ਪੰਜਾਬ 'ਚ ਕਾਂਗਰਸ ਨੂੰ ਭਾਰੀ ਬਹੁਮਤ ਮਿਲਿਆ ਹੈ, ਬਹੁਤੇ ਲੋਕਾਂ ਦਾ ਵਿਚਾਰ ਹੈ ਕਿ ਇਹ ਜਿੱਤ ਕਾਂਗਰਸ ਨਾਲੋਂ ਬਹੁਤੀ ਕੈਪਟਨ ਅਮਰਿੰਦਰ ਸਿੰਘ ਦੀ ਹੈ, ਜਿਨਾਂ ਦੀ ਸ਼ਖ਼ਸੀਅਤ ਪੰਜਾਬੀਆਂ ਨੂੰ ਭਾਅ ਗਈ, ਜਿਨਾਂ ਦੀਆਂ ਗੱਲਾਂ ਉੱਤੇ ਪੰਜਾਬੀਆਂ ਭਰੋਸਾ ਕੀਤਾ ਅਤੇ ਇੰਜ ਪੰਜਾਬ ਦੀ ਰਾਜਗੱਦੀ, ਪੰਜਾਬ ਦੇ ਇੱਕ ਰਾਜ ਪਰਿਵਾਰ ਦੇ ਮੁਖੀ ਦੇ ਹੱਥ ਆ ਗਈ ਹੈ!
ਖਾਲੀ ਖਜ਼ਾਨਾ, ਭੈੜਾ ਖਿਲਰਿਆ-ਪਲਰਿਆ ਰਾਜ ਪ੍ਰਬੰਧ, ਆਰਥਿਕ ਤੰਗੀ ਨਾਲ ਅਧਮੋਏ ਪੰਜਾਬੀ, ਬੇਰੁਜ਼ਗਾਰੀ ਦੀ ਚੱਕੀ 'ਚ ਪਿੱਸ ਰਹੇ ਨੌਜਵਾਨ, ਰੋ-ਕੁਰਲਾ ਰਿਹਾ ਕਿਸਾਨ ਭਾਈਚਾਰਾ, ਨਿਵਾਣ ਵੱਲ ਜਾ ਚੁੱਕਾ ਉਦਯੋਗ ਅਤੇ ਕਾਰੋਬਾਰ ਕੈਪਟਨ ਅਮਰਿੰਦਰ ਸਿੰਘ ਨੂੰ ਸਿਆਸੀ ਕੁਰਸੀ ਦੇ ਵਿਰਸੇ ਵਿਚ ਮਿਲਿਆ ਹੈ। ਇਨਾਂ ਸਾਰੇ ਮੁੱਦੇ-ਮਸਲਿਆਂ ਤੋਂ ਵੱਡਾ ਚੈਲਿੰਜ ਪੰਜਾਬ ਦੇ ਪਾਣੀਆਂ ਦਾ ਮਸਲਾ, ਉਪਰਲੀ ਮੋਦੀ ਸਰਕਾਰ ਨਾਲ ਤਾਲਮੇਲ, ਆਪਣੀ ਕਾਂਗਰਸੀ ਹਾਈ ਕਮਾਂਡ ਨਾਲ ਲੁਕਣ-ਛਿਪੀ ਅਤੇ ਪੰਜਾਬ ਦੇ ਢੁੱਠ ਵਾਲੇ ਕਾਂਗਰਸੀ ਨੇਤਾਵਾਂ ਨਾਲ ਇਕਸੁਰਤਾ ਅਤੇ ਦਹਾਕਾ ਭਰ ਸਿਆਸੀ ਜਲਾਵਤਨੀ ਹੰਡਾ ਚੁੱਕੇ ਕਾਂਗਰਸੀ ਵਰਕਰਾਂ ਦੀ ਸੰਤੁਸ਼ਟੀ ਦਾ, ਮਾਮਲਾ ਵੀ ਹੈ। ਇਸ ਤੋਂ ਵੱਡੀ ਗੱਲ ਇਹ ਕਿ ਪੰਜਾਬ ਦੇ ਆਮ ਲੋਕ, ਪੰਜਾਬ ਦੇ ਸਿਆਸੀ ਲੋਕਾਂ ਦੇ ਕੰਮਾਂਕਾਰਾਂ-ਵਤੀਰੇ, ਵਿਵਹਾਰ ਤੋਂ ਤੰਗ ਆ ਕੇ ਉਨਾਂ ਨਾਲ ਦੂਰੀ ਬਣਾ ਬੈਠੇ ਹਨ, ਉਨਾਂ 'ਚ ਅਵਿਸ਼ਵਾਸ ਦੀ ਭਾਵਨਾ ਭਰ ਚੁੱਕੀ ਹੈ, ਉਹ ਨਿਰਾਸ਼ਤਾ ਦੇ ਆਲਮ ਵਿਚ ਹਨ, ਇਸ ਗੱਲੋਂ ਕਿ ਪੰਜਾਬ ਦਾ ਕੁਝ ਨਹੀਂ ਸੌਰਨਾ, ਇਥੇ ਤਾਂ ਰਿਸ਼ਵਤ ਇਵੇਂ ਹੀ ਚੱਲੂ, ਇਥੇ ਤਾਂ ਨਸ਼ੇ ਦੇ ਦਰਿਆ ਇਵੇਂ ਹੀ ਵਗਦੇ ਰਹਿਣੇ ਹਨ, ਇਥੇ ਤਾਂ ਆਪਣੇ ਕੰਮਕਾਰ ਕਰਾਉਣ ਲਈ ਦਲਾਲਾਂ, ਰਾਜਸੀ ਕਾਰਕੁੰਨਾਂ ਦਾ ਸਹਾਰਾ ਲੈਣਾ ਹੀ ਪੈਣਾ ਹੈ, ਇਥੇ ਵਿਕਾਸ ਆਮ ਲੋਕਾਂ ਦਾ ਨਹੀਂ ਢੁੱਠਾਂ ਵਾਲਿਆਂ ਦਾ ਹੋਣਾ ਹੈ, ਇਥੇ ਪੜਾਈ ਦੇ ਮੌਕੇ ਸਭਨਾਂ ਨੂੰ ਕਦੇ ਵੀ ਇਕੋ ਜਿਹੇ ਨਹੀਂ ਮਿਲਣੇ ਅਤੇ ਇਥੋਂ ਦੇ ਨੌਕਰਸ਼ਾਹ, ਲੋਕ ਸੇਵਾ ਲਈ ਨਹੀਂ, ਰਾਜ ਕਰਨ ਵਾਲੇ ਵਤੀਰੇ ਤੋਂ ਹੱਟ ਹੀ ਨਹੀਂ ਸਕਦੇ।
ਪੰਜਾਬ ਦੇ ਕੈਪਟਨ ਦੇ ਇਹ ਬੋਲ ਕਿ ਉਹ ਬਦਲਾ ਲਊ ਸਿਆਸਤ ਕਰਕੇ ਸਮਾਂ ਨਹੀਂ ਗਵਾਉਣਗੇ, ਸਗੋਂ ਪੰਜਾਬ ਨੂੰ ਤੰਗੀਆਂ-ਤੁਰਸ਼ੀਆਂ, ਅਲਾਮਤਾਂ ਅਤੇ ਸੰਕਟ ਵਿਚੋਂ ਕੱਢ ਕੇ ਪੰਜਾਬ ਨੂੰ ਮੁੜ ਹਿੰਦੋਸਤਾਨ ਦਾ ਨੰਬਰ ਇਕ ਸੂਬਾ ਬਨਾਉਣਗੇ, ਤਸੱਲੀ ਭਰੇ ਹਨ। ਇਸ ਸਬੰਧ 'ਚ ਉਹਨਾਂ ਪਹਿਲਕਦਮੀ ਕੀਤੀ ਹੈ। ਰਾਜਪ੍ਰਬੰਧ ਸੁਧਾਰ ਅਤੇ ਸਿਆਸੀ ਲੋਕਾਂ ਤੇ ਆਮ ਲੋਕਾਂ 'ਚ ਦੂਰੀ ਘਟਾਉਣ ਲਈ ਲਾਲ ਬੱਤੀ ਕਲਚਰ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਆਪਣੇ ਸਿਆਸੀ ਦ੍ਰਿੜ ਇਰਾਦੇ ਨੂੰ ਪ੍ਰਗਟਾਉਂਦਿਆਂ ਉਨਾਂ ਅਫ਼ਸਰਸ਼ਾਹੀ ਨੂੰ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਸੂਬੇ 'ਚ ਗੁੰਡਾਗਰਦੀ, ਮਾਫੀਆ ਰਾਜ ਦਾ ਖਾਤਮਾ ਉਨਾਂ ਦੀ ਪਹਿਲ ਹੈ। ਪਰ ਭਾਰੀ ਭਰਕਮ ਨੌਕਰਸ਼ਾਹਾਂ, ਪੁਲਿਸ ਅਫ਼ਸਰਾਂ ਦੇ ਹੁੰਦਿਆਂ, ਮੰਤਰੀਆਂ ਦੇ ਮਹਿਕਮਿਆਂ ਦੇ ਮੁਖੀ ਹੁੰਦਿਆਂ, ਪਹਿਲਾਂ ਹੀ ਤੰਗੀਆਂ-ਤੁਰਸ਼ੀਆਂ ਦਾ ਸ਼ਿਕਾਰ ਸੂਬੇ 'ਚ ਵੱਖੋ-ਵੱਖਰੇ ਸਲਾਹਕਾਰ ਨਿਯੁਕਤ ਕਰਕੇ ਖਜ਼ਾਨੇ ਉੱਤੇ ਵੱਡਾ ਭਾਰ ਪਾਉਣਾ, ਵੱਡੇ ਸਵਾਲ ਖੜਾ ਕਰਦਾ ਹੈ। ਪਿਛਲੇ ਇਕ-ਦੋ ਦਿਨਾਂ ਵਿਚ ਹੀ ਉਨਾਂ ਦਰਜਨ ਭਰ ਸਲਾਹਕਾਰ, ਸਿਆਸੀ ਸਲਾਹਕਾਰ, ਆਫੀਸਰ ਆਨ ਸਪੈਸ਼ਲ ਡਿਊਟੀ, ਪ੍ਰੈੱਸ ਸਲਾਹਕਾਰ ਨਿਯੁਕਤ ਕੀਤੇ ਹਨ ਜਿਨਾਂ ਵਿਚ ਭਰਤ ਇੰਦਰ ਸਿੰਘ ਚਾਹਲ, ਤੇਜਿੰਦਰ ਸਿੰਘ ਸ਼ੇਰਗਿੱਲ, ਰਵੀਨ ਠੁਕਰਾਲ, ਕਰਨਪਾਲ ਸਿੰਘ ਸੇਖੋਂ, ਮੇਜਰ ਅਮਰਦੀਪ ਸਿੰਘ, ਵਿਮਲ ਸੁੰਬਲੀ, ਖੂਬੀ ਰਾਮ, ਸੋਨੂੰ ਢੇਸੀ, ਜਗਦੀਪ ਸਿੱਧੂ ਆਦਿ ਸ਼ਾਮਲ ਹਨ। ਕੀ ਨਾਇਕ 'ਕੈਪਟਨ' ਨੂੰ ਆਪਣੀ ਪੁਲਿਸ, ਅਫ਼ਸਰਸ਼ਾਹੀ ਉੱਤੇ ਯਕੀਨ ਨਹੀਂ ਕਿ ਉਹ ਕਾਂਗਰਸ ਪਾਰਟੀ ਦੀਆਂ ਪਾਲਿਸੀਆਂ ਨੂੰ ਅਤੇ ਉਨਾਂ ਵੱਲੋਂ ਦਿੱਤੇ ਹੁਕਮਾਂ ਨੂੰ ਉਹ ਲਾਗੂ ਨਹੀਂ ਕਰਨਗੇ? ਕੀ ਹੁਣ ਵਾਲੀ ਸਰਕਾਰ ਦਾ ਇਹ ਕੰਮ ਪਹਿਲੀ ਸਰਕਾਰ ਦੇ ਨਕਸ਼ੇ ਕਦਮ ਉੱਤੇ ਤੁਰਨ ਦਾ ਤਾਂ ਨਹੀਂ, ਜਿਸ ਵੱਲੋਂ ਵੱਡੀ ਗਿਣਤੀ 'ਚ ਚੀਫ ਪਾਰਲੀਮਾਨੀ ਸਕੱਤਰ, ਸਲਾਹਕਾਰ, ਬੋਰਡਾਂ, ਕਾਰਪੋਰੇਸ਼ਨਾਂ, ਜਾਤੀਆਂ ਦੇ ਨਾਮ ਖੋਲੇ ਭਲਾਈ ਬੋਰਡਾਂ 'ਚ ਆਪਣੇ 'ਬੰਦੇ' ਸਿਰਫ਼ ਸਿਆਸੀ ਲਾਹਾ ਲੈਣ ਅਤੇ ਉਨਾਂ ਨੂੰ ਖੁਸ਼ ਕਰਨ ਲਈ ਹੀ ਨਿਯੁਕਤ ਕੀਤੇ ਹੋਏ ਸਨ ਅਤੇ ਜਿਾਂ ਵੱਲੋਂ ਖਜ਼ਾਨੇ ਦੀ ਲੁੱਟ 'ਚ ਖੁਲ ਖੇਡਿਆ ਗਿਆ। ਪਿਛਲੀ ਸਰਕਾਰ ਦੀ ਖਜ਼ਾਨੇ ਦੀ ਲੁੱਟ ਦੀ ਇੰਤਹਾ ਦੇਖੋ ਕਿ ਸਾਬਕਾ ਮੰਤਰੀਆਂ ਸਿਕੰਦਰ ਸਿੰਘ ਮਲੂਕਾ ਕੋਲ 31, ਤੋਤਾ ਸਿੰਘ ਕੋਲ 21, ਦਲਜੀਤ ਸਿੰਘ ਕੋਲ 11, ਆਦੇਸ਼ ਪ੍ਰਤਾਪ ਸਿੰਘ ਕੋਲ 14, ਸੋਹਨ ਸਿੰਘ ਠੰਡਲ ਕੋਲ 31, ਭਗਤ ਚੁੰਨੀ ਲਾਲ, ਸੁਰਜੀਤ ਸਿੰਘ ਰੱਖੜਾ, ਸੁਰਜੀਤ ਜਿਆਣੀ ਕੋਲ 17-17 ਸਕਿਉਰਿਟੀ ਗਾਰਡ ਉਨਾਂ ਦੀ ਸੁਰੱਖਿਅਤਾ ਲਈ ਤਾਇਨਾਤ ਸਨ। ਇਸ ਸਮੇਂ ਪੰਜਾਬ ਸਰਕਾਰ ਸਿਰ 178 ਲੱਖ ਕਰੋੜ ਦਾ ਕਰਜ਼ਾ ਹੈ ਜੋ ਕਿ 9% ਮਿਸ਼ਰਤ ਵਿਆਜ਼ ਨਾਲ ਦਿਨੋਂ-ਦਿਨ ਵੱਧ ਰਿਹਾ ਹੈ ਅਤੇ ਹਰ ਸਾਲ ਇਸਨੂੰ 22,885 ਕਰੋੜ ਰੁਪਏ ਵਿਆਜ਼ ਦੇ ਹੀ ਦੇਣੇ ਪੈ ਰਹੇ ਹਨ। ਅੰਕੜੇ ਦੱਸਦੇ ਹਨ ਕਿ ਪੰਜਾਬ ਦੇ ਕਿਸਾਨਾਂ ਜ਼ੁੰਮੇ 80,000 ਕਰੋੜ ਦਾ 11.4% ਮਿਸ਼ਰਤ ਵਿਆਜ਼ ਨਾਲ ਦੇਣ ਵਾਲਾ ਕਰਜ਼ਾ ਹੈ ਜਿਸਦਾ 13,028 ਕਰੋੜ ਹਰ ਸਾਲ ਵਿਆਜ਼ ਦੇਣਾ ਹੁੰਦਾ ਹੈ, ਉਹ ਕਰਜ਼ਾ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਲੰਬੀਆਂ ਕਿਸ਼ਤਾਂ 'ਚ ਚੁਕਾਉਣ ਲਈ ਬੈਂਕਾਂ ਨਾਲ ਅਹਿਦ ਕਰਨਾ ਹੈ। ਭਾਵ ਪੰਜਾਬ ਰਾਜ ਅਤੇ ਕਿਸਾਨਾਂ ਸਿਰ ਕਰਜ਼ੇ ਦਾ ਹਰ ਵਰੇ 36000 ਕਰੋੜ ਰੁਪਿਆ ਚੁਕਾਉਣਾ ਪੈਣਾ ਹੈ, ਜਿਸ ਨਾਲ 12000 ਰੁਪਏ ਪ੍ਰਤੀ ਮਹੀਨਾ ਇਕ ਨੌਜਵਾਨ ਭਰਤੀ ਕਰਕੇ 25 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕੀਤਾ ਜਾ ਸਕਦਾ ਹੈ, ਜਿਸ ਦਾ ਵਾਇਦਾ ਨਾਇਕ 'ਕੈਪਟਨ' ਦੀ ਕਾਂਗਰਸ ਪਾਰਟੀ ਨੇ ਪੰਜਾਬੀਆਂ ਨਾਲ ਕੀਤਾ ਹੈ ਅਤੇ ਘਰੋਂ-ਘਰੀਂ ਜਾ ਕੇ ਫਾਰਮ ਭਰੇ ਹੋਏ ਹਨ।
ਬਿਨਾਂ ਸ਼ੱਕ ਸੂਬੇ ਦੇ ਰੀਵਿਨਿਊ ਵਿਭਾਗ ਨੂੰ ਤੁਰੰਤ ਰਜਿਸਟਰੀਆਂ ਕਰਨ ਅਤੇ ਇਕ ਹਫ਼ਤੇ 'ਚ ਜਾਇਦਾਦ ਦੇ ਇੰਤਕਾਲ ਦੇ ਹੁਕਮ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਹਨ, ਜ਼ਿਲਾ ਟਰਾਂਸਪੋਰਟ ਦਫ਼ਤਰ ਬੰਦ ਕਰ ਦਿੱਤੇ ਗਏ ਹਨ। ਪਰ ਪਹਿਲਾਂ ਹੀ ਚੱਲ ਰਹੇ ਸੁਵਿਧਾ ਕੇਂਦਰਾਂ ਦਾ ਭਵਿੱਖ ਸਰਕਾਰ ਵੱਲੋਂ ਨਿਸ਼ਚਿਤ ਕਰਨ ਦਾ ਯਤਨ ਨਹੀਂ ਹੋਇਆ, ਜਿੱਥੋਂ ਮਹਿੰਗੇ ਭਾਅ ਉੱਤੇ ਪੰਜਾਬੀਆਂ ਨੂੰ ਸੁਵਿਧਾਵਾਂ ਲੈਣ ਉੱਤੇ ਪਿਛਲੀ ਸਰਕਾਰ ਨੇ ਮਜ਼ਬੂਰ ਕਰ ਦਿੱਤਾ ਹੋਇਆ ਹੈ, ਜਿਸ ਵੱਲੋਂ ਨਾਮ ਦੀ ਤਬਦੀਲੀ, ਲਾਇਸੰਸ, ਵੱਖੋ-ਵੱਖਰਿਆਂ ਮਹਿਕਮਿਆਂ ਨਾਲ ਸਬੰਧਤ ਕੰਮ ਇੱਕ ਛੱਤ ਥੱਲੇ ਕਰ ਦਿੱਤੇ ਗਏ ਹੋਏ ਹਨ, ਪਰ ਇਥੇ ਸਰਵਿਸ ਚਾਰਜ ਦੇ ਨਾਮ ਉੱਤੇ ਉਗਰਾਹੀਆਂ ਜਾ ਰਹੀਆਂ ਵੱਡੀਆਂ ਫੀਸਾਂ ਗਰੀਬ ਆਦਮੀ ਦੀ ਪਹੁੰਚ ਤੋਂ ਬਾਹਰ ਹਨ ਅਤੇ ਲੋੜੋਂ ਵੱਧ ਸਮਾਂ ਇਨਾਂ ਕੇਂਦਰਾਂ ਦੇ ਚੱਕਰ ਮਾਰ ਕੇ ਸਧਾਰਨ ਕੰਮ ਕਰਵਾਉਣ ਲਈ ਵੀ ਵੱਡੀਆਂ ਕਤਾਰਾਂ ਵਿਚ ਖੜਨਾ ਪੈਂਦਾ ਹੈ। ਉੱਚ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਜਾਂਦੇ ਅਨੁਸੂਚਿਤ ਜਾਤੀ/ਪੱਛੜੀ ਜਾਤੀ ਸਰਟੀਫਿਕੇਟ ਨੂੰ ਸੁਵਿਧਾ ਕੇਂਦਰਾਂ ਵਿਚੋਂ ਲੈਣ ਲਈ ਜਿੰਨੀਆਂ ਦਿਹਾੜੀਆਂ ਲੋਕਾਂ ਨੂੰ ਖੱਜਲ ਹੋਣਾ ਪੈਂਦਾ ਹੈ, ਜਨਮ ਮੌਤ ਸਰਟੀਫਿਕੇਟ ਲੈਣ-ਦਰਜ ਕਰਾਉਣ ਲਈ ਜਿਵੇਂ ਔਖੇ ਹੋਣਾ ਪੈਂਦਾ ਹੈ, ਉਹ ਕਿਸੇ ਹਾਲਤ ਵਿਚ ਸੁਵਿਧਾ ਸ਼ਬਦ ਦੇ ਅਰਥ ਦੇ ਅਨੁਕੂਲ ਨਹੀਂ, ਸਗੋਂ ਅਸੁਵਿਧਾ ਬਣਿਆ ਬੈਠਾ ਹੈ ਅਤੇ ਪ੍ਰਾਈਵੇਟ ਕੰਪਨੀਆਂ ਦੀਆਂ ਜੇਬਾਂ ਭਰਨ ਦਾ ਸਾਧਨ ਹੈ! ਕੀ ਇਸ ਗੱਲ ਦੀ ਲੋੜ ਨਹੀਂ ਕਿ ਇਹ ਪਤਾ ਕੀਤਾ ਜਾਵੇ ਕਿ ਇਨਾਂ ਕੰਪਨੀਆਂ ਨੂੰ ਚਲਾਉਣ ਵਾਲੇ ਲੋਕ ਕੌਣ ਹਨ ਤੇ ਕਿਵੇਂ ਠੇਕੇ ਲੈਂਦੇ ਹਨ?
ਸ਼ਰਾਬ ਦੇ ਠੇਕਿਆਂ ਦੀ ਗਿਣਤੀ ਘਟਾਉਣੀ ਚੰਗਾ ਸ਼ਗਨ ਹੈ, ਪਰ ਕੀ ਸਮੇਂ ਦੀ ਮੰਗ ਪੰਜਾਬ ਵਿਚ ਨਸ਼ੇਬੰਦੀ ਨਹੀਂ? ਸਮੈਕ ਤੇ ਹੋਰ ਸੰਥੈਟਿਕ ਨਸ਼ਿਆਂ ਨੂੰ ਸਮਾਂਬੱਧ ਢੰਗ ਨਾਲ ਬੰਦ ਕਰਨਾ ਤਦੇ ਚੰਗੀ ਪ੍ਰਾਪਤੀ ਹੋ ਸਕੇਗੀ ਜੇਕਰ ਇਨਾਂ ਨਸ਼ਿਆਂ ਤੋਂ ਪੀੜਤ ਨੌਜਵਾਨਾਂ, ਲੋਕਾਂ ਨੂੰ ਇਸ ਬੀਮਾਰੀ ਤੋਂ ਛੁਟਕਾਰਾ ਦਵਾਉਣ ਲਈ ਹੋਰ ਨਸ਼ਾ ਛੁਡਾਊ ਕੇਂਦਰ ਖੋਲੇ ਜਾਣਗੇ ਅਤੇ ਇਨਾਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।
ਪੰਜਾਬ ਦੇ ਵਿਗੜ ਚੁਕੇ ਤਾਣੇ-ਬਾਣੇ ਨੂੰ ਥਾਂ ਸਿਰ ਕਰਨ ਲਈ ਬੇ-ਗਰਜ਼ ਮਿਹਨਤ ਦੀ ਲੋੜ ਹੋਵੇਗੀ, ਇਹ ਮਿਹਨਤ ਸਫ਼ਲ ਵੀ ਤਦੇ ਹੋਵੇਗੀ ਜੇਕਰ ਸਰਕਾਰ, ਲੋਕਾਂ ਦਾ ਸਹਿਯੋਗ ਲੈ ਕੇ ਤੁਰੇਗੀ। ਲੋਕਾਂ ਤੋਂ ਬਣਾਈ ਦੂਰੀ, ਕਿਸੇ ਵੀ ਹਾਲਤ ਵਿਚ ਉਨਾਂ ਲਈ ਬਣਾਏ ਪ੍ਰੋਗਰਾਮਾਂ ਨੂੰ ਲਾਗੂ ਕਰਨ 'ਚ ਦਿੱਕਤ ਕਰੇਗੀ। ਉਂਜ ਵੀ ਇਹ ਗੱਲ ਨਾਇਕ 'ਕੈਪਟਨ' ਲਈ ਚੇਤੇ ਰੱਖਣ ਯੋਗ ਹੋਵੇਗੀ ਕਿ ਪੰਜਾਬ 'ਚ ਕੈਪਟਨ/ਕਾਂਗਰਸ ਸਮਰਥਕ ਲੋਕਾਂ ਦੀ ਗਿਣਤੀ ਲਗਭਗ ਇਕ ਤਿਹਾਈ ਤੋਂ ਥੋੜੀ ਉੱਪਰ ਹੈ ਭਾਵ ਉਸਨੂੰ 2017 ਵਿਧਾਨ ਸਭਾ ਚੋਣਾਂ 'ਚ 38.50% ਵੋਟ ਮਿਲੇ ਹਨ। ਬਾਕੀ 61.5% ਵੋਟਾਂ ਉਨਾਂ ਦੇ ਉਲਟ ਪਈਆਂ ਹਨ ਅਤੇ ਉਹ 117 ਅਸੰਬਲੀ ਸੀਟਾਂ ਵਿਚੋਂ 77 ਅਸੰਬਲੀ ਸੀਟਾਂ ਉੱਤੇ ਕਾਬਜ਼ ਹੋਏ। ਚੋਣ ਵਾਅਦਿਆਂ ਤੋਂ ਲਿਆ ਗਿਆ ਰਤਾ ਕੁ ਉਲਟ ਲੋਕ ਵਿਰੋਧੀ ਫੈਸਲਾ, ਕਾਂਗਰਸੀ ਨਾਇਕ ਦੀਆਂ ਜੜਾਂ ਹਿਲਾਉਣ ਲਈ ਕਾਫੀ ਹੋਏਗਾ।
ਕੈਪਟਨ ਵੱਲੋਂ ਬੋਲੀ ਤੇ ਅਧਾਰਤ, ਪੰਜਾਬੀ ਸੂਬੇ ਦੇ ਮੁੱਖ ਮੰਤਰੀ ਵਜੋਂ ਅੰਗਰੇਜ਼ੀ 'ਚ ਸਹੁੰ ਚੁੱਕੇ ਜਾਣ ਕਾਰਨ, ਉਨਾਂ ਦਾ ਪੰਜਾਬੀ ਚਿੰਤਕਾਂ ਦੀ ਚਰਚਾ ਵਿਚ ਆਉਣਾ, ਪੰਜਾਬ ਲਈ ਸ਼ੁਭ ਸ਼ਗਨ ਨਹੀਂ ਮੰਨਿਆ ਗਿਆ, ਕਿਉਂਕਿ ਪੰਜਾਬੀ ਲੋਕਾਂ ਵੱਲੋਂ ਪੰਜਾਬ ਦਾ ਨਾਇਕ ਉਹੋ ਹੀ ਬਨਣ ਦਾ ਹੱਕਦਾਰ ਗਿਣਿਆ ਜਾਵੇਗਾ, ਜਿਹੜਾ ਪੰਜਾਬ ਹਿਤੈਸ਼ੀ ਹੋਏਗਾ, ਪੰਜਾਬੀ ਬੋਲੀ ਅਤੇ ਪੰਜਾਬੀਅਤ ਦਾ ਅਲੰਬਰਦਾਰ ਬਣ ਕੇ ਪੰਜਾਬ ਵਿਚ ਵਿਚਰਣ ਦੀ ਸਮਰੱਥਾ ਰੱਖਦਾ ਹੋਏਗਾ।
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.