ਕਸਬਾ ਲੌਂਗੋਵਾਲ ਜਿਲ•ਾ ਸੰਗਰੂਰ ਵਿੱਚ 16 ਜਨਵਰੀ ਨੂੰ ਚਿੱਟੇ ਦਿਨ ਹੋਏ ਕਤਲ ਕਾਂਡ ਵਿੱਚ ਚੱਕਵੇਂ ਪੰਜਾਬੀ ਗਾਣਿਆਂ ਦਾ ਨੌਜਵਾਨਾਂ 'ਤੇ ਪੈ ਰਿਹਾ ਦੁਸ਼ਪ੍ਰਭਾਵ ਫਿਰ ਚਰਚਾ ਵਿੱਚ ਹੈ। ਗੈਂਗਸਟਰ ਬਬਲੀ ਰੰਧਾਵਾ ਨੇ ਫਾਈਨੈਂਸਰ ਹਰਦੇਵ ਸਿੰਘ ਨੂੰ ਮਾਰਨ ਤੋਂ ਬਾਅਦ “ਮਾਰੇ ਹਿੱਕ ਵਿੱਚ ਫਾਇਰ ਜੱਟ ਨੇ” ਗਾਣਾ ਗਾ ਕੇ ਵੀਡੀਉ ਫੇਸਬੁੱਕ 'ਤੇ ਪਾਈ ਹੈ। ਇਹ ਵੀ ਹੈਰਾਨੀ ਜਨਕ ਹੈ ਕਿ ਲੋਕ ਉਸ ਵੀਡੀਉ ਨੂੰ ਲਾਈਕ ਵੀ ਕਰ ਰਹੇ ਹਨ ਤੇ ਕਮੈਂਟ ਵੀ ਦੇ ਰਹੇ ਹਨ। ਪੰਜਾਬੀ ਗਾਣਿਆਂ ਅਤੇ ਫਿਲਮਾਂ ਵਿੱਚ ਪੰਜਾਬੀਆਂ ਅਤੇ ਖਾਸ ਤੌਰ 'ਤੇ ਜੱਟਾਂ ਨੂੰ ਬੜਾ ਗੁੱਸੇਖੋਰ ਦਿਖਾਇਆ ਜਾਂਦਾ ਹੈ ਜੋ ਗੱਲ ਗੱਲ 'ਤੇ ਬੰਦਾ ਮਾਰਨ ਤੁਰ ਪੈਂਦੇ ਹਨ। ਤਕਰੀਬਨ ਹਰ ਗਾਇਕ, ਚਾਹੇ ਅਮਰ ਸਿੰਘ ਚਮਕੀਲਾ ਹੋਵੇ, ਕੁਲਦੀਪ ਮਾਣਕ, ਗਿੱਪੀ ਗਰੇਵਾਲ, ਜ਼ੈਜ਼ੀ ਬੈਂਸ ਜਾਂ ਕੋਈ ਨਵਾਂ ਕਬੂਤਰ ਹੋਵੇ, ਨੇ ਜੱਟਵਾਦ ਅਤੇ ਮਾਰਧਾੜ ਵਾਲੇ ਗਾਣੇ ਜਰੂਰ ਗਾਏ ਹਨ। ਚੜ•ਦੀ ਉਮਰ ਵਿੱਚ ਬੰਦੇ ਨੂੰ ਵੈਸੇ ਹੀ ਲੜਨ ਖਹਿਣ ਦਾ ਚਾਅ ਹੁੰਦਾ ਹੈ ਤੇ ਗਾਇਕ ਇਸ ਨੂੰ ਹੋਰ ਹਵਾ ਦਿੰਦੇ ਹਨ। ਪੰਜਾਬੀ ਫਿਲਮਾਂ ਵਿੱਚ ਗੁੱਗੂ ਗਿੱਲ ਵਰਗੇ ਹੀਰੋ ਨੂੰ ਬੰਦਾ ਮਾਰ ਕੇ ਬੜੀ ਸ਼ਾਨ ਨਾਲ ਬਾਹਵਾਂ ਚੌੜੀਆਂ ਕਰ ਕੇ ਪੁਲਿਸ ਜੀਪ ਵਿੱਚ ਥਾਣੇਦਾਰ ਦੇ ਬਰਾਬਰ ਬੈਠ ਕੇ ਥਾਣੇ ਜਾਂਦਿਆਂ ਵਿਖਾਇਆ ਜਾਂਦਾ ਹੈ। ਪਰ ਅਸਲੀਅਤ ਇਹ ਕਿ ਪੁਲਿਸ ਮੁਲਜ਼ਮ ਦੇ ਮੌਕੇ 'ਤੇ ਹੀ ਤਸੱਲੀ ਨਾਲ ਕੰਨ ਕੁੱਟ ਕੇ ਗੱਡੀ ਦੇ ਫਰਸ਼ 'ਤੇ ਪੈਰਾਂ ਵਿੱਚ ਬਿਠਾਉਂਦੀ ਹੈ। ਥਾਣੇ ਜਾ ਕੇ ਪਾਣੀ ਤਰੌਂਕ ਤਰੌਂਕ ਕੇ ਜਿਹੜੀ ਮੁਰੰਮਤ ਹੁੰਦੀ ਹੈ ਸੋ ਅਲੱਗ। ਇੱਕ ਨੌਜਵਾਨ ਲੜਾਈ ਕਰਨ ਲਈ ਦੁਕਾਨ 'ਤੇ ਦਾਤਰ ਖਰੀਦਣ ਗਿਆ। ਦੁਕਾਨਦਾਰ ਖੁਦ 307 ਦੇ ਕੇਸ ਵਿੱਚ ਸਾਲ ਕੁ ਜੇਲ• ਵਿੱਚ ਲਾ ਕੇ ਜ਼ਮਾਨਤ 'ਤੇ ਮਸੀਂ ਬਾਹਰ ਆਇਆ ਸੀ। ਜਦ ਉਸ ਨੇ ਰੇਟ ਪੁੱਛਿਆ ਤਾਂ ਉਸ ਦੇ ਤੌਰ ਤਰੀਕੇ ਵੇਖ ਕੇ ਦੁਕਾਨਦਾਰ ਬੋਲਿਆ, “ ਹੁਣ ਤਾਂ ਪੁੱਤਰਾ ਇਹ 200 ਦਾ ਹੈ, ਪਰ ਜਦੋਂ ਕਿਸੇ 'ਤੇ ਵਰਤੇਂਗਾ ਤਾਂ 2 ਲੱਖ ਤੋਂ ਘੱਟ ਨਹੀਂ ਪੈਣਾ।” ਕਹਾਵਤ ਹੈ ਕਿ ਜਿਹੜੇ ਹਥਿਆਰ ਇੱਕ ਵਾਰ ਵਰਤੇ ਜਾਂਦੇ ਹਨ, ਉਹ ਜ਼ਿੰਦਗੀ ਭਰ ਲਈ ਚੁੱਕਣੇ ਪੈਂਦੇ ਹਨ। 90% ਗਵੱਈਏ ਜੱਟਾਂ ਦੇ ਅਸਲ ਹਾਲਾਤ ਤੋਂ ਅਣਜਾਣ ਹਨ। ਕਿਸਾਨੀ ਦੀ ਹਾਲਤ ਇਹ ਹੈ ਕਿ ਜੇ ਫਸਲ ਸਹੀ ਸਲਾਮਤ ਹੋ ਜਾਵੇ ਤਾਂ ਸਹੀ ਰੇਟ ਨਹੀਂ ਮਿਲਦੇ। ਜੇ ਵਿਕ ਜਾਵੇ ਤਾਂ ਪੇਮੈਂਟਾਂ ਨਹੀਂ ਮਿਲਦੀਆਂ। ਆੜ•ਤੀ ਤੇ ਬੈਂਕਾਂ ਵਿਆਜ਼ 'ਤੇ ਵਿਆਜ਼ ਠੋਕਦੇ ਹਨ। ਫਸਲ ਨੂੰ ਕਦੇ ਮੌਸਮ ਦੀ ਮਾਰ ਪੈ ਜਾਂਦੀ ਤੇ ਕਦੇ ਬੀਮਾਰੀਆਂ ਅਤੇ ਕੀੜਿਆਂ ਦੀ। ਆਮ ਤੌਰ 'ਤੇ ਦੂਸਰੀ ਤੀਸਰੀ ਫਸਲ ਖਰਾਬ ਹੋ ਹੀ ਜਾਂਦੀ ਹੈ। ਜੇ ਜੱਟ ਗਵੱਈਆਂ ਦੇ ਗਾਣਿਆਂ ਵਿੱਚ ਦਰਸਾਏ ਜੱਟਾਂ ਵਰਗੇ ਅਮੀਰ, ਵਹਿਸ਼ੀ ਅਤੇ ਬੇਪ੍ਰਵਾਹ ਹੁੰਦੇ ਤਾਂ ਆਤਮ ਹੱਤਿਆਵਾਂ ਕਿਉਂ ਕਰਦੇ?
ਫਿਲਮਾਂ ਵਿੱਚ ਆਮ ਤੌਰ ਤੇ ਇੱਕ ਸੀਨ ਹੁੰਦਾ ਹੈ ਕਿ ਪੁਲਿਸ ਕਿਸੇ ਕਾਤਲ ਨੂੰ ਲੈ ਕੇ ਥਾਣੇ ਪਹੁੰਚਦੀ ਹੈ ਤਾਂ ਉਸ ਦਾ ਵਕੀਲ ਪਹਿਲਾਂ ਹੀ ਜ਼ਮਾਨਤ ਦੇ ਕਾਗਜ਼ਾਤ ਲੈ ਕੇ ਖੜਾ ਹੁੰਦਾ ਹੈ। ਥਾਣੇਦਾਰ ਨੂੰ ਹੈਰਾਨ ਪਰੇਸ਼ਾਨ ਖੜ•ਾ ਛੱਡ ਕੇ ਕਾਤਲ ਮੁਸਕਰਾਉਂਦਾ ਹੋਇਆ ਥਾਣੇ ਤੋਂ ਬਾਹਰ ਚਲਾ ਜਾਂਦਾ ਹੈ। ਕਈ ਤਾਂ ਇਹ ਸੀਨ ਵੇਖ ਕੇ ਹੀ ਫਸ ਜਾਂਦੇ ਹਨ ਕਿ ਬੰਦਾ ਮਾਰਨਾ ਤਾਂ ਸੌਖਾ ਈ ਬਹੁਤ ਆ। ਅਸਲ ਵਿੱਚ ਇਸ ਤਰਾਂ ਨਹੀਂ ਹੁੰਦਾ। ਕਤਲ ਕੇਸ ਵਿੱਚ ਅੱਵਲ ਤਾਂ ਜ਼ਮਾਨਤ ਹੁੰਦੀ ਹੀ ਨਹੀਂ। ਜੇ ਹੋ ਵੀ ਜਾਵੇ ਤਾਂ ਦੋ ਚਾਰ ਸਾਲ ਬਾਅਦ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੋਂ ਹੁੰਦੀ ਹੈ। ਕਤਲ ਕੇਸ ਦੀ ਜ਼ਮਾਨਤ ਤੇ ਹੀ 8-10 ਲੱਖ ਲੱਗ ਜਾਂਦੇ ਹਨ। ਮੁਕੱਦਮੇ ਦੀ ਹਰ ਤਾਰੀਖ 10-15 ਹਜ਼ਾਰ ਵਿੱਚ ਪੈਂਦੀ ਹੈ। ਬਰੀ ਹੋਣ ਤੱਕ ਦੋ ਚਾਰ ਏਕੜ ਜ਼ਮੀਨ ਵਿਕ ਚੁੱਕੀ ਹੁੰਦੀ ਹੈ। ਜੇ ਸਜ਼ਾ ਹੋ ਗਈ ਤਾਂ ਫਿਰ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਅਪੀਲ ਕਰਨੀ ਪੈਂਦੀ ਹੈ। ਹਾਈ ਕੋਰਟ-ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਮਿੰਟਾਂ ਦੇ ਹਿਸਾਬ ਨਾਲ ਪੈਸੇ ਲੈਂਦੇ ਹਨ। ਇੱਕ ਗਾਣਾ ਹੈ, “ਕਚਿਹਰੀਆਂ 'ਚ ਮੇਲੇ ਲੱਗਦੇ, ਜਦੋਂ ਪੈਂਦੀ ਏ ਤਾਰੀਖ ਕਿਸੇ ਜੱਟ ਦੀ।” ਮੇਲੇ ਜੱਟ ਦੇ ਘਰ ਨਹੀਂ, ਪੁਲਿਸ ਅਤੇ ਵਕੀਲਾਂ ਦੇ ਘਰ ਲੱਗਦੇ ਹਨ। ਜਾਂ ਉਸ ਸ਼ਾਹ ਦੇ ਘਰ ਲੱਗਦੇ ਹਨ ਜੋ ਫਸੇ ਹੋਏ ਮੁਲਜ਼ਮ ਦੀ ਮਹਿੰਗੀ ਜ਼ਮੀਨ ਸਸਤੇ ਭਾਅ ਲੁੱਟੀ ਜਾਂਦਾ ਹੈ।
ਵੈਸੇ ਆਮ ਬੰਦੇ ਨੂੰ ਪਤਾ ਨਹੀਂ ਕਿ ਲੜਾਈ ਕਰਨ ਤੋਂ ਬਾਅਦ ਹੁੰਦਾ ਕੀ ਹੈ? 326, 307 (ਮਾਰੂ ਸੱਟ ਮਾਰਨ), ਡਾਕੇ, ਖੋਹ ਅਤੇ ਲੜਕੀ ਉਧਾਲਣ ਦੇ ਗੰਭੀਰ ਜ਼ੁਰਮਾਂ ਵਿੱਚ ਥਾਣੇ ਜ਼ਮਾਨਤ ਨਹੀਂ ਹੁੰਦੀ। ਪੁਲਿਸ ਪਹਿਲਾਂ ਗ੍ਰਿਫਤਾਰੀ ਪਾ ਕੇ 5-7 ਦਿਨ ਦਾ ਰਿਮਾਂਡ ਲੈ ਕੇ ਥਾਣੇ ਸੇਵਾ ਕਰਦੀ ਹੈ ਫਿਰ ਜੁਡੀਸ਼ਲ ਰਿਮਾਂਡ 'ਤੇ ਜੇਲ• ਭੇਜ ਦਿਤਾ ਜਾਂਦਾ ਹੈ। ਸਾਲ- ਦੋ ਸਾਲ ਜ਼ਮਾਨਤ ਨਹੀਂ ਹੁੰਦੀ। ਜੇਲ•ਾਂ ਵੀ ਫਿਲਮੀ ਜੇਲ•ਾਂ ਵਰਗੀਆਂ ਨਹੀਂ ਹੁੰਦੀਆਂ ਜਿੱਥੇ ਕੈਦੀ ਬੜੀ ਮਸਤੀ ਨਾਲ ਗਾਣੇ ਗਾਉਂਦੇ ਵਿਖਾਏ ਜਾਂਦੇ ਹਨ। 1000 ਕੈਦੀਆਂ ਵਾਸਤੇ ਬਣੀ ਜੇਲ• ਵਿੱਚ 2000-3000 ਕੈਦੀ ਠੂਸੇ ਹੋਏ ਹਨ। ਰਾਤ ਨੂੰ ਸੌਣ ਲਈ ਜਗ•ਾ ਨਹੀਂ ਮਿਲਦੀ। ਨਹਾਉਣ ਅਤੇ ਰਫਾ ਹਾਜ਼ਤ ਜਾਣ ਲਈ ਲਾਈਨਾਂ ਲਗਦੀਆਂ ਹਨ। ਅੰਨ•ੇ ਦੀ ਹਿੱਕ ਵਰਗੀਆਂ ਕੱਚੀਆਂ-ਸੜੀਆਂ ਰੋਟੀਆਂ ਤੇ ਬੇਸਵਾਦੀ ਸਬਜ਼ੀ ਖਾਣੀ ਪੈਂਦੀ ਹੈ। ਗਰਮੀਆਂ ਵਿੱਚ ਏ.ਸੀ. ਕੂਲਰ ਨਹੀਂ ਚੱਲਦੇ, ਪੱਖੇ ਸੜੀ ਹੋਈ ਗਰਮ ਹਵਾ ਮਾਰਦੇ ਹਨ। ਜੇਲ•ਾਂ ਵਿੱਚ ਕਿਸੇ ਨੂੰ ਵਿਹਲਾ ਨਹੀਂ ਬੈਠਣ ਦਿੰਦੇ। ਹਰ ਬੰਦੇ ਨੂੰੰ ਮੁਸ਼ੱਕਤ ਕਰਨੀ ਪੈਂਦੀ ਹੈ। ਪੁਰਾਣੇ ਘੁਲਾਟੀਏ ਨੌਜਵਾਨ ਕੈਦੀਆਂ ਦਾ ਸਰੀਰਕ ਸ਼ੋਸ਼ਣ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ। ਜ਼ਮਾਨਤ ਹੋਣ ਤੋਂ ਬਾਅਦ ਵੀ ਕਈ ਕਈ ਸਾਲ ਕੇਸ ਚੱਲਦਾ ਹੈ। ਬਿਮਾਰੀ ਅਤੇ ਮੁਕੱਦਮਾ ਕਿਸੇ ਦੁਸ਼ਮਣ ਨੂੰ ਵੀ ਨਾ ਪਵੇ। ਘਰ ਦਾ ਬੂਹਾ ਦੂਜੇ ਪਾਸੇ ਲੱਗ ਜਾਂਦਾ ਹੈ ਤੇ ਚੁਲਿ•ਆਂ ਵਿੱਚ ਘਾਹ ਉੱਗ ਪੈਂਦਾ ਹੈ। ਯਕੀਨ ਨਹੀਂ ਤਾਂ ਪੰਜਾਬ ਦੇ ਮੌਜੂਦਾ ਭਗੌੜੇ ਗੈਂਗਸਟਰਾਂ ਦੇ ਘਰ ਜਾ ਕੇ ਵੇਖਿਆ ਜਾ ਸਕਦਾ ਹੈ। ਕੇਸਾਂ ਦੀ ਪੈਰਵੀ ਕਰਦੀਆਂ ਘਰਵਾਲੀਆਂ ਨੂੰ ਮੁਸ਼ਟੰਡੇ ਤਾੜਦੇ ਹਨ। ਜੇਲ• ਵਿੱਚੋਂ ਪੇਸ਼ੀ ਭੁਗਤਣ ਆਏ ਕੈਦੀ ਘਰਦਿਆਂ ਦੇ ਗਲ ਲੱਗ ਕੇ ਉੱਚੀ ਉੱਚੀ ਰੋਂਦੇ ਹਨ ਕਿ ਸਾਨੂੰ ਕਿਸੇ ਤਰਾਂ ਕੱਢੋ ਇਸ ਨਰਕ ਵਿੱਚੋਂ।
ਬਦਮਾਸ਼ਾਂ ਦੀ ਕੋਈ ਇੱਜ਼ਤ ਨਹੀਂ ਹੁੰਦੀ। ਪੁਲਿਸ ਦਾ ਛੋਟੇ ਤੋਂ ਛੋਟਾ ਮੁਲਾਜ਼ਮ ਵੀ ਬੇਇੱਜ਼ਤੀ ਕਰ ਦਿੰਦਾ ਹੈ। ਕੋਈ ਸਮਗਲਰ-ਬਦਮਾਸ਼ ਐਸਾ ਨਹੀਂ ਜਿਸ ਨੂੰ ਥਾਣੇ ਕੁੱਟ ਨਾ ਪਈ ਹੋਵੇ। ਜੇ ਕੋਈ ਗਵੱਈਆਂ ਮਗਰ ਲੱਗ ਕੇ ਲੜਕੀ ਦੇ ਭਰਾਵਾਂ ਦਾ ਕਤਲ ਕਰ ਦੇਵੇ ਤਾਂ ਉਹ ਉਸ ਨਾਲ ਜ਼ਿੰਦਗੀ ਬਿਤਾਵੇਗਾ ਜਾਂ ਉਮਰ ਕੈਦ ਭੁਗਤੇਗਾ? ਗਵੱਈਆਂ ਮਗਰ ਲੱਗ ਕੇ ਕਈ ਲੋਕ ਬਰਬਾਦ ਹੋਏ ਹਨ। ਵਿਆਹਾਂ ਵਿੱਚ ਜੋਸ਼ੀਲੇ ਗਾਣਿਆਂ 'ਤੇ ਨੱਚਦੇ ਸਮੇਂ ਫਾਇਰ ਕਰਕੇ ਬੰਦਾ ਮਾਰ ਬੈਠਦੇ ਹਨ। ਲੋਕ ਸਮਝਦੇ ਨਹੀਂ ਕਿ ਗਵੱਈਆਂ ਨੇ ਤਾਂ ਜੇਬਾਂ ਵਿੱਚੋਂ ਪੈਸੇ ਕਢਵਾਉਣੇ ਹੁੰਦੇ ਹਨ। ਇਹਨਾਂ ਗਵੱਈਆਂ-ਢਾਡੀਆਂ ਨੇ ਪੰਜਾਬ ਦੇ ਕਾਲੇ ਦਿਨਾਂ ਵਿੱਚ ਨੌਜਵਾਨਾਂ ਨੂੰ ਜੋਸ਼ ਦਵਾ ਕੇ ਬੜੇ ਘਰ ਡੋਬੇ ਸਨ। ਆਪ ਕਿਸੇ ਦਾ ਮੁੰਡਾ ਉਸ ਰਸਤੇ ਨਹੀਂ ਪਿਆ।
ਪਹਿਲਾਂ ਵਿਦੇਸ਼ੀ ਪਿਸਤੌਲ ਬਹੁਤ ਮਹਿੰਗੇ ਹੁੰਦੇ ਸਨ। ਕੋਈ ਅਮੀਰ ਬੰਦਾ ਹੀ ਲੈ ਸਕਦਾ ਸੀ। ਪਰ ਹੁਣ ਕਾਨਪੁਰੀ ਪਿਸਤੌਲ ਜਣਾ ਖਣਾ ਡੱਬ ਵਿੱਚ ਅੜਾਈ ਫਿਰਦਾ ਹੈ। ਇਸ ਨੂੰ ਜਿਆਦਾਤਰ ਵਿਆਹਾਂ ਵਿੱਚ ਫੁਕਰੀ ਵਿਖਾਉਣ ਤੇ ਫਾਇਰ ਕਰਨ ਲਈ ਹੀ ਵਰਤਿਆ ਜਾਂਦਾ ਹੈ। ਇਸ ਕਾਰਨ ਹਣ ਲੜਾਈ ਝਗੜੇ ਵਧ ਗਏ ਹਨ। ਲੋਕਾਂ ਵਿੱਚ ਬਰਦਾਸ਼ਤ ਦਾ ਮਾਦਾ ਵੀ ਘਟ ਗਿਆ ਹੈ। ਮਾੜੀ ਮਾੜੀ ਗੱਲ 'ਤੇ ਝਗੜ ਪੈਂਦੇ ਹਨ। ਪੰਜਾਬ ਦੀ ਹਰ ਦੂਜੀ ਕੰਧ 'ਤੇ ਲਿਖਿਆ ਹੁੰਦਾ ਹ,ੈ “ਅਫੀਮ ਡੋਡੇ ਛੱਡੋ ਕੋਹੜ ਵੱਢੋ ਤੇ ਹਰ ਤੀਸਰੀ ਕੰਧ 'ਤੇ ਲਿਖਿਆ ਹੰਦਾ ਹੈ ਸ਼ਾਦੀ ਤੋਂ ਘਬਰਾਹਟ ਕਿਉਂ?” ਵੇਖ ਕੇ ਵਹਿਮ ਹੋ ਜਾਂਦਾ ਹੈ ਕਿ ਸ਼ਾਇਦ ਅੱਧਾ ਪੰਜਾਬ ਅਮਲੀ ਹੋ ਗਿਆ ਹੈ ਤੇ ਬਾਕੀ ਦਾ ਨਾਮਰਦ। ਗਵੱਈਆਂ, ਤਾਂਤਰਿਕਾਂ, ਜੋਤਸ਼ੀਆਂ ਅਤੇ ਝੋਲਾ ਛਾਪ ਹਕੀਮਾਂ ਨੇ ਪੰਜਾਬ ਦਾ ਅਕਸ ਹੀ ਬਦਲ ਕੇ ਰੱਖ ਦਿੱਤਾ ਹੈ। ਹੁਣ ਚਾਹੀਦਾ ਹੈ ਕਿ ਇਜ਼ਰਾਈਲ ਵਾਂਗ ਹਰ ਪੰਜਾਬੀ ਨੌਜਵਾਨ ਲਈ ਮਿਲਟਰੀ ਸਰਵਿਸ ਲਾਜ਼ਮੀ ਹੋਵੇ ਤਾਂ ਜੋ ਉਹ ਕੁਝ ਡਸਿਪਲਨ ਸਿੱਖ ਸਕਣ। ਗਵੱਈਆਂ ਨੂੰ ਵੀ ਚਾਹੀਦਾ ਹੈ ਕਿ ਉਹ ਨੌਜਵਾਨਾਂ ਨੂੰ ਭੜਕਾਉਣ ਵਾਲੇ ਅਜਿਹੇ ਗਾਣੇ ਬੋਲਣ ਤੋਂ ਗੁਰੇਜ਼ ਕਰਨ। ਅਜਿਹੇ ਗਾਣੇ ਗਾਉਣ ਤੋਂ ਬਿਨਾਂ ਵੀ ਗੁਰਦਾਸ ਮਾਨ ਵਾਂਗ ਕਾਮਯਾਬ ਹੋਇਆ ਜਾ ਸਕਦਾ ਹੈ।
-
ਬਲਰਾਜ ਸਿੰਘ ਸਿੱਧੂ, ਐਸ.ਪੀ.
bssidhupps@gmail.com
9815124449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.