ਹਰ ਮਹੀਨੇ ਜਾਂ ਦੋ ਮਹੀਨੇ ਬਾਅਦ ਬਿਜਲੀ ਦਾ ਬਿੱਲ ਭਰਨ ਲਈ ਸਾਨੂੰ ਖਾਸ ਤੌਰ ‘ਤੇ ਸਮਾਂ ਕੱਢਣਾ ਪੈਂਦਾ ਹੈ. ਪਿੰਡਾਂ ਵਾਲਿਆਂ ਲਈ ਤਾਂ ਇਹ ਕੰਮ ਹੋਰ ਵੀ ਔਖਾ ਹੋ ਜਾਂਦਾ ਹੈ ਕਿਉਂਕਿ ਇੱਕ ਪੂਰਾ ਦਿਨ ਇਸ ਕੰਮ ਦੇ ਲੇਖੇ ਲੱਗ ਜਾਂਦਾ ਹੈ. ਆਮ ਕਰਕੇ ਘਰ ਵਿੱਚੋਂ ਕਿਸੇ ਬਜ਼ੁਰਗ ਨੂੰ ਹੀ ਇਹ ਡਿਊਟੀ ਨਿਭਾਉਣੀ ਪੈਂਦੀ ਹੈ. ਸਰਕਾਰੀ ਮੁਲਾਜ਼ਮਾਂ ਨੂੰ ਇਸ ਕੰਮ ਲਈ ਆਪਣੇ ਦਫਤਰੋਂ ਛੁੱਟੀ ਕਰਨੀ ਪੈ ਜਾਂਦੀ ਹੈ. ਅੱਗੇ ਬਿਜਲੀ ਦਫ਼ਤਰ ਵਿੱਚ ਜਾ ਕੇ ਲੰਮੀਆਂ ਲਾਈਨਾਂ ਵਿੱਚ ਖੜ੍ਹ ਕੇ ਪਹਿਲਾਂ ਬਿੱਲ ਭਰਨਾ ਪੈਂਦਾ ਹੈ ਅਤੇ ਫਿਰ ਘੰਟਿਆਂ ਬੱਧੀ ਰਸੀਦ ਦੀ ਉਡੀਕ ਕਰਨੀ ਪੈਂਦੀ ਹੈ. ਕਈ ਵਾਰੀ ਤਾਂ ਬਿੱਲ ਦੀ ਤਰੀਕ ਭੁੱਲ ਜਾਣ ਕਰਕੇ ਜਾਂ ਬਹੁਤੇ ਰੁਝੇਵਿਆਂ ਕਾਰਨ ਨਿਯਤ ਸਮੇਂ ਉੱਤੇ ਅਦਾਇਗੀ ਨਾ ਕੀਤੀ ਜਾਣ ਕਾਰਨ ਜ਼ੁਰਮਾਨਾ ਵੀ ਭਰਨਾ ਪੈ ਜਾਂਦਾ ਹੈ.
ਇਹਨਾਂ ਸਾਰੇ ਮਸਲਿਆਂ ਦਾ ਹੱਲ ਹੈ ਇੰਟਰਨੈੱਟ ਬੈਂਕਿੰਗ. ਇੰਟਰਨੈੱਟ ਉੱਤੇ ਬਿਜਲੀ ਦਾ ਬਿੱਲ ਭਰਨ ਲਈ ਵੱਧ ਤੋਂ ਵੱਧ ਦੋ ਜਾਂ ਤਿੰਨ ਮਿੰਟ ਲੱਗਦੇ ਹਨ. ਇਹ ਬਹੁਤ ਹੀ ਸੌਖੀ ਪ੍ਰਕਿਰਿਆ ਹੈ ਅਤੇ ਕੋਈ ਵੀ ਜਦੋਂ ਚਾਹੇ ਇਹ ਕੰਮ ਪੰਜ ਮਿੰਟਾਂ ਵਿੱਚ ਹੀ ਸਿੱਖ ਸਕਦਾ ਹੈ. ਇਹ ਕੰਮ ਮੋਬਾਈਲ ਜਾਂ ਕੰਪਿਊਟਰ ਦੋਹਾਂ ਤੋਂ ਹੀ ਹੋ ਸਕਦਾ ਹੈ. ਉਦਾਹਰਣ ਵਜੋਂ ਜੇਕਰ ਪੰਜਾਬ ਵਿੱਚ ਕੰਪਿਊਟਰ ਤੋਂ ਭਰਨਾ ਹੋਵੇ ਤਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (PSPCL)P ਦੀ ਵੈੱਬਸਾਈਟ ਉੱਤੇ ਜਾਣ ਦੀ ਲੋੜ ਹੁੰਦੀ ਹੈ. ਜਦੋਂ ਉਹ ਵੈੱਬਸਾਈਟ ਖੁੱਲ ਜਾਏਗੀ ਤਾਂ ‘ਪੇਅ ਬਿੱਲ’ ਦੀ ਚੋਣ ਕਰੋ ਅਤੇ ਇਸ ਉੱਤੇ ਕਲਿੱਕ ਕਰੋ. ਉਥੇ ਜਾ ਕੇ ਤੁਹਾਨੂੰ ਆਪਣਾ ਬਿਜਲੀ ਮੀਟਰ ਦਾ ਖਾਤਾ ਭਰਨ ਲਈ ਕਿਹਾ ਜਾਏਗਾ. ਜਦੋਂ ਤੁਸੀਂ ਇਹ ਖਾਤਾ ਭਰ ਦਿਉਗੇ ਤਾਂ ਪਹਿਲਾਂ ‘ਸ਼ੋਅ ਬਿੱਲ’ ਵਿੱਚ ਜਾ ਕੇ ਆਪਣਾ ਬਿੱਲ ਵੇਖ ਲਉ ਤਾਂ ਕਿ ਤੁਸੀਂ ਆਪਣੇ ਬਿੱਲ ਬਾਰੇ ਚੰਗੀ ਤਰਾਂ ਤਸਦੀਕ ਕਰ ਸਕੋ.
ਬਿੱਲ ਵੇਖਣ ਤੋਂ ਬਾਅਦ ਤੁਸੀਂ ਬਿੱਲ ਭਰਨ ਲਈ ਬਟਨ ਦਬਾਉਗੇ. ਫਿਰ ਤੁਹਾਡੇ ਸਾਹਮਣੇ ਕੁਝ ਵਿਕਲਪ ਆਉਣਗੇ ਕਿ ਤੁਸੀਂ ਬਿੱਲ ਕਿਵੇਂ ਭਰਨਾ ਚਾਹੁੰਦੇ ਹੋ, ਜਿਵੇਂ ਕਿ
- ਇੰਟਰਨੈੱਟ ਬੈਂਕਿੰਗ 2. ਡੈਬਿਟ ਕਾਰਡ
ਜੇਕਰ ਤੁਸੀਂ ਇੰਟਰਨੈੱਟ ਬੈਂਕਿੰਗ ਨਾਲ ਭਰਨਾ ਚਾਹੋਗੇ ਤਾਂ ਤੁਹਾਡੇ ਸਾਹਮਣੇ ਬੈਂਕਾਂ ਦੇ ਨਾਮ ਖੁੱਲ ਜਾਣਗੇ. ਤੁਸੀਂ ਆਪਣੀ ਮਰਜ਼ੀ ਵਾਲਾ ਬੈਂਕ ਚੁਣ ਲਵੋਗੇ. ਇਸ ਨਾਲ ਤੁਸੀਂ ਆਪਣੇ ਆਪ ਉਸ ਬੈਂਕ ਦੀ ਵੈੱਬਸਾਈਟ ਵਿੱਚ ਪਹੁੰਚ ਜਾਉਗੇ. ਉੱਥੇ ਜਾ ਕੇ ਤੁਸੀਂ ਆਪਣੀ ਯੂਜ਼ਰ ਆਈਡੀ ਅਤੇ ਪਾਸਵਰਡ ਭਰੋਗੇ. ਫਿਰ ਤੁਹਾਡੇ ਰਜਿਸਟਰਡ ਮੋਬਾਈਲ ਉੱਤੇ ਇੱਕ ਓਟੀਪੀ ਕੋਡ ਆਵੇਗਾ ਜਿਸਨੂੰ ਨਿਯਮਤ ਥਾਂ ਉੱਤੇ ਭਰ ਕੇ ਕਲਿੱਕ ਕਰ ਦਿਉਗੇ. ਇਸ ਨਾਲ ਤੁਹਾਡਾ ਬਿੱਲ ਭਰਿਆ ਜਾਵੇਗਾ ਅਤੇ ਤੁਹਾਨੂੰ ਮੋਬਾਈਲ ਉੱਤੇ ਸੁਨੇਹਾ ਮਿਲ ਜਾਵੇਗਾ. ਵੱਖ-ਵੱਖ ਬੈਂਕਾਂ ਦੇ ਹਿਸਾਬ ਨਾਲ ਇਹ ਪ੍ਰਕਿਰਿਆ ਥੋੜੀ-ਬਹੁਤੀ ਵੱਖਰੀ ਹੋ ਸਕਦੀ ਹੈ ਪਰ ਮੁੱਖ ਤੌਰ ਉੱਤੇ ਇਹੀ ਸਭ ਹੀ ਹੋਵੇਗਾ.
ਜੇਕਰ ਤੁਸੀਂ ਡੈਬਿਟ ਕਾਰਡ ਦੀ ਚੋਣ ਕਰਦੇ ਹੋ ਤਾਂ ਕੰਪਿਊਟਰ ਤੁਹਾਡੇ ਕੋਲੋਂ ਤੁਹਾਡੇ ਏਟੀਐਮ ਕਾਰਡ ਦਾ 16 ਅੰਕਾਂ ਵਾਲਾ ਨੰਬਰ ਮੰਗੇਗਾ. ਫਿਰ ਉਸ ਕਾਰਡ ਦੀ ਸਮਾਪਤੀ ਤਰੀਕ ( ਐਕਸਪਾਇਰੀ ਡੇਟ ) ਮੰਗੀ ਜਾਏਗੀ. ਉਸ ਤੋਂ ਬਾਅਦ ਕਾਰਡ ਦੇ ਪਿਛਲੇ ਪਾਸੇ ਦਸਤਖਤ ਪੈਨਲ ਵਿੱਚ ਲਿਖਿਆ ਤਿੰਨ ਅੰਕੀ ਸੀ.ਵੀ.ਵੀ. ਕੋਡ ਜਾਂ ਏਟੀਐਮ ਕਾਰਡ ਦਾ ਚਾਰ ਅੰਕੀ ਗੁਪਤ ਕੋਡ ਮੰਗ ਸਕਦਾ ਹੈ. ਫਿਰ ਤੁਹਾਡੇ ਮੋਬਾਈਲ ਉੱਤੇ ਇੱਕ ਓਟੀਪੀ ਕੋਡ ਆਵੇਗਾ ਜਿਸਨੂੰ ਨਿਯਮਤ ਥਾਂ ਉੱਤੇ ਭਰ ਕੇ ਕਲਿੱਕ ਕਰ ਦਿਉਗੇ. ਨਾਲੋ ਨਾਲ ਤੁਹਾਨੂੰ ਬਿੱਲ ਭਰੇ ਜਾਣ ਦੀ ਸੂਚਨਾ ਮੋਬਾਈਲ ਉੱਤੇ ਮਿਲ ਜਾਵੇਗੀ.
ਜੇਕਰ ਕੰਪਿਊਟਰ ਦੀ ਬਜਾਇ ਮੋਬਾਈਲ ਨਾਲ ਬਿੱਲ ਭਰਨਾ ਹੋਵੇ ਤਾਂ ਹੋਰ ਵੀ ਸੌਖਾ ਹੈ. ਤੁਸੀਂ ਪਲੇਅ ਸਟੋਰ ਤੋਂ PSPCL ਦਾ ਐਪ ਡਾਊਨਲੋਡ ਕਰਕੇ ਰਾੱਖ ਸਕਦੇ ਹੋ. ਉਸ ਵਿੱਚ ਪੇਅ ਬਿੱਲ ਦਾ ਵਿਕਲਪ ਚੁਣਨ ਤੋਂ ਬਾਅਦ ਬਾਕੀ ਸਾਰੀ ਪ੍ਰਕਿਰਿਆ ਉੱਪਰ ਦੱਸੇ ਵਾਲੀ ਹੀ ਹੈ.
ਬਿੱਲ ਦੀ ਰਸੀਦ : ਇੰਟਰਨੈੱਟ ਬੈਂਕਿੰਗ ਨਾਲ ਬਿੱਲ ਭਰਨ ਦਾ ਇਹ ਵੀ ਬਹੁਤ ਵੱਡਾ ਲਾਭ ਹੈ ਕਿ ਤੁਹਾਡੀਆਂ ਰਸੀਦਾਂ ਕਦੇ ਨਹੀਂ ਗੁੰਮ ਹੁੰਦੀਆਂ. ਜਿਹੜੇ ਵੀ ਬਿੱਲ ਤੁਸੀਂ ਇੰਟਰਨੈੱਟ ਬੈਂਕਿੰਗ ਨਾਲ ਭਰਦੇ ਹੋ ਉਹਨਾਂ ਦੀਆਂ ਰਸੀਦਾਂ ਤੁਹਾਡੇ ਉਸ ਬਿਜਲੀ ਖਾਤੇ ਵਿੱਚ ਹਮੇਸ਼ਾਂ ਪਈਆਂ ਰਹਿਣਗੀਆਂ. ਤੁਸੀਂ ਜਦੋਂ ਵੀ ਚਾਹੋ ਆਪੇ ਪ੍ਰਿੰਟਰ ਨਾਲ ਕੰਪਿਊਟਰ ਜੋੜ ਕੇ ਉਹਨਾਂ ਨੂੰ ਪ੍ਰਿੰਟ ਕਰ ਸਕਦੇ ਹੋ. ਜੇਕਰ ਕਿਸੇ ਕੋਲ ਪ੍ਰਿੰਟਰ ਨਾ ਵੀ ਹੋਵੇ ਤਾਂ ਉਹ ਕਿਸੇ ਵੀ ਪ੍ਰਿੰਟਰ ਵਾਲੇ ਕੋਲੋਂ ਜਦੋਂ ਮਰਜ਼ੀ ਆਪਣਾ ਬਿਜਲੀ ਖਾਤਾ ਨੰਬਰ ਦੱਸਕੇ ਪ੍ਰਿੰਟ ਕਢਵਾ ਸਕਦਾ ਹੈ.
-
ਜੀ.ਐੱਸ. ਗੁਰਦਿੱਤ, ਲੇਖਕ
gurditgs@gmail.com
94171-93193
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.