ਆਏ ਦਿਨ ਅਖਬਾਰਾਂ ਅਜਿਹੀਆਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਨਾਲ ਭਰੀਆਂ ਰਹਿੰਦੀਆਂ ਹਨ, ਜਿੰਨ੍ਹਾਂ ਨੂੰ ਪੜ੍ਹਕੇ ਮਨ ਦੁੱਖ ਦੇ ਹਨੇਰੇ ਵਿੱਚ ਡੁੱਬ ਜਾਂਦਾ ਹੈ। ਅਜਿਹੀਆਂ ਘਟਨਾਵਾਂ ਦਾ ਨਾਇਕ ਕੋਈ ਨੈਤਿਕ ਤੌਰ 'ਤੇ ਡਿੱਗਿਆ ਹੋਇਆ ਅਜਿਹਾ ਮਨੁੱਖ ਹੁੰਦਾ ਹੈ, ਜਿਸ ਨੇ ਨੈਤਿਕਤਾ ਦੀ ਨਿਵਾਣ ਦੀਆਂ ਸਭ ਹੱਦਾਂ ਪਾਰ ਕਰ ਲਈਆਂ ਹੁੰਦੀਆਂ ਹਨ।
ਪ੍ਰੇਮ ਸੰਬੰਧਾਂ ਵਿੱਚ ਅੜਿੱਕਾ ਬਣ ਰਹੇ ਸਾਥੀ ਦਾ ਕਤਲ, ਜਮੀਨ ਜਾਇਦਾਦ ਦੇ ਲਾਲਚ ਵਿੱਚ ਭਰਾ ਜਾ ਮਾਂ-ਬਾਪ ਦਾ ਕਤਲ ਅਜਿਹੀਆਂ ਕਿੰਨੀਆਂ ਹੀ ਹੋਰ ਘਟਨਾਵਾਂ ਅਸੀਂ ਹਰ ਰੋਜ਼ ਪੜ੍ਹਦੇ ਸੁਣਦੇ ਹਾਂ। ਸਮਾਜ ਵਿੱਚ ਅਜਿਹੀਆਂ ਅਪਰਾਧਿਕ ਘਟਨਾਵਾ ਦਾ ਗ੍ਰਾਫ ਵਧਣਾ ਇਹ ਦਰਸਾਉਂਦਾ ਹੈ ਕਿ ਅਜੋਕੇ ਮਨੁੱਖ ਵਿੱਚ ਨੈਤਿਕਤਾ ਅਤੇ ਸਹਿਣਸ਼ੀਲਤਾ ਬਿਲਕੁਲ ਮਨਫੀ ਹੋ ਗਈ ਹੈ। ਇਸ ਦੇ ਕਈ ਕਾਰਨ ਹਨ। ਪਹਿਲਾ ਪੈਸੇ ਦੀ ਦੌੜ ਅਤੇ ਰਾਤੋ-ਰਾਤ ਅਮੀਰ ਬਣਨ ਦੀ ਲਾਲਸਾ ਨੇ ਇਸ ਅਪਰਾਧਿਕ ਪ੍ਰਵਿਰਤੀ ਨੂੰ ਹੋਰ ਵੀ ਹਵਾ ਦਿੱਤੀ ਹੈ। ਬਚਪਨ ਵਿੱਚ ਬੱਚਿਆਂ ਨੂੰ ਚੰਗੇ ਸੰਸਕਾਰ ਨਾ ਮਿਲਣ ਕਰਕੇ ਵੀ ਉਹ ਆਪਹੁਦਰੇ ਹੋ ਜਾਂਦੇ ਹਨ ਅਤੇ ਵੱਡੇ ਹੋ ਕੇ ਅਜਿਹੀਆਂ ਸਮਾਜਿਕ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਅੱਜ ਕੱਲ੍ਹ ਦੇ ਮਾਂ-ਬਾਪ ਪੈਸਾ ਕਮਾਉਣ ਦੀ ਦੌੜ ਵਿੱਚ ਆਪਣੇ ਬੱਚਿਆਂ ਨੂੰ ਉਚਿੱਤ ਸਮਾਂ ਨਹੀਂ ਦੇ ਸਕਦੇ। ਜਿਸ ਕਾਰਨ ਬੱਚੇ ਨੈਤਿਕ ਕਦਰਾਂ-ਕੀਮਤਾਂ ਤੋਂ ਊਣੇ ਰਹਿ ਜਾਂਦੇ ਹਨ। ਪੁਰਾਣੇ ਸਮਾਜ ਵਿੱਚ ਸਾਂਝੇ ਪਰਿਵਾਰ ਹੋਣ ਕਾਰਨ ਬੱਚੇ ਆਪਣੇ ਦਾਦਾ-ਦਾਦੀ ਤੋਂ ਬਾਤਾਂ ਦੇ ਨਾਲ-ਨਾਲ ਕਿੰਨੇ ਹੀ ਨੈਤਿਕ ਸੰਸਕਾਰ ਵੀ ਆਪਣੇ ਜਿਹਨ ਵਿੱਚ ਵਸਾ ਲੈਂਦੇ ਸਨ। ਪਰ ਅੱਜ ਕੱਲ੍ਹ ਇਕਹਿਰੇ ਪਰਿਵਾਰਾਂ ਦੇ ਪ੍ਰਚਲਨ ਨੇ ਬੱਚਿਆਂ ਨੂੰ ਉਹਨਾਂ ਦੇ ਵਡੇਰਿਆਂ ਤੋਂ ਦੂਰ ਕਰ ਦਿੱਤਾ ਹੈ। ਮੋਬਾਇਲ ਫੋਨ ਅਤੇ ਕੰਪਿਊਟਰ ਹੀ ਉਹਨਾਂ ਦੇ ਵਿਹਲੇ ਸਮੇਂ ਦੇ ਸਾਥੀ ਬਣ ਕੇ ਰਹਿ ਗਏ ਹਨ। ਇੰਟਰਨੈਟ ਤੇ ਚਲਦੀਆਂ ਬੇਲਗਾਮ ਇਤਰਾਜਯੋਗ ਸਾਈਟਾ ਸਾਡੀ ਨੌਜਵਾਨੀ ਨੂੰ ਕੁਰਾਹੇ ਪਾਉਣ ਵਿੱਚ ਖਾਸੀ ਭੂਮਿਕਾ ਅਦਾ ਕਰ ਰਹੀਆਂ ਹਨ। ਅਜਿਹੀ ਸੰਸਕਾਰ ਵਿਹੀਨ ਪੀੜ੍ਹੀ ਤੋਂ ਨਰੋਏ ਸਮਾਜ ਦੀ ਆਸ ਰੱਖਣਾ "ਕਿੱਕਰਾਂ ਦੇ ਬੀਜ ਬੀਜਕੇ ਬਦਾਮਾਂ ਦੀ ਆਸ ਰੱਖਣ" ਦੇ ਬਰਾਬਰ ਹੈ।
ਭਗਤ ਕਬੀਰ ਜੀ ਨੇ ਆਪਣੇ ਇੱਕ ਦੋਹੇ ਵਿੱਚ ਲਿਖਿਆ ਹੈ:
ਜੈਸਾ ਭੋਜਨ ਖਾਈਏ, ਤੈਸਾ ਹੀ ਮਨ ਹੋਇ,
ਜੈਸਾ ਪਾਨੀ ਪੀਜੀਏ, ਤੈਸੀ ਬਾਣੀ ਹੋਇ।।
ਇਸ ਦਾ ਭਾਵ ਹੈ ਕਿ ਜਿਸ ਤਰ੍ਹਾਂ ਦਾ ਮਨੁੱਖ ਦਾ ਖਾਣ-ਪੀਣ ਹੋਵੇਗਾ, ਉਹੋ ਜਿਹਾ ਹੀ ਉਸ ਦਾ ਸੁਭਾਅ ਹੋਵੇਗਾ। ਜਿਸ ਤਰ੍ਹਾਂ ਦਾ ਅਸੀਂ ਪਾਣੀ ਪੀਂਦੇ ਹਾਂ, ਉਸੇ ਤਰ੍ਹਾਂ ਦੀ ਸਾਡੀ ਬਾਣੀ ਭਾਵ ਬੋਲੀ ਹੋਵੇਗੀ। ਪੰਜਾਬੀ ਦੀ ਵੀ ਇੱਕ ਕਹਾਵਤ ਹੈ "ਜਿਹਾ ਅੰਨ, ਤਿਹਾ ਮਨ" ਜੇਕਰ ਸਾਡੇ ਅਜੋਕੇ ਖਾਣੀ ਪੀਣ ਤੇ ਨਜ਼ਰ ਮਾਰੀ ਜਾਵੇ ਤਾਂ ਇਹ ਗੱਲ ਭਲੀ-ਭਾਂਤ ਸਪੱਸ਼ਟ ਹੋ ਜਾਂਦੀ ਹੈ ਕਿ ਸਾਡੀ ਖੁਰਾਕ ਵਿੱਚ 75% ਜਹਿਰਾ ਹਨ। ਸਾਡੀ ਰੋਜ਼ ਦੀ ਖੁਰਾਕ ਵਿੱਚ ਇੱਕ ਵੀ ਚੀਜ ਅਜਿਹੀ ਨਹੀਂ ਹੁੰਦੀ, ਜਿਹੜੀ ਜ਼ਹਿਰ ਤੋਂ ਮੁਕਤ ਹੋਵੇ। ਇਸ ਤਰ੍ਹਾਂ ਪ੍ਰੀਤਤ ਹੁੰਦਾ ਹੈ ਕਿ ਅੱਜ ਦਾ ਮਨੁੱਖੀ ਜ਼ਹਿਰੀ ਖੁਰਾਕ ਖਾ-ਖਾ ਕੇ ਖੁਦ ਵੀ ਜ਼ਹਿਰੀ ਹੋ ਗਿਆ ਹੈ। ਉਸ ਦਾ ਭਾਵਨਾਵਾਂ ਤੇ ਕੋੲ ਕਾਬੂ ਨਹੀਂ ਰਿਹਾ ਨਿੱਕੀ ਨਿੱਕੀ ਗੱਲ ਤੇ ਕਤਲ ਤੱਕ ਕਰ ਦਿੱਤਾ ਜਾਂਦਾ ਹੈ। ਸਾਡਾ ਖਾਣ-ਪੀਣ ਸਾਡੀ ਮਾਨਸਿਕ ਸਥਿਤੀ ਨੂੰ ਨਿਰਧਾਰਤ ਜਰੂਰ ਕਰਦਾ ਹੈ। ਪੁਰਾਦੇ ਸਮੇਂ ਵਿੱਚ ਸ਼ੁੱਧ ਖੁਰਾਕਾਂ ਖਾਧੀਆਂ ਜਾਂਦੀਆਂ ਸਨ ਅਤੇ ਸਰੀਰਕ ਕਸਰਤ ਵੀ ਕਾਫੀ ਹੋ ਜਾਂਦੀ ਸੀ, ਕਿਉਂਕਿ ਬਹੁਗਿਣਤੀ ਕੰਮ ਹੱਥੀ ਕਰਨੇ ਪੈਂਦੇ ਸਨ। ਜਿਸ ਕਰਕੇ ਖਾਧੀ ਹੋਈ ਖੁਰਾਕ ਜਜ਼ਬ ਹੋ ਜਾਂਦੀ ਸੀ ਤੇ ਸਰੀਰ ਨੂੰ ਬਿਮਾਰੀਆਂ ਵੀ ਘੱਟ ਲੱਗਦੀਆਂ ਸਨ। ਹੁਣ ਵਿਗਿਆਨ ਨੇ ਭਾਵੇਂ ਬਿਮਾਰੀਆਂ ਤੇ ਕਾਬੂ ਤਾਂ ਪਾ ਲਿਆ ਹੈ, ਪਰ ਬਿਮਾਰੀਆਂ ਵੀ ਉਨੀਆ ਹੀ ਵਿਕਰਾਲ ਤੇ ਭਿਆਨਕ ਰੂਪ ਧਾਰ ਗਈਆਂ ਹਨ। ਇਸ ਦਾ ਕਾਰਨ ਇਹ ਹੈ ਕਿ ਅੱਜ-ਕੱਲ, ਬਹੁਗਿਣਤੀ ਕੰਮ ਮਸ਼ੀਨਾਂ ਦੁਆਰਾ ਹੋਣ ਲੱਗ ਪਏ ਹਨ। ਸਰੀਰਕ ਹਰਕਤ ਘਟੀ ਹੈ। ਜਿਸ ਕਾਰਨ "ਵਿਹਲਾ ਮਨ ਸੈਤਾਨ ਦਾ ਘਰ"ਤਾਂ ਹੁੰਦਾ ਹੀ ਹੈ, ਨਾਲ ਨਾਲ ਜ਼ਹਿਰੀ ਖੁਰਾਕ ਨੂੰ ਜ਼ਜਬ ਹੋਣ ਦਾ ਮੌਕਾ ਵੀ ਨਹੀਂ ਮਿਲਦਾ। ਮਨੁੱਖੀ ਦਾ ਸਰੀਰ ਬਿਮਾਰੀਆਂ ਦੀ ਖਾਣ ਬਣਦਾ ਜਾ ਰਿਹਾ ਹੈ।
ਰਿਸ਼ਤੇ-ਨਾਤਿਆਂ ਵਿੱਚ ਵਧ ਰਹੇ ਸਵਾਰਥੀਪੁਣੇ ਤੋਂ ਅੱਕਿਆ ਮਨੁੱਖ ਸਮਾਜ ਵਿੱਚ ਕਿਧਰੇ ਵੀ ਸਕੂਨ ਅਨੁਭਵ ਨਹੀਂ ਕਰਦਾ। ਚਿੜਚੜਪਣ, ਈਰਖਾ, ਬੇਚੈਨੀ ਮਨੁੱਖੀ ਸੁਭਾਅ ਤੇ ਭਾਰੂ ਪੈ ਰਹੀਆਂ ਪ੍ਰਵਿਰਤੀਆਂ ਹਨ। ਸਮਾਜ ਵਿੱਚ ਵਧ ਰਹੀ ਹਿੰਸਕ ਪ੍ਰਵਿਰਤੀ, ਦਿਸ਼ਾਹੀਣ ਨੌਜਵਾਨਾਂ ਦੀ ਹੁੱਲੜਬਾਜ਼ੀ ਅਤੇ ਨੈਤਿਕ ਕਰਦਾਂ-ਕੀਮਤਾਂ ਤੋਂ ਸੱਖਣੀ ਅਜੋਕੀ ਪੀੜ੍ਹੀ ਨੇ ਬੁੱਧੀਜੀਵੀ ਵਰਗ ਨੂੰ ਚਿੰਤਾਗ੍ਰਸਤ ਕਰ ਦਿੱਤਾ ਹੈ। ਅਧਿਆਪਕ ਵਿਦਿਆਰਥੀ ਦਾ ਰਿਸ਼ਤਾ ਬੜ ਪਵਿੱਤਰ ਗਿਣਿਆ ਜਾਂਦਾ ਹੈ।
ਪਰ ਅੱਜ ਕੱਲ੍ਹ ਦੇ ਵਿਦਿਆਰਥੀ ਅਧਿਆਪਕਾਂ ਅੱਗੇ ਦਾਦਾਗਿਰੀ ਕਰਨੋ ਵੀ ਬਾਜੁ ਨਹੀਂ ਆਉਂਦੇ। ਪਤੀ-ਪਤਨੀ ਦਾ ਪਵਿੱਤਰ ਰਿਸ਼ਤਾ ਭਾਰਤੀ ਸੰਸਕ੍ਰਿਤੀ ਦੀ ਸ਼ਾਨ ਮੰਨਿਆ ਜਾਂਦਾ ਹੈ। ਅੱਜ ਕੱਲ੍ਹ ਇਸ ਰਿਸ਼ਤੇ ਦਾ ਘਾਟ ਹੋ ਰਿਹਾ ਹੈ। ਗੁੱਡਾ-ਗੁੱਡੀ ਦੀ ਖੇਡ ਵਾਂਗ ਵਿਆਹ ਤੋੜ ਦਿੱਤੇ ਜਾਂਦੇ ਹਨ ਅਤੇ ਤਲਾਕ ਲੈ ਜਾਂ ਦੇ ਦਿੱਤਾ ਜਾਂਦਾ ਹੈ। ਤੀਜੀ ਧਿਰ ਬੱਚੇ ਸਾਰੀ ਉਮਰ ਇਸ ਦਾ ਸੰਤਾਪ ਭੋਗਦੇ ਹਨ। ਭੈਣ-ਭਰਾ ਦੇ ਰਿਸ਼ਤੇ ਵਿੱਚ ਪਵਿੱਤਰਤਾ ਮਨਫੀ ਹੋ ਗਈ ਹੈ। ਅੱਜ-ਕੱਲ੍ਹ ਤਾ ਵਿਦੇਸ਼ ਜਾਣ ਦੀ ਲਾਲਸਾ ਅਧੀਨ ਭੈਣ-ਭਰਾ ਦਾ ਆਪਸ ਵਿੱਚ ਫਰਜ਼ੀ ਵਿਆਹ ਕਰ ਦਿੱਤਾ ਜਾਂਦਾ ਹੈ। (ਭਾਵੇਂ ਇਹ ਕਾਗਜੀ ਹੀ ਹੁੰਦਾ ਹੈ। ) ਵਿਆਹਾਂ ਵਿੱਚ ਉੱਚੀ ਆਵਾਜ਼ ਵਿੱਚ ਵਜਦੇ ਡੀ.ਜੇ. ਤੇ ਗੈਸ ਸਭਿਆਚਾਰਕ ਲੱਚਰ ਅਤੇ ਨਿਰੱਜਲਤਾ ਭਰੇ ਗੀਤਾਂ ਉਪਰ ਭੈਣਾ-ਮਾਵਾਂ ਚਾਚੀਆਂ, ਤਾਈਆਂ ਨਾਲ ਨੱਚਣ ਦਾ ਦ੍ਰਿਸ਼ ਯੇਰ-ਇਖਲਾਕੀ ਤੇ ਅਸੱਭਿਆਚਾਰਕ ਸਮਾਜ ਦਾ ਭੁਲੇਖਾ ਪਾਉਂਦਾ ਹੈ। ਅਜੇ ਵੀ ਵੇਲਾ ਹੈ, ਸੰਭਲਿਆ ਜਾ ਸਕਾਦ ਹੈ। ਮਾਂ-ਬਾਪ ਨੂੰ ਚਾਹੀਦਾ ਹੈ ਕਿ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਬੱਚਿਆਂ ਨਾਲ, ਘਰ ਦੇ ਬਜ਼ੁਰਗਾਂ ਨਾਲ ਕੁਝ ਸਮਾਂ ਬਿਤਾਉਣਾ, ਬੱਚਿਆਂ ਨੂੰ ਨੈਤਿਕ ਮੁੱਲਾਂ ਦੀ ਸਿੱਖਿਆਂ ਘਰ ਤੋਂ ਵੀ ਮਿਲਣੀ ਚਾਹੀਦੀ ਹੈ। ਜੇ ਇਹਨਾਂ ਕੋਮਲ ਕਲੀਆਂ ਨੂੰ ਅੱਜ ਨੈਤਿਕਤਾ ਮਾਨਵਤਾਵਾਦ, ਪ੍ਰੇਮ, ਤਿਆਗ ਦੇ ਗੁਣਾਂ ਨਾਲ ਸਿੰਜਾਗੇ ਤਾਂ ਕੱਲ੍ਹ ਨੂੰ ਇਹ ਸਮਾਜ ਦੀ ਫੁਲਵਾੜੀ ਨੂੰ ਸਦਾਚਾਰਕ ਗੁਣਾਂ ਰੂਪੀ ਫੁੱਲਾਂ ਨਾਲ ਮਹਿਕਾ ਦੇਣਗੇ, ਨਹੀਂ ਤਾਂ ਫਿਰ ਸਮਾਜ ਹੈਵਾਨੀਅਤ ਅਤੇ ਅਹਾਜਕਤਾ ਦੀਆਂ ਕੰਡਿਆਲੀਆਂ ਥੋਹਰਾਂ ਨਾਲ ਲੀਰੋ-ਲੀਰ ਹੋ ਜਾਵੇਗਾ।
ਗੁਰਪ੍ਰੀਤ ਕੌਰ ਜ਼ੋਗਾ
ਪੰਜਾਬੀ ਅਧਿਆਪਕਾ
ਪਿੰਡ ਤੇ ਡਾਕ ਜ਼ੋਗਾ,
ਜਿਲ੍ਹਾ ਮਾਨਸਾ
ਮੋ: 90565-26703
-
ਗੁਰਪ੍ਰੀਤ ਕੌਰ ਜ਼ੋਗਾ, ਪੰਜਾਬੀ ਅਧਿਆਪਕਾ
upsmansa@gmail.com
90565-26703
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.