ਸਾਡੇ ਸੁਭਾਅ ਵਿੱਚ ਸਭ ਤੋਂ ਬੁਰੀ ਆਦਤ ਹੈ ਕਿ ਕਿਸੇ ਵੀ ਚੰਗੇ ਮਾੜੇ ਬੰਦੇ ਦੀ ਨੁਕਤਾਚੀਨੀ ਕਰਨ ਲੱਗਿਆਂ ਮਿੰਟ ਨਹੀਂ ਲਗਾਉਂਦੇ। ਇਸ ਗੋਲਾਬਾਰੀ ਦਾ ਅੱਜ ਸਭ ਤੋਂ ਵੱਡਾ ਸ਼ਿਕਾਰ ਬਣਿਆ ਹੋਇਆ ਹੈ ਪੰਜਾਬ ਦਾ ਸ਼੍ਰੋਮਣੀ ਗਾਇਕ ਗੁਰਦਾਸ ਮਾਨ। ਸ਼ਾਮ ਨੂੰ ਮੇਰੇ ਵਰਗੇ ਦਾਰੂ ਦੀ ਬੋਤਲ ਮੇਜ਼ 'ਤੇ ਰੱਖ ਕੇ ਨਾਲੇ ਸੈਲਫੀਆਂ ਪੋਸਟ ਕਰੀ ਜਾਂਦੇ ਆ ਤੇ ਨਾਲੇ ਗੁਰਦਾਸ ਮਾਨ ਦੇ ਗਾਣਿਆਂ 'ਤੇ ਬਹਿਸ ਕਰੀ ਜਾਂਦੇ ਆ, “ਲੈ ਯਾਰ, ਪਹਿਲਾਂ ਇਸ ਨੇ ਗਾਣਾ ਗਾਇਆ ਸੀ ਕਿ ਘਰ ਦੀ ਸ਼ਰਾਬ ਹੋਵੇ ਤੇ ਹੁਣ ਕਹੀ ਜਾਂਦਾ ਨਸ਼ਿਆਂ ਨੇ ਗਭਰੂ ਮਾਰ 'ਤੇ। ਹੱਦ ਹੋਗੀ, ਬੰਦਾ ਕਿਸੇ ਇੱਕ ਪਾਸੇ ਤਾਂ ਲੱਗ ਜੇ।” ਜੇ ਪਹਿਲਾਂ ਘਰ ਦੀ ਸ਼ਰਾਬ ਬਾਰੇ ਲਿਖਿਆ ਸੀ ਤਾਂ ਵੀ ਉਹ ਮਾੜਾ ਤੇ ਜੇ ਹੁਣ ਨਸ਼ਿਆਂ ਦੇ ਖਿਲਾਫ ਲਿਖ ਦਿੱਤਾ ਤਾਂ ਵੀ ਉਹ ਮਾੜਾ। ਹੁਣ ਸੋਸ਼ਲ ਮੀਡੀਆ ਦਾ ਹਰ “ਵਿਦਵਾਨ” ਅੱਗ ਉਗਲ ਰਿਹਾ ਹੈ ਕਿ ਇਸ ਨੇ ਪੰਜਾਬ ਦੇ ਹਾਲਾਤ ਬਾਰੇ ਇਲੈੱਕਸ਼ਨ ਤੋਂ ਪਹਿਲਾਂ ਕਿਉਂ ਨਹੀਂ ਲਿਖਿਆ? ਅਜਿਹੀ ਹਰਕਤ ਕਰ ਕੇ ਇਸ ਨੇ ਇੱਕ ਸਿਆਸੀ ਪਾਰਟੀ ਨਾਲ ਵਫਾਦਾਰੀ ਪੁਗਾਈ ਹੈ। ਜੇ ਕਿਤੇ ਉਹ ਇਲੈੱਕਸ਼ਨ ਤੋਂ ਪਹਿਲਾਂ ਇਹ ਗਾਣੇ ਰਿਲੀਜ਼ ਕਰ ਦੇਂਦਾ ਤਾਂ ਲੋਕਾਂ ਨੇ ਉਸ ਨੂੰ ਫਿਰ ਵੀ ਨਹੀਂ ਸੀ ਬਖਸ਼ਣਾ ਕਿ ਇਸ ਨੇ ਇੱਕ ਖਾਸ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਜਾਣ ਬੁੱਝ ਕੇ ਚੋਣਾਂ ਮੌਕੇ ਅਜਿਹੇ ਗਾਣੇ ਰਿਲੀਜ਼ ਕੀਤੇ ਹਨ। ਵਿਚਾਰਾ ਸ਼ਰੀਫ ਬੰਦਾ ਹੁਣ ਕਿਹੜੇ ਖੂਹ ਵਿੱਚ ਛਾਲ ਮਾਰੇ? ਨਾਲੇ ਕਥਿੱਤ ਸਿਆਣੇ ਕਹਿੰਦੇ ਰਹਿੰਦੇ ਸਨ ਕਿ ਗਾਇਕਾਂ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਗਾਉਣਾ ਚਾਹੀਦਾ। ਜੇ ਹੁਣ ਮਾਨ ਨੇ ਗਾ ਦਿੱਤਾ ਤਾਂ ਫਿਰ ਜਨਤਾ ਨੇ ਬਲੇਡ ਦਾਤਰੀ ਦੇ ਦੂਸਰੇ ਪਾਸੇ ਲਗਵਾ ਲਏ, ਕਹਿੰਦੇ ਗਲਤ ਮੌਕੇ ਗਾਇਆ ਹੈ। ਪੁੱਛਣ ਵਾਲਾ ਹੋਵੇ ਕਿ ਜੇ ਭਾਈ ਪਹਿਲਾਂ ਗਾ ਦੇਂਦਾ ਤਾਂ ਫਿਰ ਆਪਾਂ ਕਿਹੜਾ ਸੁਧਰ ਜਾਣਾ ਸੀ। ਹੁਣ ਉਹਦਾ ਗਾਣਾ ਸੁਣ ਕੇ ਕਿੰਨਿਆਂ ਕੁ ਨੇ ਸ਼ਰਾਬ-ਨਸ਼ੇ ਤਿਆਗ ਦਿੱਤੇ ਹਨ?
ਅਸਲ ਵਿੱਚ ਨੁਕਤਾਚੀਨੀ ਕਰਨੀ ਸੌਖੀ ਹੀ ਬਹੁਤ ਹੈ। ਪਲਾਂ ਵਿੱਚ ਕਿਸੇ ਚੰਗੇ ਭਲੇ ਬੰਦੇ ਵਿੱਚ ਹਜ਼ਾਰਾਂ ਨੁਕਸ ਕੱਢੇ ਜਾ ਸਕਦੇ ਸਨ। ਜਦੋਂ ਭਾਰਤੀ ਕ੍ਰਿਕਟ ਟੀਮ ਕੋਈ ਟੂਰਨਾਮੈਂਟ ਜਿੱਤਦੀ ਹੈ ਤਾਂ ਸਾਰੇ ਚੈਨਲਾਂ ਵਾਲਿਆਂ ਨੂੰ ਖਿਡਾਰੀ ਦੇਵਤੇ ਨਜ਼ਰ ਆਉਣ ਲੱਗ ਜਾਂਦੇ ਹਨ। ਉਹਨਾਂ ਦੀਆਂ ਤਾਰੀਫਾਂ ਦੇ ਕਸੀਦੇ ਪੜ•ੇ ਜਾਂਦੇ ਹਨ। ਪਰ ਜੇ ਕਿਤੇ ਟੀਮ ਦੋ-ਚਾਰ ਮੈਚ ਹਾਰ ਜਾਵੇ ਤਾਂ ਉਹੀ ਲੋਕ ਖਿਡਾਰੀਆਂ ਦੇ ਪੁਤਲੇ ਫੂਕਣ ਤੱਕ ਜਾਂਦੇ ਹਨ। ਇਥੋਂ ਤੱਕ ਕਿ ਖਿਡਾਰੀਆਂ ਦੀਆਂ ਮਹਿਲਾ ਦੋਸਤਾਂ 'ਤੇ ਵੀ ਉਹਨਾਂ ਦਾ ਧਿਆਨ ਭਟਕਾਉਣ ਦੇ ਇਲਜ਼ਾਮ ਸ਼ਰੇਆਮ ਲਗਾਏ ਜਾਂਦੇ ਹਨ। ਸੋਸ਼ਲ ਮੀਡੀਆ ਵਾਲੇ ਵਿਦਵਾਨ ਆਪਣੇ ਆਪ ਨੂੰ ਦੁੱਧ ਧੋਤੇ ਸਮਝਦੇ ਹਨ। ਸਾਰਾ ਦਿਨ ਹੋਰ ਲੋਕਾਂ- ਲੀਡਰਾਂ ਦੀਆਂ ਨੁਕਤਾਚੀਨੀ ਭਰੀਆਂ ਵੀਡੀਉ ਤੇ ਮੈਸੇਜ਼ ਪੋਸਟ ਕਰੀ ਜਾਂਦੇ ਹਨ। ਪੌਣਾ ਪੰਜਾਬ ਤਾਂ ਫੇਸਬੁੱਕ-ਵੱਟਸਐਪ 'ਤੇ ਹੈਗਾ ਈ ਆ। ਸਾਰੇ ਈ ਜੇ ਐਨੇ ਸਿਆਣੇ ਆ ਤਾਂ ਫਿਰ ਲੜਾਈਆਂ, ਬਲਾਤਕਾਰਾਂ, ਲੁੱਟਾਂ ਅਤੇ ਕਤਲਾਂ ਦੀਆਂ ਖਬਰਾਂ ਨਾਲ ਭਰੀਆਂ ਅਖਬਾਰਾਂ ਕੀ ਯੂ.ਪੀ.- ਬਿਹਾਰ ਦੀਆਂ ਵਾਰਦਾਤਾਂ ਨਾਲ ਭਰੀਆਂ ਹੁੰਦੀਆਂ ਹਨ?
ਜਦੋਂ ਅਸੀਂ ਘਰੋਂ ਤੁਰਦੇ ਹਾਂ ਤਾਂ ਸਿਰ 'ਤੇ ਹੈਲਮੈਟ ਜਾਂ ਕਾਰ ਦੇ ਕਾਗਜ਼ਾਤ ਨਾਲ ਰੱਖਣ ਦੀ ਬਜਾਏ ਕਿਸੇ ਰਿਸ਼ਤੇਦਾਰ ਨੇਤਾ ਜਾਂ ਪੁਲਿਸ ਵਾਲੇ ਦਾ ਫੋਨ ਨੰਬਰ ਜੇਬ ਵਿੱਚ ਰੱਖਣਾ ਜਿਆਦਾ ਜਰੂਰੀ ਸਮਝਦੇ ਹਾਂ। ਟਰੈਫਿਕ ਪੁਲਿਸ ਵਾਲੇ ਨੂੰ ਡਰਾਇਵਿੰਗ ਲਾਇਸੰਸ ਵਿਖਾਉਣ ਦੀ ਬਜਾਏ ਮੋਬਾਇਲ ਉਸ ਦੇ ਕੰਨ ਨੂੰ ਲਗਾ ਦੇਂਦੇ ਹਾਂ। ਜੇ ਉਵਰ ਸਪੀਡ ਕਾਰਨ ਕੋਈ ਹਾਦਸਾ ਵਾਪਰ ਜਾਵੇ, ਹੈਲਮੈਟ ਨਾ ਪਾਉਣ ਕਾਰਨ ਸਿਰ ਫੁੱਟ ਜਾਵੇ ਜਾਂ ਸੀਟ ਬੈਲਟ ਨਾ ਲਗਾਉਣ ਕਾਰਨ ਸੱਟਾਂ ਲੱਗ ਜਾਣ ਤਾਂ ਆਪਣੀ ਗਲਤੀ ਮੰਨਣ ਦੀ ਬਜਾਏ ਇਲਜ਼ਾਮ ਨਾਕਸ ਟਰੈਫਿਕ ਪ੍ਰਬੰਧਾ ਅਤੇ ਮਾੜੀਆਂ ਸੜਕਾਂ ਕਾਰਨ ਪੁਲਿਸ-ਸਰਕਾਰ 'ਤੇ ਥੋਪ ਦਿੱਤਾ ਜਾਂਦਾ ਹੈ। ਜੇ ਕੋਈ ਆਪਣੀ ਮਸਤੀ ਨਾਲ ਮਜ਼ੇ ਮਜ਼ੇ ਗੱਡੀ ਚਲਾ ਰਿਹਾ ਹੋਵੇ ਤਾਂ ਲੋਕ ਕਹਿਣਗੇ, “ਉਏ ਇਸ ਕੱਛੂਕੁੰਮੇ ਦੀ ਔਲਾਦ ਨੂੰ ਲਾਇਸੰਸ ਕਿਸ ਨੇ ਦੇ ਦਿੱਤਾ? ਨਾ ਆਪ ਤੁਰਦਾ ਨਾ ਕਿਸੇ ਨੂੰ ਤੁਰਨ ਦੇਂਦਾ।” ਤੇ ਜੇ ਕੋਈ ਗੱਡੀ ਨਠਾਈ ਜਾਵੇ ਤਾਂ ਫਿਰ, “ਹੂੰ! ਫੁਕਰਾ ਕਿਸੇ ਥਾਂ ਦਾ। ਆਪ ਤਾਂ ਮਰਨਾ ਨਾਲ ਕਿਸੇ ਹੋਰ ਨੂੰ ਵੀ ਲੈ ਕੇ ਮਰੇਗਾ।” ਦੱਸੋ ਹੁਣ ਕੋਈ ਕੀ ਕਰੇ? ਅਸੀਂ ਹੋਰ ਕੌਮਾਂ ਨੂੰ ਭ੍ਰਿਸ਼ਟ ਕਰਨ ਵਿੱਚ ਵੀ ਕਸਰ ਨਹੀਂ ਛੱਡ ਰਹੇ। ਵਿਦੇਸ਼ ਵਿੱਚ ਇੱਕ ਮਿੱਤਰ ਨੂੰ ਫਰੀ ਪਾਰਕਿੰਗ ਕਰਾਉਣ ਲਈ ਗਾਰਡਾਂ ਨੂੰ 5-10 ਡਾਲਰ ਦਾ ਲਾਲਚ ਦੇਣ ਦੀ ਕੋਸ਼ਿਸ਼ ਕਰਦਿਆਂ ਮੈਂ ਆਪਣੀ ਅੱਖੀਂ ਵੇਖਿਆ। ਪਰ ਇੱਕ ਵੀ ਵਿਦੇਸ਼ੀ ਨੇ ਉਸ ਦੀ ਰਿਸ਼ਵਤ ਸਵੀਕਾਰ ਨਾ ਕੀਤੀ।
ਅਸੀਂ ਰੱਜ ਕੇ ਹਵਾ-ਪਾਣੀ ਗੰਦਾ ਕਰਦੇ ਹਾਂ। ਪੂਰੀ ਬੇਸ਼ਰਮੀ ਨਾਲ ਨਹਿਰਾਂ, ਡਰੇਨਾਂ ਅਤੇ ਦਰਿਆਵਾਂ ਵਿੱਚ ਜ਼ਹਿਰ ਘੋਲਦੇ ਹਾਂ। ਉਹਨਾਂ ਨੂੰ ਪਵਿੱਤਰ ਰੱਖਣ ਦੀ ਬਜਾਏ ਘਰਾਂ ਵਿੱਚ ਆਰ.ਉ. ਲਗਾ ਕੇ ਸਾਫ ਪਾਣੀ ਪੀਣਾ ਜਿਆਦਾ ਬੇਹਤਰ ਸਮਝਦੇ ਹਾਂ। ਘਰ ਦਾ ਸਾਰਾ ਕੂੜਾ, ਰੂੜੀਆਂ ਅਤੇ ਹੋਰ ਗੰਦ ਮੰਦ ਸੜਕਾਂ 'ਤੇ ਖਿਲਾਰਦੇ ਹਾਂ ਤੇ ਫਿਰ ਗੰਦਗੀ ਦਾ ਦੋਸ਼ ਪੰਚਾਇਤ ਅਤੇ ਮਿਊਂਸਪਲ ਕਮੇਟੀ ਦੇ ਸਿਰ ਪਾਉਂਦੇ ਹਾਂ। ਖਰੀਦਦਾਰ ਸਸਤੇ ਦੇ ਲਾਲਚ ਵਿੱਚ ਤੇ ਵਪਾਰੀ ਟੈਕਸ ਬਚਾਉਣ ਦੇ ਚੱਕਰ ਵਿੱਚ ਬਿੱਲ ਨਹੀਂ ਕੱਟਦੇ। ਇੱਕ ਦੂਸਰੇ ਨੂੰ ਲੁੱਟਣ ਦੇ ਚੱਕਰ ਵਿੱਚ ਦੇਸ਼ ਨੂੰ ਲੁੱਟੀ ਜਾਂਦੇ ਹਨ। ਜਦੋਂ ਬਿਨਾਂ ਬਿੱਲ ਦੀ ਵਸਤੂ ਖਰਾਬ ਨਿਕਲਣ 'ਤੇ ਵਪਾਰੀ ਵਾਪਸ ਨਹੀਂ ਕਰਦਾ ਤੇ ਨਾ ਹੀ ਕੰਜ਼ਿਊਮਰ ਕੋਰਟ ਸੁਣਦੇ ਹਨ ਤਾਂ ਦੋਸ਼ ਫਿਰ ਸਰਕਾਰ ਦੇ ਸਿਰ ਮੜਿ•ਆ ਜਾਂਦਾ ਹੈ। ਲੁੱਟਣ ਵਾਲੇ ਵੀ ਪੰਜਾਬੀ ਤੇ ਲੁਟਾਉਣ ਵਾਲੇ ਵੀ ਪੰਜਾਬੀ। ਸਾਡੀ ਤਰਾਸਦੀ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਬਦਲਣ ਦੀ ਬਜਾਏ ਦੂਸਰਿਆਂ ਦੇ ਬਦਲਣ ਦੀ ਆਸ ਜਿਆਦਾ ਰੱਖਦੇ ਹਾਂ। ਜਦੋਂ ਤੱਕ ਅਸੀਂ ਦੂਸਰਿਆਂ ਦੀ ਬਜਾਏ ਆਪਣੇ ਨੁਕਸ ਨਹੀਂ ਵੇਖਦੇ, ਸਮਾਜ ਸੁਧਰ ਨਹੀਂ ਸਕਦਾ।
-
ਬਲਰਾਜ ਸਿੰਘ ਸਿੱਧੂ ਐਸ.ਪੀ.,
bssidhupps@gmail.com
9815124449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.