(+91 94171 93193)
ਵੋਟਿੰਗ ਮਸ਼ੀਨਾਂ ਦੀ ਭਾਰਤ ਵਿੱਚ ਪੂਰੀ ਤਰਾਂ ਸ਼ੁਰੂਆਤ 2004 ਵਿੱਚ ਹੋਈ ਭਾਵੇਂ ਕਿ ਇਸ ਤੋਂ ਪਹਿਲਾਂ ਵੀ ਕੁਝ ਖਾਸ ਖੇਤਰਾਂ ਵਿੱਚ ਤਜਰਬੇ ਦੇ ਆਧਾਰ ਉੱਤੇ ਇਹ ਸ਼ੁਰੂ ਹੋ ਚੁੱਕੀਆਂ ਸਨ। ਇਹ ਵੋਟਿੰਗ ਪ੍ਰਣਾਲੀ ਵਿੱਚ ਇੱਕ ਇਨਕਲਾਬੀ ਕਦਮ ਸੀ ਕਿਉਂਕਿ ਇਹਨਾਂ ਨਾਲ ਇੱਕ ਤਾਂ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਦੂਸਰਾ ਅਨਪੜ੍ਹ ਅਤੇ ਬਜ਼ੁਰਗ ਵੋਟਰਾਂ ਲਈ ਇਹ ਢੰਗ ਪੁਰਾਣੀ ਪ੍ਰਣਾਲੀ ਨਾਲੋਂ ਕਿਤੇ ਵੱਧ ਸੁਖਾਲਾ ਹੈ। ਪੁਰਾਣੀ ਪ੍ਰਣਾਲੀ ਵਿੱਚ ਇੱਕ ਬੈਲਟ ਪੇਪਰ ਉੱਤੋਂ ਆਪਣੀ ਪਸੰਦ ਦਾ ਉਮੀਦਵਾਰ ਲੱਭ ਕੇ ਉਸਦੇ ਚੋਣ ਨਿਸ਼ਾਨ ਉੱਤੇ ਮੋਹਰ ਲਗਾਉਣੀ ਪੈਂਦੀ ਸੀ। ਅਨਪੜ੍ਹ ਅਤੇ ਬਜ਼ੁਰਗ ਵੋਟਰਾਂ ਤੋਂ ਅਕਸਰ ਹੀ ਮੋਹਰ ਅੱਗੇ-ਪਿੱਛੇ ਹੋ ਜਾਂਦੀ ਸੀ ਜਿਸ ਨਾਲ ਕਈ ਵਾਰੀ ਵੋਟ ਕਿਸੇ ਹੋਰ ਉਮੀਦਵਾਰ ਨੂੰ ਭੁਗਤ ਜਾਂਦੀ ਸੀ। ਦੋ ਚੋਣ ਨਿਸ਼ਾਨਾਂ ਦੇ ਵਿਚਕਾਰ ਮੋਹਰ ਲੱਗ ਜਾਣ ਕਾਰਨ ਬਹੁਤ ਸਾਰੀਆਂ ਵੋਟਾਂ ਰੱਦ ਹੋ ਜਾਂਦੀਆਂ ਸਨ। ਗਿਣਤੀ ਕਰਨ ਵੇਲੇ ਇਹ ਬਹੁਤ ਵੱਡੀ ਮੁਸ਼ਕਲ ਹੁੰਦੀ ਸੀ ਕਿ ਕਿਹੜੀ ਮੋਹਰ ਨੂੰ ਕਿਹੜੇ ਉਮੀਦਵਾਰ ਵੱਲ ਸਮਝਿਆ ਜਾਵੇ ਅਤੇ ਕਿਹੜੀ ਨੂੰ ਬਿਲਕੁਲ ਵਿਚਕਾਰ ਮੰਨ ਕੇ ਵੋਟ ਨੂੰ ਰੱਦ ਮੰਨਿਆ ਜਾਵੇ। ਪਰ ਵੋਟਿੰਗ ਮਸ਼ੀਨਾਂ ਵਿੱਚ ਉਪਰੋਕਤ ਗਲਤੀਆਂ ਹੋਣ ਦੀ ਸੰਭਾਵਨਾ ਤਕਰੀਬਨ ਖਤਮ ਹੀ ਹੋ ਜਾਂਦੀ ਹੈ। ਸਭ ਤੋਂ ਵੱਡਾ ਲਾਭ ਇਹ ਹੈ ਕਿ ਹੁਣ ਵੋਟਾਂ ਦੀ ਗਿਣਤੀ ਕਰਨੀ ਬਹੁਤ ਸੁਖਾਲਾ ਅਤੇ ਤੇਜ਼ ਗਤੀ ਵਾਲਾ ਕਾਰਜ ਬਣ ਗਿਆ ਹੈ।
ਪਰ ਅੱਜਕੱਲ ਦੇ ਜ਼ਮਾਨੇ ਵਿੱਚ ਜਦੋਂ ਹਰ ਤਰਾਂ ਦੇ ਇਲੈਕਟ੍ਰਾਨਿਕ ਯੰਤਰਾਂ ਦੀ ਹੈਕਿੰਗ ਵਧਦੀ ਜਾ ਰਹੀ ਹੈ ਤਾਂ ਵੋਟਿੰਗ ਮਸ਼ੀਨਾਂ ਦੀ ਸੁਰੱਖਿਅਤਾ ਉੱਤੇ ਵੀ ਸਵਾਲ ਉੱਠਣੇ ਲਾਜ਼ਮੀ ਹੋ ਗਏ ਹਨ। ਵੱਡੀਆਂ-ਵੱਡੀਆਂ ਸੰਸਥਾਵਾਂ ਦੇ ਕੰਪਿਊਟਰ ਅਤੇ ਵੈੱਬਸਾਈਟਾਂ ਹੈਕ ਕੀਤੀਆਂ ਜਾ ਰਹੀਆਂ ਹਨ, ਅਮਰੀਕਾ ਵਰਗੇ ਦੇਸ਼ ਦੀ ਸਰਕਾਰ ਦਾ ਗੁਪਤ ਡਾਟਾ, ਵਿਕੀਲੀਕਸ ਵਰਗੀਆਂ ਸੰਸਥਾਵਾਂ ਰਾਹੀਂ ਲੀਕ ਹੋ ਰਿਹਾ ਹੈ, ਵੱਡੀਆਂ ਹਸਤੀਆਂ ਦੀ ਪਰਦੇ ਅੰਦਰਲੀ ਜ਼ਿੰਦਗੀ ਟੈਲੀਵਿਜ਼ਨ ਦੇ ਪਰਦੇ ਉੱਤੇ ਵਿਖਾ ਕੇ ਉਹਨਾਂ ਦਾ ਜਲੂਸ ਕੱਢਿਆ ਜਾ ਰਿਹਾ ਹੈ ਤਾਂ ਫਿਰ ਕਿਸੇ ਵੀ ਇਲੈਕਟ੍ਰਾਨਿਕ ਯੰਤਰ ਦੀ ਭਰੋਸੇਯੋਗਤਾ ਉੱਤੇ ਸਵਾਲ ਤਾਂ ਜਰੂਰ ਉੱਠਣਗੇ। ਇਸ ਲਈ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਵੀ ਸ਼ੱਕ ਦੇ ਘੇਰੇ ਵਿੱਚ ਹੈ। ਖਾਸ ਕਰਕੇ ਭਾਰਤ ਵਰਗੇ ਦੇਸ਼ ਵਿੱਚ ਵਿਰੋਧੀ ਪਾਰਟੀਆਂ ਨੂੰ ਮੌਜੂਦਾ ਸਰਕਾਰ ਅਤੇ ਅਫਸਰਸ਼ਾਹੀ ਉੱਤੇ ਅਜਿਹੇ ਸ਼ੱਕ ਹੋ ਜਾਣੇ ਕੋਈ ਅਣਹੋਣੀ ਗੱਲ ਨਹੀਂ ਹੈ। ਕਿਉਂਕਿ ਸਾਡੇ ਦੇਸ਼ ਵਿੱਚ ਅਫਸਰਸ਼ਾਹੀ ਦਾ ਇੱਕ ਵੱਡਾ ਹਿੱਸਾ, ਚੜ੍ਹਦੇ ਸੂਰਜ ਨੂੰ ਸਲਾਮ ਕਰਨ ਵਾਲਾ ਹੀ ਹੁੰਦਾ ਹੈ। ਕੁਝ ਸਰਕਾਰੀ ਅਫਸਰਾਂ ਦਾ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਕਦੋਂ ਸਰਕਾਰੀ ਨੌਕਰੀ ਛੱਡ ਕੇ ਅਗਲੇ ਦਿਨ ਹੀ ਕਿਸੇ ਸਿਆਸੀ ਪਾਰਟੀ ਦੇ ਉਮੀਦਵਾਰ ਵਜੋਂ ਕਾਗਜ਼ ਭਰ ਦੇਣ। ਫਿਰ ਕਿਵੇਂ ਮੰਨਿਆ ਜਾਵੇ ਕਿ ਅਜਿਹੇ ਅਫਸਰਾਂ ਨੇ ਆਪਣੀ ਚਹੇਤੀ ਸਿਆਸੀ ਪਾਰਟੀ ਨੂੰ ਗੈਰਵਾਜਬ ਲਾਭ ਪਹੁੰਚਾਉਣ ਲਈ ਆਪਣੇ ਅਹੁਦੇ ਅਤੇ ਅਫਸਰੀ ਰਸੂਖ ਦੀ ਵਰਤੋਂ ਨਹੀਂ ਕੀਤੀ ਹੋਵੇਗੀ ? ਅਜਿਹੀਆਂ ਘਟਨਾਵਾਂ ਵੇਖ ਕੇ ਆਮ ਲੋਕਾਂ ਦਾ ਵਿਸ਼ਵਾਸ ਵੀ ਅਕਸਰ ਹੀ ਡੋਲਦਾ ਰਹਿੰਦਾ ਹੈ।
ਪਰ ਫਿਰ ਵੀ, ਸਾਨੂੰ ਵੋਟਿੰਗ ਮਸ਼ੀਨਾਂ ਦੇ ਤਕਨੀਕੀ ਪੱਖ ਅਤੇ ਵਰਤੋਂ ਦੇ ਢੰਗ ਬਾਰੇ ਚੰਗੀ ਤਰਾਂ ਜਾਣ ਲੈਣਾ ਜਰੂਰੀ ਹੈ। ਸਿਰਫ ਸ਼ੱਕ ਦੇ ਅਧਾਰ ਉੱਤੇ ਹੀ ਅਸੀਂ ਇੱਕ ਨਵੀਂ ਤਕਨੀਕ ਨੂੰ ਗਲਤ ਨਹੀਂ ਸਿੱਧ ਕਰ ਸਕਦੇ। ਇਹ ਵੀ ਵੇਖਣ ਦੀ ਲੋੜ ਹੈ ਕਿ ਜੇਕਰ ਇਹ ਮਸ਼ੀਨਾਂ ਇੰਨੀਆਂ ਹੀ ਕਮਜ਼ੋਰ ਹੁੰਦੀਆਂ ਤਾਂ ਕੇਂਦਰ ਵਿੱਚ ਇੰਨੀ ਤਾਕਤਵਰ ਭਾਜਪਾ ਸਰਕਾਰ ਦੇ ਹੁੰਦੇ ਹੋਏ ਦਿੱਲੀ, ਬਿਹਾਰ ਜਾਂ ਬੰਗਾਲ ਵਿੱਚ, ਇੰਨੇ ਵੱਡੇ ਫਰਕ ਨਾਲ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨਾ ਆ ਸਕਦੀਆਂ। ਅਜੇ ਤੱਕ ਸ਼ਾਇਦ ਹੀ ਕਿਤੇ ਕੋਈ ਅਜਿਹਾ ਮਾਮਲਾ ਸਾਹਮਣੇ ਆਇਆ ਹੋਵੇ ਕਿ ਇਹਨਾਂ ਮਸ਼ੀਨਾਂ ਨਾਲ ਰਿਮੋਟ ਜਾਂ ਰੇਡੀਉ ਤਰੰਗਾਂ ਰਾਹੀਂ ਕੋਈ ਛੇੜਛਾੜ ਹੋਈ ਹੋਵੇ। ਕਿਸੇ ਹੋਰ ਤਕਨੀਕੀ ਯੰਤਰ ਨੂੰ ਇਹਨਾਂ ਨਾਲ ਜੋੜ ਕੇ ਤਾਂ ਸ਼ਾਇਦ ਅਜਿਹਾ ਸੰਭਵ ਹੋ ਸਕਦਾ ਹੋਵੇ ਪਰ ਮਸ਼ੀਨਾਂ ਦੇ ਨਿਰਮਾਤਾ ਇੰਜੀਨੀਅਰ ਕਹਿੰਦੇ ਹਨ ਕਿ ਅਜਿਹੀ ਸੂਰਤ ਵਿੱਚ ਇਹਨਾਂ ਅੰਦਰਲਾ ਸਾਰਾ ਡਾਟਾ ਖਤਮ ਹੋ ਜਾਵੇਗਾ।
ਵੋਟਿੰਗ ਮਸ਼ੀਨਾਂ ਦੀ ਵਰਤੋਂ ਨੂੰ ਨੇੜੇ ਤੋਂ ਵੇਖਣ ਨਾਲ ਪਤਾ ਲੱਗਦਾ ਹੈ ਕਿ ਇਹਨਾਂ ਨਾਲ ਛੇੜਛਾੜ ਕਰਨ ਲਈ ਇੱਕ ਬਹੁਤ ਵੱਡੀ ਟੀਮ ਦੀ ਜਰੂਰਤ ਹੋਵੇਗੀ। ਇਸ ਕੰਮ ਲਈ ਇੰਨੇ ਕੁ ਲੋਕਾਂ ਨੂੰ ਆਪਣੇ ਨਾਲ ਗੰਢਣ ਦੀ ਲੋੜ ਹੋਵੇਗੀ ਕਿ ਅੱਜਕੱਲ ਦੇ ਸੋਸ਼ਲ ਮੀਡੀਆ ਦੇ ਯੁਗ ਵਿੱਚ ਅਜਿਹੀ ਹਿਮਾਕਤ ਕਰਨ ਦੀ ਕਿਸੇ ਦੀ ਹਿੰਮਤ ਹੀ ਨਹੀਂ ਪੈ ਸਕਦੀ। ਉਦਾਹਰਣ ਵਜੋਂ ਜਦੋਂ ਵੀ ਕਿਤੇ ਚੋਣਾਂ ਹੋਣੀਆਂ ਹੁੰਦੀਆਂ ਹਨ ਤਾਂ ਉਸ ਇਲਾਕੇ ਵਿੱਚ ਲਿਜਾਈਆਂ ਜਾਣ ਵਾਲੀਆਂ ਮਸ਼ੀਨਾਂ ਦੀ ਚੋਣ ਜਾਣ-ਬੁੱਝ ਕੇ ਬੇਤਰਤੀਬੇ ਢੰਗ ਨਾਲ ਕੀਤੀ ਜਾਂਦੀ ਹੈ। ਕੰਪਿਊਟਰ ਪ੍ਰਣਾਲੀ ਨਾਲ ਬੇਤਰਤੀਬੇ ਲੜੀ ਨੰਬਰਾਂ ਵਾਲੀਆਂ ਮਸ਼ੀਨਾਂ ਦੀ ਚੋਣ ਕਰਕੇ ਉਹਨਾਂ ਨੂੰ ਚੋਣਾਂ ਵਾਸਤੇ ਜਾਰੀ ਕੀਤਾ ਜਾਂਦਾ ਹੈ। ਫਿਰ ਉਹਨਾਂ ਨੂੰ ਅੱਗੇ ਚੋਣ ਬੂਥਾਂ ਉੱਤੇ ਲਿਜਾਣ ਵੇਲੇ ਵੀ ਇਸੇ ਤਰਾਂ ਨਾਲ ਹੀ ਚੋਣ ਹੁੰਦੀ ਹੈ ਤਾਂ ਕਿ ਕਿਸੇ ਨੂੰ ਵੀ ਪਤਾ ਨਾ ਹੋਵੇ ਕਿ ਕਿਹੜੀਆਂ ਮਸ਼ੀਨਾਂ ਕਿੱਥੇ ਜਾ ਰਹੀਆਂ ਹਨ। ਇੰਜ ਹੀ, ਕਿਹੜੇ ਉਮੀਦਵਾਰ ਨੂੰ ਕਿਹੜੇ ਨੰਬਰ ਦਾ ਬਟਨ ਮਿਲੇਗਾ, ਇਹ ਵੀ ਚੋਣਾਂ ਵਾਲੇ ਦਿਨ ਦੇ ਕਾਫੀ ਨੇੜੇ ਆ ਕੇ ਹੀ ਪਤਾ ਲੱਗਦਾ ਹੈ। ਬਟਨਾਂ ਦੀ ਚੋਣ ਲਈ ਤਿੰਨ ਗਰੁੱਪ ਬਣਾਏ ਜਾਂਦੇ ਹਨ : ਰਾਸ਼ਟਰੀ ਅਤੇ ਖੇਤਰੀ ਪਾਰਟੀਆਂ, ਹੋਰ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ। ਇਹਨਾਂ ਤਿੰਨਾਂ ਹੀ ਗਰੁੱਪਾਂ ਵਿੱਚ ਉਮੀਦਵਾਰਾਂ ਦੇ ਨਾਂਵਾਂ ਨੂੰ ਉਸ ਖੇਤਰ ਦੀ ਭਾਸ਼ਾ ਦੀ ਲਿਪੀ ਮੁਤਾਬਕ ਵਰਣਮਾਲਾ ਪ੍ਰਣਾਲੀ ਰਾਹੀਂ ਲੜੀਬੱਧ ਕੀਤਾ ਜਾਂਦਾ ਹੈ। ਇਸ ਤਰਾਂ ਜਦੋਂ ਤੱਕ ਕਿਸੇ ਉਮੀਦਵਾਰ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਕਿਹੜੇ ਨੰਬਰ ਵਾਲਾ ਬਟਨ ਮਿਲਣਾ ਹੈ, ਉਦੋਂ ਤੱਕ ਸਾਰੀਆਂ ਮਸ਼ੀਨਾਂ ਸਖਤ ਸੁਰੱਖਿਆ ਦੇ ਘੇਰੇ ਵਿੱਚ ਆ ਚੁੱਕੀਆਂ ਹੁੰਦੀਆਂ ਹਨ। ਇਸ ਲਈ ਕਿਸੇ ਖਾਸ ਬਟਨ ਨਾਲ ਛੇੜਛਾੜ ਦੀ ਸੰਭਾਵਨਾ ਤਕਰੀਬਨ ਨਾਂਹ ਦੇ ਬਰਾਬਰ ਹੈ।
ਚੋਣਾਂ ਵਾਲੇ ਦਿਨ ਸਾਰੀਆਂ ਮਸ਼ੀਨਾਂ ਚੋਣ ਏਜੰਟਾਂ ਨੂੰ ਚਲਾ ਕੇ ਵਿਖਾਈਆਂ ਜਾਂਦੀਆਂ ਹਨ ਅਤੇ ਉਹਨਾਂ ਦੇ ਅੰਦਰਲਾ ਸਾਰਾ ਡਾਟਾ ਸਾਫ਼ ਕਰਕੇ, ਨਕਲੀ ਵੋਟਾਂ ਪਵਾ ਕੇ (ਮੌਕ ਪੋਲ), ਨਕਲੀ ਨਤੀਜਾ ਵਿਖਾ ਕੇ ਫਿਰ ਮਸ਼ੀਨਾਂ ਦੇ ਅੰਦਰਲਾ ਡਾਟਾ ਦੁਬਾਰਾ ਸਾਫ਼ ਕਰਕੇ, ਚੋਣ ਏਜੰਟਾਂ ਦੇ ਸਾਹਮਣੇ ਮਸ਼ੀਨਾਂ ਸੀਲ ਕੀਤੀਆਂ ਜਾਂਦੀਆਂ ਹਨ। ਸੀਲਾਂ ਨਾਲ ਲੱਗੇ ਟੈਗਾਂ ਉੱਤੇ ਚੋਣ ਏਜੰਟਾਂ ਦੇ ਦਸਤਖਤ ਕਰਵਾਏ ਜਾਂਦੇ ਹਨ ਤਾਂ ਕਿ ਉਹਨਾਂ ਸੀਲਾਂ ਨਾਲ ਕੋਈ ਛੇੜਛਾੜ ਨਾ ਕਰ ਸਕੇ। ਵੋਟਾਂ ਪੈਣ ਦੇ ਦੌਰਾਨ ਕੁੱਲ ਵੋਟਾਂ ਦੀ ਗਿਣਤੀ ਰਜਿਸਟਰ 17-ਏ ਦੇ ਨਾਲ ਵਾਰੀ-ਵਾਰੀ ਮਿਲਾਈ ਜਾਂਦੀ ਹੈ ਅਤੇ ਚੋਣ ਏਜੰਟਾਂ ਨੂੰ ਚੈੱਕ ਕਰਵਾਈ ਜਾਂਦੀ ਹੈ। ਇਸ ਨਾਲ ਕੁੱਲ ਵੋਟਾਂ ਦੀ ਗਿਣਤੀ ਵਿੱਚ ਫਰਕ ਆ ਹੀ ਨਹੀਂ ਸਕਦਾ। ਇਸ ਤੋਂ ਇਲਾਵਾ, ਮਸ਼ੀਨ ਦੀ ਸਪੀਡ ਮੁਤਾਬਕ, ਇੱਕ ਮਿੰਟ ਵਿੱਚ ਵੱਧ ਤੋਂ ਵੱਧ ਪੰਜ ਵੋਟਾਂ ਹੀ ਪੈ ਸਕਦੀਆਂ ਹਨ। ਇਸ ਲਈ ਚੋਣ ਬੂਥਾਂ ਉੱਤੇ ਕਬਜ਼ਾ ਕਰਕੇ ਅੰਨ੍ਹੇਵਾਹ ਵੋਟਾਂ ਭੁਗਤਾਉਣ ਵਾਲਾ ਕੰਮ ਵੀ ਸੰਭਵ ਨਹੀਂ ਹੈ। ਜੇਕਰ ਕਿਸੇ ਵੀ ਤਰਾਂ ਦੀ ਗੜਬੜ ਵਾਲਾ ਮਹੌਲ ਬਣਦਾ ਲੱਗੇ ਤਾਂ ਚੋਣ ਅਫਸਰ, ਕਲੋਜ਼ ਵਾਲਾ ਬਟਨ ਦਬਾ ਕੇ ਮਸ਼ੀਨ ਨੂੰ ਲੌਕ ਕਰ ਸਕਦਾ ਹੈ। ਵੋਟਿੰਗ ਖਤਮ ਹੋਣ ਉਪਰੰਤ ਵੀ ਸਾਰੇ ਚੋਣ ਏਜੰਟਾਂ ਦੇ ਸਾਹਮਣੇ ਸਾਰੀਆਂ ਮਸ਼ੀਨਾਂ ਪੂਰੀ ਤਰਾਂ ਸੀਲ ਕੀਤੀਆਂ ਜਾਂਦੀਆਂ ਹਨ ਸਾਰੇ ਚੋਣ ਏਜੰਟਾਂ ਅਤੇ ਚੋਣ ਸਟਾਫ਼ ਦੇ ਸੀਲਾਂ ਉੱਤੇ ਦਸਤਖਤ ਹੁੰਦੇ ਹਨ। ਫਿਰ ਜਦੋਂ ਮਸ਼ੀਨਾਂ ਸਟਰਾਂਗ ਰੂਮਾਂ ਵਿੱਚ ਰੱਖੀਆਂ ਜਾਂਦੀਆਂ ਹਨ ਤਾਂ ਉੱਥੇ ਤਿੰਨ ਸਟੇਜਾਂ ਦੀ ਸੁਰੱਖਿਆ ਹੁੰਦੀ ਹੈ। ਬਾਹਰਲੇ ਰਾਜਾਂ ਦੇ ਨੀਮ ਫੌਜੀ ਦਲਾਂ ਦਾ ਸਖਤ ਪਹਿਰਾ ਹੁੰਦਾ ਹੈ ਅਤੇ ਦਫ਼ਾ 144 ਲੱਗੀ ਹੋਣ ਕਾਰਨ ਬਿਨਾ ਸਖਤ ਚੈਕਿੰਗ ਦੇ ਕੋਈ ਅੰਦਰ ਨਹੀਂ ਜਾ ਸਕਦਾ। ਸੀਸੀਟੀਵੀ ਕੈਮਰਿਆਂ ਰਾਹੀਂ 24 ਘੰਟੇ ਨਿਗਰਾਨੀ ਹੁੰਦੀ ਹੈ ਅਤੇ ਬਾਹਰ ਲੱਗੀ ਸਕਰੀਨ ਉੱਤੇ ਅੰਦਰਲਾ ਸਭ ਕੁਝ ਨਜ਼ਰ ਆਉਂਦਾ ਰਹਿੰਦਾ ਹੈ. ਫਿਰ ਜਦੋਂ ਵੋਟਾਂ ਦੀ ਗਿਣਤੀ ਦਾ ਦਿਨ ਆਉਂਦਾ ਹੈ ਤਾਂ ਪਹਿਲਾਂ ਸਾਰੇ ਉਮੀਦਵਾਰਾਂ ਅਤੇ ਏਜੰਟਾਂ ਨੂੰ ਸਾਰੀਆਂ ਸੀਲਾਂ ਵਿਖਾਈਆਂ ਜਾਂਦੀਆਂ ਹਨ ਅਤੇ ਚੋਣ ਏਜੰਟਾਂ ਦੇ ਦਸਤਖਤ ਚੈੱਕ ਕਰਵਾਏ ਜਾਂਦੇ ਹਨ। ਉਹਨਾਂ ਸਾਰਿਆਂ ਦੀ ਤਸੱਲੀ ਹੋਣ ਉਪਰੰਤ ਹੀ ਮਸ਼ੀਨਾਂ ਖੋਲੀਆਂ ਜਾਂਦੀਆਂ ਹਨ ਅਤੇ ਗਿਣਤੀ ਸ਼ੁਰੂ ਕੀਤੀ ਜਾਂਦੀ ਹੈ।
ਵੋਟਿੰਗ ਮਸ਼ੀਨਾਂ ਨਾਲ ਕੰਪਿਊਟਰ ਵਰਗਾ ਕੋਈ ਯੰਤਰ ਜੋੜ ਕੇ ਤਾਂ ਸ਼ਾਇਦ ਕੁਝ ਛੇੜਛਾੜ ਕੀਤੀ ਜਾ ਸਕਦੀ ਹੋਵੇ। ਪਰ ਇਹ ਕਿਸੇ ਵੀ ਹਾਲਤ ਵਿੱਚ ਸੰਭਵ ਨਹੀਂ ਹੋ ਸਕਦਾ ਕਿਉਂਕਿ ਸੁਰੱਖਿਆ ਬਹੁਤ ਸਖਤ ਹੁੰਦੀ ਹੈ। ਰਿਮੋਟ, ਬਲਿਊਟੂਥ ਜਾਂ ਰੇਡਿਉ ਤਰੰਗਾਂ ਆਦਿ ਰਾਹੀਂ ਛੇੜਛਾੜ ਕਰਨ ਬਾਰੇ ਸ਼ੱਕ ਤਾਂ ਜਰੂਰ ਹੋ ਸਕਦਾ ਹੈ ਪਰ ਅਜੇ ਤੱਕ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆ ਸਕਿਆ। ਉਂਜ ਵੀ ਅਜਿਹਾ ਕੁਝ ਵੋਟਿੰਗ ਹੋਣ ਦੇ ਦੌਰਾਨ ਹੀ ਸੰਭਵ ਹੋ ਸਕਦਾ ਹੈ ਪਰ ਉਸ ਸਮੇਂ ਮਸ਼ੀਨਾਂ ਦੇ ਨੇੜੇ ਸਿਰਫ ਚੋਣ ਸਟਾਫ਼ ਜਾਂ ਚੋਣ ਏਜੰਟ ਹੀ ਰਹਿ ਸਕਦੇ ਹਨ। ਚੋਣ ਸਟਾਫ਼ ਵਿੱਚ ਸਰਕਾਰੀ ਮੁਲਾਜ਼ਮ (ਖਾਸ ਕਰਕੇ ਸਕੂਲ ਅਧਿਆਪਕ) ਹੁੰਦੇ ਹਨ ਜਿਹੜੇ ਕਿ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਚੋਣ ਏਜੰਟਾਂ ਵਿੱਚ ਆਮ ਸਥਾਨਕ ਲੋਕ ਹੁੰਦੇ ਹਨ ਜਿੰਨ੍ਹਾਂ ਉੱਤੇ ਅਜਿਹਾ ਤਕਨੀਕੀ ਹੇਰਾਫੇਰੀ ਦਾ ਸ਼ੱਕ ਕਰਨਾ ਐਵੇਂ ਹਵਾ ਵਿੱਚ ਤੀਰ ਮਾਰਨ ਵਾਂਗ ਹੀ ਹੈ। ਇਹ ਤਾਂ ਹੋ ਨਹੀਂ ਸਕਦਾ ਕਿ ਕੋਈ ਪਾਰਟੀ ਜਾਂ ਉਮੀਦਵਾਰ ਸਾਰੇ ਹੀ ਚੋਣ ਬੂਥਾਂ ਉੱਤੇ ਅਜਿਹੇ ਮਾਹਰ ਬਿਠਾ ਦੇਵੇ ਜਿਹੜੇ ਕਿਸੇ ਨੂੰ ਨਜ਼ਰ ਹੀ ਨਾ ਆਉਂਦੇ ਹੋਣ। ਫਿਰ ਵੀ ਆਉਣ ਵਾਲੇ ਸਮੇਂ ਵਿੱਚ ਚੋਣ ਬੂਥਾਂ ਉੱਤੇ ਚੰਗੀ ਗੁਣਵੱਤਾ ਵਾਲੇ ਜੈਮਰ ਜਰੂਰ ਲਗਾ ਦੇਣੇ ਚਾਹੀਦੇ ਹਨ ਤਾਂ ਕਿ ਰੇਡਿਉ ਤਰੰਗਾਂ ਆਦਿ ਵਰਗੇ ਖਤਰਿਆਂ ਨਾਲ ਨਜਿੱਠਿਆ ਜਾ ਸਕੇ। ਜੇਕਰ ਅੱਜ ਤੱਕ ਕੋਈ ਛੇੜਛਾੜ ਦੀ ਵੱਡੀ ਘਟਨਾ ਸਾਹਮਣੇ ਨਹੀਂ ਆਈ ਤਾਂ ਇਸਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਅਵੇਸਲੇ ਹੀ ਰਹੀਏ।
ਈਮੇਲ : gurditgs@gmail.com
ਪਿੰਡ : ਚੱਕ ਬੁੱਧੋ ਕੇ
ਤਹਿਸੀਲ : ਜਲਾਲਾਬਾਦ
ਜ਼ਿਲ੍ਹਾ : ਫਾਜ਼ਿਲਕਾ ( ਪੰਜਾਬ )
-
ਜੀ. ਐੱਸ. ਗੁਰਦਿੱਤ, ਲੇਖਕ
gurditgs@gmail.com
94171 93193
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.