ਲੁਧਿਆਣਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਸਰਾਭਾ ਨੇੜੇ ਸਥਿਤ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਮਨੁੱਖਤਾ ਦੀ ਭਲਾਈ ਲਈ ਪਿਛਲੇ ਕਈ ਸਾਲਾਂ ਤੋਂ ਪੂਰੀ ਤਨਦੇਹੀ ਨਾਲ ਸਰਗਰਮ ਹੈ। ਇਸ ਸੰਸਥਾ ਦੇ ਸੰਸਥਾਪਕ ਡਾ. ਨੌਰੰਗ ਸਿੰਘ ਮਾਂਗਟ ਪੀ.ਏ.ਯੂ ਲੁਧਿਆਣਾ ਅਤੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿਚ ਉਘੇ ਵਿਗਿਆਨੀ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਸ਼ੁਰੂ ਵਿਚ ਉਨ੍ਹਾਂ ਇਕੱਲਿਆਂ ਨੇ ਇਹ ਪ੍ਰਾਜੈਕਟ ਸ਼ੁਰੂ ਕੀਤਾ ਸੀ ਪਰ ਅੱਜ ਸੰਗਤ ਅਤੇ ਹਮਖਿਆਲ ਭਲੇ ਪੁਰਸ਼ਾਂ ਦੀ ਸਹਾਇਤਾ ਨਾਲ ਇਹ ਇੱਕ ਸਲਾਹੁਣਯੋਗ ਚੈਰੀਟੇਬਲ ਟਰਸਟ ਬਣ ਚੁੱਕਾ ਹੈ। ਲੁਧਿਆਣਾ ਦੇ ਭਾਈਬਾਲਾ ਚੌਕ ਤੋਂ ਪੱਖੋਵਾਲ ਨੂੰ ਜਾਂਦੀ ਮੁੱਖ ਸੜਕ 'ਤੇ ਪੈਂਦੇ ਪਿੰਡ ਸਰਾਭਾ ਤੋਂ ਥੋੜ੍ਹਾ ਛਿਪਦੀ ਵਾਲੇ ਪਾਸੇ ਇਹ ਆਸ਼ਰਮ ਟਰਸਟ ਦੀ ਆਪਣੀ ਜ਼ਮੀਨ ਵਿਚ ਆਧੂਨਿਕ ਸਹੂਲਤਾਂ ਨਾਲ ਲੈਸ ਸ਼ਾਨਦਾਰ ਇਮਾਰਤ ਵਿਚ ਚੱਲ ਰਿਹਾ ਹੈ। ਇਥੇ ਉਨ੍ਹਾਂ ਵਿਅਕਤੀਆਂ ਨੂੰ ਰੱਖਿਆ ਜਾਂਦਾ ਹੈ ਜੋ ਬੇਘਰ, ਬੇਸਹਾਰਾ, ਦਿਮਾਗੀ ਜਾਂ ਸਰੀਰਕ ਤੌਰ 'ਤੇ ਅਪਾਹਜ, ਆਪਣੀ ਰੋਜ਼ੀ ਰੋਟੀ ਅਤੇ ਆਪਣੀ ਸਾਂਭ ਸੰਭਾਲ ਕਰਨ ਤੋਂ ਅਸਮਰੱਥ ਕਿਸੇ ਵੀ ਉਮਰ ਦੇ ਵਿਅਕਤੀ ਹੋਣ। ਇਥੇ ਸੰਸਥਾ ਵਲੋਂ ਦਾਖਲ ਕੀਤੇ ਲੋੜਵੰਦਾਂ ਨੂੰ ਮੁਫਤ ਰਿਹਾਇਸ਼, ਖਾਣਾ, ਕੱਪੜੇ, ਦਵਾਈਆਂ ਆਦਿ ਸਭ ਕੁਝ ਦਿੱਤਾ ਜਾਂਦਾ ਹੈ। ਤਜਰਬੇਕਾਰ ਡਾਕਟਰਾਂ ਵਲੋਂ ਇਥੇ ਦਾਖਲ ਮਰੀਜ਼ਾਂ ਦੀ ਲਗਾਤਾਰ ਚੈਕਅੱਪ ਕੀਤੀ ਜਾਂਦੀ ਹੈ ਤੇ ਉਨ੍ਹਾਂ ਦਾ ਹਰ ਪ੍ਰਕਾਰ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਆਸ਼ਰਮ ਵਿਚੋਂ ਹੁਣ ਤੱਕ 100 ਦੇ ਕਰੀਬ ਲੋੜਵੰਦ ਆਪਣਾ ਇਲਾਜ ਕਰਵਾ ਚੁੱਕੇ ਹਨ। ਆਸ਼ਰਮ ਵਿਚ ਹਰ ਵੇਲੇ 45-50 ਦੇ ਕਰੀਬ ਲੋੜਵੰਦ ਦਾਖਲ ਰਹਿੰਦੇ ਹਨ। ਇਨ੍ਹਾਂ ਦੀ ਦੇਖਭਾਲ ਲਈ ਜਿਥੇ ਚੌਵੀ ਘੰਟੇ ਡਾ.ਨੌਰੰਗ ਸਿੰਘ ਮਾਂਗਟ ਆਸ਼ਰਮ ਵਿਚ ਹਾਜ਼ਰ ਰਹਿੰਦੇ ਹਨ ਉਥੇ ਉਨ੍ਹਾਂ ਦੇ ਸਹਿਯੋਗੀ ਵਲੰਟੀਅਰ ਅਤੇ ਕੁੱਝ ਤਨਖਾਹ 'ਤੇ ਰੱਖੇ ਸੇਵਾਦਾਰ ਮਰੀਜ਼ਾਂ ਦੀ ਦੇਖਭਾਲ ਅਤੇ ਖਾਣੇ ਆਦਿ ਦਾ ਪ੍ਰਬੰਧ ਕਰਦੇ ਹਨ। ਇਥੇ ਕਈ ਵਿਅਕਤੀ ਤਾਂ ਅਜਿਹੇ ਹਨ ਜਿਹਨਾਂ ਨੂੰ ਆਪਣੀਆਂ ਕੁਦਰਤੀ ਕਿਰਿਆਵਾਂ ਕਰਨ ਦੀ ਵੀ ਸੋਝੀ ਨਹੀਂ ਹੈ, ਅਜਿਹੇ ਸਭ ਮਰੀਜ਼ਾਂ ਨੂੰ ਸਾਂਭਣ ਤੇ ਭੋਜਨ ਖਵਾਉਣ ਦਾ ਕਾਰਜ ਇਥੇ ਬੜੀ ਹੀ ਸੇਵਾ ਭਾਵਨਾ ਨਾਲ ਕੀਤਾ ਜਾਂਦਾ ਹੈ। ਇਸ ਆਸ਼ਰਮ ਵਿਖੇ ਹਰੇਕ ਸਾਲ ਮਾਰਚ ਮਹੀਨੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ। ਇਸ ਵਾਰ ਆਸ਼ਰਮ ਵਿਖੇ 19 ਮਾਰਚ, ਦਿਨ ਐਤਵਾਰ ਨੂੰ ਸਵੇਰੇ 10 ਵਜੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਹਨ। ਸੰਸਥਾ ਵਲੋਂ ਸ਼ਰਧਾਵਾਨ ਸੰਗਤਾਂ ਨੂੰ ਇਸ ਮੌਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
ਦਾਨ ਕਰਨ ਨੂੰ ਹਰੇਕ ਧਰਮ ਨੇ ਉੱਤਮ ਕਾਰਜ ਕਿਹਾ ਹੈ ਪਰ ਸਾਨੂੰ ਦਾਨ ਕਰਨ ਅਤੇ ਭੀਖ ਦੇਣ ਦੇ ਅੰਤਰ ਨੂੰ ਸਮਝਣਾ ਚਾਹੀਦਾ ਹੈ। ਸੜਕਾਂ ਫ਼ ਮੁਹੱਲਿਆਂ ਵਿਚ ਘੁੰਮਦੇ ਕੰਮਚੋਰ, ਪਾਖੰਡੀ ਲੋਕਾਂ ਨੂੰ ਭੀਖ ਦੇ ਕੇ ਦਾਨ ਕਰਨ ਦਾ ਭਰਮ ਨਾ ਪਾਲੋ। ਦਾਨ ਅਜਿਹੀਆਂ ਸੰਸਥਾਵਾਂ ਨੂੰ ਦੇਵੋ ਜੋ ਸੱਚੀਂ ਮੁਚੀਂ, ਤਨੋ-ਮਨੋ ਲੋੜਵੰਦਾਂ ਦੀ ਭਲਾਈ ਕਰਨ ਦੇ ਕਾਰਜ ਵਿਚ ਲੱਗੀਆਂ ਹੋਈਆਂ ਹਨ। ਸੋ ਆਓ ਆਪਾਂ ਵੀ ਭੀਖ ਮੰਗਣ ਨੂੰ ਉਤਸ਼ਾਹਤ ਨਾ ਕਰੀਏ ਸਗੋਂ ਲੋੜਵੰਦਾਂ ਦੀ ਮੱਦਦ ਕਰਨ ਵਿਚ ਆਪਣਾ ਬਣਦਾ ਯੋਗਦਾਨ ਪਾਈਏ।
ਧੰਨਵਾਦ ਸਹਿਤ।
ਡਾ. ਬਲਵਿੰਦਰ ਕਾਲੀਆ
ਸਰਕਾਰੀ ਮਿਡਲ ਸਕੂਲ,
ਸਾਇਆਂ ਕਲਾਂ, ਲੁਧਿਆਣਾ।
ਮੋਬਾਇਲ : 99140-09160
-
ਡਾ. ਬਲਵਿੰਦਰ ਕਾਲੀਆ, ਲੇਖਕ
drbalwinderkalia@gmail.com
99140-09160
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.