ਭੀਮ (BHIM) ਦਾ ਅਰਥ ਹੈ ਭਾਰਤ ਇੰਟਰਫੇਸ ਫਾਰ ਮਨੀ (Bharat Interface for Money)। ਇਹ ਇੱਕ ਮੋਬਾਈਲ ਐਪ ਹੈ ਜਿਸਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਦਸੰਬਰ 2016 ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਡਿਜੀਧਨ ਮੇਲੇ ਵਿੱਚ ਲਾਂਚ ਕੀਤਾ ਸੀ। ਇਹ ਐਪ ਪੇਟੀਐਮ (Paytm) ਜਾਂ ਹੋਰ ਦੂਸਰੇ ਮੋਬਾਈਲ ਬਟੂਇਆਂ ਤੋਂ ਕਾਫੀ ਵੱਖਰੀ ਕਿਸਮ ਦਾ ਹੈ। ਉਹਨਾਂ ਵਿੱਚ ਇੱਕ ਆਪਣਾ ਇਲੈਕਟ੍ਰਾਨਿਕ ਖਾਤਾ (ਵਾਲੇਟ) ਹੁੰਦਾ ਹੈ ਜਿਸ ਵਿੱਚ ਤੁਸੀਂ ਪੈਸੇ ਪਾ ਕੇ ਰੱਖਦੇ ਹੋ। ਤੁਸੀਂ ਆਪਣੇ ਬੈਂਕ ਵਾਲੇ ਖਾਤੇ ਵਿੱਚੋਂ ਪੈਸੇ ਕਢਵਾ ਕੇ ਪੇਟੀਐਮ ਵਰਗੇ ਮੋਬਾਈਲ ਬਟੂਇਆਂ ਵਿੱਚ ਪਾਉਂਦੇ ਹੋ। ਪਰ ਭੀਮ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਵੱਖਰੇ ਪੈਸੇ ਪਾ ਕੇ ਰੱਖਣ ਦੀ ਲੋੜ ਨਹੀਂ ਹੁੰਦੀ। ਇਹ ਸਾਡੇ ਅਸਲੀ ਬੈਂਕ ਖਾਤੇ ਵਿੱਚ ਪਈ ਰਕਮ ਨੂੰ ਹੀ ਸਿੱਧੇ ਤੌਰ ‘ਤੇ ਵਰਤਦਾ ਹੈ ਅਤੇ ਉਸਨੂੰ ਬਾਹਰ ਕਿਸੇ ਹੋਰ ਇਲੈਕਟ੍ਰਾਨਿਕ ਖਾਤੇ ਵਿੱਚ ਰੱਖਣ ਦੀ ਲੋੜ ਨਹੀਂ ਪੈਂਦੀ। ਇਸ ਤਰਾਂ ਵੇਖਿਆ ਜਾਵੇ ਤਾਂ ਭੀਮ, ਦੂਸਰੇ ਮੋਬਾਈਲ ਬਟੂਇਆਂ ਤੋਂ ਕਿਤੇ ਵੱਧ ਸੁਰੱਖਿਅਤ ਹੈ।
ਭੀਮ ਐਪ ਦੀ ਇਹ ਵੀ ਖਾਸੀਅਤ ਹੈ ਕਿ ਇਹ ਬਹੁਤ ਸਰਲ ਪ੍ਰਕਿਰਿਆ ਨਾਲ ਕੰਮ ਕਰਦਾ ਹੈ ਅਤੇ ਇਸ ਵਿੱਚ ਫਾਲਤੂ ਦੇ ਫੰਕਸ਼ਨ ਨਹੀਂ ਹਨ। ਤੁਹਾਡੇ ਕੋਲ ਨੈੱਟ ਬੈਂਕਿੰਗ ਹੋਵੇ ਜਾਂ ਨਾ ਹੋਵੇ, ਭੀਮ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਲਈ ਜੇਕਰ ਤੁਸੀਂ ਨੈੱਟ ਬੈਂਕਿੰਗ ਨਹੀਂ ਵੀ ਵਰਤਣਾ ਚਾਹੁੰਦੇ ਜਾਂ ਅਜੇ ਤੱਕ ਤੁਹਾਨੂੰ ਇਹ ਨਹੀਂ ਉਪਲਭਧ ਹੋ ਸਕੀ ਤਾਂ ਫਿਰ ਵੀ ਤੁਸੀਂ ਇਸ ਐਪ ਨਾਲ ਬਹੁਤ ਸਾਰੇ ਕੰਮ ਕਰ ਸਕਦੇ ਹੋ। ਇਸ ਉੱਤੇ ਨਾ ਹੀ ਕਿਸੇ ਲਾਭਪਾਤਰੀ (Beneficiary) ਨੂੰ ਪਹਿਲਾਂ ਹੀ ਰਜਿਸਟਰ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਇਸ ਵਿੱਚ ਸਮੇਂ ਦੀ ਵੀ ਕੋਈ ਪਾਬੰਦੀ ਨਹੀਂ ਹੈ। ਤੁਸੀਂ ਜਦੋਂ ਚਾਹੋ, ਅੱਧੀ ਰਾਤ ਨੂੰ ਵੀ ਕੋਈ ਰਕਮ ਭੇਜੀ ਜਾਂ ਮੰਗਵਾਈ ਜਾ ਸਕਦੀ ਹੈ।
ਇਸ ਐਪ ਨੂੰ ਵਰਤਣ ਲਈ ਸਭ ਤੋਂ ਪਹਿਲਾਂ ਮੋਬਾਈਲ ਦੇ ਪਲੇਅ ਸਟੋਰ ਉੱਤੇ ਜਾ ਕੇ ਇਸ ਨੂੰ ਡਾਊਨਲੋਡ ਕੀਤਾ ਜਾਂਦਾ ਹੈ। ਪਰ ਇਸ ਤੋਂ ਪਹਿਲਾਂ ਇਹ ਗੱਲ ਯਕੀਨੀ ਬਣਾ ਲੈਣੀ ਚਾਹੀਦੀ ਹੈ ਕਿ ਤੁਹਾਡਾ ਜਿਹੜਾ ਮੋਬਾਈਲ ਨੰਬਰ, ਤੁਹਾਡੇ ਬੈਂਕ ਖਾਤੇ ਨਾਲ ਜੁੜਿਆ ਹੋਇਆ ਹੈ, ਉਸੇ ਨੰਬਰ ਵਾਲਾ ਸਿਮ ਹੀ ਤੁਹਾਡੇ ਉਸ ਮੋਬਾਈਲ ਵਿੱਚ ਪਾਇਆ ਹੋਇਆ ਹੋਵੇ। ਇਹ ਵੀ ਧਿਆਨ ਰੱਖਣਾ ਹੈ ਕਿ ਪਲੇਅ ਸਟੋਰ ਉੱਤੇ ਕਈ ਹੋਰ ਮਿਲਦੇ-ਜੁਲਦੇ ਭੀਮ ਐਪ ਮਿਲ ਜਾਣਗੇ ਪਰ ਤੁਸੀਂ ਉਹੀ ਐਪ ਡਾਊਨਲੋਡ ਕਰਨਾ ਹੈ ਜਿਸ ਉੱਤੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (National Payments Corporation of India) ਲਿਖਿਆ ਹੋਵੇ। ਡਾਊਨਲੋਡ ਕਰਨ ਤੋਂ ਬਾਅਦ ਜਦੋਂ ਇਹ ਐਪ ਖੁੱਲੇਗਾ ਤਾਂ ਸਭ ਤੋਂ ਪਹਿਲਾਂ ਭਾਸ਼ਾ ਚੁਣਨ ਲਈ ਕਹੇਗਾ। ਇੱਥੇ ਤੁਸੀਂ ਆਪਣੀ ਮਰਜ਼ੀ ਦੀ ਭਾਸ਼ਾ ਅੰਗਰੇਜ਼ੀ ਜਾਂ ਹਿੰਦੀ ਚੁਣ ਲਵੋਗੇ। ਅਜੇ ਤੱਕ ਇਸ ਵਿੱਚ ਪੰਜਾਬੀ ਭਾਸ਼ਾ ਨਹੀਂ ਸ਼ਾਮਲ ਕੀਤੀ ਗਈ ਪਰ ਹੋ ਸਕਦਾ ਹੈ ਕਿ ਨੇੜ ਭਵਿੱਖ ਵਿੱਚ ਇਹ ਸ਼ਾਮਲ ਹੋ ਜਾਵੇ। ਦੋ-ਤਿੰਨ ਵਾਰੀ ਨੈਕਸਟ (Next) ਕਰਨ ਤੋਂ ਬਾਅਦ ਇਹ ਸਟਾਰਟ ਹੋ ਜਾਏਗਾ। ਫਿਰ ਜੇਕਰ ਤੁਹਾਡੇ ਕੋਲ ਡਬਲ ਸਿਮ ਵਾਲਾ ਫੋਨ ਹੈ ਤਾਂ ਇਹ ਤੁਹਾਨੂੰ ਆਪਣਾ ਸਿਮ ਨੰਬਰ ਚੁਣਨ ਲਈ ਕਹੇਗਾ ਅਤੇ ਤੁਸੀਂ ਉਹੀ ਸਿਮ ਚੁਣਨਾ ਹੈ ਜਿਹੜਾ ਨੰਬਰ ਤੁਹਾਡੇ ਬੈਂਕ ਵਿੱਚ ਰਜਿਸਟਰ ਹੈ। ਉਸ ਨੰਬਰ ਉੱਤੋਂ ਆਪਨੇ ਆਪ ਇੱਕ ਮੈਸੇਜ ਜਾਏਗਾ ਅਤੇ ਨੰਬਰ ਤਸਦੀਕ ਹੋ ਜਾਏਗਾ। ਇਸ ਤੋਂ ਬਾਅਦ ਇਹ ਤੁਹਾਨੂੰ ਚਾਰ ਅੰਕਾਂ ਦਾ ਇੱਕ ਪਾਸ ਕੋਡ ਬਣਾਉਣ ਲਈ ਕਹੇਗਾ। ਪਾਸ ਕੋਡ ਬਣਾਉਣ ਤੋਂ ਬਾਅਦ ਇਹ ਤੁਹਾਨੂੰ ਆਪਣਾ ਬੈਂਕ ਚੁਣਨ ਲਈ ਕਹੇਗਾ ਜਿਸ ਵਿੱਚ ਤੁਹਾਡਾ ਖਾਤਾ ਹੈ। ਆਪਣੇ ਬੈਂਕ ਦੇ ਨਾਮ ਉੱਤੇ ਕਲਿੱਕ ਕਰਨ ਨਾਲ ਇਹ ਆਪਣੇ ਆਪ ਹੀ ਤੁਹਾਡੇ ਉਸ ਬੈਂਕ ਵਾਲੇ ਖਾਤੇ ਨੂੰ ਉੱਥੇ ਵਿਖਾਉਣ ਲੱਗ ਪਏਗਾ ਅਤੇ ਤੁਹਾਡਾ “ਭੀਮ ਖਾਤਾ” ਬਣ ਜਾਏਗਾ।
ਜਦੋਂ ਤੁਸੀਂ ਇਸ ਵਿਚਲੇ ਆਪਣੇ ਬੈਂਕ ਖਾਤੇ ਉੱਤੇ ਕਲਿੱਕ ਕਰੋਗੇ ਤਾਂ ਇਹ ਤੁਹਾਨੂੰ ਆਪਣਾ ਯੂਪੀਆਈ ਪਿੰਨ (UPI Pin) ਬਣਾਉਣ ਲਈ ਕਹੇਗਾ। ਇਹ ਛੇ ਅੰਕਾਂ ਦਾ ਹੋ ਸਕਦਾ ਹੈ। ਪਰ ਇਸ ਨੂੰ ਬਣਾਉਣ ਤੋਂ ਪਹਿਲਾਂ ਇਹ ਤੁਹਾਡੇ ਤੋਂ ਤੁਹਾਡੇ ਡੈਬਿਟ ਕਾਰਡ (ਏਟੀਐਮ ਕਾਰਡ) ਦੇ 16 ਅੰਕੀ ਨੰਬਰ ਦੇ ਪਿਛਲੇ ਛੇ ਅੰਕ ਮੰਗੇਗਾ। ਨਾਲ ਹੀ ਕਾਰਡ ਦੀ ਸਮਾਪਤੀ ਮਿਤੀ (Expiry Date) ਵੀ ਮੰਗੇਗਾ। ਇਸ ਨਾਲ ਤੁਹਾਡੇ ਮੋਬਾਇਲ ਉੱਤੇ ਇੱਕ ਮੈਸੇਜ ਆਏਗਾ ਅਤੇ ਇੱਕ ਕੋਡ ਆਪਣੇ ਆਪ ਭਰਿਆ ਜਾਏਗਾ ਜਿਸ ਨਾਲ ਤੁਹਾਡਾ ਮੋਬਾਈਲ ਨੰਬਰ ਫਿਰ ਤਸਦੀਕ ਹੋ ਜਾਏਗਾ। ਉਸ ਤੋਂ ਬਾਅਦ ਦੋ ਵਾਰੀ ਆਪਣਾ ਯੂਪੀਆਈ ਪਿੰਨ ਭਰਨ ਨਾਲ ਰਜਿਸਟ੍ਰੇਸ਼ਨ ਦੀ ਸਾਰੀ ਪ੍ਰਕਿਰਿਆ ਪੂਰੀ ਹੋ ਜਾਏਗੀ। ਹੁਣ ਤੁਸੀਂ ਜਦੋਂ ਚਾਹੋ ਇਸ ਐਪ ਦੀ ਵਰਤੋਂ ਨਾਲ ਕੋਈ ਵੀ ਲੈਣ-ਦੇਣ ਕਰ ਸਕਦੇ ਹੋ।
ਇਹ ਐਪ ਤੁਹਾਡੇ ਇੱਕ ਬੈਂਕ ਖਾਤੇ ਨਾਲ ਹਰ ਵੇਲੇ ਜੁੜਿਆ ਰਹਿੰਦਾ ਹੈ। ਇਸ ਲਈ ਇਹ ਦੂਸਰੇ ਯੂਪੀਆਈ ਐਪਸ (UPI APPs) ਨਾਲੋਂ ਕੁਝ ਵੱਖਰਾ ਹੈ ਜਿਹੜੇ ਇੱਕੋ ਸਮੇਂ ਇੱਕ ਤੋਂ ਵੱਧ ਬੈਂਕ ਖਾਤਿਆਂ ਨਾਲ ਜੁੜੇ ਰਹਿੰਦੇ ਹਨ। ਇਹ ਸ਼ਾਇਦ ਇਸ ਨੂੰ ਸਰਲ ਬਣਾਉਣ ਦੇ ਮੰਤਵ ਨਾਲ ਕੀਤਾ ਗਿਆ ਹੈ ਕਿਉਂਕਿ ਆਮ ਲੋਕਾਂ ਕੋਲ ਇੱਕ ਹੀ ਬੈਂਕ ਖਾਤਾ ਹੁੰਦਾ ਹੈ। ਫਿਰ ਵੀ ਜੇਕਰ ਤੁਹਾਡੇ ਕੋਲ ਇੱਕ ਤੋਂ ਵੱਧ ਖਾਤੇ ਹਨ ਤਾਂ ਤੁਸੀਂ ਇਸਨੂੰ ਸਵਿੱਚਿੰਗ ਕਰਕੇ ਦੂਸਰੇ ਖਾਤੇ ਉੱਤੇ ਵੀ ਜਾ ਸਕਦੇ ਹੋ। ਇਸਦੇ ਲਈ ਇਸ ਵਿੱਚ ਬੈਂਕ ਅਕਾਊਂਟ (Bank Account) ਵਾਲੇ ਵਿਕਲਪ ਉੱਤੇ ਕਲਿੱਕ ਕਰੋ ਅਤੇ ਫਿਰ ਉੱਪਰ ਸੱਜੇ ਪਾਸੇ ਤਿੰਨ ਬਿੰਦੀਆਂ ਉੱਤੇ ਕਲਿੱਕ ਕਰੋ। ਉਥੇ ਜਾ ਕੇ ਤੁਸੀਂ ਆਪਣੀ ਮਰਜ਼ੀ ਦਾ ਨਵਾਂ ਬੈਂਕ ਚੁਣ ਕੇ ਉਸਨੂੰ ਇਸ ਐਪ ਵਿੱਚ ਐਕਟਿਵ ਕਰ ਸਕਦੇ ਹੋ। ਪਰ ਇਹ ਜਰੂਰੀ ਹੈ ਕਿ ਉਸ ਬੈਂਕ ਖਾਤੇ ਨਾਲ ਵੀ ਤੁਹਾਡਾ ਉਹੀ ਮੋਬਾਈਲ ਨੰਬਰ ਹੀ ਜੁੜਿਆ ਹੋਇਆ ਹੋਵੇ।
ਭੇਜੋ (Send): ਜਦੋਂ ਤੁਸੀਂ ਮਾਈ ਪ੍ਰੋਫਾਈਲ (My Profile) ਉੱਤੇ ਕਲਿੱਕ ਕਰੋਗੇ ਤਾਂ ਇਹ ਤੁਹਾਨੂੰ ਤੁਹਾਡਾ ਵਰਚੁਅਲ ਐਡਰੈਸ ਵਿਖਾਏਗਾ ਜੋ ਕਿ ਇੱਕ ਤਰਾਂ ਤੁਹਾਡੀ ਪਹਿਚਾਣ ਹੋਏਗੀ। ਇਹ ਆਮ ਕਰਕੇ ਤੁਹਾਡਾ ਮੋਬਾਈਲ ਨੰਬਰ ਹੀ ਹੋਏਗਾ। ਤੁਸੀਂ ਚਾਹੋ ਤਾਂ ਆਪਣੀ ਮਰਜ਼ੀ ਦਾ ਕੋਈ ਹੋਰ ਵੀ ਵਰਚੁਅਲ ਐਡਰੈਸ ਬਣਾ ਸਕਦੇ ਹੋ। ਇੱਕ ਉਦਾਹਰਣ ਦੇ ਤੌਰ ‘ਤੇ ਮੇਰਾ ਮੋਬਾਈਲ ਨੰਬਰ 9417193193 ਹੋਣ ਕਰਕੇ ਮੇਰਾ ਵਰਚੁਅਲ ਐਡਰੈਸ 9417193193@upi ਹੈ। ਪਰ ਮੈਂ ਆਪਣਾ ਇੱਕ ਹੋਰ ਵਰਚੁਅਲ ਐਡਰੈਸ gsgurdit@upi ਵੀ ਬਣਾਇਆ ਹੋਇਆ ਹੈ। ਹੁਣ ਜੇਕਰ ਤੁਸੀਂ ਮੈਨੂੰ ਪੈਸੇ ਭੇਜਣੇ ਹੋਣ ਤਾਂ ਤੁਸੀਂ Send ਉੱਤੇ ਕਲਿੱਕ ਕਰਕੇ Mobile/Payment Address ਦੀ ਥਾਂ 9417193193@upi (ਜਾਂ gsgurdit@upi) ਭਰੋਗੇ। ਜਦੋਂ ਤੁਸੀਂ ਉਸਨੂੰ ਤਸਦੀਕ (Verify) ਕਰੋਗੇ ਤਾਂ ਉਥੇ ਮੇਰਾ ਨਾਮ ਗੁਰਦਿੱਤ ਸਿੰਘ (Gurdit Singh) ਆ ਜਾਏਗਾ। ਫਿਰ ਤੁਸੀਂ ਉਥੇ ਰਕਮ ਭਰ ਕੇ ਓਕੇ ਕਰ ਦਿਉਗੇ। ਉੱਥੇ ਤੁਹਾਨੂੰ ਆਪਣਾ ਛੇ ਅੰਕਾਂ ਵਾਲਾ ਯੂਪੀਆਈ ਪਿੰਨ ਭਰਨਾ ਹੋਵੇਗਾ। ਉਸ ਨੂੰ ਓਕੇ ਕਰਨ ਦੇ ਨਾਲੋ-ਨਾਲ ਤੁਹਾਡੇ ਪੈਸੇ ਮੇਰੇ ਕੋਲ ਪਹੁੰਚ ਜਾਣਗੇ। ਨਾਲੋ-ਨਾਲ ਤੁਹਾਡੇ ਅਤੇ ਮੇਰੇ, ਦੋਹਾਂ ਦੇ ਮੋਬਾਈਲ ਉੱਤੇ ਇਸ ਬਾਰੇ ਸੁਨੇਹਾ ਪ੍ਰਾਪਤ ਹੋ ਜਾਏਗਾ।
ਬੇਨਤੀ (Request): ਤੁਸੀਂ ਆਪਣੇ ਕਿਸੇ ਦੋਸਤ ਨੂੰ ਪੈਸੇ ਮੰਗਣ ਲਈ ਬੇਨਤੀ ਵੀ ਭੇਜ ਸਕਦੇ ਹੋ ਜਿਹੜਾ ਕਿ ਤੁਹਾਡੇ ਵਾਂਗ ਭੀਮ ਐਪ ਚਲਾਉਂਦਾ ਹੋਵੇ। ਉਸੇ ਤਰਾਂ ਤੁਸੀਂ ਉਸਦਾ Mobile/Payment Address ਭਰੋਗੇ ਅਤੇ ਰਕਮ ਭਰਕੇ ਉਹੀ ਪ੍ਰਕਿਰਿਆ ਦੁਹਰਾਉਗੇ ਤਾਂ ਤੁਹਾਡੇ ਦੋਸਤ ਕੋਲ ਤੁਹਾਡੀ ਬੇਨਤੀ ਪਹੁੰਚ ਜਾਏਗੀ। ਜੇਕਰ ਉਹ ਬੇਨਤੀ ਮੰਨ ਲਏਗਾ ਤਾਂ ਅੱਗੋਂ Send ਉੱਤੇ ਕਲਿੱਕ ਕਰਕੇ ਤੁਹਾਨੂੰ ਪੈਸੇ ਭੇਜ ਦੇਵੇਗਾ।
ਸਕੈਨ ਕਰਕੇ ਭੇਜੋ (Scan & Pay) ਵਾਲਾ ਵਿਕਲਪ ਵੀ ਬਹੁਤ ਸਰਲ ਹੈ। ਜਿਸਨੂੰ ਤੁਸੀਂ ਪੈਸੇ ਦੇਣੇ ਹੋਣ, ਜੇਕਰ ਉਹ ਤੁਹਾਡੇ ਕੋਲ ਹੀ ਬੈਠਾ ਹੋਵੇ ਤਾਂ ਤੁਸੀਂ ਉਸਦੇ ਭੀਮ ਐਪ ਵਿਚਲੇ ਕਿਊਆਰ ਕੋਡ (QR Code) ਨੂੰ ਸਕੈਨ ਕਰਕੇ ਵੀ ਪੈਸੇ ਭੇਜ ਸਕਦੇ ਹੋ। ਇਸ ਤੋਂ ਇਲਾਵਾ ਲੈਣ-ਦੇਣ (Transaction) ਵਾਲੇ ਵਿਕਲਪ ਦੀ ਚੋਣ ਕਰਕੇ ਤੁਸੀਂ ਹੁਣ ਤੱਕ ਦਾ ਆਪਣਾ ਸਾਰਾ ਲੈਣ-ਦੇਣ ਵੇਖ ਸਕਦੇ ਹੋ ਜਿਹੜਾ ਕਿ ਭੀਮ ਰਾਹੀਂ ਹੋਇਆ ਹੋਵੇ। ਇਹ ਇੱਕ ਤਰਾਂ ਦੀ ਬੈਂਕ ਸਟੇਟਮੈਂਟ ਹੀ ਹੁੰਦੀ ਹੈ।
ਖਾਸ ਨੋਟ : ਜਿਸਨੂੰ ਤੁਸੀਂ ਪੈਸੇ ਭੇਜਣੇ ਹਨ, ਜੇਕਰ ਉਹ ਭੀਮ ਐਪ ਨਾ ਵੀ ਚਲਾਉਂਦਾ ਹੋਵੇ ਤੁਸੀਂ ਫਿਰ ਵੀ ਉਸਨੂੰ ਪੈਸੇ ਭੇਜ ਸਕਦੇ ਹੋ। ਇਸਦੇ ਲਈ Send ਉੱਤੇ ਜਾ ਕੇ ਉੱਪਰ ਵਾਲੀਆਂ ਤਿੰਨ ਬਿੰਦੀਆਂ ਉੱਤੇ ਕਲਿੱਕ ਕਰੋ। ਤੁਹਾਡੇ ਸਾਹਮਣੇ ਦੋ ਵਿਕਲਪ ਆ ਜਾਣਗੇ।
(ਕ) ਤੁਸੀਂ ਉਸਦਾ ਆਧਾਰ ਨੰਬਰ ਭਰਕੇ ਵੀ ਉਸਨੂੰ ਪੈਸੇ ਭੇਜ ਸਕਦੇ ਹੋ ਪਰ ਸ਼ਰਤ ਇਹ ਹੈ ਕਿ ਉਸਦਾ ਆਧਾਰ ਨੰਬਰ ਉਸਦੇ ਖਾਤੇ ਨਾਲ ਜੁੜਿਆ ਹੋਇਆ ਹੋਵੇ।
(ਖ) ਤੁਸੀਂ ਉਸਦਾ ਖਾਤਾ ਨੰਬਰ ਅਤੇ ਉਸਦੇ ਖਾਤੇ ਵਾਲੇ ਬੈਂਕ ਦਾ ਆਈ.ਐਫ.ਐਸ.ਸੀ. (IFSC) ਕੋਡ ਭਰ ਕੇ ਵੀ ਉਸਨੂੰ ਪੈਸੇ ਭੇਜ ਸਕਦੇ ਹੋ।
ਇਸ ਤਰਾਂ, ਭੀਮ ਐਪ ਬਹੁਤ ਹੀ ਸਰਲ, ਸੁਰੱਖਿਅਤ ਅਤੇ ਤੇਜ਼ ਐਪ ਹੈ। ਜਦੋਂ ਤੁਸੀਂ ਇੱਕ ਦੋ ਵਾਰੀ ਇਹ ਪ੍ਰਕਿਰਿਆ ਕਰ ਕੇ ਵੇਖ ਲਉਗੇ ਤਾਂ ਇਹ ਤੁਹਾਨੂੰ ਆਮ ਜਿਹੀ ਪ੍ਰਕਿਰਿਆ ਹੀ ਲੱਗਣ ਲੱਗ ਪਏਗੀ ਅਤੇ ਤੁਸੀਂ ਇਸਦੇ ਸਾਰੇ ਲਾਭ ਲੈ ਸਕੋਗੇ। ਇਸਦੀ ਇਹ ਵੀ ਖਾਸੀਅਤ ਹੈ ਕਿ ਇਸ ਰਾਹੀਂ ਲੈਣ-ਦੇਣ ਕਰਨ ਨਾਲ ਤੁਹਾਨੂੰ ਕੋਈ ਵੀ ਵਾਧੂ ਖਰਚੇ ਨਹੀਂ ਸਹਿਣ ਕਰਨੇ ਪੈਂਦੇ।
-
ਜੀ. ਐੱਸ. ਗੁਰਦਿੱਤ, ਲੇਖਕ
gurditgs@gmail.com
9417193193
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.