24 ਸਤੰਬਰ ਅਪ੍ਰੈਲ 2015 ਨੂੰ ਅਕਾਲ ਤਖ਼ਤ ਵੱਲੋਂ ਸੌਧਾ ਸਾਧ ਨੂੰ ਦਿੱਤੀ ਗਈ ਮੁਆਫੀ ਤੇ ਹੁਣ ਸਾਧ ਵੱਲੋਂ ਅਕਾਲੀਆ ਦੀ ਕੀਤੀ ਹਮਾਇਤ ਨੇ ਇਹ ਗੱਲ ਤਸਦੀਕ ਕਰ ਦਿੱਤੀ ਹੈ ਕਿ ਮੁਆਫੀਨਾਮਾ ਸਿਰਫ ਬਾਦਲਾਂ ਨੂੰ ਵੋਟਾਂ ਦਿਵਾਉਣ ਖਾਤਰ ਹੀ ਸੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਥਾਰਟੀ ਦਾ ਇਸਤੇਮਾਲ ਬਾਦਲਾਂ ਦੇ ਸਿਆਸੀ ਹਿੱਤਾਂ ਖਾਤਰ ਕੀਤਾ ਗਿਆ ਸੀ। ਭਾਵ ਇਸ ਕੰਮ ਦੀ ਤਿਆਰੀ ਵੋਟਾਂ ਤੋਂ ਪੌਣੇ 2 ਸਾਲ ਪਹਿਲਾਂ ਹੀ ਸ਼ੁਰੂ ਗਈ ਸੀ। ਹੁਣ ਇਹ ਗੱਲ ਕਲੀਅਰ ਹੋਣ ਵਿੱਚ ਕੋਈ ਕਸਰ ਨਹੀਂ ਰਹਿ ਗਈ ਹੈ। ਜੇ ਕੌਮ ਇਸ ਮੁਆਫੀਨਾਮੇ ਨੂੰ ਚੁੱਪ ਚਾਪ ਜਰ ਜਾਂਦੀ ਤਾਂ ਅੱਜ ਅਕਾਲ ਤਖ਼ਤ ਦੇ ਜਰੀਏ ਬਾਦਲਾਂ ਵੱਲੋਂ ਸਿੱਖਾਂ ਦੀਆਂ ਅੱਖਾਂ ਚੋਭਲਣ ਦੀ ਸ਼ੁਰੂ ਕੀਤੀ ਕਵਾਇਤ ਦੀ ਵੀ ਲੋੜ ਨਹੀਂ ਸੀ ਰਹਿਣੀ। ਸੌਧਾ ਸਾਧ ਨੂੰ ਦਿੱਤੀ ਗਈ ਮੁਆਫੀ ਤੇ ਜਦੋਂ ਸਿੱਖਾਂ ਦਾ ਗੁੱਸਾ ਵੱਡੇ ਪੱਧਰ ਤੇ ਬਾਹਰ ਆਉਣ ਲੱਗਿਆ ਤਾਂ ਸਾਰੇ ਵੱਡੇ ਛੋਟੇ ਅਕਾਲੀ ਲੀਡਰਾਂ ਨੇ "ਅਕਾਲ ਤਖਤ ਸਰਵਉੱਚ ਹੈ" ਦੀ ਹਾਲ ਦੁਹਾਈ ਦੇ ਨਾਮ ਥੱਲੇ ਅਲੋਚਕਾਂ ਨੁੰ ਦੱਬਣ ਦੀ ਕੋਸ਼ਿਸ਼ ਕੀਤੀ। ਸ੍ਰੋਮਣੀ ਕਮੇਟੀ ਨੇ ਵੀ ਅਕਾਲੀਆਂ ਦੀ ਇਸ ਹਾਲ ਦੁਹਾਈ ਵਿੱਚ ਪੂਰਾ ਸਾਥ ਦਿੱਤਾ।
14 ਅਕਤੂਬਰ 2015 ਨੂੰ ਜਿਸ ਦਿਨ ਬਹਿਬਲ ਕਲਾਂ ਗੋਲੀ ਕਾਂਡ ਵਿੱਚ 2 ਸਿੱਖ ਨੌਜਆਨ ਸ਼ਹੀਦ ਹੋਏ ਉਸ ਦਿਨ ਦੇ ਅਖਬਾਰਾਂ ਵਿੱਚ ਸ਼੍ਰੋਮਣੀ ਕਮੇਟੀ ਨੇ ਮਹਿੰਗੇ ਇਸ਼ਤਿਹਾਰ ਦੇ ਕੇ ਇਸ ਮੁਆਫੀਨਾਮੇ ਨੂੰ ਵਾਜਬ ਠਹਿਰਾਉਣ ਲਈ ਪੂਰਾ ਟਿੱਲ ਲਾਇਆ। ਸਿੱਖਾਂ ਵੱਲੋਂ ਉਠਾਏ ਗਏ ਇਤਰਾਜ਼ਾਂ ਦਾ ਤਾਂ ਸ਼੍ਰੋਮਣੀ ਕਮੇਟੀ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਇਹ ਕਿਹਾ ਕਿ ਸਿੰਘ ਸਾਹਿਬਾਨ ਨੇ ਦੀਰਘ ਵਿਚਾਰ ਕਰਨ ਉਪਰੰਤ ਪੰਥ ਅਤੇ ਕੌਮ ਦੇ ਵਡੇਰੇ ਹਿੱਤਾਂ ਨੂੰ ਮੁੱਖ ਕਰਦਿਆਂ ਸਾਧ ਨੁੰ ਮੁਆਫੀ ਦਿੱਤੀ ਹੈ। ਸ਼੍ਰੋਮਣੀ ਕਮੇਟੀ ਨੇ ਇਸ਼ਤਿਹਾਰ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਕਿ ਪੰਥ ਤੇ ਕੌਮ ਦੇ ਵਡੇਰੇ ਹਿੱਤ ਕਿਹੜੇ ਹਨ ਜਾਂ ਪੰਥ ਦੀ ਕੀ ਮਜ਼ਬੂਰੀ ਸੀ ਜਾਂ ਲੋੜ ਸੀ। ਹੁਣ ਅਕਾਲੀਆਂ ਵੱਲੋਂ ਸੌਧਾ ਸਾਧ ਮੂਹਰੇ ਵੋਟਾਂ ਖਾਤਰ ਝੋਲੀ ਅੱਡ ਕੇ ਸਾਧ ਧੰਨ- ਧੰਨ ਸਤਿਗੁਰੂ ਤੇਰਾ ਹੀ ਆਸਰਾ ਕਹਿਣ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਪੰਥ ਤੇ ਕੌਮ ਦੇ ਵਡੇਰੇ ਹਿੱਤਾਂ ਵਾਲੀ ਸ਼ਬਦਾਵਲੀ ਦੇ ਅਸਲੀ ਮਾਅਨੇ ਸਮਝ ਆ ਗਏ ਹਨ। ਪੰਥ ਤੇ ਕੌਮ ਦੇ ਵਡੇਰੇ ਹਿੱਤਾਂ ਦਾ ਭਾਵ ਅਕਾਲੀ ਦਲ ਦੇ ਹਿੱਤ ਹਨ ਉਹ ਵੀ ਉਸ ਅਕਾਲੀ ਦਲ ਦੇ ਜੀਹਨੇ ਆਪਦੇ ਆਪ ਤੋਂ ਪੰਥਕ ਪਾਰਟੀ ਦਾ ਠੱਪਾ ਤੱਕ ਲਾਹ ਕੇ ਪੰਜਾਬੀ ਪਾਰਟੀ 'ਚ ਤਬਦੀਲ ਕਰ ਲਿਆ ਹੈ। ਮੁਆਫੀ ਦੀ ਲੋੜ ਇਸ ਕਰਕੇ ਸੀ ਕਿ ਸੌਧਾ ਸਾਧ ਦੀ ਵੋਟਾਂ ਚ ਹਿਮਾਇਤ ਲੈਣ ਵੇਲੇ ਅਕਾਲੀਆ ਨੂੰ ਕਿਸੇ ਧਾਰਮਿਕ ਹੁਕਮ ਅਦੂਲੀ ਦੇ ਮੇਹਣੇ ਦਾ ਸਾਹਮਣਾ ਨਾ ਕਰਨਾ ਪਵੇ। ਬਾਈਚਾਂਸ ਹੀ ਜਿੱਦਣ ਸ਼੍ਰੋਮਣੀ ਕਮੇਟੀ ਦਾ ਇਹ ਇਸ਼ਤਿਹਾਰ ਅਖਬਾਰਾਂ ਵਿੱਚ ਛਪਿਆ ਉਸੇ ਦਿਨ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਖਿਲਾਫ ਮੁਜ਼ਾਹਰਾਕਾਰੀਆ ਤੇ ਪੁਲਿਸ ਨੇ ਫਾਇਰਿੰਗ ਕਰਕੇ 2 ਸਿੱਖ ਨੌਜੁਆਨਾਂ ਨੂੰ ਸ਼ਹੀਦ ਕਰ ਦਿੱਤਾ। ਅਗਲੇ ਦਿਨ 15 ਅਕਤੂਬਰ ਨੂੰ ਸਿੱਖਾਂ ਨੇ ਸਮੁੱਚੇ ਪੰਜਾਬ ਵਿੱਚ ਰੋਸ ਵਜੋਂ ਧਰਨੇ ਲਾ ਕੇ ਸਾਰੀਆਂ ਵੱਡੀਆਂ ਸੜਕਾਂ ਜਾਮ ਕਰ ਦਿੱਤੀਆਂ । ਸਿੱਖਾਂ ਦਾ ਗੁੱਸਾ ਅਸਮਾਨੀ ਚੜ੍ਹਿਆ ਦੇਖ ਕੇ ਅਕਾਲ ਤਖਤ ਨੇ 16 ਅਕਤੂਬਰ ਨੂੰ ਅਕਾਲ ਤਖਤ ਸਾਹਿਬ ਦੇ ਨਾਂਅ ਥੱਲੇ ਸਿੰਘ ਸਾਹਿਬਾਨਾਂ ਨੇ ਸੌਧਾ ਸਾਧ ਨੂੰ 24 ਸਤੰਬਰ ਨੂੰ ਦਿੱਤਾ ਮੁਆਫੀਨਾਮਾ ਵਾਪਸ ਲੈ ਲਿਆ। ਇਸ ਹੁਕਮ ਵਿੱਚ ਆਖਿਆ ਗਿਆ ਕਿ ਸਿੱਖ ਕੌਮ ਨੇ ਮੁਆਫੀਨਾਮੇ ਨੂੰ ਕਬੂਲ ਨਹੀਂ ਕੀਤਾ ਜਿਸ ਕਰਕੇ ਇਸ ਨੂੰ ਵਾਪਸ ਲਿਆ ਜਾਂਦਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮੁਆਫੀਨਾਮੇ ਦੇ ਹੱਕ ਵਿੱਚ ਹਾਲ ਦੁਹਾਈ ਪਾਉਣ ਵਾਲੀ ਵਾਲੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਕੌਮ ਨੂੰ ਕਬੂਲ ਕਿਵੇਂ ਹੋਏ। ਜੇ ਅਕਾਲੀ ਲੀਡਰ ਤੇ ਸ਼੍ਰੋਮਣੀ ਕਮੇਟੀ ਕੌਮ ਨੂੰ ਕਾਬਲੇ ਕਬੂਲ ਹੋਣ ਦਾ ਦਾਅਵਾ ਕਰਦੇ ਹਨ ਤਾਂ ਉਹਨਾਂ ਖਾਤਰ ਪਹਿਲੀ ਸ਼ਰਤ ਇਹ ਹੈ ਕਿ ਉਹ ਕੌਮ ਮੂਹਰੇ ਸਚਾਈ ਕਬੂਲ ਕਰਨ ਕਿ ਮੁਆਫੀਨਾਮਾ ਵੋਟਾਂ ਦਾ ਰਾਹ ਪੱਧਰਾ ਕਰਨ ਖਾਤਰ ਹੀ ਸੀ।
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ
gurpreetmandiani@gmail.com
8872664000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.