ਖ਼ਬਰ ਹੈ ਕਿ ਪੰਜਾਬ ਦੀ ਨਵੀਂ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਪ੍ਰਸ਼ਾਸ਼ਨ ਨੂੰ ਚੁਸਤ-ਦਰੁੱਸਤ ਕਰਨ ਲਈ ਵੱਖੋ-ਵੱਖ ਮੋਰਚਿਆਂ 'ਤੇ ਆਪਣੇ ਭਰੋਸੇਮੰਦ ਜਰਨੈਲਾਂ ਨੂੰ ਤਾਇਨਾਤ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਹੀ ਉਨਾਂ ਨੇ ਸਰਕਾਰੀ ਫਜ਼ੂਲ ਖਰਚਿਆਂ 'ਚ ਕਮੀ ਦਾ ਜੋ ਐਲਾਨ ਕੀਤਾ ਸੀ, ਪਰ ਜਿਸ ਢੰਗ ਨਾਲ ਉਨਾਂ ਆਪਣੇ ਪੁਰਾਣੇ ਸਿਅਸੀ ਸਮਰੱਥਕਾਂ ਤੇ ਸ਼ੁਭਚਿੰਤਕਾਂ ਨੂੰ ਮੁੱਖਮੰਤਰੀ ਸਕੱਤਰੇਤ 'ਚ ਵਿਸ਼ੇਸ਼ ਅਹੁਦਿਆਂ ਨਾਲ ਨਿਵਾਜਣਾ ਸ਼ੁਰੂ ਕੀਤਾ ਹੈ, ਉਸ ਨੇ ਕਾਂਗਰਸ ਸਰਕਾਰ ਦੀ ਕਥਨੀ ਤੇ ਕਰਨੀ 'ਤੇ ਵੱਡਾ ਸੁਆਲੀਆਂ ਨਿਸ਼ਾਨ ਲੱਗਾ ਦਿੱਤਾ ਹੈ।ਮੁੱਖਮੰਤਰੀ ਨੇ 15 ਗੈਰ ਸਰਕਾਰੀ ਅਹਿਮ ਨਿਯੁੱਕਤੀਆਂ ਕੀਤੀਆਂ ਹਨ, ਜਦਕਿ ਮੁੱਖਮੰਤਰੀ ਕੋਲ ਸਰਕਾਰੀ ਤੌਰ ਤੇ ਪ੍ਰਮੁੱਖ ਸਕੱਤਰ, ਵਿਸ਼ੇਸ਼ ਪ੍ਰਮੁੱਖ ਸਕੱਤਰ, ਡਿਪਟੀ ਪ੍ਰਮੁੱਖ ਸਕੱਤਰ, ਦੋ ਪੀ.ਸੀ.ਐਸ. ਅਧਿਕਾਰੀ ਓ.ਐਸ.ਡੀ ਵਜੋਂ ਨਿਯੁੱਕਤ ਹਨ। ਉਨਾਂ ਕੋਲ ਇਕ ਡੀ.ਆਈ.ਜੀ, 3 ਤੋਂ 4 ਐਸ.ਪੀ ਰੈਕ ਦੇ ਅਧਿਕਾਰੀਆਂ ਤੋਂ ਬਿਨਾਂ ਡਾਕਟਰਾਂ ਦੀ ਟੀਮ ਅਤੇ ਲੋਕ ਸਪੰਰਕ ਵਿਭਾਗ ਦਾ ਐਡੀਸ਼ਨਲ ਡਾਇਰੈਕਟਰ ਦੀ ਅਗਵਾਈ 'ਚ ਅਫਸਰ ਦੀ ਇੱਕ ਟੀਮ ਹੈ। ਇਹ ਵੀ ਖ਼ਬਰ ਹੈ ਕਿ ਪਾਰਲੀਮਨੀ ਸਕੱਤਰ ਨਿਯੁੱਕਤ ਕਰਨ ਲਈ ਵੀ ਸਰਕਾਰ ਵਲੋਂ ਕਾਨੂੰਨ ਬਣਾਇਆ ਜਾਵੇਗਾ।
ਖ਼ਜ਼ਾਨਾ ਖਾਲੀ ਹੈ ਤਾਂ ਭਰ ਜਾਵੇਗਾ। ਲੋਕ ਜਿਉਂ ਬੈਠੇ ਆ ਖ਼ਜ਼ਾਨਾ ਭਰਨ ਲਈ! ਸਰਕਾਰ ਸਵੇਰੇ ਉਠੇਗੀ, ਹੁਕਮ ਸੁਣਾਏਗੀ, ਟੈਕਸਾਂ ਦਾ ਭਾਰ “ਲੋਕਾਂ ਦੀ ਸੇਵਾ” ਲਈ ਲੋਕ ਸਿਰ ਪਾਏਗੀ। ਸਰਕਾਰ ਦਾ ਕੰਮ ਆ ਰਾਜ ਕਰਨਾ, ਲੋਕਾਂ ਦਾ ਆ ਕੰਮ ਕਰਨਾ, ਹਾਕਮਾਂ ਲਈ ਭਾਰ ਚੁਕਣਾ, “ਭੰਡਾ ਭੰਡਾਰੀਆਂ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ” ਅਤੇ ਮੁੜ ਸੀਅ ਤੱਕ ਨਹੀਂ ਕਰਨਾ। ਰਹੀ ਗੱਲ ਸਾਦੇ ਸਮਾਗਮਾਂ ਦੀ, ਲੋਕਾਂ ਦੀ ਸੇਵਾ ਕਰਨ ਦੀ, ਉਨਾਂ ਦੇ ਮਸਲੇ ਹੱਲ ਕਰਨ ਦੀ, ਭੁੱਖਿਆਂ ਦਾ ਢਿੱਡ ਭਰਨ ਦੀ, ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ, ਚੰਗੀ ਸਿੱਖਿਆ ਪ੍ਰਦਾਨ ਕਰਨ ਦੀ, ਇਹ ਤਾਂ ਸਭ ਕਹਿਣ ਦੀਆਂ ਗੱਲਾਂ ਨੇ। ਕਿਵੇਂ ਸਮਝਾਵਾਂ ਬੁਲੇ ਨੂੰ ਕਿ ਬੁਲਿਆ ਬਹੁਤੀਆਂ ਸੱਚੀਆਂ ਗੱਲਾਂ ਨਾ ਕਰਿਆ ਕਰ। ਤੇਰੀ ਗੱਲ ਨਾ ਪਹਿਲੀ ਸਰਕਾਰ ਨੇ ਸੁਣੀ, ਨਾ ਹੁਣ ਵਾਲੀ ਸਰਕਾਰ ਨੇ ਸੁਨਣੀ ਆ।ਸੋ ਚੱਲ ਬੁਲਿਆ ਤੈਨੂੰ ਪਿੰਡੋਂ ਬਾਹਰ ਛੱਡ ਆਵਾਂ।
ਕੌਣ ਤਰਾਜ਼ੂ ਕੌਣ ਤੋਲਾ
ਖ਼ਬਰ ਹੈ ਕਿ ਸੁਪਰੀਮ ਕੋਰਟ ਵਿੱਚ ਰਾਮ ਮੰਦਰ ਦਾ ਮਾਮਲਾ ਬਾਹਰ ਸੁਲਝਾਉਣ ਦੇ ਪ੍ਰਸਤਾਵ ਦੇ ਬਾਅਦ ਹੁਣ ਵਿਸ਼ਵ ਹਿੰਦੂ ਪ੍ਰੀਸ਼ਦ ਭੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਯੂ.ਪੀ. ਦੇ ਮੁੱਖਮੰਤਰੀ ਯੋਗੀ ਅਦਿੱਤਿਆ ਨਾਥ ਉਤੇ ਮੰਦਰ ਨੂੰ ਤੁਰੰਤ ਕਾਨੂੰਨ ਪਾਸ ਕਰਕੇ ਰਾਮ ਮੰਦਰ ਨਿਰਮਾਣ ਦਾ ਰਸਤਾ ਸਾਫ ਕਰਨਾ ਚਾਹੀਦਾ ਹੈ। ਪ੍ਰੀਸ਼ਦ ਨੂੰ ਉਮੀਦ ਹੈ ਕਿ ਮੋਦੀ ਅਤੇ ਯੋਗੀ ਮਿਲਕੇ ਕਰੋੜਾਂ ਹਿੰਦੂਆਂ ਦੀ ਇੱਛਾ ਪੂਰੀ ਕਰਨਗੇ।
ਮੋਦੀ, ਯੋਗੀ, ਸ਼ਾਹ ਅਤੇ ਇਨਾਂ ਦੀ ਆਕਾ ਆਰ. ਐਸ.ਐਸ. ਹਿੰਦੋਸਤਾਨ ਨੂੰ ਹਿੰਦੂ ਰਾਸ਼ਟਰ ਬਣਾ ਰਹੇ ਆ, ਬੱਸ ਜਲਦੀ! ਜਿਥੇ ਰਾਜ ਕਰਨਗੇ ਹਿੰਦੂ ਬਾਕੀ ਸਭ ਬਾਹਰ! ਖੜਨਗੀਆਂ ਟੱਲੀਆਂ, ਘੰਟੇ ਬਾਕੀ ਸਭ ਪਾਸੇ ਚੁੱਪ! ਜਦੋਂ ਹੋ ਗਈ ਚੁੱਪ ਤਾਂ ਸਭ ਪਾਸੇ ਹੋ ਜਾਊ ਸੁੱਖ, ਇੱਕ ਚੁੱਪ ਸੌ ਸੁੱਖ! ਫਿਰ ਭਾਈ ਮੰਦਿਰ ਬਨਾਉਣਗੇ ਜਾਂ ਫਿਰ ਰਾਮ ਰਾਜ ਲਿਆਉਣਗੇ, ਕੌਣ ਹੋਊ ਪੁੱਛਣ ਵਾਲਾ!
ਉਂਜ ਸੁਣਿਆ ਹਿੰਦੋਸਤਾਨ, ਇੱਕਲੇ ਹਿੰਦੂਆਂ ਦਾ ਨਹੀਂ ਸਭਨਾ ਜੀਆਂ ਦਾ ਆ ਜਿਹੜੇ “ਏਕਮ ਕੇ ਹਮ ਬਾਰਕ” ਦਾ ਪੈਗਾਮ ਮੰਨਦੇ, ਸੁਣਦੇ ਆ। ਪਰ ਹਾਕਮਾਂ ਦਾ ਕੀ ਆ, ਜੋ ਮਰਜ਼ੀ ਕਹਿਣ, ਜੋ ਮਰਜ਼ੀ ਕਰਨ। ਲੋਕਾਂ ਨੂੰ ਕੁੱਟਣ। ਲੋਕਾਂ ਨੂੰ ਮਾਰਨ। ਲੋਕਾਂ ਦੇ ਮੂੰਹਾਂ 'ਤੇ ਚੇਪੀਆਂ ਲਾਉਣ! ਸੱਚ ਬੋਲਣ 'ਤੇ ਉਨਾਂ ਦੇ ਮੂੰਹ ਕਾਲੇ ਕਰਨ! ਝੂਠੇ ਕੇਸ ਬਣਾਕੇ ਜੇਲੀਂ ਡੱਕਣ। ਗਲਾਂ 'ਚ ਟਾਇਰ ਪਾ ਕੇ ਸਾੜਨ ਜਾਂ ਫਿਰਕੂ ਦੰਗੇ ਕਰਵਾ ਕੇ ਆਪਣਿਆਂ ਤੋਂ ਮਰਵਾਉਣ, ਕੌਣ ਪੁੱਛਣ ਵਾਲਾ ਆ, ਤਦੇ ਤਾਂ ਕਵੀ ਹਰਿਭਜਨ ਆਖਦਾ ਆ, “ਕੌਣ ਤਰਾਜ਼ੂ ਕੌਣ ਤੁਲਾ, ਤੇਰਾ ਕੌਣ ਸਰਫ਼; ਬੁਲਾਵਾਂ, ਸਾਡੇ ਨਾਲ ਤੂੰ ਜਿਹੜੀ ਕੀਤੀ ਕਿਸ ਤੋਂ ਮੁੱਲ ਪੁਆਵਾਂ”।
ਯਾਰਾ! ਅੱਜ ਕੱਲ ਮੌਸਮ ਨਹੀਂ ਨਰੋਇਆ
ਖ਼ਬਰ ਹੈ ਕਿ ਪੰਜਾਬ ਪੁਲਿਸ ਦੇ ਕੋਲ ਇੱਕ ਲੱਖ ਸਤਾਰਾਂ ਹਜ਼ਾਰ ਹਥਿਆਰ ਹਨ, ਜਦਕਿ ਪੰਜਾਬ ਦੇ ਲੋਕਾਂ ਕੋਲ ਚਾਰ ਲੱਖ ਪੰਜਾਹ ਹਜ਼ਾਰ ਹਥਿਆਰ ਹਨ। ਜਾਣੀ ਪੁਲਿਸ ਨਾਲੋਂ ਚਾਰ ਗੁਣਾ ਵੱਧ। ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੇਲੇ ਡਰਾਈਵਿੰਗ ਲਾਇਸੰਸ ਦੇ ਮੁਕਾਬਲੇ ਹਥਿਆਰਾਂ ਦੇ ਲਾਇਸੰਸ ਬਨਾਉਣਾ ਅਸਾਨ ਹੋ ਗਿਆ ਸੀ। ਇਸਦਾ ਨਤੀਜਾ ਇਹ ਨਿਕਲਿਆ ਕਿ ਸੂਬੇ ਦੇ ਲੋਕਾਂ ਕੋਲ ਲਾਇਸੰਸੀ ਹਥਿਆਰਾਂ ਦੀ ਸੰਖਿਆਂ ਸੂਬੇ ਦੀ ਪੁਲਿਸ ਦੇ ਮੁਕਾਬਲੇ ਜਿਆਦਾ ਹੋ ਗਈ। ਇੱਕ ਰਿਪੋਰਟ ਮੁਤਾਬਿਕ ਅਵੈਧ ਹਥਿਆਰਾਂ ਦੀ ਗਿਣਤੀ ਦਾ ਤਾਂ ਪੁਲਿਸ ਦੇ ਕੋਲ ਕੋਈ ਪੈਮਾਨਾ ਨਹੀਂ ਹੈ। ਉਂਜ ਸਾਲ 2016 ਦੀ ਰਿਪੋਰਟ ਅਨੁਸਾਰ ਸੂਬੇ ਦੇ ਹਰ 90 ਵੇਂ ਵਿਅਕਤੀ ਕੋਲ ਲਾਇਸੰਸੀ ਹਥਿਆਰ ਹੈ।ਪੰਜਾਬ ਪੁਲਿਸ ਦੇ 82 ਹਜ਼ਾਰ ਕਰਮਚਾਰੀਆਂ ਕੋਲ ਇੱਕ ਲੱਖ ਸਤਾਰਾਂ ਹਜ਼ਾਰ ਹਥਿਆਰ ਹਨ। ਪੁਲਿਸ ਦਾ ਮੰਨਣਾ ਹੈ ਕਿ ਪੰਜਾਬ ਦੇ ਲੋਕਾਂ ਕੋਲ ਅਵੈਧ ਹਥਿਆਰਾਂ ਦੀ ਗਿਣਤੀ ਲਾਇਸੰਸੀ ਹਥਿਆਰਾਂ ਤੋਂ ਵੱਧ ਹੈ।
ਪੰਜਾਬੀਆਂ ਦੇ ਚਾਰ ਹੀ ਤਾਂ ਸ਼ੌਕ ਨੇ, ਸੱਜ ਧੱਜ ਕੇ ਰਹਿਣਾ, ਖੁੱਲਾ ਖਾਣਾ, ਅਵੱਲੀਆਂ ਖੇਡਾਂ ਖੇਡਣਾ ਅਤੇ ਹਥਿਆਰਾਂ ਨਾਲ ਕੌਡ ਕਬੱਡੀ ਪਾਉਣਾ। ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ, ਜੰਗਲਾਂ 'ਚ ਕਲੋਲਾਂ ਕਰਦੇ ਫਿਰਦੇ ਹਥਿਆਰਾਂ ਨਾਲ ਲੈੱਸ ਯੋਧੇ ਕਦੇ ਮੌਤ ਨੂੰ ਗਲੇ ਲਗਾਈ ਦਿਨੇ, ਰਾਤ, ਦੁਪਹਿਰੇ ਖੁਲਾਂ ਖੇਡਦੇ ਤੁਰੇ ਫਿਰਦੇ, ਕੁਝ ਨਾ ਵੀ ਮਿਲਿਆ ਤਾਂ ਫ਼;ਲ, ਫਰੂਟ, ਪੱਤੇ ਖਾ ਗੁਜ਼ਾਰੇ ਕਰਦੇ, ਪਰ “ਟੈਂ” ਕਿਸੇ ਦੀ ਨਾ ਮੰਨਦੇ।ਸਮਾਂ ਬੀਤਿਆ, ਮਾਰ ਪਾਈ, ਫੁਟ ਪਈ, “ਟੈਂ ਨਾ ਮੰਨਣ ਕਿਸੇ ਦੀ” ਵਾਲੇ ਜੀ ਹਜ਼ੂਰ ਬਣਦੇ ਬਣਦੇ ਗਲ ਅਲਾਮਤਾਂ ਪਾ ਬੈਠੇ!
ਕੁਝ ਵਿਗੜੇ ਪੰਜਾਬੀ ਹੁਣ ਗੀਤ ਗਾਉਂਦੇ ਆ ਤਾਂ ਲੁੱਚੇ, “ਸ਼ੋਕ ਹਥਿਆਰਾਂ ਦਾ” ਹੁਣ ਗੱਲ ਕਰਦੇ ਆ ਤਾਂ ਗਾਲ ਨਾਲ। ਹੁਣ ਭੰਗੜੇ ਪਾਉਂਦੇ ਆ ਤੇ ਨੱਚਦੇ ਆ, ਇਹ ਕਹਿਕੇ “ਨੈਣ ਦੇ”। ਢੋਲ, ਡਮਰੂ, ਡਗਾ, ਮੱਕੀ ਦੀ ਰੋਟੀ, ਸਰੋਂ ਦਾ ਸਾਗ, ਗਿੱਧਾ, ਭੰਗੜਾ, ਸਭ ਪੈਰਾਂ ਹੇਠ ਮਧੋਲਿਆ ਗਿਆ।
ਨਸ਼ੇ ਆ ਹੁਣ ਭਾਈ ਸ਼ਿੰਗਾਰ ਬਹੁਤੇ ਪੰਜਾਬੀਆਂ ਦਾ। ਹਥਿਆਰ ਆ ਲੋੜ “ਮਾਫੀਆ ਰਾਜ” ਲਈ ਤੇ ਇਹਦੇ ਕਹਿੰਦੇ ਬਨਣ ਲਈ, ਦੁੰਮ ਛੱਲਾ ਬਨਣ ਲਈ, ਕੁਝ ਜਾਇਜ਼, ਨਜਾਇਜ਼ ਤਾਂ ਕਰਨਾ ਹੀ ਹੋਇਆ। ਚਲੋ, ਨਸ਼ੇ ਦਾ ਧੰਦਾ ਨਾ ਚੱਲਿਆ ਤਾਂ ਹਥਿਆਰਾਂ ਦਾ ਧੰਦਾ ਹੀ ਸਹੀ। ਹੁਣ ਤਾਂ ਭਾਈ ਪੰਜਾਬ 'ਚ ਇੱਕ ਹੱਥ ਦੂਜੇ ਨੂੰ ਨਹੀਂ ਜੇ ਪਛਾਨਦਾ, ਬਸ ਇਹੋ ਆਂਹਦਾ ਆ, “ਮੈਂ ਨਹੀਂ ਤੈਨੂੰ ਜਾਣਦਾ”। ਸਾਡੇ ਸ਼ਹਿਰ ਮੁਹੱਲੇ ਇਹ ਕੀ ਹੋਇਆ। ਯਾਰਾ ਅੱਜ ਕੱਲ ਮੌਸਮ ਨਹੀਂ ਨਰੋਇਆ।
ਵਾਵਰੋਲੇ ਜਦੋਂ ਵੀ ਆਉਂਦੇ ਨੇ
ਖ਼ਬਰ ਹੈ ਕਿ ਬਿਨਾਂ ਦੱਸੇ ਛੁੱਟੀ ਲੈਣ, ਕਲਾਸ ਲੈਣ 'ਚ ਕੌਤਾਹੀ ਕਰਨ ਵਾਲੇ ਅਧਿਆਪਕਾਂ ਤੇ ਨਕੇਲ ਕੱਸਣ ਦੀ ਤਿਆਰੀ ਹੈ। ਕੇਂਦਰ ਸਰਕਾਰ ਸਕੂਲੀ ਅਧਿਆਪਕਾਂ ਦੀ ਗੁਣਵੱਤਾ ਦੇ ਸੁਧਾਰ ਲਈ ਰਿਅਲ ਟਾਈਮ ਮਾਨੀਟਰਿੰਗ ਸਿਸਟਮ ਬਣਾ ਰਹੀ ਹੈ। ਇਸ ਵਿੱਚ ਬਾਇਓਮੈਟਰਿਕ ਸਿਸਟਮ ਨਾਲ ਹਾਜ਼ਰੀ ਦੇ ਰਾਹੀਂ ਜਿਥੇ ਅਧਿਆਪਕਾਂ ਦੇ ਸਕੂਲ ਆਉਣ-ਜਾਣ ਦੇ ਸਮੇਂ ਦੀ ਜਾਂਚ ਹੋਵੇਗੀ, ਉਥੇ ਅਧਿਆਪਕਾਂ ਦੇ ਪੜਾਉਣ-ਲਿਖਾਉਣ ਦਾ ਰਿਪੋਰਟ ਕਾਰਡ, ਵਿਦਿਆਰਥੀਆਂ ਦੇ ਪ੍ਰਦਰਸ਼ਨ ਅਤੇ ਘਰ ਦੇ ਕੰਮ ਦੇ ਅਧਾਰ ਉਤੇ ਹੋਵੇਗਾ। ਸੂਤਰਾਂ ਦੇ ਮੁਤਾਬਕ ਦੇਸ਼ ਭਰ ਤੋਂ ਵਿਦਿਆਰਥੀਆਂ ਦੇ ਮਾਪਿਆਂ ਤੋਂ ਸ਼ਕਾਇਤ ਮਿਲੀ ਸੀ ਕਿ ਕਿਸੇ ਵੀ ਵਿਦਿਆਰਥੀ ਨੂੰ ਫੇਲ ਨਾ ਕਰੋ ਦੀ ਪਾਲਿਸੀ ਕਾਰਨ ਸਿੱਖਿਆ ਦੀ ਗੁਣਵੱਤਾ 'ਚ ਗਿਰਾਵਟ ਆਈ ਹੈ ਅਤੇ ਟੀਚਰਾਂ ਨੇ ਵਿਦਿਆਰਥੀਆਂ ਵੱਲ ਧਿਆਨ ਦੇਣਾ ਘੱਟ ਕਰ ਦਿਤਾ ਹੈ। ਇਨਾਂ ਸ਼ਕਾਇਤਾਂ ਦੇ ਅਧਾਰ 'ਤੇ ਕੇਂਦਰ ਸਰਕਾਰ ਅਧਿਆਪਕਾਂ ਉਤੇ ਨਕੇਲ ਕੱਸਣ ਜਾ ਰਹੀ ਹੈ।
ਪੜਾਈ ਪੱਖੋਂ ਭਾਈ ਹਿੰਦੋਸਤਾਨੀਆਂ ਦਾ ਹਾਜ਼ਮਾ ਰਤਾ ਕਮਜ਼ੋਰ ਹੀ ਆ। ਪੜਦੇ ਆ। ਥੱਕ ਜਾਂਦੇ ਆ। ਪੜਨ ਵਾਲੇ ਵੀ ਕਮਜ਼ੋਰ ਆ, ਪੜਾਉਣ ਵਾਲੇ ਵੀ ਕਮਜ਼ੋਰ ਆ। ਤਦੇ ਸਰਕਾਰੀ ਸਕੂਲਾਂ ਬਰੋਬਰ ਪ੍ਰਾਈਵੇਟ ਮਾਡਲ, ਮਾਡਰਨ, ਪਬਲਿਕ ਅਤੇ ਪਤਾ ਨਹੀਂ ਹੋਰ ਕਿੰਨੇ ਤਿੰਨ ਸਟਾਰ, ਪੰਜ ਸਟਾਰ ਸਕੂਲ ਧਨਵਾਨਾਂ ਖੋਲ ਛੱਡੇ, ਜਿਥੇ ਰੀਸੋ ਰੀਸੀ, ਮਾਪਿਆਂ ਬੱਚਿਆਂ ਗਲ ਟਾਈਆਂ, ਵੱਡੇ ਵਸਤੇ, ਰੰਗ-ਬਰੰਗੀਆਂ ਵਰਦੀਆਂ ਬੂਟ-ਸੂਟ ਪੁਆ ਉਨਾਂ ਨੂੰ ਏ.ਬੀ.ਸੀ. ਰਟਾ “ਮਾਂ ਮਿਹਟਰ” ਬਣਾ À ਅ Â ਜਾਂ ਖਾ ਗਾ ਤੋਂ ਜਾਨ ਛੁਡਾ ਡਿਜ਼ੀਟਲ ਇੰਡੀਆ ਦਾ ਛੁਣਛਣਾ, ਤੇ ਉਪਰੋਂ ਲੈ ਕੇ ਹੇਠਲੇ ਹੱਥ ਮੋਬਾਇਲ, ਈ. ਫੋਨ ਫੜਾ ਦਿਤਾ, ਜਿਹੜਾ ਹਵਾ ਬਣ ਵਗਿਆ ਤੇ ਮੁੜ ਹੋ ਗਿਆ ਚੁੱਪ-ਚਾਂਦ। ਇਵੇਂ ਹੀ ਆਇਆ ਆ ਭਾਈ ਰੀਅਲ ਟਾਈਮ ਮਾਨੀਟਰਿੰਗ ਸਿਸਟਮ, ਜਿਹੜਾ ਆਉਣਾ ਆ ਤੇ ਤੁਰ ਜਾਣਾ ਆ ਤੇ ਪਰਨਾਲਾ ਰਹਿਣਾ ਆ, ਉਥੇ ਦਾ ਉਥੇ। “ਮਨ ਕੀ ਬਾਤ” ਦੱਸਾਂ ਵਾਵਰੋਲੇ ਜਦੋਂ ਵੀ ਆਉਂਦੇ ਨੇ, ਇਵੇਂ ਹੀ ਆਉਂਦੇ ਨੇ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਦੁਨੀਆਂ ਵਿਚ ਟੀ.ਬੀ. ਬੀਮਾਰੀ ਦੇ 27% ਮਾਮਲੇ ਭਾਰਤ ਵਿਚ ਸਾਹਮਣੇ ਆਉਂਦੇ ਹਨ। ਸਾਡੇ ਦੇਸ਼ 'ਚ ਸਾਲ 2015 'ਚ ਟੀ.ਬੀ ਦੇ 28 ਲੱਖ ਮਾਮਲੇ ਸਾਹਮਣੇ ਆਏ।.
ਦੇਸ਼ ਦੀ ਚੌਥੀ ਵਾਰਸ਼ਿਕ ਰੋਜ਼ਗਾਰ ਅਤੇ ਬੇਰੁਜ਼ਗਾਰੀ ਰਿਪੋਰਟ [2013-14] ਅਨੁਸਾਰ ਸਿਰਫ 16.5 ਪ੍ਰਤੀਸ਼ਤ ਦੇਸ਼ ਵਾਸੀ ਹੀ ਨਿਯਮਤ ਤੌਰ ਤੇ ਤਨਖਾਹ ਵਾਲੇ ਰੁਜ਼ਗਾਰ ਤੇ ਲੱਗੇ ਹਨ। ਮਜ਼ਦੂਰੀ ਕਰਨ ਵਾਲੇ 30.9 ਪ੍ਰਤੀਸ਼ਤ ਲੋਕ ਹਨ, ਜੋ ਦਿਨੋ-ਦਿਨ ਵੱਧ ਰਹੇ ਹਨ।.
ਇੱਕ ਵਿਚਾਰ
ਆਸ਼ਾ ਨਾਲ ਪ੍ਰਾਪਤੀ ਹੁੰਦੀ ਹੈ। ਉਮੀਦ ਅਤੇ ਆਤਮਵਿਸ਼ਵਾਸ਼ ਦੇ ਬਿਨਾਂ ਕੁਝ ਵੀ ਨਹੀਂ ਕੀਤਾ ਜਾ ਸਕਦਾ- ਹੇਲੇਨ ਕੇਲਰ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.