ਸਿੱਖ ਧਰਮ ਵਿਚ ਸ਼ਹੀਦੀ ਦਾ ਬਹੁਤ ਉੱਚਾ ਸਥਾਨ ਹੈ। ਸਿੱਖ ਪੰਥ ਵਿਚ ਸ਼ਹੀਦਾਂ ਦਾ ਬੇਮਿਸਾਲ ਸਤਿਕਾਰ ਕੀਤਾ ਜਾਂਦਾ ਹੈ। ਰੋਜ਼ਾਨਾ ਅਰਦਾਸ ਵਿਚ ਸ਼ਹੀਦ ਸਿੰਘਾਂ-ਸਿੰਘਣੀਆਂ ਨੂੰ ਯਾਦ ਕੀਤਾ ਜਾਂਦਾ ਹੈ। ਸ਼ਹੀਦਾਂ ਨੇ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹੀਦੀ ਪਾਈ ਪਰ ਸਿਦਕ ਨਹੀਂ ਹਾਰਿਆ। ਉਨ੍ਹਾਂ ਨੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਲਈ ਅਤੇ ਹੱਕ-ਸੱਚ ਲਈ ਕੁਰਬਾਨੀ ਦਿੱਤੀ। ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ:
ਸ਼ਹੀਦੋਂ ਕੀ ਕਤਲਗਾਹ ਸੇ, ਕਿਆ ਬੇਹਤਰ ਹੈ ਕਾਅਬਾ,
ਸ਼ਹੀਦੋਂ ਕੀ ਖਾਕ ਪੇ ਤੋ ਖੁਦਾ ਭੀ ਕੁਰਬਾਨ ਹੋਤਾ ਹੈ।
ਸਰਬੱਤ ਮਾਨਵਤਾ ਦੇ ਕਲਿਆਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ-ਧਰਮ ਦੀ ਨੀਂਹ ਰੱਖੀ ਅਤੇ ਇਹ ਸੰਦੇਸ਼ ਦਿੱਤਾ ਕਿ ਜਿਸ ਨੇ ਗੁਰਮਤਿ ਦੇ ਮਾਰਗ 'ਤੇ ਚੱਲਣਾ ਹੈ, ਉਹ ਆਪਣਾ ਸੀਸ ਤਲੀ 'ਤੇ ਧਰ ਕੇ ਆਵੇ, ਭਾਵ ਦ੍ਰਿੜ੍ਹ-ਚਿਤ ਹੋ ਕੇ ਆਵੇ ਅਤੇ ਆਪਣੀ ਸੰਸਾਰਕ ਬਿਰਤੀ 'ਤੇ ਕੱਚੀ ਮੱਤ ਦੇ ਤਿਆਗ ਕਰਨ ਵਿਚ ਕੋਈ ਝਿਜਕ ਨਾ ਰੱਖੇ:
- ਜਉ ਤਉ ਪ੍ਰੇਮ ਖੇਲਣ ਕਾ ਚਾਉ॥ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ਸਿਰੁ ਦੀਜੈ ਕਾਣਿ ਨ ਕੀਜੈ ॥ (ਪੰਨਾ 1412)
- ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥ (ਪੰਨਾ 1102)
ਸਿੱਖ ਧਰਮ ਵਿਚ ਅਨੇਕਾਂ ਸਾਕਿਆਂ ਅਤੇ ਘੱਲੂਘਾਰਿਆਂ ਦੌਰਾਨ ਅਨੇਕਾਂ ਸਿੱਖਾਂ ਨੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ 'ਤੇ ਚੱਲ ਕੇ ਸ਼ਹਾਦਤਾਂ ਦਿੱਤੀਆਂ। ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਵੀ ਇਨ੍ਹਾਂ ਵਿੱਚੋਂ ਇੱਕ ਹੈ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਮੁਗ਼ਲ ਹਕੂਮਤ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਤਤਪਰ ਹੋ ਗਈ। ਇਸ ਸਮੇਂ ਦੌਰਾਨ ਸਿੱਖਾਂ ਦਾ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ। ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਦਾ ਸਾਰਾ ਕੰਮ ਸੰਪ੍ਰਦਾਈ ਸਾਧੂਆਂ ਪਾਸ ਚਲਾ ਗਿਆ, ਜੋ ਆਪਣੀ ਮਰਜ਼ੀ ਦੀ ਮਰਯਾਦਾ ਬਣਾ ਲੈਂਦੇ ਸਨ। ਕੁਝ ਸਮਾਂ ਬਾਅਦ ਜਦੋਂ 'ਸਿੱਖ ਮਿਸਲਾਂ' ਦਾ ਸਮਾਂ ਆਇਆ ਤਾਂ ਸਿੱਖ ਕੁਝ ਸੰਭਲੇ ਅਤੇ ਇਨ੍ਹਾਂ ਨੇ ਆਪਣੀਆਂ ਰਿਆਸਤਾਂ ਕਾਇਮ ਕਰ ਲਈਆਂ। ਇਨ੍ਹਾਂ ਰਿਆਸਤਾਂ 'ਚੋਂ ਹੀ ਸਿੱਖ ਰਾਜ ਪੈਦਾ ਹੋਇਆ। ਸਿੱਖ ਰਾਜ ਦੇ ਸਮੇਂ ਗੁਰਦੁਆਰਾ ਸਾਹਿਬਾਨ ਦੀ ਉਸਾਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਗੁਰਦੁਆਰਾ ਸਾਹਿਬਾਨ ਦੇ ਨਾਂ ਵੱਡੀਆਂ-ਵੱਡੀਆਂ ਜਾਗੀਰਾਂ ਲਗਵਾਈਆਂ ਗਈਆਂ। ਇਸ ਸਮੇਂ ਦੌਰਾਨ ਵੀ ਸਿੱਖ ਗੁਰਦੁਆਰਾ ਸਾਹਿਬਾਨ ਦੀ ਅੰਦਰਲੀ ਮਰਯਾਦਾ ਵੱਲ ਕੋਈ ਵਿਸ਼ੇਸ਼ ਧਿਆਨ ਨਾ ਦੇ ਸਕੇ ਅਤੇ ਪ੍ਰਬੰਧ ਪਹਿਲਾਂ ਵਾਂਗ ਹੀ ਉਦਾਸੀ ਜਾਂ ਸੰਪ੍ਰਦਾਈ ਸਾਧੂਆਂ ਪਾਸ ਹੀ ਰਿਹਾ। ਇਹ ਗੁਰਦੁਆਰਾ ਸਾਹਿਬਾਨ ਵਿਚ ਸਿੱਖ-ਮਰਯਾਦਾ ਦੇ ਉਲਟ ਕਾਰਵਾਈਆਂ ਕਰਨ ਲੱਗ ਪਏ ਸਨ। ਮਹੰਤਾਂ ਨੇ ਸਰਕਾਰ ਦੀ ਮਿਲੀ-ਭੁਗਤ ਨਾਲ ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਦਾ ਇੰਦਰਾਜ ਬਤੌਰ ਮਾਲਕ ਕਰਵਾਉਣਾ ਸ਼ੁਰੂ ਕਰ ਦਿੱਤਾ।
ਗੁਰਦੁਆਰਾ ਜਨਮ-ਸਥਾਨ ਸ੍ਰੀ ਨਨਕਾਣਾ ਸਾਹਿਬ ਦਾ ਮਹੰਤ ਨਰੈਣ ਦਾਸ ਵਲਦ ਕਿਸ਼ਨ ਦਾਸ ਵਲਦ ਸਾਧੂ ਰਾਮ ਸੀ।ਸੰਨ 1917 ਈ: ਵਿਚ ਮਹੰਤ ਨਰੈਣ ਦਾਸ ਨੇ ਗੁਰਦੁਆਰਾ ਸਾਹਿਬ ਅੰਦਰ ਲਾਹੌਰ ਤੋਂ ਵੇਸਵਾ ਮੰਗਵਾ ਕੇ ਨਾਚ ਕਰਵਾਇਆ।ਨਿਤਾ-ਪ੍ਰਤੀ ਦੀਆਂ ਅਜਿਹੀ ਘਟਨਾਵਾਂ ਕਰਕੇ ਸਿੱਖ ਜਗਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਨੂੰ ਇਸ ਅੱਯਾਸ਼ ਮਹੰਤ ਤੋਂ ਅਜ਼ਾਦ ਕਰਵਾਉਣ ਲਈ ਸੁਚੇਤ ਹੋ ਗਿਆ। ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਅਤੇ ਸਰਦਾਰ ਬੂਟਾ ਸਿੰਘ ਵਕੀਲ ਸ਼ੇਖੂਪੁਰਾ ਨੇ ਕਈ ਵਾਰ ਮਹੰਤ ਨਰੈਣ ਦਾਸ ਨੂੰ ਸਹੀ ਰਸਤੇ 'ਤੇ ਲਿਆਉਣ ਲਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਸ੍ਰੀ ਨਨਕਾਣਾ ਸਾਹਿਬ ਨੂੰ ਅਜ਼ਾਦ ਕਰਵਾਉਣ ਲਈ ਅਕਤੂਬਰ, 1920 ਈ: ਵਿਚ ਧਾਰੋਵਾਲੀ ਪਿੰਡ ਵਿਚ ਇਕ ਦੀਵਾਨ ਸਜਾਇਆ ਗਿਆ ਅਤੇ ਮਹੰਤ ਨੂੰ ਪ੍ਰਬੰਧ ਅਤੇ ਕਰਮਚਾਰੀਆਂ ਦੇ ਵਤੀਰੇ ਵਿਚ ਸੁਧਾਰ ਕਰਨ ਲਈ ਮਤਾ ਪਾਸ ਕੀਤਾ ਗਿਆ। ਜਦੋਂ ਮਹੰਤ ਨੂੰ ਇਸ ਮਤੇ ਦੀ ਸੂਚਨਾ ਦਿੱਤੀ ਗਈ ਤਾਂ ਉਸ ਨੇ ਸੁਧਾਰ ਕਰਨ ਦੀ ਥਾਂ ਸਿੱਖਾਂ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ। ਉਸ ਨੇ ਪੂਰੀ ਜੰਗੀ ਤਿਆਰੀ ਕਰ ਲਈ। ਨਾਲ ਹੀ ਉਸ ਨੇ ਪੰਥਕ-ਮੁਖੀਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਸੁਲਾਹ ਦੀ ਗੱਲ ਤੋਰੀ ਰੱਖੀ। 23 ਜਨਵਰੀ ਅਤੇ 6 ਫਰਵਰੀ, 1921 ਈ: ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਚੇਚੇ ਸਮਾਗਮ ਕੀਤੇ ਗਏ। ਕਮੇਟੀ ਵੱਲੋਂ ਮਹੰਤ ਨਰਾਇਣ ਦਾਸ ਦੇ ਨਾਂ ਖੁੱਲ੍ਹੀ ਚਿੱਠੀ ਲਿਖੀ ਗਈ ਕਿ ਉਹ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਅਤੇ ਆਪਣੇ ਆਚਰਨ ਵਿਚ ਸੁਧਾਰ ਕਰੇ। ਪੰਜ ਉੱਘੇ ਸਿੰਘਾਂ ਦੀ ਕਮੇਟੀ ਬਣਾਈ ਗਈ, ਜਿਸ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਲੰਗਰ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ। ਸ੍ਰੀ ਪੰਜਾ ਸਾਹਿਬ, ਜ਼ਿਲ੍ਹਾ ਕੈਂਬਲਪੁਰ, ਸੱਚਾ ਸੌਦਾ, ਜ਼ਿਲ੍ਹਾ ਸ਼ੇਖੂਪੁਰ, ਚੋਹਲਾ ਸਾਹਿਬ ਦੇ ਪਵਿੱਤਰ ਗੁਰਦੁਆਰਾ ਸਾਹਿਬਾਨ ਅਮਨ-ਚੈਨ ਨਾਲ ਹੀ ਪੰਥਕ ਪ੍ਰਬੰਧ ਹੇਠ ਆ ਚੁੱਕੇ ਸਨ। ਸ੍ਰੀ ਤਰਨਤਾਰਨ ਸਾਹਿਬ ਦੇ ਮਹੰਤ ਨੇ 26 ਜਨਵਰੀ 1921 ਈ: ਨੂੰ ਸਿੰਘਾਂ 'ਤੇ ਹਮਲਾ ਕਰ ਕੇ ਕਈ ਸਿੰਘਾਂ ਨੂੰ ਫੱਟੜ ਕਰ ਦਿੱਤਾ ਸੀ ਅਤੇ 2 ਸਿੰਘਾਂ ਭਾਈ ਹਜ਼ਾਰਾ ਸਿੰਘ ਅਲਾਦੀਨਪੁਰ ਅਤੇ ਭਾਈ ਹੁਕਮ ਸਿੰਘ ਵਸਾਊ ਕੋਟ ਨੂੰ ਸ਼ਹੀਦ ਕਰ ਦਿੱਤਾ ਸੀ। ਇਸ ਘਟਨਾ ਪ੍ਰਤੀ ਸਾਰੇ ਪੰਥ ਵਿਚ ਭਾਰੀ ਰੋਸ ਭਰ ਗਿਆ ਸੀ। 14 ਫਰਵਰੀ, 1921 ਈ: ਨੂੰ ਸ. ਬੂਟਾ ਸਿੰਘ ਵਕੀਲ ਦੀ ਕੋਠੀ ਵਿਚ ਮਹੰਤ ਨਰੈਣ ਦਾਸ ਨਾਲ ਮੀਟਿੰਗ ਲਈ ਸਮਾਂ ਰੱਖਿਆ ਗਿਆ। ਮੌਕੇ 'ਤੇ "ਮਹੰਤ ਮੁੱਕਰ ਗਿਆ ਅਤੇ ਕਹਿ ਦਿੱਤਾ ਕਿ ਮੀਟਿੰਗ 15 ਫਰਵਰੀ, 1921 ਈ: ਵਾਲੇ ਦਿਨ ਲਾਹੌਰ ਵਿਚ ਕੀਤੀ ਜਾਵੇਗੀ। ਸ. ਬੂਟਾ ਸਿੰਘ ਤੇ ਸ. ਕਰਤਾਰ ਸਿੰਘ ਝੱਬਰ 'ਲਾਇਲ ਗਜ਼ਟ' ਦੇ ਦਫ਼ਤਰ ਲਾਹੌਰ ਵਿਖੇ ਸ. ਅਮਰ ਸਿੰਘ ਪਾਸ ਪਹੁੰਚ ਗਏ। ਝੱਬਰ ਜੀ ਨੇ ਆਪਣੇ ਭਰੋਸੇਯੋਗ ਸ. ਵਰਿਆਮ ਸਿੰਘ ਜੀ ਨੂੰ ਸਾਰੇ ਮਾਮਲੇ ਦੀ ਸੂਹ ਲੈਣ ਲਈ ਜ਼ਿਲ੍ਹਾ ਮਿੰਟਗੁਮਰੀ ਦੇ ਸ. ਉੱਤਮ ਸਿੰਘ ਦੇ ਕਾਰਖਾਨੇ ਵਿਚ ਫਰਜ਼ੀ ਮੁਨਸ਼ੀ ਲਗਵਾਇਆ ਹੋਇਆ ਸੀ। ਇੱਥੇ ਮਹੰਤ ਨਰੈਣ ਦਾਸ ਦਾ ਆਉਣਾ-ਜਾਣਾ ਸੀ। ਸ. ਕਰਤਾਰ ਸਿੰਘ ਝੱਬਰ ਨੇ ਸ. ਅਵਤਾਰ ਸਿੰਘ ਰਾਹੀਂ ਸੂਚਨਾ ਦਿੱਤੀ ਕਿ ਮਹੰਤ ਨੇ ਆਪਣੇ ਰਾਮ ਗਲੀ ਵਾਲੇ ਮਕਾਨ ਵਿਚ ਗੁਪਤ ਮੀਟਿੰਗ ਕੀਤੀ ਹੈ, ਜਿਸ ਵਿਚ ਥੰਮਣ ਦਾ ਮਹੰਤ ਅਰਜਨ ਦਾਸ, ਬੱਘੀਆਂ ਵਾਲੇ ਜਗਨ ਨਾਥ ਅਤੇ ਮਾਨਕ ਗੁਰਦੁਆਰੇ ਦਾ ਮਹੰਤ ਬਸੰਤ ਸਿੰਘ ਆਪਣੇ ਚਾਰ-ਪੰਜ ਹੋਰ ਸਾਥੀਆਂ ਨਾਲ ਸ਼ਾਮਲ ਹੋਇਆ ਸੀ। ਮਹੰਤ ਨਰੈਣ ਦਾਸ ਨੇ ਬਦਮਾਸ਼ਾਂ ਨੂੰ ਡੇਢ ਲੱਖ ਰੁਪਈਆ ਦੇਣਾ ਕਰਕੇ 12 ਭਗੌੜੇ ਕਾਤਲਾਂ ਨੂੰ ਨਾਲ ਲੈ ਕੇ 6 ਮਾਰਚ ਨੂੰ ਸ੍ਰੀ ਨਨਕਾਣਾ ਸਾਹਿਬ ਪੁੱਜਣ ਲਈ ਕਿਹਾ ਹੈ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਜਦੋਂ ਪੰਥਕ ਮੁਖੀਆਂ ਦਾ ਇਕੱਠ ਜਨਮ-ਸਥਾਨ 'ਤੇ ਹੋਵੇਗਾ ਤਾਂ ਇਹ ਭਾੜੇ ਦੇ ਕਾਤਲ ਇਨ੍ਹਾਂ 'ਤੇ ਹਮਲਾ ਕਰ ਕੇ ਰਫੂ-ਚੱਕਰ ਹੋ ਜਾਣ। ਮਹੰਤ ਅਤੇ ਉਸਦੇ ਸਾਥੀ, ਫੜ ਲਓ! ਫੜ ਲਓ!! ਮਾਰ ਗਏ! ਦਾ ਰੌਲਾ ਪਾਉਂਦੇ ਹੋਏ ਕੁਝ ਦੂਰ ਤਕ ਪਿੱਛਾ ਕਰਨਗੇ।" ਇਸ ਰਿਪੋਰਟ ਨੇ ਪੰਥਕ ਆਗੂਆਂ ਨੂੰ ਸੁਚੇਤ ਕਰ ਦਿੱਤਾ।
ਸੂਚਨਾ ਮਿਲਦੇ ਹੀ ਸਿੱਖ ਆਗੂਆਂ ਨੇ ਇਕ ਇਕੱਠ ਬੁਲਾ ਲਿਆ। ਭਾਈ ਲਛਮਣ ਸਿੰਘ, ਭਾਈ ਟਹਿਲ ਸਿੰਘ, ਭਾਈ ਬੂਟਾ ਸਿੰਘ ਚੱਕ ਨੰਬਰ 204 ਅਤੇ ਸ. ਤੇਜਾ ਸਿੰਘ ਨੇ ਮਿਲ ਕੇ ਇਹ ਪ੍ਰੋਗਰਾਮ ਬਣਾਇਆ ਗਿਆ ਕਿ, ਜਦੋਂ 19-20 ਫਰਵਰੀ ਨੂੰ ਮਹੰਤ ਨਰੈਣ ਦਾਸ ਲਾਹੌਰ ਵਿਖੇ ਸਨਾਤਨ ਸਿੱਖ ਕਾਨਫਰੰਸ ਵਿਚ ਭਾਗ ਲੈਣ ਜਾਵੇਗਾ ਤਾਂ ਉਸ ਤੋਂ ਮਗਰੋਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਿਆ ਜਾਵੇ। ਇਸ ਬਾਰੇ ਸਾਰੇ ਸਿੱਖਾਂ ਨੂੰ ਸੂਚਨਾ ਭੇਜ ਕੇ 20 ਫਰਵਰੀ, 1921 ਈ: ਨੂੰ ਸ੍ਰੀ ਨਨਕਾਣਾ ਸਾਹਿਬ ਪੁੱਜਣ ਲਈ ਕਹਿ ਦਿੱਤਾ ਗਿਆ। ਪ੍ਰੋਗਰਾਮ ਤੈਅ ਹੋ ਗਿਆ ਕਿ ਭਾਈ ਲਛਮਣ ਸਿੰਘ ਆਪਣੇ ਜਥੇ ਨਾਲ ਪਿੰਡ ਧਾਰੋਵਾਲ ਤੋਂ ਚੱਲ ਕੇ ਸ. ਕਰਤਾਰ ਸਿੰਘ ਝੱਬਰ ਦੇ ਜਥੇ ਨੂੰ ਸ੍ਰੀ ਨਨਕਾਣਾ ਸਾਹਿਬ ਤੋਂ ਪੰਜ ਕੁ ਮੀਲ ਦੂਰ ਚੰਦਰ ਕੋਟ ਦੀ ਝਾਲ 'ਤੇ ਮਿਲਣਗੇ। ਲਾਇਲਪੁਰ ਤੋਂ ਆਏ ਸਿੰਘ ਇਨ੍ਹਾਂ ਨੂੰ 20 ਫਰਵਰੀ ਵਾਲੇ ਦਿਨ ਸਵੇਰੇ 4:00 ਵਜੇ ਸ੍ਰੀ ਨਨਕਾਣਾ ਸਾਹਿਬ ਦੇ ਕੋਲ ਭੱਠਿਆਂ 'ਤੇ ਮਿਲ ਕੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ 5:00 ਵਜੇ ਪਹੁੰਚਣਗੇ। ਸਿੱਖ ਆਗੂਆਂ ਦਾ ਇਕ ਇਕੱਠ ਚੂਹੜਕਾਣੇ ਵਿਚ ਹੋਇਆ। ਕੁਝ ਵਿਚਾਰਾਂ ਕਰਨ ਤੋਂ ਬਾਅਦ ਪੰਥਕ ਆਗੂਆਂ ਨੇ ਇਸ ਕਾਰਵਾਈ ਨੂੰ ਅੱਗੇ ਪਾਉਣਾ ਠੀਕ ਸਮਝਦਿਆਂ ਸੁਨੇਹੇ ਭੇਜ ਕੇ ਜੱਥਿਆਂ ਨੂੰ ਫਿਲਹਾਲ ਸ੍ਰੀ ਨਨਕਾਣਾ ਸਾਹਿਬ ਨਾ ਜਾਣ ਦੇ ਸੁਨੇਹੇ ਘੱਲ ਦਿੱਤੇ। ਮਾਸਟਰ ਤਾਰਾ ਸਿੰਘ ਅਤੇ ਸ. ਤੇਜਾ ਸਿੰਘ ਸਮੁੰਦਰੀ ਨੂੰ ਜਦੋਂ ਇਸ ਸਾਰੀ ਯੋਜਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ 19 ਫਰਵਰੀ ਸਵੇਰੇ 5:00 ਵਜੇ ਚੂਹੜਕਾਣੇ ਤੋਂ ਲੰਘਦੇ ਹੋਏ ਸ. ਸੁੱਚਾ ਸਿੰਘ ਜੈ ਚੱਕ ਵਾਲੇ ਹੱਥੀਂ ਸ. ਕਰਤਾਰ ਸਿੰਘ ਝੱਬਰ ਨੂੰ ਜਥਾ ਨਾ ਲਿਜਾਣ ਬਾਰੇ ਸੁਨੇਹਾ ਭੇਜਿਆ। ਜਿਨ੍ਹਾਂ ਆਗੂਆਂ ਨੂੰ ਇਸ ਪ੍ਰੋਗਰਾਮ ਦਾ ਪਤਾ ਲਗਦਾ ਗਿਆ ਉਹ ਨਾ ਗਏ। ਕਿਸੇ ਕਾਰਨ ਇਹ ਸੁਨੇਹਾ ਭਾਈ ਲਛਮਣ ਸਿੰਘ ਧਾਰੋਵਾਲੀ ਨਾ ਮਿਲ ਸਕਿਆ। ਉਹ ਆਪਣੇ ਜਥੇ ਸਮੇਤ ਅਰਦਾਸਾ ਸੋਧ ਕੇ ਪਿੰਡਾਂ ਵਿਚ ਦੀ ਹੁੰਦੇ ਹੋਏ ਸ੍ਰੀ ਨਨਕਾਣਾ ਸਾਹਿਬ ਵੱਲ ਰਵਾਨਾ ਹੋ ਗਏ। ਜਥੇ ਵਿਚ ਸ. ਲਛਮਣ ਸਿੰਘ ਦੀ ਪਤਨੀ ਬੀਬੀ ਇੰਦਰ ਕੌਰ ਅਤੇ ਇਕ ਹੋਰ ਬੀਬੀ ਵੀ ਸ਼ਾਮਲ ਸੀ। ਇਹ ਜਥਾ ਨਜ਼ਾਮਪੁਰ, ਦੇਵਾ ਸਿੰਘ ਵਾਲਾ, ਧੰਨੂਵਾਲ, ਚੇਲਾਵਾਲ, ਠੱਠੀਆਂ, ਮੂਲ ਸਿੰਘ ਵਾਲਾ ਆਦਿ ਪਿੰਡਾਂ ਵਿਚ ਦੀ ਹੁੰਦਾ ਹੋਇਆ ਮੋਹਲਣ ਪੁੱਜ ਗਿਆ, ਜੋ ਸ੍ਰੀ ਨਨਕਾਣਾ ਸਾਹਿਬ ਤੋਂ ਸਿਰਫ 6 ਮੀਲ ਦੀ ਦੂਰੀ 'ਤੇ ਸੀ।
20 ਫਰਵਰੀ, 1921 ਈ: ਨੂੰ ਭਾਈ ਲਛਮਣ ਸਿੰਘ 150 ਸਿੰਘਾਂ ਦਾ ਜਥਾ ਲੈ ਕੇ ਸ੍ਰੀ ਨਨਕਾਣਾ ਸਾਹਿਬ ਵੱਲ ਨੂੰ ਰਵਾਨਾ ਹੋ ਗਏ। ਗੁਰਦੁਆਰਾ ਜਨਮ-ਸਥਾਨ ਅੱਧਾ ਕੁ ਮੀਲ ਦੂਰ ਰਹਿ ਗਿਆ ਤਾਂ ਭੱਠੇ 'ਤੇ ਪੁੱਜ ਕੇ ਜਥੇ ਨਾਲ ਆਈਆਂ ਬੀਬੀਆਂ ਨੂੰ ਗੁਰਦੁਆਰਾ ਤੰਬੂ ਸਾਹਿਬ ਵੱਲ ਭੇਜ ਦਿੱਤਾ ਗਿਆ ਤੇ ਜਥੇਦਾਰ ਲਛਮਣ ਸਿੰਘ ਨੇ ਅਰਦਾਸਾ ਸੋਧ ਦਿੱਤਾ। ਇਸ ਸਮੇਂ ਭਾਈ ਵਰਿਆਮ ਸਿੰਘ ਚਿੱਠੀ ਲੈ ਪਹੁੰਚ ਗਏ ਜਿਸ ਵਿਚ ਕਿਹਾ ਗਿਆ ਸੀ ਕਿ ਜਥਾ ਫਿਲਹਾਲ ਸ੍ਰੀ ਨਨਕਾਣਾ ਸਾਹਿਬ ਲੈ ਕੇ ਨਾ ਜਾਇਆ ਜਾਵੇ। ਜਥੇਦਾਰ ਜੀ ਨੇ ਕਿਹਾ ਅਸੀਂ ਅਰਦਾਸਾ ਸੋਧ ਚੁੱਕੇ ਹਾਂ ਅਤੇ ਹੁਣ ਤਾਂ ਦਰਸ਼ਨ ਕਰਕੇ ਹੀ ਵਾਪਸ ਆਵਾਂਗੇ, ਚਾਹੇ ਜਾਨ ਹੀ ਕਿਉਂ ਨਾ ਚਲੀ ਜਾਵੇ। ਜਥਾ ਸ਼ਾਂਤਮਈ ਢੰਗ ਨਾਲ ਗੁਰਦੁਆਰਾ ਜਨਮ-ਸਥਾਨ ਵੱਲ ਨੂੰ ਰਵਾਨਾ ਹੋ ਗਿਆ।
ਜਥੇ ਦੇ ਸਿੰਘ ਦਰਸ਼ਨੀ ਡਿਉੜੀ ਰਾਹੀਂ ਸ੍ਰੀ ਨਨਕਾਣਾ ਸਾਹਿਬ ਦੇ ਦਰਬਾਰ ਵਿਚ ਦਾਖ਼ਲ ਹੋ ਗਏ। ਭਾਈ ਲਛਮਣ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਬੈਠ ਗਏ ਅਤੇ ਬਾਕੀ ਦੇ ਸਿੰਘ ਸ਼ਬਦ ਪੜ੍ਹਨ ਲੱਗ ਪਏ। ਮਹੰਤ ਨਰੈਣ ਦਾਸ ਲਾਹੌਰ ਮੀਟਿੰਗ ਵਿਚ ਭਾਗ ਲੈਣ ਲਈ ਰੇਲਵੇ ਸਟੇਸ਼ਨ ਨੂੰ ਨਿਕਲ ਚੁੱਕਾ ਸੀ। ਜਦੋਂ ਮਹੰਤ ਦੇ ਗੁੰਡਿਆਂ ਨੇ ਸਿੰਘਾਂ ਨੂੰ ਦੇਖਿਆ ਤਾਂ ਉਹ ਘੋੜੇ ਲੈ ਕੇ ਸਟੇਸ਼ਨ ਵੱਲ ਰਵਾਨਾ ਹੋ ਗਏ। ਜਦੋਂ ਉਹ ਸਟੇਸ਼ਨ 'ਤੇ ਪੁੱਜੇ ਤਾਂ ਗੱਡੀ ਰਵਾਨਾ ਹੋ ਚੁੱਕੀ ਸੀ। ਉਨ੍ਹਾਂ ਨੇ ਘੋੜੇ ਦੁੜਾਏ ਤੇ ਅਗਲੇ ਸਟੇਸ਼ਨ 'ਬਾਰਬਟਨ' 'ਤੇ ਗੱਡੀ ਪਹੁੰਚਣ ਤੋਂ ਪਹਿਲਾਂ ਪਹੁੰਚ ਗਏ। ਉਹ ਮਹੰਤ ਨੂੰ ਸਾਰੀ ਘਟਨਾ ਦੱਸ ਕੇ ਗੱਡੀ 'ਚੋਂ ਉਤਾਰ ਕੇ ਸ੍ਰੀ ਨਨਕਾਣਾ ਸਾਹਿਬ ਪੁੱਜ ਗਏ। ਮਹੰਤ ਨਰੈਣ ਦਾਸ ਨੇ ਗੁਰਦੁਆਰਾ ਸਾਹਿਬ ਦੀ ਲਹਿੰਦੀ ਤੇ ਦੱਖਣ ਦੀ ਗੁੱਠ ਵਾਲੇ ਚੁਬਾਰੇ 'ਚੋਂ ਸਭ ਕੁਝ ਦੇਖ ਕੇ ਜਾਇਜ਼ਾ ਲਿਆ ਤੇ ਆਪਣੇ ਆਦਮੀਆਂ ਨੂੰ ਕਾਰਵਾਈ ਕਰਨ ਦਾ ਹੁਕਮ ਦਿੱਤਾ। ਗੁੰਡਿਆਂ ਨੇ ਛੱਤ 'ਤੇ ਬਣਾਏ ਮੋਰਚਿਆਂ ਤੋਂ ਜਥੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।ਅਨੇਕਾਂ ਸਿੰਘ ਸ਼ਹੀਦੀ ਪਾ ਗਏ, ਬਹੁਤ ਸਾਰੇ ਫੱਟੜ ਹੋ ਗਏ। ਭਾਈ ਲਛਮਣ ਸਿੰਘ ਦੇ ਤਾਬਿਆ ਬੈਠਿਆਂ ਦੇ ਹੀ ਗੋਲੀ ਲੱਗੀ ਅਤੇ ਗੰਭੀਰ ਜ਼ਖ਼ਮੀ ਹੋ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਵਿਚ ਵੀ ਗੋਲੀਆਂ ਲੱਗੀਆਂ।ਗੋਲੀ ਚੱਲਣ 'ਤੇ ਸਿੰਘਾਂ ਨੇ ਚੌਖੰਡੀ ਦੇ ਦਰਵਾਜ਼ੇ ਬੰਦ ਕਰ ਲਏ। ਗੁੰਡਿਆਂ ਨੇ ਛੱਤ ਤੋਂ ਉਤਰ ਕੇ ਛਵੀਆਂ, ਤਲਵਾਰਾਂ, ਗੰਡਾਸਿਆਂ ਨਾਲ ਵੱਢ-ਟੁਕ ਸ਼ੁਰੂ ਕਰ ਦਿੱਤੀ। ਜਦੋਂ ਚੌਖੰਡੀ ਦੇ ਅੰਦਰ ਸਿੱਖਾਂ ਨੂੰ ਕਤਲ ਕਰਨ ਲਈ ਹੱਲਾ ਕੀਤਾ ਤਾਂ ਦਰਵਾਜ਼ੇ ਅੰਦਰੋਂ ਬੰਦ ਸਨ। ਬਹੁਤ ਯਤਨ ਕਰਨ 'ਤੇ ਉਨ੍ਹਾਂ ਨੇ ਇਕ ਦਰਵਾਜ਼ੇ ਵਿਚ ਮੋਰੀ ਕਰ ਲਈ ਅਤੇ ਅੰਦਰ ਬੈਠੇ ਸਿੱਖਾਂ ਨੂੰ ਗੋਲੀਆਂ ਨਾਲ ਭੁੰਨਣਾ ਸ਼ੁਰੂ ਕਰ ਦਿੱਤਾ। ਹਵਲਦਾਰ ਸ. ਕੇਹਰ ਸਿੰਘ ਗੋਲੀ ਲੱਗਣ ਨਾਲ ਸ਼ਹੀਦ ਹੋ ਗਏ। ਇਸ ਹਫੜਾ-ਦਫੜੀ ਵਿਚ ਕੁਝ ਜ਼ਿੰਦਾ ਸਿੰਘਾਂ ਨੇ ਕਾਕਾ ਦਰਬਾਰਾ ਸਿੰਘ ਨੂੰ ਬਚਾਉਣ ਲਈ ਇਕ ਅਲਮਾਰੀ ਵਿਚ ਬੰਦ ਕਰ ਦਿੱਤਾ। ਜਦੋਂ ਦਰਬਾਰ ਅੰਦਰਲੇ ਸਾਰੇ ਸਿੱਖ ਸ਼ਹੀਦ ਹੋ ਗਏ ਤਾਂ ਮਹੰਤ ਘੋੜੇ 'ਤੇ ਸਵਾਰ ਹੋ ਕੇ ਅਤੇ ਮੂੰਹ 'ਤੇ ਕੱਪੜਾ ਲਪੇਟ ਕੇ ਗੁਰਦੁਆਰਾ ਸਾਹਿਬ ਦੇ ਗੇਟ ਤੋਂ ਬਾਹਰ ਆ ਗਿਆ ਅਤੇ ਬਾਹਰੋਂ ਆਉਣ ਵਾਲੇ ਸਿੱਖਾਂ ਨੂੰ ਕਤਲ ਕਰਵਾਉਣ ਲੱਗਾ। ਚੌਖੰਡੀ ਦਾ ਦਰਵਾਜ਼ਾ ਖੋਲਣ 'ਤੇ ਅੰਦਰੋ ਖ਼ੂਨ ਨਾਲ ਲੱਥਪਥ ਸਿੱਖਾਂ ਦੀਆਂ ਲਾਸ਼ਾਂ ਨਾਲ ਕਮਰਾ ਭਰਿਆ ਪਿਆ ਸੀ। ਅਲਮਾਰੀ ਵਿੱਚੋਂ ਧੱਕੇ ਵੱਜ ਰਹੇ ਸਨ। ਜਦੋਂ ਅਲਮਾਰੀ ਖੋਲ੍ਹੀ ਗਈ ਤਾਂ ਅੰਦਰ ਕਾਕਾ ਦਰਬਾਰਾ ਸਿੰਘ ਸੀ। ਜ਼ਾਲਮਾਂ ਨੇ ਉਸ ਨੂੰ ਫੜ੍ਹ ਲਿਆ। ਗੋਲੀਆਂ ਦੀ ਅਵਾਜ਼ ਸੁਣ ਕੇ ਭਾਈ ਉੱਤਮ ਸਿੰਘ ਦੇ ਕਾਰਖਾਨੇ ਤੋਂ ਭਾਈ ਦਲੀਪ ਸਿੰਘ ਆ ਗਏ। ਉਨ੍ਹਾਂ ਨੇ ਮਹੰਤ ਨੂੰ ਅਜਿਹਾ ਕਰਨ ਤੋਂ ਰੋਕਿਆ। ਮਹੰਤ ਨੇ ਉਨ੍ਹਾਂ ਦੀ ਗੱਲ ਤਾਂ ਕੀ ਸੁਣਨੀ ਸੀ, ਸਗੋਂ ਉਨ੍ਹਾਂ ਨੂੰ ਆਪ ਗੋਲੀ ਮਾਰ ਦਿੱਤੀ। ਉਨ੍ਹਾਂ ਦੇ ਨਾਲ ਹੀ ਭਾਈ ਵਰਿਆਮ ਸਿੰਘ ਸਨ। ਉਨ੍ਹਾਂ ਨੂੰ ਵੀ ਮਹੰਤ ਦੇ ਗੁੰਡਿਆਂ ਨੇ ਸ਼ਹੀਦ ਕਰ ਦਿੱਤਾ।
ਸ਼ਹੀਦਾਂ ਦੀਆਂ ਲਾਸ਼ਾਂ ਨੂੰ ਗੁਰਦੁਆਰਾ ਸਾਹਿਬ ਵਿਚ ਤਿੰਨ ਢੇਰੀਆਂ ਲਾ ਕੇ ਇਕੱਠਾ ਕਰ ਲਿਆ ਗਿਆ। ਇਨ੍ਹਾਂ ਉੱਪਰ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਗਈ। ਭਾਈ ਲਛਮਣ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਜੰਡ ਨਾਲ ਪੁੱਠਾ ਬੰਨ ਦਿੱਤਾ ਗਿਆ ਅਤੇ ਫੇਰ ਅੱਗ ਲਗਾ ਦਿੱਤੀ ਗਈ। ਜਦੋਂ ਕਾਕਾ ਦਰਬਾਰਾ ਸਿੰਘ ਨੂੰ ਫੜ੍ਹ ਕੇ ਜ਼ਾਲਮ ਬਾਹਰ ਲਿਆਏ ਤਾਂ ਉਸ ਨੂੰ ਉਸ ਦੇ ਪਿਤਾ ਦੀ ਬਲ ਰਹੀ ਲਾਸ਼ 'ਤੇ ਸੁੱਟ ਦਿੱਤਾ ਗਿਆ। ਇਹ ਛੋਟਾ ਬੱਚਾ ਵੀ ਆਪਣੇ ਪਿਤਾ ਨਾਲ ਹੀ ਸ਼ਹੀਦੀ ਪਾ ਗਿਆ। ਇਕ ਮੁਸਲਮਾਨ ਲੜਕੀ ਨੇ ਮਹੰਤ ਦੀ ਇਸ ਕਾਰਵਾਈ ਦਾ ਬਹੁਤ ਬੁਰਾ ਮਨਾਇਆ। ਮਹੰਤ ਨੇ ਉਸ ਦੇ ਵੀ ਗੋਲੀ ਮਾਰ ਦਿੱਤੀ ਅਤੇ ਭੱਠੀ ਵਿਚ ਸੁੱਟ ਦਿੱਤਾ।
ਇਸ ਸ਼ਹੀਦੀ ਸਾਕੇ ਦੀ ਖ਼ਬਰ ਪਹੁੰਚਦਿਆਂ ਹੀ ਚਾਰੇ ਪਾਸੇ ਹਾਹਾਕਾਰ ਮੱਚ ਗਈ। ਇਸ ਘਟਨਾ ਬਾਰੇ ਸ. ਉੱਤਮ ਸਿੰਘ ਨੇ ਸੰਬੰਧਿਤ ਅਧਿਕਾਰੀਆਂ ਨੂੰ ਤਾਰਾਂ ਭੇਜ ਕੇ ਸੂਚਨਾ ਦਿੱਤੀ। ਸ਼ਾਮ ਤਕ ਕੁਝ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ। ਨਾਲ ਦੇ ਪਿੰਡਾਂ ਤੋਂ ਸਿੰਘ ਵੀ ਵਹੀਰਾਂ ਘੱਤ ਕੇ ਗੁਰਦੁਆਰਾ ਸਾਹਿਬ ਵੱਲ ਰਵਾਨਾ ਹੋ ਗਏ। ਸ. ਕਰਤਾਰ ਸਿੰਘ ਝੱਬਰ ਵੀ ਆਪਣੇ ਜਥੇ ਸਮੇਤ ਪਹੁੰਚ ਗਏ। ਕੋਈ 2200 ਸਿੰਘਾਂ ਦਾ ਜਥਾ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ 'ਤੇ ਪਹੁੰਚ ਗਿਆ। ਕਮਿਸ਼ਨਰ ਸੀ.ਐਮ. ਕਿੰਗ ਨੇ 21 ਅਕਤੂਬਰ ਤਕ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਿੱਖਾਂ ਨੂੰ ਸੌਂਪਣ ਲਈ ਚਾਬੀਆਂ ਲੈ ਕੇ ਦੇਣ ਦਾ ਵਾਅਦਾ ਕੀਤਾ। ਜਥੇਦਾਰ ਕਰਤਾਰ ਸਿੰਘ ਝੱਬਰ ਦੀ ਜ਼ਿੱਦ ਅਤੇ ਸਿੰਘਾਂ ਦੇ ਰੋਹ ਅੱਗੇ ਸਰਕਾਰ ਨੂੰ ਝੁਕਣਾ ਪਿਆ ਅਤੇ ਉਸੇ ਸਮੇਂ ਹੀ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਅਤੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸ. ਹਰਬੰਸ ਸਿੰਘ ਅਟਾਰੀਵਾਲਿਆਂ ਨੇ ਆਪਣੀ ਕਮੇਟੀ ਦੇ ਛੇ ਹੋਰ ਮੈਂਬਰਾਂ ਸਹਿਤ ਪੰਥਕ ਹੱਥਾਂ ਵਿਚ ਲਿਆ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਰਾ ਸਿੱਖ ਇਤਿਹਾਸ ਹੀ ਸ਼ਹੀਦੀਆਂ ਨਾਲ ਭਰਿਆ ਪਿਆ ਹੈ। ਜੇ ਸਾਰੀ ਦੁਨੀਆ ਦੇ ਇਤਿਹਾਸ ਨੂੰ ਵੀ ਇਕ ਪਾਸੇ ਰੱਖ ਲਈਏ ਤਾਂ ਵੀ ਸਿੱਖ ਸ਼ਹੀਦਾਂ ਦੀ ਗਿਣਤੀ ਦੇ ਬਰਾਬਰ ਇਹ ਗਿਣਤੀ ਨਹੀਂ ਪੁੱਜਦੀ। ਸਿੱਖ ਇਤਿਹਾਸ ਦੀ ਇਸ ਮਹਾਨਤਾ ਨੂੰ ਦੂਜੀਆਂ ਕੌਮਾਂ ਦੇ ਇਤਿਹਾਸਕਾਰਾਂ ਨੇ ਵੀ ਮੰਨਿਆ ਹੈ। ਅੱਜ ਸਾਨੂੰ ਅਜੋਕੀਆਂ ਸਖ਼ਤ ਕੌਮੀ ਚੁਨੌਤੀਆਂ ਦੇ ਬਾਵਜੂਦ ਵੀ ਚੜ੍ਹਦੀ ਕਲਾ ਕਾਇਮ ਰੱਖਣੀ ਚਾਹੀਦੀ ਹੈ। ਕਿਉਂਕਿ ਸਾਡੇ ਕੋਲ ਇੰਨਾ ਉੱਚਾ-ਸੁੱਚਾ ਤੇ ਮਹਾਨ ਵਿਰਸਾ ਤੇ ਦਰਸ਼ਨ ਹੈ, ਅੱਜ ਸਾਨੂੰ ਦਹੇਜ, ਨਸ਼ੇ, ਮਾਦਾ ਭਰੂਣ ਹੱਤਿਆ ਤੇ ਪਤਿਤਪੁਣੇ ਦੇ ਖ਼ਿਲਾਫ ਉਸੇ ਦ੍ਰਿੜ੍ਹਤਾ ਨਾਲ ਲੜਨਾ ਚਾਹੀਦਾ ਹੈ ਜਿਹੜੀ ਦ੍ਰਿੜ੍ਹਤਾ ਸਾਡੇ ਮਹਾਨ ਸ਼ਹੀਦਾਂ ਨੇ ਦਰਸਾਈ ਹੈ।ਅੱਜ ਸਾਨੂੰ ਸਤਿਗੁਰ ਦੇ ਉਪਦੇਸ਼ ਨੂੰ ਸਮਝਣ ਦੀ, ਵਿਚਾਰਨ ਦੀ ਤੇ ਉਸ 'ਤੇ ਅਮਲ ਕਰਨ ਦੀ ਲੋੜ ਹੈ, ਤਾਂ ਜੋ ਸਿੱਖਾਂ ਵਿਚ ਪੁਨਰ ਜਾਗ੍ਰਿਤੀ ਦੀ ਲਹਿਰ ਪੈਦਾ ਕੀਤੀ ਜਾ ਸਕੇ ਤੇ ਸਿੱਖੀ ਆਦਰਸ਼ਾਂ ਨੂੰ ਉਜਾਗਰ ਕੀਤਾ ਜਾ ਸਕੇ।
ਪ੍ਰੋ. ਕਿਰਪਾਲ ਸਿੰਘ ਬਡੂੰਗਰ
ਪ੍ਰਧਾਨ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ।
-
ਪ੍ਰੋ. ਕਿਰਪਾਲ ਸਿੰਘ ਬਡੂੰਗਰ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ।
sgpcmedia@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.