ਸਾਹਿਤ ਸਿਰਜਣਾ ਦਾ ਵਹਿੰਦਾ ਦਰਿਆ, ਨਿਮਰ ਸੀਰਤ, ਸੰਜਮ ਦੀ ਸਿਖਰ ਅਤੇ ਤਿਆਗ ਦਾ ਮੁਜੱਸਮਾ ਹੈ ਡਾ. ਰਾਜਵੰਤ ਕੌਰ ਪੰਜਾਬੀ। ਉਨ੍ਹਾਂ ਦਾ ਪੰਜਾਬੀ ਸਾਹਿਤ, ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿਚ ਵੱਡਾ ਯੋਗਦਾਨ ਹੈ।
ਉਨ੍ਹਾਂ ਦਾ ਜਨਮ ਪਿਤਾ ਸੁਰਜੀਤ ਸਿੰਘ ਅਤੇ ਮਾਤਾ ਮਨਜੀਤ ਕੌਰ ਦੇ ਗ੍ਰਹਿ ਵਿਖੇ 1 ਜੁਲਾਈ 1968 ਨੂੰ ਗੁਰੂ ਹਰ ਸਹਾਏ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਹੋਇਆ। ਬਚਪਨ 'ਚ ਦਾਦੀ ਤੋਂ ਸੁਣੀਆਂ ਲੋਕ-ਕਹਾਣੀਆਂ ਨੇ ਉਸਦੀ ਰੌਚਕਤਾ ਅਤੇ ਕਲਪਨਾ ਨੂੰ ਪ੍ਰਫੁਲਤ ਕੀਤਾ।
ਪੰਜਾਬੀ ਯੂਨੀਵਰਸਿਟੀ 'ਚ ਛੇਵੀਂ ਜਮਾਤ 'ਚ ਪੜ੍ਹਦੀ ਰਾਜਵੰਤ ਕੌਰ ਪੰਜਾਬੀ ਨੂੰ ਮਿੰਨੀ ਕਹਾਣੀਕਾਰਾ ਰਾਜਿੰਦਰ ਕੌਰ ਵੰਤਾ ਨੇ ਸਾਹਿਤ ਰਚਨਾ ਦਾ ਜਾਗ ਲਗਾਇਆ। ਐਮਏ (ਪੰਜਾਬੀ ਅਤੇ ਧਰਮ ਅਧਿਐਨ), ਬੀਐਡ ਤੋਂ ਇਲਾਵਾ 'ਪੰਜਾਬ ਦੇ ਵਿਆਹ ਸਮੇਂ ਲੋਕਗੀਤਾਂ ਵਿਚ ਭਾਗ ਸੰਚਾਰ' ਵਿਸ਼ੇ ਵਿਚ ਪੀਐਚਡੀ ਪੜ੍ਹੀ ਰਾਜਵੰਤ ਕੌਰ ਪੰਜਾਬੀ ਨੂੰ ਉਰਦੂ ਅਤੇ ਫ਼ਾਰਸੀ ਭਾਸ਼ਾਵਾਂ ਦਾ ਗਿਆਨ ਵੀ ਹੈ। ਉਨ੍ਹਾਂ ਨੇ ਇਕ ਦਰਜਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਜਿਨ੍ਹਾਂ ਵਿਚੋਂ 'ਵਿਆਹ ਦੇ ਲੋਗਗੀਤ ਵਿਭਿੰਨ ਪਰਿਪੇਖ', 'ਪਾਣੀ ਵਾਰ ਬੰਨ੍ਹੇ ਦੀਏ ਮਾਏ', 'ਸਿਹਰਾ ਅਤੇ ਸਿੱਖਿਆ ਸੰਕਲਨ ਤੇ ਮੁਲਾਂਕਣ' ਅਤੇ 'ਰੰਗਲਾ ਪੰਜਾਬ ਮੇਰਾ' ਪੁਸਤਕਾਂ ਜ਼ਿਕਰਯੋਗ ਹੈ। ਉਨ੍ਹਾਂ ਵੱਲੋਂ ਅਨੁਵਾਦਿਤ ਪੁਸਤਕਾਂ 'ਪੰਜਾਬੀ ਜ਼ੁਬਾਨ ਨਹੀਂ ਮਰੇਗੀ' ਅਤੇ 'ਜ਼ੁਬਾਨ ਦਾ ਕਤਲ ਤੇ ਹੋਰ ਕਹਾਣੀਆਂ' ਉਨ੍ਹਾਂ ਦੀ ਕਲਮ ਪ੍ਰਤਿਭਾ ਨੂੰ ਪ੍ਰਗਟ ਕਰਦੀਆਂ ਹਨ।
ਉਨ੍ਹਾਂ ਨੂੰ ਬਾਲ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਦੀ ਜੀਵਨ ਸਾਥਣ ਬਣਨ ਦਾ ਸੁਭਾਗ ਪ੍ਰਾਪਤ ਹੋਇਆ।
ਮੌਜੂਦਾ ਸਮੇਂ 'ਚ ਉਹ ਪੰਜਾਬੀ ਯੂਨੀਵਰਸਿਟੀ ਵਿਚ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾ ਨਿਭਾਅ ਰਹੇ ਹਨ। ਵਿਦਿਆਰਥੀਆਂ ਨੂੰ ਯੋਗ ਅਗਵਾਈ ਦੇਣੀ ਅਤੇ ਮੰਜਲਾਂ ਤੱਕ ਪਹੁੰਚਾਉਣਾ ਉਨ੍ਹਾਂ ਦਾ ਉਦੇਸ਼ ਹਨ। ਉਨ੍ਹਾਂ ਕਈ ਸੈਮੀਨਾਰਾਂ ਤੇ ਸਾਹਿਤ ਸਮਾਰੋਹਾਂ ਮੌਕੇ ਪਰਚੇ ਵੀ ਪੜ੍ਹੇ। ਕਲਮ ਸਦਕਾ ਉਨ੍ਹਾਂ ਨੂੰ ਕਈ ਸਨਮਾਨ ਵੀ ਪ੍ਰਾਪਤ ਹੋ ਚੁੱਕੇ ਹਨ। ਰੱਬ ਦੀ ਰਜ਼ਾ ਵਿਚ ਰਹਿਣ ਵਾਲੇ ਰਾਜਵੰਤ ਕੌਰ ਪੰਜਾਬੀ ਧੀ, ਭੈਣ, ਪਤਨੀ ਅਤੇ ਮਾਂ ਦੇ ਰੂਪ ਵਿਚ ਕੁਰਬਾਨੀ ਦੀ ਮਿਸਾਲ ਹੈ। ਉਨ੍ਹਾਂ ਵੱਲੋਂ ਰਚਿਤ ਸਾਹਿਤ ਅਜੋਕੀ ਪੀੜ੍ਹੀ ਲਈ ਪ੍ਰੇਰਣਾ ਸਰੋਤ ਹੈ। ਔਰਤਾਂ ਨੂੰ ਬਰਾਬਰ ਹੱਕ, ਮਾਨ-ਸਨਮਾਨ ਦੀ ਗੱਲ ਕਰਨਾ ਉਨ੍ਹਾਂ ਦੀਆਂ ਰਚਨਾਵਾਂ ਦਾ ਵਿਸ਼ੇਸ਼ ਹਿੱਸਾ ਹਨ। ਪ੍ਰਮਾਤਮਾ ਕਰੇ ਪੰਜਾਬ ਦੀ ਧੀ ਰਾਜਵੰਤ ਕੌਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਚੜ੍ਹਦੀਕਲਾ 'ਚ ਰਹਿਣ।
ਸੋਹਣ ਸਿੰਘ ਸੋਨੀ,
#24/ਐਫ, ਰਾਜਪੁਰਾ ਕਲੋਨੀ, ਪਟਿਆਲਾ।
ਮੋਬਾ : 99156-28853
ਈਮੇਲ : awalpreetsinghalam@gmail.com
-
ਸੋਹਣ ਸਿੰਘ ਸੋਨੀ, ਲੇਖਕ
awalpreetsinghalam@gmail.com
99156-28853
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.