ਸਾਰੇ ਘਰ ਵਿਚ ਖੁਸ਼ੀ ਦੇ ਮਾਹੌਲ ਨੇ ਕੁਦਰਤ ਨੂੰ ਵੀ ਆਪਣੇ ਰੰਗ ਵਿਚ ਰੰਗ ਲਿਆ। ਕਿਉਂਕਿ ਅੱਜ ਆਤਮਾ ਸਿੰਘ ਦਾ ਦੁਬਈ ਦਾ ਵੀਜ਼ਾ ਲੱਗ ਗਿਆ ਸੀ। ਚਿਰਾਂ ਤੋਂ ਉਮੀਦ ਰੱਖੀ ਬੈਠੇ ਆਤਮਾ ਸਿੰਘ ਦੀ ਆਤਮਾ ਅੱਜ ਫੁੱਲਿਆਂ ਨਹੀਂ ਸਮਾ ਰਹੀ ਸੀ। ਆਤਮਾ ਨੂੰ ਰੁਖ਼ਸਤ ਕਰਨ ਵੇਲੇ ਬੂਹਾ ਮੱਲ ਖੜ੍ਹੀ ਮਾਂ ਕਹਿਣ ਲੱਗੀ, ''ਵੇ ਆਤਮਾ ਕਦੋਂ ਆਵੇਂਗਾ'' ਇੰਨਾ ਕਹਿਣ ਦੀ ਦੇਰ ਸੀ ਕਿ ਪਰਿਵਾਰ ਨੇ ਹੰਝੂਆਂ ਨੇ ਝੜੀ ਲਾ ਦਿੱਤੀ।
ਆਸਾਂ ਦਾ ਦੀਵਾ ਜਗਾ ਮਾਤਾ-ਪਿਤਾ, ਛੋਟੇ ਭਰਾ, ਪਤਨੀ ਤੇ ਆਪਣੀਆਂ ਦੋ ਨੰਨ੍ਹੀਆਂ ਪਰੀਆਂ ਨੂੰ ਛੱਡ ਕੇ ਆਤਮਾ ਸਿੰਘ ਵਿਦੇਸ਼ੀ ਧਰਤੀ 'ਤੇ ਰੋਜ਼ੀ ਰੋਟੀ ਕਮਾਉਣ ਲਈ ਚਲਾ ਗਿਆ। ਹੁਣ ਘਰ ਵਾਲਿਆਂ ਨਾਲ ਗੱਲਬਾਤ ਕੇਵਲ ਮੋਬਾਇਲ ਤੱਕ ਹੀ ਸੀਮਤ ਰਹਿ ਗਈ। ਸਾਰਾ ਦਿਨ ਮਿਹਨਤ ਮਜ਼ਦੂਰੀ ਕਰਕੇ ਜਦੋਂ ਆਤਮਾ ਸਿੰਘ ਵਿਹਲਾ ਹੁੰਦਾ ਤਾਂ ਉਸਦੀਆਂ ਅੱਖਾਂ ਸਾਹਵੇਂ ਪੰਜਾਬ ਦੇ ਲੁਧਿਆਣਾ ਸ਼ਹਿਰ 'ਚ ਆਪਣੇ ਨਿਕੜੇ ਘਰ ਦੀ ਝਾਕੀ ਘੁੰਮ ਜਾਂਦੀ। ਇਕ ਪਲ ਉਹ ਬਾਹਰਲੇ ਮੁਲਕ ਦੀ ਚਕਾਚੌਂਦ ਰੌਣਕ 'ਚੋਂ ਬਾਹਰ ਆ ਖੁਦ ਨੂੰ ਆਪਣੇ ਘਰ 'ਚ ਪਰਿਵਾਰ ਦਾ ਨਿੱਘ ਮਾਣਦਾ ਨਜ਼ਰ ਆਉਂਦਾ। ਪਰ ਜਦੋਂ ਉਹ ਖਿਆਲਾਂ ਦੀ ਦੁਨੀਆਂ 'ਚੋਂ ਬਾਹਰ ਆਉਂਦਾ ਤਾਂ ਮੁੜ ਗ਼ੁਲਾਮੀ ਦੀਆਂ ਜੰਜੀਰਾਂ 'ਚ ਆਪਣੇ ਆਪ ਨੂੰ ਜਕੜਿਆ ਮਹਿਸੂਸ ਕਰਦਾ। ਕਈ ਵਾਰ ਕੰਮ 'ਤੇ ਜਾਣ ਤੋਂ ਪਹਿਲਾਂ ਘਰ 'ਚ ਰੋਟੀ ਟੁੱਕ ਤੇ ਰਾਤ ਵੇਲੇ ਥੱਕਿਆ ਆ ਕੇ ਵੀ ਸਾਰਾ ਕੰਮ ਆਪ ਕਰਨ ਸਮੇਂ ਵੀ ਉਸਦੀਆਂ ਅੱਖਾਂ ਨਮ ਹੋ ਜਾਂਦੀਆਂ। ਕਿਉਂਕਿ ਉਸਨੂੰ ਆਪਣੇ ਵਤਨ ਘਰ 'ਚ ਕੋਈ ਕੰਮ ਦੀ ਲੋੜ ਨਹੀਂ ਸੀ ਪੈਂਦੀ।
ਕੁੱਝ ਸਮਾਂ ਵਿਦੇਸ਼ 'ਚ ਕੰਮ ਕਰਨ ਉਪਰੰਤ ਬਹੁਤੀ ਕਮਾਈ ਨਾ ਹੁੰਦਿਆਂ ਦੇਖ ਆਤਮਾ ਸਿੰਘ ਵਤਨ ਪਰਤ ਆਇਆ। ਘਰ 'ਚ ਮੁੜ ਬਹਾਰ ਆ ਗਈ। ਸਾਰੇ ਪਰਿਵਾਰ ਨੇ ਰੱਬ ਦਾ ਲੱਖ-ਲੱਖ ਸ਼ੁਕਰ ਮਨਾਇਆ ਕਿ ਸਾਡੇ ਘਰ ਦਾ ਜੀਅ ਵਤਨੋਂ ਵਾਪਸ ਆ ਗਿਆ। ਦਿਨ ਗੁਜ਼ਰਦੇ ਗਏ। ਆਤਮਾ ਸਿੰਘ ਕੁੱਝ ਅਰਸਾ ਪੰਜਾਬ ਰਹਿਣ ਪਿਛੋਂ ਮੁੜ ਆਪਣੇ ਪਰਿਵਾਰ ਦਾ ਢਿੱਡ ਪਾਲਣ ਲਈ ਵਿਦੇਸ਼ ਜਾਣ ਦੀਆਂ ਕੋਸ਼ਿਸ਼ਾਂ ਕਰਨ ਲੱਗਾ। ਇਕ ਵਾਰ ਫੇਰ ਪ੍ਰਮਾਤਮਾ ਨੇ ਉਸਦੀ ਅਰਦਾਸ ਸੁਣੀ ਤੇ ਉਸਦਾ ਇੰਗਲੈਂਡ ਦਾ ਵੀਜ਼ਾ ਲੱਗ ਗਿਆ। ਹੁਣ ਖੁਸ਼ੀ ਦੀ ਸੀਮਾ ਮੁੱਕ ਗਈ ਸੀ ਤੇ ਪਰਿਵਾਰ ਉਸਦੀ ਲੰਮੀ ਉਮਰ ਦੀ ਕਾਮਨਾ ਕਰ ਰਿਹਾ ਸੀ। ਆਖ਼ਰ ਹੁਣ ਉਹ ਘੜੀ ਵੀ ਆ ਗਈ ਜਦੋਂ ਆਤਮਾ ਸਿੰਘ ਨੇ ਇੰਗਲੈਂਡ ਲਈ ਰਵਾਨਾ ਹੋਣਾ ਸੀ। ਇਕ ਪਾਸੇ ਜਾਣ ਦੀ ਖੁਸ਼ੀ ਤੇ ਦੂਜੇ ਪਾਸੇ ਵਿਛੋੜੇ ਦਾ ਗ਼ਮ। ਆਤਮਾ ਆਪਣੇ ਪਰਿਵਾਰ ਨੂੰ ਅਲਵਿਦਾ ਆਖ ਇੰਗਲੈਂਡ ਦੀ ਧਰਤੀ 'ਤੇ ਰਿਜ਼ਕ ਕਮਾਉਣ ਲਈ ਜ਼ਿੰਦਗੀ ਨਾਲ ਦੋ-ਦੋ ਹੱਥ ਕਰਨ ਲੱਗਾ। ਮੁੜ ਉਹੀਓ ਰੋਜ਼ਮਰ੍ਹਾ ਕੰਮਾਂ ਤੋਂ ਵਿਹਲੇ ਹੋ ਆਤਮਾ ਆਪਣੇ ਪਰਿਵਾਰ ਨਾਲ ਮੋਬਾਇਲ 'ਤੇ ਦਿਲ ਦੀ ਸਾਂਝ ਪਾ ਲੈਂਦਾ ਤੇ ਮਨ ਹਲਕਾ ਕਰ ਲੈਂਦਾ। ਆਤਮਾ ਨੇ ਇੰਗਲੈਂਡ ਰਹਿੰਦਿਆਂ ਪੈਸਾ ਤਾਂ ਬਹੁਤ ਕਮਾਇਆ ਪਰ ਪਰਿਵਾਰ ਦਾ ਨਿੱਘ ਤੇ ਪਿਆਰ ਉਸਨੂੰ ਕਿਤੇ ਨਜ਼ਰੀਂ ਨਾ ਆਇਆ। ਘਰ ਨੂੰ ਕਰਜ਼ਾ ਮੁਕਤ ਕਰਨ ਤੇ ਪਰਿਵਾਰ ਨੂੰ ਸਾਰੇ ਐਸ਼ੋ ਆਰਾਮ ਮਹੱਈਆ ਕਰਵਾਉਣ ਲਈ ਉਹ ਸਬਰ ਦਾ ਘੁੱਟ ਭਰ ਲੈਂਦਾ।
ਥੋੜੀ-ਬਹੁਤੀ ਕਮਾਈ ਕਰਨ ਮਗਰੋਂ ਅੱਜ ਮੁਕੱਦਰ ਮੁੜ ਆਤਮਾ ਸਿੰਘ ਨੂੰ ਵਤਨ ਦੀ ਧਰਤੀ 'ਤੇ ਲੈ ਆਇਆ। ਕਿਉਂਕਿ ਉਸਦਾ ਵਰਕ ਪਰਮਿਟ ਖ਼ਤਮ ਹੋ ਚੁੱਕਾ ਸੀ। ਲੁਧਿਆਣਾ 'ਚ ਆਪਣੇ ਘਰ ਦਾਖਲ ਹੁੰਦਿਆਂ ਹੀ ਆਤਮਾ ਨੇ ਆਪਣੀ ਮਾਂ ਨੂੰ ਕਿਹਾ, 'ਬੇਬੇ ਮੈਂ ਆ ਗਿਆ' ਏਨੀ ਗੱਲ ਸੁਣਦੇ ਸਾਰ ਹੀ ਸੋਚਾਂ 'ਚ ਡੁੱਬੀ ਅੰਮੜੀ ਦੇ ਸਰੀਰ 'ਚ ਜਿਵੇਂ ਆਤਮਾ ਪ੍ਰਵੇਸ਼ ਕਰ ਗਈ ਹੋਵੇ। ਘੁੱਟ ਕੇ ਕਲੇਜੇ ਨਾਲ ਲਾ ਆਪਣੇ ਲਾਲ ਦਾ ਮੁੜ-ਮੁੜ ਮੱਥਾ ਚੁੰਮਦੀ ਬੇਬੇ ਦੇ ਹੰਝੂ ਛਲਕ ਪਏ। ਹਕੀਕਤ ਨੂੰ ਸੁਪਨਾ ਭਾਂਪਦਿਆਂ ਬੇਬੇ ਇਕਦਮ ਸ਼ਾਂਤ ਆਪਣੇ ਪੁੱਤਰ ਨੂੰ ਨੀਝ ਨਾਲ ਵੇਖ ਰਹੀ ਸੀ। ਬਾਪੂ ਮੂਹਰੇ ਤਾਂ ਜਿਵੇਂ ਜੱਗ ਸਾਰਾ ਹੀ ਧੁੰਦਲਾ ਗਿਆ ਹੋਵੇ ਸਿਰਫ ਪੁੱਤਰ ਹੀ ਨਜ਼ਰੀਂ ਆਉਂਦਾ ਜਾਪਦਾ ਸੀ। ਬਾਪੂ ਦੇ ਹਾਣਦਿਆਂ ਨੇ ਉਸਦੇ ਪੁੱਤਰ ਦੇ ਆਉਣ ਬਾਰੇ ਵਧਾਈਆਂ ਦਾ ਤਾਂਤਾ ਲਗਾ ਰੱਖਿਆ ਸੀ ਜਿਸਨੇ ਉਸਦੀ ਜ਼ਿੰਦਗੀ 'ਚ ਖੁਸ਼ੀਆਂ ਦਾ ਅਥਾਹ ਵਾਧਾ ਕਰ ਦਿੱਤਾ ਸੀ। ਖੁਸ਼ੀਆਂ ਤੇ ਚਾਵਾਂ ਨਾਲ ਘਰ ਪਰਤਿਆ ਆਤਮਾ ਸਿੰਘ ਪਰਿਵਾਰਕ ਮੈਂਬਰਾਂ ਲਈ ਕੋਈ ਨਾ ਕੋਈ ਸੁਗਾਤ ਲੈ ਕੇ ਆਇਆ। ਜਿਸ ਨਾਲ ਸਾਰਾ ਪਰਿਵਾਰ ਫੁੱਲਿਆ ਨਹੀਂ ਸੀ ਸਮਾ ਰਿਹਾ। ਜਿਵੇਂ ਧਰਤੀ ਸੁਰਗ ਦਾ ਝੂਟਾ ਦੇ ਰਹੀ ਹੋਵੇ। ਫ਼ਿਜ਼ਾਵਾਂ 'ਚ ਮਿੱਟੀ ਦੀ ਖੁਸ਼ਬੋਈ ਆਪਣਾ ਰਸ ਘੋਲ ਰਹੀ ਸੀ। ਇਕ ਪਤਨੀ ਆਪਣੇ ਪਤੀ ਤੇ ਧੀਆਂ ਆਪਣੇ ਪਿਤਾ ਨੂੰ ਚਿਰਾਂ ਪਿਛੋਂ ਮਿਲ ਕੇ ਸਾਰਾ ਜਹਾਨ ਹੀ ਕਦਮਾਂ ਵਿਚ ਆਉਣ ਜਿਹਾ ਪ੍ਰਤੀਤ ਕਰ ਰਹੀਆਂ ਸਨ। ਜਿਵੇਂ ਉਨ੍ਹਾਂ ਨੂੰ ਦੁਨੀਆਂ ਦੀ ਸਭ ਤੋਂ ਅਨਮੋਲ ਚੀਜ਼ ਪ੍ਰਾਪਤ ਹੋ ਗਈ ਹੋਵੇ। ਆਪਣੀਆਂ ਰੀਝਾਂ ਪੁਗਾਉਣ ਲਈ ਜਿਵੇਂ ਰੱਬ ਦਾ ਸਹਾਰਾ ਮਿਲ ਗਿਆ ਹੋਵੇ ਬੱਚਿਆਂ ਨੂੰ। ਆਤਮਾ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ 'ਚ ਮਸ਼ਰੂਫ ਹੋ ਗਿਆ।
ਦਿਨ ਬੀਤਦੇ ਗਏ, ਸਮਾਂ ਆਪਣੀ ਚਾਲ ਚੱਲਦਾ ਗਿਆ। ਕੋਈ ਚਾਰ ਮਹੀਨੇ ਦੇ ਕਰੀਬ ਆਪਣੇ ਸ਼ਹਿਰ ਲੁਧਿਆਣਾ ਰਹਿਣ ਪਿਛੋਂ ਆਤਮਾ ਦਾ ਅਮਰੀਕਾ ਲਈ ਅਪਲਾਈ ਕੀਤਾ ਵੀਜ਼ਾ ਲੱਗ ਗਿਆ। ਆਤਮਾ ਦਾ ਸਭ ਤੋਂ ਵੱਡਾ ਸੁਪਨਾ ਸਾਕਾਰ ਹੋ ਗਿਆ ਸੀ। ਕਿਉਂਕਿ ਉਹ ਦੁਨੀਆਂ ਦੇ ਸਭ ਤੋਂ ਵੱਡੇ ਦੇਸ਼ ਅਮਰੀਕਾ ਜਾਣ ਵਾਲਾ ਸੀ। ਮਾਂ-ਬਾਪ ਨੂੰ ਨਾ ਚਾਹੁੰਦੇ ਹੋਏ ਵੀ ਆਪਣੇ ਲਾਡਲੇ ਨੂੰ ਅਲਵਿਦਾ ਕਹਿਣਾ ਪੈ ਰਿਹਾ ਸੀ। ਪਤਨੀ ਤੇ ਧੀਆਂ ਵੀ ਆਤਮਾ ਦੇ ਜਾਣ ਤੋਂ ਅੰਦਰੋਂ-ਅੰਦਰ ਗ਼ਮ ਖਾ ਰਹੀਆਂ ਸਨ। ਆਖ਼ਰ ਰੁਖ਼ਸਤ ਦਾ ਵੇਲਾ ਵੀ ਆ ਗਿਆ। ਮਾਂ ਦਾ ਉਹੀਓ ਸਵਾਲ, ''ਵੇ ਆਤਮਾ ਕਦੋਂ ਆਵੇਂਗਾ'' ਮੁੜ ਘਰ ਦਾ ਮਾਹੌਲ ਗ਼ਮਗੀਮ ਹੋ ਗਿਆ ਤੇ ਹੰਝੂਆਂ ਦਾ ਹੜ੍ਹ ਵਗ ਪਿਆ।
ਖੁਸ਼ੀ ਤੇ ਗ਼ਮੀ ਦੇ ਮਾਹੌਲ 'ਚੋਂ ਨਿਕਲ ਤੇ ਮੋਹ-ਪਿਆਰ ਤਿਆਗ ਕੇ ਆਤਮਾ ਆਖ਼ਰ ਅਮਰੀਕਾ (ਯੂਐਸਏ) ਦੀ ਧਰਤੀ 'ਤੇ ਪੁੱਜ ਗਿਆ। ਉਥੋਂ ਦੇ ਲੋਕ ਉਸਨੂੰ ਕੋਈ ਪਰਾਏ ਨਹੀਂ ਸਨ ਲੱਗ ਰਹੇ ਕਿਉਂਕਿ ਉਹ ਪਹਿਲਾਂ ਵੀ ਦੋ ਦੇਸ਼ਾਂ 'ਚ ਜਾ ਆਇਆ ਸੀ। ਆਤਮਾ ਜਾਂਦੇ ਹੀ ਕੰਮ 'ਚ ਰੁੱਝ ਗਿਆ ਤੇ ਘਰ ਪਰਤਣ 'ਤੇ ਆਪਣੇ ਦਿਲ ਦੀਆਂ ਗੱਲਾਂ ਪਰਿਵਾਰਕ ਮੈਂਬਰਾਂ ਨਾਲ ਮੋਬਾਇਲ 'ਤੇ ਸਾਂਝੀਆਂ ਕਰ ਲੈਂਦਾ ਤੇ ਖ਼ਬਰਸਾਰ ਲੈ ਲੈਂਦਾ। ਹੌਲੀ-ਹੌਲੀ ਉਸਨੇ ਆਪਣੇ ਘਰ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ ਤੇ ਆਪਣਾ ਵੀ ਤੋਰੀ ਫੁਲਕਾ ਚਲਾਉਣ ਲੱਗ ਪਿਆ। ਉਧਰ ਉਸਦੇ ਘਰਦਿਆਂ ਨੇ ਵੀ ਚੁੱਕਿਆ ਕਰਜ਼ ਲਾਹੁਣਾ ਸ਼ੁਰੂ ਕਰ ਦਿੱਤਾ। ਕੋਈ ਪੰਜ ਸਾਲਾਂ ਤੋਂ ਵੱਧ ਦਾ ਸਮਾਂ ਲੰਘ ਗਿਆ ਸੀ ਆਤਮਾ ਮਿਹਨਤ ਮੁਸ਼ੱਕਤ ਕਰਕੇ ਡਾਲਰ ਇਕੱਠੇ ਕਰਦਾ ਤੇ ਜਦੋਂ ਉਨ੍ਹਾਂ ਡਾਲਰਾਂ 'ਚੋਂ ਖਰਚਾ ਕੱਢ ਕੇ ਆਪਣੇ ਵਤਨ ਭੇਜਦਾ ਤਾਂ ਉਹ ਪੈਸਿਆਂ 'ਚ ਤਬਦੀਲ ਹੋ ਜਾਂਦੇ ਜੋ ਕਿ ਉਸਦੇ ਪਰਿਵਾਰ ਦਾ ਖਰਚ ਚਲਾਉਣ ਲਈ ਕਾਫੀ ਸੀ।
ਅਮਰੀਕਾ ਰਹਿੰਦਿਆਂ ਹੀ ਆਤਮਾ ਦਾ ਪਿਆਰ ਇਕ ਅਮਰੀਕੀ ਲੜਕੀ ਜੂਲੀ ਨਾਲ ਪੈ ਗਿਆ। ਜੂਲੀ ਇਕਲੌਤੀ ਧੀ ਸੀ ਜੋ ਆਪਣੀ ਮਾਂ ਨਾਲ ਹੀ ਰਹਿੰਦੀ ਸੀ ਕਿਉਂਕਿ ਉਸਦੇ ਪਿਤਾ ਦੀ ਕੁਝ ਸਾਲ ਪਹਿਲਾਂ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਪਹਿਲਾਂ-ਪਹਿਲਾਂ ਆਤਮਾ ਨੂੰ ਅੰਗਰੇਜ਼ੀ ਭਾਸ਼ਾ ਦਾ ਬਹੁਤਾ ਗਿਆਨ ਨਾ ਹੋਣ ਕਾਰਨ ਕਈ ਵਾਰ ਆਪਣੇ ਦਿਲ ਦੀ ਗੱਲ ਸਾਂਝੀ ਕਰਨ ਲਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਦਿਲ ਨੂੰ ਦਿਲ ਦੀ ਰਾਹ ਹੁੰਦੀ ਹੈ। ਜੂਲੀ ਨੇ ਉਸਨੂੰ ਕਦੇ ਵੀ ਪਰਿਵਾਰਕ ਮੈਂਬਰਾਂ ਦੀ ਕਮੀ ਮਹਿਸੂਸ ਨਹੀਂ ਸੀ ਹੋਣ ਦਿੱਤੀ। ਇਕੱਠਿਆਂ ਬੈਠ ਦੋਵੇਂ ਇਕ ਦੂਜੇ ਦੇ ਦੁੱਖ-ਸੁੱਖ 'ਚ ਸਰੀਕ ਹੋਣ ਲੱਗੇ। ਇਕ-ਦੂਜੇ ਦੀ ਲੋੜਾਂ ਦੀ ਪੂਰਤੀ ਲਈ ਹਰ ਸਮੇਂ ਤਤਪਰ ਰਹਿਣਾ। ਚਿੰਤਾ, ਗੁੱਸਾ, ਪਿਆਰ ਤੇ ਨਫਰਤ ਦਾ ਸੁਮੇਲ ਬਣਦਾ ਜਾ ਰਿਹਾ ਸੀ ਦੋਵਾਂ ਦਾ ਪਿਆਰ। ਹੌਲੀ-ਹੌਲੀ ਆਤਮਾ ਨੇ ਜੂਲੀ ਦੇ ਜ਼ਹਿਨ 'ਚ ਘਰ ਬਣਾ ਲਿਆ ਤੇ ਉਹ ਇਕੱਠਿਆਂ ਜ਼ਿੰਦਗੀ ਬਿਤਾਉਣ ਦੇ ਸੁਪਨੇ ਦੇਖਣ ਲੱਗੇ। ਇਸ਼ਕੇ ਇੰਤਹਾਂ ਐਨੀ ਜ਼ਿਆਦਾ ਵਧ ਗਈ ਕਿ ਹੁਣ ਉਨ੍ਹਾਂ ਦਾ ਅਲੱਗ-ਅਲੱਗ ਰਹਿਣਾ ਮੁਸ਼ਕਿਲ ਹੋਣ ਲੱਗਾ। ਇਹ ਉਹ ਸਮਾਂ ਸੀ ਜਦੋਂ ਆਤਮਾ ਜੂਲੀ 'ਚ ਪੂਰਨ ਤੌਰ 'ਤੇ ਪ੍ਰਵੇਸ਼ ਕਰ ਚੁੱਕਾ ਸੀ। ਇਹ ਉਹ ਸਮਾਂ ਸੀ ਜਦੋਂ ਆਤਮਾ ਤੇ ਜੂਲੀ ਦੋਵੇਂ ਆਪਣੇ ਪਰਿਵਾਰ ਦੀ ਸੁਧ-ਬੁਧ ਭੁੱਲ ਚੁੱਕੇ ਸਨ। ਇਹ ਉਹ ਸਮਾਂ ਸੀ ਜਦੋਂ ਉਨ੍ਹਾਂ ਇਕ ਹੋਣ ਦਾ ਅਹਿਦ ਕਰ ਲਿਆ ਸੀ। ਜੂਲੀ ਨੂੰ ਆਤਮਾ ਦੀ ਪਤਨੀ, ਦੋ ਲੜਕੀਆਂ ਤੇ ਹੋਰ ਪਰਿਵਾਰਕ ਮੈਂਬਰਾਂ ਦੀ ਚੰਗੀ ਤਰ੍ਹਾਂ ਜਾਣਕਾਰੀ ਹੋਣ ਦੇ ਬਾਵਜੂਦ ਵੀ ਉਹ ਆਤਮਾ ਨਾਲ ਵਿਆਹ ਕਰਵਾਉਣ ਲਈ ਤਿਆਰ ਹੋ ਗਈ। ਉਸਦੀ ਮਾਂ ਪਹਿਲਾਂ ਹੀ ਉਸ ਨਾਲ ਸਹਿਮਤ ਸੀ।
ਆਤਮਾ ਜਦੋਂ ਪਿਆਰ, ਮੁਹੱਬਤ ਤੇ ਇਸ਼ਕ ਦੀਆਂ ਪੌੜੀਆਂ ਚੜ੍ਹਦਾ ਆਪਣੀ ਮੰਜਲ ਸਰ ਕਰਨ ਲੱਗਦਾ ਹੈ ਤਾਂ ਉਹ ਪਹਿਲਾਂ ਹੀ ਜ਼ਿੰਦਗੀ ਦੀ ਹਕੀਕਤ ਦੇ ਦੋ ਕਟਿਹਰਿਆਂ 'ਚ ਖੜ੍ਹ ਜਾਂਦਾ ਹੈ। ਕਟਿਹਰੇ ਉਹ ਜੋ ਉਸਦੀ ਭੂਤਕਾਲ ਤੇ ਭਵਿੱਖ ਨਾਲ ਜੁੜੀ ਜ਼ਿੰਦਗੀ ਦਾ ਅਸਲ ਹਿੱਸਾ ਸਨ। ਜੋ ਉਸਨੂੰ ਘੁੰਮਣ ਘੇਰੀ ਵਿਚ ਪਾ ਦਿੰਦੇ। ਮਨ ਵਿਆਕੁਲ ਹੋ ਉਠਦਾ ਜਦੋਂ ਉਸਨੂੰ ਆਪਣੇ ਬੁਢੜੇ ਮਾਪੇ, ਘਰਵਾਲੀ ਤੇ ਦੋ ਧੀਆਂ ਦਾ ਚੇਤਾ ਆਉਂਦਾ। ਉਹ ਸੋਚਦਾ ਕਿ ਕਿਤੇ ਮੈਂ ਆਪਣੇ ਪਰਿਵਾਰ ਨਾਲ ਵਿਸ਼ਵਾਸ਼ਘਾਤ ਤਾਂ ਨਹੀਂ ਕਰਨ ਜਾ ਰਿਹਾ ਜਾਂ ਉਹ ਖ਼ੁਦ ਕਿਤੇ ਧੋਖੇ ਦਾ ਸ਼ਿਕਾਰ ਤਾਂ ਨਹੀਂ ਹੋ ਰਿਹਾ। ਕਈ ਤਰ੍ਹਾਂ ਦੇ ਵਾ ਵਰੋਲੇ ਉਠਦੇ ਤੇ ਸ਼ਾਂਤ ਹੋ ਜਾਂਦੇ। ਪਿਆਰ ਦੇ ਤਰਾਜੂ 'ਚ ਤੁਲਦਾ ਉਹ ਕਦੇ ਉਪਰ ਤੇ ਕਦੇ ਹੇਠਾਂ ਹੋ ਜਾਂਦਾ। ਇਕ ਪਾਸੇ ਉਹ ਜੂਲੀ ਨਾਲ ਵਿਆਹ ਕਰਵਾ ਕੇ ਅਮਰੀਕਾ ਵਾਸੀ ਬਣ ਕੇ ਆਪਣੇ ਪਰਿਵਾਰ ਨੂੰ ਹਰ ਉਹ ਸਹੂਲਤਾਂ ਮੁਹੱਈਆ ਕਰਵਾਉਣਾ ਚਾਹੁੰਦਾ ਸੀ ਜੋ ਅਜੋਕੇ ਸਮੇਂ ਦੀਆਂ ਮੁੱਖ ਲੋੜਾਂ ਬਣ ਚੁੱਕੀਆਂ ਸਨ। ਪਰ ਇਹ ਤਾਂ ਹੀ ਸੰਭਵ ਹੋ ਸਕਦਾ ਸੀ ਜੇਕਰ ਆਤਮਾ ਕਾਨੂੰਨ ਅਨੁਸਾਰ ਆਪਣੀ ਪਹਿਲੀ ਘਰਵਾਲੀ ਨੂੰ 'ਤਲਾਕ' ਦੇ ਦਿੰਦਾ। ਤਲਾਕ ਸ਼ਬਦ ਨੇ ਆਤਮਾ ਦੇ ਜ਼ਹਿਨ 'ਚ ਝੱਖੜ ਝੁਲਾ ਦਿੱਤਾ। ਉਹ ਇਹ ਵੀ ਚੰਗੀ ਤਰ੍ਹਾਂ ਜਾਣਦਾ ਸੀ ਕਿ ਜੇਕਰ ਉਸਦੇ ਪਰਿਵਾਰ ਨੂੰ ਇਹ ਸਭ ਕੁਝ ਪਤਾ ਲੱਗੇਗਾ ਤਾਂ ਕੀ ਗੁਜ਼ਰੇਗੀ ਉਨ੍ਹਾਂ 'ਤੇ। ਆਪਣੇ ਅੰਦਰ ਝਾਤੀ ਮਾਰਦਾ ਤਾਂ ਉਸਨੂੰ ਆਪਣਾ ਅਕਸ ਧੁੰਦਲਾ ਵਿਖਾਈ ਦਿੰਦਾ। ਰੂਹ ਅਵਾਜ਼ਾਂ ਮਾਰਦੀ, ਨਹੀਂ, ਨਹੀਂ ਇਹ ਤੂੰ ਕੀ ਕਰ ਰਿਹਾ ਹੈਂ, ਤੂੰ ਆਪਣੀਆਂ ਜਿੰਮੇਵਾਰੀਆਂ ਤੋਂ ਨੱਠ ਰਿਹੈਂ। ਇਹ ਧੋਖਾ ਹੈ, ਬੇਇਨਸਾਫੀ ਹੈ, ਫ਼ਰੇਬ ਹੈ, ਕਤਲ ਹੈ, ਨਿਰਦਯਤਾ ਹੈ, ਸ਼ੈਤਾਨੀਅਤ ਹੈ, ਹੈਵਾਨੀਅਤ ਹੈ, ਬੁਜ਼ਦਲੀ ਹੈ, ਬੇਰਹਿਮੀ ਹੈ। ਜਵਾਬ ਕੀ ਦੇਵੇਂਗਾ ਨੰਨ੍ਹੀਆਂ ਬੱਚੀਆਂ ਨੂੰ, ਜੋ ਤੇਰੀ ਤਸਵੀਰ ਨਾਲ ਲਾਡ ਲਡਾ ਰਹੀਆਂ ਹਨ, ਜਵਾਬ ਕੀ ਦੇਵੇਂਗਾ ਆਪਣੀ ਘਰਵਾਲੀ ਨੂੰ ਜਿਹੜੀ ਦਿਨ ਉਂਗਲੀਆਂ 'ਤੇ ਗਿਣਦੀ ਸੁਆਸ-ਸੁਆਸ ਤੇਰਾ ਨਾਂ ਲੈ ਰਹੀ ਹੈ, ਜਵਾਬ ਕੀ ਦੇਵੇਾਂਗਾ ਆਪਣੇ ਬੁੱਢੜੇ ਮਾਪਿਆਂ ਨੂੰ ਜੋ ਤੇਰੇ ਸਿਰ 'ਤੇ ਆਪਣਾ ਕੱਦ ਉੱਚਾ ਕਰ ਤੇਰੇ 'ਤੇ ਆਸ ਲਾਈ ਬੈਠੇ ਹਨ ਕਿ ਸਾਡਾ ਪੁੱਤਰ ਮੁੜ ਵਤਨ ਆਵੇਗਾ ਤੇ ਸਾਡੀ ਝੋਲੀ ਸੰਸਾਰ ਦੀਆਂ ਸਾਰੀਆਂ ਖੁਸ਼ੀਆਂ ਪਾ ਕੇ ਸਾਡੇ ਦੁੱਖ-ਦਲਿੱਦਰਾਂ ਦਾ ਨਾਸ਼ ਕਰ ਦੇਵੇਗਾ। ਉਸਦੀ ਅੰਤਰ ਆਤਮਾ ਉਸਨੂੰ ਧੁਰ ਅੰਦਰੋਂ ਝੰਜੋੜ ਦਿੰਦੀ।
ਏਧਰ ਵਤਨ 'ਚ ਆਤਮਾ ਦੀਆਂ ਧੀਆਂ ਪੜ੍ਹਾਈ ਦੇ ਨਾਲ-ਨਾਲ ਜਵਾਨੀ ਪਹਿਰੇ 'ਚੋਂ ਲੰਘ ਰਹੀਆਂ ਸਨ ਤੇ ਉਸਦੀ ਘਰਵਾਲੀ ਵੀ ਇਕ ਪਤੀ, ਨੂੰਹ ਤੇ ਮਾਂ ਦਾ ਫਰਜ਼ ਬਾਖ਼ੂਬੀ ਨਿਭਾਅ ਰਹੀ ਸੀ। ਉਸਦੇ ਬੁੱਢੜੇ ਮਾਪੇ ਆਪਣੀ ਜ਼ਿੰਦਗੀ ਨੂੰ ਪੜਾਅ ਦਰ ਪੜਾਅ ਪਾਰ ਕਰਦੇ ਬਿਮਾਰੀਆਂ ਨਾਲ ਜੂਝ ਰਹੇ ਸਨ ਤੇ ਉਸਦਾ ਭਰਾ ਆਪਣੇ ਪਰਿਵਾਰ ਦੀਆਂ ਜਿੰਮੇਵਾਰੀਆਂ ਨਿਭਾਉਣ 'ਚ ਰੁੱਝਾ ਹੋਇਆ ਸੀ। ਆਤਮਾ ਦੇ ਪਿਤਾ ਦੀ ਬਹੁਤ ਇੱਛਾ ਸੀ ਕਿ ਉਸਦਾ ਪੁੱਤਰ ਜਦੋਂ ਲੁਧਿਆਣਾ ਆਏ ਤਾਂ ਉਸਨੂੰ ਤੇ ਆਪਣੀ ਮਾਂ ਨੂੰ ਅਮਰੀਕਾ ਜ਼ਰੂਰ ਲੈ ਕੇ ਜਾਵੇ। ਸਾਹ ਦੀ ਬਿਮਾਰੀ ਨਾਲ ਜੂਝਦਾ ਆਤਮਾ ਦਾ ਪਿਉ ਹੁਣ ਉਮਰ ਅੱਗੇ ਹਾਰਦਾ ਜਾ ਰਿਹਾ ਸੀ ਕਿ ਉਸਦੀ ਅਮਰੀਕਾ ਜਾਣ ਦੀ ਦਿਲੀ ਤਮੰਨਾ ਖ਼ਤਮ ਹੋ ਚੁੱਕੀ ਸੀ ਤੇ ਬੱਸ ਹੁਣ ਉਸ ਅੰਦਰ ਆਪਣੇ ਪੁੱਤਰ ਨੂੰ ਮਿਲਣ ਦੀ ਤਾਂਘ ਬਾਕੀ ਰਹਿ ਗਈ ਸੀ। ਇਨੀਂ ਦਿਨੀਂ ਆਤਮਾ ਦਾ ਪਿਉ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਮੰਜੇ 'ਤੇ ਪਿਆ ਆਪਣੇ ਪੁੱਤਰ ਦੀ ਇਕ ਝਲਕ ਪਾਉਣ ਨੂੰ ਤਰਸ ਰਿਹਾ ਸੀ। ਇਸੇ ਦੌਰਾਨ ਇਕ ਫੋਨ ਆਇਆ ਜਿਸਨੇ ਸਾਰੇ ਪਰਿਵਾਰ ਦੀਆਂ ਸੱਧਰਾਂ, ਸੋਚਾਂ ਨੂੰ ਵਲੂੰਧਰ ਕੇ ਰੱਖ ਦਿੱਤਾ। ਇਹ ਆਤਮਾ ਦਾ ਫੋਨ ਸੀ। ਕਹਿੰਦਾ 'ਬੇਬੇ ਮੈਂ ਅਮਰੀਕਾ 'ਚ ਇਕ ਅੰਗਰੇਜਣ ਨਾਲ ਵਿਆਹ ਕਰਵਾ ਕੇ ਉਥੇ ਪੱਕਾ ਹੋ ਜਾਊਂਗਾ ਜੇਕਰ ਪ੍ਰੀਤ ਮੈਨੂੰ ਕਾਨੂੰਨੀ ਤੌਰ 'ਤੇ 'ਤਲਾਕ' ਦੇ ਦੇਵੇ। ਤੁਸੀਂ ਪ੍ਰੀਤ ਨੂੰ ਸਮਝਾ ਦਿਉ ਇਹ ਸਿਰਫ ਕਾਨੂੰਨੀ ਤਲਾਕ ਹੈ, ਹਕੀਕਤ 'ਚ ਨਹੀਂ, ਇਹ ਸਭ ਕੁੱਝ ਸਾਡੇ ਸਾਰਿਆਂ ਦੇ ਭਲੇ ਲਈ ਹੀ ਹੈ' ਇਹ ਸ਼ਬਦ ਸੁਣ ਮਾਂ ਨੇ ਫੋਨ ਉਥੇ ਹੀ ਛੱਡ ਦਿੱਤਾ। ਪਿਉ ਦੀ ਤਕਲੀਫ ਬਾਰੇ ਦੱਸਣਾ ਚਾਹੁੰਦੀ ਸੀ ਮਾਂ ਆਤਮਾ ਨੂੰ ਕਿ ਸ਼ਾਇਦ ਆਤਮਾ ਇਹ ਸੁਣ ਇਕ ਵਾਰ ਵਤਨ ਪਰਤ ਆਵੇ ਤੇ ਆਪਣੇ ਪਿਉ ਦੀ ਆਖਰੀ ਰੀਝ ਨੂੰ ਪੂਰੀ ਕਰ ਦੇਵੇ। ਪਰ ਉਪਰੋਕਤ ਸ਼ਬਦਾਂ ਨੇ ਤਾਂ ਜਿਵੇਂ ਉਸਦੇ ਪੈਰਾਂ ਹੇਠੋਂ ਜ਼ਮੀਨ ਹੀ ਖਿੱਚ ਦਿੱਤੀ ਹੋਵੇ। ਖੁਸ਼ੀ-ਖੁਸ਼ੀ ਪਤਨੀ ਨੇ ਫੋਨ ਚੁੱਕ ਕੰਨ ਨੂੰ ਲਾਇਆ, ਪਤੀ ਤੋਂ ਸੁੱਖਸਾਂਦ ਬਾਰੇ ਪੁੱਛਿਆ। ਕਿੰਨਾ ਚਿਰ ਉਹ ਆਪਣੇ ਪਤੀ ਨਾਲ ਗੱਲਾਂ ਕਰਦੀ ਰਹੀ ਤੇ ਵਾਰ-ਵਾਰ ਪਰਤਣ ਬਾਰੇ ਪੁੱਛਦੀ ਰਹੀ। ਆਤਮਾ ਨੇ ਛੇਤੀ ਪਰਤਣ ਦਾ ਵਾਅਦਾ ਕਰ ਫੋਨ ਕੱਟ ਦਿੱਤਾ। ਪ੍ਰੀਤ ਖੱਟੀਆਂ-ਮਿੱਠੀਆਂ ਯਾਦਾਂ 'ਚ ਗੁਆਚੀ ਆਪਣੇ ਕਮਰੇ 'ਚ ਚਲੀ ਗਈ। ਮਾਂ ਦੇ ਦਿਲ 'ਤੇ ਭਾਰ ਇੰਨਾ ਜ਼ਿਆਦਾ ਸੀ ਕਿ ਉਹ ਆਪਣਾ ਦਿਲ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰੀਤ ਤੇ ਆਤਮਾ ਦੇ ਪਿਉ ਨੂੰ ਦੱਸ ਕੇ ਹੌਲਾ ਕਰਨਾ ਚਾਹੁੰਦੀ ਸੀ।
ਆਖ਼ਰ ਕਰੀਬ ਹਫਤੇ ਮਗਰੋਂ ਦੋਵੇਂ ਨੂੰਹ-ਸੱਸ ਇਕੱਠੀਆਂ ਬੈਠੀਆਂ ਸਬਜੀ ਕੱਟ ਰਹੀਆਂ ਸਨ ਕਿ ਮਾਂ ਨੇ ਦਿਲ ਕੈੜਾ ਕਰਕੇ ਪ੍ਰੀਤ ਨੂੰ ਆਤਮਾ ਬਾਰੇ ਦੱਸਣਾ ਸ਼ੁਰੂ ਕੀਤਾ। ''ਦੇਖ ਪ੍ਰੀਤ ਤੂੰ ਮੇਰੀ ਨੂੰਹ ਹੀ ਨਹੀਂ, ਮੇਰੀ ਧੀ ਐਂ, ਇਹ ਤੂ ਵੀ ਚੰਗੀ ਤਰ੍ਹਾਂ ਜਾਣਦੀ ਐਂ ਮੈਂ ਤੇਰੇ ਨਾਲ ਕਦੇ ਵੀ ਕੋਈ ਫ਼ਰਕ ਨਹੀਂ ਰੱਖਿਆ। ਹੁਣ ਮੇਰੀ ਗੱਲ ਧਿਆਨ ਨਾਲ ਸੁਣ ਆਤਮਾ ਅਮਰੀਕਾ ਆਪਣੇ ਲਈ ਗਿਐ, ਉਹ ਜੋ ਕੁਝ ਵੀ ਕਰੇਗਾ ਆਪਣੀ ਭਲਾਈ ਲਈ ਕਰੇਗਾ, ਤੂੰ ਕਦੇ ਵੀ ਉਸ 'ਤੇ ਸ਼ੱਕ ਨਾ ਕਰੀਂ।'' ਪ੍ਰੀਤ ਨੇ ਕਿਹਾ, ਮਾਂ ਜੀ ਸਿੱਧੀ ਤਰ੍ਹਾਂ ਦੱਸੋ ਤੁਸੀਂ ਕਹਿਣਾ ਕੀ ਚਾਹੁੰਦੇ ਹੋ। ਮਾਂ ''ਆਤਮਾ ਅਮਰੀਕਾ 'ਚ ਪੱਕਾ ਹੋਣ ਲਈ ਅੰਗਰੇਜ਼ ਕੁੜੀ ਨਾਲ ਵਿਆਹ ਕਰਨ ਲੱਗਾ ਐ, ਪ੍ਰੀਤ ਤੈਨੂੰ ਉਸਨੂੰ ਕਾਨੂੰਨੀ ਤੌਰ 'ਤੇ 'ਤਲਾਕ' ਦੇਣਾ ਪਵੇਗਾ। ਦੇਖ ਮੈਂ ਵੀ ਕੁਝ ਸੋਚ ਕੇ ਹੀ ਫੈਸਲਾ ਕੀਤਾ ਐ, ਤੂੰ ਸੁਣ ਰਹੀਂ ਐ ਨਾ ਪ੍ਰੀਤ।'' ਪ੍ਰੀਤ ਨੂੰ ਜਿਵੇਂ ਸੱਪ ਹੀ ਸੁੰਘ ਗਿਆ ਹੋਵੇ। ਚਾਕੂ ਹੱਥੋਂ ਛੁਟ ਜਾਂਦਾ ਹੈ ਤੇ ਨੈਣ ਕਟੋਰੇ ਭਰ ਜਾਂਦੇ ਹਨ। ਭੁੱਬਾਂ ਮਾਰਦੀ ਪ੍ਰੀਤ ਨੂੰ ਜਦੋਂ ਮਾਂ ਨੇ ਹਿੱਕ ਨਾਲ ਲਾਇਆ। ਖ਼ੁਦ ਨੂੰ ਸੰਭਾਲਦੀ ਹੋਈ ਪ੍ਰੀਤ ਨੇ ਹਟਕੋਰੇ ਲੈਂਦੀ ਨੇ ਕਿਹਾ, ਮਾਂ ਜੀ ਅਜਿਹਾ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੈਂ ਉਨ੍ਹਾਂ ਨੂੰ ਤਲਾਕ ਦੇ ਦੇਵਾਂ। ਨਹੀਂ, ਨਹੀਂ ਏਦਾਂ ਨੀ ਹੋ ਸਕਦਾ, ਤੁਸੀਂ ਸੋਚਿਆ ਕਿਵੇਂ, ਤੁਸੀਂ ਪੈਸੇ ਕਮਾਉਣ ਦੀ ਹੋੜ 'ਚ ਰਿਸ਼ਤਿਆਂ ਦਾ ਕਤਲ ਕਰਨ 'ਤੇ ਉਤਾਰੋ ਹੋ ਗਏ। ਮਾਂ ਜੀ ਤੁਸੀਂ ਆਪਣੇ ਪੁੱਤ ਦਾ ਇਕ ਘਰ ਉਜਾੜ ਕੇ ਸੁੱਖ ਦੀ ਭਾਲ 'ਚ ਦੂਜਾ ਘਰ ਵਸਾਉਣ ਦੀ ਗੱਲ ਕਰਦੇ ਹੋ। ਮੈਂ-ਮੈਂ ਕਿੱਥੇ ਜਾਊਂਗੀ, ਮੇਰੀਆਂ ਛੋਟੀਆਂ-ਛੋਟੀਆਂ ਬੱਚੀਆਂ ਕੀਹਦੇ ਸਹਾਰੇ ਜੀਣਗੀਆਂ, ਦੱਸੋ, ਇਹ ਕਿੱਦਾਂ ਹੋ ਸਕਦਾ, ਕੀ ਏਸੇ ਦਿਨ ਲਈ ਉਹ ਸਾਨੂੰ ਛੱਡ ਕੇ ਵਿਦੇਸ਼ ਗਏ ਸਨ ਕਿ ਸਦਾ ਲਈ ਵਿਦੇਸ਼ੀ ਨਾਗਰਿਕ ਬਣ ਉਥੇ ਹੀ ਰਹਿ ਜਾਣ। ਮਾਂ ਜੀ ਨਹੀਂ ਚਾਹੀਦਾ ਸਾਨੂੰ ਕੋਈ ਐਸ਼ੋ ਅਰਾਮ, ਨਹੀਂ ਚਾਹੀਦੀ ਸਾਨੂੰ ਕੋਈ ਧਨ-ਦੌਲਤ, ਨਹੀਂ ਚਾਹੀਦੀ ਸਾਨੂੰ ਝੂਠੀ ਸ਼ਾਨੋ-ਸ਼ੌਕਤ। ਮੈਂ ਆਪਣੇ ਬੱਚਿਆਂ ਲਈ ਪਿਤਾ ਕਿੱਥੋਂ ਲੱਭ ਕੇ ਲਿਆਵਾਂਗੀ, ਦੱਸੋ ਭਲਾਂ। ਮੈਂ ਏਦਾਂ ਹਰਗਿਜ਼ ਨਹੀਂ ਕਰਾਂਗੀ। ਇਸੇ ਦੌਰਾਨ ਮੰਜੇ 'ਤੇ ਬਿਮਾਰ ਪਏ ਆਤਮਾ ਦੇ ਪਿਉ ਨੇ ਵੀ ਪ੍ਰੀਤ ਨੂੰ ਸਮਝਾਉਣ ਦਾ ਯਤਨ ਕੀਤਾ। ਪੇਸ ਨਾ ਚੱਲਦੀ ਦੇਖ ਹੰਝੂਆਂ ਦਾ ਰੁੱਗ ਭਰ ਪ੍ਰੀਤ ਭੱਜ ਕੇ ਆਪਣੇ ਕਮਰੇ ਵਿਚ ਚਲੀ ਗਈ।
ਅਗਲੇ ਦਿਨ ਪ੍ਰੀਤ ਆਤਮਾ ਨਾਲ ਫੋਨ 'ਤੇ ਗੱਲ ਕਰਨ ਤੋਂ ਸੰਕੋਚ ਕਰਦੀ ਹੈ। ਪਰ ਆਤਮਾ ਦੇ ਵਾਰ-ਵਾਰ ਦਬਾਅ ਪਾਉਣ 'ਤੇ ਘਰਦਿਆਂ ਨੇ ਪ੍ਰੀਤ ਨੂੰ ਫੋਨ ਫੜਾ ਦਿੱਤਾ। ਬਸ ਫੇਰ ਕੀ ਸੀ ਆਤਮਾ ਫੋਨ 'ਤੇ ਗੱਲਾਂ ਕਰ ਰਿਹਾ ਸੀ ਤੇ ਪ੍ਰੀਤ ਸ਼ਾਂਤ ਹੋ ਕੇ ਸਭ ਕੁਝ ਸੁਣੀ ਜਾ ਰਹੀ ਸੀ। ਕੋਈ ਜਵਾਬ ਨਹੀਂ। ਆਤਮਾ ਨੇ ਕਿਹਾ, ਦੇਖ ਪ੍ਰੀਤ ਮੈਨੂੰ ਗਲਤ ਨਾ ਸਮਝੀਂ, ਮੈਂ ਇਹ ਸਭ ਕੁਝ ਸਾਰੇ ਪਰਿਵਾਰ ਦੀ ਭਲਾਈ ਲਈ ਹੀ ਕਰ ਰਿਹਾ ਹਾਂ, ਨਾਲੇ ਮੈਂ ਕਿਹੜਾ ਤੈਨੂੰ ਅਸਲ ਵਿਚ ਤਲਾਕ ਦੇਣਾ, ਇਹ ਤਾਂ ਸਿਰਫ ਕਾਨੂੰਨੀ ਤੌਰ 'ਤੇ ਫਾਰਮੈਲਟੀ ਐ, ਦੇਖ ਤੂੰ ਮੇਰੀ ਪਹਿਲੀ ਘਰਵਾਲੀ ਐਂ ਤੇ ਹਮੇਸ਼ਾ ਰਹੇਂਗੀ। ਮੈਂ ਜਦੋਂ ਵੀ ਪੱਕਾ ਹੋ ਗਿਆ ਤਾਂ ਛੇਤੀ ਹੀ ਸਾਰੇ ਪਰਿਵਾਰ ਨੂੰ ਅਮਰੀਕਾ ਆਪਣੇ ਕੋਲ ਸੱਦ ਲੈਣੇ, ਤੂੰ ਬਸ ਹਾਮੀ ਭਰ। ਮੈਂ ਥੋੜੇ ਦਿਨਾਂ 'ਚ ਕਾਗਜ ਤਿਆਰ ਕਰਕੇ ਤੇਰੇ ਕੋਲ ਭੇਜ ਦੇਵਾਂਗਾ। ਬਸ ਫੇਰ ਦੇਰ ਨੀ ਜਦੋਂ ਆਪਾਂ ਸਾਰੇ ਇਕੋ ਥਾਂ, ਇਕ ਸੋਹਣੇ ਘਰ 'ਚ ਇਕੱਠੇ ਖ਼ੁਸ਼ੀ-ਖੁਸ਼ੀ ਰਹਾਂਗੇ। ਪ੍ਰੀਤ ਮੈਨੂੰ ਪਤਾ ਤੂੰ ਦੁਖੀ ਐਂ, ਪਰ ਮੇਰੀ ਮਜਬੂਰੀ ਨੂੰ ਸਮਝਣ ਦੀ ਕੋਸ਼ਿਸ਼ ਕਰੀਂ। ਹੈਲੋ-ਹੈਲੋ-ਹੈਲੈ ਪ੍ਰੀਤ ਹੈਲੋ..ਹੈ...ਲੋ...।
ਪਤੀ-ਪਤਨੀ ਦੇ ਰਿਸ਼ਤੇ 'ਚ ਆਈ ਖਟਾਸ ਨੇ ਦੋਵਾਂ ਦੇ ਦਿਲਾਂ 'ਚ ਝੱਖੜ ਝੁਲਾ ਦਿੱਤਾ। ਭਵਿੱਖ ਕੀ ਹੋਊਗਾ, ਸਮਾਜਿਕ ਤਰੇੜਾਂ, ਨਤੀਜਾ ਕੀ ਨਿਕਲੂਗਾ? ਅਨੇਕਾਂ ਸਵਾਲ ਖੜੇ ਕਰ ਦਿੱਤੇ। ਅਜਿਹੀ ਕਸ਼ਮਕਸ਼ 'ਚ ਉਲਝੀ ਪ੍ਰੀਤ ਆਪਣੀ ਅੰਤਰ ਆਤਮਾ ਤੋਂ ਜਵਾਬ ਭਾਲਦੀ ਸੀ। ਉਥੇ ਦੂਜੇ ਪਾਸੇ ਆਤਮਾ ਮੂਹਰੇ ਜੂਲੀ ਦਾ ਪਿਆਰ ਤੇ ਅਮਰੀਕਾ ਵਾਸੀ ਬਣਨ ਦਾ ਸੁਪਨਾ ਸੱਚ ਹੁੰਦਾ ਨਜ਼ਰ ਆ ਰਿਹਾ ਸੀ। ਪਤੀ-ਪਤਨੀ 'ਚ ਇਹ ਕਸ਼ਮਕਸ਼ ਕਿੰਨੇ ਦਿਨ ਚੱਲਦੀ ਰਹੀ। ਦੋਵਾਂ ਨੂੰ ਸਵਾਲ-ਜਵਾਬ ਦੇ ਤਾਣੇ ਨੇ ਉਲਝਾ ਲਿਆ ਸੀ।
ਇਕ ਦਿਨ ਰਾਤ ਨੂੰ ਸੌਣ ਵੇਲੇ ਆਤਮਾ ਵੱਲੋਂ ਫੋਨ 'ਤੇ ਕਿਹਾ 'ਮਜਬੂਰੀ' ਸ਼ਬਦ ਜਿਉਂ ਹੀ ਪ੍ਰੀਤ ਦੇ ਜ਼ਹਿਨ 'ਚ ਆਇਆ ਤਾਂ ਉਹ ਸੋਚਣ ਲਈ ਮਜਬੂਰ ਹੋ ਗਈ ਕਿ ਮੇਰੇ ਪਤੀ ਦੀ ਅਜਿਹੀ ਕਿਹੜੀ ਮਜਬੂਰੀ ਸੀ ਜਿਸ ਨੇ ਉਸਨੂੰ ਅਮਰੀਕਣ ਨਾਲ ਵਿਆਹ ਕਰਨ ਲਈ ਮਜਬੂਰ ਕਰ ਦਿੱਤਾ। ਠੀਕ ਹੈ ਸਿਟੀਜ਼ਨਸ਼ਿਪ ਲੈਣ ਲਈ ਅਜਿਹਾ ਹੋਇਆ ਪਰ ਆਤਮਾ ਮੈਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦਾ ਸੀ। ਮੈਂ ਉਸਦੀ ਹਰ ਰਮਜ਼ ਤੋਂ ਵਾਕਫ਼ ਹਾਂ। ਪਰ... ਨਹੀਂ ...ਪਤਾ ਨਹੀਂ...ਕੀ...ਹੋ ਸਕਦਾ ਹੈ 'ਮਜਬੂਰੀ' ਦਾ ਅਰਥ। ਸੋਚਾਂ ਵਿਚ ਹੀ ਪ੍ਰੀਤ ਨੇ ਸਾਰੀ ਰਾਤ ਉਨੀਂਦਰੇ ਹੀ ਕੱਢ ਦਿੱਤੀ। ਉਸਨੇ ਕਈ ਵਾਰ ਆਤਮਾ ਨੂੰ ਫੋਨ 'ਤੇ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਗੱਲਾਂ ਵੱਧ ਤੇ ਸਮਾਂ ਘੱਟ ਹੋਣ ਕਾਰਨ ਉਹ ਇਸ ਸਬੰਧੀ ਗੱਲ ਕਰਨਾ ਭੁੱਲ ਹੀ ਜਾਂਦੀ।
ਪਤੀ, ਸੱਸ-ਸਹੁਰੇ ਦੇ ਵਾਰ-ਵਾਰ ਸਮਝਾਉਣ 'ਤੇ ਆਖ਼ਰ ਪ੍ਰੀਤ ਇਕ ਦਿਨ ਆਪਣੇ ਪਤੀ ਦੀ ਦੂਜੀ ਸ਼ਾਦੀ ਲਈ ਰਾਜ਼ੀ ਹੋ ਗਈ। ਆਪਣੇ ਪਤੀ ਦੀ ਚੜ੍ਹਦੀਕਲਾ ਲਈ ਪ੍ਰੀਤ ਆਖ਼ਰ ਰਿਸ਼ਤਿਆਂ ਨੂੰ ਸੂਲੀ ਚਾੜ੍ਹਦਿੰਦੀ ਹੈ। ਸਬਰ ਦਾ ਕੌੜਾ ਘੁੱਟ ਭਰ ਲੈਂਦੀ ਹੈ। ਥੋੜੇ ਹੀ ਦਿਨਾਂ 'ਚ ਆਤਮਾ ਤੇ ਪ੍ਰੀਤ ਹਮਸਲਾਹ ਹੋ ਕੇ ਤਲਾਕ ਦੇ ਕਾਗਜ਼ ਤਿਆਰ ਕਰਵਾ ਲੈਂਦੇ ਹਨ ਤੇ ਸਮਾਂ ਪਾ ਕੇ ਉਨ੍ਹਾਂ ਦੋਵਾਂ ਦਾ ਤਲਾਕ ਹੋ ਜਾਂਦਾ ਹੈ।
ਕਈ ਵਾਰ ਜੂਲੀ ਨੇ ਆਤਮਾ ਨੂੰ ਕਿਹਾ ਸੀ ਕਿ ਕੋਈ ਵੀ ਮੇਰੇ ਤੋਂ ਵੱਧ ਤੈਨੂੰ ਪਿਆਰ ਨਹੀਂ ਕਰ ਸਕਦਾ। ਦੁਨੀਆਂ 'ਚ ਅਸੀਂ ਦੋਵੇਂ ਹੀ ਇਕ-ਦੂਜੇ ਲਈ ਆਏ ਹਾਂ। ਪਤਾ ਨਹੀਂ ਉਹ ਦਿਨ ਕਦੋਂ ਆਊਗਾ ਜਦੋਂ ਅਸੀਂ ਇਕ ਹੋਵਾਂਗੇ। ਰੱਬ ਸਾਡੀਆਂ ਸੱਧਰਾਂ ਨੂੰ ਛੇਤੀ ਬੂਰ ਪਾਵੇ।
ਅੱਜ ਜਿਉਂ ਹੀ ਜੂਲੀ ਨੂੰ ਆਤਮਾ ਦੇ ਤਲਾਕ ਬਾਰੇ ਖ਼ਬਰ ਮਿਲੀ ਤਾਂ ਉਸਦਾ ਰੋਮ-ਰੋਮ ਖੁਸ਼ੀ ਨਾਲ ਝੂਮ ਉੱਠਿਆ। ਉਹ ਆਪਣੇ ਕੰਮ ਤੋਂ ਛੇਤੀ ਵਿਹਲੀ ਹੋ ਕੇ ਘਰ ਪਰਤੀ, ਖਿੜੇ ਮੱਥੇ ਆਤਮਾ ਨੂੰ ਗਲਵੱਕੜੀ ਪਾ ਕੇ ਆਖਣ ਲੱਗੀ, 'ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਅਸੀਂ ਐਨੀ ਛੇਤੀ ਇਕ ਹੋ ਜਾਵਾਂਗੇ। ਮੇਰੀਆਂ ਸਾਰੀਆਂ ਸੱਧਰਾਂ, ਉਮੀਦਾਂ ਐਨੀ ਛੇਤੀ ਪੂਰੀਆਂ ਹੋ ਜਾਣਗੀਆਂ। ਮੇਰੀ ਆਤਮਾ, ਤੇਰੀ ਆਤਮਾ 'ਚ ਵਿਲੀਨ ਹੋਣ ਲਈ ਕਾਹਲੀ ਹੈ। ਮੈਂ-ਮੈਂ ਕਿਵੇਂ ਦੱਸਾਂ ਤੈਨੂੰ ਆਤਮਾ ਮੈਂ ਅੱਜ ਕਿੰਨੀ ਖੁਸ਼ੀ ਹਾਂ, ਮੇਰੇ ਕੋਲ ਸ਼ਬਦ ਨਹੀਂ ਜਿਸ ਨਾਲ ਮੈਂ ਇਜ਼ਹਾਰ ਕਰ ਸਕਾਂ। ਮੇਰੀ ਮਾਂ ਤੋਂ ਬਾਅਦ ਤੂੰ ਹੀ ਐਂ ਜਿਸਨੇ ਮੈਨੂੰ ਹੱਦੋਂ ਵੱਧ ਪਿਆਰ ਕੀਤਾ।' ਗੁਆਚਿਆ ਆਤਮਾ ਸੀਲ ਪੱਥਰ ਬਣ ਇਹ ਸਭ ਸੁਣ ਰਿਹਾ ਸੀ। ਖੁਸ਼ੀ ਗ਼ਮੀ ਦੇ ਦੋ ਪੁੜਿਆਂ 'ਚ ਫਸੀ ਜ਼ਿੰਦਗੀ ਨੂੰ ਕੱਢਣ ਲਈ ਹਾਲਾਤ ਮੂਹਰੇ ਗੋਡੇ ਟੇਕਣ ਲਈ ਲਾਚਾਰ ਸੀ। ਸੋਚਾਂ ਦੇ ਸਮੁੰਦਰ 'ਚ ਗੋਤੇ ਖਾਂਦੇ ਆਤਮਾ ਨੂੰ ਜਦੋਂ ਜੂਲੀ ਨੇ ਬਾਹਰ ਕੱਢਿਆ ਤਾਂ ਉਸ ਸਾਹਵੇਂ ਜ਼ਿੰਦਗੀ ਦੀ ਉਮੀਦ ਦੀ ਨਵੀਂ ਕਿਰਨ ਖੜੋਤੀ ਸੀ। ਜੋ ਉਸਨੂੰ ਹਨੇਰਿਆਂ 'ਚੋਂ ਕੱਢ ਕੇ ਨਵੀਂ ਦਿਸ਼ਾ ਰਾਹ ਕਰਨ ਵਾਲੀ ਸੀ।
ਇਧਰ ਅਮਰੀਕਾ 'ਚ ਜੂਲੀ ਤੇ ਆਤਮਾ ਆਪਣੀ ਜ਼ਿੰਦਗੀ ਦੇ ਸਫਰ ਨੂੰ ਸੁਹਾਣਾ ਬਣਾਉਣ ਲਈ ਵਿਊਂਤਾਂ ਘੜ ਰਹੇ ਸਨ ਤੇ ਉਧਰ ਆਤਮਾ ਦਾ ਪਿਤਾ ਬਿਮਾਰੀ ਕਾਰਨ ਮੰਜੇ ਤੋਂ ਉੱਠਣ ਲਈ ਮੁਥਾਜ ਹੋ ਗਿਆ ਸੀ ਤੇ ਆਪਣੀ ਜ਼ਿੰਦਗੀ ਦੀਆਂ ਅੰਤਿਮ ਘੜੀਆਂ ਗਿਣ ਰਿਹਾ ਸੀ।
ਅੱਜ ਜੂਲੀ ਤੇ ਆਤਮਾ ਲਈ ਉਹ ਸਵੇਰ ਹੋਈ ਜਿਸਦਾ ਉਨ੍ਹਾਂ ਨੂੰ ਚਿਰਾਂ ਤੋਂ ਇੰਤਜ਼ਾਰ ਸੀ। ਆਖ਼ਰ ਦੋਵੇਂ ਸ਼ਾਦੀ ਦੇ ਬੰਧਨ ਵਿਚ ਬੱਝ ਗਏ। ਸਾਰਾ ਦਿਨ ਖੁਸ਼ੀਆਂ ਖੇੜਿਆਂ 'ਚ ਬਤੀਤ ਹੋਇਆ ਤੇ ਰਾਤ ਵੇਲੇ ਫੁਰਸਤ ਦੇ ਪਲਾਂ 'ਚ ਜਦੋਂ ਉਨ੍ਹਾਂ ਆਪਣੀ ਇਹ ਖ਼ੁਸ਼ੀ ਪਰਿਵਾਰ ਨਾਲ ਸਾਂਝੀ ਕਰਨੀ ਚਾਹੀ ਤਾਂ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀਆਂ ਖੁਸ਼ੀਆਂ ਗਮਾਂ 'ਚ ਤਬਦੀਲ ਹੋ ਜਾਣਗੀਆਂ। ਜਿਸ ਵੇਲੇ ਆਤਮਾ ਤੇ ਜੂਲੀ ਦਾ ਵਿਆਹ ਹੋ ਰਿਹਾ ਸੀ ਤਾਂ ਉਸ ਵੇਲੇ ਉਸਦੇ ਘਰ ਵੈਣ ਪੈ ਰਹੇ ਸਨ। ਜਿਉਂ ਹੀ ਆਤਮਾ ਨੇ ਆਪਣੇ ਸ਼ਹਿਰ ਲੁਧਿਆਣਾ ਘਰ ਵਾਲਿਆਂ ਨੂੰ ਆਪਣੇ ਵਿਆਹ ਦੀ ਖ਼ਬਰ ਸੁਣਾਉਣ ਲਈ ਫੋਨ ਕੀਤਾ, ਅੱਗਿਓਂ ਪਿਤਾ ਦੇ ਦੇਹਾਂਤ ਬਾਰੇ ਸੁਣ ਕੇ ਆਤਮਾ ਸੁਧ ਬੁੱਧ ਗਵਾ ਬੈਠਾ। ਮਾਯੂਸੀ ਦਾ ਆਲਮ ਚਾਰ-ਚੁਫੇਰੇ ਛਾ ਗਿਆ। ਜੂਲੀ ਨੇ ਆਤਮਾ ਨੂੰ ਰੌਂਦੇ ਨੂੰ ਸੰਭਾਲਦਿਆਂ ਹਿਕ ਨਾਲ ਲਾ ਲਿਆ ਤੇ ਦਿਲਾਸਾ ਦਿੰਦਿਆਂ ਕਿਹਾ, ਪ੍ਰਮਾਤਮਾ ਜਿਸ ਚੀਜ਼ ਨੂੰ ਸਿਰਜਦਾ ਹੈ, ਉਹ ਉਸਨੂੰ ਮਿਟਾ ਵੀ ਦਿੰਦਾ ਹੈ। ਸੰਸਾਰ 'ਤੇ ਹਰ ਚੀਜ਼ ਨਾਸ਼ਵਾਨ ਹੈ। ਜੋ ਜੀਵ ਆਇਆ, ਇਕ ਦਿਨ ਉਸਨੂੰ ਜਾਣਾ ਵੀ ਪੈਂਦਾ ਹੈ। ਜਿਵੇਂ ਦਿਨ ਤੇ ਰਾਤ ਦਾ ਚੜ੍ਹਣਾ ਤੇ ਛਿਪਣਾ ਅਟੱਲ ਸਚਾਈ ਹੈ। ਇਸੇ ਤਰ੍ਹਾਂ ਬੰਦਾ ਵੀ ਜਨਮ ਤੋਂ ਮਰਨ ਤੱਕ ਦਾ ਸਫਰ ਤੈਅ ਕਰਦਾ ਹੈ। ਬਚਪਨ ਤੋਂ ਬਾਪ ਦੇ ਪਿਆਰ ਤੋਂ ਵਾਂਝੀ ਜੂਲੀ ਆਤਮਾ ਦਾ ਦੁੱਖ ਚੰਗੀ ਤਰ੍ਹਾਂ ਸਮਝਦੀ ਸੀ। ਉਧਰ ਪਰਿਵਾਰ ਨੂੰ ਪੂਰੀ ਆਸ ਸੀ ਕਿ ਆਤਮਾ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਵਤਨ ਪਰਤ ਆਵੇਗਾ ਤੇ ਉਨ੍ਹਾਂ ਦਾ ਦੁੱਖ ਵੰਡਾਵੇਗਾ। ਪਰ ਆਤਮਾ ਦੀ ਮਜਬੂਰੀ ਸੀ ਕਿ ਪੱਕੇ ਹੋਣ ਤੀਕ ਉਹ ਵਤਨ ਨਹੀਂ ਜਾ ਸਕਦਾ ਸੀ। ਇਸ ਤਰ੍ਹਾਂ ਪਿਤਾ ਦੇ ਭੋਗ 'ਤੇ ਵੀ ਆਤਮਾ ਨਹੀਂ ਪੁੱਜ ਸਕਿਆ। ਇਕ ਪਾਸੇ ਦੁੱਖ ਸੀ ਤੇ ਇਕ ਪਾਸੇ ਸੁੱਖ ਦੀ ਉਡੀਕ।
ਸਮਾਂ ਆਪਣੀ ਚਾਲ ਚੱਲਦਾ ਰਿਹਾ। ਆਤਮਾ ਅਮਰੀਕਾ 'ਚ ਆਪਣੇ ਨਵੇਂ ਪਰਿਵਾਰ ਨਾਲ ਸੁੱਖਾਂ ਦਾ ਜੀਵਨ ਬਤੀਤ ਕਰ ਰਿਹਾ ਸੀ। ਇਸ ਦੌਰਾਨ ਉਸਦੇ ਲੁਧਿਆਣਾ ਵਸਦੇ ਪਰਿਵਾਰ ਦੀ ਯਾਦ ਫਿੱਕੀ ਪੈਣ ਲੱਗ ਪਈ। ਕਰੀਬ 15 ਸਾਲ ਬੀਤ ਚੁੱਕੇ ਸਨ ਪਰ ਆਤਮਾ ਨੇ ਇਕ ਵਾਰ ਵੀ ਵਤਨ ਵਾਪਸੀ ਦਾ ਜੇਰੇ ਨਹੀਂ ਕੀਤਾ। ਦੋ ਖੁਸ਼ੀਆਂ ਉਸਦੀ ਝੋਲੀ ਪੈ ਚੁੱਕੀਆਂ ਸਨ। ਇਕ ਉਹ ਜੂਲੀ ਦੇ ਬੱਚੇ ਦਾ ਪਿਤਾ ਬਣ ਗਿਆ ਤੇ ਦੂਜਾ ਉਹ ਅਮਰੀਕਾ ਵਾਸੀ ਬਣ ਗਿਆ ਸੀ। ਉਸ ਦੀਆਂ ਦੋਵੇਂ ਧੀਆਂ ਜਵਾਨ ਹੋ ਰਹੀਆਂ ਸਨ। ਇਨ੍ਹਾਂ ਦਿਨਾਂ 'ਚ ਜੂਲੀ ਦੇ ਆਤਮਾ ਨੂੰ ਕਹਿਣ 'ਤੇ ਉਹ ਭਾਰਤ ਜਾਣਾ ਚਾਹੁੰਦੀ ਹੈ ਤੇ ਆਤਮਾ ਰਾਜ਼ੀ ਹੋ ਗਿਆ ਕਿ ਇਸੇ ਬਹਾਨੇ ਮੇਰੇ ਵਤਨ ਵਸਦੇ ਪਰਿਵਾਰ ਨਾਲ ਜੂਲੀ ਘੁਲ ਮਿਲ ਜਾਵੇਗੀ। ਥੋੜ੍ਹੇ ਹੀ ਦਿਨਾਂ 'ਚ ਜੂਲੀ ਦਾ ਭਾਰਤ ਜਾਣ ਵੀਜ਼ਾ ਲੱਗ ਜਾਂਦਾ ਹੈ। ਇਧਰ ਆਤਮਾ ਦੀ ਮਾਂ, ਪਤਨੀ ਪ੍ਰੀਤ ਤੇ ਦੋਵੇਂ ਧੀਆਂ ਜੂਲੀ ਦੀ ਆਉ ਭਗਤ ਦੀਆਂ ਤਿਆਰੀਆਂ ਕਰ ਰਹੇ ਸਨ। ਘਰ ਨੂੰ ਰੰਗ-ਰੋਗਨ ਕਰਵਾ ਕੇ ਨਵੀਂ ਦੁਲਹਨ ਦੀ ਆਮਦ ਲਈ ਸਜਾਇਆ ਗਿਆ। ਜੂਲੀ ਆਪਣੇ ਨੰਨ੍ਹੇ ਬੱਚੇ ਨਾਲ ਭਾਰਤ ਪੁੱਜ ਜਾਂਦੀ ਹੈ ਤੇ ਆਤਮਾ ਦੇ ਪਰਿਵਾਰਕ ਮੈਂਬਰ ਉਸਨੂੰ ਏਅਰਪੋਰਟ ਤੋਂ ਲੈਣ ਲਈ ਜਾਂਦੇ ਹਨ। ਲੁਧਿਆਣੇ ਘਰ ਪੁੱਜਣ 'ਤੇ ਜੂਲੀ ਦਾ ਜ਼ੋਰ-ਸ਼ੋਰ ਨਾਲ ਸਵਾਗਤ ਕੀਤਾ ਗਿਆ ਤੇ ਜੂਲੀ ਵੀ ਮਿਲੇ ਸਨੇਹ ਤੇ ਅਪਣਤ ਨਾਲ ਫੁੱਲੀ ਨਹੀਂ ਸੀ ਸਮਾ ਰਹੀ। ਉਹ ਵੀ ਸਾਰੇ ਪਰਿਵਾਰ ਲਈ ਕਈ ਪ੍ਰਕਾਰ ਦੀਆਂ ਚੀਜ਼ਾਂ ਲੈ ਕੇ ਆਈ ਸੀ। ਆਤਮਾ ਨਾਲ ਵਿਆਹ ਕਰਵਾਉਣ ਤੋਂ ਬਾਅਦ ਜੂਲੀ ਕੁਝ ਪੰਜਾਬੀ ਬੋਲਣੀ ਸਿਖ ਗਈ ਸੀ ਜਿਸ ਕਾਰਨ ਉਸਨੂੰ ਇੱਥੇ ਪਰਿਵਾਰ ਨਾਲ ਗੱਲ ਕਰਨਾ ਸੁਖਾਲਾ ਹੋ ਗਿਆ ਸੀ। ਪ੍ਰੀਤ ਨੂੰ ਵੀ ਜੂਲੀ ਨਾਲ ਮਿਲ ਕੇ ਅਥਾਹ ਖੁਸ਼ੀ ਹੋ ਰਹੀ ਸੀ। ਆਤਮਾ ਦੀ ਮਾਂ ਜੂਲੀ ਨੂੰ ਚੰਨਦਾ ਟੁਕੜਾ ਕਹਿੰਦੀ ਨਹੀਂ ਸੀ ਥੱਕ ਰਹੀ। ਧੀਆਂ ਵੀ ਆਪਣੀ ਦੂਜੀ ਮਾਂ ਨੂੰ ਤੇ ਛੋਟੇ ਭਰਾ ਨੂੰ ਮਿਲ ਕੇ ਧਰਤੀ ਪੈਰ ਨਹੀਂ ਸੀ ਲਾ ਰਹੀਆਂ। ਪੂਰੀ ਗਲੀ ਵਿਚ ਆਤਮਾ ਦੀ ਨਵੀਂ ਵਹੁਟੀ ਜੂਲੀ ਦੀ ਚਰਚਾ ਸੀ। ਜੂਲੀ ਜਦੋਂ ਵੀ ਬਾਹਰ ਨਿਕਲਦੀ, ਉਸਦੇ ਗੋਰੇ ਰੰਗ ਦੀ ਝਲਕ ਪਾਉਣ ਲਈ ਮੁਹੱਲੇ ਵਾਲੇ ਘਰਾਂ ਤੋਂ ਬਾਹਰ ਖੜ੍ਹ ਜਾਂਦੇ ਤੇ ਉਸਦੀਆਂ ਸਿਫ਼ਤਾਂ ਦੀ ਝੜੀ ਲਾ ਦਿੰਦੇ। ਮਾਂ ਵੀ ਆਪਣੇ ਪੋਤੇ ਤੇ ਨੂੰਹ ਨੂੰ ਨਜ਼ਰਾਂ ਤੋਂ ਬਚਾਉਣ ਲਈ ਕਾਲਾ ਟਿੱਕਾ ਲਾ ਕੇ ਰੱਖਦੀ। ਗੁਆਂਢਣਾਂ ਆਨੇ-ਬਹਾਨੇ ਜੂਲੀ ਨੂੰ ਦੇਖਣ ਘਰ ਆਉਂਦੀਆਂ-ਜਾਂਦੀਆਂ ਰਹਿੰਦੀਆਂ। ਅਜਿਹਾ ਨਿੱਘ ਤੇ ਪਿਆਰ ਸ਼ਾਇਦ ਹੀ ਜੂਲੀ ਨੂੰ ਕਿਤੇ ਮਿਲਿਆ ਹੋਵੇ। ਪ੍ਰੀਤ ਤੇ ਜੂਲੀ ਜ਼ਿੰਦਗੀ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਸਾਂਝੀਆਂ ਕਰਦੀਆਂ ਹਾਸਾ ਠੱਠਾ ਕਰਦੀਆਂ ਨੂੰ ਮਹੀਨੇ ਦੇ ਕਰੀਬ ਗੁਜ਼ਰ ਗਿਆ ਸੀ। ਚਾਰੇ ਪਾਸੇ ਖੁਸ਼ੀ ਦਾ ਆਲਮ ਸੀ। ਇਸੇ ਦੌਰਾਨ ਕਈ ਔਰਤਾਂ ਆਤਮਾ ਦੀ ਮਾਂ ਨੂੰ ਕਹਿ ਦਿੰਦੀਆਂ, ਤੇਰੀ ਨਵੀਂ ਨੂੰਹ ਤਾਂ ਹੂਰ ਪਰੀ ਐ, ਨਜ਼ਰਾਂ ਤੋਂ ਬਚਾ ਕੇ ਰੱਖੀਂ। ਤੂੰ ਜ਼ਰੂਰ ਪਿਛਲੇ ਜਨਮ 'ਚ ਚੌਲ ਪੁੰਨ ਕੀਤੇ ਹੋਣੇ ਜੋ ਤੈਨੂੰ ਐਨੀ ਸੁੰਦਰ ਨੂੰਹ ਰਾਣੀ ਮਿਲੀ। ਕਈ ਵਾਰ ਤਾਂ ਇੱਥੋਂ ਤੱਕ ਕਹਿ ਜਾਂਦੀਆਂ ਆਤਮਾ ਤੇ ਜੂਲੀ ਦੀ ਜੋੜੀ ਤਾਂ ਦੁਨੀਆਂ 'ਚ ਕਿਧਰੇ ਵੀ ਨਹੀਂ ਹੋਣੀ। ਕਿਤੇ-ਕਿਤੇ ਪ੍ਰੀਤ ਨੂੰ ਇਹ ਸਭ ਗੱਲਾਂ ਚੁਭਣ ਲੱਗੀਆਂ ਤੇ ਉਸਦੇ ਮਨ 'ਚ ਈਰਖਾ ਆਉਣ ਲੱਗੀ। ਹੁਣ ਪ੍ਰੀਤ ਜੂਲੀ ਤੋਂ ਕਿਨਾਰਾ ਕਰਨ ਲੱਗੀ ਸੀ। ਉਸਦੀ ਹਰੇਕ ਗੱਲ ਨੂੰ ਪਰ੍ਹਾਂ ਕਰ ਆਪਣੀ ਗੱਲ ਮਨਵਾਉਣ ਲਈ ਜ਼ਿੱਦ ਕਰਨ ਲੱਗੀ। ਕਦੇ-ਕਦੇ ਤਾਂ ਉਹ ਜੂਲੀ ਨੂੰ ਘਰ 'ਚ ਦਖ਼ਲਅੰਦਾਜ਼ੀ ਬਾਰੇ ਵੀ ਰੋਕਣ ਦੀ ਕੋਸ਼ਿਸ਼ ਕਰਦੀ। ਪਰ ਜੂਲੀ ਇਹ ਸਭ ਚੁੱਪਚਾਪ ਸਹਿਣ ਕਰ ਰਹੀ ਸੀ। ਇਕ ਦਿਨ ਤਾਂ ਹੱਦ ਹੀ ਹੋ ਗਈ। ਜੂਲੀ ਆਤਮਾ ਨਾਲ ਫੋਨ 'ਤੇ ਗੱਲ ਕਰ ਰਹੀ ਸੀ ਤਾਂ ਪ੍ਰੀਤ ਨੇ ਜੂਲੀ ਤੋਂ ਫੋਨ ਖੋਹ ਕੇ ਧਰਤੀ 'ਤੇ ਵਗ੍ਹਾ ਕੇ ਮਾਰਿਆ ਜੋ ਟੁੱਟ ਕੇ ਚਕਨਾਚੂਰ ਹੋ ਗਿਆ। ਪ੍ਰੀਤ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਤੂੰ ਮੇਰੇ ਘਰਵਾਲੇ ਦੀ ਕੁਝ ਨਹੀਂ ਲੱਗਦੀ, ਆਤਮਾ ਸਿਰਫ ਮੇਰਾ ਪਤੀ ਹੈ, ਤੂੰ ਉਸਦੀ ਜ਼ਿੰਦਗੀ ਤੋਂ ਦਫ਼ਾ ਹੋ ਜਾ। ਘਰ ਵਿਚ ਕਲੇਸ਼ ਪੈ ਗਿਆ। ਜੂਲੀ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ। ਦੋਵੇਂ ਸੌਂਕਣਾਂ 'ਚ ਤੂੰ-ਤੂ-ਮੈਂ-ਮੈਂ ਇਸ ਹੱਦ ਤੱਕ ਵਧ ਗਈ ਕਿ ਉਹ ਹੁਣ ਇਕ ਦੂਜੇ ਦਾ ਮੂੰਹ ਤੱਕ ਨਹੀਂ ਸੀ ਦੇਖਣਾ ਚਾਹੁੰਦੀਆਂ। ਇਸ ਤੋਂ ਬਾਅਦ ਗੁੱਸੇ 'ਚ ਭਰੀ ਪੀਤੀ ਪ੍ਰੀਤ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਚਲੀ ਗਈ।
ਹੁਣ ਜੂਲੀ ਇਕਾਂਤ ਤੇ ਬੋਝਾਪਣ ਮਹਿਸੂਸ ਕਰਨ ਲੱਗੀ ਸੀ। ਜੋ ਉਸਨੂੰ ਗਵਾਰਾ ਨਹੀਂ ਸੀ। ਇਸ ਦੌਰਾਨ ਉਸਨੇ ਆਤਮਾ ਨਾਲ ਫੋਨ 'ਤੇ ਹਮਸਲਾਹ ਹੋ ਕੇ ਵਾਪਸ ਅਮਰੀਕਾ ਜਾਣ ਦਾ ਫੈਸਲਾ ਕਰ ਲਿਆ। ਜੂਲੀ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਪ੍ਰੀਤ ਦੇ ਮਨ 'ਚ ਉਸ ਲਈ ਐਨੀ ਜ਼ਿਆਦਾ ਨਫ਼ਰਤ ਭਰੀ ਹੈ ਤੇ ਇਹ ਭਾਣਾ ਵਾਪਰ ਜਾਵੇਗਾ। ਆਖ਼ਰ ਜੂਲੀ ਅੱਖਾਂ 'ਚ ਅੱਥਰੂ ਤੇ ਖੱਟੀਆਂ-ਮਿੱਠੀਆਂ ਯਾਦਾਂ ਲੈ ਕੇ ਅਮਰੀਕਾ ਪਰਤ ਗਈ।
ਸਮੇਂ ਦਾ ਚੱਕਰ ਚੱਲਦਾ ਰਿਹਾ। ਯਾਦਾਂ, ਰੋਸੇ-ਗ਼ਿਲੇ, ਸ਼ਿਕਵੇ ਧੁੰਦਲੇ ਹੁੰਦੇ ਗਏ। ਆਤਮਾ ਤੇ ਜੂਲੀ ਆਪਣੇ ਬੱਚੇ ਨੂੰ ਪੜ੍ਹਾਉਣ-ਲਿਖਾਉਣ 'ਚ ਰੁੱਝ ਗਏ ਤੇ ਜੀਵਨ ਨਿਰਬਾਹ ਕਰਦੇ ਰਹੇ। ਆਤਮਾ ਵੀ ਆਪਣੀ ਕਮਾਈ ਦਾ ਕੁੱਝ ਹਿੱਸਾ ਆਪਣੇ ਲੁਧਿਆਣੇ ਪਰਿਵਾਰ ਨੂੰ ਭੇਜਦਾ ਰਿਹਾ। ਜਦੋਂ ਵੀ ਪ੍ਰੀਤ ਆਤਮਾ ਨੂੰ ਫੋਨ ਕਰਦੀ, ਕਦੇ ਵੀ ਜੂਲੀ ਬਾਰੇ ਨਾ ਪੁੱਛਦੀ। ਉਹ ਖ਼ੁਦ ਨੂੰ ਠੱਗਿਆ ਮਹਿਸੂਸ ਕਰਦੀ ਸੀ। ਏਧਰ ਆਤਮਾ ਦੀਆਂ ਧੀਆਂ ਸਕੂਲੀ ਪੜ੍ਹਾਈ ਖ਼ਤਮ ਕਰ ਉਹ ਕਾਲਜ ਦੇ ਵਿਹੜੇ 'ਚ ਪੜ੍ਹਨ ਲਈ ਤਿਆਰ ਸਨ। ਸ਼ੂਗਰ ਦੀ ਮਰੀਜ਼ ਆਤਮਾ ਦੀ ਮਾਂ ਵੀ ਦਵਾਈ ਦੇ ਸਹਾਰੇ ਆਖਰੀ ਘੜੀਆਂ ਗਿਣ ਰਹੀ ਸੀ। ਉਹ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਫ਼ ਸੀ ਕਿ ਛੇਤੀ ਹੀ ਪ੍ਰਾਣ ਪੰਖੇਰੂ ਉੱਡ ਜਾਣਗੇ। ਇਕ ਰਾਤ ਤਾਂ ਉਹ ਬੀਤ ਹੀ ਚੁੱਕੀ ਸੀ। ਰਾਤ ਵੇਲੇ ਆਤਮਾ ਦੀ ਮਾਂ ਦਾ ਸਾਹ ਉੱਤੇ ਦਾ ਉੱਤੇ ਤੇ ਥੱਲੇ ਦਾ ਥੱਲੇ। ਜੇਕਰ ਉਸ ਦਿਨ ਪ੍ਰੀਤ ਦੀ ਅੱਖ ਨਾ ਖੁੱਲ੍ਹਦੀ ਤਾਂ ਭਾਣਾ ਉਸੇ ਦਿਨ ਹੀ ਵਾਪਰ ਜਾਣਾ ਸੀ। ਪ੍ਰੀਤ ਨੇ ਸਮਾਂ ਸੰਭਾਲਦਿਆਂ ਆਪਣੀ ਸੱਸ ਨੂੰ ਫਟਾਫਟ ਐਂਬੂਲੈਂਸ ਮੰਗਵਾ ਕੇ ਹਸਪਤਾਲ ਪਹੁੰਚਾਇਆ। ਜਿਸ ਨਾਲ ਉਸਦੀ ਹਾਲਤ ਸਥਿਰ ਹੋ ਗਈ। ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਆਏ ਤੇ ਗਏ। ਖ਼ੁਦ ਨੂੰ ਭਾਰ ਮਹਿਸੂਸ ਕਰਨ ਲੱਗੀ ਸੀ ਆਤਮਾ ਦੀ ਮਾਂ। ਉਹ ਨਿੱਤ ਅਰਦਾਸ ਕਰਦੀ ਹੇ ਵਾਹਿਗੁਰੂ ਮੈਨੂੰ ਛੇਤੀ ਆਪਣੇ ਕੋਲ ਬੁਲਾ ਲੈ। ਮੈਂ ਰਿੜਕ ਕੇ ਮਰਨਾ ਨਹੀਂ ਚਾਹੁੰਦੀ। ਹੁਣ ਮੈਂ ਸਭ ਕੁਝ ਤਾਂ ਵੇਖ ਲਿਆ ਹੈ। ਬਸ ਇਕ ਵਾਰ ਮਰਨ ਤੋਂ ਪਹਿਲਾਂ ਮੇਰੇ ਆਤਮਾ ਦਾ ਮੂੰਹ ਮੈਨੂੰ ਵਿਖਾ ਦੇਵੀਂ। ਸ਼ਾਇਦ ਇਕ ਤਾਂਘ ਨੇ ਹੀ ਮਾਂ ਦੇ ਸਾਹ ਰੋਕੇ ਪਏ ਸਨ।
ਵਿਚ-ਵਿਚਾਲੇ ਆਤਮਾ ਆਪਣੀ ਮਾਂ ਦਾ ਹਾਲਚਾਲ ਪੁੱਛਣ ਲਈ ਫੋਨ ਕਰਦਾ ਰਹਿੰਦਾ। ਅੱਜ ਆਤਮਾ ਆਪਣੀ ਦੀ ਖ਼ਬਰ ਸਾਰ ਲੈਣ ਲਈ ਫੋਨ ਕਰਨ ਤੋਂ ਸਵੇਰ ਤੋਂ ਸੋਚ ਰਿਹਾ ਸੀ ਪਰ ਸਾਰਾ ਦਿਨ ਕੰਮ ਕਰਦਿਆਂ ਰਾਤ ਹੋ ਗਈ ਵਿਹਲ ਨਾ ਮਿਲਿਆ। ਪਰ ਘਰੋਂ ਆਏ ਫੋਨ ਨੇ ਉਸਨੂੰ ਸੋਚਾਂ ਦੀ ਘੁੰਮਣ-ਘੇਰੀ ਵਿਚ ਫਸਾ ਦਿੱਤਾ। ਜਿਸ ਵਿਚੋਂ ਸ਼ਾਇਦ ਹੀ ਕੋਈ ਉਸ ਨੂੰ ਕੱਢ ਸਕਦਾ ਸੀ। 'ਮਾਂ' ਦੀ ਮੌਤ ਦੀ ਖ਼ਬਰ ਨੇ ਉਸਦੀਆਂ ਨੀਂਦਰਾਂ ਉਡਾ ਦਿੱਤੀਆਂ। ਉਹ ਰਾਤ ਉਸ ਲਈ ਕਾਲੀ ਰਾਤ ਬਣ ਡੰਗਦੀ ਰਹੀ। ਜਿਵੇਂ ਦੁਨੀਆਂ ਦੇ ਸਾਰੇ ਰਿਸ਼ਤਿਆਂ ਤੋਂ ਉਸਦਾ ਮੋਹ ਭੰਗ ਹੋ ਗਿਆ ਹੋਵੇ। ਜਿਸ ਜਨਣੀ ਨੇ ਜਗਤ ਦਿਖਾਇਆ ਉਹ ਅੱਜ ਖ਼ੁਦ ਅੰਬਰਾਂ 'ਚ ਜਾ ਲੁਕੀ ਸੀ। ਕਿੱਥੋਂ ਭਾਲ ਕੇ ਲਿਆਵਾਂ ਆਪਣੀ ਮਾਂ ਨੂੰ, ਧਾਹਾਂ ਮਾਰਦਾ ਆਤਮਾ ਕੱਖੋਂ ਹੌਲਾ ਹੋ ਗਿਆ ਸੀ। ਦਿਲ ਨੂੰ ਤਸੱਲੀ ਦੇਣ ਲਈ ਮਾਂ ਦੀ ਗੋਦੀ ਦਾ ਨਿੱਘ ਮਾਣਦੀਆਂ ਬਚਪਨ ਦੀ ਤਸਵੀਰਾਂ ਨੂੰ ਆਤਮਾ ਛਾਤੀ ਨਾਲ ਲਗਾ ਕੇ ਕਈ ਵਾਰ ਮਨ ਹਲਕਾ ਕਰ ਲੈਂਦਾ। ਮਾਂ ਦੀ ਅੰਤਮ ਅਰਦਾਸ ਤੇ ਘਰ 'ਚ ਸੁੱਖ ਸ਼ਾਂਤੀ ਲਈ ਪਾਠ ਰਖਾਇਆ ਗਿਆ। ਭੋਗ ਵੀ ਪੈ ਗਿਆ। ਪਰ ਆਤਮਾ ਆਪਣੇ ਕੰਮਕਾਰ ਨੂੰ ਛੱਡ ਕੇ ਯਕਦਮ ਆਪਣੇ ਵਤਨ ਵਾਪਸ ਨਹੀਂ ਸੀ ਜਾ ਸਕਦਾ। ਕਈ ਮਜਬੂਰੀਆਂ 'ਚ ਘਿਰਿਆ ਆਤਮਾ ਆਪਣੀ ਮਾਂ ਦੀ ਅੰਤਮ ਅਰਦਾਸ ਮੌਕੇ ਵੀ ਸ਼ਾਮਲ ਨਹੀਂ ਹੋ ਸਕਿਆ। ਉਹ ਆਪਣੀ ਮਾਂ ਦੀ ਅੰਤਮ ਇੱਛਾ ਜੋ ਉਸਨੂੰ ਤੱਕਣ ਦੀ ਸੀ, ਵੀ ਪੂਰੀ ਨਹੀਂ ਕਰ ਸਕਿਆ। ਹੁਣ ਘਰ 'ਚ ਇਕੱਲੀ ਉਸਦੀ ਪਤਨੀ ਪ੍ਰੀਤ ਤੇ ਦੋਵੇਂ ਲੜਕੀਆਂ ਰਹਿ ਗਈਆਂ ਸਨ।
ਕੁਝ ਸਮਾਂ ਗੁਜ਼ਰਿਆ, ਆਤਮਾ ਨੇ ਆਪਣੀਆਂ ਦੋਵੇਂ ਲੜਕੀਆਂ ਨੂੰ ਅਮਰੀਕਾ ਸੱਦਣ ਬਾਰੇ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਇਸ ਸਬੰਧੀ ਉਸਨੇ ਪ੍ਰੀਤ ਨਾਲ ਫੋਨ 'ਤੇ ਸਾਰੀ ਗੱਲਬਾਤ ਵੀ ਕਰ ਲਈ ਕਿ ਜਦੋਂ ਦੋਵੇਂ ਲੜਕੀਆਂ ਅਮਰੀਕਾ ਆ ਜਾਣਗੀਆਂ ਮਗਰੋਂ ਉਹ ਪ੍ਰੀਤ ਨੂੰ ਵੀ ਉਥੇ ਬੁਲਾ ਲਵੇਗਾ। ਥੋੜ੍ਹੇ ਹੀ ਸਮੇਂ ਬਾਅਦ ਆਤਮਾ ਦੀਆਂ ਦੋਵੇਂ ਲੜਕੀਆਂ ਦਾ ਵੀਜ਼ਾ ਅਮਰੀਕਾ ਦਾ ਲੱਗ ਗਿਆ ਤੇ ਉਹ ਅਮਰੀਕਾ ਆਪਣੇ ਪਿਤਾ ਆਤਮਾ ਕੋਲ ਪਹੁੰਚ ਗਈਆਂ। ਪਿੱਛੇ ਰਹਿ ਗਈ ਇਕੱਲੀ ਪ੍ਰੀਤ ਤੇ ਉਸਦਾ ਸੰਗਮਰਮਰੀ ਘਰ। ਆਤਮਾ ਨੇ ਆਪਣੀ ਵਿਦੇਸ਼ੀ ਕਮਾਈ ਵਿਚੋਂ ਥੋੜ੍ਹਾ-ਥੋੜ੍ਹਾ ਪੈਸਾ ਜੋੜ ਕੇ ਆਪਣੇ ਘਰ 'ਚ ਪੱਥਰ ਲਵਾ ਰੱਖਿਆ ਸੀ। ਇੱਥੋਂ ਤੱਕ ਕਿ ਉਸਨੇ ਆਪਣੇ ਘਰ ਦੀਆਂ ਕੰਧਾਂ ਵਿਚ ਵੀ ਪੱਥਰ ਜੜਿਆ ਹੋਇਆ ਸੀ। ਕਾਲੀਆਂ ਰਾਤਾਂ ਤੇ ਘਰ ਦਾ ਸਮਾਨ ਪ੍ਰੀਤ ਨੂੰ ਡੰਗ ਮਾਰਦੀਆਂ ਰਹਿੰਦੀਆਂ। ਇਕੱਲਾਪਣ ਉਸਦੀ ਜਾਨ ਦਾ ਖੌਅ ਬਣ ਗਿਆ ਸੀ। ਹਰ ਵੇਲੇ ਸੋਚਾਂ 'ਚ ਘਿਰੀ ਪ੍ਰੀਤ ਜਿਵੇਂ ਕੁਲ ਦੁਨੀਆਂ ਤੋਂ ਸੱਖਣੀ ਹੋ ਗਈ ਸੀ। ਯਾਦਾਂ ਦਾ ਝੋਰਾ ਉਸਨੂੰ ਵੱਢ-ਵੱਢ ਖਾਂਦਾ। ਥੋੜ੍ਹਾ ਖੜਾਕ ਵੀ ਉਸਨੂੰ ਆਪਣੀਆਂ ਦੋਵੇਂ ਧੀਆਂ ਦੇ ਘਰ 'ਚ ਹੋਣ ਦਾ ਭੁਲੇਖਾ ਪਾਉਂਦਾ। 'ਜਿੰਦ ਲੈ ਗਿਆ ਦਿਲਾਂ ਦਾ ਜਾਨੀ, ਬੁੱਤ ਬੇਜਾਨ ਰਹਿ ਗਿਆ' ਉਸਦੀ ਮਾਨਸਿਕ ਅਵਸਥਾ ਡਗਮਗਾ ਗਈ ਸੀ। ਕੁਝ ਦਿਨ ਪ੍ਰੀਤ ਆਪਣੇ ਘਰ ਰਹਿਣ ਪਿੱਛੋਂ ਹਟਕੋਰੇ ਲੈਂਦੀ ਆਪਣੀ ਪੇਕੇ ਘਰ ਆ ਗਈ। ਜਿੱਥੇ ਉਹ ਕੁਝ ਰਾਹਤ ਮਹਿਸੂਸ ਕਰਨ ਲੱਗੀ ਸੀ ਪਰ ਉਹ ਸਰੀਰਕ ਤੌਰ 'ਤੇ ਭਾਵੇਂ ਇੱਥੇ ਸੀ ਪਰ ਮਾਨਸਿਕ ਤੌਰ 'ਤੇ ਉਹ ਅਮਰੀਕਾ 'ਚ ਘੁੰਮ ਰਹੀ ਸੀ।
ਦੌਰ-ਏ-ਜ਼ਿੰਦਗੀ ਗੁਜ਼ਰਦੀ ਗਈ। ਦੂਰੀਆਂ ਪਾੜੇ 'ਚ ਤਬਦੀਲ ਹੋਈਆਂ। ਦਿਨ, ਹਫਤਿਆਂ 'ਚ ਤੇ ਮਹੀਨੇ ਸਾਲਾਂ 'ਚ ਬਦਲਣੇ ਸ਼ੁਰੂ ਹੋ ਗਏ ਪਰ ਪ੍ਰੀਤ ਦਾ ਅਮਰੀਕਾ ਦਾ ਵੀਜ਼ਾ ਨਾ ਲੱਗਿਆ। ਹੁਣ ਪ੍ਰੀਤ ਨੂੰ ਆਪਣੀ ਜ਼ਿੰਦਗੀ ਤੋਂ ਘਿਰਣਾ ਆਉਣੀ ਸ਼ੁਰੂ ਹੋ ਗਈ ਸੀ। ਅਮਰੀਕਾ ਤੋਂ ਆਉਂਦਾ ਧੀਆਂ ਤੇ ਉਸਦੇ ਪਤੀ ਆਤਮਾ ਫੋਨ ਵੀ ਹੁਣ ਘਟਦਾ ਜਾ ਰਿਹਾ ਸੀ। ਉਸਦੀਆਂ ਸ਼ੰਕਾਵਾਂ ਦਾ ਘੇਰਾ ਵਿਸ਼ਾਲ ਹੁੰਦਾ ਜਾ ਰਿਹਾ ਸੀ। ਮਨ 'ਚ ਉਠਦੇ ਵਾਅ-ਵਰੋਲਿਆਂ ਨੂੰ ਦਬਾਉਣ ਲਈ ਜਿਹੜੀ ਆਸ ਦਾ ਸਹਾਰਾ ਲੈ ਕੇ ਪ੍ਰੀਤ ਦਰ ਗੁਜ਼ਰ ਕਰ ਰਹੀ ਸੀ ਉਹ ਸ਼ਾਇਦ ਹੁਣ ਮੁੱਕਦੀ ਜਾ ਰਹੀ ਸੀ। ਸਾਹਾਂ ਦੀ ਲੜੀ ਹੁਣ ਟੁੱਟਦੀ ਜਾ ਰਹੀ ਸੀ। ਜਿਵੇਂ ਪ੍ਰੀਤ ਦਾ ਆਤਮਾ ਨਾਲੋਂ ਸਾਂਝ ਦਾ ਕਾਫ਼ਲਾ ਵਿਛੜਦਾ ਜਾ ਰਿਹਾ ਸੀ। ਉਹ ਸੋਚਦੀ ਜਿਵੇਂ ਆਤਮਾ ਤੇ ਉਸਦੀਆਂ ਦੋਵੇਂ ਧੀਆਂ ਨੂੰ ਉਸਦੀ ਬਿਲਕੁਲ ਲੋੜ ਮਹਿਸੂਸ ਨਹੀਂ ਹੋ ਰਹੀ। ਕਦੇ-ਕਦੇ ਉਹ ਆਤਮਾ ਨਾਲ ਆਪਣੇ ਮਨ ਦੇ ਭਰਮ ਨੂੰ ਦੂਰ ਕਰਨ ਲਈ ਦਿਲ ਦੀ ਗੱਲ ਕਰਨ ਬਾਰੇ ਵਿਚਾਰ ਬਣਾਉਂਦੀ ਪਰ ਉਸਨੂੰ ਅੰਦਰੋਂ-ਅੰਦਰੀ ਹਮੇਸ਼ਾ ਲਈ ਵਿਛੜਨ ਦਾ ਡਰ ਸਤਾਉਣ ਲੱਗ ਪੈਂਦਾ। ਜਿਸ ਨਾਲ ਉਸਦੀ ਹਿੰਮਤ, ਹੌਸਲੇ, ਇਰਾਦੇ ਪਸਤ ਹੋ ਜਾਂਦੇ। ਧਨ-ਦੌਲਤ, ਬੰਗਲਾ, ਗੱਡੀਆਂ ਦੀ ਥੋੜ੍ਹ ਨਹੀਂ ਸੀ ਪ੍ਰੀਤ ਕੋਲ, ਪਰ ਪਰਿਵਾਰ ਤੋਂ ਬਿਨਾ ਇਹ ਸਭ ਕੁਝ ਉਸਨੂੰ ਤੁਛ ਨਜ਼ਰ ਆਉਂਦਾ ਸੀ। ਸਭ ਕੁਝ ਹੋਣ ਦੇ ਬਾਵਜੂਦ ਵੀ ਉਹ ਇਕੱਲੀ ਸੀ। 'ਮੇਰੇ ਦਿਲ ਦਾ ਮਹਿਰਮ ਬੈਠਾ ਵਿਚ ਬਦੇਸ਼ਾਂ, ਦੁੱਖ ਜਿੰਦੜੀ ਦੇ ਡਾਹਢੇ ਓਹਦੇ ਬਾਜੋਂ ਕੀਹਨੂੰ ਦੱਸਾਂ'
ਆਤਮਾ ਅਮਰੀਕਾ 'ਚ ਆਪਣੀਆਂ ਪਰਿਵਾਰਕ ਜਿੰਮੇਵਾਰੀਆਂ ਨਿਭਾਉਂਦਾ ਹੋਇਆ ਪੂਰੀ ਤਰ੍ਹਾਂ ਨਾਲ ਕੰਮ 'ਚ ਮਸ਼ਰੂਫ਼ ਸੀ। ਪੁੱਤਰ ਵੀ ਸਕੂਲ ਜਾਣ ਲੱਗ ਗਿਆ ਸੀ। ਇਸੇ ਸੰਦਰਭ 'ਚ ਆਤਮਾ ਹੌਲੀ-ਹੌਲੀ ਪ੍ਰੀਤ ਨੂੰ ਫੋਨ ਕਰਨਾ ਵਿਸਾਰਦਾ ਜਾ ਰਿਹਾ ਸੀ। ਲੜਕੀਆਂ ਵੀ ਹੁਣ ਆਪਣੀ ਮਾਂ ਨੂੰ ਘੱਟ ਹੀ ਫੋਨ ਕਰਦੀਆਂ ਸਨ। ਏਧਰ ਪ੍ਰੀਤ ਆਪਣੇ ਪਰਿਵਾਰ ਦੀ ਸੁੱਖ ਸ਼ਾਂਦ ਲਈ ਹਮੇਸ਼ਾ ਦੁਆਵਾਂ ਕਰਦੀ ਤੇ ਫੋਨ ਦਾ ਇੰਤਜ਼ਾਰ ਕਰਦੀ ਰਹਿੰਦੀ। ਉਸਦਾ ਮਾਨਸਿਕ ਸੰਤੁਲਨ ਵਿਗੜਦਾ ਜਾ ਰਿਹਾ ਸੀ। ਯਾਦਦਾਸ਼ਤ ਵੀ ਕਮਜ਼ੋਰ ਹੋ ਗਈ ਸੀ। ਦੁਨੀਆਂ ਦਾ ਹਰ ਸੁੱਖ ਪ੍ਰੀਤ ਦੇ ਕਦਮਾਂ 'ਚ ਸੀ ਪਰ ਪਰਿਵਾਰ ਤੋਂ ਵਾਂਝੀ ਨੂੰ ਸਾਰੇ ਸੁੱਖ ਤੁਛ ਨਜ਼ਰ ਆਉਂਦੇ ਸਨ। ਮਜ਼ਧਾਰ 'ਚ ਫਸੀ ਕਿਸ਼ਤੀ ਕਿਸੇ ਕਿਨਾਰੇ ਨਾ ਲੱਗਦੀ ਜਾਪਦੀ ਸੀ। ਬਿੜ੍ਹਕਾਂ ਹੀ ਹੁਣ ਉਸਦੀ ਜ਼ਿੰਦਗੀ ਜਿਉਣ ਦਾ ਸਹਾਰਾ ਬਣ ਰਹੀਆਂ ਸਨ। ਉਦਾਸ ਆਲਮ, ਸੁਧ-ਬੁਧ ਗੁਆਚੀ, ਪ੍ਰੀਤ ਹੁਣ ਬਿਲਕੁਲ ਕਮਲੀ ਹੋ ਗਈ ਸੀ। ਜਦੋਂ ਵੀ ਕੋਈ ਘਰ ਦਾ ਬੂਹਾ ਖੜਕਾਉਂਦਾ ਤਾਂ ਉਹ ਦੌੜ ਕੇ ਜਾਂਦੀ, ਜਿਹੜਾ ਵੀ ਆਉਂਦਾ ਉਸਨੂੰ ਪੁੱਛਦੀ ਉਹ ਨਹੀਂ ਆਏ, ਕਿੱਥੇ ਨੇ ਉਹ... ਉਹ ਮੇਰੀ ਜਿੰਦਗੀ... ਉਹ ਮੇਰੀ ਜਾਨ... ਕਿੱਥੇ ਮੇਰੀਆਂ ਧੀਆਂ... ਮੇਰਾ ਹਮਸਾਇਆ, ਮੇਰਾ ਹਮਸਫ਼ਰ... ਮੇਰੇ ਸਿਰ ਦਾ ਸਾਈਂ... ਮੇਰੀ ਆਤਮਾ... ਕਦੋਂ ਪਰਤੇਗੀ ਮੇਰੀ ਆਤਮਾ।
- ਸੋਹਣ ਸਿੰਘ ਸੋਨੀ
#24/ਐਫ, ਰਾਜਪੁਰਾ ਕਲੋਨੀ,
ਪਟਿਆਲਾ। ਮੋਬਾ : 99156-28853
awalpreetsinghalam@gmail.com
-
ਸੋਹਣ ਸਿੰਘ ਸੋਨੀ, ਲੇਖਕ
awalpreetsinghalam@gmail.com
99156-28853
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.