ਭਾਰਤ ਵਿੱਚ ਵੱਖ ਵੱਖ ਵਿਸ਼ਿਆਂ 'ਤੇ ਨਿਰੰਤਰ ਫਿਲਮਾਂ ਬਣਦੀਆਂ ਰਹਿੰਦੀਆਂ ਹਨ ਤੇ ਇਨ੍ਹਾਂ 'ਚੋਂ ਕਈ ਕਾਮਯਾਬ ਹੋ ਜਾਂਦੀਆਂ ਨੇ ਅਤੇ ਕਈ ਤਾਂ ਲਾਗਤ ਵੀ ਪੂਰੀ ਨਹੀਂ ਕਰ ਪਾਉਂਦੀਆਂ। ਇਸੇ ਤਰ੍ਹਾਂ ਖੇਡਾਂ ਦੇ ਵਿਸ਼ੇ 'ਤੇ ਵੀ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ ਹਨ। ਇਨ੍ਹਾਂ ਫਿਲਮਾਂ 'ਚ ਕਈਆਂ ਨੂੰ ਬਹੁਤੀ ਸਫ਼ਲਤਾ ਵੀ ਮਿਲੀ ਹੈ ਜਦਕਿ ਕਈ ਬੁਰੀ ਤਰ੍ਹਾਂ ਫੇਲ ਵੀ ਹੋਈਆਂ ਹਨ। ਖੇਡਾਂ 'ਤੇ ਬਣਨ ਵਾਲੀਆਂ ਫਿਲਮਾਂ ਬਾਕੀ ਦੀਆਂ ਫਿਲਮਾਂ ਨਾਲੋਂ ਵੱਖ ਰਹੀਆਂ ਹਨ ਕਿਉਂ ਕਿ ਇਨ੍ਹਾਂ ਦਾ ਵਿਸ਼ਾ ਵੱਖਰਾ ਹੁੰਦਾ ਹੈ। ਖੇਡਾਂ 'ਤੇ ਬਣੀਆਂ ਬਹੁਤੀਆਂ ਫਿਲਮਾਂ 'ਚ ਖੇਡਾਂ ਵੱਲ ਪ੍ਰੇਰਿਤ ਹੋਣ ਦੇ ਵਿਸ਼ੇ ਨੂੰ ਵੀ ਤਵੱਜੋ ਦਿੱਤੀ ਜਾਂਦੀ ਹੈ। ਕਿਉਂ ਕਿ ਕਿਸੇ ਵੀ ਖਿਡਾਰੀ ਦੀ ਜ਼ਿੰਦਗੀ 'ਤੇ ਬਣਨ ਵਾਲੀ ਫਿਲਮ 'ਚ ਉਸ ਦੀ ਜ਼ਿੰਦਗੀ ਦੇ ਹਰ ਮਾੜੇ ਚੰਗੇ ਪੱਖ ਨੂੰ ਦਿਖਾਇਆ ਜਾਂਦਾ ਹੈ ਜਿਸ 'ਚੋਂ ਗੁਜ਼ਰ ਕੇ ਓਸ ਖਿਡਾਰੀ ਨੇ ਬੁਲੰਦੀਆਂ ਨੂੰ ਛੂਹਿਆ ਹੁੰਦਾ ਹੈ। ਜਿਸ ਨੂੰ ਦੇਖ ਕੇ ਨੌਜਵਾਨ ਖਿਡਾਰੀ ਉਤਸ਼ਾਹਿਤ ਹੋ ਸਕਣ ਤੇ ਉਨ੍ਹਾਂ ਅੰਦਰ ਵੀ ਉਹ ਜਜ਼ਬਾ ਪੈਦਾ ਹੋ ਸਕੇ ਤੇ ਉਹ ਵੀ ਚੰਗੇ ਮੁਕਾਮ ਨੂੰ ਛੂਹ ਸਕਣ।
ਜੇਕਰ ਹੁਣ ਤੱਕ ਆਈਆਂ ਇਨ੍ਹਾਂ ਫਿਲਮਾਂ ਦੀ ਗੱਲ ਕਰੀਏ ਤਾਂ ਇੱਕ ਫਿਲਮ ਆਈ ਸੀ 'ਚੱਕ ਦੇ ਇੰਡੀਆ' ਜਿਸ ਵਿੱਚ ਲੜਕੀਆਂ ਨੂੰ ਹਾਕੀ ਖੇਡਦਿਆਂ ਦਿਖਾਇਆ ਗਿਆ ਸੀ। ਇਹ ਫਿਲਮ ਤਾਂ ਬਣਾਈ ਗਈ ਸੀ ਕਿਉਂ ਕਿ ਸਾਡੇ ਸਮਾਜ ਵਿੱਚ ਕੁੜੀਆਂ ਨੂੰ ਖੇਡਾਂ ਵੱਲ ਬਹੁਤਾ ਲਗਾਇਆ ਨਹੀਂ ਜਾਂਦਾ ਪਰ ਇਸ ਫਿਲਮ ਦਾ ਮਕਸਦ ਬਹੁਤ ਸਹੀ ਸਾਬਿਤ ਹੋਇਆ। ਕਿਉਂ ਕਿ ਇਹ ਫਿਲਮ ਦੇਖ ਕੇ ਖਿਡਾਰੀ ਬਹੁਤ ਉਤਸ਼ਾਹਿਤ ਹੋਏ ਸਨ। ਭਾਰਤੀ ਕ੍ਰਿਕਟ ਟੀਮ ਨੂੰ ਵੀ ਇਹ ਫਿਲਮ ਖਾਸ ਤੌਰ 'ਤੇ ਦਿਖਾਈ ਗਈ ਸੀ। ਇਸ ਤੋਂ ਬਾਅਦ ਹੋਰ ਬਹੁਤ ਫਿਲਮਾਂ ਆਈਆਂ। ਜਿਵੇਂ ਕਿ 'ਮੈਰੀ ਕੌਮ' ਨਾਮ ਦੀ ਫਿਲਮ ਆਈ ਜਿਸ ਵਿੱਚ ਭਾਰਤੀ ਮੁੱਕੇਬਾਜ਼ ਮੈਰੀ ਕਾਮ ਦੀ ਜ਼ਿੰਦਗੀ ਬਾਰੇ ਦਿਖਾਇਆ ਗਿਆ। ਇਹ ਫਿਲਮ ਵੀ ਲੜਕੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਵਾਲੀ ਫਿਲਮ ਸੀ। ਇਸ ਫਿਲਮ ਨੂੰ ਲੋਕਾਂ ਨੇ ਕਾਫ਼ੀ ਪਸੰਦ ਵੀ ਕੀਤਾ ਸੀ। ਉਡਣਾ ਸਿੱਖ ਦੇ ਨਾਮ ਨਾਲ ਜਾਣੇ ਜਾਂਦੇ ਮਿਲਖਾ ਸਿੰਘ ਦੀ ਜ਼ਿੰਦਗੀ 'ਤੇ ਵੀ ਫਿਲਮ ਬਣੀ ਜਿਸ ਦਾ ਨਾਮ 'ਭਾਗ ਮਿਲਖਾ ਭਾਗ' ਸੀ ਜੋ 2013 ਵਿੱਚ ਦਰਸ਼ਕਾਂ ਦੇ ਰੁਬਰੂ ਹੋਈ ਸੀ। ਇਸ ਫਿਲਮ ਨੂੰ ਬਹੁਤ ਲੋਕਾਂ ਨੇ ਪਸੰਦ ਕੀਤਾ ਤੇ ਇਸ ਫਿਲਮ ਨੇ ਕਮਾਈ ਵੀ ਚੰਗੀ ਕੀਤੀ ਸੀ ਤੇ ਇਸ ਫਿਲਮ ਰਾਹੀਂ ਮਿਲਖਾ ਸਿੰਘ ਨੂੰ ਵੀ ਮੁੜ ਪਹਿਚਾਣ ਮਿਲੀ ਸੀ ਕਿਉਂ ਕਿ ਨਵੀਂ ਪੀੜ੍ਹੀ ਮਿਲਖਾ ਸਿੰਘ ਨੂੰ ਇਸ ਤੋਂ ਪਹਿਲਾਂ ਜਾਣਦੀ ਤੱਕ ਨਹੀਂ ਸੀ। ਕ੍ਰਿਕਟ ਦੇ ਸਿਤਾਰਿਆਂ 'ਤੇ ਵੀ ਫਿਲਮਾਂ ਬਣੀਆਂ ਜਿਸ ਵਿੱਚ ਪਹਿਲੀ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜਹਰੁਦੀਨ ਅਤੇ ਦੂਜੀ ਫਿਲਮ ਭਾਰਤ ਦੇ ਸਭ ਤੋਂ ਸਫ਼ਲ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਜ਼ਿੰਦਗੀ 'ਤੇ ਬਣੀ। ਧੋਨੀ ਦੀ ਜ਼ਿੰਦਗੀ 'ਤੇ ਬਣੀ ਫਿਲਮ ਨੇ ਦਰਸ਼ਕਾਂ ਨੂੰ ਕਾਫ਼ੀ ਪ੍ਰਭਾਵਿਤ ਵੀ ਕੀਤਾ ਤੇ ਇਸ ਫਿਲਮ ਨੇ ਬਾਕਸ ਆਫਿਸ 'ਤੇ ਚੋਖੀ ਕਮਾਈ ਵੀ ਕੀਤੀ। ਪਿੱਛੇ ਜਿਹੇ ਇੱਕ ਹੋਰ ਫਿਲਮ 'ਸੁਲਤਾਨ' ਆਈ ਸੀ ਜਿਸ ਵਿੱਚ ਸਲਮਾਨ ਖਾਨ ਅਤੇ ਅਨੁਸ਼ਕਾ ਸ਼ਰਮਾ ਨੇ ਅਦਾਕਾਰੀ ਦਾ ਜਲਵਾ ਪੇਸ਼ ਕੀਤਾ ਸੀ। ਇਸ ਫਿਲਮ ਵਿੱਚ ਰੈਸਲਿੰਗ ਦਾ ਦ੍ਰਿਸ਼ ਪੇਸ਼ ਕੀਤਾ ਗਿਆ ਸੀ ਪਰ ਇਹ ਫਿਲਮ ਪੂਰਨ ਖੇਡ ਨਾਲ ਜੁੜੀ ਹੋਈ ਨਹੀਂ ਸੀ। ਪਰ ਇਸ ਫਿਲਮ ਨੇ ਵੀ ਦਰਸ਼ਕਾਂ ਦਾ ਧਿਆਨ ਖੂਬ ਆਪਣੇ ਵੱਲ ਖਿੱਚਿਆ। ਹੁਣ ਗੱਲ ਕਰਦੇ ਹਾਂ ਸਭ ਤੋਂ ਆਖਰ 'ਚ ਆਈ ਫਿਲਮ 'ਦੰਗਲ' ਦੀ ਜਿਸ ਨੇ ਹੁਣ ਤੱਕ ਦੇ ਸਾਰੇ ਰਿਕਾਰਡਾਂ ਨੂੰ ਤੋੜ ਕਾਫ਼ੀ ਕਮਾਈ ਕੀਤੀ। ਥੋੜਾ ਜਿਹਾ ਇਸ ਫਿਲਮ ਬਾਰੇ ਵਿਚਾਰ ਕਰਾਂਗੇ ਕਿਉਂ ਕਿ ਇਹ ਫਿਲਮ ਬਾਕੀ ਦੀਆਂ ਫਿਲਮਾਂ ਤੋਂ ਕਾਫੀ ਜ਼ਿਆਦਾ ਹਟ ਕੇ ਬਣਾਈ ਗਈ ਫਿਲਮ ਹੈ। ਇਹ ਫਿਲਮ ਇੱਕ ਸੱਚੀ ਕਹਾਣੀ 'ਤੇ ਬਣੀ ਹੈ ਇਸ 'ਚ ਮਹਾਵੀਰ ਫੌਗਾਟ ਦੇ ਸੰਘਰਸ਼ ਨੂੰ ਬਿਆਨ ਕੀਤਾ ਗਿਆ ਹੈ। ਇਸ ਫਿਲਮ 'ਚ ਦਿਖਾਇਆ ਗਿਆ ਹੈ ਕਿ ਜੇਕਰ ਇਨਸਾਨ ਚਾਹੇ ਤਾਂ ਉਹ ਕੀ ਕੁੱਝ ਨਹੀਂ ਕਰ ਸਕਦਾ। ਬਸ ਕੁੱਝ ਕਰਨ ਦੀ ਮਨ 'ਚ ਲਗਨ ਤੇ ਇਰਾਦਾ ਠੋਸ ਹੋਣਾ ਚਾਹੀਦਾ ਹੈ। ਇਸ ਫਿਲਮ 'ਚ ਮਹਾਵੀਰ ਫੌਗਟ ਜਦੋਂ ਨੂੰ ਜਦੋਂ ਮਜ਼ਬੂਰੀ ਕਾਰਨ ਖੇਡ ਤੋਂ ਕਿਨਾਰਾ ਕਰਨਾ ਪੈ ਜਾਂਦਾ ਹੈ ਤਾਂ ਉਸ ਦੇ ਅਰਮਾਨ ਚਕਨਾ ਚੂਰ ਹੋ ਜਾਂਦੇ ਹਨ ਜੋ ਉਸ ਨੇ ਸੁਪਨੇ ਦੇਖੇ ਹੁੰਦੇ ਹਨ ਉਹ ਪਸਤ ਹੋ ਜਾਂਦੇ ਹਨ ਤਾਂ ਇਹ ਗੱਲ ਉਸਦੇ ਮਨ 'ਚ ਕਿਤੇ ਨਾ ਕਿਤੇ ਘਰ ਕਰ ਜਾਂਦੀ ਹੈ ਤੇ ਉਹ ਇਹੀ ਇੱਛਾ ਆਪਣੇ ਬੱਚੇ ਤੋਂ ਪੂਰੀ ਕਰਨ ਬਾਰੇ ਸੋਚਦਾ ਹੈ ਪਰ ਜਦੋਂ ਉਸਦੇ ਘਰ ਕੋਈ ਪੁੱਤਰ ਨਹੀਂ ਜਨਮ ਲੈਂਦਾ ਤੇ ਉਸਦੀ ਥਾਂ ਧੀਆਂ ਜਨਮ ਲੈਂਦੀਆਂ ਹਨ ਤਾਂ ਉਹ ਨਿਰਾਸ਼ ਹੋ ਜਾਂਦਾ ਹੈ ਪਰ ਇੱਕ ਦਿਨ ਉਸ ਨੂੰ ਆਪਣੀਆਂ ਧੀਆਂ ਅੰਦਰ ਉਹ ਚਮਕ ਦਿਸਦੀ ਹੈ ਜਿਸ ਕਾਰਨ ਉਸਦੀ ਆਸ ਦੀ ਕਿਰਨ ਇੱਕ ਦਮ ਜਾਗ ਜਾਂਦੀ ਹੈ। ਬਸ ਇੱਥੋਂ ਹੀ ਕਹਾਣੀ ਸ਼ੁਰੂ ਹੁੰਦੀ ਹੈ ਤੇ ਉਹ ਆਪਣੀਆਂ ਧੀਆਂ ਨੂੰ ਓਸ ਮੁਕਾਮ ਤੱਕ ਲੈ ਕੇ ਜਾਣ ਲਈ ਉਨ੍ਹਾਂ ਨੂੰ ਮਿਹਨਤ ਕਰਵਾਉਣੀ ਸ਼ੁਰੂ ਕਰਦਾ ਹੈ। ਇਸ ਵਿੱਚ ਸਮਾਜਿਕ ਪੱਖ ਵੀ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਲੋਕ ਲੜਕੀਆਂ ਦੇ ਖਿਡਾਉਣ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਅਤੇ ਲੋਕ ਮਹਾਵੀਰ ਦੀ ਨਿੰਦਿਆ ਵੀ ਕਰਦੇ ਹਨ ਤੇ ਪਿੱਠ ਪਿੱਛੇ ਚੁਗਲੀ ਵੀ। ਪਰ ਅੰਨੇ ਹੋਏ ਮਹਾਵੀਰ ਨੂੰ ਸਿਰਫ਼ ਅਰਜੁਣ ਵਾਂਗ ਮੱਛੀ ਦੀ ਅੱਖ ਹੀ ਦਿਸਦੀ ਹੈ। ਉਸ ਦੀਆਂ ਧੀਆਂ ਗੀਤਾ ਅਤੇ ਬਬੀਤਾ ਮੁੰਡਿਆਂ ਨਾਲ ਮੁਕਾਬਲਾ ਵੀ ਕਰਦੀਆਂ ਹਨ ਤੇ ਆਪਣੀ ਖੇਡ ਰਾਹੀਂ ਉਚ ਪੱਧਰਾ ਮੁਕਾਮ ਵੀ ਹਾਸਿਲ ਕਰਦੀਆਂ ਹਨ। ਜਿਵੇਂ ਕਿ ਪਹਿਲਾਂ ਹੀ ਦੱਸਿਆ ਸੀ ਕਿ ਇਸ ਫਿਲਮ ਬਾਰੇ ਚਰਚਾ ਤਾਂ ਕੀਤੀ ਹੈ ਕਿਉਂਕਿ ਇਹ ਫਿਲਮ ਬਾਕੀ ਦੀਆਂ ਫਿਲਮਾਂ ਤੋਂ ਬਹੁਤ ਹੱਟ ਕੇ ਹੈ। ਕਿਉਂ ਕਿ ਇਸ ਫਿਲਮ 'ਚ ਜਦ ਗੀਤਾ ਇੰਟਰਨੈਸ਼ਨਲ ਪੱਧਰ ਦੀ ਤਿਆਰੀ ਕਰਦੀ ਹੈ ਤਾਂ ਜੋ ਖਿਡਾਰੀਆਂ ਨਾਲ ਆਮ ਹੁੰਦਾ ਹੈ ਉਸ ਬਾਰੇ ਖੁੱਲ ਕੇ ਦਿਖਾਇਆ ਗਿਆ ਹੈ। ਕਿਵੇਂ ਸਾਡਾ ਖੇਡ ਸਿਸਟਮ ਚੱਲਦਾ ਹੈ ਬਾਰੇ ਕੋਈ ਓਲਾ ਨਹੀਂ ਰੱਖਿਆ ਗਿਆ ਹੈ। ਫਿਲਮ 'ਚ ਇਹ ਵੀ ਸਭ ਦੇ ਸਾਹਮਣੇ ਲਿਆਂਦਾ ਗਿਆ ਹੈ ਕਿ ਕਿਵੇਂ ਸਾਡੇ ਖਿਡਾਰੀ ਜਦੋਂ ਬਾਹਰ ਖੇਡਣ ਜਾਂਦੇ ਹਨ ਤਾਂ ਉਹ ਉੱਥੇ ਜਾ ਕੇ ਖੇਡ ਵੱਲ ਧਿਆਨ ਘੱਟ ਤੇ ਐਸ਼ ਪ੍ਰਸਤੀ ਵੱਲ ਵਧੇਰੇ ਦਿੰਦੇ ਹਨ। ਫਿਲਮ ਰਾਹੀਂ ਇਹ ਵੀ ਪੇਸ਼ ਕੀਤਾ ਗਿਆ ਹੈ ਕਿ ਕਿਵੇਂ ਕੋਚ ਖਿਡਾਰੀਆਂ ਨਾਲ ਧੱਕਾ ਕਰਦੇ ਹਨ ਤੇ ਆਪਣੇ ਮਨ ਦੀ ਹੀ ਕਰਦੇ ਹਨ। ਇਸ ਤੋਂ ਬਿਨ੍ਹਾਂ ਸਭ ਤੋਂ ਖਾਸ ਗੱਲ ਉਹ ਇਹ ਜੋ ਫਿਲਮ 'ਚ ਦਿਖਾਈ ਗਈ ਉਹ ਇਹ ਕਿ ਜਦ ਭਾਰਤੀ ਖਿਡਾਰੀ ਕਿਸੇ ਟੂਰਨਾਮੈਂਟ ਲਈ ਤਿਆਰੀ ਕਰਦਾ ਹੈ ਤਾਂ ਉਹ ਵੱਡੇ ਟੂਰਨਾਮੈਂਟ ਵੱਲ ਧਿਆਨ ਕੇਂਦਰਿਤ ਕਰਨ ਦੀ ਥਾਂ ਸਿਰਫ ਛੋਟੇ ਟੂਰਨਾਮੈਂਟ ਵਿੱਚ ਹੀ ਫਸ ਕੇ ਰਹਿ ਜਾਂਦਾ ਹੈ। ਕਿਉਂ ਕਿ ਗੀਤਾ ਦਾ ਟੀਚਾ ਸਿਰਫ਼ ਕਾਮਲਵੈਲਥ ਖੇਡਾਂ ਤੱਕ ਹੀ ਸੀ ਤੇ ਉਸ ਨੇ ਸ਼ਾਇਦ ਇਸ ਤੋਂ ਅੱਗੇ ਵਧਣ ਬਾਰੇ ਸੋਚਿਆ ਹੀ ਨਹੀਂ ਸੀ। ਅਜਿਹਾ ਹੀ ਸਾਡੇ ਖਿਡਾਰੀ ਕਰ ਰਹੇ ਹਨ ਜਿਸ ਦਾ ਖਾਮਿਆਜ਼ਾ ਉਨ੍ਹਾਂ ਨੂੰ ਵੱਡੇ ਟੂਰਨਾਮੈਂਟ ਵਿੱਚ ਹਾਰ ਨਾਲ ਭੁਗਤਣਾ ਪੈ ਜਾਂਦਾ ਹੈ।
ਇਹ ਤਾਂ ਸੀ ਫਿਲਮਾਂ ਦੀ ਗੱਲ, ਹੁਣ ਗੱਲ ਕਰਦੇ ਹਾਂ ਇਨ੍ਹਾਂ ਤੋਂ ਉਠੇ ਸਵਾਲ ਦੀ।ਇਨ੍ਹਾਂ ਫਿਲਮਾਂ ਤੋਂ ਜਿਹੜਾ ਸਵਾਲ ਉਠਦਾ ਹੈ ਉਹ ਇਹੀ ਹੈ ਕਿ ਫਿਲਮਾਂ ਖੇਡਾਂ ਨੂੰ ਉਤਸ਼ਾਹਿਤ ਕਰਨ 'ਚ ਆਪਣਾ ਰੋਲ ਨਿਭਾਅ ਸਕੀਆਂ ਨੇੇੇ ? ਜਾਂ ਸਿਰਫ਼ ਇਹ ਫਿਲਮਾਂ ਪੈਸਾ ਕਮਾਉਣ ਤੱਕ ਹੀ ਸੀਮਤ ਰਹਿ ਗਈਆਂ ਨੇ। ਜੇਕਰ ਖੁੱਲੇ 'ਚ ਇਹ ਸਵਾਲ ਕੀਤਾ ਜਾਵੇ ਤਾਂ ਸ਼ਾਇਦ ਬਹੁਤਿਆਂ ਦਾ ਜਵਾਬ ਇਹੀ ਹੋਵੇਗਾ ਕਿ ਇਹੋ ਜਿਹੀਆਂ ਫਿਲਮਾਂ ਸਿਰਫ਼ ਪੈਸਾ ਕਮਾਉਣ ਲਈ ਹੀ ਬਣਾਈਆਂ ਜਾਂਦੀਆਂ ਹਨ। ਉਹ ਇਸ ਲਈ ਕਿਉਂ ਕਿ ਇਹ ਫਿਲਮਾਂ ਦਰਸ਼ਕਾਂ ਨੂੰ ਤਾਂ ਸਿਨੇਮਾ ਘਰਾਂ ਤੱਕ ਖਿੱਚ ਲਿਆਉਂਦੀਆਂ ਹਨ ਪਰ ਦਰਸ਼ਕਾਂ ਦੇ ਮਨਾਂ 'ਚ ਬਦਲਾਅ ਨਹੀਂ ਲਿਆ ਪਾਉਂਦੀਆਂ। ਜੇਕਰ ਅਜਿਹਾ ਹੁੰਦਾ ਤਾਂ ਅੱਜ ਖੇਡਾਂ 'ਚ ਜੋ ਸਾਡਾ ਹਾਲ ਹੈ ਉਹ ਨਾ ਹੁੰਦਾ। ਨਾ ਸਾਡੇ ਉਮੀਦ ਮੁਤਾਬਿਕ ਓਲੰਪਿਕ 'ਚੋਂ ਤਗ਼ਮੇ ਆਉਂਦੇ ਹਨ ਤੇ ਨਾ ਹੀ ਨੌਜਵਾਨ ਮੈਦਾਨਾਂ 'ਚ ਦਿਸਦੇ ਹਨ। ਖਾਲੀ ਪਏ ਮੈਦਾਨ ਇਸ ਗੱਲ ਦੀ ਗਵਾਹੀ ਰੌਲਾ ਪਾ ਪਾ ਭਰ ਰਹੇ ਹਨ। ਸਾਡੇ ਖਿਡਾਰੀ ਵੀ ਪੈਸੇ ਪਿੱਛੇ ਤੁਰੀ ਜਾ ਰਹੇ ਹਨ ਜਿਸ ਖਿਡਾਰੀ ਦੀ ਜ਼ਿੰਦਗੀ 'ਤੇ ਫਿਲਮ ਬਣਦੀ ਹੈ ਉਹ ਹੀ ਕਰੋੜਾਂ ਰੁਪਏ ਲੈ ਜਾਂਦਾ ਹੈ। ਫਿਰ ਹੋਰ ਖਿਡਾਰੀ ਪੈਦਾ ਕਰਨ ਦੀ ਅਸੀਂ ਆਸ ਵੀ ਕਿਸ ਕੋਲੋਂ ਰੱਖ ਸਕਦੇ ਹਾਂ। ਇੱਕ ਪਾਸੇ ਤਾਂ ਉਸ ਖਿਡਾਰੀ ਦੇ ਸੰਘਰਸ਼ ਦੀ ਕਹਾਣੀ ਦੱਸੀ ਜਾਂਦੀ ਹੈ ਤੇ ਦੂਜੇ ਪਾਸੇ ਓਹੀ ਖਿਡਾਰੀ ਕਰੋੜਾਂ ਰੁਪਏ ਡਕਾਰ ਜਾਂਦਾ ਹੈ। ਸਮੇਂ ਦੀ ਮੰਗ ਹੈ ਕਿ ਅਜਿਹੀਆਂ ਫਿਲਮਾਂ ਬਣਨ ਜੋ ਦਰਸ਼ਕਾਂ ਦੇ ਦਿਲਾਂ 'ਤੇ ਅਸਰ ਕਰਨ ਨਾ ਕਿ ਉਸ ਨੂੰ ਦੇਖ ਕੇ ਸਿਰਫ਼ ਮਨ ਹੀ ਪਰਚਾਇਆ ਜਾਵੇ। ਸਾਬਕਾ ਖਿਡਾਰੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਬਿਨ੍ਹਾਂ ਕੋਈ ਪੈਸਾ ਲਏ ਆਪਣੀ ਜ਼ਿੰਦਗੀ 'ਤੇ ਫਿਲਮ ਬਣਨ ਦੇਵੇ ਜਿਸ ਨੂੰ ਦੇਖ ਨੌਜਵਾਨ ਖਿਡਾਰੀ ਉਤਸ਼ਾਹਿਤ ਹੋਣ ਅਤੇ ਉਹ ਖੇਡਾਂ ਵੱਲ ਨੂੰ ਤੁਰਨ,ਜਿਸ ਨਾਲ ਸਾਡਾ ਦੇਸ਼ ਵੀ ਖੇਡਾਂ 'ਚ ਤਰੱਕੀ ਦੀ ਰਾਹ ਤੁਰ ਸਕੇ।
ਹਰਪਿੰਦਰ ਸਿੰਘ ਟੌਹੜਾ
98140 02555
-
ਹਰਪਿੰਦਰ ਸਿੰਘ ਟੌਹੜਾ, ਲੇਖਕ
tiwana.harpinder7@gmail.com
98140 02555
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.