ਦੁਬਈ ਰਹਿਣ ਵਾਲੇ ਪੰਜਾਬੀ ਕਾਰੋਬਾਰੀ ਸੁਰਿੰਦਰਪਾਲ ਸਿੰਘ ਉਬਰਾਏ ਦੇ ਸਮਾਜ ਭਲਾਈ ਕੰਮਾਂ ਕਾਰਨ ਬਲੱਡ ਮਨੀ ਸ਼ਬਦ ਭਾਰਤ ਦੇ ਮੀਡੀਆ ਵਿੱਚ ਬਾਰ ਬਾਰ ਗੂੰਜਦਾ ਹੈ। ਉਸ ਨੇ ਹੁਣ ਤੱਕ 54 ਭਾਰਤੀਆਂ ਨੂੰ ਯੂਨਾਈਟੇਡ ਅਰਬ ਅਮੀਰਾਤ (ਯੂ.ਏ.ਈ) ਦੀਆਂ ਹਨੇਰੀਆਂ ਕਾਲ ਕੋਠੜੀਆਂ ਵਿੱਚੋਂ ਫਾਂਸੀ ਦੇ ਫੰਦੇ ਤੋਂ ਬਚਾਉਣ ਲਈ ਕਰੀਬ 22 ਲੱਖ ਅਮਰੀਕਨ ਡਾਲਰ (ਕਰੀਬ 14 ਕਰੋੜ 50 ਲੱਖ ਰੁਪਏ) ਬਲੱਡ ਮਨੀ ਦੇ ਰੂਪ ਵਿੱਚ ਮਰਨ ਵਾਲਿਆਂ ਦੇ ਵਾਰਸਾਂ ਨੂੰ ਦਿੱਤੀ ਹੈ। ਉਸ ਨੇ ਕੁਝ ਦਿਨ ਪਹਿਲਾਂ ਹੀ 60 ਲੱਖ ਰੁਪਏ ਬਲੱਡ ਮਨੀ ਭਰ ਕੇ ਇੱਕ ਪਾਕਿਸਤਾਨੀ ਮੁਹੰਮਦ ਫਰਹਾਨ ਰਿਆਜ਼ ਦੇ ਕਤਲ ਦੇ ਦੋਸ਼ ਕਾਰਨ ਫਾਂਸੀ ਦੀ ਸਜ਼ਾ ਪ੍ਰਾਪਤ 10 ਪੰਜਾਬੀ ਲੜਕਿਆਂ ਨੂੰ ਸ਼ਾਰਜਾਹ ਦੀ ਜੇਲ੍ਹ ਵਿੱਚੋਂ ਰਿਹਾ ਕਰਾਇਆ ਹੈ।
ਅਨੇਕਾਂ ਇਸਲਾਮੀ ਦੇਸ਼ਾਂ ਵਿੱਚ ਬਲੱਡ ਮਨੀ, ਜਿਸ ਨੂੰ ਅਰਬੀ ਵਿੱਚ ਦੀਆ ਕਿਹਾ ਜਾਂਦਾ ਹੈ, ਦਾ ਕਾਨੂੰਨੀ ਤੌਰ 'ਤੇ ਪ੍ਰਚੱਲਨ ਹੈ। ਇਸਲਾਮੀ ਕਾਨੂੰਨ (ਸ਼ਰੀਆ) ਵਿੱਚ ਕਤਲ ਹੋਣ ਵਾਲੇ ਦੇ ਵਾਰਸਾਂ ਵੱਲੋਂ ਦੁਸ਼ਮਣੀ ਅੱਗੇ ਨਾ ਵਧਾਉਣ ਅਤੇ ਰਹਿਮ ਕਾਰਨ ਕਾਤਲ ਨੂੰ ਮੁਆਫ ਕਰ ਦੇਣ ਦੀ ਵਿਵਸਥਾ ਹੈ। ਵਾਰਸ ਮੁਲਜ਼ਮ ਨੂੰ ਇਨਸਾਨੀਅਤ ਦੇ ਤੌਰ 'ਤੇ ਵੈਸੇ ਹੀ ਜਾਂ ਬਲੱਡ ਮਨੀ ਲੈ ਕੇ ਮੁਆਫ ਕਰ ਸਕਦੇ ਹਨ। ਅਦਾਲਤਾਂ ਇਸ ਰਾਜ਼ੀਨਾਵੇਂ ਨੂੰ ਤਸਲੀਮ ਕਰਦੀਆਂ ਹਨ। ਬਲੱਡ ਮਨੀ ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਬਲੱਡ ਮਨੀ ਤਾਂ ਜੱਜ ਕਤਲ ਜਾਂ ਹੋਰ ਫੌਜ਼ਦਾਰੀ ਕੇਸਾਂ ਵਿੱਚ ਸਜ਼ਾ ਸੁਣਾਉਣ ਸਮੇਂ ਜ਼ੁਰਮਾਨੇ ਦੇ ਰੂਪ ਵਿੱਚ ਮੁਲਜ਼ਮ ਤੋਂ ਵਸੂਲ ਕੇ ਮਕਤੂਲ ਦੇ ਵਾਰਸਾਂ ਨੂੰ ਦੇਂਦਾ ਹੈ। ਮਤਲਬ ਸਜ਼ਾ ਵੀ ਮਿਲਦੀ ਹੈ ਤੇ ਬਲੱਡ ਮਨੀ ਵੀ ਦੇਣੀ ਪੈਂਦੀ ਹੈ। ਦੂਸਰੀ ਕਿਸਮ ਵਿੱਚ ਜ਼ਖਮੀ ਜਾਂ ਮਰਨ ਵਾਲੇ ਦੇ ਵਾਰਸ ਦੋਸ਼ੀ ਤੋਂ ਭਾਰੀ ਮੁਆਵਜ਼ਾ ਲੈ ਕੇ ਉਸ ਨੂੰ ਮੁਆਫ ਕਰ ਦੇਂਦੇ ਹਨ। ਇਸ ਸਬੰਧੀ ਲਿਖਤੀ ਮੁਆਫੀਨਾਮਾ ਪੇਸ਼ ਕਰਨ 'ਤੇ ਅਦਾਲਤਾਂ ਬਿਨਾਂ ਕਿਸੇ ਪੁੱਛ ਪੜਤਾਲ ਦੋਸ਼ੀ ਨੂੰ ਬਰੀ ਕਰ ਦੇਂਦੀਆਂ ਹਨ। ਇਹ ਰਵਾਇਤ ਸਮਾਜਕ ਤੌਰ 'ਤੇ ਚੰਗੀ ਵੀ ਕਹੀ ਜਾ ਸਕਦੀ ਹੈ ਤੇ ਬੁਰੀ ਵੀ। ਚੰਗੀ ਇਸ ਲਈ ਕਿ ਮਰਨ ਵਾਲੇ ਦੇ ਗਰੀਬ ਬੇਸਹਾਰਾ ਵਾਰਸਾਂ ਨੂੰ ਜ਼ਿੰਦਗੀ ਗੁਜ਼ਾਰਨ ਲਈ ਕੁਝ ਰਕਮ ਮਿਲ ਜਾਂਦੀ ਹੈ। ਬੁਰੀ ਇਸ ਲਈ ਕਿ ਜੇ ਕਾਤਲ ਅਮੀਰ ਅਤੇ ਰਸੂਖਵਾਨ ਹੋਵੇ ਤਾਂ ਸਿਰਫ ਪੈਸੇ ਦੇ ਜ਼ੋਰ 'ਤੇ ਅਰਾਮ ਨਾਲ ਸਾਫ ਬਰੀ ਹੋ ਜਾਂਦਾ ਹੈ। ਪਰ ਕਈ ਲੋਕ ਅਸੂਲਾਂ ਦੇ ਬਹੁਤ ਪੱਕੇ ਹੁੰਦੇ ਹਨ। ਪਿੱਛੇ ਜਿਹੇ ਇੱਕ ਸਾਊਦੀ ਸ਼ਹਿਜ਼ਾਦੇ ਨੂੰ ਕਤਲ ਕੇਸ ਵਿੱਚ ਸ਼ਰੇਆਮ ਫਾਂਸੀ 'ਤੇ ਲਟਕਾਇਆ ਗਿਆ ਸੀ। ਮਰਨ ਵਾਲੇ ਦੇ ਵਾਰਸ ਕੋਈ ਜਿਆਦਾ ਅਮੀਰ ਨਹੀਂ ਸਨ ਪਰ ਉਹਨਾਂ ਨੇ ਇਨਸਾਫ ਲੈਣਾ ਬਿਹਤਰ ਸਮਝਿਆ ਅਤੇ ਕਰੋੜਾਂ ਦੀ ਬਲੱਡ ਮਨੀ ਠੁਕਰਾ ਦਿੱਤੀ।
ਕਈ ਇਸਲਾਮੀ ਦੇਸ਼ਾਂ (ਸਾਊਦੀ ਅਰਬ ਆਦਿ) ਵਿੱਚ ਪੱਕੇ ਨਾਗਰਿਕ ਦੀ ਜਾਨ ਦੀ ਕੀਮਤ ਦੂਸਰੇ ਧਰਮ ਵਾਲਿਆਂ ਨਾਲੋਂ ਵੱਧ ਸਮਝੀ ਜਾਂਦੀ ਹੈ। ਪਰ ਯੂਨਾਈਟੇਡ ਅਰਬ ਅਮੀਰਾਤ (ਦੁਬਈ, ਆਬੂਧਾਬੀ, ਅਜ਼ਮਨ, ਸ਼ਾਰਜਾਹ, ਫੁਜ਼ਾਈਰਾਹ, ਉਮ ਅਲ ਕੂਵੇਨ ਅਤੇ ਰਾਸ ਅਲ ਖੈਮਾਹ) ਵਿੱਚ ਸਭ ਇਨਸਾਨਾਂ ਦੇ ਹੱਕ ਬਰਾਬਰ ਸਮਝੇ ਜਾਂਦੇ ਹਨ। ਯੂ.ਏ.ਈ. ਵਿੱਚ ਕਿਸੇ ਵਿਅਕਤੀ ਦੀ ਮੌਤ ਹੋਣ ਜਾਂ ਜ਼ਖਮੀ ਹੋਣ 'ਤੇ ਮੁਲਜ਼ਿਮ ਨੂੰ ਸਰੀਰਕ ਸਜ਼ਾ ਦੇ ਨਾਲ ਨਾਲ ਬਲੱਡ ਮਨੀ ਵੀ ਭਰਨੀ ਪੈਂਦੀ ਹੈ। ਮੁਆਵਜ਼ੇ ਲਈ ਵਾਰਸਾਂ ਨੂੰ ਅਲੱਗ ਦੀਵਾਨੀ ਕੇਸ ਦਾਇਰ ਕਰਨ ਦੀ ਜਰੂਰਤ ਨਹੀਂ ਪੈਂਦੀ। ਜੇ ਦੋਸ਼ੀ ਕੋਲ ਲੋੜੀਂਦੀ ਰਕਮ ਨਾ ਹੋਵੇ ਤਾਂ ਉਸ ਦੀ ਜ਼ਮੀਨ-ਜਾਇਦਾਦ, ਘਰ ਘਾਟ ਨੀਲਾਮ ਕਰ ਕੇ ਰਕਮ ਪੂਰੀ ਕੀਤੀ ਜਾਂਦੀ ਹੈ। ਯੂ.ਏ.ਈ ਵਿੱਚ ਵੀ ਮਰਦ ਅਤੇ ਔਰਤ ਵਿੱਚ ਭਾਰੀ ਵਿਤਕਰਾ ਕੀਤਾ ਜਾਂਦਾ ਹੈ। ਕਿਸੇ ਮਰਦ ਦੀ ਮੌਤ ਹੋਣ 'ਤੇ ਦੋ ਲੱਖ ਦਿਰਹਮ (ਕਰੀਬ 36 ਲੱਖ ਰੁਪਏ) ਅਤੇ ਔਰਤ ਦੇ ਮਰਨ ਦੀ ਸੂਰਤ ਵਿੱਚ ਬਲੱਡ ਮਨੀ ਅੱਧੀ (ਇੱਕ ਲੱਖ ਦਿਰਹਮ) ਹੀ ਦਿੱਤੀ ਜਾਂਦੀ ਹੈ। ਜ਼ਖਮੀ ਨੂੰ ਬਲੱਡ ਮਨੀ ਦੀ ਮਿਕਦਾਰ ਦਾ ਫੈਸਲਾ ਜੱਜ ਵੱਲੋਂ ਡਾਕਟਰਾਂ ਦੀ ਸਲਾਹ ਨਾਲ ਕੀਤਾ ਜਾਂਦਾ ਹੈ। ਮਿਸਾਲ ਦੇ ਤੌਰ 'ਤੇ ਜੇ ਕੋਈ 50% ਅਪਾਹਜ ਹੋ ਜਾਵੇ ਤਾਂ ਇੱਕ ਲੱਖ ਦਿਰਹਮ ਦੇਣਾ ਪਵੇਗਾ। ਹਰੇਕ ਸੱਟ ਜਾਂ ਅੰਗ ਭੰਗ ਹੋਣ ਦੀ ਸੂਰਤ ਵਿੱਚ ਮੁਆਵਜ਼ਾ ਵਧਦਾ ਜਾਂਦਾ ਹੈ। ਉਦਾਹਰਣ ਦੇ ਤੌਰ 'ਤੇ ਜੇ ਕਿਸੇ ਦੀਆਂ ਦੋਵੇਂ ਲੱਤਾਂ ਤੇ ਬਾਹਵਾਂ ਵੱਢੀਆਂ ਜਾਣ ਤਾਂ ਮੁਆਵਜ਼ਾ ਦੋ ਦੀ ਬਜਾਏ ਤਿੰਨ ਜਾਂ ਚਾਰ ਲੱਖ ਦਿਰਹਮ ਵੀ ਹੋ ਸਕਦਾ ਹੈ। ਜੇ ਮੁਲਜ਼ਮ ਬੇਗੁਨਾਹ ਸਾਬਤ ਹੋ ਜਾਵੇ ਤਾਂ ਕਿਸੇ ਕਿਸਮ ਦਾ ਕੋਈ ਮੁਆਵਜ਼ਾ ਨਹੀਂ ਮਿਲਦਾ। ਜੇ ਜ਼ੁਰਮ ਇੱਕ ਤੋਂ ਵੱਧ ਵਿਅਕਤੀਆਂ ਨੇ ਕੀਤਾ ਹੋਵੇ ਤਾਂ ਹਰੇਕ ਦੀ ਕਰਤੂਤ ਮੁਤਾਬਕ ਵੰਡ ਕੇ ਬਲੱਡ ਮਨੀ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਜੇ ਕਿਸੇ ਦਾ ਪਾਲਤੂ ਜਾਨਵਰ ਕਿਸੇ ਨੂੰ ਮਾਰ ਦੇਵੇ, ਕੋਈ ਕਿਸੇ ਦੀ ਇਮਾਰਤ ਜਾਂ ਗੱਡੀ ਥੱਲੇ ਆ ਕੇ, ਫੈਕਟਰੀ ਵਿੱਚ ਕੰਮ ਕਰਦੇ ਸਮੇਂ ਕਰੰਟ ਆਦਿ ਪੈ ਕੇ ਮਰ ਜਾਵੇ ਤਾਂ ਵੀ ਦੋ ਲੱਖ ਦਿਰਹਮ ਦੇਣਾ ਹੀ ਪਵੇਗਾ। ਕਈ ਸੱਟਾਂ ਜਿਵੇਂ 100% ਅਪਾਹਜ਼ ਹੋ ਜਾਣਾ ਜਾਂ ਨਾਮਰਦ ਹੋ ਜਾਣ ਨੂੰ ਮੌਤ ਦੇ ਬਰਾਬਰ ਹੀ ਸਮਝਿਆ ਜਾਂਦਾ ਹੈ। ਸਾਊਦੀ ਅਰਬ ਨੇ 2016 ਦੌਰਾਨ ਬਲੱਡ ਮਨੀ ਵਿੱਚ ਭਾਰੀ ਵਾਧਾ ਕੀਤਾ ਹੈ। ਐਕਸੀਡੈਂਟ ਵਿੱਚ ਹੋਣ ਵਾਲੀ ਮੌਤ 'ਤੇ ਇੱਕ ਲੱਖ ਤੋਂ ਵਧਾ ਕੇ ਤਿੰਨ ਲੱਖ ਰਿਆਲ (ਕਰੀਬ 54 ਲੱਖ ਰੁਪਏ) ਅਤੇ ਕਤਲ ਵਿੱਚ 110000 ਤੋਂ ਵਧਾ ਕੇ 4 ਲੱਖ (ਕਰੀਬ 72 ਲੱਖ ਰੁਪਏ) ਕਰ ਦਿੱਤੀ ਹੈ। ਔਰਤਾਂ ਦੇ ਮਾਮਲਿਆਂ ਵਿੱਚ ਇੱਥੇ ਵੀ ਅੱਧਾ ਮੁਆਵਜ਼ਾ ਹੀ ਦਿੱਤਾ ਜਾਂਦਾ ਹੈ।
ਕਤਲ ਇੱਕ ਬਹੁਤ ਹੀ ਸੰਗੀਨ ਜ਼ੁਰਮ ਹੈ। ਇਸ ਵਿੱਚ ਅੱਵਲ ਤਾਂ ਰਾਜ਼ੀਨਾਵਾਂ ਹੁੰਦਾ ਹੀ ਨਹੀਂ ਜੇ ਹੋ ਵੀ ਜਾਵੇ ਤਾਂ ਵਾਰਸਾਂ ਵੱਲੋਂ ਭਾਰੀ ਰਕਮ ਦੀ ਮੰਗ ਕੀਤੀ ਜਾਂਦੀ ਹੈ। ਮੁਹੰਮਦ ਫਰਹਾਨ ਰਿਆਜ਼ ਦੇ ਵਾਰਸਾਂ ਨੇ ਵੀ ਪਹਿਲਾਂ 4 ਕਰੋੜ ਰੁਪਏ ਮੰਗੇ ਸਨ। ਮੁਲਜ਼ਮਾਂ ਦੀ ਚੰਗੀ ਕਿਸਮਤ ਸੀ ਕਿ ਸੁਰਿੰਦਰਪਾਲ ਸਿੰਘ ਉਬਰਾਏ ਦੇਵਤਾ ਬਣ ਕੇ ਬਹੁੜਿਆ। ਨਹੀਂ ਤਾਂ ਉਹ ਗਰੀਬ ਬੰਦੇ ਕਦੇ ਵੀ ਐਨੀ ਵੱਡੀ ਰਕਮ ਨਹੀਂ ਸਨ ਭਰ ਸਕਦੇ। ਕਿਸੇ ਵੀ ਦੇਸ਼ ਵਿੱਚ ਕੰਮ ਕਾਰ ਕਰਨ ਜਾਂ ਵੱਸਣ ਵੇਲੇ ਉਥੋਂ ਦੇ ਕਾਨੂੰਨਾਂ ਬਾਰੇ ਜਾਨਣਾ ਬਹੁਤ ਜਰੂਰੀ ਹੈ। ਕਾਨੂੰਨ ਬਾਰੇ ਜਾਣਕਾਰੀ ਨਾ ਹੋਣਾ ਕੋਈ ਬਹਾਨਾ ਨਹੀਂ ਹੈ। ਅਦਾਲਤਾਂ ਨੇ ਤੁਹਾਨੂੰ ਲਟਕਾ ਹੀ ਦੇਣਾ ਹੈ। ਬੇਗਾਨੇ ਮੁਲਕਾਂ ਵਿੱਚ ਜਾ ਕੇ ਹੱਕ ਸੱਚ ਦੀ ਨੇਕ ਕਮਾਈ ਕਰਨੀ ਚਾਹੀਦੀ ਹੈ ਤੇ ਗੈਰ ਕਾਨੂੰਨੀ ਧੰਦਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਬੁਰੇ ਧੰਦੇ ਕਰਨ ਨਾਲ ਸਾਰੇ ਦੇਸ਼ ਅਤੇ ਕੌਮ ਦੀ ਬੇਇੱਜ਼ਤੀ ਹੁੰਦੀ ਹੈ। ਇਹ ਤਾਂ ਪਤਾ ਨਹੀਂ ਕਿ ਇਹਨਾਂ ਪੰਜਾਬੀਆਂ ਨੂੰ ਸਜ਼ਾ ਸਹੀ ਹੋਈ ਸੀ ਜਾਂ ਗਲਤ, ਪਰ ਇਸ ਨਾਲ ਬਾਕੀ ਕੌਮ ਬਾਰੇ ਗਲਤ ਸੰਦੇਸ਼ ਜਾਂਦਾ ਹੈ। ਮਾਪੇ ਬੱਚਿਆਂ ਦਾ ਭਵਿੱਖ ਸੁਧਾਰਨ ਲਈ ਮੁਸੀਬਤਾਂ ਝਾਗ ਕੇ ਵਿਦੇਸ਼ ਭੇਜਦੇ ਹਨ। ਕੋਈ ਸ਼ਾਰਟ ਕੱਟ ਨਾਲ ਅਮੀਰ ਨਹੀਂ ਹੋ ਸਕਦਾ। ਸਭ ਨੂੰ ਚਾਹੀਦਾ ਹੈ ਕਿ ਨੇਕ ਕਮਾਈ ਕਰ ਕੇ ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਮ ਰੌਸ਼ਨ ਕਰੀਏ।
ਬਲਰਾਜ ਸਿੰਘ ਸਿੱਧੂ ਐਸ.ਪੀ.
ਪੰਡੋਰੀ ਸਿੱਧਵਾਂ
-
ਬਲਰਾਜ ਸਿੰਘ ਸਿੱਧੂ, ਐਸ.ਪੀ.
bssidhupps@gmail.com
9815124449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.