21 ਫਰਵਰੀ ,2017 - ਮਾਂ ਬੋਲੀ ਦਿਨ 'ਤੇ..
ਮੈਂ ਵੀ ਹਾਜ਼ਰ ਹਾਂ .. ਆਪਣੀ ਮਾਂ ਬੋਲੀ ਦੇ ਨਿੱਘੇ ਦਰਬਾਰ ਵਿਚ ...
ਸਵੇਰੇ ਉੱਠ ਕੇ ਵ੍ਹਟਸਐਪ ਦੇਖਿਆ - ਪਹਿਲਾ ਮੈਸੇਜ ਪੰਜਾਬੀ ਮਾਂ ਬੋਲੀ ਦੇ ਖ਼ਬਤੀ ਸੱਜਣ -ਸੁੱਖੀ ਬਾਠ ਦਾ ਨਜ਼ਰੀਂ ਪਿਆ - ਉਸ ਨੇ ਸਭ ਨੂੰ ਮਾਂ ਬੋਲੀ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਹੋਈਆਂ ਸਨ . ਫੇਰ ਡਾਕਟਰ ਉਭਾ ਦਾ ਸੁਨੇਹਾ ਅਤੇ ਕਈ ਹੋਰ ਅਜਿਹੇ ਸੁਨੇਹੇ ਦੇਖੇ। ਜਾਗ੍ਰਿਤੀ ਮੰਚ ਦੇ ਜਲੰਧਰ ਮਾਰਚ ਵਿਚ ਸ਼ਾਮਲ , ਚੰਡੀਗੜ੍ਹ ਵਿਚ ਕੇਂਦਰੀ ਲੇਖਕ ਸਭਾ ਵੱਲੋਂ ਪੰਜਾਬੀ ਨਾਲ ਵਿਤਕਰੇ ਦੇ ਖ਼ਿਲਾਫ਼ ਦਿੱਤੀਆਂ ਜਾਣ ਵਾਲੀਆਂ ਗ੍ਰਿਫ਼ਤਾਰੀਆਂ ਦੇ ਸੱਦੇ ਅਤੇ ਕਈ ਹੋਰ ਅਜਿਹੇ ਸੁਨੇਹੇ -ਸੋਸ਼ਲ ਮੀਡੀਆ 'ਤੇ ਘੁੰਮ ਰਹੇ ਸਨ . ਤਰਲੋਚਨ ਨੇ ਤਾਂ ਪੰਜਾਬੀ ਟ੍ਰਿਬਿਊਨ ਵਿਚ ਚੰਡੀਗੜ੍ਹ ਵਿਚ ਪੰਜਾਬੀ ਬੋਲੀ ਨਾਲ ਮਤਰੇਈ ਮਾਂ ਵਾਲੇ ਕੀਤੇ ਜਾ ਰਹੇ ਵਿਹਾਰ ਦੀ ਖ਼ਬਰ ਦੀ ਫ਼ੋਟੋ ਪਾਈ ਹੋਈ ਸੀ . ਪਿਛਲੇ ਸਮੇਂ ਵਿਚ ਇੱਕ ਕਾਲਮਮਿਸਟ ਵਜੋਂ ਨਿੱਖਰ ਕੇ ਸਾਹਮਣੇ ਆਏ ਗੁਰਮੀਤ ਪਲਾਹੀ ਨੇ ਅੰਕੜਿਆਂ ਸਮੇਤ ਵਧੀਆ ਲੇਖ ਵੀ ਲਿਖਿਆ ਹੈ . ਬਹੁਤ ਚੰਗਾ ਲੱਗਾ -ਪੰਜਾਬੀ ਪ੍ਰੇਮੀ ਜ਼ਾਤੀ ਜਾਂ ਸਮੂਹਕ ਰੂਪ ਵਿਚ, ਆਪਣੇ-ਆਪਣੇ ਢੰਗ ਨਾਲ ਮਾਂ ਬੋਲੀ ਲਈ ਚਿੰਤਤ ਵੀ ਹਨ ਅਤੇ ਕੁੱਝ ਕਰਨ ਲਈ ਸਰਗਰਮ ਵੀ . ਮੈਨੂੰ ਵੀ ਅਚਵੀ ਜਿਹੀ ਹੋਈ .ਵਰ੍ਹਿਆਂ ਤੋਂ ਪੰਜਾਬੀ ਲਈ ਅਤੇ ਪੰਜਾਬੀ ਵਿਚ ਲਿਖਦਿਆਂ, ਬੋਲਦਿਆਂ ,ਪੰਜਾਬੀ ਰਹਿਣੀ-ਬਹਿਣੀ ਵਿਚ ਵਿਚਰਦਿਆਂ ਇਸ ਮਾਂ - ਬੋਲੀ ਨੇ ਇੰਨਾ ਕੁਝ ਦਿੱਤਾ ਹੈ ਕਿ ਇਸ ਦਾ ਦੇਣਾ ਮੈਂ ਦੇ ਨਹੀਂ ਸਕਦਾ . ਬਹੁਤ ਵਾਰ ਪਹਿਲਾਂ ਵੀ ਅਜਿਹੇ ਮੌਕੇ ਆਉਂਦੇ ਰਹੇ ਜਦੋਂ ਇਉਂ ਲਗਦਾ ਹੁੰਦਾ ਸੀ ਕਿ ਮਾਂ-ਬੋਲੀ ਆਪਣੀ ਜ਼ਿੰਮੇਵਾਰੀ ਕਿਸੇ ਠੋਸ ਢੰਗ ਨਾਲ ਨਿਭਾਈ ਜਾਵੇ .ਸਮੇਂ ਅਤੇ ਸਥਾਨ ਮੁਤਾਬਿਕ ਕੋਸ਼ਿਸ਼ ਕਰਦੇ ਵੀ ਰਹੇ . ਅੱਜ ਵੀ ਮਨੋ-ਦਸ਼ਾ ਉਹੀ ਜਿਹੀ ਹੀ ਬਣੀ ਹੋਈ ਸੀ .
ਕਾਫ਼ੀ ਸੋਚ-ਸੋਚ ਕੇ ਮੈਂ ਇਹ ਫ਼ੈਸਲਾ ਕੀਤਾ ਕਿ ਨਵੇਂ ਪੰਜਾਬੀ ਸਾਫ਼ਟਵੇਅਰ ( ਇੰਡੀਕ ਵਰਡ ਪ੍ਰੋਸੈੱਸਰ ) -ਅੱਖਰ-2016-ਡਾਊਨਲੋਡ ਕਰਨ ਲਈ ਆਪਣੇ ਉਨ੍ਹਾਂ ਦੋਸਤਾਂ -ਮਿੱਤਰਾਂ ਨੂੰ ਪੰਜਾਬੀ ਪ੍ਰੇਮੀਆਂ ਨੂੰ ਇਸ ਦਾ ਲਿੰਕ ਭੇਜਿਆ ਜਾਵੇ ਜਿਹੜੇ ਕੰਪਿਊਟਰ ਜਾਂ ਇੰਟਰਨੈੱਟ ਰਾਹੀਂ ਪੰਜਾਬੀ ਦੀ ਕਿਸੇ ਨਾ ਕਿਸੇ ਤਰ੍ਹਾਂ ਵਰਤੋਂ ਕਰ ਰਹੇ ਨੇ .
ਇਹ ਸਾਫ਼ਟਵੇਅਰ ਡਾਕਟਰ ਜੀ ਐਸ ਲਹਿਲ ਦੀ ਅਗਵਾਈ ਹੇਠ ਅੰਕੁਰ ਰਾਣਾ ਦੀ ਟੀਮ ਵੱਲੋਂ ਪੰਜਾਬੀ ਯੂਨੀਵਰਸਿਟੀ ਦੀ ਤਰਫ਼ੋਂ ਤਿਆਰ ਕੀਤਾ ਗਿਆ ਗਿਆ ਹੈ .ਪੰਜਾਬੀ ਦੀ ਆਨ ਲਾਈਨ ਅਤੇ ਕੰਪਿਊਟਰ ਰਾਹੀਂ ਤਕਨੀਕੀ ਵਰਤੋਂ ਲਈ ਅੱਖਰ-2016 ਹੁਣ ਤੱਕ ਦਾ ਸਭ ਤੋਂ ਵਧੀਆ ਅਤੇ ਅਤਿ-ਆਧੁਨਿਕ ਸਾਫ਼ਟਵੇਅਰ ਹੈ . ਇਹ ਪਹਿਲਾ ਸਾਫਟਵੇਅਰ ਹੈ ਜਿਸ ਵਿਚ ਪੰਜਾਬੀ ਤੋਂ ਇਲਾਵਾ , ਸ਼ਾਹਮੁਖੀ , ਹਿੰਦੀ , ਉਰਦੂ ਅਤੇ ਇੰਗਲਿਸ਼ ਦੀ ਟਾਈਪਿੰਗ , ਲਿਪੀਅੰਤਰ , ਅਨੁਵਾਦ , ਸਪੈੱਲ -ਚੈਕ ਅਤੇ ਓ ਸੀ ਆਰ ਦੀ ਤਕਨੀਕੀ ਸਹੂਲਤ ਇੱਕੋ ਜਗਾ ਦਿੱਤੀ ਹੋਈ ਹੈ .
ਇਸ ਦਾ ਸਭ ਤੋਂ ਅਹਿਮ ਗੁਣ ਇਹ ਹੈ ਕਿ ਇਸ ਨੇ ਪੰਜਾਬੀ ਫੌਂਟਸ ਦੀ ਇੱਕ ਬਹੁਤ ਵੱਡੀ ਸਮੱਸਿਆ ਹੱਲ ਕਰ ਦਿੱਤੀ ਹੈ . ਇਸ ਸਾਫ਼ਟਵੇਅਰ ਰਾਹੀਂ ਜਿਹੜੇ ਮਰਜ਼ੀ ਫੌਂਟ ਵਿਚ ਟਾਈਪ ( ਕੰਪੋਜ਼) ਕਰੋ , ਇਹ ਯੂਨੀਕੋਡ ਫੌਂਟ ਵਿਚ ਹੀ ਟਾਈਪ ਹੋਵੇਗਾ . ਨਤੀਜਾ ਇਹ ਕਿ ਅਜਿਹੇ ਟੈਕਸਟ ਨੂੰ ਕਿਸੇ ਵੀ ਡੈਸਕ -ਟਾਪ ,ਮੋਬਾਈਲ ਜਾਂ ਲੈਪਟਾਪ ਜਾਂ ਕੰਪਿਊਟਰ-ਨੁਮਾ ਯੰਤਰ 'ਤੇ ਪੜ੍ਹਿਆ ਜਾ ਸਕਦਾ ਹੈ ਭਾਵ ਜ਼ਰੂਰੀ ਨਹੀਂ ਉਹ ਫੌਂਟ ਤੁਸੀਂ ਇੰਸਟਾਲ ਕੀਤਾ ਹੋਵੇ।
ਇਸ ਵਿਚਲਾ ਪੰਜਾਬੀ ਟਾਈਪਿੰਗ ਲਈ ਸਪੈੱਲ-ਚੈੱਕਰ ਬਹੁਤ ਕਮਾਲ ਦਾ ਹੈ .
ਪੰਜਾਬੀ ਭਾਸ਼ਾ ਅਤੇ ਇਸ ਦੇ ਰੋਮਨ , ਦੇਵਨਾਗਰੀ ਅਤੇ ਸ਼ਾਹਮੁਖੀ ਲਿਪੀ ਨਾਲ ਅੰਤਰ -ਸਬੰਧ ਅਤੇ ਹਿੰਦੀ ਤੇ ਉਰਦੂ ਅਤੇ ਅੰਗਰੇਜ਼ੀ ਨਾਲ ਸਬੰਧਤ ਲਾਹੇਵੰਦ ਵਰਤੋਂ ਲਈ ਕਿੰਨੇ ਹੀ ਨਵੇਂ ਟੂਲ ਇਸ ਵਿਚ ਮੌਜੂਦ ਨੇ . ਰੋਮਨ ਲਿਪੀ ਵਿਚ ਕੰਪੋਜ਼ ਕਰ ਕੇ ਗੁਰਮੁਖੀ ਟੈਕਸਟ ਹਾਸਲ ਕਰਨ ਦੀ ਸਹੂਲਤ ਗੂਗਲ ਨੇ ਵੀ ਦਿੱਤੀ ਹੋਈ ਹੈ ਪਰ ਇਸ ਲਈ ਇੰਟਰਨੈੱਟ ਹੋਣਾ ਜ਼ਰੂਰੀ ਹੈ ਜਦੋਂ ਕਿ ਅੱਖਰ ਸਾਫ਼ਟਵੇਅਰ ਦੀ ਵਰਤੋਂ ਲਈ ਇੰਟਰਨੈੱਟ ਦੀ ਜ਼ਰੂਰਤ ਨਹੀਂ . ਇੱਕ ਵਾਰ ਜਦੋਂ ਇੰਸਟਾਲ ਕਰ ਲਿਆ ਤਾਂ ਇਸ ਨੂੰ ਜਦੋਂ ਮਰਜ਼ੀ ਆਪਣੇ ਡੈਸਕ ਟਾਪ ਜਾਂ ਲੈਪਟਾਪ' ਤੇ ਵਰਤ ਸਕਦੇ ਹੋ .
ਮੇਰੀ ਇਹ ਪੱਕੀ ਧਰਨਾ ਹੈ ਕਿ ਮਾਂ ਬੋਲੀ ਪੰਜਾਬੀ ਤਾਂ ਹੀ ਬਚ ਸਕਦੀ ਸਕਦੀ ਹੈ ਅਤੇ ਨਵੀਂ ਪੀੜ੍ਹੀ ਨਾਲ ਜੁੜ ਸਕਦੀ ਹੈ ਜੇਕਰ ਇਹ ਮੰਨਿਆ ਜਾਵੇ ਕਿ (1) ਬੋਲੀ ਅਤੇ ਭਾਸ਼ਾ ਸਮੇਂ ਦੇ ਨਾਲ ਵਿਕਸਤ ਹੁੰਦੀ ਅਤੇ ਬਦਲਦੀ ਰਹਿੰਦੀ ਹੈ (2) ਕਿਸੇ ਨਾ ਕਿਸੇ ਤਰ੍ਹਾਂ ਇਹ ਰੁਜ਼ਗਾਰ ਦੀ ਭਾਸ਼ਾ ਬਣੇ (3) ਇਸ ਦੇ ਦਰਵਾਜ਼ੇ ਮੋਕਲੇ ਰੱਖੇ ਜਾਣ ਤਾਂ ਕਿ ਸਾਡੀ ਬੋਲੀ, ਦੁਨੀਆਂ ਦੀਆਂ ਮੇਨ ਸਟਰੀਮ ਭਾਸ਼ਾਵਾਂ ਖ਼ਾਸ ਕਰਕੇ ਅੰਗਰੇਜ਼ੀ ਦੀ ਪ੍ਰਚਲਤ ਸ਼ਬਦਾਵਲੀ ਨੂੰ ਵੱਧ -ਵੱਧ ਤੋਂ ਸਮੋ ਸਕੇ ਅਤੇ (4) ਰੋਜ਼ਮਰ੍ਹਾ ਦੀ ਵਰਤੋਂ ਲਈ ਟੂਲ ਵੀ ਸਮੇਂ ਦੇ ਹਾਣੀ ਹੋਣ ਭਾਵ ਅਜੋਕੇ ਤਕਨਾਲੋਜੀ ਯੁੱਗ ਵਿਚ ਵੀ ਸੂਚਨਾ ਦੇ
ਅਦਾਨ-ਪ੍ਰਦਾਨ ( ਕਮਿਊਨੀਕੇਸ਼ਨ ) ਲਈ ਆਸਾਨੀ ਨਾਲ ਵਰਤੀ ਜਾ ਸਕੇ . ਦੁਨੀਆ ਭਰ ਵਿਚ ਬਹੁਤ ਸਾਰੇ ਮਾਹਰਾਂ ਨੇ ਪੰਜਾਬੀ ਦੇ ਫੌਂਟ ਅਤੇ ਸਾਫ਼ਟਵੇਅਰ ਵਿਕਸਤ ਕਰ ਕੇ ਪੰਜਾਬੀ ਨੂੰ ਆਧੁਨਿਕ ਟੈਕਨਾਲੋਜੀ ਦੇ ਹਾਣੀ ਬਣਾਉਣ ਲਈ ਅਹਿਮ ਯੋਗਦਾਨ ਪਾਇਆ ਹੈ ਪਰ ਡਾਕਟਰ ਲਹਿਲ ਦੀ ਅਗਵਾਈ ਹੇਠਲੀ ਪੰਜਾਬੀ ਯੂਨੀਵਰਸਿਟੀ ਦੀ ਟੀਮ ਅੱਗੇ ਮੇਰਾ ਸਿਰ ਝੁਕਦਾ ਹੈ ਜਿਨ੍ਹਾਂ ਨੇ ਅੱਖਰ -2016 ਵਰਗਾ , ਮਾਂ -ਬੋਲੀ ਨੂੰ ਵੱਡਾ ਤਕਨੀਕੀ ਹੁਲਾਰਾ ਦੇਣ ਵਾਲਾ ਸਾਫ਼ਟਵੇਅਰ ਤਿਆਰ ਕੀਤਾ ਹੈ .
ਪੰਜਾਬੀ ਵਿਚ ਕੰਮ ਕਰਨ ਲਈ ਮੈਂ ਤਾਂ ਰੋਜ਼ਾਨਾ ਹੀ ਅੱਖਰ ਹੀ ਵਰਤਦਾ ਹਾਂ . ਦਿਲਚਸਪ ਖ਼ੁਲਾਸਾ ਇਹ ਵੀ ਕਰ ਰਿਹਾ ਹਾਂ ਕਿ ਨਾ ਤਾਂ ਮੈਨੂੰ ਟਾਈਪਿੰਗ ਆਉਂਦੀ ਹੈ ਭਾਵ ਦਸਾਂ ਉਂਗਲੀ ਵਾਲੀ ਟਾਈਪ ਨਾ ਹੀ ਸਿੱਖੀ ਅਤੇ ਨਾ ਹੀ ਆਉਂਦੀ ਹੈ ਪਰ ਫਿਰ ਵੀ ਮੈਂ ਪਿਛਲੇ ਲਗਭਗ 13 ਸਾਲਾਂ ਤੋਂ ਪੰਜਾਬੀ ਵਿਚ ਲਿਖਣ ਲਈ ਕੰਪਿਊਟਰ / ਲੈਪਟਾਪ ਦੀ ਵਰਤੋਂ ਕਰ ਰਿਹਾ ਹਾਂ .ਮੈਂ ਅਕਸਰ ਕਹਿੰਦਾ ਹਾਂ ਕਿ ਮੈਂ ਤਾਂ ਠੂੰਗਾ ਮਾਰ -ਮਾਰ ਕੇ ਕੰਪਿਊਟਰ ਅਤੇ ਇੰਟਰਨੈੱਟ ਦੀ ਵਰਤੋਂ ਸਿੱਖੀ ਹੈ . 2004 ਵਿਚ ਡਾਕਟਰ ਲਹਿਲ ਨੇ ਅੱਖਰ ਨੂੰ ਇੱਕ ਵਰਡ ਪ੍ਰੋਸੈੱਸਰ ਦੇ ਤੌਰ 'ਤੇ ਤਿਆਰ ਕਰ ਕੇ ਲਾਂਚ ਕੀਤਾ ਸੀ , ਉਦੋਂ ਤੋਂ ਹੀ ਮੈਂ ਰੋਮਨ ਟਾਈਪਿੰਗ ਰਾਹੀਂ ਅੱਖਰ ਦੀ ਵਰਤੋਂ ਕਰ ਕੇ ਪੰਜਾਬੀ ਵਿਚ ਕੰਮ ਕਰ ਰਿਹਾ ਹਾਂ . ਇਹ ਲਿਖਤ ਵੀ ਇਸੇ ਤਰ੍ਹਾਂ ਹੀ ਟਾਈਪ ਕੀਤੀ ਹੈ . ਵੈਸੇ ਚਾਹੀਦਾ ਤਾਂ ਇਹ ਹੈ ਕਿ ਦਸਾਂ ਉਂਗਲਾਂ ਵਾਲੀ ਟਾਈਪ/ ਕੰਪੋਜ਼ਿੰਗ ਨਿਯਮਤ ਰੂਪ ਵਿਚ ਸਿੱਖੀ ਜਾਵੇ ਤਾਂ ਕਿ ਬਾਕਾਇਦਾ ਟਾਈਪਿੰਗ ਸਪੀਡ ਬਣੇ ਪਰ ਜੇਕਰ ਨਹੀਂ ਵੀ ਟਾਈਪਿੰਗ ਆਉਂਦੀ ਤਾਂ ਚਿੰਤਾ ਨਾ ਕਰੋਂ , ਅੱਖਰ -2016 ਇੰਸਟਾਲ ਕਰੋ - ਰੋਮਨ ਵਿਚ ਟਾਈਪ ਕਰੋ ਅਤੇ ਪੰਜਾਬੀ ਟੈਕਸਟ ਤਿਆਰ ਕਰੋ .
ਕੰਪਿਊਟਰ / ਲੈਪਟਾਪ ਰਾਹੀਂ ਪੰਜਾਬੀ ਵਿਚ ਲਿਖਣਾ -ਪੜ੍ਹਨਾ ਚਾਹੁੰਦੇ ਸਾਰੇ ਸੱਜਣਾਂ -ਮਿੱਤਰਾਂ ਲਈ ਅੱਜ ਦੇ ਪੰਜਾਬੀ ਦਿਵਸ ਤੇ ਮੈਂ - ਅੱਖਰ 2016 - ਨੂੰ ਡਾਊਨ ਲੋਡ ਕਰਨ ਦਾ ਲਿੰਕ ਸ਼ੇਅਰ ਕਰ ਰਿਹਾ ਹਾਂ . ਜੇਕਰ ਇੰਸਟਾਲ ਕਰਨ ਲਈ ਕੋਈ ਸਮੱਸਿਆ ਆਵੇ ਤਾਂ ਨਾਲ ਦਿੱਤੇ ਮੋਬਾਈਲ ਨੰਬਰ' ਤੇ ਅੰਕੁਰ ਰਾਣਾ ਨਾਲ ਗੱਲ ਕੀਤੀ ਜਾ ਸਕਦੀ ਹੈ . ਭੁੱਲ-ਚੁੱਕ ਮਾਫ਼ !
http://akhariwp.com/
Microsoft Drive Link :
https://1drv.ms/u/s!Ap099QpXCyhhhVXP64ZR-kIXlfQ6
Google Drive Link :
https://drive.google.com/uc?export=download&id=0B6RCOsZdbRTKTUtZTU1nV193aFE
Ankur Rana- 9876195090
-----------------
21 ਫਰਵਰੀ , 2017
-
ਬਲਜੀਤ ਬੱਲੀ, ਸੰਪਾਦਕ
tirshinazar@gmail.com
9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.