ਖ਼ਬਰ ਹੈ ਕਿ ਸੰਘ ਪਰਿਵਾਰ ਦੇ ਨੇੜੇ ਸਮਝੇ ਜਾਂਦੇ ਅਤੇ ਮੁਸਲਮਾਨ ਭਾਈਚਾਰੇ ਵਿਰੁੱਧ ਜ਼ਹਿਰ ਉਗਲਣ ਵਾਲੇ ਯੋਗੀ ਅਦਿੱਤਿਆਨਾਥ ਉਤਰਪ੍ਰਦੇਸ਼ ਦੇ ਮੁਖ ਮੰਤਰੀ ਹੋਣਗੇ। ਅਦਿਤਿਆਨਾਥ ਦੀ ਪਛਾਣ ਅੱਗ ਉਗਲਣ ਵਾਲੇ ਇੱਕ ਆਗੂ ਵਜੋਂਹੁੰਦੀ ਹੈ। ਉਨਾਂ ਆਪਣੇ ਭਾਸ਼ਨਾਂ ਵਿਚ ਲਵ ਜਿਹਾਦ ਅਤੇ ਧਰਮ ਪਰਿਵਰਤਣ ਵਰਗੇ ਮੁੱਦਿਆਂ ਨੂੰ ਬੜੇ ਜ਼ੋਰ ਸ਼ੋਰ ਨਾਲ ਉਠਾਇਆ ਸੀ। ਇਸ ਮੁਖਮੰਤਰੀ ਬਨਣ ਵਾਲੇ ਆਗੂ ਦਾ ਨਾਂਅ ਅਜੇ ਸਿੰਘ ਨੇਗੀ ਹੈ। ਉਨਾਂ 1998 'ਚ ਲੋਕ ਸਭਾ ਚੋਣਜਿੱਤੀ ਅਤੇ ਫਿਰ 1999, 2004,2009, ਅਤੇ 2014 'ਚ ਲੋਕ ਸਭਾ ਦੇ ਮੈਂਬਰ ਬਣੇ ਹਨ। ਵਿਧਾਨ ਸਭਾ ਚੋਣਾਂ'ਚ ਸਭਾ ਤੋਂ ਵੱਧ ਰੈਲੀਆਂ ਕਰਨ ਵਾਲੇ ਅਦਿੱਤਿਆ ਪੁਰਵਾਂਚਲ ਦੇ ਸਭ ਤੋਂ ਵੱਡੇ ਆਗੂ ਮੰਨੇ ਜਾਂਦੇ ਹਨ। ਨਰੇਂਦਰ ਮੋਦੀ ਅਤੇਅਮਿਤ ਸ਼ਾਹ ਜੋੜੀ ਮੁਖਮੰਤਰੀ ਵਜੋਂ ਮਨੋਜ ਸ਼ਰਮਾ ਨੂੰ ਅੱਗੇ ਲਿਆਈ ਸੀ, ਪਰ ਆਰ. ਐਸ.ਐਸ. ਨੇ ਹਿੰਦੂਤਵਵਾਦੀ ਸਿਆਸਤ ਦੇ ਚਿਹਰੇ ਅਦਿੱਤਿਆ ਨਾਥ ਦੇ ਨਾਮ ਨੂੰ ਮੁਖਮੰਤਰੀ ਬਣਾਏ ਜਾਣ ਦੀ ਪ੍ਰਵਾਨਗੀ ਦਿਤੀ। ਯੋਗੀ ਜੀ ਨੇ ਕਿਹਾ ਹੈਕਿ ਉਹ ਯੂ.ਪੀ. 'ਚ ਹੁਣ ਵਿਕਾਸ ਦੇ ਏਜੰਡੇ ਤੇ ਕੰਮ ਕਰਨਗੇ।
ਹਿੰਦੋਸਤਾਨ, ਹਿੰਦੂਰਾਸ਼ਟਰ ਬਣੇਗਾ ਅਤੇ ਹਿੰਦੀ , ਹਿੰਦੂ , ਹਿੰਦੋਸਤਾਨ ਦਾ ਤਦੇ ਬੋਲ-ਬਾਲਾ ਹੋਏਗਾ ਅਤੇ ਤਦੇ ਪੂਰਾ ਹੋਏਗਾ ਆਰ.ਐਸ.ਆਸ. ਜਾਣੀ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਚਿਰ ਪੁਰਾਣਾ ਸੁਫਨਾ ।ਕੀ ਹੱਕ ਹੈ ਕਿਸੇ ਹੋਰ ਨੂੰਹਿੰਦੋਸਤਾਨ ਵਿੱਚ ਜੀਊਣ ਦਾ , ਮਸਜਿਦ , ਗਿਰਜੇ, ਗੁਰਦੁਆਰੇ ਬਨਾਉਣ ਦਾ ? ਕੀ ਹੱਕ ਹੈ ਕਿਸੇ ਹੋਰ ਨੂੰ ਪੰਜਾਬੀ , ਉਰਦੂ , ਤਾਮਿਲ ਬੋਲਣ ਦਾ ਜਦ ਹਿੰਦੀ , ਹਿੰਦ ਦਾ ਦੁਆਰ ਹੈ ? ਕੀ ਹੱਕ ਹੈ ਕਿਸੇ ਹੋਰ ਨੂੰ ਹਿੰਦੋਸਤਾਨ ਵਿੱਚ ਅਜ਼ਾਦੀਨਾਲ ਗੱਲ ਕਰਨ ਦਾ , ਉਚੀ ਸਾਹ ਲੈਣ ਦਾ , ਜਦ ਜੋਗੀ ਜੀ ਵਰਗੇ ਆਂਹਦੇ ਆ, “ ਅਗਰ ਹਿੰਦੂ ਕੀ ਕਿਸੀ ਬੇਟੀ ਕੇ ਸਾਥ ਕਿਸੀ ਮੁਸਲਮਾਨ ਨੇ ਸ਼ਾਦੀ ਕੀ ਤੋਂ 10 ਮੁਸਲਮਾਨ ਲੜਕੀਓ ਕੇ ਸਾਥ ਜਬਰਦਸਤੀ ਹਿੰਦੂ ਸ਼ਾਦੀ ਕਰੇਂਗੇ?
ਧੰਨ ਹੋ ਜੋਗੀ ਜੀ ! ਧੰਨ ਹੋ ਹਿੰਦੂਤਵੀ ਸੋਚ !! ਧੰਨ ਹੋ ਹਿੰਦੋਸਤਾਨ !! ਆਪ ਹੋ ਕੁਲ ਦੁਨੀਆਂ ਕੀ ਸ਼ਾਨ , ਐ ਮੇਰੇ ਹਿੰਦੋਸਤਾਨ ਦੇਸ਼ ਮਹਾਨ !! ਲਉ , ਯੋਗੀ ਜੀ ਦਾ ਹਿਰਦਾ ਪ੍ਰੀਵਰਤਨ ਹੋ ਗਿਆ । ਹੁਣ ਉਹ ਵਿਕਾਸ ਕਰਨਗੇ । ਵਿਕਾਸਪੁਰਸ਼ ਬਨਣਗੇ । ਪਰ ਭਾਈ ਸਾਡੇ ਮੋਦੀ ਜੀ ਦਾ ਕੀ ਬਣੇਗਾ , ਜਿਹੜੇ “ਸਭ ਕਾ ਵਿਕਾਸ , ਸਭ ਕਾ ਸਾਥ”ਲੈਕੇ ਤੁਰੇ ਸਨ । ਪਰ ਸਿਰਫ ਆਪਣੇ ਅਤੇ ਅਮਿਤ ਸ਼ਾਹ ਦੇ ਵਿਕਾਸ ਦੇ ਰਾਹੇ ਤੁਰੇ ਹੋਏ ਹਨ, ਅਗਲੀ ਵੇਰ ਪ੍ਰਧਾਨ ਮੰਤਰੀ ਦੀ ਗੱਦੀਹਥਿਆਉਣ ਲਈ ! ਪਰ ਭਾਈ ਮੋਦੀ ! ਖ਼ਬਰਦਾਰ !! ਪਿਛੇ ਪਿਛੇ ਆ ਰਹੇ ਆ ਯੋਗੀ ਅਦਿਤਾਅਨਾਥ !ਜੀਹਨੂੰ ਹਿੰਦੀ, ਹਿੰਦੂ, ਹਿੰਦੋਸਤਾਨ ਦੀ ਆਕਾ ਆਰ.ਐਸ.ਐਸ. ਦਾ ਹੈ ਸਾਇਆ। ਸਾਵਧਾਨ ਮੋਦੀ ਜੀ ਯੋਗੀ ਕਦੇ ਮਿੱਤ ਨਹੀਂ ਹੁੰਦੇ , “ਨਾ ਪ੍ਰਦੇਸੀ ਨਾ ਪੰਛੀ ਨਾ ਜੋਗੀ ਦਾ ਇਕਰਾਰ, ਕਿਧਰੇ ਆਪਨੂੰ ਠਿੱਬੀ ਲਾਕੇ ਕਰ ਨਾ ਦੇਣ ਬੀਮਾਰ !! ਮੇਰੀ ਸਰਕਾਰ!!”
ਤਿੜਕੇ ਸ਼ੀਸ਼ੇ ਦੇ ਸਾਹਵੇਂ ਜਦ ਜਾਏਂਗਾ
ਖ਼ਬਰ ਹੈ ਕਿ ਪੰਜਾਬ ਵਿਧਾਨ ਸਭਾ'ਚ ਹਾਰ ਤੋਂ ਬਾਅਦ ਅਕਾਲੀ ਆਗੂ ਆਪਣੀ ਸਰਕਾਰ ਦੀ ਹਾਰ ਨੂੰ ਸਵੀਕਾਰ ਕਰਨ ਦੀ ਬਜਾਏ ਲੋਕਾਂ ਉਪਰ ਆਪਣੀ ਭੜਾਸ ਕੱਢ ਰਹੇ ਹਨ। ਇਸ ਕੜੀ'ਚ ਪੰਜਾਬ ਦੇ ਸਾਬਕਾ ਉਪ-ਮੁਖਮੰਤਰੀ ਸੁਖਬੀਰਸਿੰਘ ਬਾਦਲ ਨੇ ਕਿਹਾ ਹੈ ਕਿ ਉਨਾਂ ਆਪਣੇ ਸੂਬੇ ਦੇ ਲੋਕਾਂ ਨੂੰ ਏਨਾ ਖੁਆ ਦਿਤਾ ਕਿ ਉਹ ਪਚਾ ਨਹੀਂ ਸਕੇ ਅਤੇ ਉਨਾਂ ਉਲਟੀ ਕਰ ਦਿਤੀ। ਉਨਾਂ ਪੰਜਾਬ ਦੇ ਵੋਟਰਾਂ ਦੀ ਤੁਲਨਾ ਇੱਕ ਇਹੋ ਜਿਹੇ ਸਖਸ਼ ਨਾਲ ਕੀਤੀ , ਜਿਸ ਨੁੰ ਖੁਆ ਦਿਤਾਹੋਵੇ ਅਤੇ ਇਸੇ ਕਾਰਨ ਉਲਟੀ ਕਰ ਦਿਤੀ ਹੋਵੇ । ਜ਼ਿਕਰਯੋਗ ਹੈ ਕਿ ਹਾਲ ਦੀ ਘੜੀ ਹੋਈਆਂ ਚੋਣਾਂ 'ਚ 100 ਸਾਲ ਦਾ ਸਿਆਸੀ ਜੀਵਨ ਹੰਢਾ ਚੁੱਕੀ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਰਾਰੀ ਹਾਰ ਮਿਲੀ ਹੈ।
ਠੀਕ ਹੀ ਆਂਹਦੇ ਆ ਛੋਟੇ ਬਾਦਲ! ਲੋਕਾਂ ਨੁੰ ਉਲਟੀਆਂ ਆਉਣ ਲੱਗ ਪਈਆਂ , ਸਮੈਕ , ਖਾ-ਖਾ ਖਾਕੇ। ਕਿਰਲੀਆਂ ਦੀ ਪੂੰਛਾਂ ਚੱਬ-ਚੱਬ ਕੇ । ਉਬੱਤ ਆਉਣ ਲੱਗ ਪਏ ਅਧੀਆ-ਪਊਆ-ਬੋਤਲ ਪੀਕੇ । ਸੱਚੀ ਗੱਲ ਆ , ਲੋਕਾਂ ਦੇ ਭੁਖੇ ਢਿੱਡੀਦਰਦਾਂ ਉਠਣ ਲੱਗ ਪਈਆਂ! ਸਿਵਿਆਂ 'ਚ ਸਮੈਕੀ ਨਸ਼ਈ ਨੌਜਵਾਨਾਂ ਦੀਆਂ ਲਾਸ਼ਾਂ, ਘਰਾਂ'ਚ ਵੈਣ , ਬੇਰੁਜ਼ਗਾਰ ਨੌਜਵਾਨਾਂ ਦੇ ਸੁਫਨਿਆਂ ਦੇ ਕਤਲ , ਬੁਢਿਆਂ ਠੇਰਿਆ ਦੀ ਘਰਾਂ'ਚ ਦੁਰਗਤ , ਕੈਂਸਰ ਨਾਲ ਵਿਰਲਾਪ , ਮੁੰਡਿਆਂ ਦੇ ਲਲਕਾਰੇਸਭੋ ਕੁਝ ਨੇ ਭਾਈ ਪੰਜਾਬ ਦਾ ਢਿੱਡ ਤੂਸ ਦਿਤਾ। ਇਸ ਤੂਸੇ ਢਿੱਡ ਨੂੰ ਨਾ ਕਿਸੇ ਸਾਂਭਿਆ ਨਾ ਇਸਦਾ ਦੁਆ-ਦਾਰੂ ਕੀਤਾ। ਵਿਕਾਸ ਦਾ ਨਾਹਰਾ , ਬਾਹਲਾ ਹੀ ਪਿਆਰਾ ਲੱਗਿਆ ਹਾਕਮਾਂ ਨੂੰ ।ਪਰ ਕੀਹਦਾ ਵਿਕਾਸ ? ਮਾਲਜ, ਹਾਈ ਵੇ,ਯਾਦਗਾਰਾਂ , ਪਿੰਡ ਦੇ ਵਿਹੜੇ ਵਾਲੀ ਮਾਈ “ਅਤਰੀ ਦੇ ਕਿਸ ਕੰਮ , ਜੇ ਉਹਦੇ ਬੱਚਿਆਂ ਲਈ ਨੌਕਰੀ ਨਹੀਂ , ਪੜਾਈ ਨਹੀਂ , ਰੋਟੀ ਟੁਕ ਦਾਲ ਦਾ ਪ੍ਰਬੰਧ ਨਹੀਂ , ਦੁਆ ਦਾਰੂ ਨਹੀਂ। ਸੰਗਤ ਦਰਸ਼ਨ , ਪੰਗਤ ਦਰਸ਼ਨ ਨਾ ਬਣੇ , ਕੁਰਸੀਦਰਸ਼ਨ ਬਣ ਗਏ । ਲੋਕਾਂ ਦੇ ਘਰੀਂ ਸਹੂਲਤਾਂ ਦੇਣ ਦੀ ਥਾਂ, ਚੌਧਰੀਆਂ ਦੇ ਢਿੱਡ ਭਰ ਗਏ । ਅਤੇ ਆਮ ਲੋਕ ਭੁੱਖੇ ਮਰ ਗਏ।
ਜਗੀਰਦਾਰੀਆਂ, ਸੂਬੇਦਾਰੀਆਂ, ਲੋਕਾਂ ਦੀਆਂ ਲਾਚਾਰੀਆਂ ਬਣ ਗਈਆਂ! ਠੂਹ-ਠਾਹ , ਮਾਫੀਆ, ਲੁਟ-ਖਸੁਟ , ਮਾਰ-ਵੱਢ, ਧੌਂਸ-ਧੱਕਾ , ਆਕੜੀ ਧੌਣ ਜਦੋਂ ਵੱਧ ਜਾਏ , ਉਦੋਂ ਧਰਤੀ ਹਾਕਮ ਦੇ ਕਾਰੇ ਵੇਂਹਦੀ ਆ। ਅਤੇ ਭੁੱਖੇ ਢਿੱਡ ਚਾਂਗਰਾਂਮਾਰ, ਰੱਜੇ ਢਿੱਡਾਂ ਨੂੰ ਲਲਕਾਰਦੇ ਆ ਅਤੇ ਸਮਾਂ ਆਉਣ ਤੇ ਆਂਹਦੇ ਆ , “ਤਿੜਕੇ ਸ਼ੀਸ਼ੇ ਦੇ ਸਾਂਹਵੇ ਜਦ ਜਾਏਂਗਾ , ਟੁਕੜਾ ਟੁਕੜਾ ਹੋਕੇ ਤੂੰ ਕੁਰਲਾਏਂਗਾ”।
ਆਦਮੀ ਸਭਾ ਜਗਾ ਬੇਜ਼ਾਰ ਹੈ, ਬੇਜ਼ਾਰ ਹੈ
ਖ਼ਬਰ ਹੈ ਕਿ ਦੇਸ਼ ਦੀ ਸੁਪਰੀਮ ਕੋਰਟ ਦੇ ਮੁਖ ਜੱਜ ਜਗਦੀਸ਼ ਸਿੰਘ ਖੇਹਰ ਨੇ ਕਾਨੂੰਨੀ ਕਾਰਕੁੰਨਾ ਨੂੰ ਜ਼ੁਲਮ ਤੇ ਹਿੰਸ ਦੇ ਪੀੜਤ ਲੋਕਾਂ ਨੂੰ ਇਨਸਾਫ ਦੁਆਉਣ ਲਈ ਪ੍ਰੇਰਦਿਆ ਕਿਹਾ ਕਿ ਉਹ ਅਪਰਾਧੀਆਂ ਨੂੰ ਸਖਤ ਸਜ਼ਾਵਾਂ ਦੇਣ ਲਈ ਅੱਗੇਆਉਣ। ਉਨਾਂ ਕਿਹਾ ਕਿ ਸਾਡਾ ਦੇਸ਼ ਵੀ ਅਜੀਬ ਹੈ ਜਿਥੇ ਵੱਡੇ ਤੋਂ ਵੱਡੇ ਅਪਰਾਧੀ ਤਾਂ ਆਪਣੇ ਬਚਾਅ ਲਈ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ ਪਰ ਪੀੜਤਾਂ ਨੂੰ ਇਨਸਾਫ ਨਹੀਂ ਮਿਲਦਾ।
ਆਮ ਆਦਮੀ ਦੀਆਂ ਲੱਤਾਂ ਨੇ ਦੋ, ਹੱਥ ਨੇ ਦੋ, ਕੰਨ ਨੇ ਦੋ, ਅੱਖਾਂ ਨੇ ਦੋ, ਪਰ ਮੂੰਹ'ਚ ਜੁਬਾਨ ਹੈ ਹੀ ਨਹੀਂ। ਆਮ ਆਦਮੀ ਕੰਮ ਕਰਦਾ ਆ, ਅੱਖਾਂ ਖੋਹਲਕੇ ਰੱਖਦਾ ਹੈ, ਚੰਗਾ ਮੰਦਾ ਦੇਖਦਾ ਆ, ਪਰ ਬੋਲ ਕੁਝ ਨਹੀਂਓ ਸਕਦਾ। ਖਾਸਆਦਮੀ, ਆ ਵੱਡਾ ਆਦਮੀ, ਜਿਹਦੀਆਂ ਲੱਤਾਂ, ਬਾਹਾਂ,ਕੰਨ, ਅੱਖਾਂ ਨੇ ਅਨੇਕ ਅਤੇ ਜੁਬਾਨ ਚਲਦੀ ਆ ਕੈਂਚੀ ਵਾਂਗਰ, ਜਿਹੜੀ ਕਦੇ ਬੰਦ ਹੀ ਨਹੀਂ ਹੁੰਦੀ। ਬੁੜ-ਬੁੜ, ਕੁੜ-ਕੁੜ ਕਰਦੀ ਬੱਸ ਭੌਂਕਦੀ ਹੀ ਰਹਿੰਦੀ ਹੈ। ਉਹ ਅਨੇਕਾਂ ਬਾਹਾਂ ਨਾਲਆਮ ਆਦਮੀ ਨੂੰ ਕੁੱਟਦਾ ਆ, ਸ਼ੈਤਾਨ ਦਿਮਾਗ ਨਾਲ ਲੁੱਟਦਾ ਆ, ਲੱਤਾਂ ਨਾਲ ਮਿੱਧਦਾ ਆ, ਅੱਖਾਂ ਨਾਲ ਘੂਰਦਾ ਆ ਅਤੇ ਜੇਕਰ ਆਮ ਬੰਦਾ ਕਾਬੂ ਨਹੀਂ ਆਉਂਦਾ, ਉਹਨੂੰ ਥਾਣੇ-ਕਚਿਹਰੀ ਦੇ ਚੱਕਰ'ਚ ਪਾ ਆਪ ਸੁੱਖ ਦੀ ਨੀਂਦੇ ਜਾ ਸੋਂਦਾ ਆ,ਇਹ ਆਖਕੇ “ਇਹ ਚੋਰ ਆ“, “ਇਹ ਠੱਗ ਆ“, ਇਹ ਡਾਕੂ ਆ“ ਅਤੇ ਵਿਚਾਰਾ ਆਮ ਬੰਦਾ ਸਾਰੀ ਉਮਰ ਇਹ ਦਾਗ ਧੋਣ ਲਈ ਕਚਿਹਰੀਆਂ ਦੇ ਚੱਕਰ ਲਾਉਂਦਾ ਬੁੱਢਾ ਹੋ ਜਾਂਦਾ ਆ ਅਤੇ ਆਪਣੇ ਹੀ ਘਰ, ਆਪਣੀ ਹੀ ਜ਼ਮੀਨ ਨੂੰ ਆਪਣਾਹੀ ਸਿੱਧ ਕਰਨ ਲਈ ਆਮ ਆਦਮੀ ਕਦੇ ਪੰਚਾਇਤੇ, ਕਦੇ ਥਾਣੇ, ਕਦੇ ਕਚਿਹਰੀਆਂ ਚੜ ਆਪਣਾ ਝੁੱਗਾ ਚੌੜ ਕਰਾ ਬਹਿੰਦਾ ਆ।
ਆਮ ਆਦਮੀ ਤਾਂ ਭਾਈ ਘਰ'ਚ ਬੇਜ਼ਾਰ ਹੈ, ਕੌਣ ਸੁਣਦਾ ਹੈ ਉਹਦੀ। ਆਮ ਆਦਮੀ ਤਾਂ ਭਾਈ ਸਮਾਜ'ਚ ਵੀ ਬੇਜ਼ਾਰ ਹੈ ਕੌਣ ਉਹਦੇ ਵੱਲ ਧਿਆਨ ਕਰਦਾ ਹੈ ? ਆਮ ਆਦਮੀ ਤਾਂ ਭਾਈ ਦੇਸ਼ 'ਚ ਵੀ 'ਬੇਜ਼ਾਰ' ਆ, ਕਿਉਂਕਿ ਉਹਦੇ ਵੱਲ ਕਿਸੇਦੀ ਨਜ਼ਰ ਹੀ ਨਹੀ ਜਾਂਦੀ।
ਦੱਸੋ ਬਈ ਦੱਸੋ ਕੀ-ਕੀ ਹੋ ਰਿਹਾ ਹੈ
ਖਬਰ ਹੈ ਕਿ ਪੰਜਾਬ ਦੀ ਨਵੀ ਸਰਕਾਰ ਨੇ ਲੋਕਾ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਲਾਲ ਬੱਤੀ ਤੇ ਨੀਂਹ ਪੱਥਰਾਂ ਨੂੰ ਅਲਵਿਦਾ ਆਖ ਦਿੱਤੀ ਹੈ। ਸਰਕਾਰੀ ਨੋਕਰੀ 'ਚ ਔਰਤਾਂ ਨੂੰ 33% ਦਾ ਰਾਖਵਾਂਕਰਨ ਮਿਲੇਗਾ। ਪੱਤਰਕਾਰਾਂ ਨੂੰ ਟੋਲਟੈਕਸ ਤੋ ਛੋਟ ਮਿਲੇਗੀ ਨਵਾਂ ਲੋਕ ਪਾਲ ਬਿੱਲ ਪਾਸ ਕੀਤਾ ਜਾਵੇਗਾ। ਕਿਸਾਨਾ ਦਾ ਕਰਜ਼ਾ ਮੁਆਫ ਕਰਨ ਲਈ ਕਮੇਟੀ ਬਣਾਈ ਗਈ ਹੈ। ਕੈਬਨਿਟ ਦੀ ਮੀਟਿੰਗ ਦੌਰਾਨ 120 ਤੋ ਵੱਧ ਮਹੱਤਵਪੂਰਨ ਫੈਸਲੇ ਲਏ ਗਏ। ਨਵੀਂ ਆਬਕਾਰੀਨੀਤੀ ਦੇ ਤਹਿਤ ਪੰਜਾਬ 'ਚ ਠੇਕਿਆਂ ਦੀ ਗਿਣਤੀ 6384 ਤੋਂ 5900 ਕਰ ਦਿੱਤੀ ਜਾਵੇਗੀ ਅਤੇ ਸਰਕਾਰ ਸ਼ਰਾਬ ਦੀ ਵਿਕਰੀ ਤੇ ਲਗਾਮ ਲਾਉਣ ਦੀ ਕੋਸ਼ਿਸ਼ ਕਰੇਗੀ। ਨਸ਼ੇ ਦੇ ਕਾਰੋਬਾਰ ਤੇ ਨਜ਼ਰ ਰੱਖੀ ਜਾਵੇਗੀ ਅਤੇ ਸਤਲੁਜ ਲਿੰਕ ਨਹਿਰਦੇ ਮੁੱਦੇ ਉੱਤੇ ਭਰਪੂਰ ਲੜਾਈ ਲੜੀ ਜਾਵੇਗੀ।
ਪਿਛਲੇ ਦਸ ਸਾਲ ਪੰਜਾਬ 'ਚ ਲਾਰਿਆਂ ਤੇ ਲੱਗੇ ਲਾਰੇ, ਤੇ ਨੌਜਵਾਨ ਰਹਿ ਗਏ ਕੁਆਰੇ! ਪਿਛਲਾ ਪੂਰਾ ਇੱਕ ਸਾਲ ਸਾਰੀਆਂ ਸਿਆਸੀ ਧਿਰਾਂ ਇਕ- ਦੂਜੇ ਨੂੰ ਫਿਟਕਾਰਿਆਂ, ਦੁਰਕਾਰਿਆ ਅਤੇ ਆਪਣੇ-ਆਪ ਨੂੰ ਸੁਆਰਿਆ।
ਲੋਕਾਂ ਨੂੰ ਜਿਹੜਾ ਚੰਗਾ ਲੱਗਾ, ਉਸੇ ਨੂੰ ਸਤਿਕਾਰਿਆ। ਲੋਕ ਹੁਣੇ ਤੋ ਪੁੱਛਣ ਲੱਗੇ ਆ ਇਕ-ਦੂਜੇ ਨੂੰ ਦੱਸੋ ਬਈ ਕੀ-ਕੀ ਹੋ ਰਿਹਾ? ਮੇਰੇ ਵਰਗਾ ਕਮਲਾ-ਰਮਲਾ ਬੰਦਾ ਆਹਦਾ, “ ਕੈਪਟਨ ਕੋਲ ਕਿਹੜਾ ਸੋਟੀ ਆ, ਘੁੰਮਾ ਦਿਉ ਤੇ ਪਰੋਸ ਦਊਨੌਕਰੀਆਂ, ਖਤਮ ਕਰ ਦਊ, ਨਸ਼ੇ, ਬੰਦ ਕਰ ਦਊ ਰਿਸ਼ਵਤ, ਵਗਾ ਦਊ ਪੰਜਾਬ ਦੀ ਧਰਤੀ ਤੇ ਪਾਣੀ, ਸਮਾਂ ਤਾਂ ਲੱਗੂ ਭਾਈ, ਇਹ ਸਭ ਕੁਝ ਕਰਨ ਲਈ, ਤੱਦ ਤੱਕ “ਊਠ ਦਾ ਬੁਲ ਡਿਗੂ, ਹੁਣ ਵੀ ਡਿਗੂ, ਹੁਣ ਵੀ ਡਿਗੂ, ਵਾਲੀ ਹਾਲਤ'ਚਰਹਿਣ ਦੀ ਆਦਤ ਤਾਂ ਪਾਉਣੀ ਪਊ, ਹੋ ਸਕਦਾ ਪੂਰੇ ਪੰਜ ਸਾਲ ਤੇ ਫਿਰ ਉਹੀ ਗੱਲਾਂ ਸੁਨਣੀਆਂ ਪੈਣ “ਨਸ਼ੇ ਖਤਮ ਕਰ ਦਿਆਂਗੇ, ਨੌਕਰੀਆਂ ਦੇ ਅੰਬਾਰ ਲਗਾ ਦਿਆਂਗੇ, ਪੰਜਾਬ ਦੀ ਧਰਤੀ ਤੋਂ ਕੈਂਸਰ ਖਤਮ ਕਰ ਦਿਆਂਗੇ।“ ਉਂਜ ਭਾਈ ਲੋਕਾਂਨੂੰ ਇਹ ਗੱਲ ਸੁਨਣ ਦੀ ਆਦਤ ਜਿਹੀ ਪਈ ਹੋਈ ਆ। ਪ੍ਰੇਸ਼ਾਨੀ ਵਾਲੀ ਗੱਲ ਕੋਈ ਨਾ ਅਤੇ ਇਹ ਸੋਚਣ ਵਾਲੀ ਵੀ ਗੱਲ ਕੋਈ ਨਾ, “ਦੱਸੋ ਬਈ ਦੱਸੋ ਕੀ ਕੀ ਹੋ ਰਿਹਾ“
ਨਹੀਂ ਰੀਸਾਂ ਦੇਸ਼ ਪੰਜਾਬ ਦੀਆਂ
ਸਾਲ 2015 ਦੌਰਾਨ ਭਾਰਤ'ਚ ਪੰਜ ਲੱਖ ਸਟੈਂਟ ਦਿਲ ਦੇ ਮਰੀਜ਼ਾਂ ਅੰਦਰ ਫਿੱਟ ਕੀਤੇ ਗਏ। ਦਵਾਈਆਂ ਦੀ ਪਰਤ ਵਾਲੇ ਇੱਕ ਸਟੈਂਟ ਦਾ ਮੁੱਲ ਘੱਟ ਘੱਟ ਇੱਕ ਲੱਖ ਇੱਕੀ ਹਜ਼ਾਰ ਰੁਪਏ ਹੁੰਦਾ ਹੈ। ਆਮ ਤੌਰ ਤੇ ਵੱਡੇ ਕਾਰਪੋਰੇਟ ਹਸਪਤਾਲਇੱਕ ਮਰੀਜ਼ ਕੋਲੋਂ ਤਿੰਨ ਤੋਂ ਚਾਰ ਲੱਖ ਰੁਪਏ ਇਸ ਕੰਮ ਲਈ ਵਸੂਲ ਲੈਂਦੇ ਹਨ। ਪੀ.ਜੀ.ਆਈ ਵਰਗੀਆਂ ਸੰਸਥਾਵਾਂ ਵੀ ਇਲਾਜ ਲਈ ਇੱਕ ਤੋਂ ਡੇਢ ਲੱਖ ਰੁਪਏ ਵਸੂਲਦੀਆਂ ਹਨ।
ਇੱਕ ਵਿਚਾਰ
ਮਹਾਨ ਦਿਮਾਗ ਵਿਚਾਰਾਂ ਦੀ ਚਰਚਾ ਕਰਦੇ ਹਨ, ਔਸਤ ਦਿਮਾਗ ਦਿਮਾਗ ਘਟਨਾਵਾਂ ਦੀ ਅਤੇ ਸੰਕੀਰਣ ਦਿਮਾਗ ਲੋਕਾਂ ਦੀ ਗੱਲ ਕਰਦੇ ਹਨ.. ਏਲੇਨੋਰ ਰੂਜਵੈਲਟ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.