ਪੰਥ ਰਤਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਭਾਵੇਂ ਸਾਡੇ ਤੋਂ ਵਿਛੜਿਆਂ 13 ਵਰ੍ਹੇ ਹੋ ਚੱਲੇ ਨੇ, ਪਰ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਇਹ ਵਰ੍ਹੇ ਕੱਲ੍ਹ ਦੀ ਗੱਲ ਵਾਂਗ ਦਿਲ ਦੀ ਸਰਦਲ ਜਰੂਰ ਮੱਲੀ ਬੈਠੇ ਨੇ। ਜੱਥੇਦਾਰ ਟੌਹੜਾ ਦਾ ਵਿਛੋੜਾ ਇੱਕ ਦਾਇਰੇ ਤੱਕ ਸੀਮਿਤ ਨਾ ਹੋ ਕੇ ਪੰਜਾਬ ਅਤੇ ਪੂਰੀ ਕੌਮ ਲਈ ਅਸਹਿ ਸੀ। ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਤੋਂ ਤਕਰੀਬਨ 18 ਕੁ ਮੀਲ ਦੀ ਦੂਰੀ 'ਤੇ ਘੁੱਗ ਵਸਦਾ ਪਿੰਡ ਟੌਹੜਾ ਉਹਨਾਂ ਦੀ ਜਨਮ ਭੂਮੀ ਹੈ, ਜਿੱਥੇ ਉਹਨਾਂ 24 ਸਤੰਬਰ, 1924 ਨੂੰ ਪਿਤਾ ਦਲੀਪ ਸਿੰਘ ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖੋਂ ਜਨਮ ਲਿਆ। ਗੁਰਬਾਣੀ ਦੀ ਸੂਝ ਤੇ ਸਿੱਖ ਇਤਿਹਾਸ ਦੀ ਸਿੱਖਿਆ ਉਹਨਾਂ ਨੂੰ ਉਨ੍ਹਾਂ ਸਿੱਖ ਵਿਦਵਾਨਾਂ ਕੋਲੋਂ ਮਿਲੀ ਜਿਹੜੇ ਹਰ ਸਮੇਂ ਕੌਮ, ਪੰਥ ਅਤੇ ਸਰਬੱਤ ਦੇ ਭਲੇ ਦੀ ਗੱਲ ਕਰਿਆ ਕਰਦੇ ਸਨ।
ਜੱਥੇਦਾਰ ਟੌਹੜਾ ਨੇ ਆਪਣੀ ਜ਼ਿੰਦਗੀ ਦੀ ਲੰਮੀ ਪਾਰੀ ਦੀ ਸ਼ੁਰੂਆਤ ਕਰਦਿਆਂ ਸੰਨ 1938 ਵਿੱਚ ਸ਼੍ਰੋਮਣੀ ਅਕਾਲੀ ਦਲ ਅੰਦਰ ਸ਼ਮੂਲੀਅਤ ਕੀਤੀ ਅਤੇ ਪੰਥਕ ਹਿੱਤਾਂ 'ਤੇ ਪਹਿਰਾ ਦਿੰਦਿਆਂ ਕਿੰਨੀ ਹੀ ਵਾਰੀ ਜੇਲ ਗਏ। ਜੇਕਰ ਉਹਨਾਂ ਦੀ ਪੰਥ-ਪ੍ਰਸਤੀ ਤੇ ਰਾਜਨੀਤਿਕ ਖੇਤਰ ਵਿੱਚ ਮਾਰੀਆਂ ਮੱਲਾਂ ਦੀ ਗੱਲ ਕਰਨੀ ਹੋਵੇ ਤਾਂ ਇਸ ਨੂੰ ਕੁਝ ਪੰਨਿਆਂ ਵਿੱਚ ਸਮੇਟਣਾ ਨਾ-ਮੁਮਕਿਨ ਹੈ। ਆਪਣੀ ਪੰਥ ਪ੍ਰਸਤੀ ਤੇ ਲਿਆਕਤ ਸਦਕਾ 6 ਜਨਵਰੀ 1973 ਨੂੰ ਜੱਥੇਦਾਰ ਟੌਹੜਾ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਤੇ ਲੱਗਭੱਗ 27 ਵਰ੍ਹੇ ਇਸੇ ਸੰਸਥਾ ਦੇ ਪ੍ਰਧਾਨ ਰਹੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਏਨੇ ਲੰਮੇ ਸਮੇਂ ਤੱਕ ਬਣੇ ਰਹਿਣਾ ਸਿਵਾਏ ਜੱਥੇਦਾਰ ਟੌਹੜਾ ਦੇ, ਕਿਸੇ ਹੋਰ ਦੇ ਹਿੱਸੇ ਨਹੀਂ ਆਇਆ। ਉਹਨਾਂ ਦੀ ਕੌਮ ਪ੍ਰਸਤੀ ਤੇ ਤੇਜ਼ ਦਿਮਾਗ ਤੋਂ ਪੰਥ ਵਿਰੋਧੀ ਤਾਂ ਭੈਅ ਮੰਨਦੇ ਹੀ ਸਨ, ਨਾਲ ਹੀ ਉਨ੍ਹਾਂ ਦੇ ਸਾਥੀ ਵੀ ਹੈਰਾਨ ਸਨ। ਸਿੱਖ ਇਤਿਹਾਸ ਸੂਰਬੀਰਤਾ ਦਾ ਸ਼ਾਨਾਮੱਤਾ ਇਤਿਹਾਸ ਹੈ। ਖ਼ੂਨੀ ਸੰਘਰਸ਼ ਦੀ ਲਹੂ ਡੋਲ੍ਹਵੀਂ ਦਾਸਤਾਨ ਹੈ। ਪਰ ਕੂਟਨੀਤੀ ਪੱਖ ਤੋਂ ਸਿੱਖ ਇਤਿਹਾਸ ਥੋੜ੍ਹਾਂ ਕਮਜ਼ੋਰ ਰਿਹੈ।
ਇਤਿਹਾਸ ਅੰਦਰ ਯੋਧਿਆਂ, ਮਹਾਨ ਜਰਨੈਲਾਂ ਦੀਆਂ ਲਾਮਿਸਾਲ ਕੁਰਬਾਨੀਆਂ ਮੌਜੂਦ ਨੇ। ਪਰ ਨੀਤੀ-ਘਾੜਿਆਂ ਦੀ ਘਾਟ ਸਦਾ ਰੜਕਦੀ ਰਹੀ ਹੈ। ਜੱਥੇਦਾਰ ਟੌਹੜਾ ਦੇ ਅੰਦਰ ਧਾਰਮਿਕ ਪੱਖ ਤੋਂ ਬਾਅਦ ਇੱਕ ਦੂਰ ਅੰਦੇਸ਼ੀ, ਲੰਬੀ ਸੋਚ ਵਾਲੇ ਨੇਤਾ ਦੇ ਗੁਣ ਵੀ ਮੌਜੂਦ ਸਨ। ਉਹਨਾਂ 32 ਵਰ੍ਹੇ ਮੈਂਬਰ ਪਾਰਲੀਮੈਂਟ ਰਹਿਣ ਦੇ ਬਾਵਜੂਦ ਆਪਣਾ ਰਹਿਣ-ਬਸੇਰਾ ਆਪਣੇ ਜੱਦੀ ਪਿੰਡ ਟੌਹੜਾ ਵਿਖੇ ਹੀ ਰੱਖਿਆ ਹੋਇਆ ਸੀ। ਸਾਦਗੀ ਅਤੇ ਕੌਮ ਪ੍ਰਤੀ ਸਮਰਪਿਤ ਹੋਣ ਦੀ ਮਿਸਾਲ ਇਸ ਤੋਂ ਬਾਅਦ ਕੀ ਹੋਵੇਗੀ ਕਿ ਇੱਕ ਵੇਲੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਮੇਂ ਸ੍ਰੀ ਦਰਬਾਰ ਸਾਹਿਬ ਜਾਣ ਮੌਕੇ ਕੜਾਹ-ਪ੍ਰਸਾਦ ਦੀ ਦੇਗ਼ ਕਰਾਉਣ ਵੇਲੇ ਜੱਥੇਦਾਰ ਟੌਹੜਾ ਦੀ ਜੇਬ ਵਿੱਚ ਮਹਿਜ 500 ਰੁਪਏ ਹੀ ਸਨ। ਉਹ ਵੀ ਇੱਕ ਸਮਾਂ ਸੀ ਜਦ ਆਰਥਿਕ ਪੱਖ ਦੇ ਮਾਰੇ ਅਤੇ ਪੁਲਸੀਆ ਤਸ਼ੱਦਦ ਦੇ ਝੰਬੇ ਪੰਥ-ਦਰਦੀਆਂ ਦੀ ਇੱਕੋ-ਇੱਕ ਸ਼ਰਨਗਾਹ ਜੱਥੇਦਾਰ ਟੌਹੜਾ ਦਾ ਘਰ ਸੀ।
ਸਿੱਖ ਸਿਆਸਤ ਦੇ ਨਾਲ-ਨਾਲ ਧਾਰਮਿਕ, ਸਮਾਜਿਕ ਅਤੇ ਵਿੱਦਿਅਕ ਖੇਤਰ ਵਿੱਚ ਲਾ-ਮਿਸਾਲ ਯੋਗਦਾਨ ਪਾਉਣ ਵਾਲੇ ਜੱਥੇਦਾਰ ਟੌਹੜਾ ਪੰਥ ਦੀ ਇੱਕੋ-ਇੱਕ ਸਿੱਖ ਸ਼ਖ਼ਸੀਅਤ ਸਨ, ਜਿਨ੍ਹਾਂ ਨੂੰ ਸਿੱਖ ਰਾਜਨੀਤੀ ਤੋਂ ਇਲਾਵਾ ਵਿਸ਼ਵ ਦੀ ਰਾਜਨੀਤੀ ਦੀ ਵੀ ਡੂੰਘੀ ਸਮਝ ਸੀ। ਦੁਨੀਆ ਦੇ ਵੰਖ-ਵੱਖ ਹਿੱਸਿਆਂ ਵਿੱਚ ਵਾਪਰਦੀਆਂ ਘਟਨਾਵਾਂ ਅਤੇ ਚੱਲਦੀਆਂ ਰਾਜਸੀ ਤੇ ਧਾਰਮਿਕ ਲਹਿਰਾਂ ਦੀ ਉਨ੍ਹਾਂ ਨੂੰ ਹਰ ਸਮੇਂ ਨਾ ਸਿਰਫ਼ ਤਾਜ਼ੀ ਜਾਣਾਕਰੀ ਹੁੰਦੀ ਸੀ ਸਗੋਂ ਇਨ੍ਹਾਂ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਤੇ ਉਨ੍ਹਾਂ ਦੇ ਮਕਸਦਾਂ 'ਤੇ ਪ੍ਰਭਾਵਾਂ ਬਾਰੇ ਵੀ ਸੁਚੇਤ ਹੁੰਦੇ ਸਨ।
ਕੌਮੀ ਤੇ ਕੌਮਾਂਤਰੀ ਰਾਜਨੀਤੀ ਦੇ ਸੰਦਰਭ ਵਿੱਚ ਸਿੱਖ ਰਾਜਨੀਤੀ ਦੀ ਸੇਧ ਅਤੇ ਸਰੂਪ ਬਾਰੇ ਜੱਥੇਦਾਰ ਟੌਹੜਾ ਦੀ ਆਪਣੀ ਇੱਕ ਸੋਚ ਸੀ। ਇਹ ਗੱਲ ਵੱਖਰੀ ਹੈ ਕਿ ਉਹਨਾਂ ਦੀਆਂ ਰਾਜਸੀ ਸਰਗਰਮੀਆਂ ਦਾ ਆਧਾਰ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਹੀ ਰਹੀਆਂ। ਇੱਕ ਬਹੁਤ ਸਾਧਾਰਣ ਪਰਵਿਾਰ ਵਿੱਚੋਂ ਉੱਠ ਕੇ ਉਹ ਚੌਥਾਈ ਸਦੀ ਤੋਂ ਵੀ ਵੱਧ ਅਰਸੇ ਤੱਕ ਸ਼ਕਤੀਸ਼ਾਲੀ ਪੰਥਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਅਤੇ ਆਪਣੇ ਪਿੱਛੇ ਆਪਣੀ ਵਿਰਾਸਤ ਵਜੋਂ ਸਿਰਫ਼ ਖਾਲਸਾ ਪੰਥ ਲਈ ਮੁਕੰਮਲ ਵਚਨਬੱਧਤਾ ਅਤੇ ਸੁਹਿਰਦਤਾ ਛੱਡ ਕੇ ਗਏ ਹਨ। ਇਤਿਹਾਸ ਦੇ ਵੱਖ-ਵੱਖ ਮਹੱਤਵਪੂਰਨ ਮੌਕਿਆਂ ਉੱਤੇ ਜੱਥੇਦਾਰ ਟੌਹੜਾ ਵੱਲੋਂ ਲਏ ਗਏ ਫ਼ੈਸਲੇ ਉਨ੍ਹਾਂ ਦੀ ਦੂਰ-ਦ੍ਰਿਸ਼ਟੀ ਤੇ ਭਵਿੱਖ-ਮੁਖੀ ਸੋਚ ਨੂੰ ਸਪੱਸ਼ਟ ਕਰਦੇ ਸਨ।
ਇੱਕ ਸਰਗਰਮ ਆਗੂ ਵਜੋਂ ਉੱਭਰਣ ਤੋਂ ਬਾਅਦ ਜੱਥੇਦਾਰ ਟੌਹੜਾ ਦੀ ਦਾ ਜੀਵਨ ਹੀ ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ। ਇਹੀ ਉਹਨਾਂ ਦੀ ਮਹਾਨਤਾ ਹੈ। ਉਹ ਮਹਿਜ ਇਤਿਹਾਸ ਦੀ ਉਪਜ ਨਹੀਂ ਸਨ। ਸਗੋਂ ਉਹਨਾਂ ਨੇ ਇਤਿਹਾਸ ਸਿਰਜਿਆ ਹੈ। ਆਪਦੀ ਮਿਕਨਾਤੀਸੀ ਸ਼ਖ਼ਸੀਅਤ, ਜਰਨੈਲੀ ਸੂਰਤ ਅਤੇ ਸੀਰਤ ਦੇ ਸੁਮੇਲ ਅਤੇ ਬਜ਼ੁਰਗਰਾਨਾ ਵਿਹਾਰ ਦੇ ਚਲਦਿਆਂ ਉਹ ਆਪਣੇ ਆਖ਼ਰੀ ਸਮੇਂ ਤੱਕ ਪੰਥ ਤੇ ਪੰਜਾਬ ਦੀ ਸਿਆਸਤ ਦੇ ਕੁਝ ਕੁ ਸ਼ਾਹ-ਅਸਵਾਰਾਂ ਵਿੱਚ ਸ਼ੁਮਾਰ ਰਹੇ। ਆਮ ਵਰਤਾਰੇ ਦੇ ਉਲਟ ਉਹਨਾਂ ਸਿਆਸਤ ਨੂੰ ਕਮਾਈ ਦੇ ਧੰਦੇ ਵਜੋਂ ਕਦੇ ਵੀ ਨਹੀਂ ਸੀ ਦੇਖਿਆ। ਸਗੋਂ ਆਪਦੀ ਸੋਚ ਨੂੰ ਸਾਕਾਰ ਕਰਨ ਲਈ ਵਰਤਿਆ।
ਤਿਆਗ ਦੀ ਮੂਰਤ ਜੱਥੇਦਾਰ ਟੌਹੜਾ ਕੋਲੇ ਇੱਕ ਵਾਰ ਕੋਈ ਲੁਧਿਆਣਾ ਸ਼ਹਿਰ ਦੇ ਨਾਲ ਸਬੰਧਤ ਅਮੀਰ ਸੱਜਣ, ਕਾਰ ਦੇਣ ਲਈ ਉਹਨਾਂ ਕੋਲ ਆਇਆ। ਬੜੀ ਜੱਦੋ-ਜਹਿਦ ਤੋਂ ਬਾਅਦ ਕਾਰ ਦੀਆਂ ਚਾਬੀਆਂ ਫੜ ਜੱਥੇਦਾਰ ਟੌਹੜਾ ਨੇ ਇਹ ਕਹਿੰਦਿਆਂ ਵਾਪਸ ਕਰ ਦਿੱਤੀਆਂ ਕਿ ਲਓ, ਕਾਰ ਮੇਰੀ ਹੋ ਗਈ ਏ। ਜਦੋਂ ਜੀਅ ਕਰੇਗਾ, ਮੰਗਵਾ ਲਵਾਂਗਾ। ਇਹ ਗੁਣ ਸਿਰਫ਼ ਤੇ ਸਿਰਫ਼ ਜੱਥੇਦਾਰ ਟੌਹੜਾ ਦੇ ਹਿੱਸੇ ਹੀ ਸੀ। ਮੈਂ ਗਿਆਰਾਂ ਕੁ ਸਾਲ ਉਹਨਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਪਿਛਲੇ ਸਮੇਂ ਸਾਂਝ ਰੱਖੀ। ਜਿੰਨਾ ਕੁ ਮੈਂ ਜਾਣਿਆ, ਉਹ ਸਦਾ ਹੀ ਜਾਤੀ-ਮੁਫ਼ਾਦਾਂ ਦੀ ਥਾਂ ਪੰਥਕ-ਪਹਿਰੇਦਾਰੀ ਨੂੰ ਪਹਿਲ ਦਿੰਦੇ ਸਨ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਪੰਥਕ ਸਿਧਾਂਤਾਂ ਦੇ ਅਨੁਰੂਪ ਪੰਥਕ ਜੱਥੇਬੰਦੀ ਦੇ ਰੂਪ ਵਿੱਚ ਵੇਖਣਾ ਹੀ ਉਨ੍ਹਾਂ ਦੀ ਫ਼ਿਤਰਤ ਸੀ। ਜਿੱਡੀ ਵੱਡੀ ਸ਼ਖ਼ਸੀਅਤ ਉਹਨਾਂ ਦੀ ਬਾਹਰੋਂ ਸੀ, ਉਸ ਤੋਂ ਕਈ ਗੁਣਾ ਜ਼ਿਆਦਾ, ਉਹ ਦਿਲੋਂ ਵੱਡੇ ਸਨ। ਉਹਨਾਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ 'ਤੇ ਅਤੇ ਮੈਂਬਰ ਪਾਰਲੀਮੈਂਟ ਹੁੰਦਿਆਂ ਉਹਨਾਂ ਅਜਿਹੇ ਕਿੰਨੇ ਹੀ ਕਾਰਜ ਕੀਤੇ ਜੋ ਸਦਾ ਯਾਦ ਕੀਤੇ ਜਾਣਗੇ।
ਜੱਥੇਦਾਰ ਟੌਹੜਾ ਦੀ ਇਹ ਖਾਸੀਅਤ ਸੀ ਕਿ ਜੋ ਵਿਅਕਤੀ ਇੱਕ-ਦੋ ਵਾਰ ਉਹਨਾਂ ਦੇ ਸੰਪਰਕ ਵਿੱਚ ਆ ਜਾਂਦਾ ਸੀ, ਉਸ ਦੇ ਨਾਂਅ ਅਤੇ ਚੇਹਰੇ ਦੀ ਪਛਾਣ ਜੱਥੇਦਾਰ ਟੌਹੜਾ ਨੂੰ ਚੰਗੀ ਤਰ੍ਹਾਂ ਹੋ ਜਾਂਦੀ ਸੀ। ਉਹ ਸਾਲਾਂ ਬਾਅਦ ਵੀ ਉਸ ਵਿਅਕਤੀ ਨੂੰ ਨਾਂਅ ਲੈ ਕੇ ਬੁਲਾਉਂਦੇ ਸਨ।
ਭਾਵੇਂ ਅੱਜ ਵੀ ਅਕਾਲੀ ਦਲ ਅੰਦਰ ਸਮਰੱਥਾਵਾਨ ਆਗੂਆਂ ਦੀ ਘਾਟ ਨਹੀਂ ਹੈ। ਪਰ ਜੱਥੇਦਾਰ ਟੌਹੜਾ ਦੇ ਮੀਰੀ-ਪੀਰੀ ਦੇ ਪ੍ਰਭਾਵ ਵਾਲੀ ਸ਼ਖਸੀਅਤ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ। ਉਹਨਾਂ ਦੇ 31 ਮਾਰਚ 2004 ਨੂੰ ਇਸ ਦੁਨੀਆ ਤੋਂ ਰੁਖਸਤ ਹੋ ਜਾਣ ਤੋਂ ਬਾਅਦ ਕਿਸੇ ਸ਼ਾਇਰ ਨੇ ਆਖਿਆ ਕਿ :-
ਚਿਰਾਗ ਹੂੰ ਮੈਂ ਅਗਰ ਬੁਝ ਗਿਆ ਤੋ ਕਿਆ ਗ਼ਮ ਹੈ,
ਕਿ ਜਿਤਨੀ ਦੇਰ ਜਲਾ ਰੌਸ਼ਨੀ ਤੋਂ ਦੀ ਮੈਨੇ।
ਆਓ, ਇਸ ਮਹਾਨ ਦਰਵੇਸ਼ ਸ਼ਖ਼ਸੀਅਤ ਮਰਦ-ਏ-ਮੁਜਾਹਿਦ, ਪੰਥ ਰਤਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੀ 13ਵੀਂ ਬਰਸੀ ਮੌਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ।
ਜੱਥੇਦਾਰ ਗੁਰਜੀਵਨ ਸਿੰਘ ਸਰੌਦ
ਕੌਮੀ ਵਰਕਿੰਗ ਕਮੇਟੀ ਮੈਂਬਰ
ਸ਼੍ਰੋਮਣੀ ਅਕਾਲੀ ਦਲ
ਫੋਨ : 98760-01817
-
ਜੱਥੇਦਾਰ ਗੁਰਜੀਵਨ ਸਿੰਘ ਸਰੌਦ, ਲੇਖਕ
manjindersinghkalasaroud@gmail.com
98760-01817
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.