ਖ਼ਬਰ ਹੈ ਕਿ ਹਰਿਆਣਾ ਦੇ ਜਾਟ ਆਕਰਸ਼ਣ ਅੰਦੋਲਨ ਦੇ ਦੌਰਾਨ ਮੂਰਥਲ ਵਿੱਚ ਰੇਪ ਹੋਇਆ ਸੀ । ਦੇਖਣ ਵਾਲੇ ਇਹ ਗੱਲ ਲਗਾਤਾਰ ਬਿਆਨ ਕਰ ਰਹੇ ਕਿ ਅੰਦੋਲਨ ਦੌਰਾਨ ਔਰਤਾਂ ਦੀ ਸ਼ਰੇਆਮ ਪੱਤ ਲੁੱਟੀ ਗਈ । ਉਨਾਂ ਨਾਲ ਰੇਪ ਕੀਤਾ। ਜਦਕਿ ਹਰਿਆਣਾ ਸਰਕਾਰ ਇਸ ਤੋਂ ਇਨਕਾਰ ਕਰ ਰਹੀ ਹੈ । ਪਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਪਸ਼ਟ ਕਿਹਾ ਕਿ ਹਰਿਆਣਾ ਸਰਕਾਰ ਇਸ ਤੋਂ ਮੁਕਰ ਨਹੀਂ ਸਕਦੀ । ਹਰਿਆਣਾ ਸਰਕਾਰ ਵਲੋਂ ਬਣਾਈ ਗਈ ਇਨੁਕਆਰੀ ਕਮੇਟੀ ਨੇ ਰਿਪੋਰਟ ਹਾਈ ਕੋਰਟ 'ਚ ਪੇਸ਼ ਕੀਤੀ ਸੀ ਕਿ ਔਰਤਾਂ ਦੇ ਕਪੜਿਆਂ ਉਤੇ ਜੋ ਮਨੁੱਖੀ ਵੀਰਜ਼ ਵੇਖੇ ਗਏ , ਉਹ ਹਿਰਾਸਤ ਵਿਚ ਲਏ ਗਏ ਦੋਸ਼ੀਆਂ ਦੇ ਵੀਰਜ਼ ਨਾਲ ਨਹੀਂ ਮਿਲਦੇ । ਸਰਕਾਰ ਨੇ ਇਹ ਵੀ ਕਿਹਾ ਕਿ ਕੋਈ ਪੀੜਤ ਔਰਤ ਵੀ ਸਾਹਮਣੇ ਨਹੀਂ ਆਾਈ ਅਤੇ ਨਾ ਹੀ ਕੋਈ ਚਸ਼ਮਦੀਦ ਗਵਾਹ ਸਾਹਮਣੇ ਆਇਆ ਹੈ।
ਦਿਲੀ ਅਤੇ ਦੇਸ਼ ਦੇ ਹੋਰ ਸ਼ਹਿਰਾਂ 'ਚ ਕਤਲੇਆਮ ਹੋਇਆ , ਲੁੱਟ ਮਾਰ ਹੋਈ , ਇੱਕ ਵਰਗ ਦੇ ਮਨੁੱਖਾਂ ਦੇ ਗਲਾਂ 'ਚ ਟਾਇਰ ਪਾਕੇ ਉਨਾਂ ਨੁੰ ਜਾਲਿਆ ਗਿਆ , ਔਰਤਾਂ ਦੀ ਪੱਤ ਲੁੱਟ ਗਈ , ਬੱਚੇ ਕੁਚਲ ਦਿਤੇ ਗਏ , ਮਨੁੱਖੀ ਸਰੀਰ ਵਿੰਨ ਦਿਤੇ ਗਏ । ਨਾ ਦੇਸ਼ ਦਾ ਰਾਜਾ ਬੋਲਿਆ , ਨਾ ਰੰਕ! ਚੀਖਾਂ, ਪੁਕਾਰਾਂ , ਅਵਾਜ਼ਾਂ ਸਭ ਦਫ਼ਨ ਹੋ ਗਈਆ, ਹਵਾ 'ਚ ! ਅਦਾਲਤਾਂ 'ਚ ਇਨਸਾਫ ਲੱਭਦੇ ਬੰਦੇ ਦੁਨੀਆਂ ਤੋਂ ਹੀ ਰੁਖਸਤ ਹੋ ਗਏ । ਕਹਿੰਦੇ ਨੇ ਤੇਰੀਂ ਸਾਲੀਂ ਰੂੜੀ ਦੀ ਵੀ ਸੁਣੀ ਜਾਂਦੀ ਆ ,ਪਰ ਤੇਤੀ ਕਰੋੜ ਦੇਵੀ ਦੇਵਤਿਆਂ ਦੇ ਦੇਸ਼ 'ਚ ਤਾਂ ਭਾਈ ਤੇਤੀ ਵਰੇ ਬੀਤ ਗਏ ਲੋਕਾਂ ਨੂੰ “ਆਪਣਿਆਂ” ਦੀਆਂ ਹੱਡੀਆਂ ਦਾ ਹਿਸਾਬ ਲੱਭਦਿਆਂ?
ਇਹ ਭਾਈ ਦੇਸ਼ ਹੀ ਇਹੋ ਜਿਹਾ ਆ । ਜਿਥੋਂ ਦਾ ਹਾਕਮ ਔਰਤਾਂ ਦੇ ਜ਼ਬਰ ਹੁੰਦਿਆਂ ਵੇਖ ਅੱਖਾਂ ਮੀਟ ਲੈਂਦਾ ਆ । ਜਿਥੋਂ ਦਾ ਹਾਕਮ ਭੁਖ ਨਾਲ ਮਰਦੇ-ਕੁਰਲਾਉਂਦੇ ਬੱਚਿਆਂ , ਬੁਢਿਆਂ , ਔਰਤਾਂ ਦੀਆਂ ਪੁਕਾਰਾਂ ਇੱਕ ਕੰਨੋ ਸੁਣ ਦੂਜੇ ਕੰਨ ਥਾਣੀ ਬਾਹਰ ਸੁੱਟ ਦਿੰਦਾ ਆ। ਜਿਥੋਂ ਦੇ ਹਾਕਮ ਲਈ “ਆਮ ਆਦਮੀ “ ਆਦਮੀ ਨਹੀਂ ਬੱਸ ਇੱਕ ਵੋਟ ਆ , ਵਰਤੋਂ ਦੀ ਚੀਜ਼ , ਜਦੋਂ ਲੋੜ ਹੋਈ ਵਰਤ ਲਈ , ਫਿਰ ਕੂੜੇ ਦੇ ਢੇਰ ਦਾ ਸ਼ਿੰਗਾਰ ਬਣਾ ਦਿੱਤੀ । ਇਹ ਹਾਲ , ਭਾਈ ਹਾਕਮਾਂ ਦੇ ਗੁਰਗਿਆਂ, ਗੈਂਗਾਂ ਦਾ ਆ , ਜਿਹਨਾ ਨੂੰ ਜਦੋਂ ਹਲਕਾਅ ਚੜਦਾ ਆ , ਉਨਾਂ ਅੱਗੇ ਨਾ ਕੋਈ ਮਾਂ ਦਿਸਦੀ ਆ ਨਾ ਭੈਣ। ਉਨਾਂ ਨੂੰ ਤਾਂ ਬੰਦਾ ਵੀ ਗਾਜਰ ਮੂਲੀ ਦੀਹਦਾ , ਜੀਹਨੂੰ ਉਹ ਜਦੋਂ ਜੀਅ ਆਇਆ ਤਰਾਸ਼ ਕੇ ਰੱਖ ਦਿੰਦੇ ਆ । ਤੇ ਇਸ ਦੇਸ਼ ਦੇ ਲੋਕ ਭਾਈ ਅਮਨ ਦੇ ਆ ਪੁਜਾਰੀ , ਸ਼ਾਂਤੀ ਦੇ ਦੂਤ , ਜਿਨਾਂ ਨੂੰ ਜ਼ੁਲਮ ਸਹਿਣ ਦੀ ਸਦੀਆਂ ਤੋਂ ਆਦਤ ਹੋ ਗਈ ਆ । ਤਦੇ ਤਾਂ ਮਹਾਨ ਦੇਸ਼ ਦੇ ਇਨਾਂ ਮਹਾਨ ਲੋਕਾਂ ਤੇ ਇਨਾਂ ਹਾਕਮਾਂ ਬਾਰੇ ਕਵੀ ਕਮਲਦੀਪ ਲਿਖਦਾ ਆ , “ ਵਾੜ ਖਾਂਦੀ ਰਹੀ ਖੇਤ ਨੂੰ ਖੇਤ ਵੀ ਚੁੱਪ ਰਿਹਾ , ਜਿਸ ਤਰਾਂ ਦੇ ਹਾਲਤ ਤੇਰੇ ਸ਼ਹਿਰ ਵਿਚ । ਇਸ ਨਗਰ ਦੇ ਇਨਸਾਨ ਬਰਫ ਹੋ ਗਏ , ਚਮਕਦਾ ਹੈ ਸੂਰਜ ਠੱਰੀ ਦੁਪਿਹਰ ਤੇਰੇ ਸ਼ਹਿਰ ਵਿਚ !!
ਚੁੱਕ ਦਿਆਂਗੇ ਫੱਟੇ ਨੱਪ ਦਿਆਂਗੇ ਕੀਲੀ
ਖ਼ਬਰ ਹੈ ਕਿ ਨਵੇਂ ਬਣੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਬਾਦਲਾਂ ਵਿਰੁੱਧ ਸਿਆਸੀ ਹੱਲੇ ਕਰਦਿਆਂ ਕਿਹਾ ਕਿ ਦਸ ਸਾਲ ਦੇ ਰਾਜ ਵਿਚ ਬਾਦਲਾਂ ਨੇ ਸੂਬੇ ਨੂੰ ਲੁੱਟਕੇ ਆਪਣਾ ਘਰ ਭਰ ਲਿਆ ਹੈ । ਇਨਾਂ ਸਾਲਾਂ ਵਿੱਚ ਬਾਦਲਾਂ ਦੀਆਂ ਬੱਸਾਂ ਦੀ ਗਣਤੀ 50 ਤੋਂ ਵੱਧਕੇ 600 ਹੋ ਗਈ ਤੇ ਸੂਬੇ ਸਿਰ 1.88 ਲੱਖ ਕਰੋੜ ਦਾ ਕਰਜ਼ਾ ਹੋ ਗਿਆ । ਸਿੱਧੂ ਨੇ ਕਿਹਾ ਕਿ ਤਾਮਿਲਨਾਡੂ 'ਚ ਸ਼ਰਾਬ ਦੇ 6323 ਠੇਕੇ ਹਨ ਅਤੇ ਆਮਦਨ 26188 ਕਰੋੜ ਹੈ ਅਤੇ ਪੰਜਾਬ ਵਿੱਚ 12500 ਠੇਕੇ ਹਨ ਅਤੇ ਸਰਕਾਰੀ ਆਮਦਨ 5610 ਕਰੋੜ ਹੈ , ਜਦਕਿ ਸੱਚ ਇਹ ਹੈ ਕਿ ਪੰਜਾਬੀ , ਤਾਮਿਲਨਾਡੂ ਦੇ ਲੋਕਾਂ ਨਾਲੋਂ ਵੱਧ ਸ਼ਰਾਬ ਪੀਂਦੇ ਹਨ। ਉਨਾਂ ਕਿਹਾ ਕਿ ਮੀਡੀਆ ਜਰੀਏ ਸੂਬੇ ਦਾ ਵਿਕਾਸ ਦਰਸਾਉਣ ਦੀ ਕੋਸ਼ਿਸ਼ ਹੋ ਰਹੀ ਹੈ , ਜਦਕਿ ਸੂਬੇ ਦਾ ਵਿਨਾਸ਼ ਹੋਇਆ ਹੈ । ਉਧਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਸਿੱਧੂ ਵਰਗਾ ਘਟੀਆ ਬੰਦਾ ਹੀ ਹੋਰ ਕੋਈ ਨਹੀਂ ਅਤੇ ਉਹ ਕਾਂਗਰਸ ਦਾ ਤਨਖਾਹਦਾਰ ਮੁਲਾਜ਼ਮ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਤੇ ਬਾਦਲ ਰਲ ਕੇ ਚੋਣ ਲੜ ਰਹੇ ਹਨ। ਉਨਾਂ ਸਰਕਾਰ ਦੀਆਂ ਧੱਕੇਸ਼ਾਹੀਆਂ ਦੇ ਬਿਰਤਾਂਤ ਦੱਸਦਿਆਂ ਅਕਾਲੀ ਸਰਕਾਰ ਨੂੰ ਜੜੋਂ ਪੁੱਟਣ ਦਾ ਸੱਦਾ ਦਿਤਾ।
ਪੰਜਾਬ 'ਚ ਭਾਈ ਸੱਭੋ ਆਪੋ ਆਪਣੇ ਰਾਗ ਅਲਾਪੀ ਜਾਂਦੇ ਆ । ਇੱਕ ਕਹਿੰਦਾ ਤੂੰ ਗੁੰਡਾ, ਦੂਜਾ ਕਹਿੰਦਾ ਤੂੰ ਲੁੱਚਾ , ਤੀਜਾ ਕਹਿੰਦਾ ਤੂੰ ਵੱਢੀ ਖੋਰ , ਚੌਥਾ ਕਹਿੰਦਾ ਤੂੰ ਨਸ਼ਾਖੋਰ । ਜੀਹਦੇ ਮੂੰਹ ਜੋ ਆਉਂਦਾ ਬੋਲੀ ਜਾਂਦਾ , ਇੱਕ ਦੂਜੇ ਦੇ ਭੇਤਾਂ ਦੇ ਤਾਲੇ ਖੋਲੀ ਜਾਂਦਾ । ਅਤੇ ਵਿਚਾਰੇ ਭੁੱਖੇ ਢਿੱਡੀਂ ਸੌਣ ਵਾਲੇ ਲੋਕ ਇੱਧਰੋਂ ਓਧਰ ,ਓਧਰੋਂ ਇਧਰ ਬੇਤਹਾਸ਼ਾ ਘੁੰਮਦੇ ਇਸ 'ਜਗਤ' ਦਾ ਤਮਾਸ਼ਾ ਵੇਖੀ ਜਾਂਦੇ ਆ ਅਤੇ ਆਪਣੇ ਦੁੱਖ ਇੱਕ ਦੂਜੇ ਨੁੰ ਸੁਣਾਈ ਜਾਂਦੇ ਆ , “ਕਿਹੋ ਜਿਹਾ ਇਹ ਯੁੱਗ ਆ ਗਿਆ ਬੰਦਾ ਬੰਦੇ ਨੂੰ ਯਾਰੋ ਖਾ ਗਿਆ”। ਅਤੇ ਆਪਣੇ ਨੇਤਾ ਲੋਕ ਗਾਈ ਜਾਂਦੇ ਆ,” ਚੁੱਕ ਦਿਆਂਗੇ ਫੱਟੇ ਨੱਪ ਦਿਆਂਗੇ ਕੀਲੀ ਅਤੇ ਫਿਰ ਭਾਈ ਪਹੁੰਚ ਜਾਵਾਂਗੇ ਮੁੜ ਦਿਲੀ । ਵੇਖਿਓ ਭਾਈ ਬਹੁਤੇ ਨਾ ਫੱਟੇ ਚੁੱਕ ਦਿਓ ਦਿਨੇ , ਰਾਤਾਂ ਤਾਂ ਨੇਤਾ ਜੀ “ਆਪ” ਨੇ ਬਾਦਲਾਂ ਦੇ ਚੰਡੀਗੜ ਨੇੜਲੇ ਪੰਜ ਤਾਰਾ ਹੋਟਲ “ਸੁਖ ਵਿਲਾਸ” 'ਚ ਹੀ ਗੁਜਾਰਨੀਆਂ ਆ। ਕੀਲੀ ਵੀ ਰਤਾ ਹੋਲੀ ਹੋਲੀ ਦੱਬਣੀ ਕਿਧਰੇ ਗੱਡੀ ਦਾ ਰੀਵਰਸ ਗੇਅਰ ਹੀ ਨਾ ਪੈ ਜਾਏ ਤੇ ਮੁੜ ਭਾਈ ਮੁੰਬਈ ਜਾਕੇ “ਬੀਬੀਆਂ” 'ਚ ਬਹਿਕੇ ਫੋਕੇ ਠਹਾਕੇ ਮਾਰਕੇ ਇਹ ਕਹਿਣ ਜੋਗੇ ਹੀ ਨਾ ਰਹਿ ਜਾਇਓ , “ਗੁਰੂ ਹੋ ਜਾ ਮੁੜ ਸ਼ੁਰੂ, ਗੁਰੂ ਭਲੀ ਕਰੇਗਾ”।
ਕੁੱਝ ਬੋਲ ਤੂੰ ਬਾਬਾ ਜੀ
ਖ਼ਬਰ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਖ਼ਾਤਰ ਆਪਣੇ ਪਰਵਾਸੀ ਭਾਰਤੀਆਂ ਦੀਆਂ ਗਤੀਵਿਧੀਆਂ ਕੁੱਝ ਸਿਆਸੀ ਧਿਰਾਂ ਨੂੰ ਰੜਕਣ ਲੱਗੀਆਂ ਹਨ।ਪਰਵਾਸੀਆਂ ਦੀਆਂ ਚੋਂਣਾਂ' ਚ ਭੂਮਿਕਾ ਦੇ ਮੁੱਦੇ' ਤੇ ਚੋਣ ਕਮਿਸ਼ਨ ਚੋਣ ਕੋਲ ਸ਼ਕਾਇਤ ਪਹੁੰਚ ਗਈ ਹੈ।ਪਰਵਾਸੀਆਂ ਵਲੋਂ ਪਿਛਲੇ ਦੋ ਸਾਲਾਂ ਤੋਂ ਵੱਧ ਅਕਾਲੀ -ਭਾਜਪਾ ਸਰਕਾਰ ਖਾਸਕਾਰ ਬਾਦਲ ਪਰਿਵਾਰ ਖਿਲਾਫ ਸੋਸ਼ਲ ਮੀਡੀਆ' ਤੇ ਮੁਹਿੰਮ ਚਲਾਈ ਹੋਈ ਹੈ। ਸੂਬੇ 'ਚ ਪਰਵਾਸੀਆਂ ਨੂੰ ਫੰਡ ਵੀ ਭੇਜਿਆ ਜਾਂਦਾ ਹੈ।ਇਸ ਵਾਰੀ ਪਰਵਾਸੀਆਂ ਦੀ ਮਦਦ ਲੈਣ 'ਚ ਆਮ ਆਦਮੀ ਪਾਰਟੀ ਮੋਹਰੀ ਜਾਪ ਰਹੀ ਹੈ। ਜਿਸਦੇ ਹੱਕ 'ਚ ਪਰਵਾਸੀਆਂ ਦੇ ਜਹਾਜ਼ਾਂ ਦੇ ਜਹਾਜ਼ ਭਰਕੇ ਪੰਜਾਬ ਪੁੱਜ ਰਹੇ ਹਨ। ਜ਼ਿਕਰਯੋਗ ਹੈ ਕਿ ਅਕਾਲੀ ਪਰਵਾਸੀਆਂ ਤੋਂ ਖਤਰਾ ਮਹਿਸੂਸ ਕਰ ਰਹੇ ਹਨ।
ਬਥੇਰਾ ਭਾਈ ਪਰਵਾਸੀਆਂ ਨੂੰ ਬਾਦਲਾਂ ਨੇ ਬਾਰਾਂ ਤੇਰਾਂ ਵਰੇ ਪੰਜਾਬ ਸੱਦਕੇ ਸਬਜ਼ ਬਾਗ ਦਿਖਾਏ। ਹੋਟਲਾਂ-ਮੋਟਲਾਂ 'ਚ ਮੁਫਤ ਦੇ ਖਾਣੇ ਖੁਆਏ, ਫਿਰ ਉਨਾਂ ਦੀਆਂ ਜੇਬਾਂ ਹੌਲੀਆਂ ਕੀਤੀਆਂ। ਲਾਰੇ ਲਾਏ। ਲੱਪੇ ਲਾਏ। ਗੱਪਾਂ ਸ਼ੱਪਾਂ ਸੁਣਾਈਆਂ। ਕਾਗਜ਼ਾਂ 'ਚ ਉਨਾਂ ਦੇ ਕਾਰਖਾਨੇ ਲੁਆਏ। ਹੂਟਰਾਂ ਵਾਲੀਆਂ ਗੱਡੀਆਂ 'ਚ ਝੂਟੇ ਦੁਆਏ। ਵੱਡੇ ਵੱਡੇ ਫੁੱਲ ਉਨਾਂ ਦੀਆਂ ਹਿੱਕਾਂ ਤੇ ਟੰਗ ਉਨਾਂ ਨੂੰ “ਵੱਡੇ“ ਕੀਤਾ, ਪੰਜਾਬੀ ਲੋਕ ਜਿਨਾਂ ਆਪਣੇ ਪ੍ਰਵਾਸੀ ਭਰਾਵਾਂ ਨੂੰ ਹਾਲਤ ਦੇ ਮਾਰੇ “ਭਗੌੜੇ“ ਗਿਣਦੇ ਸਨ, ਉਨਾਂ ਨੂੰ ਤਖਤੋਂ- ਤਾਜ ਦੇ ਸੁਫਨੇ ਦਿਖਾਏ। ਪਰ ਭਾਈ ਇਹ ਪਰਵਾਸੀ ਬਾਦਲਾਂ ਦੇ ਰਾਸ ਨਾ ਆਏ! ਪਹਿਲਾਂ ਉਨਾਂ ਉਪਰਲੀਆਂ ਚੌਣਾਂ'ਚ ਬਾਦਲਾਂ ਦੇ ਤਸਲੇ ਮੂਧੇ ਕੀਤੇ। ਹੁਣ ਭਰਕੇ ਜਹਾਜ਼, ਕੱਸ ਕੇ ਕਮਾਨ, ਹੇਠਲੀਆਂ ਚੋਣਾਂ 'ਚ ਪੰਜਾਬੀਆਂ ਦੀ ਫਰਿਆਦ ਸੁਣ, ਅਗਲੇ-ਪਿਛਲੇ ਸਭਨਾਂ ਹਾਕਮਾਂ ਨਾਲ ਹਿਸਾਬ-ਕਿਤਾਬ ਕਰਨ ਲਈ ਆ ਡੇਰੇ ਲਾਏ ਆ। ਇਹ ਪ੍ਰਵਾਸੀ ਉਹੀ ਆ ਭਾਈ ਜਿਨਾਂ ਦੇ ਘਰ ਹਾਕਮਾਂ ਖੁਹਾਏ ਆ, ਜਿਨਾਂ ਦੀਆਂ ਜ਼ਮੀਨਾਂ ਖਾਤਰ ਹਾਕਮਾਂ ਉਨਾਂ ਦੇ ਕਤਲ ਕਰਵਾਏ ਆ, ਜਿਨਾਂ ਦੇ ਰਿਸ਼ਤੇਦਾਰਾਂ ਉਤੇ ਹਾਕਮਾਂ ਝੂਠੇ ਪਰਚੇ ਦਰਜ਼ ਕਰਵਾਏ ਆ। ਤਦੇ ਭਾਈ ਇਹ ਪੰਜਾਬੀਆਂ ਦੇ ਸੱਦੇ ਉਤੇ ਹਾਕਮਾਂ ਦਾ ਭੇਤ ਖੋਹਲਣ ਆਏ ਆ। “ਕੁਝ ਬੋਲ ਤੂੰ ਬਾਬਾ ਜੀ, ਅਸੀਂ ਗਏ ਡੋਲ ਬਾਬਾ ਜੀ, ਅੱਜ ਲੱਖਾਂ ਭਾਗੋਆਂ ਦਾ, ਭੇਤ ਖੋਹਲ ਤੂੰ ਬਾਬਾ ਜੀ“
ਕੁਝ ਤਾਂ ਦਰਦ ਛੁਪਾ ਲੈਂਦੇ ਹਾਂ
ਖ਼ਬਰ ਹੈ ਕਿ ਚੋਣ ਕਮਿਸ਼ਨ ਨੇ ਸਖਤ ਰੁਖ ਅਖਤਿਆਰ ਕਰਦਿਆਂ ਪੰਜਾਬ ਸਰਕਾਰ ਵਲੋਂ ਚਹੇਤਿਆਂ ਨੂੰ ਦਿੱਤੀ ਸੁਰੱਖਿਆ ਘਟਾਉਣ ਦਾ ਹੁਕਮ ਦਿਤਾ ਹੈ। ਚੋਣ ਕਮਿਸ਼ਨ ਨੇ 1200 ਸੁਰੱਖਿਆ ਕਰਮਚਾਰੀ ਸਿਆਸਤਦਾਨਾਂ ਨਾਲੋਂ ਹਟਾਉਣ ਦਾ ਫੈਸਲਾ ਕੀਤਾ ਹੈ।ਰਾਜ ਸਰਕਾਰ ਨੇ 350 ਵਿਅਕਤੀਆਂ ਨੂੰ 1500 ਸੁਰੱਖਿਆ ਕਰਮਚਾਰੀ ਦਿਤੇ ਹੋਏ ਸਨ। ਅਕਾਲੀ ਦਲ ਅਤੇ ਬੀ.ਜੇ.ਪੀ ਨਾਲ ਸਬੰਧਤ ਵਿਅਕਤੀਆਂ ਨੂੰ ਫੈਸ਼ਨ ਵਜੋਂ ਬਿਨਾਂ ਪ੍ਰਵਾਨਗੀ ਤੋਂ ਵੀ ਵੱਡੇ ਪੱਧਰ ਤੇ ਸੁਰੱਖਿਆ ਕਰਮਚਾਰੀ ਦਿਤੇ ਹੋਏ ਸਨ। ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਦਿਆਲ ਸਿੰਘ ਕੋਲਿਆਂਵਾਲੀ ਦੀ ਸੁਰੱਖਿਆ ਲਈ 35 ਦੇ ਕਰੀਬ ਸੁਰੱਖਿਆ ਕਰਮਚਾਰੀ ਤਾਇਨਾਤ ਸਨ। ਕਮਿਸ਼ਨ ਨੇ ਵੱਖ ਵੱਖ ਵਿਅਕਤੀਆਂ ਦੀ ਸੁਰੱਖਿਆ 'ਚ ਲੱਗੇ 25 ਵਾਹਨ ਵੀ ਵਾਪਿਸ ਕਰਨ ਲਈ ਕਿਹਾ ਹੈ।
ਆਹ ਤਾਂ ਬਾਹਲਾ ਹੀ ਲੋਹੜਾ ਮਾਰ ਤਾਂ ਚੋਣ ਕਮਿਸ਼ਨ ਵਾਲਿਆਂ। ਪਹਿਲਾਂ “ਵੱਡਿਆਂ“ ਦੀਆਂ ਇਹ ਕਹਿਕੇ “ਤਾਕਤਾਂ“ ਖੋਹ ਲਈਆਂ ਕਿ ਉਹ ਆਪਣਿਆਂ ਨੂੰ ਵੋਟਾਂ ਪੁਆਉਣ ਲਈ “ਚੇਅਰਮੈਨੀਆਂ ਦੀ ਧੌਂਸ“ ਦਿੰਦੇ ਆ ਤੇ ਸਰਕਾਰੀ ਕਾਰਾਂ ਉਤੇ ਉਨਾਂ ਨੂੰ “ਝੂਟੇ“ ਦਿੰਦੇ ਆ। ਹੁਣ ਲੋਕਾਂ ਤੋਂ ਹਮਲੇ ਦੇ ਡਰੋਂ ਰਾਖੀ ਲਈ ਰੱਖੇ ਪੁਲਸੀਆਂ ਨੂੰ ਵੀ “ਘਰ ਵਾਪਸੀ“ ਦੇ ਹੁਕਮ ਚਾੜਤੇ ਆ ਚੋਣ ਕਮਿਸ਼ਨ ਨੇ। ਵੱਡਿਆਂ ਲਈ ਇੱਕ ਜ਼ਖਮ ਤੋਂ ਬਾਅਦ ਦੂਜਾ ਫੱਟ। ਐਧਰ ਚਾਰ ਦਿਨ ਪਹਿਲਾਂ ਮਿਲੀ “ਜੱਥੇਦਾਰੀ“ ਗਈ, ਉਪਰੋਂ ਸ਼ਾਨੋ-ਸ਼ੌਕਤ ਵੀ ਲੁੱਟੀ-ਖੋਹੀ ਗਈ। ਕਿਹੜਾ ਕਿਹੜਾ ਦਰਦ ਛੁਪਾਉਣ ਵਿਚਾਰੇ ਜਥੇਦਾਰ। ਦਸ ਦਾਲ ਦੀ ਰਾਜ ਨਹੀਂ ਸੇਵਾ, ਨੂੰ ਲੋਕਾਂ, ਲੋਕ-ਸੇਵਾ ਨਹੀਂ, ਲੁੱਟ-ਸੇਵਾ ਸਮਝ ਲਿਆ। ਕਰਨ ਕੀ ਵਿਚਾਰੇ ਲੋਕ, ਰੇਤਾ-ਬੱਸਾਂ-ਬਜ਼ਰੀ-ਪਾਣੀ-ਧਾਣੀ ਵਾਲਿਆਂ ਦੀਆਂ ਧਾੜਾਂ ਨੇ ਲੋਕਾਂ ਦੇ ਖੀਸੇ ਹੀ ਖਾਲੀ ਕਰ ਦਿਤੇ। ਬਚਿਆ ਕੀ ਲੋਕਾਂ ਦੇ ਪੱਲੇ? ਬੱਸ ਇਕ ਦਰਦ ਜਿਹਨੂੰ ਇਨਾਂ ਸੁਨਿਹਰੇ ਕੁਝ ਦਿਨਾਂ'ਚ ਲੋਕ ਜਥੇਦਾਰਾਂ “ਵੱਡਿਆਂ“ ਨਾਲ ਵੰਡਣਾ ਚਾਹੁੰਦੇ ਹਨ ਇਹ ਦੱਸਣ ਲਈ ਕਿ “ਕੁਝ ਤਾਂ ਦਰਦ ਛੁਪਾ ਲੈਂਦੇ ਹਾਂ, ਕੁਝ ਗਜ਼ਲਾਂ ਵਿੱਚ ਗਾ ਲੈਂਦੇ ਹਾਂ। ਸੱਜਣਾ ਘਰ ਨਾ ਰਹੇ ਹਨੇਰਾ, ਆਪਣੇ ਘਰ ਅੱਗ ਲਾ ਲੈਂਦੇ ਹਾਂ“
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਦੇਸ਼ ਭਾਰਤ ਵਿੱਚ 6.91 ਕਰੋੜ ਲੋਕ ਸ਼ੂਗਰ ਬੀਮਾਰੀ ਦੇ ਮਰੀਜ਼ ਹਨ।.
ਸਾਲ 2015-16 ਦੌਰਾਨ ਦੇਸ਼ ਦੀਆਂ ਸਿਆਸੀ ਪਾਰਟੀਆਂ ਨੂੰ 107 ਕਰੋੜ 62 ਲੱਖ ਦੇ ਲਗਭਗ ਰਕਮ ਦਾਨ ਦੇ ਰੂਪ ਵਿੱਚ ਪ੍ਰਾਪਤ ਹੋਈ। ਸਭ ਤੋਂ ਵੱਧ ਦਾਨ ਪ੍ਰਾਪਤ ਕਰਨ ਵਾਲੀ ਪਾਰਟੀ ਸ਼ਿਵ ਸੈਨਾ ਰਹੀ, ਜਿਸਨੂੰ ਲਗਭਗ 87 ਕਰੋੜ ਇਸ ਸਮੇਂ ਦੌਰਾਨ ਮਿਲੇ।.
ਦੇਸ਼ ਦੇ 55000 ਪਿੰਡ ਹਾਲੀ ਵੀ ਮੋਬਾਇਲ ਫੋਨ ਕੁਨੈਕਟਿਵਿਟੀ ਤੋਂ ਵਿਰਵੇ ਹਨ।.
ਇੱਕ ਵਿਚਾਰ
ਉਮੀਦ ਇਕ ਇਹੋ ਜਿਹੀ ਚੀਜ਼ ਹੈ, ਜਿਸ ਵਿੱਚ ਗੂੜੇ ਹਨੇਰੇ ਵਿੱਚੋਂ ਵੀ ਰੌਸ਼ਨੀ ਦੇਖਣ ਦੀ ਤਾਕਤ ਹੈ। .. ਡੇਸਮੰਡ ਟੁਟੁ।
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.