2 ਸਤੰਬਰ 2009 ਦੀ ਗੱਲ ਹੈ, ਮੈਂ ਆਂਧਰਾ ਪ੍ਰਦੇਸ਼ ਦੀ ਗਰੇਅ-ਹਾਊਂਡ ਕਮਾਂਡੋ ਫੋਰਸ ਦਾ ਅਸਾਲਟ ਕਮਾਂਡਰ ਸਾਂ। ਇਹ ਮੇਰਾ ਬਤੌਰ ਆਈ.ਪੀ.ਐਸ. ਅਫ਼ਸਰ ਦੇ ਪ੍ਰੋਬੇਸ਼ਿਨ ਮਗਰੋਂ ਚੌਥਾ ਦਿਨ ਸੀ। ਹਾਲੇ 29 ਅਗਸਤ ਦੇ ਦਿਨ ਮੇਰੀ ਪ੍ਰੋਬੇਸ਼ਿਨ ਸਮਾਪਤ ਹੋਈ ਹੀ ਸੀ। ਮੇਰੀ ਕਮਾਂਡੋ ਟੁਕੜੀ ਨੂੰ ਸੂਚਨਾ ਮਿਲੀ ਕਿ ਅਸੀਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਡਾ.ਵਾਈ.ਐੱਸ.ਰਾਜਸ਼ੇਖਰ ਰੈੱਡੀ ਦੇ ਗੁਆਚੇ ਹੋਏ ਹੈਲੀਕੈਪਟਰ ਦੀ ਭਾਲ ਅਤੇ ਬਚਾਓ ਵਿੱਚ ਨੱਲਾ-ਮੱਲਾ ਦੇ ਜੰਗਲਾਂ ਵੱਲ ਨੂੰ ਜਾਣਾ ਹੈ। ਸਾਡੀ ਪੱਚੀ ਜਣਿਆਂ ਦੀ ਟੁਕੜੀ ਨੱਲਾ-ਮੱਲਾ ਦੇ ਜੰਗਲਾਂ ਕਿਨਾਰੇ ਵੱਸਦੇ ਜ਼ਿਲਾ ਕਰਨੂਲ ਦੇ ਹੈੱਡ ਕੁਆਟਰ ਵਿੱਚ ਤਿੰਨ ਸਤੰਬਰ ਨੂੰ ਸਵੇਰੇ ਢਾਈ ਵਜੇ ਪੁਲੀਸ ਬੱਸ ਰਾਹੀਂ ਪੁੱਜੀ। ਅਸੀਂ ਰਾਤ ਦੀ ਰੋਟੀ ਖਾ ਕੇ ਉਡੀਕ ਕਰ ਰਹੇ ਸਾਂ ਕਿ ਜਲਦ ਤੋਂ ਜਲਦ ਜਿਲੇ ਦੇ ਐਸ.ਐਸ.ਪੀ. ਸ੍ਰੀਕਾਂਤ ਨਾਲ ਸੰਪਰਕ ਕੀਤਾ ਜਾਵੇ। ਉਹ ਆਪਣੇ ਫ਼ੋਨ ਉੱਤੇ ਕਿਸੇ ਨਾਲ ਲੰਬੀ ਗੱਲਬਾਤ ਵਿੱਚ ਰੁੱਝੇ ਹੋਏ ਸਨ। ਬੜੀ ਵਾਰ ਯਤਨ ਕਰਨ ਮਗਰੋਂ ਸਾਡਾ ਉਨ੍ਹਾਂ ਨਾਲ ਸੰਪਰਕ ਬਣਿਆ। ਉਨ੍ਹਾਂ ਨੇ ਮੈਨੂੰ ਸਵੇਰੇ ਛੇ ਵਜੇ ਕਰਨੂਲ ਦੀ ਦੂਜੀ ਬਟਾਲੀਅਨ ਦੇ ਹੈੱਡਕੁਆਟਰ ਦੀ ਗਰਾਊਂਡ ਵਿਚ ਹਾਜ਼ਰ ਹੋਣ ਲਈ ਕਿਹਾ। ਸਾਡਾ ਦਸਤਾ ਉਸ ਰਾਤ ਲਈ ਕਰਨੂਲ ਦੀ ਪੁਲੀਸ ਲਾਈਨ ਵਿਚ ਹੀ ਠਹਿਰ ਗਿਆ।
ਸਾਰੀ ਰਾਤ ਸਵੇਰ ਦੀ ਕਾਰਵਾਈ ਉਲਕੀਦਿਆਂ ਕਿਵੇਂ ਟੱਪ ਗਈ, ਇਹ ਪਤਾ ਹੀ ਨਾ ਹੀ ਲੱਗਿਆ ਤੇ ਵੇਖਦੇ-ਵੇਖਦੇ ਹੀ ਪੌਣੇ ਛੇ ਵੀ ਵੱਜ ਗਏ। ਮੈਂ ਆਪਣੇ ਦਸਤੇ ਨੂੰ ਲੈ ਕੇ ਦੂਜੀ ਬਟਾਲੀਅਨ ਦੇ ਪ੍ਰੇਡ ਗਰਾਊਂਡ ਵਿੱਚ ਚਲਾ ਗਿਆ, ਜਿੱਥੇ ਏਅਰ ਫੋਰਸ ਦੇ ਦੋ ਮੂੰਗੀਆ ਰੰਗੇ ਹੈਲੀਕੈਪਟਰ ਐਮ ਆਈ-18 ਖੜੇ ਸਨ। ਆਸ-ਪਾਸ ਤੰਬੂ ਲੱਗੇ ਹੋਏ ਸਨ। ਸਪੀਕਰਾਂ ਰਾਹੀਂ ਵੱਖ-ਵੱਖ ਅਨਾਊਸਮੈਟਾਂ ਦੀਆਂ ਆਾਜਲਾਂ ਸੁਣ ਰਹੀਆਂ ਸਨ। ਮੁੱਖ ਤੰਬੂ ਵਿੱਚ ਖੁਫ਼ੀਆ ਵਿਭਾਗ ਦੇ ਐਸ.ਐਸ.ਪੀ. ਸ੍ਰੀ ਰਾਜ ਸ਼ੇਖਰ ਏਅਰ ਫੋਰਸ ਦੇ ਅਫ਼ਸਰਾਂ ਨਾਲ ਕੁਝ ਵਿਚਾਰ-ਚਰਚਾ ਕਰਦੇ ਨਜ਼ਰ ਆ ਰਹੇ ਸਨ। ਇਸ ਤੋਂ ਪਹਿਲੇ ਦਿਨ ਮੀਂਹ ਬਹੁਤ ਵਰ੍ਹਿਆ ਸੀ ਤੇ ਹਾਲੇ ਵੀ ਬੱਦਲ ਗਰਜ ਰਿਹਾ ਸੀ, ਨਿੱਕੀ-ਨਿੱਕੀ ਕਣੀ ਬਰਸ ਰਹੀ ਸੀ। ਤੰਬੂ ਭਿੱਜੇ ਪਏ ਤੇ ਜੁਆਨਾਂ ਦੇ ਬੂਟ ਚਿੱਕੜ ਵਿੱਚ ਲਿੱਬੜੇ ਹੋਏ ਸਨ।ਇੱਕ ਝੰਬੇ ਜਿਹੇ ਰੁੱਖ ਉਤੋਂ ਕੋਈ ਲਾਵਾਰਸ ਜਿਹਾ ਪੰਛੀ ਰੋਣੀ ਆਵਾਜ਼ ਵਿੱਚ ਕੂਕਦਾ ਉਡਿਆ ਤੇ ਪਤਾ ਨਹੀਂ ਕਿਧਰ ਨੂੰ ਉਡਾਰੀ ਭਰ ਗਿਆ। ਹਰੇਕ ਦੇ ਚਿਹਰੇ ਉੱਤੇ ਉਦਾਸੀ ਤੈਰ ਰਹੀ ਸੀ ਕਿਉਂਕਿ ਰਾਜ ਦੇ ਮੁੱਖ-ਮੰਤਰੀ ਦੇ ਹੈਲੀਕੈਪਟਰ ਦੇ ਲਾਪਤਾ ਹੋਣ ਦੀ ਖ਼ਬਰ ਨੇ ਸਭ ਨੂੰ ਦਿਲੋਂ ਉਦਾਸ ਕਰ ਦਿੱਤਾ ਹੋਇਆ ਸੀ।
ਮਂੈ ਆਪਣੇ ਇਕ ਕਮਾਂਡੋ ਕਾਸਿਮ ਅਲੀ ਨੂੰ ਨਾਲ ਲੈ ਕੇ ਮੁੱਖ ਤੰਬੂ ਵਿੱਚ ਬੈਠੇ ਉਨਾਂ ਅਫ਼ਸਰਾਂ ਕੋਲ ਜਾ ਪੁੱਜਿਆ। ਅਫ਼ਸਰਾਂ ਦੇ ਵੀ ਚਿਹਰੇ ਉੱਡੇ ਹੋਏ ਸਨ। ਮੈਂ ਐਸ.ਐਸ.ਪੀ. ਸਾਹਬ ਨੂੰ ਬੇਨਤੀ ਕੀਤੀ , "ਸਰ, ਮੈਨੂੰ ਵੀ ਇਸ ਬਚਾਓ ਤੇ ਤਲਾਸ਼ ਉਪਰੇਸ਼ਨ ਦੀ ਮੁਹਿੰਮ ਵਿੱਚ ਸ਼ਾਮਿਲ ਕੀਤਾ ਜਾਵੇ।" ਮੇਰੇ ਏਨਾ ਆਖਣ 'ਤੇ ਏਅਰ ਫੋਰਸ ਦੇ ਅਫ਼ਸਰ, ਚਾਹੇ ਬਹੁਤੇ ਖ਼ੁਸ਼ ਨਹੀਂ ਸਨ ਪਰ ਸ੍ਰੀ ਸ਼ੇਖਰ ਨੇ ਮੇਰੇ ਇਕ ਨਵੇਂ ਤੇ ਨੌਜਵਾਨ ਆਈ.ਪੀ.ਐਸ. ਅਫ਼ਸਰ ਹੋਣ ਦੇ ਨਾਤੇ ਓਪਰੇਸ਼ਨ ਮੁਹਿੰਮ ਦਾ ਮੈਨੂੰ ਹਿੱਸਾ ਬਣਾਉਣਾ ਮੁਨਾਸਿਬ ਸਮਝਿਆ। ਉਨਾਂ ਆਖਿਆ, "ਇਹ ਉਡਾਣ ਦਸਤਾ ਨੱਲਾ-ਮੱਲਾ ਦੇ ਜੰਗਲਾਂ ਵੱਲ ਜਾ ਕੇ ਇਹ ਵੇਖੇਗਾ ਕਿ ਬਾਕੀ ਦੇ ਦਸਤਿਆਂ ਨੂੰ ਕਿੱਥੇ-ਕਿੱਥੇ ਉਤਾਰਿਆ ਜਾ ਸਕਦਾ ਹੈ।"
ਇਹ ਸੁਣ ਕੇ ਮੈਂ ਆਖਿਆ, "ਸਰ, ਕਿਉਂ ਨਾ ਮੈਨੂੰ ਵੀ ਇਸ ਪਹਿਲੇ ਦਸਤੇ ਵਿੱਚ ਸ਼ਾਮਿਲ ਕੀਤਾ ਜਾਵੇ ਜੀ।"
ਮੇਰੀ ਇਹ ਬੇਨਤੀ ਕਰਨ 'ਤੇ ਏਅਰ ਫੋਰਸ ਦੇ ਅਤੇ ਆਂਧਰਾ ਪਰਦੇਸ ਦੇ ਪੁਲਿਸ ਅਫ਼ਸਰਾਂ ਵਿਚਕਾਰ ਥੋੜੀ ਬਹੁਤ ਤਕਰਾਰ ਵੀ ਹੋਈ, ਤੇ ਫ਼ੈਸਲਾ ਇਹੋ ਹੋਇਆ ਕਿ ਗਰੇਅ-ਹਾਊਂਡ ਦੇ ਦੋ ਜਵਾਨਾਂ ਨੂੰ ਇਸ ਦਸਤੇ ਵਿੱਚ ਸ਼ਾਮਿਲ ਕੀਤਾ ਜਾਵੇਗਾ। ਮੈਂ ਆਪਣੇ ਨਾਲ ਕਾਸਿਮ ਨੂੰ ਹੀ ਅਟੈਚ ਕਰ ਲਿਆ, ਜਿਸਦੀ ਉਮਰ ਚੌਵੀ ਕੁ ਸਾਲ ਹੀ ਹੋਵੇਗੀ।
ਅਸੀਂ ਪਿੱਠੂ ਬੈਗਾਂ, ਬੁਲਿਟ ਪਰੂਫ਼ ਜੈਕਿਟਾਂ ਤੇ ਏ.ਕੇ. ਸੰਤਾਲੀ ਦੇ ਅਸਲੇ ਨਾਲ ਤਿਆਰ-ਬਰ-ਤਿਆਰ ਸਾਂ। ਅਸੀਂ ਤਾਂ ਹਾਲੇ ਨਾਸ਼ਤਾ ਤਕ ਵੀ ਨਹੀਂ ਸੀ ਕੀਤਾ, ਜਦੋਂ ਕਿ ਸਾਡੇ ਨਾਲ ਦਾ ਬਾਕੀ ਦਸਤਾ ਨਾਸ਼ਤੇ ਵਾਲੇ ਤੰਬੂਆਂ ਵੱਲ ਜਾ ਰਿਹਾ ਸੀ। ਕਾਸਿਮ ਭੱਜਾ-ਭੱਜਾ ਗਿਆ ਤੇ ਦੋ-ਦੋ ਬ੍ਰੈਡ-ਆਮਲੇਟ ਪੈਕ ਕਰਵਾ ਲਿਆਇਆ ਭਾਵੇਂ ਫ਼ਿਕਰ ਤੇ ਉਤਸੁਕਤਾ ਕਾਰਨ ਸਾਡੀ ਭੁੱਖ ਤੇ ਪਿਆਸ ਕਿਤੇ ਦੀ ਕਿਤੇ ਉੱਡੀ-ਪੁੱਡੀ ਪਈ ਸੀ। ਅਸੀਂ ਇਹ ਨਾਸ਼ਤਾ ਫਿਰ ਕਿਧਰੇ ਰਾਹ ਵਿਚ ਖਾਣ ਲਈ ਆਪਣੇ ਪਿੱਠੂ ਬੈਗਾਂ ਵਿੱਚ ਹੀ ਪਾ ਲਿਆ। ਮੇਰੀ ਸੋਚ ਦੀ ਫਿਰਕੀ ਲਗਾਤਾਰ ਕਰਨੂਲ ਦੇ ਨੱਲਾ-ਮੱਲਾ ਦੇ ਜੰਗਲਾਂ ਵੱਲ ਹੀ ਘੁੰਮੀ ਜਾਵੇ। ਮੈਨੂੰ ਕੁਝ ਹੋਰ ਨਾ ਸੁੱਝੇ।
ਏਅਰ ਫੋਰਸ ਦੇ ਦੋ ਪਾਇਲਟ ਤੇ ਇਕ ਹੌਲਦਾਰ ਮੈਨੂੰ ਤੇ ਕਾਸਿਮ ਅਲੀ ਨੂੰ ਹੈਲੀਕੈਪਟਰ ਵੱਲ ਲੈ ਗਏ ਤੇ ਪਲਾਂ ਵਿੱਚ ਹੀ ਸਾਡੇ ਹੈਲੀਕੈਪਟਰ ਨੇ ਉਡਾਨ ਭਰ ਲਈ। ਲਗਪਗ ਅੱਧੇ ਘੰਟੇ ਪਿੱਛੋਂ ਅਸੀਂ ਨੱਲਾ-ਮੱਲਾ ਦੇ ਘਣਾਘੋਰ ਜੰਗਲਾਂ ਉੱਤੇ ਉੱਡ ਰਹੇ ਸਾਂ। ਹੈਲੀਕੈਪਟਰ ਕਾਫ਼ੀ ਨੀਵਾਂ ਸੀ। ਤਾਜ਼ਾ ਬਾਰਿਸ਼ ਹੋਣ ਕਾਰਨ ਹਰਿਆਵਲ ਨਿਖਰੀ ਹੋਈ ਸੀ। ਮੈਂ ਬਾਰੀ ਵਿੱਚੋਂ ਦੀ ਹੇਠਾਂ ਵੱਲ ਵੇਖਿਆ ਤਾਂ ਜੰਗਲ ਮੈਨੂੰ ਬਰੌਕਲੀ ਦੇ ਹਰੇ-ਭਰੇ ਫੁੱਲਾਂ ਵਰਗਾ ਲੱਗਣ ਲੱਗਿਆ। ਮੈਂ ਮਹਿਸੂਸ ਕੀਤਾ ਕਿ ਜਿਵੇਂ ਹੈਲੀਕੈਪਟਰ ਦੇ ਰੋਟਰ ਟਰ-ਟਰ ਦੀ ਖਰ੍ਹਵੀ ਆਵਾਜ਼ ਨਾਲ ਆਪਣਾ ਸੋਗੀ ਸ਼ੋਰ ਮਚਾ ਰਹੇ ਹੋਣ!
ਹੈਲੀਕੈਪਟਰ ਉਡਾਣ ਭਰ ਰਿਹਾ ਸੀ, ਪੰਜ ਕੁ ਮਿੰਟਾਂ ਮਗਰੋਂ ਮੈਂ ਤਾਕੀ ਥਾਣੀ ਹੇਠਾਂ ਵੱਲ ਵੇਖਿਆ ਤਾਂ ਲੱਗਿਆ ਜਿਵੇਂ ਉਸ ਬਰੌਕਲੀ ਦੇ ਫੁੱਲ ਉੱਤੇ ਇਕ ਭੂਰਾ ਤੇ ਨੀਲਾ ਜਿਹਾ ਦਾਗ ਪਿਆ ਹੋਵੇ! ਕਾਸਿਮ ਵੀ ਬਾਰੀ ਵਿੱਚੋਂ ਬੜੀ ਗਹਿਰੀ ਨਜ਼ਰ ਨਾਲ ਦੂਸਰੇ ਪਾਸੇ ਵੱਲ ਝਾਕ ਰਿਹਾ ਸੀ। ਮੈਂ ਉਸ ਨੂੰ ਆਖਿਆ, ''ਕਾਸਿਮ, ਏਧਰ ਆ ਕੇ ਵੇਖ, ਸ਼ਾਇਦ ਹੇਠਾਂ ਕੁਝ ਭੂਰੇ ਜਿਹੇ ਦਾਗ ਪਏ ਦਿਸ ਰਹੇ ਨੇ, ਜਿਵੇਂ ਕੁਝ ਸੜਿਆ ਪਿਆ ਹੋਵੇ...।''
ਮੈਂ ਪਾਇਲਟ ਨੂੰ ਹੈਲੀਕੈਪਟਰ ਹੋਰ ਨੀਵਾਂ ਕਰਨ ਲਈ ਆਖਿਆ। ਹੈਲੀਕੈਪਟਰ ਨੀਵਾਂ ਹੋਣ 'ਤੇ ਮੈਨੂੰ ਜਾਪਿਆ ਜਿਵੇਂ ਕਿ ਸਾਡੇ ਉਤਰਨ ਵਾਲੀ ਇਹੋ ਥਾਂ ਸੀ, ਜੋ ਅਸੀਂ ਲੱਭ ਰਹੇੇ ਸਾਂ। ਮੇਰੀ ਉਤੁਕਤਾ ਹੋਰ ਵੀ ਵਧ ਗਈ ਤੇ ਦਿਲ ਜ਼ੋਰ ਨਾਲ ਧੜਕਣ ਲੱਗ ਪਿਆ।ਮੈਂ ਹੁਣ ਅੱਖਾਂ ਵੀ ਨਹੀਂ ਸੀ ਝਪਕ ਰਿਹਾ ਤੇ ਮੇਰਾ ਦਿਮਾਗ ਕਿਸੇ ਕੋਤਲ ਘੋੜੇ ਵਾਂਗ ਦੌੜ ਰਿਹਾ ਸੀ।
''ਮੈਨੂੰ ਤੇ ਕਾਸਿਮ ਨੂੰ ਰੱਸੇ ਨਾਲ ਹੇਠਾਂ ਲਾਹ ਦੇ...।'' ਮੈਂ ਪਾਇਲਟ ਨੂੰ ਫਟ ਦੇਣੇ ਆਖਿਆ।
(ਇੱਥੇ ਮੈਂ ਪਾਠਕਾਂ ਨੂੰ ਨੱਲਾ-ਮੱਲਾ ਦੇ ਜੰਗਲਾਂ , ਜੋ ਕਿ ਲਗਭਗ 35 ਹਜ਼ਾਰ ਸੁਕੇਅਰ ਕਿਲੋਮੀਟਰ ਵਿੱਚ ਫੈਲੇ ਹੋਏ ਹਨ। ਜਦੋਂ ਮੈਂ ਸਿਵਿਲ ਸਰਵਿਸਜ਼ ਪ੍ਰਖਿੀਆ ਦੀ ਤਿਆਰੀ ਕਰਦਾ ਦਾ ਸੀ, ਤਾਂ ਭੂਗੋਲ ਮੇਰਾ ਮੁੱਖ ਵਿਸ਼ਾ ਸੀ, ਜਿਸ ਵਿੱਚ ਮੈਂ ਭਾਰਤ ਅਤੇ ਦੁਨੀਆਂ ਦੇ ਨਕਸ਼ੇ ਵਾਹੁਣੇ ਸਿਖੇ। ਭਾਰਤ ਦੇ ਨਕਸ਼ੇ ਵਿੱਚ ਮੈਨੂੰ ਚੰਗੀ ਤਰਾਂ ਚੇਤੇ ਹੈ ਕਿ ਕਿਸ ਤਰਾਂ ਵੱਖ-ਵੱਖ ਜੰਗਲਾਂ ਨੂੰ ਮੈਂ ਕੱਚੀ ਪੈਨਸਿਲ ਨਾਲ ਦਰਸਾਉਂਦਾ ਰਿਹਾ ਸਾਂ। ਉਸੇ ਤਰਾਂ ਮੈਂ ਨੱਲਾ-ਮੱਲਾ, ਨੂੰ ਵੀ ਕਈ ਵਾਰ ਭਾਰਤ ਦੇ ਨਕਸ਼ੇ ਉੱਤੇ ਵਾਹਿਆ ਹੋਇਆ ਸੀ। ਜੋ ਕਿ ਆਂਧ੍ਰਾ ਪਰਦੇਸ ਦੇ ਦੱਖਣੀ ਪੁਰਬੀ ਹਸਿਅਿਾ ਵਿੱਚ ਫੈਲੇ ਹੋਏ ਹਨ। ਇਹਨਾਂ ਜੰਗ;ਾਂ ਵਿੱਚ ਹੀ ਕਦੇ ਨਕਸਲਵਾਦ ਬੁਰੇ ਤਰੀਕੇ ਨਾਲ ਪਣਪੀ ਤੇ ਆਂਧਰਾ ਪ੍ਰਦੇਸ਼ ਦੇ ਸਭ ਤੋਂ ਖ਼ਤਰਨਾਕ ਨਕਸਲਵਾਦੀ ਇਸੇ ਅੰਨੇ ਜੰਗਲ ਵਿੱਚ ਕਿਸੇ ਵੇਲੇ ਪਨਾਹ ਲੈਂਦੇ ਰਹੇ ਸਨ।)
ਹਾਲੇ ਕੱਲ ਸ਼ਾਮ ਦੀਆਂ ਖ਼ਬਰਾਂ ਵਿੱਚ ਹੀ ਇਹ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਸ਼ਾਇਦ ਨਕਸਲ-ਵਾਦੀਆਂ ਵੱਲੋਂ ਮੁੱਖ ਮੰਤਰੀ ਦਾ ਹੈਲੀਕੈਪਟਰ ਡੇਗ ਲਿਆ ਗਿਆ ਹੋਵੇ। ਇਹ ਗੱਲ ਵੀ ਮੇਰੇ ਦਿਮਾਗ਼ ਵਿੱਚ ਖੌਰੂ ਪਾਉਣ ਲੱਗੀ। ਮੈਂ ਆਪਣੇ ਆਪੇ ਤੋਂ ਬਾਹਰ ਹੋਣ ਲੱਗਿਆ। ਮੈਨੂੰ ਪਤਾ ਨੀ ਕਿਉਂ ਇੰਝ ਜਾਪਿਆ ਕਿ ਜਿਵੇਂ ਡੇਗੇ ਗਏ ਹੈਲੀਕੈਪਟਰ ਵਿੱਚ ਮੁੱਖ ਮੰਤਰੀ ਤੇ ਉਨਾਂ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਸੁਬਰਾਮਨੀਅਮ ਆਈ.ਏ.ਐਸ. ਤੇ ਮੁੱਖ ਸੁਰੱਖਿਆ ਅਫ਼ਸਰ ਸ੍ਰੀ ਵੈਸਲੀ ਤੇ ਦੋ ਪਾਇਲਟ ਹਾਲੇ ਜਿਉਂਦੇ ਹੀ ਹੋਣ, ਤੇ ਉਹ ਕਿਸੇ ਦੀ ਸਹਾਇਤਾ ਲਈ ਹਾਕਾਂ ਦੇ ਰਹੇ ਹੋਣ। ਵੈਸੇ, ਇਸ ਗੱਲ ਨੂੰ ਨਕਾਰਿਆ ਵੀ ਨਹੀਂ ਸੀ ਜਾ ਸਕਦਾ।ਮੈਂ ਆਪਣੀ ਜਗਾ ਸੱਚਾ ਸਾਂ।
''ਮੈਂ ਤੁਹਾਨੂੰ ਆਪਣੇ ਦਤੇ ਬਿਨਾਂ ਏਥੇ ਨਹੀਂ ਉਤਾਰ ਸਕਦਾ।" ਪਾਇਲਟ ਨੇ ਫਿਕਰ ਵਿੱਚ ਆਖਿਆ। ਪਤਾ ਨੀ ਮੇਰੇ ਦਿਲ ਵਿੱਚ ਕੀ ਅਹੁੜੀ ਆਇਆ ਕਿ ਮੈਂ ਪਾਇਲਟ ਨਾਲ ਬਹਿਸਣ ਲੲਗਾ ਕਿ ਕਾਸਮ ਤੇ ਮੈਨੂੰ ਨੂੰ ਹੁਣੇ ਹੀ ਹੇਠਾਂ ਹੇਠਾਂ ਲਾਆ ਜਾਵੇ।
ਮੈਨੂੰ ਜਿਵੇਂ ਹੋਰ ਦੇਰ ਹੋ ਜਾਣ ਦਾ ਡਰ ਸਤਾ ਰਿਹਾ ਸੀ। ਮੈਂ ਔਖੇ-ਸੌਖੇ ਪਾਇਲਟ ਨੂੰ ਸਾਨੂੰ ਦੋਵਾਂ ਨੂੰ ਵਾਰੋ ਵਾਰੀ ਰਾਜ਼ੀ ਕਰ ਹੀ ਲਿਆ ਸੀ। ਮੈਂ ਆਪਣਾ ਪਿੱਠੂ ਬੈਗ ਚੁੱਕਣਾ ਚਾਹਿਆ ਤਾਂ ਪਾਇਲਟ ਨੇ ਕਿਹਾ ਕਿ ਪਹਿਲਾਂ ਤੁਸੀਂ ਉਤਰੋ ਸਮਾਨ ਤੁਹਾਡਾ ਮੈਂ ਬਾਅਦ ਵਿੱਚ ਉਤਾਰ ਦੇਵਾਂਗਾ। ਅਸੀਂ ਦੋਵਾਂ ਨੇ ਬੁਲਿਟ ਪਰੂਫ਼ ਜਾਕਟਾਂ ਪਹਿਨੀਆਂ। ਏ.ਕੇ. ਸੰਤਾਲੀਆਂ ਆਪਣੀਆਂ ਛਾਤੀਆਂ ਨਾਲ ਲਪੇਟ ਲਈਆਂ। ਹਵਾਲਦਾਰ ਨੇ ਸਾਡੀ ਸਲਿਦਰਿੰਗ (ਰੱਸੇ ਰਾਹੀਂ ਹੇਠਾਂ ਉਤਰਨਾ) ਦਾ ਪ੍ਰਬੰਧ ਕਰ ਦਿੱਤਾ ਸੀ ਹੈਲੀਕੈਪਟਰ ਹੋਰ ਨੀਵਾਂ ਹੋਣ 'ਤੇ ਰੋਟਰਾ ਦੀ ਹਵਾਂ ਨਾਲ ਹੇਠਾਂ ਖਵੈ ਘਣਘੋਰ ਦਰੱਖਤ ਆਪਸ ਵਿੱਚ ਜੱਫਮ-ਜੱਫ ਿਹੋਿਣ ਲੱਗੇ ਜਿਵੇਂ ਕਿ ਬੁਰੀ ਤਰਾਂ ਕੋਈ ਤੂਫ਼ਾਨ ਆ ਗਿਆ ਹੋਵੇ। ਮੇਰੇ ਤੋਂ ਪਹਿਲਾਂ ਕਾਸਿਮ ਅਲੀ ਲਗਪਗ ਸੌ ਫੁੱਟ ਰਾਹੀਂ ਹੇਠਾਂ ਉਤਰ ਗਿਆ। ਉਸ ਸਮੇਂ ਮੌਸਮ ਵੀ ਬੇਹੱਦ ਖਰਾਬ ਚਲ ਰਿਹਾ ਸੀ। ਅਸਮਾਨ ਵੀ ਕਾਲੇ ਬੋਲੇ ਬੱਦਲਾਂ ਨਾਲ ਬੁਰੀ ਤਰਾ ਘੁਲਿਆ ਪਿਆ ਹੋਇਆ ਸੀ। ਹਲਕੀ ਜਿਹੀ ਕਿਣਮਿਣ ਵੀ ਜਾਰੀ ਸੀ। ਹਵਾ ਕਾਫ਼ੀ ਤੇਜ਼ ਸੀ। ਕਾਸਿਮ ਦੇ ਪੈਰ ਧਰਤੀ ਉੱਤੇ ਲੱਗੇ ਤੇ ਫਿਰ ਮੈਂ ਵੀ ਰੱਸੇ ਰਾਹੀਂ ਉਤਰਨ ਲੱਗਿਆ।ਹਾਲੇ ਮੈਂ ਅਧਵਾਟ ਹੀ ਸਾਂਕਿ ਰੋਟਰਾਂ ਦੀ ਤੇਜ਼ ਹਵਾ ਨਾਲ ਮੇਰੀ ਟੋਪੀ ਪਤਾ ਨਹੀਂ ਕਿੱਧਰੇ ਉੱਡ ਗਈ। ਮੇਰੇ ਪੈਰ ਜਿਉਂ ਹੀ ਧਰਤੀ ਨਾਲ ਛੂਹੇ ਤਾਂ ਮੇਰੇ ਮੂੰਹੋਂ ਆਪ ਮੁਹਾਰੇ ਹੀ 'ਹੇ ਵਾਹਿਗੁਰੂ' ਨਿਕਲਿਆ।
ਮੈਂ ਕੀ ਵੇਖਦਾ ਹਾਂ ਕਿ ਹਾਦਸਾ ਗ੍ਰਸਤ ਹੈਲੀਕੈਪਟਰ ਟੁਕੜੇ-ਟੁਕੜੇ ਹੋ ਕੇ ਦੂਰ 50 ਮੀਟਰ ਤੀਕ ਖਿਲਰਿਆ ਪਿਆ ਸੀ। ਮਨੁੱਖੀ ਸਰੀਰਾਂ ਦੇ ਅੰਗਾਂ ਦੇ ਟੁਕੜੇ ਵੀ ਇਧਰ-ਉਧਰ ਖਿੱਲਰੇ ਪਏ ਸਨ। ਬਦਬੂ ਪਸਰੀ ਹੋਈ ਸੀ। ਪਾਇਲਟ ਨੇ ਹੈਲੀਕੈਪਟਰ ਹੋਰ ਨੀਵਾਂ ਕਰ ਲਿਆ ਤੇ ਮੈਨੂੰ ਹੱਥਾਂ ਦੇ ਇਸ਼ਾਰਿਆਂ ਨਾਲ ਪੁੱਛਣ ਲੱਗਿਆ ਕਿ ਕੀ ਮਾਹੌਲ ਹੈ? ਮੈਂ ਹੈਲੀਕੈਪਟਰ ਦੀ ਤੇਜ਼ ਹਵਾ ਵਿੱਚ ਬੁਰੀ ਤਰਾਂ ਬੌਂਦਲ ਰਿਹਾ ਸਾਂ ਤੇ ਬਾਕੀ ਹੇਠਾਂ ਦਾ ਮਾਹੌਲ ਵੇਖ ਕੇ ਠਠੰਬਰ ਵੀ ਰਿਹਾ ਸਾਂ। ਮੈਂ ਵੀ ਆਪਣੇ ਹੱਥਾਂ ਦੇ ਇਸ਼ਾਰਿਆਂ ਨਾਲ ਪਾਇਲਟ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇੱਥੇ ਕੁਛ ਵੀ ਨਹੀਂ ਬਚਿਆ ਹੈ। ਮੇਰੇ ਹੱਥਾਂ ਦੇ ਇਸ਼ਾਰੇ ਸਮਝਣ ਮਗਰੋਂ ਪਾਇਲਟ ਨੇ ਆਪਣੇ ਕੈਮਰੇ ਨਾਲ ਹੇਠਾਂ ਦੀਆਂ ਕਈ ਤਸਵੀਰਾਂ ਖਿੱਚ ਲਈਆਂ ਤੇ ਪਲਾਂ ਵਿੱਚ ਹੀ ਹੈਲੀਕੈਪਟਰ ਨੂੰ ਹੋਰ ਉੱਚਾ ਉਠਾਉਂਦਾ ਹੋਇਆ ਅਸਮਾਨ ਵਿੱਚ ਕਿਤੇ ਦੂਰ ਗੁੰਮ ਗਿਆ। ਹੇਠਾਂ ਰਹਿ ਗਏ ਮੈਂ ਤੇ ਕਾਸਿਮ। ਇੱਕ ਦੂਸਰੇ ਦੇ ਮੂੰਹਾਂ ਵੱਲ ਵੇਖੀ ਜਾਈਏ। ਸਾਡੀ ਦੋਵਾਂ ਲਈ ਬੜੀ ਤ੍ਰਾਸਦਿਕ ਸਥਿਤੀ ਹੋਰ ਵੀ ਸੀ ਕਿਉਂਕਿ ਸਾਡ ੇਪਿੱਠੂ ਬੈਗ ਤੇ ਸਾਡਾ ਪਾਣੀ-ਧਾਣੀ ਵੀ ਹੈਲੌਕਫਪਟਰ ਵਿਚ ਹੀ ਚਲੇ ਗਏ ਸਨ।ਅਸੀਂ ਸਵੇਰ ਦੇ ਭੁੱਖੇ ਤੇ ਪਿਆਸੇ ਸਾਂ।ਉਤੋਂ ਉਨੀਂਦਰਾ ਵੱਖਰਾ।
ਅਸੀਂ ਲਾਸ਼ਾਂ ਵੱਲ ਜਾਣ ਤੋਂ ਪਹਿਲਾਂ ਘਟਨਾ ਸਥਾਨ ਦੇ ਚਾਰ ਚੁਫ਼ੇਰੇ ਦਾ ਜਾਇਜ਼ਾ ਲੈਣ ਲੱਗੇ ਕਿ ਕਿਧਰੇ ਕੋਈ ਨਕਸਲੀ ਛੁਪਨਗਾਹ ਦਾ ਕੋਈ ਚਿੰਨ ਸਾਨੂੰ ਪਤਾ ਲੱਗੇ ਤਾਂ ਕਿ ਅਸੀਂ ਉਨਾਂ ਤੋਂ ਸੁਚੇਤ ਰਹੀਏ। ਮੈਂ ਤੇ ਕਾਸਿਮ ਹੱਥਾਂ ਵਿੱਚ ਏ.ਕੇ. ਸੰਤਾਲੀ ਫੜੀ ਵੱਖੋ-ਵੱਖ ਪਾਸੇ ਸੌ ਮੀਟਰ ਤਕ ਦਾ ਜਾਇਜ਼ਾ ਲੈ ਰਹੇ ਸਾਂ। ਕਾਸਿਮ ਦੀ ਸੀਟੀ ਦੀ ਆਵਾਜ਼ ਮੈਨੂੰ ਸੁਣਾਈ ਦਿੱਤੀ। ਮੈਂ ਘਟਨਾ ਵਾਲੀ ਥਾਂ ਉੱਤੇ ਆ ਗਿਆ। ਮੈਂ ਨੇੜੇ ਤੋਂ ਲਾਸ਼ਾਂ ਦੀ ਪਛਾਣ ਕਰਨ ਲੱਗਿਆ। ਮੁੱਖ ਮੰਤਰੀ ਡਾ. ਵਈ. ਐਸ ਰਾਜ ਸ਼ੇਖਰ ਰੈਡੀ ਦੀ ਲਾਸ਼ ਮੂਧੀ ਪਈ ਸੀ ਤੇ ਉਨਾਂ ਦੀਆਂ ਦੋਵੇਂ ਲੱਤਾਂ ਇਕ ਦੁਜੀ ਨਾਲ ਜੁੜੀਆਂ ਹੋਈਆਂ ਸਨ। ਇਸ ਤੋਂ ਪਹਿਲਾਂ ਮੈਂ ਦੋਵੇਂ ਪਾਇਲਟਾਂ ਨੂੰ ਉਹਨਾਂ ਦੀਆਂ ਚਿੱਟੀਆਂ ਸ਼ਰਟਾਂ ਤੇ ਅਧਸੜੀਆਂ ਕਾਲੀਆਂ ਪੈਟਾਂ ਵਿਚ ਪਛਾਣ ਲਿਆ ਸੀ। ਮੁੱਖ ਮੰਤਰੀ ਦੇ ਸਹਾਇਕ ਅਫ਼ਸਰਾਂ ਦੀਆਂ ਲਾਸ਼ਾਂ ਨੂੰ ਵੀ ਮੈਂ ਨੇੜੇ ਤੋਂ ਪਛਾਣ ਲਿਆ। ਪ੍ਰਿੰਸੀਪਲ ਸਕੱਤਰ ਸੁਬਰਾਮਨੀਅਮ ਦੀ ਲਾਸ਼ ਕਿਧਰੇ ਨਜ਼ਰ ਨਾ ਆਈ। ਮੁੱਖ ਮੰਤਰੀ ਦੀ ਪਛਾਣ ਵੀ ਸਾਨੂੰ ਉਨਾਂ ਦੇ ਬਚੇ ਖੁਚੇ ਚਿੱਟੇ ਕੱਪੜਿਆਂ ਤੋਂ ਹੋਈ ਤੇ ਉਨਾਂ ਦਾ ਪਾਸਪੋੋਰਟ ਵਾਲੇ ਪਰਸ ਤੋਂ ਹੋਈ, ਜਿਸ ਉੱਤੇ ਉਨਾਂ ਦਾ ਸੁਨਹਿਰੀ ਅੱਖਰਾਂ ਵਿੱਚ ਨਾਂ ਲਿਖਿਆ ਹੋਇਆ ਸੀ। ਮੈਂ ਤੇ ਕਾਸਿਮ ਵਾਰ-ਵਾਰ ਅਸਮਾਨ ਵੱਲ ਵੇਖਦੇ ਕਿ ਕਿਧਰੇ ਬੱਦਲਾਂ ਵਿੱਚੋਂ ਹੈਲੀਕੈਪਟਰ ਆਵੇ ਤੇ ਹੋਰ ਦਸਤੇ ਉਤਾਰੇ ਤੇ ਨਾਲੇੇ ਸਾਨੂੰ ਸਾਡੇ ਪਿੱਠੂ ਬੈਗ ਦੇ ਦੇਵੇ। ਨਾ ਪਾਣੀ, ਨਾ ਕੁਝ ਖਾਣ ਨੂੰ। ਸਾਡਾ ਤਾਂ ਨਾਸ਼ਤਾ ਵੀ ਉਹ ਸਾਡੇ ਬੈਗਾਂ ਵਿੱਚ ਨਾਲ ਹੀ ਲੈ ਕੇ ਉੱਡ ਗਿਆ ਸੀ। ਅਸੀਂ ਪੰਜਵੀਂ ਲਾਸ਼ ਸ੍ਰੀ ਸੁਬਰਾਮਨੀਅਮ ਦੀ ਲੱਭਣ ਲੱਗੇ, ਪਰ ਕਿਧਰੇ ਨਜ਼ਰ ਨਹੀਂ ਆ ਰਹੀ ਸੀ। ਮੈਂ ਆਪਣੇ ਨੋਕੀਆ ਫ਼ੋਨ ਐਨ-95 ਨਾਲ ਲਾਸ਼ਾਂ ਦੀਆਂ ਤੇ ਖਿੱਲਰੇ ਹੋਏ ਹੈਲੀਕੈਪਟਰ ਦੀਆਂ ਫ਼ੋਟੋਆਂ ਖਿੱਚਣ ਲੱਗਿਆ। ਮੇਰੇ ਫ਼ੋਨ ਦੀ ਬੈਟਰੀ ਵੀ ਮੁੱਕ ਰਹੀ ਸੀ।
ਪਾਵੁਰਾਲਾ ਗੁੱਟਾ, (ਜਿਸਦਾ ਪੰਜਾਬੀ ਵਿਚ ਸਿੱਧਾ ਅਰਥ ਕਬੂਤਰਾਂ ਦੀ ਪਹਾੜੀ ਹੈ ਅਤੇ ਜਿਸਨੂੰ ਟਾਈਗਰ ਪਹਾਵੀ ਦੇ ਨਾਂ ਨਾਲ ਵੀ ਜਾਅਿਾਂ ਜਾਂਦਾ ਹੈ), ਉਤ ਵਾਪਰੀ ਇਸ ਘਟਨਾ ਤੋਂ ਇਕ ਦਿਨ ਇਕ ਸੀਨੀਅਰ ਅਫ਼ਸਰ ਵੱਲੋਂ ਭੇਜਿਆ ਇਕ ਅੱੈਸ.ਐਮ.ਐਸ. ਮੁੱਖ ਮੰਤਰੀ ਦੇ ਸੁਰੱਖਿਆ ਅਫ਼ਸਰ ਵੈਸਲੀ ਦੇ ਫ਼ੋਨ ਵਿੱਚ ਡਿਲਿਵਰ ਹੋ ਜਾਣ ਨਾਲ ਇਹ ਗੱਲ ਤਾਂ ਸਪਸ਼ਟ ਹੋ ਗਈ ਸੀ ਕਿ ਜੰਗਲ ਵਿੱਚ ਨੇੜੇ-ਤੇੜੇ ਮੋਬਾਇਲ ਟਾਵਰ ਹੈ। ਮੈਂ ਤੇ ਕਾਸਿਮ ਸਿਗਨਲ ਲੱਭਦੇ ਹੋਏ ਇਸ ਪਹਾੜੀ ਦੀ ਚੋਟੀ ਉੱਤੇ ਆ ਗਏ ਸਾਂ। ਇੱਕ ਡੰਡੀ ਦਾ ਸਿਗਨਲ ਆਇਆ ਵੇਖ ਕੇ ਜਿਵੇਂ ਸਾਡੀ ਜਾਨ 'ਚ ਜਾਨ ਆ ਗਈ ਹੋਵੇ। ਅਸੀਂ ਇਕ ਦੂਸਰੇ ਵੱਲ ਸੰਤੁਸ਼ਟੀ ਭਰੀਆਂ ਨਜ਼ਰਾਂ ਨਾਲ ਵੇਖਿਆ।
ਮੈਂ ਗਰੇਅ-ਹਾਊਂਡ ਦੇ ਮੁਖੀ ਤੇ ਆਈ.ਜੀ. ਸ੍ਰੀ ਅੰਜਨੀ ਕੁਮਾਰ ਨੂੰ ਫ਼ੋਨ ਲਾਇਆ ਪਰ ਨਾ ਮਿਲਿਆ। ਫਿਰ ਮੈਂ ਡੀ.ਆਈ.ਜੀ. ਸ੍ਰੀ ਵੇਣੂੰ ਗੋਪਾਲ ਨੂੰ ਫ਼ੋਨ ਲਾਇਆ, ਨਹੀਂ ਮਿਲਿਆ। ਉਨ੍ਹਾਂ ਨੂੰ ਦੋਬਾਰਾ ਫ਼ੋਨ ਮਿਲਾਉਣ 'ਤੇ ਮਿਲ ਗਿਆ ਤਾਂ ਮੈਂ ਉਨਾਂ ਨੂੰ ਸਾਰੀ ਸਥਿਤੀ ਦੱਸੀ ਤੇ ਕਿਹਾ, " ਸਰ, ਮੁੱਖ ਮੰਤਰੀ ਜੀ ਨਹੀਂ ਰਹੇ, ਅਤੇ ਜਾਪਦੈ ਉਨਾਂ ਦੇ ਨਾਲ ਦੇ ਸਾਰੇ ਸਾਥੀ ਵੀ ਮਾਰੇ ਗਏ ਹਨ।" ਕੁੱਲ ਚਾਰ ਲਾਸ਼ਾਂ ਲੱਭ ਗਈਆਂ ਸਨ। ਡੀ.ਆਈ.ਜੀ. ਸਾਹਿਬ ਕਹਿਣ ਲੱਗੇ, ''ਤੁਸੀਂ ਇਹੋ ਸਾਰਾ ਹਾਲ-ਹਵਾਲ ਆਈ.ਜੀ. ਸਾਹਿਬ ਨੂੰ ਦੱਸੋ।" ਮੈਂ ਫੋਨ ਦੀ ਮੁੱਕ ਰਹੀ ਬੈਟਰੀ ਵੱਲ ਵੇਖਿਆ ਹੀ ਸੀ ਕਿ ਆਈ.ਜੀ. ਸਾਹਿਬ ਦਾ ਫ਼ੋਨ ਆ ਗਿਆ। ਉਹ ਅੱਗੋਂ ਕਹਿਣ ਲੱਗੇ ਕਿ ਵਿਕਰਮ, ਤੁਸੀਂ ਇਹ ਸਾਰੀ ਗੱਲ ਆਂਧਰਾ ਪ੍ਰਦੇਸ਼ ਦੇ ਡੀ.ਜੀ.ਪੀ. ਸ੍ਰੀ ਐਸ.ਐਸ.ਪੀ. ਯਾਦਵ ਨੂੰ ਦੱਸੋ। ਡੀ.ਜੀ.ਪੀ. ਸਾਹਿਬ ਉਸ ਵੇਲੇ ਇਸੇ ਹੀ ਮਾਮਲੇ ਵਿਚ ਜ਼ਰੂਰੀ ਮੀਟਿੰਗ ਕਰ ਰਹੇ ਸਨ। ਆਂਧਰਾ ਪ੍ਰਦੇਸ਼ ਦੇ ਰਾਜਨੀਤਕ ਹਲਕਿਆਂ, ਪ੍ਰਸਾਸ਼ਨ ਤੇ ਪੁਲਿਸ ਵਿੱਚ ਇਸ ਘਟਨਾ ਕਾਰਨ ਭਾਰੀ ਪ੍ਰੇਸ਼ਾਨੀ ਬਣੀ ਹੋਈ ਸੀ।ਪੁਲੀਸ ਉਤੇ ਖਾਸ ਤੌਰ 'ਤੇ ਘਟਨਾ ਵਾਲੀ ਤਾਂ ਅਤੇ ਮੁੱਖ ਮੰਤਰੀ ਸਮੇਤ ਉਹਨਾਂ ਦੇ ਸਾਥੀਆਂ ਨੂੰ ਹਰ ਹਾਲਤ ਵਿੱਚ ਲੱਭਣ ਲਈ ਭਾਰੀ ਤੋਂ ਭਾਰੀ ਦਬਾਓ ਅਤੇ ਤਣਾਓ ਬਣਿਆ ਪਿਆ ਸੀ। ਮੇਰਾ ਡੀ.ਜੀ.ਪੀ ਸਾਹਿਬ ਨਾਲ ਸੰਪਰਕ ਹੋ ਗਿਆ, ਤਾਂ ਉਨਾਂ ਭਰੀ ਮੀਟਿੰਗ ਵਿੱਚ ਪੁੱਛਿਆ ਕਿ ਕੀ ਇਹ ਸੱਚ ਹੈ ਕਿ ਮੁੱਖ ਮੰਤਰੀ ਜੀ ਨਹੀਂ ਰਹੇ? ਮੈਂ ਅਫ਼ਸੋਸ ਵਿੱਚ ਡੁੱਬੇ ਹੋਏ ਨੇ ਜੁਆਬ ਦਿੱਤਾ, ''ਜੀ ਸਰ, ਇਹ ਬਿਲਕੁਲ ਸੱਚ ਹੈ।''
ਮੈਨੂੰ ਨਿੱਜੀ ਤੌਰ 'ਤੇ ਅਫ਼ਸੋਸ ਇਸ ਲਈ ਵੀ ਸੀ ਕਿਉਂਕਿ ਹਾਲੇ ਇਕ ਮਹੀਨਾ ਪਹਿਲਾਂ ਇਸੇ ਜ਼ਿਲੇ ਵਿੱਚ ਜਦ ਮੈਂ ਏ.ਐਸ.ਪੀ. (ਅੰਡਰ ਟ੍ਰੇਨਿੰਗ) ਸਾਂ ਤਾਂ ਮੁੱਖ ਮੰਤਰੀ ਜੀ ਨੇ ਮੇਰੀ ਜੇਬ ਉੱਤੇ ਲੱਗੀ ਨੇਮ ਪਲੇਟ ਨੂੰ ਵੇਖ ਕੇ ਕਿਹਾ ਸੀ, "ਮਿਸਟਰ ਦੁੱਗਲ, ਆਲ ਦਾ ਬੈਸਟ...।" ਮੁੱਖ ਮੰਤਰੀ ਜੀ ਆਹੋ-ਬਿਲਮ ਮੰਦਰ ਵਿੱਚ ਮੱਥਾ ਟੇਕਣ ਇਸੇ ਹੈਲੀਕੈਪਟਰ ਉਤੇ ਆਏ ਸਨ ਤੇ ਮੈਂ ਆਪਣੇ ਐਸ.ਐਸ.ਪੀ. ਨਾਲ ਉੱਥੇ ਉਨਾਂ ਨੂੰ ਰਿਸੀ ਕੀਤਾ ਸੀ। ਖ਼ੈਰ!
ਡੀ.ਜੀ.ਪੀ. ਸਾਹਿਬ ਨੇ ਕਿਹਾ ਕਿ ਤੁਸੀਂ ਉਥੇ ਹੀ ਰਹੋ, ਅਗਲੇ ਹੁਕਮਾਂ ਦੀ ਉਡੀਕ ਕਰੋ। ਨਾਲ ਹੀ ਉਨਾਂ ਹੁਕਮ ਦਿੱਤੇ ਕਿ ਲਾਸ਼ਾਂ ਨਾਲ ਕਿਸੇ ਨੂੰ ਛੇੜ-ਛਾੜ ਨਹੀਂ ਕਰਨ ਦੇਣੀ ਤੇ ਪੰਜਵੀਂ ਲਾਸ਼ ਸ੍ਰੀ ਸੁਬਰਾਮਨੀਅਮ ਦੀ ਵੀ ਲੱਭੀ ਜਾਵੇ। ਉਨਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਜੀ ਦਾ ਇੱਕ ਛੋਟਾ ਜਿਹਾ ਲਾਲ ਰੰਗ ਦਾ ਬੈਗ ਹੈ, ਉਹ ਵੀ ਲੱਭੋ ਤੇ ਸੰਭਾਲ ਕੇ ਰੱਖੋ। ਇਹ ਸਾਰੇ ਹੁਕਮ ਲੈ ਕੇ ਮੈਂ ਤੇ ਕਾਸਿਮ ਫਿਰ ਮੌਕੇ ਵਾਲੀ ਜਗਾ ਵੱਲ ਨੂੰ ਭੱਜੇ। ਮੈਂ ਕਾਸਿਮ ਨੂੰ ਕਿਹਾ, ''ਕਾਸਿਮਾ, ਆਪਾਂ ਅਗਲੇ ਹੁਕਮ ਕਿਵੇਂ ਲਵਾਂਗੇ, ਜਦ ਇੱਥੇ ਫ਼ੋਨ ਦਾ ਸਿਗਨਲ ਹੀ ਹੈਨੀ। '' ਕਾਸਿਮ ਚੁੱਪ ਕਰਿਆ ਰਿਹਾ।
''ਆਪਾਂ ਪ੍ਰਿੰਸੀਪਲ ਸਕੱਤਰ ਦੀ ਲਾਸ਼ ਲੱਭੀਏ...।'' ਮੈਂ ਕਾਸਿਮ ਨੂੰ ਆਖਦਾ ਹਾਂ।
ਏਧਰ-ਓਧਰ ਤੁਰਦਾ ਹੋਇਆ ਜਦ ਮੈਂ ਹੈਲੀਕੈਪਟਰ ਦੇ ਅਗਲੇ ਹਿੱਸੇ ਵੱਲ ਆਉਂਦਾ ਹਾਂ ਤਾਂ ਉਥੇ ਬਹੁਤ ਬਦਬੂ ਆ ਰਹੀ ਸੀ ਤੇ ਅਗਲੇ ਹਿੱਸੇ ਵਿੱਚ ਇਕ ਸਿਰ-ਕਟੀ ਲਾਸ਼ ਫਸੀ ਹੋਈ ਸੀ, ਇਹ ਲਾਸ਼ ਸੁਬਰਾਮਨੀਤਮ ਦੀ ਹੀ ਸੀ।ਛੇਤੀ ਹੀ ਸਾਨੂੰ ਲਾਲ ਬੈਗ ਵੀ ਲੱਭ ਗਿਆ, ਜੋ ਅਧਸੜੀ ਹਾਲਤ ਵਿੱਚ ਸੀ। ਅਸੀਂ ਭਜੇ ਭਜੇ ਫਿਰ ਉੱਚੀ ਥਾਂ ਉੱਤੇ ਆਏਹਫਦੇ-ਹਫਦੇ ਤੇ ਡੀ.ਜੀ.ਪੀ. ਨੂੰ ਫ਼ੋਨ ਲਾਇਆ । ਪੰਜਵੀਂ ਲਾਸ਼ ਤੇ ਮੁੱਖ ਮੰਤਰੀ ਦਾ ਲਾਲ ਬੈਗ ਮਿਲ ਜਾਣ ਬਾਰੇ ਉਹਨਾਂ ਨੂੰ ਦੱਸਿਆ। ਉਨਾਂ ਸਾਨੂੰ ਫਿਰ ਅਗਲੇ ਹੁਕਮਾਂ ਦੀ ਉਡੀਕ ਕਰਨ ਲਈ ਆਖਿਆ। ਅਸੀਂ ਫਿਰ ਹੇਠਾਂ ਆ ਗਏ। ਸਾਨੂੰ ਹੀ ਪਤਾ ਸੀ ਜਾਂ ਸਾਡਾ ਰੱਬ ਹੀ ਜਾਣਦਾ ਸੀ, ਸਾਡੇ ਉੱਤੇ ਕੀ ਬੀਤ ਰਹੀ ਸੀ। ਪਾਣੀ ਮਿਲਣਾ ਵੀ ਦੂਰ ਰਿਹਾ, ਖਾਣਾ ਤਾਂ ਕੀ ਸੀ? ਉੱਤੋਂ ਮਾਉਵਾਦੀਆਂ ਦੀ ਕਿਸੇ ਵੇਲੇ ਵੀ ਆਮਦ ਹੋ ਜਾਣ ਦਾ ਡਰ ਵੱਖਰਾ ਸਤਾ ਰਿਹਾ ਸੀ।
ਲਗਪਗ ਗਿਆਰਾਂ ਵੱਜੇ ਹੋਣਗੇ। ਆਰਮੀ ਦਾ ਇਕ ਹੈਲੀਕੌਪਟਰ ਮੌਕੇ ਦੀ ਥਾਂ ਉੱਤੇ ਮੰਡਰਾਉਂਦਾ ਹੋਇਆ ਨੀਵਾਂ ਹੋਣ ਲੱਗਿਆ। ਉਸ ਵਿੱਚੋਂ ਦੋ ਆਰਮੀ ਅਫ਼ਸਰ ਉਤਰੇ ਤੇ ਆਪੋ ਆਪਣੇ ਕੈਮਰੇ ਲੈ ਕੇ ਘਟਨਾ ਸਥਾਨ ਵੱਲ ਵਧੇ। ਜਦ ਉਹ ਲਾਸ਼ਾਂ ਤੇ ਹੋਰ ਵਸਤਾਂ ਨਾਲ ਛੇੜ-ਛਾੜ ਕਰਨ ਲੱਗੇ ਤਾਂ ਮੈਂ ਆਪਣੀ ਜਾਣ-ਪਛਾਣ ਕਰਾਵਈ ਤੇ ਕਿਹਾ ਕਿ ਮੈਂ ", ਡੀ ਜੀ ਪੀ ਸਾਹਬ ਦਾ ਹੁਕਮ ਹੈ ਕਿ ਅਸੀਂ ਲਾਸ਼ਾਂ ਆਦਿ ਨਾਲ ਕਿਸੇ ਤਰਾਂ ਦੀ ਕੋਈ ਛੇੜ-ਛਾੜ ਨਹੀਂ ਕਰਨ ਦੇਣੀ"। ਪਰ ਉਨਾਂ ਫ਼ੋਟੋਆਂ ਖਿੱਚਣੀਆਂ ਜਾਰੀ ਰੱਖੀਆਂ ਤੇ ਫਿਰ ਇਕ ਪਾਸੇ ਜਾ ਕੇ ਬੈਠ ਗਏ। ਕੁਝ ਮਿੰਟਾਂ ਮਗਰੋਂ ਉਨਾਂ ਨੂੰ ਉਨਾਂ ਦੀ ਵਾਇਰਲੈੱਸ ਉੱਤੇ ਸੁਨੇਹਾ ਆਇਆ ਕਿ ਕੁਝ ਮਾਓਵਾਦੀ ਇਸ ਘਟਨਾ ਸਥਾਨ ਵੱਲ ਵਧ ਰਹੇ ਸਨ। ਹਫ਼ੜਾ-ਤਫੜੀ ਵਿੱਚ ਉਨਾਂ ਨੇ ਵਾਇਰਲੇਸ ਰੲਹੀਂ ਆਪਣੇ ਜਹਾਜ਼ ਦੇ ਪਾਇਲਟ ਨੂੰ ਕਿਹਾ ਕਿ ਛੇਤੀ ਤੋਂ ਛੇਤੀ ਸਾਨੂੰ ਇੱਥੋਂ ਲੈ ਜਾਹ। ਇਹ ਸੁਣ ਮੈਂ ਤੇ ਕਾਸਿਮ ਹੋਰ ਵੀ ਡਰ ਗਏ ਕਿ ਹੁਣ ਸਾਡਾ ਕੀ ਬਣੇਗਾ? ਆਰਮੀ ਦਾ ਉਹੀ ਜਹਾਜ਼ ਆਇਆ ਤੇ ਉਨਾਂ ਦੋਵਾਂ ਨੂੰ ਲੈ ਕੇ ਉੱਡਦਾ ਬਣਿਆ। ਅਸੀਂ ਦੋਵੇਂ ਫਿਰ ਉੱਚੀ ਜਗਾ ਵੱਲ ਭੱਜੇ ਤੇ ਜਿਉਂ ਹੀ ਇਕ ਡੰਡੀ ਵਾਲਾ ਸਿਗਨਲ ਮਿਲਿਆ ਤਾਂ ਆਈ.ਜੀ. ਸਾਹਿਬ ਨੂੰ ਦੱਸਿਆ ਕਿ ਸਰ, ਆਰਮੀ ਦੀ ਸੂਚਨਾ ਮੁਤਾਬਕ ਸਾਡੇ ਵੱਲ ਮਾਓਵਾਦੀਆਂ ਦਾ ਟੋਲਾ ਆ ਰਿਹਾ ਹੈ। ਆਈ.ਜੀ. ਸਾਹਿਬ ਬੋਲੇ, ''ਉਹ ਮਾਓਵਾਦੀ ਨਹੀਂ , ਸਗੋਂ ਆਪਣੇ ਕਮਾਂਡੋ ਹੀ ਆ ਰਹੇ ਹੋਣਗੇ, ਘਬਰਾਓ ਨਹੀਂ।'' ਅਸੀਂ ਕੁਝ ਹੌਸਲਾ ਜਿਹਾ ਲੈ ਕੇ ਫਿਰ ਘਟਨਾ ਵਾਲੀ ਥਾਵੇਂ ਆ ਖਲੋਤੇ। ਮੈਂ ਕਾਸਿਮ ਨੂੰ ਆਖਿਆ, ''ਕਿਸੇ ਤਰਾਂ ਆਪਾਂ ਆਪਣੇ ਕਮਾਂਡੋ ਦਸਤੇ ਦੀ ਪਛਾਣ ਕਰੀਏ।'' ਉਸ ਨੇ ਇਕ ਖ਼ਾਸ ਤਰਾਂ ਦੀ ਸੀਟੀ ਮਾਰ ਕੇ ਉਨਾਂ ਵੱਲ ਸਿਗਨਲ ਕਰ ਦਿੱਤਾ ਤਾਂ ਅੱਗਿਉਂ ਵੀ ਸੀਟੀ ਦਾ ਜੁਆਬ ਆ ਗਿਆ। ਸਾਡੇ ਸਾਹਾਂ ਵਿੱਚ ਸਾਹ ਆਏ ਕਿ ਸਾਡੇ ਹੀ ਜੁਆਨ ਸਾਡੇ ਵੱਲ ਵੱਧ ਰਹੇ ਹਨ। ਅਸੀਂ ਦੋਵਾਂ ਨੇ ਇਕ ਦੂਜੇ ਨਾਲ ਹੱਥ ਮਿਲਾਏ ਕਿ ਸ਼ੁਕਰ ਹੈ ਸਾਡੀ ਜਾਨ ਵੀ ਬਚ ਗਈ ਤੇ ਪੀਣ ਲਈ ਪਾਣੀ-ਧਾਣੀ ਵੀ ਮਿਲੇਗਾ ਸਾਨੂੰ। ਕਮਾਂਡੋਆਂ ਦੇ ਦੋ ਦਸਤੇ ਕੁਝ ਚੇਂਚੂ ਆਦਿਵਾਸੀਆਂ ਨਾਲ ਸਾਡੇ ਵੱਲ ਵੱਧ ਰਹੇ ਸਨ। ( ਚੇਂਚੂ ਆਦ ਵਾਸ ਿਇਸ ਇਲਾਕੇ ਦੇ ਮੂਲ ਵਸਨੀਕ ਹਨ। ਇਹ ਲੋਕ ਕਮਾਡੋਆਂ ਦੀ ਅਗਵਾਈ ਕਰਕੇ ਘਟਨਾ ਵਾਲੀ ਤਾਂ ਵੱਲ ਆ ਰਹੇ ਸਨ)
ਆਈ.ਜੀ. ਸਾਹਿਬ ਨੇ ਮੈਨੂੰ ਫ਼ੋਨ ਉੱਤੇ ਇਹ ਵੀ ਆਖਿਆ ਸੀ, ''ਮੈਂ ਤੁਹਾਡੇ ਪਾਸ ਕੁਛ ਸਮਾਨ, ਮਾਸਕ, ਦਸਤਾਨੇ, ਚਿੱਟੀਆਂ ਚਾਦਰਾਂ ਵਗੈਰਾ ਭੇਜ ਰਿਹਾਂ। ਇਨਾਂ ਦੀ ਵਰਤੋਂ ਕਰ ਕੇ ਲਾਸਾਂ ਨੂੰ ਲਪੇਟ ਲੈਣਾ।"
ਤੁਰਦੇ-ਤੁਰਦੇ ਕਮਾਂਡੋ ਚੇਂਚੂਆਂ ਦੀ ਸਹਾਇਤਾ ਨਾਲ ਸਾਡੇ ਪਾਸ ਆ ਪੁੱਜੇ ਤੇ ਇਕ ਹੈਲੀਕੈਪਟਰ ਚਾਦਰਾਂ ਵਗ਼ੈਰਾ ਹੇਠਾਂ ਸੁੱਟਣ ਆ ਗਿਆ। ਚੇਂਚੂ ਲਾਸ਼ਾਂ ਨੂੰ ਪੋਟਲੀਆਂ ਵਿੱਚ ਬੰਨਣ ਲਈ ਸਾਡੀ ਮੱਦਦ ਕਰਨ ਲੱਗੇ। ਪੰਜ ਲਾਸ਼ਾਂ ਦੀਆਂ ਗੰਢਾਂ ਬੱਝ ਗਈਆਂ, ਮੈਂ ਆਪਣੀ ਜਿੰਦਗੀ ਵਿੱਚ ਪੰਜ ਲਾਸ਼ਾ ਪਹਿਲੀ ਵਾਰ ਦੇਖਅਿਾਂ ਸਨ। ਇਹ ਅਸੀਂ ਕਰਨੂਲ ਹੈਡਕੁਆਟਰ ਵੱਲ ਭਿਜਵਾਉਣੀਆਂ ਸਨ। ਹੈਲੀਕੈਪਟਰ ਸਾਡੇ ਉੱਪਰ ਮੰਡਰਾ ਰਿਹਾ ਸੀ। ਰੋਟਰਾਂ ਦੀ ਤੇਜ਼ ਹਵਾ ਕਿਸੇ ਝੱਖੜ ਵਾਂਗ ਰੁੱਖਾਂ ਤੇ ਆਲ਼ੇ-ਦੁਆਲ਼ੇ ਨੂੰ ਪਰੇ ਵਗਾਹ-ਵਗਾਹ ਮਾਰ ਰਹੀ ਸੀ। ਹੈਲੀਕੈਪਟਰ ਤੋਂ ਲੰਮਾ ਤੇ ਮੋਟਾ ਰੱਸਾ ਹੇਠਾਂ ਲਮਕਿਆ। ਮੈਂ ਅੱਗੇ ਹੋ ਕੇ ਚੇਂਚੂਆਂ ਦੀ ਮਦਦ ਨਾਲ ਲਾਸ਼ ਪੋਟਲੀ ਚੁੱਕਦਾ ਤੇ ਰੱਸੇ ਦੇ ਕੁੰਡੇ ਨਾਲ ਟੰਗ ਦਿੰਦਾ। ਉਸ ਵੇਲੇ ਆਈ.ਜੀ. ਰਾਜੀਵ ਤ੍ਰਿਵੇਦੀ ਵੀ ਘਟਨਾ ਵਾਲੀ ਥਾਵੇ ਆਣ ਪੁੱਜੇ ਸਨ। ਮੈਂ ਬੜੀ ਬਰੀਕੀ ਨਾਲ ਉਹਨਾਂ ਨੂੰ ਸਾਰੀ ਸਥਿਤੀ ਬਾਰੇ ਜਾਣੂ ਕਰਵਾਇਆ। ਥੋੜੀ ਦੇਰ ਬਾਅਦ ਜਿਲੇ ਦੇ ਪੁਲੀਸ ਮੁਖੀ ਸ੍ਰੀ ਕਾਤ ਵੀ ਆ ਪੁੱਜੇ। ਦੋਵੇਂ ਅਫ਼ਸਰਾਂ ਨੇ ਸਾਨੂੰ ਔਖਾ ਤੇ ਦੁਖਦਾਈ ਮੌਕਾ ਸੰਭਾਲਣ ਲਈ ਸਾਡੇ ਹੌਸਲੇ ਵਧਾਏ। ਹੈਲੀਕੈਪਟਰ ਲਾਸ਼ਾਂ ਲੈ ਕੇ ਉੱਡ ਗਿਆ ਤੇ ਅਸੀਂ ਗਰੇਅ ਹਾਊਂਡ ਦੇ ਦੋ ਦਸਤੇ ਘਟਨਾ ਸਥਾਨ ਉੱਤੇ ਛੱਡ ਕੇ ਪਹਾੜੀ ਉੱਤੋਂ ਹੇਠਾਂ ਨੂੰ ਉਤਰਨ ਲੱਗੇ। ਆਥਣ ਹੋਣ ਲੱਗੀ। ਮੀਂਹ ਵੀ ਜ਼ੋਰ ਨਾਲ ਵਰ੍ਹ ਪਿਆ। ਅਸੀਂ ਲਗਭਗ ਛੇ ਘੰਟੇ ਦੇ ਪੈਦਲ ਸਫ਼ਰ ਮਗਰੋਂ ਆਤਮਾਕੁਰ ਦੇ ਡੀ.ਐਸ.ਪੀ. ਦਫ਼ਤਰ ਵਿੱਚ ਜਾ ਪੁੱਜੇ।
ਫੋਨ-833-294-1100
-
ਵਿਕਰਮਜੀਤ ਦੁੱਗਲ ਆਈ.ਪੀ.ਐੱਸ, ਲੇਖਕ
ninder_ghugianvi@yahoo.com
833-294-1100
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.