ਪਿਛਲੇ ਕਾਫ਼ੀ ਸਮੇਂ ਤੋਂ ਕਿੰਨੇ ਹੀ ਮੀਡੀਆ ਦੇ ਵੱਖ ਵੱਖ ਸਾਧਨਾਂ ਰਾਹੀਂ ਪੰਜਾਬੀ ਮਾਂ ਬੋਲੀ ਦੀ ਹੋ ਰਹੀ ਦੁਰਗਤ ਬਾਰੇ ਪੜ੍ਹਿਆ, ਸੁਣਿਆ ਤੇ ਵਿਚਾਰਿਆ। ਅੱਜ ਤਕਰੀਬਨ 14 ਕਰੋੜ ਲੋਕਾਂ ਦੇ ਬੋਲਣ ਤੇ 2 ਕਰੋੜ ਲੋਕਾਂ ਦੇ ਲਿਖਣ ਤੇ ਪੜ੍ਹਣ ਵਾਲੀ ਪੰਜਾਬੀ ਮਾਂ ਬੋਲੀ ਦਾ ਆਪਣੇ ਹੀ ਘਰ ਅੰਦਰ ਹਾਸ਼ੀਏ 'ਤੇ ਪਹੁੰਚ ਜਾਣਾ ਸੱਚੀਂ ਹੀ ਇੱਕ ਦੁੱਖਦਾਈ ਤੇ ਅਸਹਿ ਪੀੜ ਹੈ। ਮਾਂ ਬੋਲੀ 'ਤੇ ਹੋਏ ਜੁਲਮੋ ਸਿਤਮ ਦੀ ਕਹਾਣੀ ਤਾਂ ਸ਼ਾਇਦ ਬੜੀ ਲੰਮੀ ਹੈ ਪਰ ਅਜਿਹੇ ਵੱਡੇ ਕਾਰਨ ਕੀ ਬਣੇ ਕਿ ਕੁਝ ਸੀਮਿਤ ਸਮੇਂ ਅੰਦਰ ਹੀ ਪੰਜਾਬੀ ਮਾਂ ਬੋਲੀ ਦਾ ਹਾਲ ਕੁਝ ਲੋਕਾਂ ਨੇ ਇੱਕ ਨਾ-ਜਰਨਯੋਗ ਪੀੜ ਬਣਾ ਧਰਿਆ। ਮਾਂ ਬੋਲੀ ਦੇ ਮੰਦੜੇ ਹਾਲ 'ਤੇ ਪਿਛਲੇ ਦਿਨੀਂ ਕਾਫ਼ੀ ਢੇਰ ਸਾਰੀਆਂ ਗੱਲਾਂ ਕੀਤੀਆਂ ਗਈਆਂ। ਮਰਹੂਮ ਪੰਜਾਬੀ ਲੇਖਕ ਅਵਤਾਰ ਸਿੰਘ ਪਾਸ਼ ਦੇ ਜਨਮ ਦਿਨ 'ਤੇ ਹਾਅ ਦੇ ਨਾਅਰੇ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਦੇ ਲਈ ਮਾਰੇ ਗਏ। ਇੱਕ ਟੀ.ਵੀ. ਚੈਨਲ ਦੀ ਬਹਿਸ ਦੌਰਾਨ ਇੱਕ ਸੱਜਣ ਜਿਨ੍ਹਾਂ ਦਾ ਨਾਂਅ ਸ਼ਾਇਦ ਸਾਹਿਤ ਦੀ ਦੁਨੀਆ ਵਿੱਚ ਚੰਗਾ ਜਾਣਿਆ ਪਹਿਚਾਣਿਆ ਹੈ, ਵੱਲੋਂ ਸਮੇਂ ਦੀਆਂ ਸਰਕਾਰਾਂ ਨੂੰ ਤੇ ਕੁਝ ਲੋਕਾਂ ਨੂੰ ਕਾਫ਼ੀ ਰੂਹ ਨਾਲ ਕੋਸਿਆ ਗਿਆ। ਉਸ ਸੱਜਣ ਦੀਆਂ ਗੱਲਾਂ ਭਾਵੇਂ ਕਾਫ਼ੀ ਹੱਦ ਤੱਕ ਠੀਕ ਸਨ, ਪਰ ਕੀ ਅਸੀਂ ਆਪ ਖੁਦ ਸਾਰੇ ਸਣੇ ਲੇਖਕ ਵਰਗ ਅਤੇ ਮਾਂ ਬੋਲੀ ਨੂੰ ਬਚਾਉਣ ਦੇ ਲਈ ਅੱਗੇ ਹੋ ਜੱਦੇ-ਜਹਿਦ ਕਰ ਰਹੀਆਂ ਸਾਹਿੱਤਕ ਜੱਥੇਬੰਦੀਆਂ ਦੇ ਆਗੂ ਸੱਚੇ ਮਨੋਂ ਚਾਹੁੰਦੇ ਹਾਂ ਕਿ ਮਾਂ ਬੋਲੀ ਦਾ ਝੰਡਾ ਹਮੇਸ਼ਾ ਬੁਲੰਦ ਰਹੇ। ਕੁਝ ਗੱਲਾਂ ਉਹ ਨੇ ਜਿਹੜੀਆਂ ਅਜੇ ਵੀ ਜਵਾਬ ਮੰਗਦੀਆਂ ਨੇ। ਇੱਕ ਪਾਸੇ ਤਾਂ ਅਸੀਂ ਆਪਣੇ ਸਮਾਜ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਲਈ ਤਰੱਕੀ ਦਾ ਰਸਤਾ ਅਖਤਿਆਰ ਕਰਨ ਦੀਆਂ ਵਿਉਂਤਾਂ ਬਣਾਉਂਦੇ ਹਾਂ ਅਤੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਤੇ ਮਹਿੰਗੇ ਸਕੂਲਾਂ ਵਿੱਚ ਸਿੱਖਿਆ ਦਿਵਾਉਂਦੇ ਹਾਂ ਅਤੇ ਆਪਣੇ ਘਰਾਂ ਅੰਦਰ ਪੰਜਾਬੀ ਨੂੰ ਬੇਦਾਵਾ ਦੇ ਅੰਗਰੇਜ਼ੀ ਦਾ ਵਿਖਾਵਾ ਕਰਦੇ ਹਾਂ। ਕਿੰਨੇ ਨੇ ਉਹ ਆਗੂ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਅੰਦਰ ਸਿੱਖਿਆ ਹਾਸਲ ਕਰਦੇ ਨੇ ? ਕਿਹੜੈ ਉਹ ਮਾਈ ਦਾ ਲਾਲ ਜਿਸ ਦੇ ਬੱਚੇ ਸਰਕਾਰੀ ਸਕੂਲਾਂ ਅੰਦਰ ਸਿੱਖਿਆ ਹਾਸਲ ਕਰਦੇ ਹੋਣ ? ਉਹ ਆਗੂ ਕਿਹੜੈ ਜਿਸ ਨੇ ਕਿਸੇ ਸਮੇਂ ਆਪ ਅੰਗਰੇਜ਼ੀ ਭਰੇ ਮਾਹੌਲ ਨੂੰ ਤਿਆਗ ਪੰਜਾਬੀ ਸੱਭਿਆਚਾਰ ਦਾ ਪੱਲਾ ਫੜਿਆ ਹੋਵੇ ਤੇ ਸ਼ਹਿਰ ਦੀ ਚਮਕ-ਦਮਕ ਤੇ ਅੰਗਰੇਜ਼ੀ ਲਬਰੇਜ਼ ਜ਼ਿੰਦਗੀ ਨੂੰ ਅਲਵਿਦਾ ਆਖ ਪੇਂਡੂ ਜ਼ਿੰਦਗੀ ਦਾ ਹਿੱਸਾ ਬਣਨ ਨੂੰ ਤਰਜੀਹ ਦਿੱਤੀ ਹੋਵੇ। ਕੁਝ ਸਾਹਿਤਕ ਆਗੂ ਇਹ ਵੀ ਕਹਿੰਦੇ ਸੁਣੇ ਜਾਂਦੇ ਨੇ ਕਿ ਕਿੰਨਾ ਭਲਾ ਵੇਲਾ ਸੀ ਜਦੋਂ ਹਾਰੇ ਦੀ ਦਾਲ ਖਾਂਦੇ ਸਾਂ ਤੇ ਛੱਪੜਾਂ ਵਿੱਚ ਮੱਝਾਂ ਨੂੰ ਨਮ੍ਹਾਉਂਦੇ ਹੁੰਦੇ ਸੀ ਅਤੇ ਸਾਰਾ ਪਰਿਵਾਰ ਸ਼ਾਮ ਹੁੰਦਿਆਂ ਹੀ ਇੱਕ ਚੁੱਲ੍ਹੇ ਦੇ ਦੁਆਲੇ ਇਕੱਠਾ ਹੋ ਰੋਟੀ ਖਾਂਦਾ ਹੁੰਦਾ ਸੀ ਅਤੇ ਬੱਚੇ ਢਿੱਲੇ ਹੋਏ ਮੰਜੇ ਦੀਆਂ ਦੌਣਾਂ ਕਸਦੇ ਰਹਿੰਦੇ ਸੀ। ਕਿੰਨੀਆਂ ਹੀ ਉਹ ਭਾਈਚਾਰਕ ਸਾਂਝਾਂ ਸਨ ਜੋ ਪੰਜਾਬੀ ਮਾਂ ਬੋਲੀ ਦੇ ਮੁਦੱਈ ਸੱਭਿਆਚਾਰ ਦਾ ਹੀ ਇੱਕ ਹਿੱਸਾ ਸਨ। ਭਾਵੇਂ ਵਕਤ ਦੀ ਮਾਰੀ ਪਲਟੀ ਤੋਂ ਕਾਫ਼ੀ ਕੁਝ ਬਦਲਿਆ ਤੇ ਤਰੱਕੀ ਦੇ ਨਾਂ ਥੱਲੇ ਮਾਂ ਬੋਲੀ ਦਾ ਰੱਜ ਕੇ ਘਾਣ ਹੋਇਆ ਪਰ ਸਾਡੇ ਆਗੂ ਲੋਕ ਵੀ ਇਸ ਸਾਰੇ ਸਮੇਂ ਅੰਦਰ ਇੱਕ 'ਰਿਸ਼ਤੇ ਦੀ ਇਮਾਰਤ ਦੇ ਖੋਖਲੇ ਥੰਮ੍ਹ' ਹੀ ਨਜ਼ਰ ਆਏ। ਕਿਸ ਆਗੂ ਨੇ ਪੰਜਾਬੀ ਮਾਂ ਬੋਲੀ ਦੀ ਰੂਹ ਨਾਲ ਬਾਰ ਬਾਰ ਖਿਲਵਾੜ ਕਰਨ ਵਾਲੇ ਕੁਝ ਅਖੌਤੀ ਲੱਚਰ ਗਾਇਕਾਂ ਦੀਆਂ ਟਾਈਆਂ ਢਿੱਲੀਆਂ ਕਰਨ ਦੀ ਜ਼ਰੁਅਤ ਕੀਤੀ ਹੋਵੇਗੀ ਅਤੇ ਕਿਸੇ ਵੀ ਆਗੂ ਨੇ ਆਪਣੀ ਜ਼ੁਬਾਨ ਵਿੱਚੋਂ ਕਦੇ ਇੱਕ ਲਫ਼ਜ਼ ਵੀ ਇਨ੍ਹਾਂ ਪੰਜਾਬੀ ਮਾਂ ਬੋਲੀ ਦਾ ਘਾਣ ਕਰਨ ਵਾਲੇ ਅਖੌਤੀ ਗਾਇਕਾਂ ਬਾਰੇ ਨਹੀਂ ਬੋਲਿਆ। ਇਸ ਨੂੰ ਮਾਂ ਬੋਲੀ ਦੀ ਬਦਕਿਸਮਤੀ ਹੀ ਮੰਨਿਆ ਜਾਵੇਗਾ ਕਿ ਉਸੇ ਦੀ ਆਪਣੀ ਹੀ ਸਰ-ਜ਼ਮੀਨ ਤੋਂ ਇੱਕ ਗਾਇਕ ਸਰੇਆਮ ਇਸੇ ਦੀ ਆਪਣੀ ਹੀ ਧਰਤੀ ਦੀਆਂ ਜਾਈਆਂ ਨੂੰ ਪੁਰਾਣਾ ਮਾਲ ਆਖ ਪੰਜਾਬੀਆਂ ਦੀਆਂ ਇੱਜ਼ਤਾਂ ਨੂੰ ਲੀਰੋ ਲੀਰ ਕਰਦਾ ਏ। ਇਹ ਸਾਡੇ ਆਗੂ ਉਦੋਂ ਕਿਉਂ ਚੁੱਪ ਰਹਿੰਦੇ ਨੇ ਜਦੋਂ ਇੱਕ ਗਾਇਕ ਦੀਪ ਮਨੀ, ਹਨੀ ਸਿੰਘ, ਜੈਜੀ ਬੀ ਅਤੇ ਕੌਰ ਬੀ ਜਿਹੇ ਲੋਕ ਨੰਗੀਆਂ ਫਿਲਮਾਂ ਦੀ ਨਕਲ ਕਰ ਸਾਡੇ ਪੰਜਾਬੀ ਸੱਭਿਆਚਾਰ ਦੀਆਂ ਧੱਜੀਆਂ ਉਡਾਉਂਦੇ ਨੇ ਅਤੇ ਪੰਜਾਬੀ ਮਾਂ ਬੋਲੀ ਦੀ ਇੱਜਤ ਦਾ ਮੁੱਲ ਵੱਟਦੇ ਨੇ। ਪਤਾ ਨਹੀਂ ਕਿਉਂ ਪੰਜਾਬੀ ਮਾਂ ਬੋਲੀ ਦੇ ਹਿਤੈਸ਼ੀ ਇਹ ਆਗੂ ਇੱਕ ਗੀਤ 'ਬੁਲਟ ਤਾਂ ਰੱਖਿਐ ਪਟਾਕੇ ਪਾਉਣ ਨੂੰ' ਜਿਹੇ ਗੀਤ ਦੀ ਦੀ ਪੰਜਾਬੀ ਗੀਤ ਸੰਗੀਤ ਅੰਦਰ ਆਮਦ 'ਤੇ ਵੀ ਚੁੱਪ ਕਿਉਂ ਨੇ। ਮਾਂ ਬੋਲੀ ਦੇ ਅਸਲ ਕਾਤਲ ਲੋਕ ਉਹ ਨੇ ਜਿਹੜੇ ਪੰਜਾਬੀਆਂ ਦੀਆਂ ਧੀਆਂ ਨੂੰ ਸ਼ਰਾਬ ਦੀਆਂ ਪਿਆਕੜ ਦੱਸ ਇਸ ਦੇ ਜੜੀਂ ਤੇਲ ਦਿੰਦੇ ਨੇ। ਪਰ ਸ਼ਾਇਦ ਸਾਡੇ ਸੱਭਿਆਚਾਰਕ ਆਗੂ ਉਹਨਾਂ ਨਾਲ ਪਾਲੀਆਂ 'ਯਾਰੀਆਂ' ਸਦਕਾ ਚੁੱਪ ਨੇ। ਕੁਝ ਗਾਇਕ ਤਾਂ ਅੰਗਰੇਜ਼ੀ ਗੀਤਾਂ ਨੂੰ ਪੰਜਾਬੀ ਦਾ ਰੂਪ ਦੇ ਕੇ ਤੇ ਪੰਜਾਬੀ ਦੇ ਨਾਂ ਥੱਲੇ ਕਮਾਈਆਂ ਕਰਦੇ ਨੇ ਤੇ ਕਿੰਨੀ ਸ਼ਰਮ ਭਰੀ ਗੱਲ ਐ ਕਿ ਜਦ ਸਾਡੇ ਕੁਝ ਸੱਭਿਆਚਾਰਕ ਆਗੂ ਕਹਾਉਂਦੇ ਲੋਕ ਇੱਕ ਲੱਚਰ ਗਾਇਕਾ ਬੀਬੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਮਾਂ ਬੋਲੀਦੇ ਹੋ ਰਹੇ ਘਾਣ 'ਚ ਸ਼ਰੀਕ ਹੋ ਜਾਂਦੇ ਨੇ। ਕਿੰਨਾ ਲਿਖੀਂ ਜਾਈਏ, ਕਈ ਵਰ੍ਹੇ ਪਹਿਲਾਂ ਵੀ ਆਖਿਆ ਸੀ ਕਿ ਕਿਉਂ ਵੀਰੋ ਅਸਲ ਗੱਲ ਤੋਂ ਭਟਕ ਕੁਰਾਹੇ ਹੱਥ ਪੈਰ ਮਾਰ ਸਮਾਂ ਵਿਅਰਥ ਗਵਾਉਂਦੇ ਹੋ। ''ਗਿੱਧੇ 'ਚ ਦੋਨਾਲੀ ਪਾਉਂਦੀ ਬੋਲੀਆਂ'' ਜਾਂ ''ਸ਼ਿਕਾਰ'' ਵਰਗੇ ਮਾੜੇ ਗੀਤ ਕੀ ਪੰਜਾਬੀ ਮਾਂ ਬੋਲੀ ਦਾ ਹੀ ਹਿੱਸਾ ਨੇ ? ਨਾਲੇ ਜਦ ਅਸੀਂ ਆਪਣੇ ਹੱਥੀਂ ਹੀ ਮੈਰਿਜ ਪੈਲਸਾਂ ਵਿੱਚ ਮਾੜੇ ਗੀਤਾਂ ਦੀ ਗੜਗੜਾਹਟ 'ਤੇ ਕੁਲਵਿੰਦਰ ਜਿਹੀਆਂ ਅਭਾਗੀਆਂ ਨੂੰ ਮੌਤ ਦੇ ਮੂੰਹ ਉਤਾਰਦੇ ਰਹਾਂਗੇ ਉਦੋਂ ਤੱਕ ਮਾੜੀ ਗਾਇਕੀ ਦਾ ਇਹ ਤਾਂਡਵ ਨਾਚ ਹੁੰਦਾ ਰਹੇਗਾ ਅਤੇ ਸਾਨੂੰ ਕਿਤੋਂ ਵੀ ਠੰਢੀ ਹਵਾ ਦੇ ਬੂਲੇ ਦੀ ਆਸ ਕਰਨੀ ਨਾ ਮੁਮਕਿੰਨ ਹੈ। ਚੰਗਾ ਹੋਵੇ ਕਿ ਆਖ ਦਿਓ ਇਨ੍ਹਾਂ ਸਭਿਆਚਾਰ ਦੇ ਰਕੀਬਾਂ ਨੂੰ ਕਿ ''ਸੇਵਾ ਹੋ ਗਈ ਬਥੇਰੀ ਬੰਦ ਹੁਣ ਕਲਮ ਕਰੋ, ਹਰ ਕੁੜੀ ਨੂੰ ਮਸ਼ੂਕ ਕਹਿਣ ਵਾਲਿਓ ਥੋੜ੍ਹੀ ਬਹੁਤ ਸ਼ਰਮ ਕਰੋ।''
ਰੈਪ ਦੀ ਪੰਜਾਬੀ ਵਿੱਚ ਕੀ ਜਗ੍ਹਾ ਏ ? ਮੇਰੀ ਨਜ਼ਰੇ ਪੰਜਾਬੀ ਮਾਂ ਬੋਲੀ ਦਾ ਜਿੰਨਾ ਘਾਣ ਮਾੜੀ ਗਾਇਕੀ ਨੇ ਕੀਤਾ ਏ ਸ਼ਾਇਦ ਕਿਸੇ ਹੋਰ ਪੱਖ ਨੇ ਕਦੇ ਨਹੀਂ ਕੀਤਾ। ਕਦੇ ਕਦੇ ਤਾਂ ਇਹ ਪ੍ਰਤੀਤ ਹੁੰਦਾ ਏ ਕਿ ਜਿਵੇਂ ਇਹ ਕੁਝ ਅਖੌਤੀ ਗਾਇਕ ਕਿਸੇ ਪੰਜਾਬੀ ਮਾਂ ਦੀ ਕੁੱਖ ਦੀ ਅੰਸ਼ ਹੀ ਨਾ ਹੋਣ। ਇਨ੍ਹਾਂ ਲੋਕਾਂ ਬਾਰੇ ਚੁੱਪੀ ਕਿਉਂ ? ਕਿਉਂ ਇਹ ਲੋਕ ਮਾਂ ਬੋਲੀ ਦੀ ਹੋਂਦ ਦਾ ਖੁਰਾ-ਖੋਜ ਮਿਟਾਉਣ 'ਤੇ ਤੁਲੇ ਨੇ ? ਕੀ ਸਾਡੇ ਸੱਭਿਆਚਾਰਕ ਤੇ ਸਾਹਿਤ ਆਗੂ ਅਤੇ ਲੇਖਕ ਸਰਕਾਰ 'ਤੇ ਇੱਕ ਦਬਾਅ ਬਣਾ ਮਾਂ ਬੋਲੀ ਦੀ ਸੰਘੀ ਘੁੱਟਣ ਵਾਲੀਆਂ ਅਸਲ ਤਾਕਤਾਂ ਨੂੰ ਨੱਥ ਪਾਉਣ ਵਾਲੀ ਗੱਲ ਨਹੀਂ ਕਰ ਸਕਦੇ ? ਜੇਕਰ ਇੱਕ ਕਰਨਾਟਕ ਦਾ ਪ੍ਰੋਫ਼ੈਸਰ ਪੰਜਾਬੀ ਮਾਂ ਬੋਲੀ ਦੇ ਹੱਕ 'ਚ ਧਰਨਾ ਲਾ ਭੁੱਖ ਹੜਤਾਲ 'ਤੇ ਬੈਠ ਸਕਦਾ ਹੈ ਤਾਂ ਸਾਡੇ ਆਗੂਆਂ ਦੇ ਮੂੰਹ 'ਚ ਘੁੰਗਣੀਆਂ ਕਿਉਂ ਪੈ ਚੁੱਕੀਆਂ ਨੇ ? ਜੇਕਰ ਅਸੀਂ ਹਾਰੇ ਦੀ ਦਾਲ ਤੇ ਛੱਪੜਾਂ 'ਚ ਨਹਾਉਂਦੀਆਂ ਮੱਝਾਂ ਤੇ ਮੰਜੇ ਦੀਆਂ ਦੌਣਾਂ ਕਸਣ ਨੂੰ ਹੀ ਮਾਂ ਬੋਲੀ ਦਾ ਘਾਣ ਸਮਝੀਂ ਜਾਣਾ ਹੈ ਤਾਂ ਤੁਹਾਡੀ ਮਰਜ਼ੀ। ਨਾਲੇ ਇਹ ਗੱਲਾਂ-ਬਾਤਾਂ ਤਾਂ ਅੱਜ ਵੀ ਬਹੁਤੇ ਪਿੰਡਾਂ ਦਾ ਸ਼ਿੰਗਾਰ ਨੇ। ਲੋੜ ਹੈ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਦੇ ਨਾਲ ਵੱਡੀਆਂ ਜ਼ਿੰਮੇਵਾਰੀਆਂ ਨੂੰ ਵੀ ਸਮਝਣ ਦੀ ਤਾਂ ਕਿ ਕਿਸੇ ਵਧੀਆ ਵੈਦ ਹਕੀਮ ਦੀ ਤਰ੍ਹਾਂ ਅਸਲ ਮਰਜ਼ ਨੂੰ ਹੱਥ ਪਾ, ਸਹੀ ਕਾਰਨ ਜਾਣ, ਅਸਲ ਪੀੜ ਵੱਲ ਤੁਰ ਸਕੀਏ। ਨਹੀਂ ਤਾਂ ਕਦੇ ਤਰੱਕੀ, ਕਦੇ ਮਾਡਰਨ ਜਮਾਨਾ ਤੇ ਕਦੇ ਬਦਲਦੇ ਸੱਭਿਆਚਾਰ ਦੇ ਭਾਰ ਥੱਲੇ ਸਾਡੀ ਮਾਂ ਬੋਲੀ ਪਲ-ਪਲ ਕਰਕੇ ਦਮ ਤੋੜਦੀ ਰਹੇਗੀ।
ਰੱਬ ਰਾਖਾ।
ਫੋਨ : 94634-63136
ਪਿੰਡ ਤੇ ਡਾਕ. ਸਰੌਦ (ਮਾਲੇਰਕੋਟਲਾ), facebook.com/kalasaroud
-
ਮਨਜਿੰਦਰ ਸਿੰਘ ਸਰੌਦ, ਲੇਖਕ
manjindersinghkalasaroud@gmail.com
94634-63136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.