ਨਵੀਂ ਰਾਜਨੀਤੀ ਦਾ ਢੋਲ ਪਿੱਟਣ ਵਾਲੀ ਆਮ ਆਦਮੀ ਪਾਰਟੀ ਅਜੇ ਪੰਜਾਬ ਵਿਧਾਨ ਸਭਾ'ਚ ਹੋਈ ਆਪਣੀ ਵੱਡੀ ਹਾਰ ਦੇ ਸਦਮੇ'ਚੋ ਬਾਹਰ ਨਹੀ ਆਈ ਸੀ ਕਿ ਜਰਨੈਲ ਸਿੰਘ ਦੇ ਅਸਤੀਫੇ ਕਾਰਨ ਖਾਲੀ ਹੋਈ ਰਾਜੌਰੀ ਗਾਰਡਨ ਸੀਟ ਦੀ ਵੱਡੀ ਹਾਰ ਨੇ ਪਾਰਟੀ ਨੂੰ ਬੁਰੀ ਝੰਜੋੜ ਕੇ ਰੱਖ ਦਿੱਤਾ ।ਸਿਆਸੀ ਤੂਫਾਨ ਨੂੰ ਝੱਲਦੀ ਇਸ ਪਾਰਟੀ ਲਈ ਜਿਮਨੀ ਚੋਣ ਵਿੱਚ ਮੁਕਾਬਲਾ ਇਸ ਕਦਰ ਸਖਤ ਹੋ ਗਿਆ ਕਿ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਆਪਣੀ ਜਮਾਨਤ ਵੀ ਨਾ ਬਚਾ ਸਕੇ ।ਇਸ ਹਾਰ ਨੇ ਪਾਰਟੀ ਦੇ ਮਨੋਬਲ ਨੂੰ ਚਕਨਾਚੂਰ ਕਰਦੇ ਪਾਰਟੀ ਲਈ ਮੁੜ ਤੋ ਹਾਲਾਤ ਬਣਾ ਦਿੱਤੇ ਹਨ ਸਵੈ-ਪੜਚੋਲ ਅਤੇ ਆਪਣੀਆਂ ਜੜਾਂ ਨੂੰ ਤਲਾਸ਼ ਕਰਨ ਦੇ ।ਇਸ ਹਾਰ ਦੀ ਜਿਆਦਾ ਅਹਿਮੀਅਤ ਇਸ ਕਰਕੇ ਵੀ ਬਣ ਜਾਂਦੀ ਹੈ ਕਿਉਂਕਿ ਜਦੋ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਬਦਲਾਵ ਦੀ ਆਸ ਨਾਲ ਪੰਜਾਬੀਆਂ ਨੇ ਪੂਰੇ ਦੇਸ਼ ਦੇ ਉਲਟ ਜਾ ਕੇ ਚਾਰ ਸਾਂਸਦ ਇਸ ਪਾਰਟੀ ਦੀ ਝੋਲੀ ਪਾਏ ਸਨ ।ਉਸ ਸਮੇਂ ਸੂਬੇ ਵਿੱਚ ਚੱਲ ਰਹੀ ਪਾਰਟੀ ਦੀ ਜ਼ੋਰਦਾਰ ਹਵਾ ਦੇ ਬਾਵਜੂਦ ਲੋਕ ਸਭਾ ਦੇ ਯਕਦਮ ਬਾਅਦ ਹੋਈਆਂ ਤਿੰਨ ਵਿਧਾਨ ਸਭਾਵਾਂ ਦੀਆਂ ਉੱਪ-ਚੋਣਾਂ ਪਟਿਆਲਾ ਸ਼ਹਿਰੀ, ਸ਼੍ਰੀ ਤਲਵੰਡੀ ਸਾਬੋ ਅਤੇ ਦਸੂਹਾ ਵਿੱਚ ਇਸ ਪਾਰਟੀ ਦੇ ਤਿੰਨੋ ਉਮੀਦਵਾਰ ਆਪਣੀ ਜ਼ਮਾਨਤ ਜਬਤ ਕਰਵਾ ਗਏ ਸਨ ।ਪਰ ਪਾਰਟੀ ਦੇ ਨੇਤਾਵਾਂ ਨੇ ਆਪਣੇ ਉਮੀਦਵਾਰਾਂ ਦਾ ਬਚਾਵ ਕਰਦੇ ਹੋਏ ਬਾਰ-ਬਾਰ ਕਿਹਾ ਸੀ ਕਿ ਉਪ-ਚੋਣਾਂ ਜਾਂ ਕਾਰਪੋਰੇਸ਼ਨ ਚੋਣਾਂ ਹਮੇਸ਼ਾ ਸੱਤਾਧਾਰੀ ਪਾਰਟੀ ਦੇ ਹੱਕ ਵਿੱਚ ਹੀ ਜਾਂਦੀਆ ਹਨ ।ਹੁਣ ਦਿੱਲੀ ਵਿੱਚ ਪਾਰਟੀ ਦੇ ਨੇਤਾ ਅਤੇ ਵਿਸ਼ੇਸ਼ ਤੌਰ ਉੱਪਰ ਪੰਜਾਬ ਮਸਲਿਆਂ ਦੇ ਇੰਚਾਰਜ ਸੰਜੇ ਸਿੰਘ ਕਿਹੜੇ ਮੂੰਹ ਨਾਲ ਆਪਣੇ ਹੀ ਸ਼ਬਦ ਦੁਬਾਰਾ ਦਹੁਰਾਉਣ ।ਹੈ ਤਾਂ ਇਹ ਵੀ ਉੱਪ-ਚੋਣ ਹੀ ਸੀ ਅਤੇ ਸੱਤਾ ਵੀ ਆਮ ਆਦਮੀ ਪਾਰਟੀ ਦੇ ਕੋਲ ਹੀ ਸੀ ।ਬਾਵਜੂਦ ਇਸਦੇ ਪਾਰਟੀ ਦਾ ਹਾਰਨਾ ਤਾਂ ਛੱਡੋ ਜ਼ਮਾਨਤ ਵੀ ਨਾ ਬਚੀ?
ਬਦਲਾਵ ਦਾ ਹੌਕਾ ਦੇਣ ਵਾਲੀ ਇਸ ਪਾਰਟੀ ਨੇ ਇਹ ਵੀ ਨਵਾਂ ਹੀ ਬਦਲਾਵ ਸਾਹਮਣੇ ਲਿਆ ਕੇ ਰੱਖ ਦਿੱਤਾ ਕਿਉਂਕਿ ਹੁਕਮਰਾਨ ਧਿਰ ਦੀ ਜ਼ਮਾਨਤ ਵੀ ਨਾ ਬਚਣਾ ਸ਼ਾਇਦ ਹੀ ਪਹਿਲਾ ਹੋਇਆ ਹੋਵੇ ।ਪਾਰਟੀ ਲਈ ਹੋਰ ਵੀ ਵੱਡੀ ਮੁਸ਼ਕਿਲ ਇਹ ਬਣ ਜਾਂਦੀ ਹੈ ਕਿ 15 ਦਿਨ ਤੋ ਵੀ ਘੱਟ ਸਮੇਂ ਨਾਲ ਕਾਰਪੋਰੇਸ਼ਨ ਚੋਣਾਂ ਵੀ ਸਿਰ'ਤੇ ਆ ਗਈਆਂ ਹਨ। ਸੋ ਪਾਰਟੀ ਨੇਤਾਵਾਂ ਵੱਲੋ ਸੱਤਾਧਾਰੀ ਧਿਰ ਨੂੰ ਫਾਇਦਾ ਮਿਲਣ ਦਾ ਵੇਰਵਾ ਦੱਸ ਕੇ ਦੂਸਰੀਆਂ ਚੋਣਾਂ ਕਾਰਪੋਰੇਸ਼ਨ ਚੋਣਾਂ ਹੀ ਕਹੀਆਂ ਗਈਆ ਸਨ ।ਸੋ ਦਿੱਲੀ ਤੋ ਬਾਹਰ ਬੈਠੇ ਸਾਡੇ ਵਰਗੇ ਨਾਗਰਿਕਾਂ ਵਿੱਚ ਦਿੱਲੀ ਦੀਆਂ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਦਿਲਚਸਪੀ ਕਾਫੀ ਵੱਧ ਗਈ ਹੈ ।ਜੇਕਰ ਗੱਲ ਦਿੱਲੀ ਦੇ ਮੁੱਖ-ਮੰਤਰੀ ਕੇਜਰੀਵਾਲ ਦੀ ਕੀਤੀ ਜਾਵੇ ਤਾਂ ਨਿਰਸੰਦੇਹ ਉਹਨਾਂ ਦੀ ਇਮਾਨਦਾਰੀ ਬਾਰੇ ਹਾਲੇ ਤੱਕ ਕੋਈ ਸਵਾਲ ਨਹੀ ਖੜਾ ਹੋ ਸਕਿਆ ਹੈ, ਪਰ ਵਿਅਕਤੀਵਾਦ ਦੇ ਦੋਸ਼ਾਂ ਤੋ ਕੇਜਰੀਵਾਲ ਖੁਦ ਨੂੰ ਨਹੀ ਬਚਾ ਸਕੇ ਹਨ ।ਸ਼ੁਰੂ ਤੋ ਹੀ ਉਹਨਾਂ ਉੱਪਰ ਮਨ ਮਰਜ਼ੀ ਕਰਨ ਅਤੇ ਕਿਸੇ ਦੀ ਨਾ ਸੁਣਨ ਦੇ ਦੋਸ਼ ਲੱਗਦੇ ਆ ਰਹੇ ਹਨ ।ਵਿਰੋਧੀ ਲਗਾਤਾਰ ਉਹਨਾਂ ਨੂੰ ਅਰਾਜਕਤਾਵਾਦੀ ਜਾਂ ਤਾਨਾਸ਼ਾਹ ਆਦਿ ਕਹਿ ਕੇ ਭੰਡਦੇ ਆਏ ਹਨ, ਪਰ ਪੂਰੀ ਪਾਰਟੀ ਇਸ ਗੱਲ ਨੂੰ ਅੱਖੋ ਪਰੋਖੇ ਕਰਕੇ ਆਪਣੀ ਚਾਲ ਵਿੱਚ ਚੱਲਦੀ ਆ ਰਹੀ ਹੈ।
ਅਜਿਹੇ ਹਾਲਾਤਾਂ ਵਿੱਚ ਜੇਕਰ ਪਾਰਟੀ ਅਗਾਮੀ ਕਾਰਪੋਰੇਸ਼ਨ ਚੋਣਾਂ ਵਿੱਚ ਚੰਗਾ ਪਰਦਰਸ਼ਨ ਨਾ ਕਰ ਸਕੀ ਅਤੇ ਆਪਣੇ ਤਿੰਨ ਮੇਅਰ ਨਾ ਬਣਾ ਪਾਈ ਤਾਂ ਇਸ ਪਾਰਟੀ ਲਈ ਸਭ ਤੋ ਵੱਡਾ ਸੰਕਟ ਭਾਰਤ ਦੇਸ਼ ਵਿੱਚ ਰਾਸ਼ਟਰੀ ਪੱਧਰ ਉੱਪਰ ਆਪਣਾ ਸਿਆਸੀ ਭਵਿੱਖ ਤਲਾਸ਼ਣ ਦਾ ਹੋ ਜਾਏਗਾ ।ਰਾਸ਼ਟਰੀ ਮਾਨਤਾ ਹਾਸਲ ਕਰਨ ਲਈ ਪਾਰਟੀ ਨੂੰ ਘੱਟ ਤੋ ਘੱਟ ਚਾਰ ਰਾਜਾਂ ਵਿੱਚ ਕੁਲ ਵੋਟਾਂ ਦਾ ਘੱਟੋ-ਘੱਟ 6 ਫੀਸਦੀ ਹਿੱਸਾ ਹਾਸਿਲ ਕਰਨਾ ਜਰੂਰੀ ਸੀ ।ਦਿੱਲੀ ਤੋ ਬਾਅਦ ਪੰਜਾਬ, ਗੋਆ ਅਤੇ ਫਿਰ ਗੁਜਰਾਤ ਵਿੱਚ ਚੋਣਾਂ ਲੜਨ ਦੇ ਦਾਅਵੇ ਕਰ ਰਹੀ ਪਾਰਟੀ ਦਾ ਇਸ ਪਿਛੇ ਅਸਲ ਮੰਤਵ ਇਹੀ ਸੀ ।ਪਰ ਗੋਆ ਵਿੱਚ 40 ਵਿੱਚੋਂ ਪਾਰਟੀ ਦਾ ਕੇਵਲ ਇੱਕ ਹੀ ਉਮੀਦਵਾਰ ਆਪਣੀ ਜਮਾਨਤ ਬਚਾ ਸਕਿਆ ।ਚੱਲ ਰਹੇ ਹਾਲਾਤਾਂ ਵਿੱਚ ਜੇਕਰ ਪਾਰਟੀ ਗੁਜਰਾਤ ਜਾ ਕੇ ਚੋਣਾਂ ਲੜਦੀ ਵੀ ਹੈ ਤਾਂ ਉਹਨਾਂ ਦੇ ਹੱਥ-ਪੱਲੇ ਕੁਝ ਬਹੁਤਾ ਲੱਗਣ ਦੀ ਆਸ ਨਹੀ ਹੈ ।ਇਸ ਸਭ ਨਾਲ 2019 ਦੀਆਂ ਆਮ-ਚੋਣਾਂ ਤੋ ਪਹਿਲਾਂ-ਪਹਿਲਾਂ ਰਾਸ਼ਟਰੀ ਮਾਨਤਾ ਹਾਸਿਲ ਕਰਨ ਦਾ ਪਾਰਟੀ ਦਾ ਸੁਪਨਾ ਕਾਫੀ ਹੱਦ ਤੱਕ ਧੁੰਦਲਾ ਹੋ ਚੁੱਕਿਆ ਹੈ ।ਇਸ ਲਈ ਹੁਣ ਪਾਰਟੀ ਨੂੰ ਵੱਡੇ ਸੁਫਨੇ ਤਿਆਗ ਕੇ ਜਮੀਨੀ ਪੱਧਰ ਉੱਪਰ ਕੰਮ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ ।ਪ੍ਰੈਸ ਕਾਨਫ੍ਰੰਸ ਕਰਕੇ ਕਿਸੇ ਵੀ ਨੇਤਾ/ਸਖਸ਼ੀਅਤ ਉੱਪਰ ਦੋਸ਼ ਲਾਉਣ ਦਾ ਰੁਝਾਨ ਬੰਦ ਕਰ ਕੇ ਕੇਜਰੀਵਾਲ ਇਸ ਸਭ ਨੂੰ ਗੁਪਤ ਤੌਰ ਉੱਪਰ ਜਾਂਚ ਤੱਕ ਪਹੁੰਚਾਉਣ ਦਾ ਉੱਦਮ ਕਰੇ ।ਅਜਿਹੇ ਹੀ ਮਸਲਿਆਂ ਵਿੱਚੋ ਇੱਕ ਦੇ ਸਬੰਧ ਵਿੱਚ ਕੇਂਦਰੀ ਮੰਤਰੀ ਅਰੁਣ ਜੇਤਲੀ ਵੱਲੋ ਕੀਤੇ ਗਏ ਮਾਣਹਾਨੀ ਦੇ ਮੁੱਕਦਮੇ ਦਾ ਸਾਹਮਣਾ ਕਰ ਰਹੇ ਕੇਜਰੀਵਾਲ ਦਾ ਫੀਸ ਸਰਕਾਰ ਦੇ ਖਾਤਿਓ ਭੇਜਣ ਦਾ ਮਸਲਾ ਵੀ ਗਰਮੀ ਵਿੱਚ ਹੈ ਕਿਉਂਕਿ ਅਜਿਹਾ ਕਰਨ ਸਮੇਂ ਕੇਜਰੀਵਾਲ ਭੁਲ ਗਏ ਕਿ ਦੋਸ਼ ਲਾਉਣ ਸਮੇਂ ਕੀਤੀ ਗਈ ਪ੍ਰੈਸ ਕਾਨਫ੍ਰੰਸ ਦੌਰਾਨ ਉਸ ਨਾਲ ਬੈਠੇ ਆਮ ਆਦਮੀ ਪਾਰਟੀ ਦੇ ਕੇਵਲ ਉਹ ਨੁਮਾਇੰਦੇ ਬੈਠੇ ਸਨ ਜੋ ਦਿੱਲੀ ਸਰਕਾਰ ਦਾ ਹਿੱਸਾ ਨਹੀ ਹਨ ।ਇਸ ਲਈ ਦੋਸ਼ ਪਾਰਟੀ ਵੱਲੋ ਸੀ ਨਾ ਕਿ ਦਿੱਲੀ ਸਰਕਾਰ ਵੱਲੋ ।
ਨਿਰਸੰਦੇਹ ਦੇਸ਼ ਦੀ ਰਾਜਨੀਤੀ ਬਦਲਾਵ ਦੇ ਦੌਰ ਵਿੱਚੋ ਗੁਜ਼ਰ ਰਹੀ ਹੈ ਇਹੀ ਕਾਰਨ ਹੈ ਕਿ ਹਾਲ ਹੀ ਵਿੱਚ ਹੋਈਆਂ ਵੱਖ ਵੱਖ ਰਾਜਾਂ ਦੀਆਂ ਉਪ-ਚੋਣਾਂ ਦੇ ਨਤੀਜੇ ਹੈਰਾਨੀਜਨਕ ਆਏ ਹਨ ।ਜਿਸ ਵਿੱਚ ਵਿਧਾਨ ਸਭਾਵਾਂ ਦੇ ਨਤੀਜੇ ਸੱਤਾ-ਧਾਰੀ ਪਾਰਟੀ ਦੇ ਉਲਟ ਵੀ ਆਏ ਹਨ ਜਿੰਨ੍ਹਾਂ ਵਿੱਚ ਰਾਜੌਰੀ ਗਾਰਡਨ ਦਿੱਲੀ ਤੋ ਇਲਾਵਾ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਵੀ ਹਨ ।ਜੇ ਕਰ ਉੱਪ-ਚੋਣਾਂ ਦੇ ਮਾਮਲੇ ਵਿੱਚ ਗੱਲ ਪੰਜਾਬ ਦੀ ਕਰੀਏ ਤਾਂ ਪਿਛਲੇ ਲੰਮੇ ਸਮੇਂ ਵਿੱਚ ਇੱਕ ਵਾਰ 1996'ਚ ਗਿਦੜਬਾਹਾ ਦੀ ਹੋਈ ਉੱਪ-ਚੋਣ ਅਤੇ ਆਪਣੀ ਪਲੇਠੀ ਚੋਣ ਦੌਰਾਨ ਮਨਪ੍ਰੀਤ ਬਾਦਲ ਨੇ ਅਤੇ ਇੱਕ ਵਾਰ 2014 ਵਿੱਚ ਮਹਾਰਾਣੀ ਪਰਨੀਤ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਾਂਸਦ ਬਣਨ ਤੋ ਬਾਅਦ ਖਾਲੀ ਹੋਈ ਪਟਿਆਲਾ ਸ਼ਹਿਰੀ ਸੀਟ ਉੱਪਰ ਕੇਵਲ ਦੋ ਵਾਰ ਹੀ ਹੁਕਮਰਾਨ ਧਿਰ ਦੇ ਉਲਟ ਜਾ ਕੇ ਜਿੱਤ ਦਰਜ ਕੀਤੀ ਸੀ ।ਬਾਕੀ ਸਾਰੇ ਮੁਕਾਬਲੇ ਸੱਤਾਧਾਰੀ ਭਾਵੇਂ ਜਿਹੜੀ ਵੀ ਹੋਏ ਉਹਨਾਂ ਵੱਲੋ ਹੀ ਵੱਡੇ ਫਰਕ ਨਾਲ ਹਰ ਉੱਪ ਚੋਣ ਜਿੱਤੀ ਹੈ ।
ਧੰਨਵਾਦ
ਜਸਪ੍ਰੀਤ ਸਿੰਘ, ਬਠਿੰਡਾ ।
99886-46091
Jaspreetae18@gmail.com
-
ਜਸਪ੍ਰੀਤ ਸਿੰਘ, ਲੇਖਕ
Jaspreetae18@gmail.com
99886-46091
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.