ਖ਼ਬਰ ਹੈ ਕਿ ਪਿਤਾ ਸ਼ਹਾਦਤ ਲਈ ਪਾਕਿਸਤਾਨ ਨੂੰ ਕਲੀਨ ਚਿੱਟ ਦੇਣ ਵਾਲੀ ਅਤੇ ਜੰਗ ਨੂੰ ਸ਼ਹਾਦਤ ਦੀ ਜ਼ੁੰਮੇਵਾਰ ਮੰਨਣ ਵਾਲੀ ਗੁਰਮੇਹਰ ਕੌਰ 'ਤੇ ਹਰਿਆਣਾ ਵਿਧਾਨ ਸਭਾ ਵਿਚ ਜਬਰਦਸਤ ਹੰਗਾਮਾ ਹੋਇਆ । ਗੁਰਮੇਹਰ ਕੌਰ ਦਾ ਸਮਰਥਨ ਕਰਨ ਵਾਲੇ ਇਨੈਲੋ ਵਿਧਾਇਕਾਂ ਨੂੰ ਸੂਬੇ ਦੇ ਮੰਤਰੀ ਅਨਿਲ ਵਿੱਜ ਨੇ ਦੇਸ਼ ਧ੍ਰੋਹੀ ਕਰਾਰ ਦਿੱਤਾ।ਉਧਰ ਆਮ ਆਦਮੀ ਪਾਰਟੀ ਨੇ ਗੁਰਮੇਹਰ ਕੌਰ ਦੇ ਹੱਕ 'ਚ ਆਵਾਜ਼ ਉਠਾਈ ਹੈ ਅਤੇ ਸੰਦੇਹ ਪ੍ਰਗਟ ਕੀਤਾ ਹੈ ਕਿ ਏ. ਬੀ. ਵੀ. ਪੀ. ਵਰਕਰਾਂ ਤੋਂ ਗੁਰਮੇਹਰ ਕੌਰ ਦੀ ਜਾਨ ਨੂੰ ਖਤਰਾ ਹੈ। ਯੂਨੀਵਰਸਿਟੀਆਂ 'ਚ ਹੁੰਦੀ ਹਿੰਸਾ ਤੇ ਚਿੰਤਾ ਪ੍ਰਗਟ ਕਰਦਿਆਂ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਕਿਹਾ ਕਿ “ਅਸਿਹਨਸ਼ੀਲਤਾ ਭਾਰਤੀ“ ਲਈ ਦੇਸ਼ ਚ ਕੋਈ ਸਥਾਨ ਨਹੀਂ ਹੋਣਾ ਚਾਹੀਦਾ । ਉਨਾਂ ਕਿਹਾ ਕਿ ਭਾਰਤ ਪੁਰਾਣੇ ਸਮੇਂ ਤੋਂ ਹੀ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ, ਸੋਚ ਅਤੇ ਭਾਸ਼ਣ ਦੇ ਪੱਖ 'ਚ ਰਿਹਾ ਹੈ।
ਵਾਹ!! ਗੁਰੂਆਂ, ਪੀਰਾਂ, ਫਕੀਰਾਂ, ਪਗੰਬਰਾਂ, ਦੀ ਧਰਤੀ ਦੇ ਜਾਏ “ਭਾਰਤੀ“ ਇਨਾਂ ਦਿਨਾਂ 'ਚ ਬਹੁਤੇ ਹੀ ਸਹਿਨਸ਼ੀਲ“ਹੋਏ ਬੈਠੇ ਹਨ, ਜਿਨਾਂ ਨੂੰ 20 ਵਰਿਆਂ ਦੀ ਅੱਲੜ ਮੁਟਿਆਰ ਦੇ ਬੋਲ ਕਿ “ਦੇਸ਼ ਨਹੀਂ ਜੰਗ“ ਸਰਹੱਦ ਉਤੇ ਖੜਨ ਵਾਲੇ ਸਿਪਾਹੀਆਂ ਦੀ ਸ਼ਹਾਦਤ ਦੀ ਜੁੰਮੇਵਾਰ ਹੁੰਦੀ ਹੈ, ਜਿਹੇ ਬੋਲ 'ਅਸਹਿਣਸ਼ੀਲ' ਕਰ ਦੇਂਦੇ ਹਨ । ਉਨਾਂ ਨੂੰ ਇੱਕ ਸਧਾਰਨ ਲੜਕੀ ਦੇ ਸੁਚੱਜੇ ਬੋਲਾਂ ਵਿਚੋ ਦੇਸ਼ ਧ੍ਰੋਹ ਦੀ ਬੂ ਆਉਣ ਲੱਗ ਪੈਂਦੀ ਹੈ ।
ਵਾਹ!! ਸਹਿਨਸ਼ੀਲ ਦੇਸ਼ ਦੇ “ਅਸਹਿਣਸ਼ੀਲ” ਭਾਰਤੀਓ !! ਅੱਲੜ ਕੁੜੀ ਨੂੰ ਖਤਮ ਕਰਨ ਜਾਂ ਰੇਪ ਦੀਆਂ ਧਮਕੀਆਂ ਦੇਣ ਨਾਲ ਕਿਹੜਾ ਦੇਵਤਾ ਖੁਸ਼ ਹੋਇਆ? ਵੇਖੋ ਨਾ ਵੇਖੋ ਨਾ ਸ਼ਹਿਨਸ਼ੀਲ ਬੰਦਿਆਂ ਦੀਆਂ “ਸ਼ਹਿਨਸ਼ੀਲ ਬਾਤਾਂ ! ਉਜੈਨ ਦੇ ਆਰ. ਐਸ. ਐਸ. ਮਹਾਂਨਗਰ ਪ੍ਰਚਾਰ ਮੁਖੀ ਕੁੰਦਨ ਚੰਦਰਾਵਨ ਨੇ ਇੱਕ ਅਜੀਬ ਫਰਮਾਨ ਜਾਰੀ ਕੀਤਾ ਹੈ । ਉਸ 'ਨੇ ਕੇਰਲ ਦੇ ਮੁਖਮੰਤਰੀ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕੀਤਾ । ਪੂਰੇ ਦੇਸ਼ 'ਚ “ਆਪਣਾ ਰਾਜ”, ਬੱਸ ਆਪਣਾ ਰਾਜ ” ਦੀ ਰੱਟ ਲਾਕੇ ਦੂਜਿਆਂ ਨੂੰ ਸਿੱਖਣ ਵਾਲਾ “ਸਹਿਨਸ਼ੀਲ ” ਕਦਮ ਤਾਂ ਭਾਈ ਦਮਗਜੇ ਮਾਰਨ ਵਾਲੇ ਹੀ ਕਰ ਸਕਦੇ ਹਨ ! ਗੋਧਰਾ! ਚੋਰਾਸੀ ਕਤਲੇਆਮ ! ਦੇਸ਼ ਦੀ ਵੰਡ ਦਾ ਬਿਰਤਾਂਤ!! ਲੱਖਾਂ ਲਾਸ਼ਾਂ!! ਕਰੋੜਾਂ ਅਰਬਾਂ ਚੀਕਾਂ!!!“ਸਹਿਨਸ਼ੀਲਤਾ” ਤੇ “ਗਣਰਾਜ” ਦੇ ਮੱਥੇ ਉੱਤੇ ਕਾਲਾ ਟਿੱਕਾ ਹੀ ਤਾਂ ਹਨ, ਜਿਹੜਾ ਨਿੱਤ ਪ੍ਰਤੀ ਵੱਧ ਫੁੱਲ ਰਿਹਾ, ਦੇਸ਼ 'ਚ ਕੰਗਾਲੀ ਵਾਂਗਰ ਭੁੱਖ ਮਰੀ ਵਾਂਗਰ, ਬੇਰੁਜਗਾਰੀ ਵਾਂਗਰ, ਗੁੰਡਾਗਰਦੀ ਵਾਂਗਰ । ਪਰ ਇਨਾਂ ਕਾਲੇ ਟਿੱਕਿਆ ਵਿੱਚਕਾਰਂੋ,ਆਸ ਦੀ ਕਿਰਨ ਵਰਗੇ ਟੁਕਵੇਂ ਬੋਲਾਂ ਨੂੰ ਭਲਾ ਕੋਈ ਰੋਕ ਸਕਦਾ ਹੈ!! ਇਹ ਤਾਂ ਸਮੇਂ ਦੇ ਬੋਲ ਹਨ, ਜੋ ਅਣਖ ਜੁੱਰਅਤ ਨਾਲ ਆਪਣੀ ਗੱਲ ਕਹਿੰਦੇ ਹੀ ਰਹਿੰਦੇ ਹਨ,“ਸਮੇਂ ਸਮੇਂ ਦੀਆਂ ਗੱਲਾਂ ਯਾਰਾ, ਸਮੇਂ ਸਮੇਂ ਦੇ ਬੋਲ”
ਮੈਂ ਤਾਂ ਇਸ ਪਿੰਡ, ਜਦੋਂ ਵੀ ਵੇਖੀ ਰਾਤ ਵੇਖੀ ਹੈ
ਖ਼ਬਰ ਹੈ ਕਿ ਦਾਲ ਦੀ ਕਮੀ ਨੂੰ ਪੂਰਾ ਕਰਨ ਲਈ ਮੋਦੀ ਸਰਕਾਰ ਨੇ ਕਿਸਾਨਾ ਨੂੰ ਦਾਲ ਪੈਦਾਵਾਰ ਵਧਾਉਣ ਦੀ ਅਪੀਲ ਕੀਤੀ ਸੀ।ਹੁਣ ਉਹੀ ਅਪੀਲ ਕਿਸਾਨਾ ਦੀ ਜਾਨ ਉਤੇ ਬਣ ਗਈ ਹੈ। ਮਹਾਂਰਾਸ਼ਟਰ ਦੇ ਕਿਸਾਨਾ ਨੇ ਦਾਲ ਦਾ ਬੰਪਰ ਉਤਪਾਦਨ ਕੀਤਾ ਹੈ, ਪਰ ਦਾਲ ਦਾ ਕੋਈ ਖਰੀਦਦਾਰ ਨਹੀਂ ਹੈ।ਕਿਸਾਨ ਵਿਕਰੀ ਕੇਂਦਰਾਂ ਦੇ ਬਾਹਰ ਦਾਲ ਨਾਲ ਭਰੀਆਂ ਟਰਾਲੀਆਂ ਲੈਕੇ ਕਈ ਦਿਨਾਂ ਤੋਂ ਖੜੇ ਹਨ ਪਰ ਕੋਈ ਸੁਣਨ ਵਾਲਾ ਨਹੀ ਹੈ।ਗੁਦਾਮਾਂ ਵਿੱਚ ਦਾਲ ਸਟੋਰ ਕਰਨ ਲਈ ਜਗਾਹ ਤੱਕ ਨਹੀ ਰਹੀ ਤੇ ਨਾ ਬੋਰੀਆਂ ਮਿਲ ਰਹੀਆਂ ਹਨ, ਜਿਨਾਂ ਵਿਚ ਉਹ ਦਾਲ ਸਾਂਭੀ ਜਾ ਸਕਦੀ ਹੋਵੇ।
ਕਾਹਦਾ ਫਿਕਰ ਆ ਕਿਸਾਨਾਂ ਨੂੰ ? ਮੋਦੀ ਜੀ ਆਉਣਗੇ।ਬੋਰਿਆਂ ਚ ਭਰਕੇ ਲਾਰੇ ਲਿਆਉਣਗੇ। ਵਜ਼ਦ ਵਿੱਚ ਗੁਣਗੁਣਾਉਣਗੇ। ਬਹੁਤ ਹੀ ਪਿਆਰੇ ਗੀਤ ਸੁਣਾਉਣਗੇ।
“ਮੈਂ ਹੂੰ ਮੋਦੀ ! ਆਪਕਾ ਮੋਦੀ ! ਆਇਆ ਹੂੰ ਤੁਮਹਾਰੇ ਗਾਉਂ !
ਮੈਂ ਹੂੰ ਮੋਦੀ !! ਆਪਕਾ ਮੋਦੀ!! ਲੈ ਕਰ ਆਇਆ ਹੂੰ ਬਛੜੇ, ਪਟੜੇ, ਕੱਟੜੇ।ਮੈਂ ਹੂੰ ਮੋਦੀ!!! ਆਪਕਾ ਮੋਦੀ!!! ਦੇ ਕਰ ਜਾਊਂਗਾ ਆਪਕੋ ਲਾਰੇ,ਬੜੇ ਹੀ ਪਿਆਰੇ “
ਮੋਦੀ ਜੀ ਆਏ। ਲੋਕ ਫੁਲੇ ਨਾ ਸਮਾਏ !! ਫੁਲ ਕੇ ਕੁੱਪਾ ਹੋ ਗਏ ! ਮੋਦੀ ਆਪਣੇ ਸੁਪਨ ਦੇਸ਼ ਨੂੰ ਮੁੜ ਗਏ ! ਲੋਕਾਂ ਦੀਆਂ ਖੁਸ਼ੀਆਂ, ਟਹਿਕਾਂ-ਮਹਿਕਾਂ ਲੁੱਟ ਦਿੱਲੀ ਤੁਰ ਗਏ ! ਪਿੰਡ ਪਹਿਲਾਂ ਦੀ ਤਰਾਂ ਸੁੰਨ-ਮਸਾਨ, ਬੀਰਾਨ ਹੋ ਗਿਆ। ਝੁੰਬਲਮਾਟੇ ਹੋਰ ਪੀਡ ਹੋ ਗਏ ! ਖੀਸਿਆਂ 'ਚ ਰੱਖੇ “ਟੱਲੀ'' ਦੇ ਬਟੂਏ'ਚ ਹੋਰ ਸੁਰਾਖ਼ ਹੋ ਗਏ। ਪਿੰਡ ਮੁੜ ਉਦਾਸ ਹੋ ਗਿਆ । ਦਿਨ ਵੀ ਉਦਾਸ, ਰਾਤ ਵੀ ਉਦਾਸ ! ਉਸ ਦਿਨ ਪਿੰਡ ਵਾਲੇ ਪਾਸੇ ਤੋਂ ਇੱਕ ਚੀਕ ਸੁਣਾਈ ਦਿੱਤੀ, ਖੇਤਾਂ ਨੂੰ ਪਾਣੀ ਦਾ ਨੱਕਾਂ ਮੋੜ ਦੇ ਕਿਸਾਨ ਤਾਏ ਬਿਸ਼ਨ ਸਿਹੁੰ ਨੂੰ ਸੱਪ ਨੇ ਡੰਗ ਮਾਰਿਆ, ਉਸ ਪਾਣੀ ਵੀ ਨਾ ਮੰਗਿਆ ਅਤੇ ਉਸ ਦਿਨ ਪਿੰਡ ਦਾ ਚੌਕੀਦਾਰ ਆਤੂ ਪਹਿਲਾਂ ਦੀ ਤਰਾਂ ਚਿਲਮ ਦਾ ਸੂਟਾ ਭਰਦਾ, ਆਮ ਦੀ ਤਰਾਂ ਹੋਕਾ ਦਿੰਦਾ ਬੁੜਬੁੜਾਉਂਦਾ ਦਿਸਿਆ,“ਮੈਂ ਤਾਂ ਇਸ ਪਿੰਡ ਜਦੋਂ ਵੇਖੀ ਰਾਤ ਵੇਖੀ ਹੈ।''
ਚਾਬੀ ਮੋਦੀ ਖਾਨੇ ਦੀ ਲੋਟੂ ਕੋਲ ਹੈ, ਬਾਬਾ ਜੀ।
ਖ਼ਬਰ ਹੈ ਕਿ ਭਾਜਪਾ ਸਰਕਾਰ ਨੇ ਤਿੰਨ ਸਾਲ ਦੇ ਆਪਣੇ ਕਾਰਜ ਕਾਲ ਵਿੱਚ ਸਰਕਾਰੀ ਵਿਭਾਗਾਂ ਵਿੱਚ ਇੱਕ ਲੱਖ ਤੋਂ ਜਿਆਦਾ ਨੌਕਰੀਆਂ ਕੱਢੀਆਂ ਗਈਆਂ । ਇਨਾਂ ਵਿੱਚੋਂ 42 ਵਿਭਾਗਾਂ 'ਚ ਹੁਣ ਤੱਕ 8000 ਲੋਕਾਂ ਦੀ ਨਿਯੁਕਤੀ ਹੋਈ ਹੈ। ਕੋਰਟ ਵਿੱਚ ਫੱਸਣ ਦੇ ਕਾਰਣ 48000 ਅਤੇ ਐਸ. ਸੀ ਬੀ ਸੀ. ਰਿਜਰਵੇਸ਼ਨ ਵਿਵਾਦ ਦੇ ਕਾਰਨ ਤਕਰੀਬਨ 28000ਭਰਤੀਆਂ ਲਟਕੀਆਂ ਹੋਈਆਂ ਹਨ। ਪਿਛਲੀ ਕਾਂਗਰਸ ਸਰਕਾਰ ਨੇ 5 ਸਾਲ 'ਚ 2,40,000 ਭਰਤੀਆਂ ਕੱਢੀਆਂ ਜਿਨਾਂ ਵਿੱਚੋਂ 80,000 ਕੋਰਟ ਵਿੱਚ ਹਨ । ਮੋਦੀ ਸਰਕਾਰ ਨੇ 2016 'ਚ ਆਪਣੇ ਕਰਮਚਾਰੀਆਂ ਦੀ ਗਿਣਤੀ ਵਧਾਉਣ ਦਾ ਟੀਚਾ ਮਿਥਿਆ ਸੀ, ਜਿਸ ਨੂੰ ਸਰਕਾਰ ਪੂਰਾ ਨਹੀਂ ਕਰ ਸਕੀ। ਹੁਣ ਇਸ ਸਾਲ ਕੇਂਦਰ ਸਰਕਾਰ ਨੇ ਲਗਭਗ 2.80 ਲੱਖ ਕਰਮਚਾਰੀਆਂ ਦੀ ਬਹਾਲੀ ਲਈ ਬਜਟ ਮੁਹੱਈਆ ਕਰਵਾ ਦਿੱਤਾ ਹੈ, ਜਿਸ ਵਿੱਚ 1.80 ਲੱਖ ਭਰਤੀਆਂ ਪੁਲੀਸ, ਇਨਕਮ ਟੈਕਸ, ਸਰਹੱਦੀ ਤੇ ਉਤਪਾਦ ਸ਼ੁਲਕ ਵਿਭਾਗਾਂ ਵਿੱਚ ਰੱਖੀਆਂ ਗਈਆਂ ਹਨ ।
ਸਰਕਾਰੀ ਨੌਕਰੀਆਂ ਤਾਂ ਸਰਕਾਰ ਤਦੇ ਕਿਸੇ ਨੂੰ ਬਖਸ਼ੇਗੀ, ਜੇਕਰ ਖਜ਼ਾਨੇ 'ਚ ਨੌਕਰੀਆਂ ਕਰਨ ਵਾਲਿਆਂ ਨੂੰ ਦੇਣ ਲਈ ਤਨਖਾਹਾਂ ਭੱਤਿਆਂ ਜੋਗੇ ਪੈਸੇ ਹੋਣਗੇ। ਸਰਕਾਰ ਦੇ ਤਾਂ ਭਾਈ ਆਪਣੇ ਹੀ ਟਸ਼ਨ-ਮਸ਼ਨ ਹੀ ਨਹੀਂ ਮੁੱਕਦੇ। ਵੱਡੇ-ਵੱਡੇ ਕੰਮ ਕਰਨੇ ਪੈਂਦੇ ਹਨ ਜਿਵੇਂ ਆਪਣੇ ਕਾਰਪੋਰੋਟੀਏ ਅਕਾਵਾਂ ਲਈ ਬੈਕਾਂ 'ਚ ਧੰਨ ਇੱਕਠਾ ਕਰਨਾ, ਆਪਣੇ ਤੇ ਆਪਣੇ ਚਹੇਤਿਆਂ ਲਈ ਦੌਰਿਆਂ ਦਾ ਪ੍ਰਬੰਧ ਕਰਨਾ, ਆਪਣੀ ਅਫਸਰਸ਼ਾਹੀ-ਬਾਬੂਸ਼ਾਹੀ ਲਈ ਚਾਹਪੱਤੀ, ਕੇਤਲੀ, ਕੁਰਸੀ, ਚਿੱਟੇ ਤੋਲੀਏ,ਕਾਰਾਂ ,ਬੰਗਲਿਆਂ ਦਾ ਪ੍ਰੰਬਧ ਕਰਨਾ ਅਤੇ ਜੇਕਰ ਰਤਾ-ਮਾਸਾ ਪੈਸਾ ਬਚ ਗਿਆ ਤਾਂ ਉਹ ਦੇਸ਼ 'ਚ ਨਿੱਤ ਹੁੰਦੀਆਂ ਪੰਚਾਇਤੀ,ਮਿਊਂਸਪਲ, ਵਿਧਾਨ ਸਭਾਈ, ਲੋਕ ਸਭਾਈ ਚੋਣਾਂ ਲਈ ਖਰਚੇ ਦਾ ਪ੍ਰਬੰਧ ਕਰਨਾ, ਉਪਰੋਂ ਵੱਡੇ-ਵੱਡੇ ਪੁਲ, ਸੜਕਾਂ,ਇਮਾਰਤਾਂ ਦਾ ਨਿਰਮਾਣ ਕਰਨ ਤਾਂ ਕਿ ਮੌਜੂਦਾ ਹਾਕਮਾਂ ਸਮੇਤ ਸਿਆਸਤਦਾਨਾਂ ਨੂੰ ਡਾਲੀ [ਕਮਿਸ਼ਨ] ਲੋੜ ਅਨੁਸਾਰ ਮਿਲਦਾ ਰਹੇ ਤੇ ਉਹ ਆਪਣੇ ਬਲ-ਬੱਚਿਆਂ ਦਾ ਪਾਲਣ-ਪੋਸ਼ਣ ਕਰ ਸਕਣ। ਰਹੀ ਗੱਲ ਸਰਕਾਰੀ ਨੌਕਰੀਆਂ ਕੱਢਣ ਦੀ, ਉਹ ਮੌਜੂਦਾ ਸਰਕਾਰ, ਅਗਲੀ ਸਰਕਾਰ ਲਈ ਛੱਡ ਦਿੰਦੀ ਹੈ ਤਾਂ ਕਿ ਉਹ ਸਰਕਾਰ ਵਿਹਲੀ ਨਾ ਰਹੇ, ਹੋਰ ਨਹੀਂ ਤਾਂ ਪਿਛਲੀ ਸਰਕਾਰ ਦੀ ਬਦਖੋਈ ਕਰਦੀ ਰਹੇ।ਉਂਝ ਭਾਈ ਖਜ਼ਾਨੇ ਉੱਤੇ ਕਬਜ਼ਾ ਜਮਾਈ ਰੱਖਣ ਦੀ ਜ਼ਿੰਮੇਵਾਰੀ ਸਰਕਾਰ ਦੀ ਆ ਤੇ ਖਜ਼ਾਨਾ ਲੁੱਟਣ ਲੁਟਾਉਣ ਦਾ ਹੱਕ ਵੀ ਸਰਕਾਰ ਦਾ ਆ, ਤਦੇ ਤਾਂ ਕਹਿੰਦੇ ਆ, “ਚਾਬੀ ਮੋਦੀਖਾਨੇ ਦੀ ਲੋਟੂ ਕੋਲ ਹੈ, ਬਾਬਾ ਜੀ।“ ਤੇ ਭਲਾ ਇਹ ਗੱਲ ਗਲਤ ਵੀ ਕਿੱਥੋਂ ਆ।
ਚੱਲ ਜਿੰਦੇ ਤੂੰ ਖੇਡ ਬਾਜੀਆਂ
ਖ਼ਬਰ ਹੈ ਕਿ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ । ਪਾਰਟੀ ਨੇ ਸਾਲ 2013 ਦੀਆਂ 35 ਵਾਰਡਾਂ ਤੇ ਜਿੱਤ ਹਾਸਲ ਕੀਤੀ ਹੈ ਤੇ ਵਿਰੋਧੀ ਸਰਨਾਂ ਭਰਾਵਾਂ ਨੂੰ ਇਸ ਚੋਣ ਚ ਵੱਡਾ ਝਟਕਾ ਲੱਗਾ ਹੈ। ਉਨਾਂ ਦੀ ਪਾਰਟੀ ਨੂੰ ਸਿਰਫ ਸੱਤ ਸੀਟਾਂ ਮਿਲੀਆਂ ਹਨ। ਕੁਲ 46 ਸੀਟਾਂ ਵਿੱਚੋਂ ਦੋ ਸੀਟਾਂ ਅਕਾਲ ਤਖਤ ਦੇ ਸਾਬਕਾ ਜੱਥੇਦਾਰ ਰਣਜੀਤ ਸਿੰਘ ਦੀ ਪਾਰਟੀ ਜਿੱਤੀ ਅਤੇ ਦੋ ਸੀਟਾਂ ਅਜਾਦ ਉਮੀਦਵਾਰਾਂ ਦੇ ਖਾਤੇ ਪਈਆਂ ਹਾਰੀਆਂ ਹੋਈਆਂ ਧਿਰਾਂ ਜਿੱਤੀ ਹੋਈ ਸਮਝੀ ਜਾਂਦੀ ਬਾਜ਼ੀ ਹਾਰੇ ਜਾਣ ਤੇ ਹੈਰਾਨ ਪ੍ਰੇਸ਼ਾਨ ਹਨ।
ਸਿਆਸਤ ਆ ਭਾਈ ਇੱਕ ਖੇਡ ਆ ! ਇਹਨੂੰ ਭਾਈ ਨਾ ਅਨਾੜੀ ਖੇਡ ਸਕਦਾ ਆ ਨਾ ਭਿਖਾਰੀ ! ਜੀਹਦੇ ਪੱਲੇ ਹੁੰਦੇ ਦਾਣੇ ਉਹਦੇ ਕਮਲੇ ਵੀ ਬਣ ਜਾਂਦੇ ਸਿਆਣੇ। ਸਿਆਸਤ 'ਚ ਨਵੀਂ ਤਕਨੀਕ ਨੇ ਜਦੋਂ ਦੇ ਪੈਰ ਪਸਾਰੇ ਆ “ਸਾਮ ,ਦਾਮ,ਦੰਡ” ਦਾ ਫਾਰਮੂਲਾ ਪਾਇਥਾਗੋਰਸ ਦੇ ਸਿਧਾਂਤ ਵਾਂਗਰ ਵਰਤਿਆ ਜਾਣ ਲੱਗਾ ਆ ਅਤੇ ਕਾਮਯਾਬ ਵੀ ਹੋਣ ਲੱਗ ਪਿਆ ਆ। ਲੋਕ ਸੇਵਾ ਦਾ ਢੋਂਗ ਵੀ ਰਾਜ ਕਰਨ ਦਾ ਫਾਰਮੂਲਾ ਬਣ ਗਿਆ ਆ। ਜੇਡਾ ਵੱਡਾ 'ਸੇਵਕ' ਉਤਨਾ ਵੱਡਾ ਸਿਆਸਤਦਾਨ! ਜਿੱਡਾ ਵੱਡਾ ਕੂੜ, ਉਤਨਾ ਵੱਡਾ ਕੂੜੇਦਾਨ ਅਤੇ ਕਚਰਾ।
ਹੁਣ ਤਾਂ ਭਾਈ ਨਿੰਦਕ ਬਣਦੇ ਆ ਚੌਧਰੀ। ਉਹੀ ਖੇਡਦੇ ਆ ਖੇਡਾਂ! ਜਿੱਤਦੇ ਆ ਵੱਡੀਆਂ ਬਾਜ਼ੀਆਂ ਅਤੇ ਕੁਝ ਲੋਕ ਸਿਰਫ ਤਮਾਸ਼ਾ ਵੇਖਦੇ ਆ। ਆਮ ਲੋਕ ਤਾਂ ਸੁਪਣ ਸਾਜ਼ ਕਵੀ ਜੀਤ ਹਰਜੀਤ ਦੀਆਂ ਸਤਰਾਂ ਨੂੰ ਮਨ 'ਚ ਵਸਾਈ , ਬਸ ਦਿਨ ਕਟੀ ਜਾਂਦੇ ਆ, “ਚਲ ਜਿੰਦੇ ਤੂੰ ਖੇਡ ਬਾਜ਼ੀਆਂ ਦੁਨੀਆਂ ਤਿਆਰ ਖੜੀ ਤਮਾਸ਼ਾ ਦੇਖਣ ਨੂੰ ਖੂਹ ਪੁਟਕੇ ਪੀਣਾ ਪੈਂਦਾ ਹੈ ਅੱਜ ਦੇ ਸਮੇਂ ਵਿੱਚ ਪਾਣੀ ਸਭ ਚਾਲਾਂ ਪੁਠੀਆਂ ਨੇ ਤਾਹੀਉ ਉਲਝ ਗਈ ਇਹ ਤਾਣੀ”।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਦੇਸ਼ ਵਿਚ 2005 ਵਿੱਚ ਦਵਾਈਆਂ ਦਾ ਬਜ਼ਾਰ 5 ਅਰਬ ਡਾਲਰ ਸੀ, ਜੋ 2016 ਵਿਚ ਵਧਕੇ 36 ਅਰਬ ਡਾਲਰ ਹੋ ਗਿਆ ਅਤੇ ਸਾਲ 2020 ਤੱਕ ਇਹ 55 ਅਰਬ ਡਾਲਰ ਹੋ ਜਾਵੇਗਾ।
ਇੱਕ ਵਿਚਾਰ
ਸਾਨੂੰ ਇਸ ਵਿਚਾਰ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਕਿ ਕਨੂੰਨ ਦੀ ਉਲੰਘਣਾ ਦੇ ਮਾਮਲੇ ਵਿਚ ਵਿਅਕਤੀ ਦੀ ਵਿਜਾਏ ਸਮਾਜ ਦੋਸ਼ੀ ਹੁੰਦਾ ਹੈ........ਰੋਨਾਲਡ ਰੀਗਨ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.