ਬਹੁਤ ਸਾਲ ਪਹਿਲਾਂ ਸਾਡੇ ਪਿੰਡ ਜੱਗੂ ਨਾਂ ਦਾ ਝੋਲਾ ਛਾਪ ਡਾਕਟਰ ਦੁਕਾਨ ਕਰਦਾ ਸੀ। ਉਹ ਨਜ਼ਦੀਕੀ ਪਿੰਡ ਬੋਹੜੂ ਦਾ ਰਹਿਣ ਵਾਲਾ ਤਾਂ ਸੀ ਤੇ ਰੋਜ਼ਾਨਾ ਸਵੇਰੇ ਟੁੱਟੇ ਜਿਹੇ ਖਾਨਦਾਨੀ ਸਾਈਕਲ 'ਤੇ 8-9 ਵਜੇ ਸਾਡੇ ਪਿੰਡ ਪਹੁੰਚ ਜਾਂਦਾ। ਸਾਈਕਲ ਦਾ ਟੱਲੀ ਤੋਂ ਇਲਾਵਾ ਸਭ ਕੁਝ ਖੜਕਦਾ ਸੀ। ਉਸ ਦੀ ਖਾਸੀਅਤ ਇਹ ਸੀ ਕਿ ਉਹ ਇਨਸਾਨਾਂ ਦਾ ਵੀ ਇਲਾਜ ਕਰਦਾ ਸੀ ਤੇ ਜਾਨਵਰਾਂ ਦਾ ਵੀ, ਮਤਲਬ ਟੂ ਇੰਨ ਵੰਨ। ਜੱਗੂ ਦੀ ਦੁਕਾਨ 'ਤੇ 3-4 ਚੇਲੇ ਹਰ ਵੇਲੇ ਖਰਲ ਵਿੱਚ ਕੁਝ ਨਾ ਕੁਝ ਰਗੜਦੇ ਰਹਿੰਦੇ ਸਨ। ਉਸ ਦੇ ਇਲਾਜ ਨਾਲ ਕਈ ਵਾਰ ਬੰਦੇ ਠੀਕ ਹੋ ਜਾਂਦੇ ਤੇ ਕਦੀ ਮਰ ਵੀ ਜਾਂਦੇ। ਬੰਦਾ ਜਾਂ ਡੰਗਰ ਮਰਨ 'ਤੇ ਲੋਕ ਅੱਜ ਵਾਂਗ ਰੌਲਾ ਗੌਲਾ ਪਾਉਣ ਦੀ ਬਜ਼ਾਏ ਭਾਣਾ ਮੰਨ ਕੇ ਆਰਾਮ ਨਾਲ ਬੈਠ ਜਾਂਦੇ ਸਨ। ਲੋਕਾਂ ਵਾਸਤੇ ਜੱਗੂ ਹੀ ਏਮਜ਼ ਸੀ ਤੇ ਜੱਗੂ ਹੀ ਪੀ.ਜੀ.ਆਈ। ਜੱਗੂ ਵੱਲੋਂ ਮਰੀਜ਼ ਨੂੰ ਜਵਾਬ ਦੇਣ ਦਾ ਮਤਲਬ ਸੀ ਧੁਰ ਦਰਗਾਹੋਂ ਬੁਲਾਵਾ।
ਜੱਗੂ ਬੇਗਾਨੇ ਸਿਰੋਂ ਸ਼ਰਾਬ ਪੀਣ ਦਾ ਬਹੁਤ ਸ਼ੌਕੀਨ ਸੀ। ਜਦੋਂ ਵੀ ਕਦੇ ਕਿਸੇ ਦੀ ਮੱਝ ਗਾਂ ਬਿਮਾਰ ਹੋਣ 'ਤੇ ਜੱਗੂ ਨੂੰ ਬੁਲਾਇਆ ਜਾਂਦਾ ਤਾਂ ਉਹ ਕਿਸੇ ਮਾਹਰ ਵੈਟਨਰੀ ਡਾਕਟਰ ਵਾਂਗ ਪਸ਼ੂ ਦੇ ਖੁਰ ਤੱਕਦਾ, ਫਿਰ ਪੂਛਲ ਖਿੱਚ ਕੇ ਵੇਖਦਾ ਤੇ ਕੰਨ ਘੁੱਟ ਕੇ ਬੁਖਾਰ ਚੈੱਕ ਕਰਦਾ। ਲੋਕ ਉਸ ਦੇ ਇਸ ਕ੍ਰਿਆ ਕਲਾਪ ਤੋਂ ਅਤਿ ਪ੍ਰਭਾਵਿਤ ਹੁੰਦੇ। ਫਿਰ ਜੱਗੂ ਆਰਡਰ ਛੱਡਦਾ ਕਿ ਘਰ ਦੀ ਕੱਢੀ ਪਹਿਲੇ ਤੋੜ ਦੀ ਸ਼ਰਾਬ ਦਾ ਅਧੀਆ ਲਿਆਂਦਾ ਜਾਵੇ। ਜੱਗੂ ਪਊਆ ਸ਼ਰਾਬ ਵਿੱਚ ਦੋ ਕੁ ਪੁੜੀਆਂ ਘੋਲ ਕੇ ਪਸ਼ੂ ਨੂੰ ਪਿਆ ਦੇਂਦਾ ਤੇ ਬਾਕੀ ਝੋਲੇ ਵਿੱਚ ਪਾ ਕੇ ਆਪਣੇ ਘਰ ਲੈ ਜਾਂਦਾ। ਜੇ ਮੱਝ-ਗਾਂ ਨੂੰ ਠੰਡ ਆਦਿ ਲੱਗੀ ਹੁੰਦੀ, ਫਿਰ ਤਾਂ ਉਹ ਸ਼ਰਾਬ ਦੀ ਗਰਮੀ ਨਾਲ ਠੀਕ ਹੋ ਜਾਂਦੀ। ਪਰ ਜੇ ਉਹ ਕਿਸੇ ਗੰਭੀਰ ਬਿਮਾਰੀ ਦੀ ਸ਼ਿਕਾਰ ਹੁੰਦੀ ਤਾਂ ਫਿਰ ਉਸ ਦਾ ਮਰਨਾ ਤੈਅ ਸੀ। ਲੋਕ ਵਿਚਾਰੇ ਕਦੇ ਵੀ ਜੱਗੂ ਦੀ ਕਾਬਲੀਅਤ 'ਤੇ ਸਵਾਲ ਨਹੀਂ ਸਨ ਉਠਾਉਂਦੇ। ਸਾਰਾ ਦੋਸ਼ ਮਾੜੀ ਕਿਸਮਤ ਤੇ ਮੜ• ਦਿੱਤਾ ਜਾਂਦਾ।
ਇੱਕ ਦਿਨ ਜੱਗੂ ਦੁਪਹਿਰੇ ਸਾਈਕਲ ਦੇ ਹੈਂਡਲ 'ਤੇ ਦਵਾਈਆਂ ਵਾਲਾ ਝੋਲਾ ਲਟਕਾਈ ਗੁਆਂਡੀ ਪਿੰਡ ਰਾਮਪੁਰੇ ਨੂੰ ਜਾ ਰਿਹਾ ਸੀ। ਧੁੱਪ ਕਾਫੀ ਤੇਜ ਸੀ। ਉਹ ਦਮ ਲੈਣ ਲਈ ਨਿਹਾਲ ਸਿੰਘ ਦੀ ਮੋਟਰ 'ਤੇ ਰੁਕ ਗਿਆ। ਨਿਹਾਲ ਸਿੰਘ ਜੱਗੂ ਦਾ ਪੁਰਾਣਾ ਬੇਲੀ ਤੇ ਸ਼ੌਕੀਨ ਤਬੀਅਤ ਦਾ ਮਾਲਕ ਸੀ। ਉਹ ਉਹਲੇ ਛੱਪੇ ਜੱਗੂ ਕੋਲੋਂ ਤਾਕਤ ਵਧਾਊ ਕੁਸ਼ਤੇ ਲੈ ਕੇ ਵਰਤਦਾ ਰਹਿੰਦਾ ਸੀ। ਉਸ ਨੇ ਜੱਗੂ ਨੂੰ ਪਾਣੀ ਪਿਆ ਕੇ ਪੁੱਛਿਆ, “ਡਾਕਟਰ ਕਿਧਰ ਨੂੰ ਸਾਈਕਲ ਭਜਾਈ ਜਾਨੈਂ ਐਨੀ ਗਰਮੀ 'ਚ?” ਚਲਦੀ ਮੋਟਰ ਦਾ ਠੰਡਾ ਪਾਣੀ ਪੀ ਕੇ ਜੱਗੂ ਦੀ ਸੁਰਤ ਟਿਕਾਣੇ ਆ ਗਈ। ਉਹ ਗਲਾ ਸਾਫ ਕਰ ਕੇ ਬੋਲਿਆ, “ਆ ਤੁਹਾਡੇ ਪਿੰਡ ਈ ਚੱਲਿਆਂ ਗਾਮੇ ਨੂੰ ਬੁਖਾਰ ਦੀ ਦਵਾਈ ਦੇਣ। ਨਾਲੇ ਲਗਦੇ ਹੱਥ ਬੰਤੇ ਦੇ ਘਰੋਂ ਵੀ ਹੋ ਆਵਾਂਗਾ।” ਬੰਤੇ ਦਾ ਨਾਂ ਸੁਣ ਕੇ ਨਿਹਾਲਾ ਇੱਕ ਦਮ ਹੁਸ਼ਿਆਰ ਹੋ ਕੇ ਬੈਠ ਗਿਆ ਤੇ ਅੱਖਾਂ ਅੱਧੀਆਂ ਕੁ ਮੀਚ ਕੇ ਪੁੱਛਿਆ, “ਬੰਤੇ ਦੇ ਘਰ ਤੂੰ ਕੀ ਲੈਣ ਜਾਣਾਂ?” “ਪੈਸੇ ਲੈਣ ਜਾਣਾ, ਹੋਰ ਮੈਂ ਕਿਹੜਾ ਲੋਹੜੀ ਲੈ ਕੇ ਜਾਣਾ। ਦਸ ਪੰਦਰਾਂ ਦਿਨ ਪਹਿਲਾਂ ਬੰਤੇ ਦੀ ਮਾਂ ਨੂੰ ਤਈਏ ਤਾਪ ਦੀ ਦਵਾਈ ਦਿੱਤੀ ਸੀ ਤੇ ਦੋ ਕੁ ਟੀਕੇ ਲਗਾਏ ਸਨ। ਫੀਸ ਤਾਂ ਸਾਰੀ ਦਸ ਕੁ ਰੁਪਈਏ ਬਣੀ ਸੀ, ਪਰ ਉਸ ਨੇ ਉਧਾਰ ਕਰ ਲਿਆ। ਨਾ ਮੁੜ ਕੇ ਉਹ ਦੇਣ ਆਇਆ ਤੇ ਨਾ ਈ ਮੇਰਾ ਟਾਈਮ ਲੱਗਾ।” ਜੱਗੂ ਨੇ ਵਿਸਥਾਰ ਸਹਿਤ ਵਿਆਖਿਆ ਕੀਤੀ ਤੇ ਸਾਈਕਲ ਦੀ ਕਾਠੀ ਝਾੜ ਕੇ ਇੱਕ ਪੈਰ ਪੈਡਲ 'ਤੇ ਰੱਖਿਆ। ਨਿਹਾਲਾ ਇੱਕ ਦਮ ਯਾਰੀ ਨਿਭਾਉਂਦਾ ਬੋਲਿਆ, “ਐਥੋਂ ਈ ਮੁੜ ਜਾ ਪਿੱਛੇ। ਲੱਗਦਾ ਕੁਝ ਦਸਾਂ ਰੁਪਈਆਂ ਦਾ। ਬੰਤੇ ਦੀ ਮਾਂ ਤਾਂ ਤੇਰੀ ਪੁੜੀ ਖਾਣ ਤੋਂ ਘੰਟਾ ਬਾਅਦ ਹੀ ਮਰ ਗਈ ਸੀ। ਅਜੇ ਕਲ• ਉਸ ਦਾ ਭੋਗ ਪਾ ਕੇ ਵਿਹਲੇ ਹੋਏ ਨੇ। ਬੰਤੇ ਦੇ ਮੁੰਡੇ ਤਾਂ ਡਾਂਗਾ ਨੂੰ ਤੇਲ ਲਾਈ ਫਿਰਦੇ ਨੇ। ਉਹ ਤਾਂ ਲੋਕਾਂ ਰੋਕ ਲਿਆ, ਨਹੀਂ ਉਹ ਤਾਂ ਮਰਗ ਵਾਲੇ ਦਿਨ ਈ ਚੱਲੇ ਸੀ ਤੇਰਾ ਮਾਂਜਾ ਲਾਹੁਣ।” ਜੱਗੂ ਨੂੰ ਧਰਤੀ ਘੁੰਮਦੀ ਹੋਈ ਦਿਖਣ ਲੱਗੀ। ਉਸ ਨੇ ਸਾਈਕਲ ਇਸ ਤਰਾਂ ਭਜਾਇਆ ਜਿਵੇਂ ਭੂਤ ਪਿੱਛੇ ਲੱਗੇ ਹੋਣ। ਉਸ ਤੋਂ ਬਾਅਦ ਉਹ ਡਰਦਾ ਮਾਰਾ ਕਈ ਮਹੀਨੇ ਰਾਮਪੁਰੇ ਨਾ ਵੜਿਆ।
ਇੱਕ ਦਿਨ ਜੱਗੂ ਸੱਥ ਵਿੱਚ ਬੈਠਾ ਆਪਣੇ ਉਸਤਾਦ ਹਕੀਮ ਬਸ਼ੀਰੇ ਬਾਰੇ ਗੱਪਾਂ ਮਾਰ ਰਿਹਾ ਸੀ। ਬੜੇ ਮਾਨ ਨਾਲ ਕਹਿਣ ਲੱਗਾ, “ਲਉ ਜੀ ਕਿਆ ਬਾਤਾਂ ਸਨ ਹਕੀਮ ਬਸ਼ੀਰ ਸ਼ਾਹ ਦੀਆਂ। ਐਸਾ ਮਹਾਨ ਹਕੀਮ ਤਾਂ ਲੁਕਮਾਨ ਤੋਂ ਬਾਅਦ ਉਹੀ ਪੈਦਾ ਹੋਇਆ ਸੀ। ਮੰਜਿਆਂ 'ਤੇ ਪਾ ਕੇ ਲਿਆਂਦੇ ਮਰੀਜ਼ ਹਕੀਮ ਜੀ ਦਾ ਹੱਥ ਫਿਰਦੇ ਹੀ ਘੋੜੇ ਵਾਂਗ ਛਾਲਾਂ ਮਾਰਨ ਲੱਗ ਪੈਂਦੇ ਸਨ। ਉਸਤਾਦ ਜੀ ਦੇ ਹੱਥਾਂ ਵਿੱਚ ਐਨੀਂ ਸ਼ਫਾ ਸੀ ਕਿ ਮਿੱਟੀ ਦੀ ਪੁੜੀ ਨੂੰ ਹੱਥ ਲਾ ਦੇਣ ਤਾਂ ਸੰਜੀਵਨੀ ਬੂਟੀ ਬਣ ਜਾਂਦੀ ਸੀ। ਹਕੀਮ ਸਾਹਬ ਐਨੇ ਚਰਿੱਤਰਵਾਨ ਤੇ ਹਿਕਮਤ ਦੇ ਮਾਹਰ ਸਨ ਕਿ ਜਨਾਨੀ ਦੀ ਬਾਂਹ ਫੜ• ਕੇ ਨਬਜ਼ ਚੈੱਕ ਕਰਨ ਦੀ ਬਜਾਏ ਗੁੱਟ ਨਾਲ ਧਾਗਾ ਬੰਨ• ਕੇ ਦੂਜੇ ਸਿਰੇ ਤੋਂ ਹੀ ਨਬਜ਼ ਚੈੱਕ ਕਰ ਲੈਂਦੇ ਸਨ।” ਉਸ ਦੀ ਗੱਲ ਸੁਣ ਕੇ ਇੱਕ ਬਜ਼ੁਰਗ ਜੈਲਾ ਫੌਜੀ ਹੱਸ ਕੇ ਬੋਲਿਆ, “ਰਹਿਣ ਦੇ, ਰਹਿਣ ਦੇ। ਜਾਣਦੇ ਆਂ ਵੱਡੇ ਲਛਮਣ ਜਤੀ ਨੂੰ। ਉਹ ਨੂੰ ਬਾਂਹ ਫੜਾਉਂਦੀ ਕਿਹੜੀ ਜਨਾਨੀ ਸੀ? ਇੱਕ ਵਾਰ ਬਸ਼ੀਰੇ ਨੇ ਫੱਗੂ ਤੇਲੀ ਦੀ ਘਰਵਾਲੀ ਰੇਸ਼ਮਾ ਦੀ ਨਬਜ਼ ਵੇਖਣ ਦੇ ਬਹਾਨੇ ਬਾਂਹ ਫੜ• ਲਈ। ਬਸ ਨਾਲ ਹੀ ਚਿੰਬੜ ਗਿਆ। ਫੱਗੂ ਨੇ ਡੰਡੇ ਮਾਰ ਮਾਰ ਕੇ ਬਹੁਤ ਮੁਸ਼ਕਲ ਨਾਲ ਰੇਸ਼ਮਾ ਦੀ ਬਾਂਹ ਛੁਡਾਈ ਸੀ।” ਜੱਗੂ ਸ਼ਰਮਿੰਦਾ ਜਿਹਾ ਹੋ ਕੇ ਹੀਂ ਹੀਂ ਕਰਦਾ ਹੱਟੀ ਨੂੰ ਤੁਰ ਗਿਆ।
ਚਾਹੇ ਜਰੂਰਤ ਹੋਵੇ ਜਾਂ ਨਾ, ਜੱਗੂ ਕਿਸੇ ਵੀ ਮਰੀਜ਼ ਨੂੰ ਟੀਕਾ ਲਾਏ ਬਗੈਰ ਨਹੀਂ ਸੀ ਜਾਣ ਦੇਂਦਾ। ਉਸ ਮੁਤਾਬਕ ਟੀਕਾ ਸਿੱਧਾ ਖੁਨ ਵਿੱਚ ਜਾ ਕੇ ਬਿਮਾਰੀ ਤੋਂ ਜਲਦੀ ਆਰਾਮ ਦੇਂਦਾ ਹੈ। ਪਰ ਅਸਲੀਅਤ ਇਹ ਸੀ ਕਿ ਟੀਕਾ ਲਾਉਣ ਨਾਲ ਜੱਗੂ ਦੇ ਪੰਜ ਸੱਤ ਰੁਪਈਏ ਫਾਲਤੂ ਬਣ ਜਾਂਦੇ ਸਨ। ਇੱਕ ਵਾਰ ਕੋਈ ਮਰੀਜ਼ ਜੱਗੂ ਦੀ ਦੁਕਾਨ 'ਤੇ ਆਇਆ। ਜੱਗੂ ਕੋਲ ਕਾਫੀ ਮਰੀਜ਼ ਪਹਿਲਾਂ ਹੀ ਬੈਠੇ ਹੋਏ ਸਨ। ਜਿਆਦਾ ਰਸ਼ ਵੇਖ ਕੇ ਜਦੋਂ ਮਰੀਜ਼ ਵਾਪਸ ਮੁੜਨ ਲੱਗਾ ਤਾਂ ਗਾਹਕ ਹੱਥੋਂ ਜਾਂਦਾ ਵੇਖ ਕੇ ਜੱਗੂ ਨੇ ਕਾਹਲੀ ਕਾਹਲੀ ਉਸ ਨੂੰ ਬਾਹਰ ਬੈਂਚ 'ਤੇ ਹੀ ਢਾਅ ਲਿਆ। ਉਸ ਦੇ ਪੈਂਟ ਥੱਲੇ ਕਰਨ ਤੋਂ ਪਹਿਲਾਂ ਹੀ ਪੁੜੇ 'ਚ ਟੀਕਾ ਠੋਕ ਦਿੱਤਾ। ਮਰੀਜ਼ ਬੜਾ ਖੁਸ਼ ਹੋਇਆ ਕਿ ਡਾਕਟਰ ਨੇ ਕਮਾਲ ਕਰਤੀ, ਟੀਕਾ ਲੱਗਣ ਦਾ ਪਤਾ ਈ ਨਹੀਂ ਲੱਗਾ, ਪੀੜ ਹੀ ਨਹੀਂ ਹੋਈ। ਜਦੋਂ ਉਹ ਪਿਛਲੀ ਜੇਬ 'ਚੋਂ ਬਟੂਆ ਕੱਢ ਕੇ ਪੈਸੇ ਦੇਣ ਲੱਗਾ ਤਾਂ ਸਾਰੇ ਨੋਟ ਗਿੱਲੇ ਹੋਏ ਪਏ ਸਨ। ਜੱਗੂ ਨੇ ਟੀਕਾ ਬਟੂਏ ਵਿੱਚ ਹੀ ਚੋਭ ਦਿੱਤਾ ਸੀ।
ਵੈਸੇ ਵੇਖਿਆ ਜਾਵੇ ਤਾਂ ਨਸ਼ੀਲੀਆਂ ਦਵਾਈਆਂ ਵੇਚ ਕੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਵਾਲੇ ਅੱਜ ਕਲ• ਦੇ ਅਖੌਤੀ ਡਾਕਟਰਾਂ ਤੋਂ ਜੱਗੂ ਵਰਗੇ ਪੁਰਾਣੇ ਸਮੇਂ ਦੇ ਝੋਲਾ ਛਾਪ ਡਾਕਟਰ ਲੱਖ ਗੁਣਾ ਚੰਗੇ ਸਨ। ਉਹਨਾਂ ਨੂੰ ਭਾਵੇਂ ਦਵਾਈ ਦੇਣੀ ਆਉਂਦੀ ਸੀ ਜਾਂ ਨਹੀਂ, ਪਰ ਉਹ ਨਸ਼ਾ ਰੂਪੀ ਜ਼ਹਿਰ ਵੇਚ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਨਹੀਂ ਸਨ ਕਰਦੇ।
-
ਬਲਰਾਜ ਸਿੰਘ ਸਿੱਧੂ, ਐਸ.ਪੀ.
bssidhupps@gmail.com
9815124449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.