ਖ਼ਬਰ ਹੈ ਕਿ ਪੰਜਾਬ ਵਿਧਾਨ ਸਭਾ ‘ਚ ਮਿਲੀ ਕਰਾਰੀ ਹਾਰ ਲਈ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਹਾਰ ਦਾ ਠੀਕਰਾ ਆਪਣੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਿਰ ਭੰਨਿਆ ਹੈ, ਉਥੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਹਾਰ ਲਈ ਕਾਂਗਰਸ ਦੇ ਚੋਣ ਵਾਅਦਿਆਂ ਨੂੰ ਜ਼ਿੰਮੇਵਾਰ ਦੱਸਿਆ ਹੈ। ਬੈਠਕ ਤੋਂ ਬਾਅਦ ਮੀਡੀਆ ਨਾਲ ਰੂਬਰੂ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਭਾਜਪਾ ਦਾ ਗਠਬੰਧਨ ਭਵਿੱਖ ‘ਚ ਰਹੇਗਾ ਜਾਂ ਨਹੀਂ ਇਹ ਮੇਰਾ ਮੁੱਦਾ ਨਹੀਂ ਹੈ।
ਇੱਕ ਹਾਰ ਹੁੰਦੀ ਆ ਰਤਾ ਭਰ, ਇੱਕ ਹਾਰ ਹੁੰਦੀ ਆ ਸਾਲਮ! ਭਾਜਪਾ ਐਸੀ ਹਾਰੀ, ਐਸੀ ਹਾਰੀ ਕਿ ਇਹਦੇ ਨੇਤਾ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਾ ਰਹੇ, ਅਤੇ ਨਾ ਮੂੰਹ ਦਿਖਾਉਣ ਜੋਗੇ ਛੱਡਿਆ ਭਾਈਵਾਲਾਂ ਨੂੰ। ਉਂਜ ਵੇਖੋ ਨਾ, ਦੱਸ ਸਾਲ ਵਾਹਵਾ ਮੌਜਾਂ ਕੀਤੀਆਂ। ਕੁਰਸੀਆਂ ਮੱਲੀ ਰੱਖੀਆਂ, ਮੰਜੇ ਤੋਂ ਭੁੰਜੇ ਪੈਰ ਨਾ ਪਾਇਆ। ਲੋਕਾਂ ਦੀ ਰਤਾ ਸਾਰ ਨਾ ਲਈ! ਲੋਕ ਵੀ ਵਾਹਵਾ ਅੱਥਰੇ ਆ, ਨੇਤਾਵਾਂ ਨੂੰ ਮੰਜਿਓੁਂ ਭੁੰਜੇ ਲਿਆ ਪਟਕਾਇਆ। ਕਿਥੇ ਹਜ਼ਮ ਹੰੁਦੀ ਆ ਹਾਰ? ਕਿੱਥੇ ਜ਼ਰ ਹੁੰਦੀ ਆ ਹਾਰ? ਨੇਤਾ ਆਂਹਦਾ, ਮੈਂ ਲੋਕਾਂ ਦੇ ਕੰਮ ਕੀਤੇ,ਵਿਰੋਧੀ ਥਾਣੇ ਡੱਕੇ, ਆਪਣਿਆਂ ਦੇ ਖ਼ਜ਼ਾਨੇ ਲੋਕਾਂ ਲਈ ਖਾਲੀ ਕੀਤੇ, ਕੁਝ ਆਪ ਖਾਧੇ ਕੁਝ ਲੋਕਾਂ ਨੂੰ ਖੁਆਏ ਅਤੇ ਰਲ ਮਿਲ ਇੱਕੀ ਪੁਆਏ। ਪਰ ਲੋਕ ਭਾਈ ਸੱਜਣੋ ਫਿਰ ਵੀ ਕਾਬੂ ਨਾ ਆਏ! ਹੁਣ ਤਾਂ ਸਬਰ ਕਰਕੇ ਹੀ ਦਿਨ ਲੰਘਉਣੇ ਪੈਣੇ ਆ, ਪਰਾਇਆ ਨੂੰ ਤਾਂ ਮੇਹਣੇ ਦੇਣੇ ਹੀ ਆਂ, ਆਪਣੇ ਵੀ ਕੋਸਣੇ ਪੈਣੇ ਆਂ ਤੇ ਦਿਲ ਦਾ ਦਰਦ ਇਕੱਲਿਆ ਬੈਠ, ਕੁਝ ਇੰਜ ਬਿਆਨ ਕਰਨਾ ਪੈਣਾ ਆ ਨੇਤਾ ਜੀ, “ਜੋਗੀ ਵਾਂਗਰਾਂ ਹੀਰ ਦੇ ਕੋਲ ਬਹਿਕੇ, ਗੱਠੜੀ ਦਰਦ ਫ਼ਿਰਾਕ ਦੀ ਖੋਲ੍ਹਦੀ ਏ। ਬੀਤੇ ਪਲਾਂ ਨੂੰ ਲੱਭਦੀ ਭਾਲਦੀ ਏ, ਗੁਟਰ ਗੁਟਰ ਕਰਦੀ ਗੂੰ ਗੂੰ ਬੋਲਦੀ ਏ”।
ਬੱਲੇ, ਬੱਲੇ ਕਹਿਕੇ ਲੰਘ ਜਾਨੇ ਓਂ
ਖ਼ਬਰ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਲੜਨ ਵਾਲੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਕਿਸਾਨਾਂ ਦੀ ਸਹੂਲਤ ਲਈ ਪਟਾਰੇ ਖੋਹਲੇ ਸਨ। ਕਾਂਗਰਸ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦੇ ਮਸੀਹੇ ਵਜੋਂ ਪੇਸ਼ ਕੀਤਾ ਸੀ। ਪਰ ਪੰਜਾਬ ‘ਚ ਕੈਪਟਨ ਦੇ ਮੁਖਮੰਤਰੀ ਬਣਦਿਆਂ ਹੀ ਪੰਜਾਬ ਸਰਕਾਰ ਨੇ ਇਕ ਅਜਿਹੇ ਕਿਸਾਨ ਵਿਰੋਧੀ ਫੈਸਲਾ ਸੁਣਾ ਦਿਤਾ ਹੈ ਜਿਸ ਨਾਲ ਪਹਿਲਾ ਹੀ ਆਰਥਿਕ ਮੰਦਵਾੜੇ ਹੇਠ ਆਕੇ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ‘ਚ ਇਹ ਰੁਝਾਨ ਹੋਰ ਜੋਰ ਫੜ ਗਿਆ ਹੈ।ਸਹਿਕਾਰਤਾ ਵਿਭਾਗ ਪੰਜਾਬ ਦੇ ਫੈਸਲੇ ਮੁਤਾਬਕ ਹਾੜੀ ਦੀ ਫਸਲ ਬੀਜਣ ਲਈ ਸਹਿਕਾਰੀ ਸਭਾਵਾਂ ਤੋਂ ਲਈ ਖਾਦ ਦਾ ਕਿਸਾਨਾਂ ਨੂੰ ਹੁਣ ਚਾਰ ਗੁਣਾ ਵਿਆਜ ਦੇਣਾ ਪਵੇਗਾ ਜਿਸ ਨਾਲ ਕਿਸਾਨਾਂ ਉਤੇ ਇਕ ਅਰਬ ਦੇ ਕਰੋੜ ਇੱਕਤੀ ਲੱਖ ਰੁਪਏ ਦਾ ਆਰਥਿਕ ਬੋਝ ਪਵੇਗਾ।
ਚੋਣਾਂ ਆਈਆਂ। ਚੋਣਾਂ ਗਈਆਂ। ਲੋਕਾਂ ਨਾਹਰੇ ਲੁਆਏ। ਨੇਤਾਵਾਂ ਵਾਇਦੇ ਕੀਤੇ। ਲੋਕਾਂ ਕਸਮਾਂ ਖਾਧੀਆਂ। ਕੋਈ ਨੇਤਾ ਜਿਤਿਆ, ਕੋਈ ਨੇਤਾ ਹਾਰਿਆ। ਪਰਨਾਲਾ ਰਿਹਾ ਉਥੇ ਦਾ ਉਥੇ! ਬੋਝ ਪਹਿਲਾ ਨਾਲੋਂ ਹੋ ਗਿਆ, ਸੇਰ ਤੋਂ ਸਵਾ ਸੇਰ! ਨੇਤਾ ਜੀ ਆਉਂਦੇ ਸਨ, ਜਨਤਾ ਦੀ ਸੁਣਦੇ ਸਨ! ਨੇਤਾ ਜੀ, ਮੁਸਕੁਰਾਉਂਦੇ ਸਨ। ਲੋਕ ਤੁਰ ਜਾਂਦੇ ਸਨ! ਜਨਤਾ ਦੀ ਬੱਲੇ ਬੱਲੇ ਕਰਦੇ ਸਨ। ਜਨਤਾ ਪ੍ਰਸੰਨ ਹੋ ਜਾਂਦੀ ਸੀ। ਕਦੇ ਕਦੇ ਖੁਸ਼ੀ ‘ਚ ਫੁਲਿਆ ਨਹੀਂ ਸਮਾਂਦੀ ਸੀ!
ਜਿੱਤੇ ਹੋਏ ਨੇਤਾ ਜੀ ਹੁਣ ਜਨਤਾ ‘ਚ ਆਉਂਦੇ ਹਨ। ਪਹਿਲਾਂ ਨਾਲੋਂ ਵੱਧ ਮੁਸਕੁਰਾਉਂਦੇ ਹਨ। ਉੱਚੀ ਰੌਲਾ ਪਾਉਂਦੇ ਹਨ। ਚੋਣਾਂ ‘ਚ ਖਰਚਿਆ ਰੁਪਿਆ, ਪੈਸਾ, ਧੈਲਾ ਪੌਲੀ ਲੋਕਾਂ ਸਿਰ ਪਾਉਂਦੇ ਹਨ! ਲੋਕ ਸੁੰਨ ਹੋ ਚੁੱਪ ਚਾਪ, ਨੇਤਾ ਦੀਆਂ ਮੁਸਕੜੀਆਂ ਵਾਲਾ ਹਾਸਾ ਸਹਿੰਦੇ ਹਨ। ਤੇ ਮਨ ‘ਚ ਬੱਸ ਇਕੋ ਗੱਲ ਕਹਿੰਦੇ ਹਨ, “ਬੱਲੇ ਬੱਲੇ ਕਹਿਕੇ ਲੰਘ ਜਾਨੇ ਓ,” ਸਾਨੂੰ ਵੀ ਤਾਂ ਦੱਸੋ ਨੇਤਾ ਜੀ ਸਾਡੇ ਪੱਲੇ ਕੀ ਪਾਨੇ ਓਂ?
ਮੈਂ ਤਾਂ ਸਾਹਿਬ ਬਣ ਗਿਆ
ਖ਼ਬਰ ਹੈ ਕਿ ਹਿੰਦੋਸਤਾਨ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮਸ਼ਹੂਰ ਅਮਰੀਕੀ “ਟਾਇਮ ਮੈਗਜ਼ੀਨ” ਦੀ ਦੁਨੀਆਂ ਦੇ 100 ਸਭ ਤੋਂ ਵੱਧ ਪ੍ਰਭਾਵਸ਼ਾਲੀ ਲੋਕਾਂ ਦੀ ਸਲਾਨਾ ਸੂਚੀ ਲਈ ਸੰਭਾਵਿਤ ਦਾਅਵੇਦਾਰਾਂ ‘ਚ ਸ਼ਾਮਲ ਹਨ। ਇਸ ਸੂਚੀ ‘ਚ ਦੁਨੀਆਂ ਦੇ ਕਲਾਕਾਰ, ਨੇਤਾ, ਸੰਸਦ ਮੈਂਬਰ, ਵਿਗਿਆਨੀ ਅਤੇ ਤਕਨੌਲੋਜੀ ਤੋਂ ਇਲਾਵਾ ਉਦਯੋਗ ਜਗਤ ਨਾਲ ਸਬੰਧਤ ਹਸਤੀਆਂ ਸ਼ਾਮਲ ਹੁੰਦੀਆਂ ਹਨ। ਮੋਦੀ ਪਿਛਲੇ ਸਾਲ ਵੀ ਟਾਈਮ ਮੈਗਜ਼ੀਨ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ‘ਚ ਸ਼ਾਮਲ ਹੋਏ ਸਨ ਅਤੇ ਸਾਲ 2015 ‘ਚ ਦੁਨੀਆਂ ਦੇ 100 ਸਭ ਤੋਂ ਵੱਧ ਪ੍ਰਭਾਵਸ਼ਾਲੀ ਲੋਕਾਂ ਵਿਚੋਂ ਇਕ ਸਨ।
ਮੋਦੀ ਜੀ ਨੇਤਾ ਆ, ਪਿੰਡ ਵਾਲੇ ਬਾਬੇ ਮੱਖਣਸਿਹੁੰ ਦੇ ਕਹਿਣ ਅਨੁਸਾਰ “ਨਿਰੇ ਅਫਲਾਤੂ”, ਜੱਫੇਮਾਰ ਨੇਤਾ। ਅਮਰੀਕਾ ਦੇ ਸ਼ਕਤੀਸ਼ਾਲੀ ਰਾਸ਼ਟਰਪਤੀ ਟਰੰਪ ਤੋਂ ਵੱਧ ਤਿੱਖੇ ਬੁਲਾਰੇ,ਫਰੇਬੀ ਲੋਕਾਂ ਨੂੰ ਲੁਭਾਉਣ ਵਾਲੇ, ਪੇਚਿਆਂ ‘ਚ ਪਾਉਣ ਵਾਲੇ, ਲਾਰੇ-ਲੱਪੇ ਲਾਉਣ ਵਾਲੇ, ਵੱਡੇ “ਕਲਾਕਾਰ”, ਜਿਹੜੇ ਚਾਹ ਫਲੇਵਰ ਵਾਲੀ ਵੇਚ ਸਕਦੇ ਹਨ, ਬਿਨ੍ਹਾਂ ਸ਼ੱਕਰ ਤੋਂ। ਨਾਹਰੇ ਲੋਕਾਂ ਦੀ ਜੇਬਾਂ ‘ਚ ਪਾ ਸਕਦੇ ਆ ਅਤੇ ਪੌਲੀ ਧੇਲੀ ਦੇਕੇ ਹਜ਼ਾਰਾਂ ਰੁੱਪਈਏ ਲੋਕਾਂ ਦੇ ਖੀਸਿਆਂ ‘ਚੋਂ ਕਢਵਾ ਬੈਂਕਾਂ ‘ਚ ਦਫ਼ੳਮਪ;ਨ ਕਰਵਾ ਸਕਦੇ ਆ ਤਾਂ ਕਿ ਮਾੜੀ ਮੋਟੀ ਰੋਟੀ ਖਾਣ ਵਾਲੇ ਗਰੀਬ-ਗੁਰਬੇ ਵੀ ਢਿੱਡ ਨੂੰ ਗੰਢ ਦੇ ਲੈਣ।
ਆਹ ਵੇਖੋ ਨਾ ਹੁਣੇ ਜਿਹੇ ਉਨ੍ਹਾਂ “ਯੂ.ਪੀ.” ਉਤਰਾਖੰਡ ਜੇਬ ‘ਚ ਪਾ ਲਿਆ ਅਤੇ ਮਨੀਪੁਰ ਗੋਆ ਇੱਕ ਹੱਥ ਉਹ ਤਾਂ ਚੁੱਕ ਕੱਢ ਹਥਿਆ ਲਿਆ ਅਤੇ ਕਾਂਗਰਸ ਨਾਲ ਪੇਚਾ ਪਾ ਲਿਆ, ਤਦੇ ਤਾਂ ਭਾਈ ਆਪਣਾ ਮੋਦੀ ਪ੍ਰਭਾਵਸ਼ਾਲੀ ਸਖਸ਼ੀਅਤ ਆ, ਜਿਹੜਾ ਹੱਥ ਤੇ ਸਰੋਂ ਜਮਾਂ ਸਕਦਾ, ਬਿਨ ਕੁਝ ਦਿਤਿਆਂ ਲੋਕਾਂ ਨੂੰ ਪਰਚਾ ਸਕਦਾ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਦੇ ਵਹੀ-ਖਾਤਿਆ ‘ਚ ਕੁਝ ਵੀ ਨਾ ਹੁੰਦਿਆਂ, ਸੌ ਪ੍ਰਤੀਸ਼ਤ ਲਿਖਵਾ ਸਕਦਾ ਅਤੇ ਬਿਨਾ ਹੀਲ ਹੁਜਤ ਗਾ ਸਕਦਾ,” ਮੈਂ ਤਾਂ ਸਾਹਿਬ ਬਣ ਗਿਆ”।
ਰਾਮ ਸੁਣੀ ਨਾ, ਰਾਮ-ਦੁਹਾਈ ਮੇਰੀ
ਖ਼ਬਰ ਹੈ ਕਿ ਯੂ.ਪੀ. ਦੀਆਂ ਵਿਧਾਨ ਸਭਾ ਚੋਣਾਂ ‘ਚ ਸਪਾ ਦੀ ਕਰਾਰੀ ਹਾਰ ਤੋਂ ਦੁਖੀ ਮੁਲਾਇਮ ਸਿੰਘ ਯਾਦਵ ਦੇ ਦਿਲ ਦੀ ਗੱਲ ਜ਼ੁਬਾਨ ਤੇ ਆ ਹੀ ਗਈ। ਉਨ੍ਹਾਂ ਕਿਹਾ ਕਿ ਹੁਣ ਜਿਨੀ ਬੇਇਜਤੀ ਹੋਈ, ਉਨੀ ਪਹਿਲਾਂ ਕਦੇ ਨਹੀਂ ਹੋਈ। ਇਹ ਬੇਇਜਤੀ ਵੀ ਆਪਣਿਆ ਹੀ ਕੀਤੀ।“ਜੋ ਆਪਣੇ ਪਿਤਾ ਦਾ ਨਹੀਂ ਹੋਇਆ, ਉਹ ਕਿਸੇ ਦਾ ਨਹੀਂ ਹੋ ਸਕਦਾ”। ਮੋਦੀ ਨੂੰ ਇਹ ਕਹਿਣ ਦਾ ਮੌਕਾ ਆਪਣਿਆ ਨੇ ਹੀ ਦਿਤਾ ਤੇ ਇਸ ਲਈ ਸਪਾ ਬੁਰੀ ਤਰ੍ਹਾਂ ਚੋਣਾਂ ‘ਚ ਹਾਰ ਗਈ।
ਰਿਸ਼ਤੇ ਤਿੜਕੇ ਗਏ ਹਨ, ਸੱਜੀ ਬਾਂਹ ਨੂੰ ਖੱਬੀ ਬਾਂਹ ਦਾ ਹੀ ਪਤਾ ਨਹੀਂ ਲਗਦਾ, ਅਤੇ ਜਦੋਂ ਕੁਰਸੀ ਵਿਚ ਆ ਜਾਏ ਤਾਂ ਹੱਥ ਕਟਾਰ ਆ ਜਾਂਦੀ ਆ ਤੇ ਉਹ ਵਢਾਂਗਾ ਕਰਦੀ ਤੁਰੀ ਜਾਂਦੀ ਆ, ਸਾਹਮਣੇ ਹੋਵੇ ਪੁੱਤ ਜਾਂ ਹੋਵੇ ਪਿੳ ਜਾਂ ਹੋਵੇ ਭਰਾ ਜਾਂ ਰਿਸ਼ਤੇਦਾਰ, ਕੋਈ ਦਿਖਦਾ ਹੀ ਨਹੀਂ! ਖ਼ੂਨ ਸਫੈਦ ਹੋ ਜਾਂਦਾ ਆ।
ਇਵੇਂ ਹੀ ਭਾਈ ਇੱਕੋ ਜਿਹੇ “ਸਫੈਦ ਖ਼ੂਨ” ਵਾਲੇ ਹੋ ਗੇ ਇੱਕ ਪਾਸੇ ਯੋਗੀ, ਸਾਧੂ, ਸ਼ਿਵ ਦੁਆਲਿਆਂ ਵਾਲੇ, ਮੱਠਾਂ ਵਾਲੇ।ਅਤੇ ਮਾੜੇ ਮੋਟੇ “ਲਾਲ ਸੂਹੇ ਖੂਨ” ਵਾਲੇ ਹੋ ਗੇ ਦੂਜੇ ਪਾਸੇ ਲਾਲ ਸੋਚ ਵਾਲੇ, ਮੌਲਵੀ, ਮੁੱਲਾਂ, ਉਚੇ-ਨੀਵੇਂ ਕਬੀਲਿਆਂ ਵਾਲੇ।ਮਾਰ ਵੱਢ ਹੋਈ ਨੋਟਾਂ ਨਾਲ! ਮਾਰ ਵੱਢ ਹੋਈ ਵੋਟਾਂ ਨਾਲ! ਮਾਰ ਵੱਢ ਹੋਈ ਸ਼ਬਦਾਂ ਨਾਲ! ਜੀਹਦੇ ਜਿੰਨੇ ਤਿੱਖੇ ਸ਼ਬਦ, ਉਨੀਆਂ ਉਹਦੀਆਂ ਬਣੀਆਂ ਬਾਂਹਾਂ! ਤੇ ਫਿਰ ਚੱਲ ਸੋ ਚੱਲ।
‘ਤੇ ਵਿਚਾਰਾ ਮੁਲਾਇਮ! ਸੰਤਾਨ ਦਾ ਮਾਰਿਆ ਮੁਲਾਇਮ।ਕਦੇ ਸਭ ਦਾ ਪਿਆਰਾ ਰਿਹਾ ਮੁਲਾਇਮ! ਸਭ ਦਾ ਦੁਲਾਰਾ ਰਿਹਾ ਮੁਲਾਇਮ। ਕਦੇ ਇੱਕ ਵਿਹੜੇ ਘੁੰਮਿਆ! ਕਦੇ ਦੂਜੇ ਵਿਹੜੇ ਘੁੰਮਿਆ। ਉਹਦੀ ਨਾ ਸੁਣੀ ਰਹੀਮ ਨੇ ਨਾ ਸੁਣੀ ਰਾਮ ਨੇ! ਅਖਲੇਸ਼ ਰਾਹੁਲ, ਸ਼ਿਵਪਾਲ, ਅਮਰ ਸਿਹੁੰ ਦੇ ਵਿਚਕਾਰ ਫੁਟਬਾਲ ਦੀ ਤਰ੍ਹਾਂ ਠੇਡੇ ਖਾਂਦਾ ਮੁਲਾਇਮ, ਸਿਰ ਫੜਕੇ ਦੁਹੱਥੜੀ ਪਿੱਟਦਾ ਕਹਿੰਦਾ ਰਹਿ ਗਿਆ, “ਰਾਮ ਸੁਣੀ ਨਾ, ਰਾਮ-ਦੁਹਾਈ ਮੇਰੀ”।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਸਾਡੇ ਦੇਸ਼ ਵਿੱਚ ਤੇਰਾਂ ਕਰੋੜ ਤੋਂ ਜਿਆਦਾ ਛੇ ਸਾਲ ਤੋਂ ਦਸ ਸਾਲ ਦੇ ਬੱਚੇ ਹਨ। ਜਦਕਿ ਬਾਰਾਂ ਕਰੋੜ ਬੱਚੇ ਗਿਆਰਾਂ ਤੋਂ ਪੰਦਰਾਂ ਸਾਲ ਦੀ ਉਮਰ ਦੇ ਹਨ। ਲੇਕਿਨ ਇਕ ਸਰਵੇ ਅਨੁਸਾਰ ਅੱਠਵੀਂ ਕਲਾਸ ਦੇ 40.2% ਬੱਚੇ ਹੀ ਹਿਸਾਬ ਦੇ ਤਕਸੀਮ ਦੇ ਸਵਾਲ ਹੱਲ ਕਰ ਸਕਦੇ ਹਨ ਜਦਕਿ 70% ਬੱਚੇ ਦੂਜੀ ਜਮਾਤ ਦੇ ਪਾਠ ਪੜ੍ਹ ਸਕਦੇ ਹਨ। ਇਹ ਅੰਕੜੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ 2016 ਦੀ ਅਸਰ ਰਿਪੋਰਟ ਦੇ ਜਾਰੀ ਕੀਤੇ ਹਨ।
ਇੱਕ ਵਿਚਾਰ
ਸੁੰਦਰਤਾ ਇੱਕ ਇਹੋ ਜਿਹੀ ਚੀਜ਼ ਹੈ, ਜਿਸਨੂੰ ਸਮਾਂ ਨੁਕਸਾਨ ਨਹੀਂ ਪਹੁੰਚਾ ਸਕਦਾ- ਆਸਕਰ ਬਾਈਲਡ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.