ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਇਕ ਕਹਾਣੀ 'ਸੱਚਾ ਝੂਠ' ਵਿਚ ਇਕ ਸਰਦਾਰ ਦਾ ਮੁਸਲਮਾਨ ਨੌਕਰ, ਜੋ ਸਰਦਾਰ ਦੇ ਛੋਟੇ ਬੇਟੇ ਨੂੰ ਉਹਦਾ ਬਸਤਾ ਚੁੱਕ ਕੇ ਸਕੂਲੇ ਛੱਡਣ ਤੇ ਵਾਪਸ ,ਲਿਆਉਣ ਦੀ ਡੀਊਟੀ ਕਰਦਾ ਸੀ ਤੇ ਉਸ ਬੱਚੇ ਨੂੰ ਛੋਟੇ ਭਰਾ ਵਾਂਗ ਹੀ ਪਿਆਰ ਕਰਦਾ ਸੀ, ਪਰ ਸੰਤਾਲੀ ਦੇ ਫ਼ਿਰਕੂ ਜਨੂੰਨ ਦਾ ਅੰਨ੍ਹਾ ਹੋੲਿਆ ਉਹ ਮੁਸਲਮਾਨ ਨੌਕਰ ਆਪਣੇ ਛੋਟੇ ਭਰਾ ਵਰਗੇ ਸਰਦਾਰ ਦੇ ਬੱਚੇ ਨੂੰ ਛੁਰਾ ਮਾਰ ਕੇ ਮਾਰ ਦਿੰਦਾ ਹੈ। ਅਦਾਲਤ ਵਿਚ ਚਸ਼ਮਦੀਦ ਗਵਾਹ ਵਜੋਂ ਪੇਸ਼ ਹੋ ਕੇ ਸਰਦਾਰ ਇਹ ਬਿਆਨ ਦਿੰਦਾ ਹੈ ਕਿ ਇਸ ਨੌਕਰ ਨੇ ਮੇਰੇ ਬੱਚੇ ਦਾ ਕਤਲ ਨਹੀਂ ਕੀਤਾ, ਇਹ ਤਾਂ ਇਹਨੂੰ ਛੋਟਾ ਭਰਾ ਸਮਝਦਾ ਸੀ। ਇਹਦੇ ਕਾਤਲ ਤਾਂ ਰਾਜਧਾਨੀ ਵਿਚ ਬੈਠੇ ਹਨ, ਇਕ ਰੂਮੀ ਟੋਪੀ ਵਾਲਾ, ਇਕ ਨੀਲੀ ਪੱਗ ਤੇ ਤਲਵਾਰ ਵਾਲਾ ਤੇ ਇਕ-- ਜਿਨ੍ਹਾਂ ਨੇ ਉਹਨੂੰ ਅੰਨ੍ਹਾ ਕਰ ਦਿੱਤਾ ਤੇ ਉਹ ਛੁਰਾ ਮਾਰਨ ਲੱਗਿਆਂ ਛੋਟੇ ਭਰਾ ਨੂੰ ਪਛਾਣ ਨਾ ਸਕਿਆ।"
ਕੁਝ ਇਹੋ ਜਿਹਾ ਸਾਰ ਤੱਤ ਹੀ ਸੀ ਕਹਾਣੀ ਦਾ। ਇਹ ਸਾਰ ਤੱਤ ਦੱਸਦਾ ਏ ਕਿ ਅਸਲੀ ਕਸੂਰ ਤਾਂ ਅੰਂਨ੍ਹੇ ਧਾਰਮਕ ਜਨੂੰਨ ਦਾ ਹੈ, ਜੋ ਬੰਦਿਆਂ ਦੀ ਬੰਦਿਆਈ ਖੋਹ ਲੈਂਦਾ ਹੈ।
-ਏ ਬੀ ਪੀ ਵੀ ਦੇ ਗੁੰਡਿਆਂ ਨੂੰ ਗੁਰਮੇਹਰ ਦੀ ਗੱਲ ਸਮਝ ਆ ਹੀ ਨਹੀਂ ਸਕਦੀ। ਉਹ ਤਾਂ ਕਹਿ ਰਹੀ ਹੈ ਕਿ ਜੇ ਦੋਵਾਂ ਮੁਲਕਾਂ ਵਿਚ ਸ਼ਾਂਤੀ, ਸਦਭਾਵਨਾ ਤੇ ਸੁਹਰਿਦਤਾ ਹੁੰਦੀ ਤਾਂ ਉਹਦਾ ਪਿਤਾ ਮਰਦਾ ਨਾ। ਉਹ ਮਰਿਆ ਜਾਂ ਸ਼ਹੀਦ ਹੋਇਆ, ਅੰਨ੍ਹੇ ਰਾਸ਼ਟਰਵਾਦ ਦੇ ਨਾਂ 'ਤੇ ਲੱਗੀ ਜੰਗ ਕਾਰਨ। ਤੇ ਜੰਗ ਨਾ ਗੁਰਮੇਹਰ ਦੇ ਪਿਤਾ ਨੇ ਚਾਹੀ ਸੀ ਤੇ ਨਾ ਹੋਰ ਕੋਈ ਸਿਪਾਹੀ ਤੇ ਉਹਦੇ ਵਾਰਸ ਜੰਗ ਚਾਹੁੰਦੇ ਨੇ। ਜੰਗ ਤਾਂ ਚਾਹੁੰਦੇ ਨੇ ਜਿਨ੍ਹਾਂ ਨੇ ਗੱਦੀਆਂ ਕਾਇਮ ਰੱਖਣੀਆਂ ਹੁੰਦੀਆਂ ਨੇ। ਜਦੋਂ ਰਾਹਤ ਇੰਦੌਰੀ ਕਹਿੰਦਾ ਹੈ, "ਸਰਹੱਦੋਂ ਪਰ ਤਨਾਓ ਹੈ ਕਿਆ? ਪੂਛ ਕਰ ਬਤਾਓ ਚੁਨਾਓ ਹੈ ਕਿਆ?' ਤਾਂ ਸਾਫ਼ ਕਹਿ ਰਿਹਾ ਏ ਕਿ ਚੁਨਾਓ ਜਿੱਤਣ ਵਾਲਿਆਂ ਦੀ ਲੋੜ ਹੁੰਦੀ ਹੈ ਜੰਗ। ਜਦੋਂ ਗੁਰਮੇਹਰ ਕਹਿੰਦੀ ਏ ਕਿ ਉਹਦੇ ਬਾਪ ਨੂੰ ਪਾਕਿਸਤਾਨ ਨੇ ਨਹੀਂ ਮਾਰਿਆ ਤਾਂ ਉਹ ਨਵਾਜ਼ ਸ਼ਰੀਫ, ਮੁਸ਼ੱਰਫ ਜਾਂ ਅਯੂਬ ਦੇ ਪਾਕਿਤਸਾਨ ਦੀ ਗੱਲ ਨਹੀਂ ਕਰਦੀ, ਉਹ ਆਮ ਪਾਕਿਸਤਾਨੀ ਅਵਾਮ ਦੀ ਗੱਲ ਕਰਦੀ ਹੈ, ਜਿਨ੍ਹਾਂ ਨੂੰ ਸਾਡੇ ਫੌਜੀਆਂ ਵਾਂਗ ਹੀ ਜੰਗ ਦੇ ਬਾਲਣ ਦਾ ਝੁਲਕਾ ਬਣਾਇਆ ਜਾਂਦਾ ਹੈ। ਇੰਜ ਹੀ ਭਾਰਤ ਵੀ ਕਿਸੇ ਇੰਦਰਾ, ਰਾਜੀਵ ਜਾਂ ਮੋਦੀ ਦਾ ਨਹੀਂ, ਸਾਡਾ ਸਭਨਾ ਦਾ ਵੀ ਹੈ। ਗੁਰਮੇਹਰ ਦਾ ਵੀ ਹੈ, ਹੱਕਾਂ ਲਈ ਲੜ ਰਹੇ ਮਜ਼ਦੂਰਾਂ ਕਿਸਾਨਾਂ ਪਛੜਿਆਂ ਤੇ ਦਲਿਆਂ ਮਲਿਆਂ ਦਾ ਵੀ ਹੈ।
-ਸਾਡੀ ਧੀ ਗੁਰਮੇਹਰ ਨੂੰ ਦੇਸ਼ ਦ੍ਰੋਹੀ ਕਹਿਣ ਵਾਲੇ ਭਾਰਤ ਦੇ ਮਾਮੇ ਨਹੀਂ ਲੱਗਦੇ। ਇਕ ਭਾਰਤ ਉਹਨਾਂ ਦਾ ਹੈ ਇਕ ਸਾਡਾ ਹੈ। ਅਸੀਂ ਉਹ ਭਾਰਤ ਹਾਂ ਜੋ ਪਾਸ਼ ਦੇ ਕਹਿਣ ਮੁਤਾਬਕ ਕਦੀ 'ਮੀਸਣੇ ਪਾਇਲਟ ਦੀਆਂ ਅੱਖਾਂ ਵਿਚ ਰੜਕਦਾ ਸੀ' ਤੇ ਅੱਜ ਬੜਬੋਲੇ ਜੁਮਲੇਬਾਜ਼ ਤੇ ਉਹਨਾਂ ਦੇ ਪਾਲਤੂ ਗੁੰਡਿਆਂ ਦੀਆਂ ਅੱਖਾਂ ਵਿਚ ਰੜਕਦਾ ਹੈ। ਗੁਰਮੇਹਰ ਤੂੂੰ ਖ਼ਰੀ ਗੱਲ ਕੀਤੀ ਏ। ਏਸੇ ਕਰ ਕੇ ਇਹਨਾਂ ਨੂੰ ਰੜਕੀ ਹੈ। ਖੋਟਿਆਂ ਨੇ ਦੁਖੀ ਹੋਣਾ ਤੇ ਅੱਗ ਉਗਲੱਛਣੀ ਹੀ ਹੈ। ਅੱਗ ਲਾਉਣੀ ਵੀ ਹੈ। ਅਸੀਂ ਤੇਰੀ ਹਿੰਮਤ ਦੀ ਦਾਦ ਦਿੰਦੇ ਤੇ ਤੇਰੀ ਵਿਚਾਰਧਾਰਕ ਸਪਸ਼ਟਤਾ ਨੂੰ ਸਲਾਮ ਕਰਦੇ ਹਾਂ।
-ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੀ ਬੱਚੀਏ ! ਤੇਰੇ 'ਤੇ ਉਸ ਗੁਰੂ ਦੀ ਮਿਹਰ ਹੈ, ਜਿਸ ਨੇ ਕਿਹਾ ਸੀ, 'ਸੱਚ ਸੁਣਾਇਸੀ ਸੱਚ ਕੀ ਬੇਲਾ!'
-
ਵਰਿਆਮ ਸਿੰਘ ਸੰਧੂ, ਲੇਖਕ
na
+1 (604) 649‑995
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.