ਪੰਜ ਸਾਲ ਦੀ ਉਮਰ ਤੋਂ ਘੱਟ ਚਾਰ ਬੱਚਿਆਂ ਵਿੱਚੋਂ ਇੱਕ ਬੱਚੇ ਦੀ ਮੌਤ ਦਾ ਕਾਰਨ ਪ੍ਰਦੂਸ਼ਤ ਚੌਗਿਰਦਾ ਬਣ ਰਿਹਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਜਨੇਵਾ ਤੋਂ 6 ਮਾਰਚ 2017 ਨੂੰ ਛਾਇਆ ਇੱਕ ਰਿਪੋਰਟ ਮੁਤਾਬਕ ਹਰ ਸਾਲ 17 ਲੱਖ ਬੱਚੇ ਹਵਾ ਪ੍ਰਦੂਸ਼ਣ, ਆਲੇ-ਦੁਆਲੇ 'ਚ ਫੈਲੇਸਿਗਰਟਾਂ ਦੇ ਧੂੰਏਂ, ਗੰਦੇ ਪਾਣੀ, ਖੁੱਲੇ ਵਿੱਚ ਜੰਗਲ-ਪਾਣੀ ਜਾਣ ਤੇ ਮਨੁੱਖੀ ਰਿਹਾਇਸ਼ੀ ਚੌਗਿਰਦੇ 'ਚ ਫੈਲੀ ਗੰਦਗੀ ਕਾਰਨ ਮਰ ਜਾਂਦੇ ਹਨ। ਇਸ ਭੈੜੇ ਚੌਗਿਰਦੇ ਕਾਰਨ ਫੈਲੀਆਂ ਬੀਮਾਰੀਆਂ ਹੈਜ਼ਾ, ਮਲੇਰੀਆ, ਨਮੋਨੀਆ ਆਦਿ, ਜਿਨਾਂ ਤੋਂ ਸਾਫ਼ ਪਾਣੀ, ਖਾਣਾ ਪਕਾਉਣ ਦੇ ਸੁਚੱਜੇ ਸਾਧਨਾਂ ਆਦਿ ਦੀਪ੍ਰਾਪਤੀ ਕਾਰਨ ਬਚਾਉ ਹੋ ਸਕਦਾ ਹੈ, ਨਾਲ ਬੱਚਿਆਂ ਦੀ ਮੌਤ ਦੀ ਦਰ ਘਟਾਈ ਜਾ ਸਕਦੀ ਹੈ, ਪਰ ਦੁਨੀਆ ਦਾ ਅਮੀਰੀ-ਗ਼ਰੀਬੀ ਦਾ ਪਾੜਾ, ਆਮ ਆਦਮੀ ਲਈ ਸਾਧਨਾਂ ਦੀ ਕਮੀ ਮੌਤ ਦਰ 'ਚ ਵਾਧਾ ਕਰ ਰਹੀ ਹੈ। ਉੱਪਰੋਂ ਬੱਚਿਆਂ ਦੇ ਸਰੀਰਾਂ ਵਿੱਚ ਰੋਗਾਂ ਨਾਲ ਲੜਨ ਦੀ ਘੱਟ ਸਮਰੱਥਾ,ਸਾਹ ਦੇ ਰੋਗ, ਹਵਾ ਪ੍ਰਦੂਸ਼ਣ, ਆਦਿ ਬੱਚਿਆਂ 'ਚ ਦਮਾ, ਕੈਂਸਰ, ਦਿਲ ਦੇ ਰੋਗਾਂ ਦਾ ਕਾਰਨ ਬਣਦੇ ਜਾ ਰਹੇ ਹਨ।
ਵਿਸ਼ਵ ਸਿਹਤ ਸੰਸਥਾ ਦੀ ਬੱਚਿਆਂ ਬਾਰੇ ਛਪੀ ਇੱਕ ਰਿਪੋਰਟ 'ਮੇਰਾ ਭਵਿੱਖ ਪ੍ਰਦੂਸ਼ਤ ਨਾ ਕਰੋ' ਕਹਿੰਦੀ ਹੈ ਕਿ ਹਰ ਸਾਲ 5 ਸਾਲ ਦੀ ਉਮਰ ਤੋਂ ਘੱਟ ਪੰਜ ਲੱਖ ਸੱਤਰ ਹਜ਼ਾਰ ਬੱਚੇ ਹਵਾ ਪ੍ਰਦੂਸ਼ਣ ਅਤੇ ਸਿਗਰਟਾਂ ਦੇ ਧੂੰਏਂ ਦਾ ਸ਼ਿਕਾਰ ਹੋ ਕੇ ਮਰਦੇ ਹਨ ਅਤੇ 3,61,000 ਬੱਚੇ ਹੈਜ਼ੇ ਦੀ ਭੇਂਟਚੜਦੇ ਹਨ, ਕਿਉਂਕਿ ਉਨਾਂ ਨੂੰ ਸਾਫ਼ ਆਲਾ-ਦੁਆਲਾ ਅਤੇ ਸਾਫ਼ ਪਾਣੀ ਨਹੀਂ ਮਿਲਦਾ। 2,70,000 ਬੱਚੇ ਆਪਣੇ ਜਨਮ ਦੇ ਪਹਿਲੇ ਮਹੀਨੇ 'ਚ ਹੀ ਅਣਸੁਖਾਵੇਂ ਵਾਤਾਵਰਣ ਦੀ ਭੇਂਟ ਚੜ ਜਾਂਦੇ ਹਨ ਅਤੇ ਦੋ ਲੱਖ ਬੱਚੇ ਮਲੇਰੀਏ ਕਰ ਕੇ ਅਤੇ ਦੋ ਲੱਖ ਬੱਚੇ ਹੋਰ ਗ਼ੈਰ-ਕੁਦਰਤੀ ਕਾਰਨਾਂ ਕਾਰਨ ਮਰਰਹੇ ਹਨ।
ਅਸਲ ਵਿੱਚ ਦੂਸ਼ਿਤ ਵਾਤਾਵਰਣ ਸਾਡੇ ਛੋਟੇ ਬੱਚਿਆਂ ਦੀ ਸਿਹਤ ਤਹਿਸ-ਨਹਿਸ ਕਰਨ ਦਾ ਕਾਰਨ ਬਣ ਰਿਹਾ ਹੈ। ਇੱਕ ਉਦਾਹਰਣ ਲਵੋ : ਸਾਡੇ ਵਾਤਾਵਰਣ ਨੂੰ ਦੂਸ਼ਿਤ ਕਰਨ ਦਾ ਵੱਡਾ ਕਾਰਨ ਮਨੁੱਖ ਵੱਲੋਂ ਨਿੱਤ ਪ੍ਰਤੀ ਵਰਤੇ ਜਾਣ ਵਾਲੇ ਇਲੈਕਟਰਾਨਿਕਸ ਅਤੇ ਬਿਜਲੀ ਉੱਪਕਰਣ ਹਨ। ਖ਼ਰਾਬਹੋਏ ਮੋਬਾਈਲ ਫੋਨ, ਟੈਲੀਵਿਜ਼ਨ, ਹੋਰ ਇਲੈਕਟਰਾਨਿਕ ਕਚਰਾ ਸਹੀ ਢੰਗ ਨਾਲ ਰੀਸਾਈਕਲ ਨਹੀਂ ਕੀਤਾ ਜਾਂਦਾ। ਭੈੜੇ ਢੰਗ ਨਾਲ ਇਸ ਦੀ ਰੀਸਾਈਕਲਿੰਗ ਮਨੁੱਖੀ ਫੇਫੜਿਆਂ ਨੂੰ ਤਬਾਹ ਕਰ ਰਹੀ ਹੈ ਅਤੇ ਮਨੁੱਖੀ ਸਰੀਰ 'ਚ ਕੈਂਸਰ (ਖ਼ਾਸ ਕਰ ਕੇ ਬੱਚਿਆਂ 'ਚ) ਦਾ ਕਾਰਨ ਬਣ ਰਹੀ ਹੈ।
ਸਾਲ 2014 ਤੋਂ 2018 ਦੇ ਦਰਮਿਆਨ ਦੁਨੀਆ ਭਰ ਵਿੱਚ ਬਿਜਲੀ ਅਤੇ ਇਲੈਕਟਰਾਨਿਕ ਵਸਤਾਂ ਦੀ ਰਹਿੰਦ-ਖੂੰਹਦ ਵਿੱਚ 19 ਫ਼ੀਸਦੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ, ਭਾਵ ਇਹ ਵਧ ਕੇ ਸਾਲ 2018 ਤੱਕ 50 ਮਿਲੀਅਨ ਟਨ ਹੋ ਜਾਏਗੀ। ਇਸ ਕਚਰੇ ਨੂੰ ਸੰਭਾਲਣ ਦਾ ਸਹੀ ਪ੍ਰਬੰਧ ਨਾ ਹੋਣਾਮਨੁੱਖੀ ਸਿਹਤ ਲਈ ਹਾਨੀਕਾਰਕ ਸਿੱਧ ਹੋ ਰਿਹਾ ਹੈ।
ਮੌਸਮ ਵਿੱਚ ਲਗਾਤਾਰ ਤਬਦੀਲੀ ਆ ਰਹੀ ਹੈ। ਧਰਤੀ ਦਾ ਤਾਪਮਾਨ ਵਧਦਾ ਜਾ ਰਿਹਾ ਹੈ। ਹਾਨੀਕਾਰਕ ਕਾਰਬਨਡਾਇਆਕਸਾਈਡ 'ਚ ਨਿੱਤ ਪ੍ਰਤੀ ਵਾਧਾ ਹੋ ਰਿਹਾ ਹੈ, ਜਿਸ ਦਾ ਸਿੱਧਾ ਅਸਰ ਬੱਚਿਆਂ ਦੀ ਸਿਹਤ ਉੱਤੇ ਪੈਣਾ ਕੁਦਰਤੀ ਹੈ। ਇੱਕ ਹੋਰ ਰਿਪੋਰਟ ਕਹਿੰਦੀ ਹੈ ਕਿਕਾਰਬਨਡਾਈਆਕਸਾਈਡ ਦੇ ਵਾਧੇ ਦੇ ਸਿੱਟੇ ਵਜੋਂ ਬੱਚਿਆਂ 'ਚ ਦਮੇ ਦੀ ਸ਼ਿਕਾਇਤ (ਭਾਵ ਸਾਹ ਲੈਣ 'ਚ ਔਖਿਆਈ, ਖ਼ਾਸ ਤੌਰ 'ਤੇ ਨਵੇਂ ਜੰਮੇ ਬੱਚਿਆਂ 'ਚ) ਵਧ ਰਹੀ ਹੈ। ਦੁਨੀਆ ਭਰ ਦੇ 11 ਤੋਂ 14 ਫ਼ੀਸਦੀ, 5 ਸਾਲ ਜਾਂ ਇਸ ਤੋਂ ਉੱਪਰ ਦੀ ਉਮਰ ਦੇ ਬੱਚੇ ਦਮੇ ਦਾ ਸ਼ਿਕਾਰ ਹਨ ਅਤੇ 44ਫ਼ੀਸਦੀ ਬੱਚੇ ਸਾਹ ਦੇ ਕਿਸੇ ਨਾ ਕਿਸੇ ਰੋਗ ਤੋਂ ਪੀੜਤ ਹੋ ਚੁੱਕੇ ਹਨ। ਹਵਾ ਪ੍ਰਦੂਸ਼ਣ, ਤੰਬਾਕੂ ਦਾ ਧੂੰਆਂ, ਘਰਾਂ ਅੰਦਰਲਾ ਸਲਾਬਾ ਬੱਚਿਆਂ 'ਚ ਇਸ ਰੋਗ ਦਾ ਵੱਡਾ ਕਾਰਨ ਮੰਨਿਆ ਜਾਣ ਲੱਗਾ ਹੈ।
ਦੁਨੀਆ ਭਰ ਦੇ ਗ਼ਰੀਬ ਮੁਲਕਾਂ ਦੇ ਬਹੁਤੇ ਘਰਾਂ ਵਿੱਚ ਜ਼ਰੂਰੀ ਸੁਵਿਧਾਵਾਂ ਨਹੀਂ ਹਨ, ਆਲਾ-ਦੁਆਲਾ ਗੰਦਗੀ ਨਾਲ ਭਰਿਆ ਪਿਆ ਨਜ਼ਰ ਆਉਂਦਾ ਹੈ। ਪੀਣ ਲਈ ਸਾਫ਼ ਪਾਣੀ ਦੀ ਕਿੱਲਤ ਹੈ। ਵੱਡੀ ਗਿਣਤੀ ਦੁਨੀਆ ਦੇ ਲੋਕ ਸੈਨੀਟੇਸ਼ਨ ਸੁਵਿਧਾਵਾਂ ਤੋਂ ਸੱਖਣੇ ਹਨ। ਹਿੰਦੋਸਤਾਨ ਦੀ ਅੱਧੀ ਆਬਾਦੀਖੁੱਲੇ 'ਚ ਜੰਗਲ-ਪਾਣੀ ਜਾਣ ਲਈ ਮਜਬੂਰ ਹੈ, ਕਿਉਂਕਿ ਘਰਾਂ ਜਾਂ ਸਾਂਝੇ ਥਾਂਵਾਂ ਉੱਤੇ ਲੈਟਰੀਨਾਂ ਨਹੀਂ ਹਨ। ਘਰਾਂ ਵਿੱਚ ਰੋਟੀ ਪਕਾਉਣ ਲਈ ਬਾਲਣ ਉਪਲੱਬਧ ਨਹੀਂ। ਹਿੰਦੋਸਤਾਨ ਵਰਗੇ ਦੇਸ਼ ਵਿੱਚ ਪਾਥੀਆਂ, ਖੋਰੀ, ਟੋਕ (ਖੇਤੀਬਾੜੀ ਦੀ ਰਹਿੰਦ-ਖੂੰਹਦ) ਖਾਣਾ ਪਕਾਉਣ ਲਈ ਵੱਡੀ ਗਿਣਤੀ 'ਚਲੋਕ ਵਰਤਦੇ ਹਨ। ਕੋਲਾ, ਗੋਹਾ ਅਤੇ ਹੋਰ ਰਹਿੰਦ-ਖੂੰਹਦ ਅਤੇ ਖੇਤਾਂ 'ਚ ਵਰਤੇ ਜਾਣ ਵਾਲੇ ਨਿੱਕ-ਸੁੱਕ ਨਾਲ ਹਵਾ ਦਾ ਪ੍ਰਦੂਸ਼ਣ ਵਧਦਾ ਹੈ। ਸ਼ਹਿਰਾਂ 'ਚ ਵੱਡੀ ਗਿਣਤੀ 'ਚ ਚੱਲ ਰਹੇ ਵਾਹਨ, ਏਅਰ-ਕੰਡੀਸ਼ਨਰਾਂ 'ਚੋਂ ਨਿਕਲਦੀ ਗੈਸ, ਸਮੇਂ-ਸਮੇਂ ਜਲਾਈ ਜਾਂਦੀ ਫ਼ਸਲੀ ਰਹਿੰਦ-ਖੂੰਹਦ ਤੋਂ ਪੈਦਾ ਹੋਣਵਾਲੀਆਂ ਗੈਸਾਂ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ।
ਯੂਨੀਸੈਫ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਸਮੇਂ ਦੁਨੀਆ ਦੀ 90 ਫ਼ੀਸਦੀ ਆਬਾਦੀ ਦੂਸ਼ਿਤ ਹਵਾ ਵਿੱਚ ਸਾਹ ਲੈ ਰਹੀ ਹੈ ਅਤੇ ਦੁਨੀਆ ਭਰ ਵਿੱਚ ਹਰ ਸਾਲ ਲੱਗਭੱਗ 60 ਲੱਖ ਲੋਕ ਹਵਾ ਦੇ ਪ੍ਰਦੂਸ਼ਣ ਨਾਲ ਮਰਦੇ ਹਨ। ਹਵਾ-ਪਾਣੀ ਦੇ ਪ੍ਰਦੂਸ਼ਣ ਦੇ ਪ੍ਰਭਾਵ ਹੇਠ ਮਾਂ ਦੇ ਪੇਟ 'ਚ ਪਲ ਰਹੇਬੱਚਿਆਂ ਦੇ ਅੰਗ ਪ੍ਰਭਾਵਤ ਹੁੰਦੇ ਹਨ ਅਤੇ ਉਨਾਂ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ 'ਚ ਖ਼ਤਰਨਾਕ ਹੱਦ ਤੱਕ ਕਮੀ ਪੈਦਾ ਕਰਦੇ ਹਨ। ਬੱਚਿਆਂ ਦਾ ਗਰਭ ਵਿੱਚ ਹੀ ਪ੍ਰਦੂਸ਼ਣ ਦੀ ਮਾਰ ਹੇਠ ਆਉਣਾ ਮਨੁੱਖ ਜਾਤੀ ਲਈ ਆਉਣ ਵਾਲੇ ਸਮੇਂ 'ਚ ਗੰਭੀਰ ਸੰਕਟ ਪੈਦਾ ਕਰੇਗਾ। ਹਿੰਦੋਸਤਾਨ, ਜਿੱਥੋਂ ਦੀਆਬਾਦੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਦੁਨੀਆ 'ਚ ਆਬਾਦੀ ਪੱਖੋਂ ਜਿਸ ਦਾ ਦੂਜਾ ਸਥਾਨ ਹੈ, ਪ੍ਰਦੂਸ਼ਣ ਦੇ ਮਾਮਲੇ 'ਚ ਸਾਰੇ ਹੱਦਾਂ-ਬੰਨੇ ਟੱਪ ਗਿਆ ਹੈ। ਸੰਨ 2015 'ਚ ਛਪੀ ਇੱਕ ਰਿਪੋਰਟ ਅਨੁਸਾਰ ਦੁਨੀਆ ਦੇ ਵੀਹ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਭਾਰਤ ਦੇ ਦਸ ਸ਼ਹਿਰ ਸ਼ਾਮਲਹਨ।
ਪ੍ਰਦੂਸ਼ਣ ਪੈਦਾ ਕਰਨ ਵਾਲੇ ਹੋਰ ਸਰੋਤਾਂ ਵਿੱਚ ਸਾਡੇ ਖਾਣੇ, ਹਵਾ, ਪਾਣੀ ਅਤੇ ਸਾਡੇ ਆਲੇ-ਦੁਆਲੇ 'ਚ ਵਰਤੇ ਜਾਣ ਵਾਲੇ ਕੈਮੀਕਲ ਹਨ। ਖੇਤਾਂ 'ਚ ਖ਼ਾਦਾਂ, ਕੀਟ ਨਾਸ਼ਕਾਂ ਦੀ ਵਰਤੋਂ, ਖਾਣ ਵਾਲੇ ਪਦਾਰਥਾਂ ਨੂੰ ਸੰਭਾਲਣ ਲਈ ਕੈਮੀਕਲਾਂ ਦੀ ਵਰਤੋਂ, ਜਿਸ ਵਿੱਚ ਫਲੋਰਾਈਡ, ਪਾਰਾ, ਜਿਸਤ (ਲੈੱਡ)ਆਦਿ ਸ਼ਾਮਲ ਹਨ, ਅਤੇ ਜਿਸ ਦੀ ਵਰਤੋਂ ਦੁਨੀਆ ਭਰ ਦੇ ਖਾਣੇ ਬਣਾਉਣ ਵਾਲੀਆਂ ਕੰਪਨੀਆਂ ਦੀ ਚੇਨ ਵੱਡੀ ਪੱਧਰ ਉੱਤੇ ਕਰ ਰਹੀ ਹੈ, ਮਨੁੱਖੀ ਸਰੀਰ ਲਈ ਅਤਿ ਘਾਤਕ ਹੈ। ਇਸ ਦਾ ਜ਼ਿਆਦਾ ਅਸਰ ਮਾਸੂਮ ਬੱਚਿਆਂ ਦੀ ਸਿਹਤ ਉੱਤੇ ਪੈਂਦਾ ਹੈ, ਜਿਸ ਨੂੰ ਮਾਂ ਦੇ ਦੁੱਧ ਵਿੱਚੋਂ ਵੀ ਡੀ ਡੀ ਟੀ ਅਤੇਹੋਰ ਕੀਟ ਨਾਸ਼ਕ ਪੀਣ ਲਈ ਮਿਲਦੇ ਹਨ।
ਜਿਸ ਸਾਫਟ ਡਰਿੰਕ ਅਤੇ ਡੱਬਾਬੰਦ ਜੂਸ ਦੀ ਲੋਕ ਵਰਤੋਂ ਕਰਦੇ ਹਨ, ਉਸ ਕਾਰਨ ਸ਼ੂਗਰ, ਦਿਲ ਦਾ ਰੋਗ, ਮੋਟਾਪਾ, ਆਦਿ ਬੀਮਾਰੀਆਂ ਸਰੀਰ ਨੂੰ ਘੇਰਦੀਆਂ ਹਨ। ਫਰੂਟ ਜੂਸ ਵਿੱਚ ਮੌਜੂਦ ਫੁਰਕਟੋਜ ਅਤੇ ਸਾਫਟ ਡਰਿੰਕ ਵਿੱਚ ਮੌਜੂਦ ਸੋਡਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਸਾਫਟ ਡਰਿੰਕ,ਫਰੂਟ ਡਰਿੰਕ, ਐਨਰਜੀ ਡਰਿੰਕ ਲੱਖਾਂ ਲੋਕਾਂ ਦੀ ਹਰ ਸਾਲ ਜਾਨ ਲੈ ਰਹੇ ਹਨ। ਬੋਸਟਨ ਦੀ ਟਫਸ ਯੂਨੀਵਰਸਿਟੀ ਦੇ ਵਿਗਿਆਨਕਾਂ ਨੇ 51 ਦੇਸ਼ਾਂ ਦੇ ਲੱਗਭੱਗ 6 ਲੱਖ ਤੋਂ ਵੱਧ ਲੋਕਾਂ ਉੱਤੇ ਇੱਕ ਅਧਿਐਨ ਕੀਤਾ। ਉਨਾਂ ਸਿੱਟਾ ਕੱਢਿਆ ਕਿ ਇਹ ਪੀਣ ਵਾਲੇ ਪਦਾਰਥ ਬਿਨਾਂ ਕਿਸੇ ਸਿਹਤ ਲਾਭ ਦੇਸ਼ੂਗਰ, ਦਿਲ ਦੀਆਂ ਬੀਮਾਰੀਆਂ ਅਤੇ ਕੈਂਸਰ ਜਿਹੇ ਰੋਗਾਂ ਦਾ ਕਾਰਨ ਬਣਦੇ ਹਨ। ਇਨਾਂ 'ਚ ਵਰਤੀ ਜਾਂਦੀ ਖੰਡ ਸ਼ੂਗਰ ਦਾ ਕਾਰਨ ਹੈ। ਸੋਡੇ ਵਿੱਚ ਪਾਇਆ ਜਾਂਦਾ ਫਾਸਫੋਰਿਕ ਐਸਿਡ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਪੈਦਾ ਕਰ ਕੇ ਹੱਡੀਆਂ ਕਮਜ਼ੋਰ ਕਰਦਾ ਹੈ।
ਪ੍ਰਦੂਸ਼ਿਤ ਵਾਤਾਵਰਣ, ਦੂਸ਼ਿਤ ਖ਼ੁਰਾਕ, ਦੂਸ਼ਿਤ ਪਾਣੀ, ਦੂਸ਼ਿਤ ਘਰ ਦਾ ਆਲਾ-ਦੁਆਲਾ, ਗੰਦੀ ਹਵਾ ਨਾਲ ਭਰੇ ਘਰ ਮਨੁੱਖੀ ਸਿਹਤ ਦੀ ਜਾਨ ਦਾ ਖੌਅ ਬਣੇ ਹੋਏ ਹਨ। ਗ਼ਰੀਬ ਦੇਸ਼ਾਂ ਦੇ ਵੱਡੇ ਸ਼ਹਿਰਾਂ, ਸਲੱਮ ਖੇਤਰਾਂ ਵਿੱਚ ਇੱਕੋ ਛੋਟੀ ਛੱਤ ਥੱਲੇ ਸੁੱਤੇ ਦਰਜਨਾਂ ਸਰੀਰ, ਪਿੰਡਾਂ 'ਚ ਮਨੁੱਖ ਤੇ ਪਸ਼ੂਆਂਦੇ ਸਾਂਝੇ ਰਿਹਾਇਸ਼ੀ ਕੱਚੇ ਮਕਾਨ, ਸੀਵਰੇਜ ਪਾਣੀ ਦੇ ਖੇਤਰਾਂ ਕੰਢੇ ਰਿਹਾਇਸ਼ਾਂ, ਗੰਦੇ ਛੱਪੜ, ਨਾ ਰਹਿਣ ਯੋਗ ਬਸਤੀਆਂ 'ਚ ਰਿਹਾਇਸ਼ੀ ਝੁੱਗੀਆਂ 'ਚ ਇੱਕੋ ਥਾਂ ਪਲਦੇ ਛੋਟੇ ਬੱਚੇ ਤੇ ਪਸ਼ੂ ਇੱਕ ਇਹੋ ਜਿਹੀ ਜ਼ਿੰਦਗੀ ਦੀ ਕੋਝੀ ਤਸਵੀਰ ਪੇਸ਼ ਕਰਦੇ ਹਨ, ਜਿਸ ਤਸਵੀਰ 'ਚ ਜ਼ਿੰਦਗੀ ਜਿਉਣ ਦੇ ਰੰਗਭਰਨ ਦਾ ਤਸੱਵਰ ਕਰਨਾ ਡਾਢਾ ਔਖਾ ਹੈ, ਕਿਉਂਕਿ ਇਥੇ ਜਿਉਣ ਹਾਲਤਾਂ ਅਤੇ ਜਿਉਣ ਲਈ ਸਾਧਨ ਦੇਣ ਤੋਂ ਸਰਕਾਰਾਂ ਫ਼ੇਲ ਹੋ ਚੁੱਕੀਆਂ ਹਨ। ਜੇ ਕਿਹਾ ਜਾਵੇ ਕਿ ਲੋਕਾਂ ਉੱਤੇ ਰਾਜ ਕਰਨ ਦੀ ਨੇਤਾਵਾਂ 'ਚ ਹਵਸ ਤਾਂ ਹੈ, ਪਰ ਲੋਕਾਂ ਲਈ ਜਿਉਣ ਜੋਗੀਆਂ ਸਹੂਲਤਾਂ ਦੇਣ ਤੋਂ ਉਹ ਮੁਖ ਮੋੜੀ ਬੈਠੇਹਨ ਤਾਂ ਇਸ ਵਿੱਚ ਕੋਈ ਅਤਿ ਕਥਨੀ ਨਹੀਂ ਹੋਵੇਗੀ ।
ਆਉਣ ਵਾਲੀ ਪੀੜੀ ਦੀ ਚੰਗੀ ਸਿਹਤ ਲਈ ਸਾਨੂੰ ਚੰਗੇਰੇ ਹਵਾਦਾਰ ਘਰ, ਸਾਫ਼-ਸੁਥਰਾ ਵਾਤਾਵਰਣ, ਸਾਫ਼ ਪਾਣੀ ਤੇ ਸੈਨੀਟੇਸ਼ਨ ਸੁਵਿਧਾਵਾਂ, ਚੰਗੇਰੀਆਂ ਸਿਹਤ ਸਹੂਲਤਾਂ, ਤੰਬਾਕੂ, ਧੂੰਆਂ-ਰਹਿਤ ਵਾਤਾਵਰਣ ਦੇ ਨਾਲ-ਨਾਲ ਚੰਗੀਆਂ ਲੋਕ ਹਿੱਤੂ ਸਰਕਾਰਾਂ ਤੇ ਪ੍ਰਸ਼ਾਸਨ ਵੀ ਤਿਆਰ ਕਰਨਾ ਹੋਵੇਗਾ,ਨਹੀਂ ਤਾਂ ਮਨੁੱਖ ਜਾਤੀ ਭਵਿੱਖ ਵਿੱਚ ਉਸ ਤਬਾਹੀ ਦੇ ਕੰਢੇ ਪੁੱਜ ਜਾਏਗੀ, ਜਿੱਥੇ ਕੋਈ ਸਰੀਰ ਸਿਹਤਮੰਦ, ਨਿਰੋਗੀ ਨਹੀਂ ਹੋਵੇਗਾ, ਸਗੋਂ ਕਮਲਾ-ਰਮਲਾ ਅਤੇ ਅਪੰਗ ਦਿੱਸੇਗਾ।
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.