ਗੁਰੂਆਂ, ਪੀਰਾਂ-ਪੈਗੰਬਰਾਂ ਤੇ ਅਵਤਾਰਾਂ ਦੀ ਧਰਤੀ ਕਿਹਾ ਜਾਣ ਵਾਲਾ 'ਪੰਜ-ਆਬ' ਪੰਜਾਬ ਅੱਜ ਛੇਵੇਂ ਦਰਿਆ 'ਚ ਤਾਰੀਆਂ ਲਾਉਂਦਾ ਨਜ਼ਰ ਆ ਰਿਹਾ ਹੈ। ਰੰਗਲੀ ਧਰਤ ਨੂੰ ਦਹਾਕਿਆਂ ਤੋਂ ਆਪਣੇ ਪਿੰਡੇ 'ਤੇ ਕਈ ਤਰ੍ਹਾਂ ਦਾ ਸੰਤਾਪ ਹੰਢਾਉਣਾ ਪਿਆ। ਦੇਸ਼ ਦੀ ਅਜ਼ਾਦੀ 'ਚ ਅਹਿਮ ਯੋਗਦਾਨ ਪਾਉਣ ਲਈ ਪੰਜਾਬੀਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਜ਼ਿਆਦਾ ਆਉਂਦਾ ਹੈ। ਕਈ ਤਰ੍ਹਾਂ ਦੀਆਂ ਹਨੇਰੀਆਂ ਝੁੱਲੀਆਂ ਤੇ ਕਈ ਤਰ੍ਹਾਂ ਦੇ ਤੂਫ਼ਾਨਾਂ ਦਾ ਸਾਹਮਣਾ ਕਰਦਿਆਂ ਸਮਰੱਥ ਰਹਿਣ ਵਾਲਾ ਪੰਜਾਬ ਅੱਜ 'ਉੜਤਾ ਪੰਜਾਬ' ਵਜੋਂ ਜਾਣਿਆ ਜਾਂਦਾ ਹੈ ਕਿਉਂ? ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਮਾਣ ਵਜੋਂ ਜਾਣੇ ਜਾਂਦੇ ਗਾਇਕ ਗੁਰਦਾਸ ਮਾਨ ਵੱਲੋਂ ਪਿਛਲੇ ਦਿਨੀਂ ਰਿਲੀਜ਼ ਕੀਤੀ ਐਲਬਮ 'ਪੰਜਾਬ' ਪੰਜਾਬ ਦੀ ਤਰਾਸਦੀ ਬਿਆਨ ਕਰਦੀ ਹੈ। 'ਸਮਾਂ' ਬਣ ਗੁਰਦਾਸ ਮਾਨ ਨੇ ਬਾਲ ਉਮਰ ਦੇ ਸ. ਭਗਤ ਸਿੰਘ ਨੂੰ ਅਜੋਕੇ ਪੰਜਾਬ ਦੇ ਹਲਾਤਾਂ ਤੋਂ ਜਾਣੂ ਕਰਵਾਉਂਦਿਆਂ ਪੰਜਾਬ ਵਾਸੀਆਂ ਨੂੰ ਆਪਣੇ ਫਰਜ਼ ਦਾ ਅਹਿਸਾਸ ਕਰਵਾਇਆ। ਸ਼ਰਾਬ, ਅਫ਼ੀਮ, ਭੁੱਕੀ ਤੋਂ ਬਾਅਦ 'ਚਿੱਟੇ' ਦੀ ਦਸਤਕ ਨੇ ਪੰਜਾਬ ਨੂੰ ਖੋਖਲਾ ਕਰ ਦਿੱਤਾ। ਜਿਸ ਨੂੰ ਮਾਨ ਨੇ ਆਪਣੇ ਗੀਤ 'ਚ ਬਾਖ਼ੂਬੀ ਫ਼ਿਲਮਾਇਆ ਹੈ। ਸੱਚ ਅਕਸਰ ਕੌੜਾ ਹੁੰਦਾ ਹੈ, ਸੁਣਿਆ ਸੀ। ਸੱਚ ਬੋਲਣ ਦੀ ਹਿੰਮਤ ਕਿਸੇ-ਕਿਸੇ 'ਚ ਹੁੰਦੀ ਹੈ ਪਰ ਜੇ ਕੋਈ ਸੱਚ ਬੋਲਦੈ ਤਾਂ ਉਸ ਵਿਰੁੱਧ ਬਾਗ਼ੀ ਸੁਰਾਂ ਉੱਠਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹਾ ਹੀ ਕੁਝ ਸੱਚ ਗੁਰਦਾਸ ਮਾਨ ਨੇ ਪੰਜਾਬ ਦੇ ਹਲਾਤਾਂ ਬਾਰੇ ਬਿਆਨ ਕੀਤਾ। ਜੋ ਕਿਸ ਹੱਦ ਤੱਕ ਸਹੀ ਤੇ ਕਿਸ ਹੱਦ ਤੱਕ ਗ਼ਲਤ ਹੈ ਇਹ ਸਾਰੇ ਜਾਣਦੇ ਹਨ। ਕਹਾਣੀ ਤਾਂ ਸਭ ਨੂੰ ਸਮਝ ਆ ਗਈ ਕੀ ਸੀ ਪਰ ਕਿੰਤੂ ਕਰਨ ਵਾਲੇ ਵੀ ਪਿਛਾਂਹ ਨਹੀਂ ਹਟੇ। ਵੋਟਾਂ ਤੋਂ ਬਾਅਦ ਰਿਲੀਜ਼ ਹੋਈ ਇਹ ਕੈਸਟ ਕਈ ਤਰ੍ਹਾਂ ਦੇ ਝਮੇਲਿਆਂ 'ਚ ਫਸ ਗਈ ਹੈ। ਵੋਟਾਂ ਤੋਂ ਪਹਿਲਾਂ ਕਿਉਂ ਰਿਲੀਜ਼ ਨਹੀਂ ਕੀਤੀ, ਪੰਜਾਬ ਦੇ ਕਈ ਦਰਦਨਾਕ ਕਿੱਸਿਆਂ ਤੋਂ ਵਾਂਝੀ, ਵੋਟਰ ਸਬਕ ਲੈ ਸਕਦੇ ਸੀ, ਮੂਕ ਦਰਸ਼ਕ ਬਣਿਆ, ਸਰਕਾਰੀ ਡਾਂਗ ਦਾ ਡਰ ਪਤਾ ਨਹੀਂ ਕਿੰਨੇ ਹੀ ਇਲਜ਼ਾਮ ਲਾ ਗੁਰਦਾਸ ਮਾਨ ਨੂੰ ਲੋਕਾਂ ਦੀ ਕਸੌਟੀ 'ਤੇ ਖ਼ਰਾ ਨਾ ਉਤਰਨ ਲਈ ਕਟਹਿਰੇ 'ਚ ਲਿਆ ਖੜ੍ਹਾਇਆ। ਇਸ ਦੇ ਉਲਟ ਕਈ ਸਰੋਤੇ ਉਸਦੀ ਇਸ ਮਿਹਨਤ ਨੂੰ ਸਰਾਹ ਰਹੇ ਹਨ ਅਤੇ ਉਸਦੇ ਇਸ ਉਪਰਾਲੇ ਨੂੰ ਦਿਲੋਂ ਸਿਜਦਾ ਕਰਦੇ ਹਨ।
ਕਿਸੇ ਸਮੇਂ ਪੰਜਾਬ ਦੌਰੇ 'ਤੇ ਆਏ ਰਾਹੁਲ ਗਾਂਧੀ ਨੇ ਇਕ ਰੈਲੀ ਦੌਰਾਨ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਪੰਜਾਬ ਦੇ 70 ਫੀਸਦੀ ਨੌਜਵਾਨ ਨਸ਼ਈ ਹਨ। ਰਾਹੁਲ ਦੇ ਇਸ ਬਿਆਨ ਨੇ ਪੰਜਾਬ ਦੀ ਸਿਆਸਤ 'ਚ ਤਰਥੱਲੀ ਮਚਾ ਦਿੱਤੀ ਸੀ। ਕਈ ਆਗੂਆਂ ਨੇ ਇਸ ਬਿਆਨ ਦੀ ਕਰੜੀ ਨਿੰਦਾ ਕੀਤੀ ਅਤੇ ਰਾਹੁਲ ਗਾਂਧੀ ਨੂੰ ਪੰਜਾਬ ਦੇ ਭਵਿੱਖ 'ਤੇ ਕਿੰਤੂ ਕਰਨ ਲਈ ਮੁਆਫ਼ੀ ਵੀ ਮੰਗਣ ਲਈ ਕਿਹਾ। ਲੀਡਰਾਂ ਦੇ ਕਾਂਗਰਸ ਦਾ ਬਾਈਕਾਟ ਕਰਨ ਦੇ ਬਿਆਨ ਵੀ ਆਏ। ਅਕਾਲੀ-ਭਾਜਪਾ ਨੇ ਇਸ ਵਿਰੁੱਧ ਧਰਨਾ ਦੇ ਕੇ ਰੋਸ ਜ਼ਾਹਰ ਵੀ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਪੰਜਾਬ ਦੌਰੇ ਦੌਰਾਨ ਇੱਥੇ ਨਸ਼ਾ ਵਧ ਹੋਣ ਬਾਰੇ ਕਿਹਾ ਸੀ। ਧੜੱਲੇ ਨਾਲ ਨਸ਼ੇ ਦੀ ਹੋ ਰਹੀ ਤਸਕਰੀ ਪੰਜਾਬ ਸਰਕਾਰ 'ਤੇ ਸਵਾਲੀਆ ਚਿੰਨ੍ਹ ਲਾਉਂਦੀ ਹੈ। ਭਾਵੇਂ ਪੰਜਾਬ ਸਰਕਾਰ ਵੀ ਇੱਥੇ ਨਸ਼ਾ ਵਧ ਨਾ ਹੋਣ ਦੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਇਸਦੇ ਉਲਟ ਸੂਬਾ ਸਰਕਾਰ ਜ਼ਿਲ੍ਹਿਆਂ 'ਚ ਨਸ਼ਾ ਕੇਂਦਰ ਖੋਲ੍ਹ ਕੇ ਖ਼ੁਦ ਹੀ ਨੌਜਵਾਨੀ ਨੂੰ ਨਸ਼ੇ ਦੀ ਦਲਦਲ 'ਚੋਂ ਕੱਢਣ ਲਈ ਵੱਡਾ ਉਪਰਾਲਾ ਕਰ ਰਹੀ ਹੈ। ਚੋਣਾਂ ਤੋਂ ਪਹਿਲਾਂ ਇਕ ਸਰਵਸ਼੍ਰੇਸ਼ਠ ਟੀਵੀ ਚੈਨਲ ਨੇ ਪੰਜਾਬ ਦੇ ਸਰਹੱਦੀ ਪਿੰਡਾਂ ਦੀ ਸੈਰ ਕਰਵਾਈ। ਜਿਸ 'ਚ ਨਸ਼ਾ ਮੁੱਖ ਵਿਸ਼ਾ ਬਣਿਆ। ਸਰਹੱਦੀ ਪਿੰਡਾਂ 'ਚ ਨਸ਼ੇ ਦੇ ਕਾਰੋਬਾਰ ਦੇ ਨਾਲ-ਨਾਲ ਨਸ਼ੇ ਲਈ ਤਿਲ-ਤਿਲ ਮਰਦੀ ਜਵਾਨੀ ਦੀ ਦਾਸਤਾਂ ਬਾਖ਼ੂਬੀ ਬਿਆਨ ਕੀਤੀ ਗਈ। ਇੱਥੋਂ ਦੇ ਕੰਮਕਾਰ ਤੋਂ ਸੱਖਣੇ ਨੌਜਵਾਨਾਂ ਨੇ ਪਿੰਡਾਂ ਦੇ ਵਿਕਾਸ ਬਾਰੇ ਜ਼ਿਕਰ ਕਰਦਿਆਂ ਸਿਆਸੀ ਲੀਡਰਾਂ ਨੂੰ ਮਤਲਬਖ਼ੌਰ, ਮੌਕਾਪ੍ਰਸਤ ਤੇ ਕੁਰਸੀ ਦੇ ਲਾਲਚੀ ਆਦਿ ਕਈ ਨਾਵਾਂ ਨਾਲ ਮੁਖ਼ਾਤਿਬ ਕਰਵਾਇਆ। ਜਿਹੜੇ ਸਰਹੱਦੀ ਪਿੰਡਾਂ ਦੀ ਕਦੇ ਕਿਸੇ ਸਰਕਾਰ ਨੇ ਸਾਰ ਨਾ ਲਈ ਹੋਵੇ ਉਥੇ ਵਿਕਾਸ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਚਰਚਾ 'ਚ ਰਹੀ ਫ਼ਿਲਮ 'ਉੜਤਾ ਪੰਜਾਬ' ਨੇ ਵੀ ਸਰਹੱਦੀ ਪਿੰਡਾਂ 'ਚ ਨਸ਼ੇ ਦੇ ਧੰਦੇ ਨਾਲ ਜੁੜੇ ਲੋਕਾਂ ਦੀ ਕਹਾਣੀ ਬਾਰੇ ਚਾਨਣਾ ਪਾਇਆ। ਉੜਤਾ ਪੰਜਾਬ 'ਚ ਸਿਆਸੀ ਲੀਡਰਾਂ ਦੀ ਸ਼ਹਿ 'ਤੇ ਚੱਲ ਰਹੇ ਨਸ਼ੇ ਦੇ ਧੰਦੇ 'ਚ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਨੂੰ ਬਾਖ਼ੂਬੀ ਫ਼ਿਲਮਾਇਆ ਗਿਆ ਹੈ। ਇਸ ਫ਼ਿਲਮ 'ਤੇ ਵੀ ਕਈ ਤਰ੍ਹਾਂ ਦੇ ਬਖੇੜੇ ਖੜ੍ਹੇ ਕੀਤੇ ਗਏ।
ਮੰਨ ਲਈਏ ਕਿ ਪੰਜਾਬ 'ਚ ਨਸ਼ਾ ਹੋਰਨਾਂ ਸੂਬਿਆਂ ਦੇ ਮੁਕਾਬਲੇ ਘੱਟ ਹਨ ਪਰ ਜਿਹੜੀਆਂ ਨਸ਼ਿਆਂ ਦੀਆਂ ਖੇਪਾਂ ਫੜੀਆਂ ਜਾਂਦੀਆਂ ਹਨ ਉਹ ਕਿੱਥੋਂ, ਕਿਵੇਂ ਤੇ ਕੀਹਦੀ ਮਿਲੀਭੁਗਤ ਨਾਲ ਆਈਆਂ। ਜੇਕਰ ਦੇਸ਼ ਵਿਚ ਨੋਟ ਬੰਦ ਹੋ ਸਕਦੇ ਹਨ ਤਾਂ ਨਸ਼ਾ ਬੰਦ ਕਿਉਂ ਨਹੀਂ ਹੋ ਸਕਦਾ। ਨੋਟਬੰਦੀ ਕਾਰਨ ਲੋਕ ਆਪਣੇ ਘਰਾਂ ਦੇ ਖਰਚੇ ਚਲਾਉਣ ਤੋਂ ਔਖੇ ਹੋ ਗਏ ਸਨ। ਨੋਟਬੰਦੀ ਦੇ ਦਿਨਾਂ 'ਚ ਮੁਸੀਬਤਾਂ ਜਿਨ੍ਹਾਂ ਲੋਕਾਂ ਨੇ ਝੱਲੀਆਂ, ਉਹੀ ਜਾਣਦੇ ਹਨ। ਪਰ ਉਸ ਵੇਲੇ ਵੀ ਨਸ਼ਈਆਂ ਨੂੰ ਨਸ਼ਾ ਮਿਲਦਾ ਰਿਹਾ। ਸ਼ਰਾਬ ਦੇ ਠੇਕੇ ਰੋਜ਼ਾਨਾ ਦੀ ਤਰ੍ਹਾਂ ਖੁਲ੍ਹਦੇ ਤੇ ਬੰਦ ਹੁੰਦੇ ਰਹੇ। ਉਦੋਂ ਨਸ਼ੇ ਖਿਲਾਫ਼ ਵਿਰੋਧ ਦੀਆਂ ਸੁਰਾਂ ਮੱਧਮ ਕਿਉਂ ਪੈ ਗਈਆਂ ਸਨ? ਨੋਟਬੰਦੀ ਸਮੇਂ ਤਾਂ ਸਾਰੀਆਂ ਪਾਰਟੀਆਂ ਨੇ ਆਪੋ-ਆਪਣੇ ਚੰਗੇ-ਮੰਦੇ ਬਿਆਨ ਦਾਗ਼ ਦਿੱਤੇ। ਸਰਕਾਰਾਂ ਨੂੰ ਨਸ਼ੇ ਤੋਂ ਹੁੰਦਾ ਕਰੋੜਾਂ ਦਾ ਮੁਨਾਫ਼ਾ ਘਟਣ ਦੇ ਡਰੋਂ ਸਿਆਸੀ ਲੀਡਰ ਚੂੜੀਆਂ ਪਾਈ ਬੈਠੇ ਹਨ। ਦੂਜੇ ਪਾਸੇ ਜੇਕਰ ਕੋਈ ਇਸ ਕਲੰਕ ਨੂੰ ਧੋਣ ਦਾ ਯਤਨ ਕਰਦਾ ਹੈ ਤਾਂ ਉਸ ਨੂੰ ਲੋਕ ਕਹਿਚਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮਾਜ ਦਾ ਫ਼ਾਇਦਾ ਹੋਵੇ ਜਾਂ ਨਾ ਹੋਵੇ ਪਰ ਸਿਆਸੀ ਲੀਡਰ ਜ਼ਰੂਰ ਮੌਕੇ ਦਾ ਲਾਹਾ ਚੁੱਕ ਲੈਂਦੇ ਹਨ।
ਜਿਹੜਾ ਵਿਅਕਤੀ ਪੰਜਾਬ ਦਾ ਦਰਦ ਸਮੋਈ ਬੈਠਾ ਹੈ ਉਹ ਬਿਆਂ ਤਾਂ ਕਰੇਗਾ ਹੀ। ਦਰਦਮੰਦਾਂ ਦੇ ਖਿਲਾਫ਼ ਉਠਦੀਆਂ ਬਾਗ਼ੀ ਸੁਰਾਂ ਵਾਲਿਆਂ ਨੂੰ ਪੁੱਛੋ ਕਿ ਕੀ ਉਨ੍ਹਾਂ ਪੰਜਾਬ ਦੇ ਹਿੱਤ ਲਈ ਕੁਝ ਕੀਤਾ। ਜਦੋਂ ਅਸੀਂ ਆਪ ਖ਼ੁਦ ਕੁਝ ਨਹੀਂ ਕਰ ਸਕਦੇ ਤਾਂ ਦੂਜਿਆਂ ਦੇ ਰਾਹ ਦਾ ਰੋੜਾ ਵੀ ਬਣਨਾ ਨਹੀਂ ਚਾਹੀਦਾ। 'ਹੱਥ ਨਾ ਅਪੜੇ ਥਹੁ ਕੌੜੀ' ਕਲਾਕਾਰ ਸਭ ਦੇ ਸਾਂਝੇ ਹੁੰਦੇ ਹਨ। ਉਨ੍ਹਾਂ ਲਈ ਰਾਜਨੀਤੀ, ਧਰਮ ਤੇ ਸਮਾਜ ਸਭ ਇਕ ਸਮਾਨ ਹਨ। ਪੰਜਾਬ ਦੇ ਕਈ ਕਲਾਕਾਰਾਂ ਨੇ ਸਿਆਸਤ ਦੀ ਭੇਂਟ ਚੜ੍ਹ ਕੇ ਆਪਣਾ ਵੱਕਾਰ ਗਵਾ ਲਿਆ ਹੈ। ਹਾਂ ਇਕ ਗੱਲ ਜ਼ਰੂਰ ਹੈ ਜਿਹੜਾ ਕਲਾਕਾਰ ਸਮਾਜ ਲਈ ਰਹਿਬਰ, ਪ੍ਰੇਰਣਾ ਸ੍ਰੋਤ ਬਣ ਜਾਏ ਉਸਨੂੰ ਇਹ ਗੱਲ ਜ਼ਰੂਰ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਮੇਰੀ ਕਲਾ ਕਿਸੇ ਲਈ ਕੀ ਮਾਅਨੇ ਰੱਖਦੀ ਹੈ। ਉਹ ਕਲਾ ਨੂੰ ਸਿਰਫ ਰੋਜ਼ੀ ਰੋਟੀ ਨਾ ਸਮਝੇ ਬਲਕਿ ਕਲਾ ਰਾਹੀਂ ਸਮਾਜ ਨੂੰ ਸਮੇਂ-ਸਮੇਂ 'ਤੇ ਸੀਸ਼ਾ ਵੀ ਜ਼ਰੂਰ ਦਿਖਾਏ।
ਬਾਬਾ ਢੱਡਰੀਆਂ ਵਾਲਿਆਂ ਨੇ ਗੁਰਦਾਸ ਮਾਨ ਵੱਲੋਂ ਪੰਜਾਬ ਦੀ ਤਰਾਸਦੀ 'ਤੇ ਕਟਾਖ਼ਸ਼ ਕਰਦਿਆਂ ਕਿਹਾ ਕਿ ਗਾਇਕ ਗੁਰਦਾਸ ਮਾਨ ਜੇਕਰ ਪੰਜਾਬ ਦੇ ਨਸ਼ਿਆਂ 'ਤੇ ਚਾਨਣਾ ਪਾਉਣ ਹੀ ਲੱਗਿਆ ਸੀ ਤਾਂ ਪੰਜਾਬ ਦੇ ਡੇਰਿਆਂ 'ਚ ਚੱਲਦੇ ਨਸ਼ਿਆਂ 'ਤੇ ਝਾਤ ਪਾਉਂਦਾ। ਕੁਝ ਕੁ ਗਾਇਕਾਂ ਨੂੰ ਛੱਡ ਕੇ ਨਵੀਂ ਪਨੀਰੀ ਜੋ ਸਰੋਤਿਆਂ ਨੂੰ ਆਪਣੇ ਗੀਤਾਂ ਵਿਚ ਨਸ਼ਾ ਪਰੋਸ ਕੇ ਦੇ ਰਹੇ ਹਨ, ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਆਪਣੇ ਦੇਸ਼ ਪੰਜਾਬ ਲਈ ਕਿੰਨੇ ਚਿੰਤਤ ਹੋਣਗੇ। ਅਜਿਹੇ ਗਾਇਕਾਂ ਵੱਲੋਂ ਗਾਏ ਗਾਣੇ ਜੋ ਨਸ਼ਾ ਵਧਾਉਣ ਵਿਚ ਸਹਾਈ ਸਿੱਧ ਤਾਂ ਹੋਏ ਹੀ ਹਨ ਪਰ ਦੂਜੇ ਪਾਸੇ ਇਨ੍ਹਾਂ ਨੇ ਵਾਰਦਾਤਾਂ ਨੂੰ ਵੀ ਸੱਦਾ ਦਿੱਤਾ ਹੈ। ਜਿਸਦੀ ਮਿਸਾਲ ਪਿਛਲੇ ਸਮੇਂ ਦੌਰਾਨ ਮੌਡ ਮੰਡੀ 'ਚ ਵਿਆਹ ਦੌਰਾਨ ਗੋਲੀ ਨਾਲ ਹੋਈ ਡਾਂਸਰ ਕੁਲਵਿੰਦਰ ਕੌਰ ਦੀ ਮੌਤ ਤੋਂ ਮਿਲਦੀ ਹੈ। ਅਜੋਕੇ ਗੀਤਾਂ 'ਚ ਵਿਖਾਏ ਜਾਂਦੇ ਹਥਿਆਰ ਤਲਵਾਰਾਂ, ਗੰਡਾਸੇ, ਬੰਦੂਕਾਂ, ਰਿਵਾਲਵਰ, ਚਾਕੂ ਤੇ ਬੇਸਬਾਲ ਅਪਰਾਧ ਵਧਾਉਣ ਲਈ ਸਿੱਧੇ ਤੌਰ 'ਤੇ ਜਿੰਮੇਵਾਰ ਹਨ। ਇਨ੍ਹਾਂ ਤੋਂ ਸੀਖ ਲੈ ਕੇ ਅੱਜ ਨੌਜਵਾਨ ਕਲਮ, ਵੰਝਲੀ ਚੁੱਕਣ ਦੀ ਥਾਂ ਹਥਿਆਰ ਰੱਖਣ ਨੂੰ ਵਧੇਰੇ ਤਰਜੀਹ ਦੇ ਰਹੇ ਹਨ।
ਸਮੇਂ ਦੀਆਂ ਸਰਕਾਰਾਂ ਆਪਣਾ ਉੱਲੂ ਸਿੱਧੇ ਰੱਖਣ ਲਈ ਨਸ਼ੇ ਜਿਹੇ ਗੰਭੀਰ ਮਸਲੇ ਤੋਂ ਕਿਨਾਰਾ ਕਰ ਰਹੀਆਂ ਹਨ। ਭਾਵੇਂ ਕਿਸੇ ਦਾ ਚੁੱਲ੍ਹਾ ਠੰਡਾ ਹੋ ਜਾਵੇ। ਨਸ਼ੇ ਦੇ ਕਾਰੋਬਾਰਾਂ ਨੂੰ ਜੇਕਰ ਉੱਕਾ ਹੀ ਬੰਦ ਕਰ ਦਿੱਤਾ ਜਾਵੇ ਤਾਂ ਇਕ ਵਾਰ ਜ਼ਰੂਰ ਔਖ ਕੱਟਣੀ ਪਵੇਗੀ ਪਰ ਥੋੜ੍ਹਾ ਸਮਾਂ ਪਾ ਕੇ ਸਥਿਤੀ 'ਤੇ ਕਾਬੂ ਪਾਇਆ ਜਾ ਸਕੇਗਾ। ਜੇਕਰ ਲੋਕ ਨੋਟਬੰਦੀ ਕਾਰਨ ਪੈਦਾ ਹੋਈਆਂ ਔਕੜਾਂ ਦਾ ਸਾਹਮਣਾ ਕਰ ਚੁੱਕੇ ਹਨ ਤਾਂ ਕੀ ਨਸ਼ੇ ਜਿਹੀ ਅਲਾਮਤ ਨੂੰ ਦੂਰ ਕਰਨ ਲਈ ਪੰਜਾਬ ਜਾਂ ਹੋਰ ਸੂਬੇ ਆਪਣਾ ਰੋਲ ਨਹੀਂ ਨਿਭਾਅ ਸਕਦੇ? ਸੂਰਜ ਅਸਤ ਹੋਣ ਤੋਂ ਬਾਅਦ ਉਦੇ ਜ਼ਰੂਰ ਹੁੰਦਾ ਹੈ। ਉਸਤਾਦ ਧਰਮ ਕੰਮੇਆਣਾ ਜੀ ਲਿਖਦੇ ਹਨ 'ਮੈਨੂੰ ਤਾਂ ਬਸ ਮੋੜ ਦਿਉ ਮੇਰਾ ਘੁੱਗ ਵਸਦਾ ਪੰਜਾਬ'।
ਸੋਹਣ ਸਿੰਘ ਸੋਨੀ,
#24/ਐਫ, ਰਾਜਪੁਰਾ ਕਲੋਨੀ, ਪਟਿਆਲਾ।
ਮੋਬਾ : 99156-28853,
ਈਮੇਲ : awalpreetsinghalam@gmail.com
-
ਸੋਹਣ ਸਿੰਘ ਸੋਨੀ, ਲੇਖਕ ਅਤੇ ਪੰਜਾਬੀ ਅਖਬਾਰ 'ਚ ਸਬ-ਐਡੀਟਰ
awalpreetsinghalam@gmail.com
99156-28853
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.