ਖ਼ਬਰ ਹੈ ਕਿ ਪੰਜਾਬ ‘ਚ ਛਪੀ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਹਰੇਕ ਅੱਠਵਾਂ ਪੰਜਾਬੀ ਤਣਾਅ ਦਾ ਸ਼ਿਕਾਰ ਹੈ। ਰਿਪੋਰਟ ਮੁਤਾਬਕ ਤਣਾਅ ਤੋਂ ਪੀੜਤ 80 ਫੀਸਦੀ ਲੋਕਾਂ ਨੂੰ ਇਲਾਜ ਨਹੀਂ ਮਿਲ ਰਿਹਾ। ਇਲਾਜ ਨਾ ਹੋਣ ਕਾਰਨ ਖੁਦਕਕੁਸ਼ੀਆਂ ਵੱਧ ਰਹੀਆਂ ਹਨ। ਰਿਪੋਰਟ ‘ਚ ਇਹ ਤੱਥ ਸਾਹਮਣੇ ਆਏ ਹਨ ਕਿ ਸ਼ਹਿਰੀਆਂ ਨਾਲੋਂ ਪੇਂਡੂ ਲੋਕ ਤਣਾਅ ਵਿੱਚ ਵੱਧ ਹਨ। ਇਸ ਬਿਮਾਰੀ ਨੇ ਵੱਡੀ ਉਮਰ ਦੇ ਲੋਕਾਂ ਨੂੰ ਵੱਧ ਘੇਰਿਆ ਹੋਇਆ ਹੈ। ਵੱਡੀ ਉਮਰ ਦੇ ਲੋਕ ਬੱਚਿਆਂ ਦੇ ਨਸ਼ਿਆਂ ‘ਚ ਫਸ ਜਾਣ ਕਾਰਨ ਵੱਧ ਚਿੰਤਤ ਰਹਿੰਦੇ ਹਨ। ਕਿਸਾਨ ਖੇਤੀ ‘ਚ ਪਏ ਘਾਟੇ ਕਾਰਨ ਚਿੰਤਤ ਹਨ। ਕੁਲ ਮਿਲਾਕੇ ਪੰਜਾਬ ‘ਚ 21.9 ਲੱਖ ਲੋਕ ਤਣਾਅ ਦਾ ਦੁੱਖ ਭੋਗ ਰਹੇ ਹਨ, ਸਿਰਫ 4.38 ਲੱਖ ਲੋਕਾਂ ਨੂੰ ਹੀ ਇਲਾਜ ਮਿਲ ਰਿਹਾ ਹੈ।
ਨਿੱਤ ਮੁਹਿੰਮਾਂ ਨੇ ਪੰਜਾਬੀਆਂ ਨੂੰ! ਕਦੇ ਜੰਗ! ਕਦੇ ਭੰਗ!! ਕਦੇ ਰੰਗ!!! ਕਦੇ ਪੰਜਾਬੀਆਂ ਨੂੰ ਪ੍ਰੇਸ਼ਾਨ ਕਰਦੇ ਨੇ ਹਾਕਮ ਦਿਲੀ ਦੇ! ਕਦੇ ਪੰਜਾਬੀਆਂ ਨੂੰ ਪ੍ਰੇਸ਼ਾਨ ਕਰਦੇ ਨੇ ਉਚੇ, ਮਹਿਲ ਮੁਨਾਰਿਆ ਵਾਲੇ! ਕਦੇ ਹਮਸਾਏ ਵੀ, ਮਾਂ ਪਿਉ ਜਾਏ ਵੀ! ਤਦੇ ਭਾਈ ਚੌਥਾਈ ਪੰਜਾਬੀ ਪਾਸਪੋਰਟ ਬਣਾਕੇ, ਵਿਦੇਸ਼ਾਂ ‘ਚ ਜਾ ਵਿਰਾਜੇ! ਚੌਥਾਈ ਜੇਬਾਂ ‘ਚ ਪਾਸਪੋਰਟ ਪਾ ਘੁੰਮ ਰਹੇ ਆ, ਕਿਹੜੇ ਵੇਲੇ ਉਨ੍ਹਾਂ ਲਈ ਜਹਾਜ਼ ਆਵੇ,ਉਨ੍ਹਾਂ ਨੂੰ ਸਮੁੰਦਰੋਂ ਪਾਰ ਲੈ ਜਾਵੇ! ਇਹ ਸਮੁੰਦਰ ਦਾ ਪਾਰ ਭਾਵੇਂ ਹੋਏ ਮਸਕਟ, ਭਾਵੇਂ ਨੀਊਯਾਰਕ! ਭਾਵੇਂ ਹੋਏ ਡੁਬਈ ਜਾਂ ਹੋਵੇ ਵੈਨਕੋਵਰ! ਭਾਵੇਂ ਹੋਏ ਮਾਰੀਸ਼ਸ ਜਾਂ ਭਾਵੇਂ ਹੋਏ ਫਰੈਂਕਫਰਟ! ਪਰ ਕਈ ਵਿਚਾਰੇ ਜਹਾਜ਼ ਵੈਨਕੋਵਰ ਵਾਲੇ ‘ਚ ਬਿਠਾਏ ਜਾਂਦੇ ਆ, ਤੇ ਉਤਾਰ ਲਈ ਜਾਂਦੇ ਆ ਮੁੰਬਈ ਜਾਂ ਮਦਰਾਸ, ਜਿੱਥੇ ਉਹ ਲੱਭਦੇ ਆ ਗੋਰੇ, ਗੋਰੀਆਂ ਤੇ ਲੱਭਦੇ ਆ ਉਨ੍ਹਾਂ ਨੂੰ ਕਾਲੇ ਮਦਰਾਸੀ, ਤਮਿਲ! ਤੇ ਭਾਈ ਉਨ੍ਹਾਂ ਨੂੰ ਪੰਡਾਂ ਕਰਜ਼ਿਆਂ ਦੀਆਂ ਚੜ੍ਹਾਕੇ ਸਿਰ ਤਣਾਅ ਨਾ ਹੋਊ ਤਾਂ ਕੀ ਹੋਊ? ਕੈਂਸਰ ਨਾ ਹੋਊ ਤਾਂ ਕੀ ਸਿਰਫ ਸਿਰ ਦਰਦ ਹੀ ਹੋਊ?
ਉਂਜ ਭਾਈ ਖੁਲ੍ਹੇ-ਡੁਲੇ ਸੁਭਾਅ ਵਾਲੇ ਮੱਕੀ ਦੀ ਰੋਟੀ ਸਰੋਂ ਦਾ ਸਾਗ,ਗੁੜ੍ਹ ਦੀ ਡਲੀ ਨਾਲ ਸਬਰ ਕਰਨ ਵਾਲੇ ਜਦੋਂ ਦੇ ਬਰਗਰਾਂ,ਸ਼ਰਗਰਾਂ, ਮੋਬਾਇਲ, ਮੋਟਰ ਸਾਈਕਲ, ਕੋਲੇ, ਫੈਂਟੇ, ਕਾਲੀ, ਚਿੱਟੇ, ਦੇ ਮਗਰ ਪਏ ਹੋਏ ਆ, ਉਦੋਂ ਤੋਂ ਤਾਂ ਭਾਈ ਵਾਹਵਾ ਤਣਾਅ ‘ਚ ਰਹਿੰਦੇ ਆ। ਰਹਿੰਦਾ ਖੂੰਹਦਾ ਤਣਾਅ ਜ਼ਹਿਰੀਲੀਆਂ ਦੁਆਈਆਂ ਦੇ ਛਿੜਕਾਅ, ਖਾਦਾਂ, ਨੇ ਉਨ੍ਹਾਂ ਪੱਲੇ ਪਾ ਤਾ, ਜੀਹਨੇ ਖੇਤੀ ਦੀ ਕਮਾਈ ਵਧਾਉਣ ਦੀ ਥਾਂ ਉਨ੍ਹਾਂ ਪੱਲੇ ‘ਘਾਟਾ‘ ਪਾ ਤਾ। ਤਦੇ ਭਾਈ ਪੰਜਾਬੀ ਹੁਣ ਖੁਲ੍ਹ ਕੇ ਹੱਸਦੇ ਨਹੀਂ, ਬਸ ਹੀਂ, ਹੀਂ ਕਰਦੇ ਆ।ਖੁਲ੍ਹ ਕੇ ਰੋਂਦੇ ਨਹੀਂ, ਬਸ ਰੀਂ, ਰੀਂ ਕਰਦੇ ਆ। ਬੜ੍ਹਕ ਨਹੀਂ ਮਾਰਦੇ, ਭੰਗੜੇ ਨਹੀਂ ਪਾਉਂਦੇ, ਬਸ ਲੱਤਾਂ ਹਿਲਾਉਂਦੇ ਆ। ਤਦੇ ਭਾਈ ਉਨ੍ਹਾਂ ਦੇ ਚਿਹਰੇ ਤਿੜਕੇ ਤਿੜਕੇ ਦਿਸਦੇ ਆ। ਰੋਣਕਾਂ ਦੇ ਗੀਤਾਂ ਦੀ ਥਾਂ, ਪੀੜਾਂ ਦੇ ਪਰਾਗੇ ਦਿਸਦੇ ਆ। ਤਦੇ ਕਵੀ ਲਿਖਦਾ ਆ,“ਮੈਂ ਸ਼ੀਸ਼ਾ ਹਾਂ ਜਦੋਂ ਵੀ ਮੁਸਕਰਾਵੇ ਮੁਸਕਰਾਵਾਂਗਾ, ਜ਼ਰਾ ਮੱਥੇ ‘ਤੇ ਵੱਟ ਵੇਖੇ, ਉਥਾਂਈ ਤਿੜਕ ਜਾਵਾਂਗਾ“।
ਮੇਰੀ ਨਗਰੀ ਹੈ ਜ਼ਹਿਰੀਲੀ ਤੇ ਘਰ ਦੀ ਧਰਤ ਪਥਰੀਲੀ
ਖ਼ਬਰ ਹੈ ਕਿ ਪੰਜਾਬ ‘ਚ ਨਵੀਂ ਬਣੀ ਕਾਂਗਰਸ ਸਰਕਾਰ ਨੇ ਭਾਵੇਂ ਐਲਾਨ ਕੀਤਾ ਹੈ ਕਿ ਉਹ ਰੇਤ ਮਾਫੀਆ ਦਾ ਖਾਤਮਾ ਕਰੇਗੀ ਤਾਂ ਜੋ ਲੋਕਾਂ ਨੂੰ ਰੇਤਾ ਤੇ ਬਜ਼ਰੀ ਸਸਤੇ ਭਾਅ ਮਿਲ ਸਕੇ, ਪਰ ਜਦੋਂ ਤੋਂ ਕਾਂਗਰਸ ਸਰਕਾਰ ਹੋਂਦ ਵਿਚ ਆਈ ਹੈ,ਉਦੋਂ ਤੋਂ ਰੇਤ ਅਤੇ ਬਜ਼ਰੀ ਦਾ ਭਾਅ ਅਸਮਾਨ ਛੂਹਣ ਲੱਗਾ ਹੈ। ਰੇਤੇ ਦਾ ਭਾਅ ਤਾਂ ਦੁਗਣਾ ਹੋ ਗਿਆ ਹੈ ਜਦੋਂ ਕਿ ਬਜ਼ਰੀ ਦੇ ਭਾਅ ਵੀ 15 ਰੁਪਏ ਕੁਇੰਟਲ ਵੱਧ ਗਏ ਹਨ। ਰੇਤਾ ਬਜ਼ਰੀ ਵੇਚਣ ਵਾਲੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਹੀਨਾ ਪਹਿਲਾ ਤਕ ਰੇਤੇ ਦਾ ਭਾਅ 30 ਤੋਂ 35 ਕੁਇੰਟਲ ਸੀ ਜਦੋਂ ਕਿ ਸਰਕਾਰ ਦੇ ਗਠਨ ਤੋਂ ਬਾਅਦ ਭਾਅ 90 ਰੁਪਏ ਤੋਂ 100 ਰੁਪਏ ਕਵਿੰਟਲ ਹੋ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਗੱਡੀਆਂ ਦੇ ਚਲਾਣ ਕੱਟਣ ਕਾਰਨ ਇਹ ਹਾਲਾਤ ਪੈਦਾ ਹੋਏ ਹਨ।
ਪਹਿਲਾਂ ਵੀ ਸਰਕਾਰ ਆਪਣੀ ਸੀ, ਹੁਣ ਵੀ ਸਰਕਾਰ ਆਪਣੀ ਹੈ। ਸਿਰਫ ਪੱਗ ਦਾ ਹੀ ਫਰਕ ਪਿਆ ਸੀ। ਪਹਿਲਾਂ ਨੀਲੀ, ਪੀਲੀ ਸੀ, ਹੁਣ ਚਿੱਟੀ, ਗੁਲਾਬੀ ਹੋ ਗਈ ਹੈ। ਦਲਾਲਾਂ ਦੇ ਪਹਿਲਾਂ ਵੀ ਵਾਰੇ-ਨਿਆਰੇ ਸਨ। ਹੁਣ ਵੀ ਵਾਰੇ-ਨਿਆਰੇ ਹਨ। ਪਹਿਲਿਆਂ ਨੂੰ ਛੱਡ ਉਨ੍ਹਾਂ ਨਵਿਆਂ ਨਾਲ ਗੰਢ-ਤੁਪ ਕਰ ਲਈ ਹੈ। ਜੇਕਰ ਏਂਦਾ ਨਾ ਹੁੰਦਾ ਤਾਂ “ਡੋਡਾ“ ਜਾਂ “ਡੋਡੇ“ ਦੇ ਬੰਦੇ ਸ਼ਰਾਬ ਦੇ ਠੇਕਿਆਂ ਦਾ ਠੇਕਾ ਆਪਣੇ ਨਾਮ ਨਾ ਲੈ ਪਾਉਂਦੇ। ਜਿਵੇਂ ਭਾਈ ਲਾਲ ਬੱਤੀ ਵਾਲੀਆਂ ਗੱਡੀਆਂ ਉਤੇ ਰਤਾ ਕੁ ਕਪੜਾ ਪੈ ਗਿਆ ਜਾਂ ਪਲਾਸਟਿਕ ਦਾ ਢੱਕਣ ਜਿਹਾ ਲੱਗ ਗਿਆ, ਪਰ ਅੰਦਰੋਂ ਦਬਕਾ ਉਵੇਂ ਦਾ ਹੀ ਆ, ਵੱਡਿਆਂ ਵਾਲਾ ਤਮਾਸ਼ਾ, ਰੰਗ-ਢੰਗ ਪਹਿਲਾਂ ਵਰਗਾ ਹੀ ਆ। ਅਫਸਰਾਂ ਉਤੇ ਰੋਹਬ, ਮੁਲਾਜ਼ਮਾਂ ਵੱਲ ਘੂਰੀ, ਦਰਬਾਰ ‘ਚ ਹਾਜ਼ਰੀ, ਤੇ ਸਿਰਫ “ਆਪਣਿਆਂ“ ਦੇ ਕੰਮ। ਅਸਲ ‘ਚ ਤਾਂ ਭਾਈ ਮੇਰਾ ਪਿੰਡ, ਸ਼ਹਿਰ, ਦੇਸ਼ ਜ਼ਹਿਰੀਲਾ ਹੋਇਆ ਪਿਆ। ਨਫਰਤ ਦੇ ਰੰਗ ‘ਚ ਰੰਗਿਆ ਗਿਆ। ਭਾਈ-ਭਤੀਜਵਾਦ, ਭਿ੍ਰਸ਼ਟਾਚਾਰ, ਮਾਫੀਏਰਾਜ, ਰੁਕਬਾਪਰਵਰੀ ਨੇ ਇਸਦਾ ਰੰਗ ਘਸਮੈਲਾ ਕਰ ਦਿੱਤਾ! ਗੱਲ ਈਮਾਨ ਦੀ ਨਹੀਂ ਸ਼ੈਤਾਨ ਦੀ ਬਣ ਕੇ ਰਹਿ ਗਈ ਆ। ਤਦੇ ਤਾਂ ਕਵੀ ਲਗਾਤਾਰ ਆਂਹਦਾ ਆ,“ਮੇਰੀ ਨਗਰੀ ਹੈ ਜ਼ਹਿਰੀਲੀ ਤੇ ਘਰ ਦੀ ਧਰਤ ਪਥਰੀਲੀ, ਲਿਜਾ ਕੇ ਰਾਤ ਦੀ ਰਾਣੀ ਮੈਂ ਕਿਸ ਵਿਹੜੇ ‘ਚ ਲਾਵਾਂਗਾ“।
ਯਾਰੀ ਤੋੜ ਕੇ ਖੁੰਢਾਂ ਤੇ ਬਹਿ ਗਿਆ
ਖ਼ਬਰ ਹੈ ਕਿ ਅਮਰੀਕਾ-ਰੂਸ ਦੇ ਵਿਚ ਟਕਰਾਅ ਚਰਮ ਸੀਮਾ ਉਤੇ ਪੁੱਜ ਗਿਆ ਹੈ। ਸ਼ੈਤਾਨਾਂ ਦਾ ਟਕਰਾਅ ਸਿਰਫ ਇੱਕ ਇੰਚ ਦੂਰ ਰਹਿ ਗਿਆ ਹੈ। ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਉਬਾਮਾ ਸੀਰੀਆ ਉੇਤੇ ਸਿੱਧੇ ਹਮਲੇ ਦੀ ਵਿਜਾਏ ਆਈ.ਐਸ.ਨੂੰ ਨਿਸ਼ਾਨਾ ਬਣਾ ਰਹੇ ਸਨ ਲੇਕਿਨ ਸੀਰੀਆ ਉਤੇ ਸਿੱਧੇ ਹਮਲਿਆ ਨਾਲ ਰੂਸ ਬੁਖਲਾ ਉਠਿਆ ਹੈ ਕਿਉਂਕਿ ਸੀਰੀਆ ਦੀ ਅਸਦ ਸਰਕਾਰ ਨੂੰ ਰੂਸ ਦਾ ਸਿੱਧਾ ਸਮਰਥਨ ਹੈ ਇਸ ਲਈ ਰੂਸੀ ਪ੍ਰਧਾਨ ਮੰਤਰੀ ਨੇ ਚਿਤਾਵਨੀ ਦਿਤੀ ਹੈ ਕਿ ਮਾਸਕੋ ਅਤੇ ਵਾਸ਼ਿਗਟਨ ਦੇ ਵਿਚ ਟਕਰਾਅ ਕਿਸੇ ਸਮੇਂ ਵੀ ਹੋ ਸਕਦਾ ਹੈ।
ਟਰੰਪ-ਪੁਤਿਨ ਦੀ ਮਿੱਤਰਤਾ ਤਾਂ ਭਾਈ ਜਗਤ ਪ੍ਰਸਿੱਧ ਹੋ ਗਈ ਸੀ, ਉਵੇਂ ਹੀ ਜਿਵੇਂ ਹਿੰਦੀ-ਚੀਨੀ ਭਾਈ ਭਾਈ ਦਾ ਨਾਹਰਾ ਕਿਸੇ ਵੇਲੇ ਗੂੰਜਿਆ ਸੀ, ਨਹਿਰੂ ਤੇ ਚੂ ਇਨ ਲਾਈ ਇੱਕਠੇ ਕੌਫੀ ਦੀਆਂ ਚੁਸਕੀਆਂ ਲੈਂਦੇ ਸਨ। ਫਿਰ ਚੀਨੀਆਂ ਨੇ ਘੋਪਿਆ ਹਿੰਦੋਸਤਾਨ ਦੇ ਪੇਟ ਵਿੱਚ ਛੁਰਾ ਤੇ ਉਹ ਗਿਆ-ਉਹ ਗਿਆ। ਇਵੇਂ ਹੀ ਪੁਤਿਨ ਨੇ ਟਰੰਪ ਨੂੰ ਅਮਰੀਕੀ ਗੱਦੀ ਤੇ ਬਿਠਾਉਣ ਲਈ “ਅੱਡੀਆਂ ਤੱਕ ਜ਼ੋਰ ਲਗਾ ਦਿਤਾ, ਉਹਦੀ ਤਾਜਪੋਸ਼ੀ ਕਰਵਾਈ, ਤੇ ਜਦੋਂ ਟਰੰਪ ਚੜ੍ਹ ਗਿਆ, ਹਿਰਨਾਂ ਦੇ ਸਿੰਗੀ ਤੇ ਮਾਰਨ ਲੱਗ ਪਿਆ ਵਿਦੇਸ਼ੀਆਂ ਨੂੰ ਦਬਕੇ, ਕਿ ਭਾਈ ਕਰੋ ਕਿਨਾਰਾ ਇਥੋਂ, ਇਹ ਅਮਰੀਕਾ ਦੇਸ਼ ਹਮਾਰਾ ਆ ਤਾਂ ਪੁਤਿਨ ਨੂੰ ਥੋੜ੍ਹਾ ਥੋੜ੍ਹਾ ਤਾਂ ਸਮਝ ਆਈ ਹੀ ਹੋਊ! ਤੇ ਹੁਣ ਜਦੋਂ ਰੂਸੀ ਟਿਕਾਣੇ “ਸੀਰੀਆ“ ਦੀਆਂ ਲੱਤਾਂ ਭੰਨਣ “ਟਰੰਪ“ ਤੁਰ ਪਿਆ ਤਾਂ ਟਰੰਪ-ਪੁਤਿਨ ਯਾਰੀ ਟੁੱਟ ਗਈ ਤੜਕ ਕਰਕੇ! ਹੈ ਕਿ ਨਹੀ?
ਉਂਜ ਲੱਖ ਪੁਤਿਨ, ਟਰੰਪ ਨੂੰ ਲੱੱਖ ਮਿਹਨੇ ਮਾਰੇ ਤੇ ਕਹੇ,“ਖੰੁਢਾਂ ਤੇ ਬਹਿ ਗਿਆ, ਵੇ ਹੁਣ ਕੀ ਤੂੰ ਰੱਬ ਬਣ ਗਿਆ“? ਪਰ ਭਾਈ ਟਰੰਪ ਤਾਂ ਸੱਚੋਂ ਰੱਬ ਬਣ ਗਿਆ, ਜੀਹਨੂੰ ਨਾ ਕਾਨੂੰਨ ਦੀ ਪਰਵਾਹ ਆ, ਨਾ ਨੈਤਿਕਤਾ ਦੀ, ਉਵੇਂ ਹੀ ਜਿਵੇਂ ਆਹ ਆਪਣੇ “ਗੁਰੂ ਹੋ ਜਾਂ ਸ਼ੁਰੂ“ ਵਾਲੇ ਸਿੱਧੂ ਬਾਬੇ ਨੂੰ ਆ, ਜਿਹੜਾ ਪੰਜਾਬ ‘ਚ ਵਜ਼ੀਰ ਬਣਿਆ ਬੈਠਾ ਤੇ ਮੁੰਬਈ ਆਕੇ ਲੋਕਾਂ ਨੂੰ ਮਸ਼ਕਰੀਆਂ ਕਰੀ ਜਾਂਦਾ। ਅਤੇ ਜਿਵੇਂ ਆਪਣੇ ਟਰੰਪ ਦੇ ਮਿੱਤਰ ਮੋਦੀ ਨੂੰ ਆ, ਜਿਹੜਾ “ਹਿੰਦੋਸਤਾਨੀ ਹਿੰਦੂਆਂ ਦਾ ਰੱਬ“ ਬਣਿਆ, ਬਾਕੀਆਂ ਨੂੰ ਟਿੱਚ ਸਮਝੀ ਜਾਂਦਾ ਅਤੇ ਭਗਵਿਆਂ ਅਦੱਤਿਆ ਯੋਗੀਆਂ ਦੇ ਰਾਜ ਤਿਲਕ ਲਗਾਕੇ ਮੁਖਮੰਤਰੀ ਬਣਾਈ ਜਾਂਦਾ ਆ।
ਗੰੁਮ ਹੈ, ਗੰੁਮ ਹੈ, ਗੰੁਮ ਹੈ
ਖ਼ਬਰ ਹੈ ਕਿ ਸੁਪਰੀਮ ਕੋਰਟ ਗਊ ਰੱਖਿਅਕਾਂ ਦੇ ਨਾਂਅ ਤੇ ਬਣੇ ਸੰਗਠਨਾਂ ‘ਤੇ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਪਾਈ ਇੱਕ ਪਟੀਸ਼ਨ ‘ਤੇ ਜਸਟਿਸ ਮਿਸ਼ਰਾ ਅਤੇ ਜਸਟਿਸ ਖਾਨ ਵਿਲਕਰ ਦੀ ਅਗਵਾਈ ਵਾਲੇ ਇੱਕ ਬੈਂਚ ਨੇ ਕੇਂਦਰ ਸਰਕਾਰ ਤੇ 6 ਸੂਬਿਆਂ ਸਮੇਤ ਗੁਜਰਾਤ, ਰਾਜਸਥਾਨ ਨੂੰ ਨੋਟਿਸ ਜਾਰੀ ਕਰਕੇ ਤਿੰਨ ਹਫਤਿਆਂ ‘ਚ ਜਵਾਬ ਤਲਬ ਕੀਤਾ ਹੈ। ਦਰਅਸਲ ਪਟੀਸ਼ਨ ਕਰਤਾ ਰਾਜਸਥਾਨ ਦੇ ਅਲਵਰ ਇਲਾਕੇ ਦੀ ਘਟਨਾ ਜਿਸ ਵਿਚ ਗਊ ਰੱਖਿਆਕਾਂ ਦੇ ਨਾਂਅ ਉਤੇ ਘੱਟ ਗਿਣਤੀ ਭਾਈਚਾਰੇ ਦੇ ਵਿਅਕਤੀ ਦੀ ਲੋਕਾਂ ਸੜਕ ਉਤੇ ਘੇਰ ਕੇ ਹੱਤਿਆ ਕਰ ਦਿੱਤੀ ਸੀ। ਪਰਟੀਸ਼ਨ ਵਿਚ ਕਿਹਾ ਗਿਆ ਕਿ ਗਊ ਰੱਖਿਅਕ ਸੰਗਠਨਾਂ ਨੂੰ ਸਰਕਾਰੀ ਮਾਨਤਾ ਮਿਲੀ ਹੋਈ ਹੈ, ਜਿਸ ਕਾਰਨ ਉਨ੍ਹਾਂ ਦੇ ਹੌਸਲੇ ਬੁਲੰਦ ਹਨ।
ਚੀਸ ਵੱਟ ਲਉ! ਮੂੰਹ ‘ਤੇ ਚੇਪੀ ਲਗਾ ਲਉ! ਅੱਖਾਂ ਬੰਦ ਕਰ ਲਉ! ਬਾਪੂ ਕੇ ਤੀਨ ਬੰਦਰਾਂ ਦਾ ਉਪਦੇਸ਼ ਹੈ। ਬੁਰਾ ਮਤ ਕਰੋ। ਬੁਰਾ ਮਤ ਦੇਖੋ।ਬੁਰਾ ਮਤ ਸੁਣੋ। ਦੇਸ਼ ‘ਚ ਇਨਸਾਫ ਨਹੀਂ ਮਿਲਦਾ ਕੋਈ ਗੱਲ ਨਹੀਂ, ਅਗਲੇ ਜਨਮ ਵਿਚ ਮਿਲ ਜਾਏਗਾ। ਦੇਸ਼ ‘ਚ ਕੁੱਟ ਪੈਂਦੀ ਹੈ ਤਾਂ ਚੁੱਪ ਕਰਕੇ ਸਹਿ ਲਉ, ਜਦੋਂ ਜ਼ਾਲਮ ਹੱਥ ਥੱਕ ਜਾਣਗੇ ਆਪੇ ਹਟ ਜਾਣਗੇ ਕੁਟਣੋ! ਜੇਕਰ ਕੁਝ ਮਾੜਾ ਹੁੰਦਾ ਦਿਸਦਾ ਹੈ ਤਾਂ ਬੱਸ ਅੱਖਾਂ ਬੰਦ ਕਰ ਲਉ, ਸਮਾਂ ਲੰਘ ਜਾਵੇਗਾ ਅਤੇ ਆਪੇ ਸੱਭੋ ਕੁਝ ਠੀਕ ਹੋ ਜਾਵੇਗਾ। ਰਾਜਸਥਾਨ ‘ਚ ਪਹਿਲੂਖਾਨ ਮਰਦਾ ਰਹੇਗਾ। ਮਰੀ ਗਾਂ ਦੀ ਖੱਲ ਲਾਹੁਣ ਵਾਲੇ ਦਲਿਤ ਨੌਜਵਾਨ ਦਾ ਗੁਜਰਾਤ ‘ਚ ਕਾਰ ਪਿਛੇ ਬੰਨਕੇ ਜਲੂਸ ਕੱਢਿਆ ਜਾਂਦਾ ਰਹੇਗਾ ਅਤੇ ਮੁੰਬਈ ‘ਚ ਕੁਲਕਰਨੀ ਦੇ ਮੂੰਹ ਤੇ ਸਿਆਹੀ ਸੁੱਟੀ ਜਾਂਦੀ ਰਹੇਗੀ।ਕਾਜੀਏਟ ਲੜਕੀ ਗੁਰਮੇਹਰ ਕੌਰ ਵਲੋਂ ਬੁਰਸ਼ਾਗਰਦੀ ਵਿਰੁੱਧ ਉਠਾਈ ਆਵਾਜ਼ ਬੰਦ ਕਰ ਦਿਤੀ ਜਾਂਦੀ ਰਹੇਗੀ।ਪਰ ਕਿੰਨਾ ਚਿਰ? ਕਿੰਨਾ ਚਿਰ ਦਿਲ ਤੇ ਚੀਸਾਂ ਪਾਈ ਜਾਉਗੇ? ਕਿੰਨਾ ਚਿਰ ਦੁਖੀਆਂ ਦੇ ਕੀਰਨੇ, ਮਸੂਮਾਂ ਦੀਆਂ ਲੇਰਾਂ ਸੁਣਦੇ ਰਹੋਗੇ? ਭਾਈ, ਭਾਈ ਨੂੰ ਵੱਢ ਰਿਹਾ, ਜਿਵੇਂ ਕਸਾਈ ਬੱਕਰਾ ਵੱਢਦਾ ਆ। ਧੀ ਦੀ ਕੁਖ ‘ਚ ਧੀ ਕਤਲ ਕੀਤੀ ਜਾ ਰਹੀ ਹੈ, ਜਿਵੇਂ ਅੰਦਰ ਪਲਦੇ ਜੀਅ ਦੀ ਕੋਈ ਅਹਿਮੀਅਤ ਹੀ ਨਾ ਹੋਵੇ। ਵੋਟਰਾਂ ਦੇ ਨੇਤਾਵਾਂ ਵਲੋਂ ਅਰਮਾਨਾਂ ਦਾ ਵਢਾਂਗਾ ਹੋ ਰਿਹਾ ਜਿਵੇਂ ਹਾਕਮਾਂ ਲੋਕਾਂ ਦੇ ਸੁਪਨਿਆਂ ਦੇ ਕਤਲ ਦਾ ਠੇਕਾ ਲੈ ਰੱਖਿਆ ਹੋਵੇਗਾ!
ਅਸਲ ‘ਚ ਤਾਂ ਭਾਈ ਸਮਾਜ ‘ਚ ਤਰਕ ਗੰੁਮ ਹੈ। ਵਿਚਾਰ ਗੁੰਮ ਹੈ। ਦਲੀਲ ਗੁੰਮ ਹੈ। ਵਕੀਲ ਗੰੁਮ ਹੈ। ਪਿਆਰ ਗੁੰਮ ਹੈ। ਸਤਿਕਾਰ ਗੁੰਮ ਹੈ। ਵਫਾਦਾਰੀ ਗੰੁਮ ਹੈ। ਸਹਿਨਸ਼ੀਲਤਾ ਗੰੁਮ ਹੈ। ਗੁੰਮ ਹੈ, ਗੁੰਮ ਹੈ, ਇੱਕ ਕੁੜੀ ਜੀਹਦਾ ਨਾਮ ਮੁਹੱਬਤ ਗੁੰਮ ਗੁੰਮ ਗੁੰਮ ਹੈ। ਸ਼ਿਵ ਕਹਿੰਦਾ ਹੈ! ਪਰ ਇਥੇ ਤਾਂ ਭਾਈ ਸੱਭੋ ਕੁਝ ਗੁੰਮ ਹੈ, ਸਿਰਫ ਆਦਮੀ ਦੀ ਪਰਛਾਈ ਹਾਜ਼ਰ ਹੈ! ਹਾਜ਼ਰ ਹਜ਼ੂਰ ਵਾਂਗਰ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਦੁਨੀਆਂ ਦੇ 167 ਦੇਸ਼ਾਂ ਵਿੱਚ ਲਗਭਗ 4 ਕਰੋੜ 58 ਲੱਖ ਲੋਕ ਅੱਜ ਵੀ ਗੁਲਾਮਾਂ ਜਿਹਾ ਜੀਵਨ ਬਤੀਤ ਕਰਦੇ ਹਨ, ਜਿਨ੍ਹਾਂ ਵਿਚੋਂ ਸਭ ਤੋਂ ਜਿਆਦਾ ਇੱਕ ਕਰੋੜ 80 ਲੱਖ ਲੋਕ ਭਾਰਤ ਵਿਚ ਹਨ। ਆਧੁਨਿਕ ਗੁਲਾਮ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਬੰਧੂਆ ਮਜ਼ਦੂਰ, ਘਰੇਲੂ ਨੌਕਰ ਜਾਂ ਸੈਕਸ ਦਾਸ ਹਨ, ਜਿਨ੍ਹਾਂ ਦੀ ਅਜ਼ਾਦੀ ਖਤਮ ਹੋ ਚੁੱਕੀ ਹੈ।
ਇੱਕ ਵਿਚਾਰ
ਗਠਬੰਧਨ ਅਤੇ ਸਾਂਝੇਦਾਰੀ ਜਦੋਂ ਅਸਲੀਅਤ ਅਤੇ ਰੁਚੀਆ ਨੂੰ ਪ੍ਰਤੀਬਿੰਬਤ ਕਰਦੀ ਹੈ, ਤਾਂ ਸਥਿਰਤਾ ਆਂਉਂਦੀ ਹੈ- ਸਟੀਫ਼ਨ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.