ਖਿਡਾਰੀ ਹਰ ਦੇਸ਼ ਦੀ ਸ਼ਾਨ ਹੁੰਦੇ ਹਨ ਕਿਉਂ ਕਿ ਦੇਸ਼ ਦਾ ਨਾਮ ਰੌਸ਼ਨ ਕਰਨ 'ਚ ਖਿਡਾਰੀ ਅਹਿਮ ਭੂਮਿਕਾ ਨਿਭਾਉਂਦੇ ਹਨ। ਜਦੋਂ ਕਿਸੇ ਵੀ ਦੇਸ਼ ਜਾਂ ਰਾਜ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਓਸ 'ਚ ਖੇਡਾਂ ਦੀਆਂ ਪ੍ਰਾਪਤੀਆਂ ਨੂੰ ਵੀ ਪਹਿਲੇ ਸਥਾਨ 'ਤੇ ਗਿਣਿਆ ਜਾਂਦਾ ਹੈ। ਖਿਡਾਰੀ ਦਿਨ ਰਾਤ ਇੱਕ ਕਰ ਮਿਹਨਤ ਕਰਦੇ ਹਨ ਤੇ ਦੇਸ਼ ਲਈ ਤਗ਼ਮਾ ਲਿਆਉਣ ਦੇ ਯਤਨਾਂ 'ਚ ਨਿਰੰਤਰ ਲੱਗੇ ਰਹਿੰਦੇ ਹਨ। ਕਈ ਖਿਡਾਰੀਆਂ ਦਾ ਤਾਂ ਬਚਪਨ ਵੀ ਮੈਦਾਨ 'ਚ ਗੁਜ਼ਰ ਦਾ ਹੈ ਤੇ ਜਵਾਨੀ ਵੀ। ਅਜਿਹੇ ਖਿਡਾਰੀ ਖੇਡ ਨੂੰ ਹੀ ਆਪਣਾ ਸਭ ਤੋਂ ਵੱਡਾ ਸਾਥੀ ਮੰਨ ਲੈਂਦੇ ਹਨ। ਉਨ੍ਹਾਂ ਲਈ ਦੁਨੀਆ ਦਾ ਕੋਈ ਐਸ਼ੋ ਆਰਾਮ ਮਾਇਨੇ ਨਹੀਂ ਰੱਖਦਾ। ਪਰ ਅਫਸੋਸ ਤਾਂ ਉਸ ਸਮੇਂ ਹੁੰਦਾ ਹੈ ਜਦੋਂ ਇਨ੍ਹਾਂ ਖਿਡਾਰੀਆਂ ਨੂੰ ਉਨ੍ਹਾਂ ਦੁਆਰਾ ਕੀਤੀ ਮਿਹਨਤ ਦਾ ਫਲ ਨਹੀਂ ਮਿਲਦਾ। ਜਿਸ ਖਿਡਾਰੀ ਨੂੰ ਫਲ ਨਹੀਂ ਮਿਲਦਾ ਉਸ ਨੂੰ ਤਾਂ ਨਿਰਾਸ਼ਾ ਹੋਣੀ ਹੀ ਹੁੰਦੀ ਹੈ ਉਸ ਦੇ ਨਾਲ ਨਾਲ ਓਸ ਦੇ ਪ੍ਰਸੰਸ਼ਕਾਂ ਦਾ ਵੀ ਦਿਲ ਟੁੱੱਟ ਜਾਂਦਾ ਹੈ। ਅਜਿਹਾ ਸਾਡੇ ਦੇਸ਼ ਵਿੱਚ ਕਈ ਦਹਾਕਿਆਂ ਤੋਂ ਹੁੰਦਾ ਆ ਰਿਹਾ ਹੈ, ਕਿ ਜਿਸ ਖਿਡਾਰੀ ਨੇ ਕੋਈ ਤਗ਼ਮਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਹੁੰਦਾ ਹੈ ਓਹੀ ਖਿਡਾਰੀ ਚੰਗੇ ਇਨਾਮ ਤੋਂ ਵਾਂਝਾ ਰਹਿ ਜਾਂਦਾ ਹੈ।
ਅਜਿਹਾ ਹੀ ਕੁੱਝ ਰੀਓ ਓਲੰਪਿਕ 'ਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਸਾਕਸ਼ੀ ਮਲਿਕ ਨਾਲ ਹੋਇਆ ਹੈ। ਜਿਸ ਨੂੰ ਹਰਿਆਣਾ ਸਰਕਾਰ ਨੇ ਓਲੰਪਿਕ 'ਚ ਤਗ਼ਮਾ ਜਿੱਤ ਲੈਣ ਤੋਂ ਬਾਅਦ ਐਲਾਨ ਕੀਤਾ ਸੀ ਕਿ ਉਹ ਸਾਕਸ਼ੀ ਨੂੰ 3.5 ਕਰੋੜ ਦਾ ਨਕਦ ਇਨਾਮ ਦੇਵੇਗੀ। ਪਰ ਹੁਣ ਤੱਕ ਸਰਕਾਰ ਨੇ ਸਾਕਸ਼ੀ ਨੂੰ ਕੁੱਝ ਵੀ ਨਹੀਂ ਦਿੱਤਾ। ਇਹ ਦਰਦ ਸਾਕਸ਼ੀ ਮਲਿਕ ਨੇ ਖੁਦ ਟਵੀਟ ਕਰ ਸੁਣਾਇਆ ਹੈ। ਸਾਕਸ਼ੀ ਨੇ ਕਿਹਾ 'ਮੈਂ ਤਾਂ ਆਪਣਾ ਤਗ਼ਮਾ ਜਿੱਤ ਕੇ ਵਾਅਦਾ ਪੂਰਾ ਕਰ ਦਿੱਤਾ ਪਰ ਹੁਣ ਸਰਕਾਰ ਕਦੋਂ ਆਪਣਾ ਵਾਅਦਾ ਪੂਰਾ ਕਰੇਗੀ।ਉਸ ਨੇ ਕਿਹਾ, 'ਕੀ ਹਰਿਆਣਾ ਸਰਕਾਰ ਨੇ ਤਗ਼ਮਾ ਜਿੱਤਣ ਤੋਂ ਬਾਅਦ ਇਨਾਮ ਦੇਣ ਦੀ ਗੱਲ ਸਿਰਫ਼ ਮੀਡੀਆ ਲਈ ਕੀਤੀ ਸੀ? ਦਰਅਸਲ ਹਰਿਆਣਾ ਸਰਕਾਰ ਨੇ ਓਲੰਪਿਕ ਖੇਡਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਜੋ ਵੀ ਖਿਡਾਰੀ ਤਗ਼ਮਾ ਜਿੱਤੇਗਾ ਉਸ ਨੂੰ ਨਕਦ ਰਾਸ਼ੀ ਨਾਲ ਨਿਵਾਜ਼ਿਆ ਜਾਵਗੇ। ਜਿਸ ਤਹਿਤ ਸੋਨ ਤਗ਼ਮਾ ਜਿੱਤਣ ਵਾਲੇ ਨੂੰ 6 ਕਰੋੜ, ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਨੂੰ 4 ਕਰੋੜ ਤੇ ਕਾਂਸੇ ਦਾ ਤਗ਼ਮਾ ਜਿੱਤਣ ਵਾਲੇ ਨੂੰ 2.5 ਕਰੋੜ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਸਾਕਸ਼ੀ ਓਲੰਪਿਕ ਖੇਡਾਂ ਵਿੱਚ ਕੁਸ਼ਤੀ 'ਚੋਂ ਤਗ਼ਮਾ ਜਿੱਤਣ ਵਾਲੀ ਪਹਿਲੀ ਮਹਿਲਾ ਭਾਰਤੀ ਖਿਡਾਰਨ ਬਣੀ ਸੀ। ਜਿਸ ਕਾਰਨ ਹਰਿਆਣਾ ਸਰਕਾਰ ਨੇ ਉਸ ਨੂੰ 3.5 ਕਰੋੜ ਦੇਣ ਦਾ ਐਨਾਲ ਕੀਤਾ ਸੀ।
ਸਾਕਸ਼ੀ ਮਲਿਕ ਦੀ ਉਣਾਹਰਣ ਦੇਣੀ ਤਾਂ ਪਈ ਕਿਉਂ ਕਿ ਇਹ ਤਾਜ਼ਾ ਵਾਕਿਆ ਹੈ। ਪਰ ਪੂਰੇ ਭਾਰਤ 'ਚ ਅਜਿਹੇ ਅਣਗਿਣਤ ਖਿਡਾਰੀ ਹਨ ਜੋ ਖੇਡਾਂ 'ਚ ਵੱਡੇ ਵੱਡੇ ਕੀਰਤੀਮਾਨ ਸਥਾਪਿਤ ਕਰਨ ਦੇ ਬਾਵਜੂਦ ਵੀ ਸਮੇਂ ਦੀਆਂ ਸਰਕਾਰਾਂ ਦੇ ਲਾਰਿਆਂ ਕਾਰਨ ਮਾੜਾ ਜੀਵਨ ਬਤੀਤ ਕਰ ਰਹੇ ਹਨ। ਕਈ ਖਿਡਾਰੀਆਂ ਦਾ ਤਾਂ ਤੋਰੀ ਫੁਲਕਾ ਵੀ ਬੜੀ ਮੁਸ਼ਕਿਲ ਨਾਲ ਚੱਲਦਾ ਹੈ। ਪਰ ਸਾਡੀਆਂ ਸਰਕਾਰਾਂ ਜਾਗਦੇ ਹੋਏ ਵੀ ਗਹਿਰੀ ਨੀਂਦ 'ਚ ਸੁੱਤੀਆਂ ਰਹਿੰਦੀਆਂ ਹਨ। ਜਦੋਂ ਇੱਕ ਖਿਡਾਰੀ ਖੁੱਲ੍ਹੇ ਆਮ ਮੀਡੀਆ 'ਚ ਗੱਲ ਕਹਿੰਦਾ ਹੈ ਕਿ ਸਾਨੂੰ ਕੁੱਝ ਨਹੀਂ ਮਿਲਿਆ ਤਾਂ ਓਸ ਰਾਜ ਲਈ ਇਸ ਤੋਂ ਵੱਡੀ ਨਾਮੋਸ਼ੀ ਦੀ ਗੱਲ ਕੀ ਹੋ ਸਕਦੀ ਹੈ। ਸਾਡੇ ਦੇਸ਼ 'ਚ ਸਰਕਾਰਾਂ ਨੂੰ ਤਾਂ ਵੋਟਾਂ ਨਜ਼ਦੀਕ ਆਉਣ 'ਤੇ ਹੀ ਖਿਡਾਰੀ ਚੇਤੇ ਆਉਂਦੇ ਹਨ। ਪਹਿਲਾਂ ਖਿਡਾਰੀ ਭਾਵੇਂ ਭੁੱਖੇ ਮਰੀ ਜਾਣ ਪਰ ਵੋਟਾਂ ਨੇੜੇ ਆ ਕੇ ਖਿਡਾਰੀਆਂ ਨੂੰ ਨੌਕਰੀਆਂ ਦੇਣੀਆਂ ਯਾਦ ਆ ਜਾਂਦੀਆਂ ਹਨ ਤੇ ਨੌਕਰੀਆਂ ਦੇਣ ਤੋਂ ਬਾਅਦ ਇਸ ਦਾ ਵਿਰਲਾਪ ਉਹ ਸਰਕਾਰ ਬਣਨ 'ਤੇ ਪੰਜ ਸਾਲ ਗਾਈ ਜਾਂਦੀਆਂ ਹਨ। ਖਿਡਾਰੀ ਨੂੰ ਨੌਕਰੀ ਦੇਣਾ ਸਰਕਾਰ ਦਾ ਫਰਜ਼ ਹੈ ਕਿਉਂ ਕਿ ਉਹ ਮਰ ਖਪ ਕੇ ਤਗ਼ਮਾ ਜਿੱਤ ਰਾਜ ਦਾ ਤੇ ਦੇਸ਼ ਦਾ ਨਾਮ ਰੌਸ਼ਨ ਕਰਦਾ ਹੈ। ਪਰ ਸਾਡੇ ਸਿਆਸਤਦਾਨਾਂ ਨੂੰ ਖਿਡਾਰੀ ਕਦੇ ਨਜ਼ਰ ਨਹੀਂ ਆਉਂਦੇ।
ਸਾਡੇ ਦੇਸ਼ ਦੇ ਖਿਡਾਰੀ ਉੱਚ ਪੱਧਰੀ ਸਹੂਲਤਾਂ ਨਾ ਮਿਲਣ ਦੀ ਗੱਲ ਆਮ ਕਰਦੇ ਰਹਿੰਦੇ ਹਨ। ਪਰ ਖੇਡਾਂ ਨੂੰ ਸੰਭਾਲਣ ਵਾਲਿਆਂ ਦੇ ਕੰਨੀ ਜੂੰ ਨਹੀਂ ਸਰਕਦੀ। ਸਾਡੇ ਦੇਸ਼ ਦੇ ਖਿਡਾਰੀਆਂ ਨੂੰ ਉੱਚ ਪੱਧਰੀ ਸਹੂਲਤਾਂ ਨਾ ਮਿਲਣੀਆਂ ਦੇਸ਼ ਦਾ ਖੇਡਾਂ ਵਿੱਚ ਫਾਡੀ ਹੋਣਾ ਮੁੱਖ ਕਾਰਨ ਹੈ। ਜੋ 2016 ਦੀਆਂ ਓਲੰਪਿਕ ਖੇਡਾਂ 'ਚ ਭਾਰਤੀ ਖਿਡਾਰੀਆਂ ਨਾਲ ਹੋਇਆ ਸਭ ਨੇ ਦੇਖਿਆ। ਕਈ ਖਿਡਾਰੀਆਂ ਨੂੰ ਬੱਸਾਂ ਦਾ ਕਿਰਾਇਆ ਆਪ ਲਗਾ ਕੇ ਜਾਣਾ ਪਿਆ ਤੇ ਉੱਥੇ ਜਾ ਕੇ ਵੀ ਕਈ ਖਿਡਾਰੀਆਂ ਨੇ ਇਹ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਭਾਰਤੀ ਪ੍ਰਬੰਧਕਾਂ ਨੇ ਸਹੂਲਤਾਂ ਨਹੀਂ ਦਿੱਤੀਆਂ। ਅਜਿਹੇ 'ਚ ਤਗ਼ਮੇ ਦੀ ਆਸ ਖਿਡਾਰੀਆਂ ਪਾਸੋਂ ਕਿਸ ਤਰ੍ਹਾਂ ਲਗਾਈ ਜਾ ਸਕਦੀ ਹੈ? ਇਹ ਤਾਂ ਗੱਲ ਰਹੀ ਖਿਡਾਰੀਆਂ ਨੂੰ ਸਹੂਲਤਾਂ ਨਾ ਮਿਲਣ ਦੀ ਪਰ ਜੋ ਖਿਡਾਰੀ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕਰਕੇ ਆਉਂਦਾ ਹੈ ਓਸ ਨੂੂੰ ਕਿਉਂ ਨੀ ਵੱਡਾ ਇਨਾਮ ਦੇ ਕੇ ਸਨਮਾਨਿਆ ਜਾਂਦਾ। ਜੇਕਰ ਅਜਿਹੇ ਖਿਡਾਰੀਆਂ ਨੂੰ ਇਨਾਮ ਦਿੱਤੇ ਜਾਣਗੇ ਤਾਂ ਹੀ ਕੱਲ੍ਹ ਨੂੰ ਨੌਜਵਾਨ ਖਿਡਾਰੀ ਖੇਡਾਂ ਵੱਲ ਪ੍ਰੇਰਿਤ ਹੋਣਗੇ। ਇਹ ਜ਼ਰੂਰੀ ਨਹੀਂ ਕਿ ਹਮੇਸ਼ਾ ਓਲੰਪਿਕ ਜਾਂ ਕੋਈ ਹੋਰ ਅੰਤਰਰਾਸ਼ਟਰੀ ਟੂਰਨਾਮੈਂਟ ਜਿੱਤਣ ਦੇ ਬਾਅਦ ਹੀ ਖਿਡਾਰੀ ਨੂੰ ਇਨਾਮ ਜਿੱਤਾ ਜਾਵੇ ਸਗੋਂ ਜਦੋਂ ਖਿਡਾਰੀ ਉਭਰ ਰਿਹਾ ਹੁੰਦਾ ਹੈ ਉਹੀ ਸਮਾਂ ਹੁੰਦਾ ਹੈ ਉਸਦੀ ਹੌਂਸਲਾਹਫਜ਼ਾਈ ਕਰਨ ਦਾ। ਛੋਟੀ ਉਮਰੇ ਖਿਡਾਰੀ ਦੀ ਕੀਤੀ ਗਈ ਹੌਂਸਲਾਹਫਜ਼ਾਈ ਟੌਨਿਕ ਦਾ ਕੰਮ ਕਰਦੀ ਹੈ ਜੋ ਅੱਗੇ ਜਾ ਕੇ ਓਸਦੀ ਕਾਮਯਾਬੀ ਦਾ ਕਾਰਨ ਬਣ ਸਕਦੀ ਹੈ।
ਸੋ ਅੱਜ ਸਮੇਂ ਦੀ ਲੋੜ ਹੈ ਕਿ ਸਰਕਾਰਾਂ ਖਿਡਾਰੀਆਂ ਦੀ ਬਾਂਹ ਫੜਨ। ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦੇਣ। ਖਿਡਾਰੀਆਂ ਲਈ ਵੱਡੇ ਉਪਰਾਲੇ ਕਰਨ ਤੇ ਉਨ੍ਹਾਂ ਨੂੰ ਹਰ ਉੱਚ ਪੱਧਰੀ ਸਹੂਲਤਾਂ ਮੁਹੱਈਆ ਕਰਵਾਉਣ। ਸਰਕਾਰਾਂ ਨੂੰ ਕਿਸੇ ਇੱਕ ਖੇਡ ਵੱਲ ਕੇਂਦਰਿਤ ਹੋਣ ਦੀ ਥਾਂ ਹਰ ਖੇਡ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਸਰਕਾਰ ਖਿਡਾਰੀਆਂ ਲਈ ਵਿਸ਼ੇਸ਼ ਨੀਤੀਆਂ ਬਣਾਵੇ ਤੇ ਉਨ੍ਹਾਂ ਨੀਤੀਆਂ ਨੂੰ ਪੂਰਾ ਕਰਨ ਲਈ ਸਹੀ ਬੰਦਿਆਂ ਨੂੰ ਰੱਖੇ। ਜੇਕਰ ਸਰਕਾਰ ਇਹ ਉਪਰਾਲੇ ਕਰਦੀ ਹੈ ਤਾਂ ਹੀ ਸਾਡੇ ਦੇਸ਼ ਨੂੰ ਖੇਡਾਂ 'ਚ ਮੋਹਰੀ ਹੋਣ ਤੋਂ ਕਈ ਨਹੀਂ ਰੋਕ ਸਕਦਾ।
-
ਹਰਪਿੰਦਰ ਸਿੰਘ ਟੌਹੜਾ, ਲੇਖਕ
tiwana.harpinder7@gmail.com
98140 02555
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.