੁਲ-ਦੇ-ਸਰਵਾੰਤੇ ਇਸੇ ਦਿਨ ਹੀ ਸੁਰਗਵਾਸ ਹੋਏ ਸਨ।ਉਨਾਂ ਦੀ ਯਾਦ ਵਿਚੋਂ ਅੰਤਰਰਾਸ਼ਟਰੀ ਪੁਸਤਕ ਦਿਵਸ 23 ਅਪ੍ਰੈਲ ਨੂੰ ਮਨਾਇਆ ਜਾਣਾ ਵਾਜਬ ਸਮਝਿਆ ਗਿਆ।ਸੁਯੰਕਤ ਰਾਸ਼ਟਰ ਦੇ ਸਿੱਖਿਆ, ਵਿਗਿਆਨ ਅਤੇ ਸੱਭਿਆਚਾਰਕ ਅਦਾਰੇ ਯੂਨੈਸਕੋ ਵਲੋਂ ਸਾਲ 1995 ਵਿਚ ਕੌਮਾਂਤਰੀ ਪੁਸਤਕ ਦਿਵਸ 23 ਅਪ੍ਰੈਲ ਨੂੰ ਮਨਾਉਣ ਦਾ ਫੈਸਲਾ ਲਿਆ ਗਿਆ। ਦੁਨੀਆਂ ਦੇ 100 ਤੋਂ ਵੀ ਵੱਧ ਦੇਸ਼ ਇਸ ਦਿਨ ਨੂੰ ਬੜੇ ਚਾਅ ਅਤੇ ਰੀਝ ਨਾਲ ਮਨਾਉਂਦੇ ਹਨ।
ਇਹ ਦਿਨ ਉੱਘੇ ਲੇਖਕਾਂ, ਵਿਲੀਅਮ ਸ਼ੇਖਸ਼ਪੀਅਰ ਅਤੇ ਇੰਕਾ ਗਾਰ ਸੀ ਲਾਸੋ-ਦੀ-ਲਾ-ਵੇਗਾ, ਦੀ ਬਰਸੀ ਦਾ ਦਿਨ ਹੈ। ਇੰਗਲੈਂਡ ਵਿਖੇ 'ਅੰਤਰ-ਰਾਸ਼ਟਰੀ ਪੁਸਤਕ ਦਿਵਸ' ਮਾਰਚ ਮਹੀਨੇ ਦੇ ਪਹਿਲੇ ਵੀਰਵਾਰ ਨੂੰ ਮਨਾਇਆ ਜਾਂਦਾ ਹੈ। ਸਮਾਜ ਦਾ ਹਰੇਕ ਉਹ ਸਖ਼ਸ ਜਿਸ ਨੂੰ ਕਿਤਾਬਾਂ ਦੀ ਮਹਤੱਤਾ ਬਾਰੇ ਜਾਣਕਾਰੀ ਹੈ, ਇਸ ਦਿਵਸ ਨੂੰ ਬੜੇ ਚਾਅ ਨਾਲ ਮਨਾਉਂਦਾ ਹੈ।
ਇਸ ਦਿਵਸ ਨੂੰ ਮਨਾਉਣ ਦੇ ਢੰਗ-ਤਰੀਕੇ ਵੱਖ-ਵੱਖ ਹੋ ਸਕਦੇ ਹਨ। ਕੁਝ ਅਦਾਰੇ ਤਾਂ ਕਿਤਾਬਾਂ ਦੀ ਨੁਮਾਇਸ਼ ਲਾਉਦੇ ਹਨ। ਇਨ੍ਹਾਂ ਨੁਮਾਇਸ਼ਾਂ ਵਿੱਚ ਵੱਖ-ਵੱਖ ਪ੍ਰਕਾਸ਼ਕ ਭਾਗ ਲੈਂਦੇ ਹਨ। ਉਨਾਂ ਵਲੋਂ ਕਿਤਾਬਾਂ ਦੀ ਵੱਧ ਤੋਂ ਵੱਧ ਪਾਠਕਾਂ ਕੋਲ ਕਿਤਾਬਾਂ ਦਾ ਖਜ਼ਾਨਾ ਵੇਚ ਕੇ ਕਿਤਾਬਾਂ ਨੂੰ ਘਰ-ਘਰ ਪਹੁੰਚਾਉਣ ਦੇ ਯਤਨ ਕੀਤੇ ਜਾਂਦੇ ਹਨ। ਵਿਦਿਆਰਥੀਆਂ ਨੂੰ ਇਨਾਮ ਵਜੋਂ ਕਿਤਾਬਾਂ ਵੰਡੀਆਂ ਜਾਦੀਆਂ ਹਨ। ਪੁਸਤਕ ਸੱਭਿਆਚਾਰ ਬਾਰੇ ਭਾਸ਼ਣ ਕਰਵਾਏ ਜਾਂਦੇ ਹਨ। ਵਿਦਿਅਕ ਅਦਾਰੇ ਵੱਧ-ਚੜ੍ਹ ਕੇ ਇਨਾਂ ਪੁਸਤਕ ਉਤਸਵਾਂ ਚ ਭਾਗ ਲੈਂਦੇ ਹਨ।ਬਹੁਤ ਸਾਰੇ ਸਕੂਲਾਂ, ਕਾਲਜਾਂ ਯੂਨੀਵਰਸਿਟੀਆਂ ਦੇ ਲੋਗੋ ਵਿਚ ਪੁਸਤਕ ਨੂੰ ਦਰਸਾਇਆ ਗਿਆ ਹੁੰਦਾ ਹੈ ਅਜਿਹਾ ਦਰਸਾ ਕੇ ਗਿਆਨ ਦੇ ਪਸਾਰ ਵੱਲ ਇਸ਼ਾਰਾ ਕੀਤਾ ਗਿਆ ਹੁੰਦਾ ਹੈ।ਕਈ ਵਿਦਿਅਕ ਅਦਾਰੇ ਢੁਕਵੇਂ ਨਾਅਰਿਆਂ ਰਾਂਹੀ ਪੁਸਤਕ ਸੱਭਿਆਚਾਰ ਨੂੰ ਪ੍ਰੋਤਸ਼ਾਹਿਤ ਕਰਦੇ ਹਨ।ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ ਦੇ ਕੈਂਪਸ ਤੇ ਵੀ ਇੱਕ ਵਿਸ਼ੇਸ਼ ਚਿੰਨ ਸਥਾਪਿਤ ਕੀਤਾ ਗਿਆ ਹੈ ਜਿਸ ਰਾਂਹੀ ਦਰਸ਼ਕਾਂ ਨੂੰ ਪੁਸਤਕ ਸੱਭਿਆਚਾਰ ਨੂੰ ਵਿਕਸਤ ਕਰਨ ਦਾ ਸੰਦੇਸ਼ ਮਿਲਦਾ ਹੈ।
ਡਾ. ਜਗਤਾਰ ਸਿੰਘ ਧੀਮਾਨ
ਰਜਿਸਟਰਾਰ, ਗੁਰੂ ਕਾਸ਼ੀ ਯੂਨੀਵਰਸਿਟੀ
ਤਲਵੰਡੀ ਸਾਬੋ, ਬਠਿੰਡਾ।
87250-35444
-
ਡਾ. ਜਗਤਾਰ ਸਿੰਘ ਧੀਮਾਨ, ਰਜਿਸਟਰਾਰ, ਗੁਰੂ ਕਾਸ਼ੀ ਯੂਨੀਵਰਸਿਟੀ
gkuregistrar@gmail.com
87250-35444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.