ਮਿਤੀ 31 ਮਾਰਚ 2017 ਨੂੰ ਰਿਲੀਜ਼ ਹੋਈ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਅਤੇ ਹੈਰੀ ਭੱਟੀ ਦੀ ਫ਼ਿਲਮ ਰੱਬ ਦਾ ਰੇਡੀਓ ਵਿਧਾ ਪੱਖੋਂ ਭਾਵੁਕ ਕਿਸਮ ਦਾ ਪਰਿਵਾਰਕ ਡਰਾਮਾ ਹੈ। ਇਸ ਫ਼ਿਲਮ ਰਾਹੀਂ ਪੰਜਾਬੀ ਗਾਇਕ ਤਰਸੇਮ ਜੱਸੜ ਨੇ ਪੰਜਾਬੀ ਸਿਨਮਈ ਦੁਨੀਆਂ ਵਿੱਚ ਕਦਮ ਰੱਖਿਆ ਹੈ। ਆਪਣੀ ਪਹਿਲੀ ਪੰਜਾਬੀ ਫ਼ਿਲਮ ਰਾਹੀਂ ਹੀ ਉਸਨੇ ਦਰਸ਼ਕਾਂ ਦੀ ਪਸੰਦ ਅਤੇ ਉਹਨਾਂ ਦੇ ਸੁਹਜ ਸਵਾਦ ਦੀ ਕਸਵੱਟੀ ਤੇ ਖਰੇ ਉੱਤਰਨ ਦਾ ਮਾਣ ਹਾਸਿਲ ਕਰ ਲਿਆ ਹੈ। ਫ਼ਿਲਮ ਰੱਬ ਦਾ ਰੇਡੀਓ ਬੇਹੱਦ ਸਾਦਗੀ ਭਰਪੂਰ ਅਤੇ ਭਾਈਚਾਰਕ ਸਾਂਝ ਦੀ ਹਾਮੀ ਭਰਦੇ ਥੀਮ ਦੀ ਪੇਸ਼ਕਾਰੀ ਹੈ।
ਫ਼ਿਲਮ ਦੀ ਕਹਾਣੀ ਦੋ ਸਧਾਰਨ ਭਰਾਵਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਕਹਾਣੀ ਹੈ ਜਿਸ ਵਿੱਚ ਸਰਪੰਚ ਅਰਜਨ (ਗੁਰਮੀਤ ਸਾਜਨ) ਅਤੇ ਉਸਦਾ ਭਰਾ ਸੁੱਚਾ ਸਿੰਘ (ਤਰਸੇਮ ਪਾਲ) ਦੀ ਆਪਣੀਆਂ ਘਰਵਾਲੀਆਂ ਚਬਾਰੋ (ਅਨੀਤਾ ਦੇਵਗਨ) ਅਤੇ ਕਰਮੋ (ਸੀਮਾ ਕੌਸ਼ਲ) ਦੇ ਕਾਰਨ ਪਰਿਵਾਰਕ ਲੜਾਈ ਹੈ। ਚਬਾਰੋ ਦੇ ਘਰ ਦੋ ਪੁੱਤਰ ਦੀਪਾ (ਧੀਰਜ ਕੁਮਾਰ) ਅਤੇ ਬਲਵਿੰਦਰ ਹਨ ਜਦਕਿ ਕਰਮੋ ਦੇ ਘਰ ਤਿੰਨ ਧੀਆਂ ਗੁੱਡੀ (ਸਿੰਮੀ ਚਾਹਲ), ਪਾਲੋ ਅਤੇ ਨਿੱਕੀ ਹਨ। ਚਬਾਰੋ ਦੀ ਘਰ ਵਿੱਚ ਪੂਰੀ ਸਰਦਾਰੀ ਕਾਇਮ ਦਿਖਾਈ ਗਈ ਹੈ ਜਿਸਦੇ ਹੁਕਮ ਕਰਕੇ ਬਾਕੀ ਪਰਿਵਾਰ ਆਪਣੇ ਛੋਟੇ ਭਰਾ ਦੇ ਘਰ ਵੀ ਨੀ ਜਾਂਦੇ। ਗੁੱਡੀ ਬਹੁਤ ਹੀ ਸਾਦਾਮਿਜ਼ਾਜ ਸੁਭਾਅ ਦੀ ਭੋਲੀ-ਭਾਲੀ ਸਾਊ ਕੁੜੀ ਹੈ ਜੋ ਘਰ ਵਿੱਚ ਕੰਧ ਹੋਣ ਦੇ ਬਾਵਯੂਦ ਵੀ ਆਪਣੇ ਤਾਏ ਦੇ ਘਰ ਜਾ ਕੇ ਵਰਤਣ ਦੀ ਕੋਸ਼ਿਸ਼ ਕਰਦੀ ਹੈ। ਇੱਧਰ ਤਾਈ ਚਬਾਰੋ ਪੁੱਤਰ ਮੋਹ ਨਾਲ ਹੰਕਾਰੀ ਹੋਈ ਹੈ ਅਤੇ ਵਰਤਣਾ ਤਾਂ ਦੂਰ ਦੀ ਗੱਲ ਉਹ ਆਪਣੇ ਪੁੱਤ ਦੀਪੇ ਦੇ ਵਿਆਹ ਦਾ ਸੱਦਾ ਵੀ ਦਰਾਣੀ ਘਰ ਦੋ ਦਿਨ ਪਹਿਲਾਂ ਸਿਰਫ਼ ਲੋਕਾਚਾਰੀ ਨੂੰ ਭੇਜਦੀ ਹੈ। ਸੋ, ਦੀਪੇ ਦੀ ਵਹੁਟੀ ਨਸੀਬ ( ਮੈਂਡੀ ਤੱਖਰ) ਵਿਆਹ ਕੇ ਘਰ ਆਉਂਦੀ ਹੈ ਪਰ ਚਬਾਰੋ ਉੱਥੇ ਵੀ ਹੁਕਮ ਚਲਾਉਂਦੀ ਹੈ ਅਤੇ ਨਸੀਬ ਨੂੰ ਤਾੜਨਾ ਕਰਦੀ ਹੈ ਕਿ ਉਹ ਉਸਦੀ ਦਰਾਣੀ ਦੇ ਘਰ, ਪਰਿਵਾਰ ਅਤੇ ਗੁੱਡੀ ਹੋਰਾਂ ਨਾਲ ਕੋਈ ਰਿਸ਼ਤਾ ਨਹੀਂ ਰੱਖੇਗੀ।
ਨਸੀਬ ਬਿਨ੍ਹਾਂ ਬਾਪ ਦੇ ਪਲ਼ੀ ਹੋਈ ਧੀ ਹੈ ਜੋ ਆਪਣਾ ਘਰ ਉੱਜੜਨ ਦੇ ਡਰੋਂ ਆਪਣੀ ਸੱਸ ਦਾ ਹੁਕਮ ਮੰਨਦੀ ਹੈ। ਏਧਰ ਗੁੱਡੀ ਨੂੰ ਨਵੀਂ ਭਾਬੀ ਦਾ ਲੋਹੜਿਆਂ ਦਾ ਚਾਓ ਹੈ ਜਿਸ ਕਰਕੇ ਉਹ ਨਵੀਂ ਭਾਬੀ ਨੂੰ ਚੋਰੀਓਂ ਮਿਲਣ ਦੀ ਕੋਸ਼ਿਸ਼ 'ਚ ਸਫ਼ਲ ਹੁੰਦੀ ਹੈ। ਉਹਨਾਂ ਦੀਆਂ ਏਹ ਮੁਲਾਕਾਤਾਂ ਨਣਾਨ-ਭਰਜਾਈ ਦਾ ਖ਼ੂਬਸੂਰਤ ਰਿਸ਼ਤਾ ਸਿਰਜ ਲੈਂਦੀਆਂ ਨੇ। ਪਿੱਛੋਂ ਨਸੀਬ ਦੀ ਰਿਸ਼ਤੇਦਾਰੀ ਵਿੱਚੋਂ ਮੁੰਡਾ ਮਨਜਿੰਦਰ (ਤਰਸੇਮ ਜੱਸੜ) ਜੋ ਕਿਸੇ ਵਿਆਹ ਵਿੱਚ ਗੁੱਡੀ ਨੂੰ ਦੇਖਣ ਤੋਂ ਬਾਅਦ ਪਸੰਦ ਕਰ ਲੈਂਦਾ ਹੈ।ਫ਼ੇਰ ਉਹ ਆਪਣੀ ਭੂਆ ਰਾਹੀਂ(ਜੋ ਨਸੀਬ ਦੀ ਮਾਮੀ ਹੈੈ) ਗੁੱਡੀ ਦਾ ਰਿਸ਼ਤਾ ਮੰਗਦਾ ਹੈ। ਸੋ, ਉਸਦੀ ਏਹ ਕੋਸ਼ਿਸ਼ ਨਸੀਬ ਦੀ ਸੱਸ ਦੇ ਦਬਕੇ ਕਾਰਨ ਭਾਂਵੇਂ ਨੇਪਰੇ ਨਹੀਂ ਚੜ੍ਹਦੀ ਪਰ ਆਪਣਾ ਕੰਮ ਕਿਸੇ ਹੋਰ ਬੰਦੇ ਨੂੰ ਵਿੱਚ ਪਾ ਕੇ ਕਰਵਾ ਹੀ ਲੈਂਦਾ ਹੈ। ਸੋ, ਸਭ ਘਰਦਿਆਂ ਨੂੰ ਗੁੱਡੀ ਪਸੰਦ ਆਉਣ ਮਗਰੋਂ ਰਿਸ਼ਤਾ ਪੱਕਾ ਹੋ ਜਾਂਦਾ ਹੈ।
ਅਚਾਨਕ ਇੱਕ ਦਿਨ ਚਬਾਰੋ ਨੂੰ ਕਿਸੇ ਔਰਤ ਰਾਹੀਂ ਪਤਾ ਲੱਗਦਾ ਹੈ ਕਿ ਏਨੇ ਉੱਚੇ ਖ਼ਾਨਦਾਨ ਵਿੱਚ ਉਹਨਾਂ ਦੇ ਸ਼ਰੀਕਾਂ ਦਾ ਰਿਸ਼ਤਾ ਉਸਦੀ ਆਪਣੀ ਨੂੰਹ ਕਾਰਨ ਹੀ ਜੁੜਿਆ ਹੈ। ਹੁਣ ਇਹ ਗੱਲ ਚਬਾਰੋ ਨੂੰ ਕਤਈ ਹਜ਼ਮ ਨਾ ਹੋਣ ਕਰਕੇ ਉਹ ਆਪਣੀ ਨੂੰਹ ਨਸੀਬ ਨੂੰ ਘਰੋਂ ਕੱਢ ਦਿੰਦੀ ਹੈ। ਨਸੀਬ ਆਪਣੀ ਸਫ਼ਾਈ ਦੇ ਵਾਸਤੇ ਪਾਉਂਦੀ ਹੈ ਪਰ ਉਸਦੀ ਸੱਸ ਕੋਈ ਗੱਲ ਨਹੀਂ ਸੁਣਦੀ। ਆਖ਼ਿਰ ਪਿਓ ਦੇ ਮਰਨ ਤੋਂ ਬਾਅਦ ਨਸੀਬ ਨੂੰ ਪਾਲਣ ਵਾਲੇ ਚਾਚੇ (ਮਲਕੀਤ ਰੌਣੀ) ਦੇ ਮਿੰਨਤ ਕਰਨ ਤੇ ਨਸੀਬ ਦੀ ਸੱਸ ਉਸਨੂੰ ਘਰ ਰੱਖਦੀ ਹੈ ਪਰ ਨਾਲ ਦੀ ਨਾਲ ਤਾਕੀਦ ਕਰਦੀ ਹੈ ਕਿ ਉਹ ਹੁਣ ਗੁੱਡੀ ਦਾ ਰਿਸ਼ਤਾ ਤੁੜਵਾਉਣ ਵਿੱਚ ਵੀ ਅੱਗੇ ਲੱਗੇ। ਆਪਣੇ ਚਾਚੇ ਦੀ ਮਜਬੂਰੀ ਅਤੇ ਆਪਣੇ ਘਰ ਵਸੇਬੇ ਕਾਰਨ ਦਿਲ ਤੇ ਪੱਥਰ ਰੱਖ ਕੇ ਨਸੀਬ ਹਾਮੀ ਭਰ ਦਿੰਦੀ ਹੈ।
ਏਧਰ ਚਬਾਰੋ ਵੀ ਕੁਝ ਸਮੇਂ ਵਿੱਚ ਰਿਸ਼ਤਾ ਤੁੜਵਾਉਣ ਵਿੱਚ ਸਫ਼ਲ ਹੁੰਦੀ ਹੈ ਜਿਸ ਵਿੱਚ ਨਸੀਬ ਦੀ ਹਾਮੀ ਵੀ ਨਜਾਇਜ਼ ਭਰਵਾ ਲਈ ਜਾਂਦੀ ਹੈ। ਏਥੇ ਹੀ ਕਹਾਣੀ ਵਿੱਚ ਟਵਿਸਟ ਆਉਂਦਾ ਹੈ ਜਦ ਮਨਜਿੰਦਰ ਦਾ ਤਹਿਸੀਲਦਾਰ ਬਾਪ ਹਰਦੇਵ (ਸ਼ਵਿੰਦਰ ਮਾਹਲ) ਅਤੇ ਮਾਂ (ਸੁਨੀਤਾ ਧੀਰ) ਕੁੜੀ ਦਾ ਆਚਰਣ ਚੰਗਾ ਨਾ ਹੋਣ ਕਾਰਨ ਰਿਸ਼ਤਾ ਤੋੜ ਦਿੰਦੇ ਹਨ। ਮਨਜਿੰਦਰ ਏਸ ਗੱਲ ਦੇ ਸਖ਼ਤ ਖ਼ਿਲਾਫ਼ ਹੋ ਜਾਂਦਾ ਹੈ। ਏਸੇ ਤਾਂਹ-ਠਾਂਹ ਵਿੱਚ ਮਨਜਿੰਦਰ ਦਾ ਬਾਪ ਗੁੱਡੀ ਦਾ ਰਿਸ਼ਤਾ ਮਨਜ਼ੂਰ ਕਰਨ ਤੇ ਧਮਕੀ ਦੇ ਦਿੰਦਾ ਹੈ ਕਿ ਜੇ ਏਹ ਰਿਸ਼ਤਾ ਹੋਇਆ ਤਾਂ ਉਹ ਆਪਣੇ ਆਪ ਨੂੰ ਗੋਲੀ ਮਾਰ ਲਵੇਗਾ। ਧਮਕੀ ਤੋਂ ਬਾਅਦ ਵੀ ਮਨਜਿੰਦਰ ਆਪਣੀ ਗੱਲ ਤੇ ਅਟੱਲ ਰਹਿੰਦਾ ਹੈ ਕਿਉਂ ਜੋ ਉਹ ਜਾਣਦਾ ਹੈ ਕਿ ਗੁੱਡੀ ਆਪਣੀ ਥਾਂਏ ਗ਼ਲਤ ਨਹੀਂ ਹੈ। ਸੋ, ਮਨਜਿੰਦਰ ਗੁੱਡੀ ਦੀ ਭਾਬੀ ਨਸੀਬ ਨੂੰ ਝੰਜੋੜਦਾ ਹੈ ਕਿ ਉਹ ਸੱਚ ਬੋਲੇ। ਸਿੱਟੇ ਵਜੋਂ ਨਸੀਬ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਹੈ ਕਿ ਉਹ ਆਪਣਾ ਘਰ ਬਚਾਉਣ ਲਈ ਕਿਸੇ ਮਾਸੂਮ ਦੀ ਜ਼ਿੰਦਗੀ ਬਰਬਾਦ ਕਰਨ ਲੱਗੀ ਸੀ। ਗ਼ਲਤੀ ਦੇ ਅਹਿਸਾਸ ਵਜੋਂ ਉਹ ਮਨਜਿੰਦਰ ਦੇ ਘਰ ਜਾਂਦੀ ਹੈ ਅਤੇ ਗੁੱਡੀ ਦੇ ਸਾਊ ਅਤੇ ਨੇਕਦਿਲ ਹੋਣ ਦਾ ਹਾਮੀ ਭਰਦੀ ਹੈ। ਸੱਚ ਸਾਹਮਣੇ ਆਉਣ ਤੇ ਸਾਰੇ ਨਸੀਬ ਨੂੰ ਸ਼ਾਬਾਸ਼ ਦਿੰਦੇ ਹਨ ਅਤੇ ਮਨਜਿੰਦਰ ਖੁਸ਼ੀ ਨਾਲ ਗੁੱਡੀ ਨੂੰ ਪਰਣਾ ਲੈਂਦਾ ਹੈ। ਅੰਤ ਵਿੱਚ ਚਬਾਰੋ ਦੀ ਗੁੱਡੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਸਾਹਮਣੇ ਆਉਣ ਨਾਲ ਉਸਦੀ ਮਾਸੀ ਸੱਸ (ਨਿਰਮਲ ਰਿਸ਼ੀ) ਉਸਨੂੰ ਫ਼ਿੱਟ ਲਾਹਨਤ ਪਾਉਂਦੀ ਹੈ ਕਿ ਜੇ ਉਸਦੇ ਆਪਣੇ ਘਰ ਧੀ ਹੁੰਦੀ ਤਾਂ ਉਹ ਇੰਝ ਕਰਦੀ? ਚਬਾਰੋ ਨੂੰ ਆਪਣੇ ਕੀਤੇ ਤੇ ਅਤਿਅੰਤ ਪਛਤਾਵਾ ਹੁੰਦਾ ਹੈ ਅਤੇ ਉਹ ਆਪਣੇ ਹੰਕਾਰੀ ਹੋਣ ਦੀ ਗ਼ਲਤੀ ਸਾਰੇ ਪਰਿਵਾਰ ਸਾਹਮਣੇ ਸਵੀਕਾਰ ਕਰਦੀ ਹੈ। ਫ਼ਿਲਮ ਦੀ ਸਮਾਪਤੀ ਵਿੱਚ ਇੱਕ ਖ਼ੂਬਸੂਰਤ ਸੁਨੇਹੇ ਵਜੋਂ ਦਾਦੀ ਸੱਸ ਦੋਹਾਂ ਘਰਾਂ ਵਿਚਲੀ ਕੰਧ ਢੁਆ ਦਿੰਦੀ ਹੈ ਅਤੇ ਸਮੂਹ ਪਰਿਵਾਰ ਸਾਂਝੇ ਘਰ ਵਿੱਚ ਗੁੱਡੀ ਦਾ ਵਿਆਹ ਕਰਦਾ ਹੈ। ਇਓਂ ਅੰਤ ਵਿੱਚ ਇਹ ਕਹਾਣੀ ਪਰਿਵਾਰਕ ਸਾਂਝ ਅਤੇ ਰਿਸ਼ਤਿਆਂ ਦੇ ਨਿੱਘੇ ਅਹਿਸਾਸ ਦਾ ਸੁਨੇਹਾ ਦਿੰਦੀ ਸਮਾਪਤੀ ਵੱਲ ਵਧਦੀ ਹੈ।
ਫ਼ਿਲਮ ਰੱਬ ਦਾ ਰੇਡੀਓ ਜਿੱਥੇ ਥੀਮ ਪੱਖੋਂ ਸੱਭਿਆਚਾਰਕ ਪੱਖ ਨਾਲ ਜੁੜੀ ਹੈ ਉੱਥੇ ਇਸਦੀ ਕਹਾਣੀ ਅਤੇ ਪੇਸ਼ਕਾਰੀ ਵੀ ਥੀਮ ਨਾਲ ਨਿਭਣ ਵਿੱਚ ਸਫ਼ਲ ਹੋਈ ਹੈ। ਫ਼ਿਲਮ ਦੌਰਾਨ ਚੁਣੀਆਂ ਗਈਆਂ ਲੋਕੇਸ਼ਨਾਂ, ਪਲੈਨਡ ਸਕਰਿਪਟ, ਸੰਵਾਦ ਅਦਾਇਗੀ, ਕਿਰਦਾਰਨਿਗ਼ਾਰੀ, ਅਦਾਕਾਰੀ ਅਤੇ ਵੇਸ਼-ਭੂਸ਼ਾ ਵੀ ਪੰਜਾਬੀ ਖ਼ਾਸ ਤੌਰ ਤੇ ਮਲਵਈ ਸੱਭਿਆਚਾਰ ਦੀ ਹਾਮੀ ਭਰਦੀ ਨਜ਼ਰ ਆਉਂਦੀ ਹੈ। ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਅਤੇ ਹੈਰੀ ਭੱਟੀ ਨੇ ਬੜੀ ਹੀ ਖ਼ੂਬਸੂਰਤੀ ਅਤੇ ਸੰਜੀਦਗੀ ਨਾਲ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ। ਫ਼ਿਲਮ ਦੀ ਦ੍ਰਿਸ਼ਕਾਰੀ (ਸਿਨਮੈਟੋਗ੍ਰਾਫ਼ੀ) ਏਨੀ ਚੰਗੀ ਹੈ ਕਿ ਦਰਸ਼ਕ ਫ਼ਿਲਮ ਦੇਖਦਿਆਂ ਇਹ ਮਹਿਸੂਸਦਾ ਹੈ ਕਿ ਉਹ ਬਿਲਕੁਲ ਅੱਸੀ-ਨੱਬੇ ਦੇ ਦਹਾਕੇ ਵਿਚਲੇ ਸਭਿਆਚਾਰ ਨੂੰ ਜਿਉਂ ਰਿਹਾ ਹੋਵੇ। ਫ਼ਿਲਮ ਵਿੱਚ ਜਿੰਨਾ ਸੋਹਣਾ ਕੈਮਰਾਵਰਕ ਹੈ ਓਨੀ ਹੀ ਸੋਹਣੀ ਹੋਈ ਐਡੀਟਿੰਗ ਫ਼ਿਲਮ ਦੀ ਜਾਨ ਹੈ। ਉਂਝ ਸਾਰੀ ਫ਼ਿਲਮ ਦੀ ਦ੍ਰਿਸ਼ਕਾਰੀ ਬਹੁਤ ਗੌਲਣਯੋਗ ਹੈ ਪਰ ਕੁਝ ਦ੍ਰਿਸ਼ ਆਪਣੀਆਂ ਕਲਾਤਮਕ ਖ਼ੂਬੀਆਂ ਸਦਕੇ ਯਾਦਗਾਰੀ ਹੋ ਨਿੱਬੜੇ ਹਨ। ਤਕਨੀਕੀ ਪੱਖੋਂ ਵੀ ਏਸ ਫ਼ਿਲਮ ਦੀਆਂ ਕਾਫ਼ੀ ਖ਼ੂਬੀਆਂ ਹਨ। ਫ਼ਿਲਮ ਵਿੱਚ ਗੀਤ-ਸੰਗੀਤ ਅਤੇ ਬੈਕਗ੍ਰਾਊਂਡ ਸਕੋਰ ਵੀ ਬਹੁਤ ਵਧੀਆ ਦਿੱਤਾ ਗਿਆ ਹੈ ਅਤੇ ਅਦਾਕਾਰੀ ਪੱਖੋਂ ਤਾਂ ਸਾਰੇ ਹੀ ਕਿਰਦਾਰ ਬੜੀ ਮੰਝੀ ਹੋਈ ਅਦਾਕਾਰੀ ਕਰਨ ਵਿੱਚ ਸਫ਼ਲ ਹੋਏ ਹਨ। ਪੰਜਾਬੀ ਫ਼ਿਲਮ ਹੋਣ ਨਾਤੇ ਫ਼ਿਲਮ ਰੱਬ ਦਾ ਰੇਡੀਓ ਨੇ ਪੰਜਾਬੀ ਸੱਭਿਆਚਾਰ ਨਾਲ ਮੁਕੰਮਲ ਨਿਭਾਓ ਕੀਤਾ ਹੈ। ਫ਼ਿਲਮ ਨੂੰ ਸਫ਼ਲ ਕਰਨ ਦੇ ਕਈ ਪੈਮਾਨੇ ਨਿਰਦੇਸ਼ਕ ਅਤੇ ਉਸਦੀ ਪੂਰੀ ਟੀਮ ਨੇ ਲੱਭ-ਲੱਭ ਕੇ ਇਸਤੇਮਾਲ ਕੀਤੇ ਨੇ। ਉਦਾਹਰਨ ਵਜੋਂ ਪੁਰਾਣੀ ਪੀੜ੍ਹੀ ਦੇ ਦਰਸ਼ਕ ਜੋੜਨ ਲਈ 1983 ਵਿੱਚ ਰਿਲੀਜ਼ ਹੋਈ ਨਿਰਦੇਸ਼ਕ ਸਤੀਸ਼ ਭਾਖੜੀ ਦੀ ਫ਼ਿਲਮ 'ਸੱਸੀ ਪੁੰਨੂੰ' ਦਾ ਗੀਤ ਜੋ ਸਤੀਸ਼ ਕੌਲ ਅਤੇ ਭਾਵਨਾ ਭੱਟ ਤੇ ਫ਼ਿਲਮਾਇਆ ਗਿਆ ਸੀ ਨੂੰ ਖ਼ਾਸ ਤੌਰ ਤੇ ਸ਼ਾਮਿਲ ਕੀਤਾ ਗਿਆ। ਏਸੇ ਤਰ੍ਹਾਂ ਫ਼ਿਲਮ ਵਿੱਚ ਮਨਜਿੰਦਰ ਵੱਲੋਂ ਆਪਣੀਆਂ ਰਫ਼ਲਾਂ ਨੂੰ ਖ਼ੇਤ ਵਿੱਚ ਦੱਬ ਆਉਣਾ ਜਿੱਥੇ ਆਪਣੇ ਬਾਪ ਦੀ ਧਮਕੀ ਤੋਂ ਪੈਦਾ ਹੋਣ ਵਾਲੇ ਅਣਕਿਆਸੇ ਡਰ ਅਤੇ ਇੱਜ਼ਤ ਦੀ ਗੁੰਜਾਇਸ਼ ਹੈ ਉੱਥੇ ਉਸਤੋਂ ਰਿਸ਼ਤਿਆਂ ਦੇ ਨਿੱਘ ਲਈ ਹਥਿਆਰਾਂ ਤੋਂ ਕੰਨੀ ਕਰਨ ਦਾ ਸੁਨੇਹਾ ਵੀ ਦਿਵਾਇਆ ਗਿਆ ਹੈ। ਏਸੇ ਤਰ੍ਹਾਂ ਗੁੱਡੀ ਦਾ ਰਿਸ਼ਤਾ ਜੋੜਨ ਲਈ ਨਸੀਬ ਨੂੰ ਪ੍ਰੇਰਿਤ ਕਰਨ ਅਚਾਨਕ ਉਸਦੀ ਮਾਂ ਦਾ ਆਉਣਾ ਵੀ ਨਿਰਦੇਸ਼ਕ ਨੇ ਬੜੀ ਹੀ ਸਿਆਣਪ ਨਾਲ ਨਸੀਬ ਦੇ ਮੂੰਹੋਂ ਇੱਕ ਸੰਵਾਦ ਬੁਲਾ ਕੇ ਸੰਭਾਲ ਲਿਆ। ਜਦੋਂ ਉਹ ਕਹਿੰਦੀ ਹੈ ਕਿ "ਬਾਪੂ ਜੀ ਦੇ ਜਾਣ ਤੋਂ ਬਾਅਦ ਤੂੰ ਕਦੇ ਘਰੋਂ ਨਹੀਂ ਨਿੱਕਲੀ ਫ਼ੇਰ ਅੱਜ ਕਿਵੇਂ ਆਉਣ ਹੋਇਆ?"
ਐਵੇਂ ਹੀ ਫ਼ਿਲਮ ਦੇ ਆਖ਼ਿਰ ਵਿੱਚ ਵੀ ਜਦੋਂ ਚੁਬਾਰੋ (ਅਨੀਤਾ ਦੇਵਗਨ) ਨੂੰ ਉਸਦੀ ਕਰਤੂਤ ਤੋਂ ਘਰੋਂ ਉਸਦੇ ਪਤੀ (ਗੁਰਮੀਤ ਸਾਜਨ) ਵੱਲੋਂ ਹੱਥ ਚੁੱਕਿਆ ਜਾਂਦਾ ਹੈ ਤਾਂ ਗੁੱਡੀ ਦਾ ਪਿਓ (ਤਰਸੇਮ ਪਾਲ) ਉਸਦਾ ਹੱਥ ਫ਼ੜ ਕੇ ਕਹਿੰਦਾ ਹੈ ਕਿ "ਉਹ ਵੀ ਤਾਂ ਕਿਸੇ ਦੀ ਧੀ ਹੈ, ਮਰਿਆਦਾ ਵੀ ਕੋਈ ਚੀਜ਼ ਹੁੰਦੀ ਹੈ"। ਸੋ, ਏਸ ਇੱਕ ਡਾਇਲਾਗ ਨਾਲ ਹੀ ਦਰਸ਼ਕਾਂ ਦਾ ਮਨ ਹਲ਼ੂਣਦਾ ਹੈ ਅਤੇ ਉਹ ਮਨ ਹੀ ਮਨ ਏਸ ਨੂੰ ਕਹਾਣੀ ਦਾ ਪਾਜ਼ੀਟਿਵ ਪੱਖ ਮੰਨਣ ਲਈ ਹੁੰਗਾਰਾ ਭਰਦੇ ਹਨ। ਫ਼ਿਲਮ ਵਿੱਚ ਇਹ ਗੱਲਾਂ ਦਰਸ਼ਕਾਂ ਨੂੰ ਪਹਿਲੀ ਨਜ਼ਰੇ ਸਿਰਫ਼ ਕਹਾਣੀ ਤੁਰਦੀ ਲੱਗਦੀਆਂ ਨੇ ਪਰ ਕਹਾਣੀਨਵੀਸ ਜੱਸ ਗਰੇਵਾਲ (ਬੰਬੂਕਾਟ ਫ਼ੇਮ) ਏਸ ਗੱਲੋਂ ਵਧਾਈ ਦਾ ਪਾਤਰ ਹੈ ਕਿ ਉਸਨੇ ਕਹਾਣੀ ਦੀ ਨਿਰੰਤਰਤਾ ਨੂੰ ਬਰਕਰਾਰ ਕਰਨ ਲਈ ਕੁਝ ਵੀ ਬਣਾਉਟੀ ਮਹਿਸੂਸ ਨਹੀਂ ਹੋਣ ਦਿੱਤਾ। ਫ਼ਿਲਮ ਦਾ ਨਿਰਦੇਸ਼ਨ ਬਹੁਤ ਸੰਜੀਦਗੀ ਨਾਲ ਕੀਤਾ ਗਿਆ ਹੈ। ਏਸ ਫ਼ਿਲਮ ਦੀ ਇੱਕ ਹੋਰ ਖ਼ੂਬਸੂਰਤੀ ਏਸਦੀ ਸਟਾਰਕਾਸਟ ਵਜੋਂ ਗਿਣੀ ਜਾ ਸਕਦੀ ਹੈ।ਮਲਟੀਸਟਾਰਕਾਸਟ ਹੋਣ ਦੇ ਬਾਵਯੂਦ ਸਾਰੇ ਕਿਰਦਾਰ ਆਪਣੀ ਅਦਾਕਾਰੀ ਵਿੱਚ ਨਿਪੁੰਨ ਦਿਖਾਈ ਦਿੰਦੇ ਹਨ ਅਤੇ ਫ਼ਿਲਮ ਦੇਖਣ ਤੋਂ ਬਾਅਦ ਕੋਈ ਵੀ ਏਹ ਨਹੀਂ ਕਹਿ ਸਕਦਾ ਕਿ ਫ਼ਿਲਮ ਕੇਵਲ ਲੀਡ ਹੀਰੋ ਦੇ ਸਿਰ ਤੇ ਚੱਲਗੀ। ਚਰਿੱਤਰ ਅਤੇ ਸਹਾਇਕ ਅਦਾਕਾਰਾਂ ਦਾ ਕੰੰਮ ਅਤੇ ਮਹੱਤਵ ਏਸ ਫ਼ਿਲਮ ਵਿੱਚੋਂ ਬਾਖ਼ੂਬੀ ਦਿਖਦਾ ਹੈ। ਅਦਾਕਾਰੀ ਵਿੱਚ ਮਲਕੀਤ ਰੌਣੀ, ਹਰਬਿਲਾਸ ਸੰਘਾ, ਸਤਵੰਤ ਕੌਰ, ਸ਼ਵਿੰਦਰ ਮਾਹਲ, ਨਿਰਮਲ ਰਿਸ਼ੀ, ਸੁਨੀਤਾ ਧਰਿ, ਤਰਸੇਮ ਪਾਲ ਦੇ ਆਪੋ ਆਪਣੇ ਪੁਰ ਅਸਰ ਮੁਕਾਮ ਹਨ ਅਤੇ ਏਸ ਫ਼ਿਲਮ ਵਿੱਚੋਂ ਉਹਨਾਂ ਵੱਲੋਂ ਨਿਭਾਏ ਕਿਰਦਾਰਾਂ ਰਾਹੀਂ ਏਹ ਮੁਕਾਮ ਹੋਰ ਵੀ ਉੱਪਰ ਉੱਠਿਆ ਹੈ। ਪੰਜਾਬੀ ਵਿੱਚ ਅਜਿਹੀਆਂ ਸੱਭਿਅਕ ਮਹੱਤਵ ਰੱਖਦੀਆਂ ਫ਼ਿਲਮਾਂ ਦੀ ਲੋੜ ਹੈ। ਦਰਸ਼ਕਾਂ ਨੂੰ ਏਸ ਤਰ੍ਹਾਂ ਦੀਆਂ ਫ਼ਿਲਮਾਂ ਨੂੰ ਮਹੱਤਵ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬੀ ਖ਼ੇਤਰੀ ਸਿਨਮੇ ਨੂੰ ਮੁਕਾਮ ਦਿੰਦੀਆਂ ਇਹਨਾਂ ਫ਼ਿਲਮਾਂ ਦੇ ਨਿਰਦੇਸ਼ਕਾਂ ਦੀ ਹੌਂਸਲਾ ਅਫ਼ਜਾਈ ਹੋ ਸਕੇ।
ਖੁਸ਼ਮਿੰਦਰ ਕੌਰ
ਪੰਜਾਬੀ ਸਿਨਮਾ ਖੋਜਨਿਗ਼ਾਰ,
ਪੰਜਾਬੀ ਯੂਨੀਵਰਸਿਟੀ ਪਟਿਆਲਾ।
ਰਾਬਤਾ:- 98788-89217
-
ਖੁਸ਼ਮਿੰਦਰ ਕੌਰ, ਲੇਖਕ
khushminderludhiana@gmail.com
98788-89217
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.