2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੁੱਲ ਇੱਕ ਕਰੋੜ 38 ਲੱਖ 92 ਹਜ਼ਾਰ 784 ਵੋਟਰਾਂ ਨੇ ਵੋਟ ਦਾ ਇਸਤੇਮਾਲ ਕੀਤਾ ਸੀ। ਇਹ ਪੰਜਾਬ 'ਚ ਬਣੀਆਂ ਕੁੱਲ ਵੋਟਾਂ ਦਾ 78.20 ਪ੍ਰਤੀਸ਼ਤ ਸੀ। ਇਸ ਵਿੱਚੋਂ 25 ਲੱਖ ਤੋਂ ਜ਼ਿਆਦਾ, ਭਾਵ 18 ਫ਼ੀਸਦੀ ਵੋਟਰਾਂ ਨੇਛੋਟੇ ਸਿਆਸੀ ਦਲਾਂ ਤੇ ਆਜ਼ਾਦ ਉਮੀਦਵਾਰਾਂ ਨੂੰ ਵੋਟ ਪਾਏ ਸਨ। ਇਨਾਂ ਵਿੱਚੋਂ 9 ਲੱਖ 38 ਹਜ਼ਾਰ 770 ਵੋਟਾਂ ਆਜ਼ਾਦ ਉਮੀਦਵਾਰਾਂ ਨੂੰ ਪਈਆਂ ਸਨ ਤੇ ਛੋਟੇ ਦਲ 15,63,301 ਵੋਟ ਹਾਸਲ ਕਰ ਗਏ ਸਨ। ਸ਼੍ਰੋਮਣੀ ਅਕਾਲੀ ਦਲ (ਬ) 48,28,612 ਵੋਟ, ਭਾਜਪਾ9,98,098 ਵੋਟ, ਭਾਵ ਅਕਾਲੀ-ਭਾਜਪਾ ਗੱਠਜੋੜ 58,26,710 ਵੋਟ ਲੈ ਕੇ ਸਰਕਾਰ ਬਣਾ ਗਿਆ, ਜਦੋਂ ਕਿ ਕਾਂਗਰਸ ਨੂੰ 55 ਲੱਖ 72 ਹਜ਼ਾਰ 643 ਵੋਟ ਮਿਲੇ ਸਨ।
ਇਸ ਵੇਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਛੋਟੇ ਦਲਾਂ ਦੀ ਗਿਣਤੀ ਵੀ ਵਧੀ ਹੈ ਅਤੇ ਉਨਾਂ ਦੀ ਸਰਗਰਮੀ 'ਚ ਵੀ ਲਗਾਤਾਰ ਵਾਧਾ ਹੋਇਆ ਹੈ। ਸੰਭਾਵਨਾ ਹੈ ਕਿ ਛੋਟੀਆਂ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ ਪੰਜਾਬ 'ਚ ਤਿੰਨ-ਧਿਰੀ ਚੋਣ ਮੁਕਾਬਲੇ ਵਿੱਚ ਵੱਡੀਆਂਪਾਰਟੀਆਂ ਦੀਆਂ ਵੋਟਾਂ ਨੂੰ ਤਕੜਾ ਖੋਰਾ ਲਗਾਉਣਗੇ, ਕਿਉਂਕਿ ਖੇਤਰੀ ਪਾਰਟੀਆਂ ਦੀ ਭੂਮਿਕਾ ਹਮੇਸ਼ਾ ਵੱਡੇ ਦਲਾਂ ਦੀ ਵੋਟ ਤੋੜਨ ਦੀ ਰਹੀ ਹੈ।
Êਪੰਜਾਬ ਵਿੱਚ ਜਦੋਂ ਤੱਕ ਚੋਣ ਮੁਕਾਬਲਾ ਦੋ ਧਿਰਾਂ ਦਰਮਿਆਨ ਹੁੰਦਾ ਰਿਹਾ ਹੈ, ਤਦ ਵੀ ਇਹ ਖੇਤਰੀ ਦਲ ਪ੍ਰਮੁੱਖ ਦਲਾਂ ਦੀ ਜਿੱਤ-ਹਾਰ ਦਾ ਫ਼ਰਕ ਘਟਾਉਂਦੇ ਰਹੇ ਹਨ ਅਤੇ ਇਸ ਵੇਰ ਤਿਕੋਣੇ ਮੁਕਾਬਲੇ ਹੋਣ ਦੇ ਨਾਲ-ਨਾਲ ਕਈ ਨਵੇਂ ਸਿਆਸੀ ਖੇਤਰੀ ਦਲਾਂ ਨੇ ਪੰਜਾਬ ਦੇਚੋਣ ਦੰਗਲ 'ਚ ਦਸਤਕ ਦਿੱਤੀ ਹੋਈ ਹੈ। ਇਨਾਂ ਖੇਤਰੀ ਦਲਾਂ ਦੇ ਹਿੱਸੇ ਜਿੰਨੀਆਂ ਵੋਟਾਂ ਸਾਲ 2012 ਵਿੱਚ ਆਈਆਂ ਸਨ, ਉਨਾਂ ਨੇ ਚੋਣ ਨਤੀਜਿਆਂ ਉੱਤੇ ਡੂੰਘਾ ਪ੍ਰਭਾਵ ਪਾਇਆ ਸੀ ਅਤੇ ਇਸ ਵੇਰ ਵੀ 2017 'ਚ ਪੰਜਾਬ ਵਿਧਾਨ ਚੋਣਾਂ ਵਿੱਚ ਇਹ ਪ੍ਰਭਾਵ ਪ੍ਰਤੱਖ ਦਿੱਸੇਗਾ,ਇਸ ਗੱਲ ਦੀ ਸੰਭਾਵਨਾ ਨਜ਼ਰ ਆ ਰਹੀ ਹੈ।
ਸਾਲ 2012 ਵਿੱਚ ਮੁੱਖ ਮੁਕਾਬਲਾ ਅਕਾਲੀ-ਭਾਜਪਾ ਗੱਠਬੰਧਨ ਅਤੇ ਕਾਂਗਰਸ ਵਿਚਕਾਰ ਸੀ, ਪਰ ਬਹੁਜਨ ਸਮਾਜ ਪਾਰਟੀ, ਸੀ ਪੀ ਆਈ, ਸੀ ਪੀ ਆਈ (ਐੱਮ), ਐੱਨ ਸੀ ਪੀ, ਆਦਿ ਰਾਸ਼ਟਰੀ ਸਿਆਸੀ ਪਾਰਟੀਆਂ ਅਤੇ ਲੋਕ ਜਨ ਸ਼ਕਤੀ ਪਾਰਟੀ, ਰਾਸ਼ਟਰੀ ਜਨਤਾਦਲ, ਸ਼ਿਵ ਸੈਨਾ, ਆਦਿ ਦਲਾਂ ਤੋਂ ਇਲਾਵਾ ਗ਼ੈਰ-ਮਾਨਤਾ ਪ੍ਰਾਪਤ ਰਜਿਸਟਰਡ 27 ਦਲਾਂ ਨੇ ਵੀ ਸੀਮਤ ਸੀਟਾਂ ਉੱਤੇ ਆਪਣੇ ਉਮੀਦਵਾਰ ਖੜੇ ਕੀਤੇ ਸਨ। ਆਜ਼ਾਦ ਉਮੀਦਵਾਰ ਇਨਾਂ ਤੋਂ ਵੱਖਰੇ ਸਨ। ਸਾਲ 2012 ਵਿੱਚ ਕੁੱਲ 1078 ਉਮੀਦਵਾਰ ਸਨ। ਪੰਜਾਬ ਵਿਧਾਨਸਭਾ ਦੀਆਂ 117 ਸੀਟਾਂ ਵਿੱਚੋਂ ਸਿਰਫ਼ ਇੱਕ ਸੀਟ ਹੀ ਇਹੋ ਜਿਹੀ ਸੀ, ਜਿੱਥੇ 4 ਉਮੀਦਵਾਰ ਖੜੇ ਸਨ, ਜਦੋਂ ਕਿ 70 ਸੀਟਾਂ ਇਹੋ ਜਿਹੀਆਂ ਸਨ, ਜਿਨਾਂ ਉੱਤੇ 6 ਤੋਂ 10, 35 ਸੀਟਾਂ ਉੱਤੇ 11 ਤੋਂ 15 ਅਤੇ ਤਿੰਨ ਸੀਟਾਂ ਉੱਤੇ 15 ਤੋਂ ਜ਼ਿਆਦਾ ਉਮੀਦਵਾਰ ਸਨ, ਪਰ ਜਦੋਂਨਤੀਜੇ ਆਏ ਤਾਂ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰ ਹੀ ਪਹਿਲੇ ਤੇ ਦੂਜੇ ਸਥਾਨ ਉੱਤੇ ਰਹੇ ਸਨ। ਸਿਰਫ਼ ਤਿੰਨ ਆਜ਼ਾਦ ਉਮੀਦਵਾਰ ਜਿੱਤੇ ਸਨ ਅਤੇ 817 ਉਮੀਦਵਾਰਾਂ ਦੀਆਂ ਤਾਂ ਜ਼ਮਾਨਤਾਂ ਹੀ ਜ਼ਬਤ ਹੋ ਗਈਆਂ ਸਨ। ਇਨਾਂ ਸਿਆਸੀ ਦਲਾਂ ਵੱਲੋਂ ਪ੍ਰਾਪਤਵੋਟਾਂ ਨੇ ਜਿੱਤਣ-ਜਿੱਤਣ ਕਰਦੀ ਕਾਂਗਰਸ ਨੂੰ ਹਰਾਉਣ ਵਿੱਚ ਭੂਮਿਕਾ ਨਿਭਾਈ ਸੀ, ਖ਼ਾਸ ਤੌਰ 'ਤੇ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਪੀ ਪੀ ਪੀ ਨੇ, ਜਿਸ ਨੇ 5.04 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਸਨ। ਬਹੁਜਨ ਸਮਾਜ ਪਾਰਟੀ ਨੇ ਪੂਰੇ ਪੰਜਾਬ 'ਚ 117 ਸੀਟਾਂ ਉੱਤੇਚੋਣ ਲੜੀ ਸੀ ਅਤੇ ਕੁੱਲ ਵੋਟਾਂ ਦਾ 4.29 ਫ਼ੀਸਦੀ ਪ੍ਰਾਪਤ ਕੀਤਾ ਸੀ, ਪਰ 109 ਸੀਟਾਂ ਉੱਤੇ ਉਸ ਦੇ ਉਮੀਦਵਾਰ ਆਪਣੀ ਜ਼ਮਾਨਤ ਜ਼ਬਤ ਕਰਵਾ ਬੈਠੇ ਸਨ। ਸੀ ਪੀ ਆਈ ਨੇ 14 ਸੀਟਾਂ ਉੱਤੇ ਚੋਣ ਲੜੀ ਸੀ ਅਤੇ ਸੀ ਪੀ ਆਈ (ਐੱਮ) ਨੇ 9 ਸੀਟਾਂ 'ਤੇ ਉਮੀਦਵਾਰ ਖੜੇਕੀਤੇ ਸਨ ਅਤੇ ਕੁੱਲ ਵੋਟਾਂ ਦਾ ਕਰਮਵਾਰ 0.82 ਫ਼ੀਸਦੀ ਅਤੇ 0.16 ਫ਼ੀਸਦੀ ਪ੍ਰਾਪਤ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ (ਮਾਨ) ਨੇ 0.28 ਫ਼ੀਸਦੀ ਅਤੇ ਸੀ ਪੀ ਆਈ ਐੱਮ ਐਲ ਲੈਨਿਨੀ ਨੂੰ 0.10 ਫ਼ੀਸਦੀ ਵੋਟ ਮਿਲੇ ਸਨ।
ਪੰਜਾਬ ਦਾ ਇਸ ਵੇਰ ਦਾ ਚੋਣ ਨਕਸ਼ਾ ਕੁਝ ਵੱਖਰਾ ਹੀ ਦਿੱਸ ਰਿਹਾ ਹੈ। ਜ਼ਾਹਰਾ ਤੌਰ ਉੱਤੇ ਤਿਕੋਣਾ ਮੁਕਾਬਲਾ ਹੈ। ਤਿੰਨੋਂ ਮੁੱਖ ਧਿਰਾਂ ਅਕਾਲੀ-ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਬੁਰੀ ਤਰਾਂ ਆਪਸੀ ਫੁੱਟ ਦਾ ਸ਼ਿਕਾਰ ਹਨ। ਸ਼ਾਇਦ ਵਿਧਾਨ ਸਭਾ ਦੀਆਂ ਇਹ ਚੋਣਾਂਪਹਿਲੀ ਵੇਰ ਇਹੋ ਜਿਹੀਆਂ ਹਨ, ਜਦੋਂ ਇਨਾਂ ਪਾਰਟੀਆਂ ਵੱਲੋਂ ਚੋਣ ਜਿੱਤਣ ਲਈ ਹਰ ਕਿਸਮ ਦਾ ਹਰਬਾ ਵਰਤਣ ਦਾ ਅੰਦੇਸ਼ਾ ਹੈ। ਸਿਆਸੀ ਦਲਾਂ ਵੱਲੋਂ ਇੱਕ ਦੂਜੇ ਦੇ ਰੁੱਸੇ ਹੋਏ ਨੇਤਾਵਾਂ ਨੂੰ ਆਪਣੇ ਵੱਲ ਕਰਨ ਦੀ ਦੌੜ ਲੱਗੀ ਹੋਈ ਹੈ। ਅੱਜ ਕੋਈ ਨੇਤਾ ਕਾਂਗਰਸ ਵੱਲ ਹੈ, ਕੱਲਅਕਾਲੀਆਂ ਵੱਲ ਤੁਰਿਆ ਫਿਰ ਰਿਹਾ ਹੈ। ਅੱਜ ਕੋਈ ਨੇਤਾ ਕਾਂਗਰਸ ਵੱਲ ਹੈ, ਕੱਲ ਆਮ ਆਦਮੀ ਪਾਰਟੀ ਵੱਲ ਤੁਰਿਆ ਫਿਰ ਰਿਹਾ ਹੈ। ਅਸੂਲਾਂ ਦੀ ਰਾਜਨੀਤੀ ਛੱਡ ਕੇ ਇਹ ਤਿੰਨੋਂ ਧਿਰਾਂ ਖ਼ਾਸ ਤੌਰ 'ਤੇ ਪੰਜਾਬ ਦਾ ਮਾਹੌਲ ਗੰਧਲਾ ਕਰਨ 'ਚ ਕੋਈ ਕਸਰ ਨਹੀਂ ਛੱਡਰਹੀਆਂ। ਬੇਰੁਜ਼ਗਾਰਾਂ, ਕਿਸਾਨਾਂ, ਮਜ਼ਦੂਰਾਂ, ਆਮ ਲੋਕਾਂ ਲਈ ਲਾਰਿਆਂ-ਲੱਪਿਆਂ ਦੀ ਗੂੰਜ ਪੰਜਾਬ ਦੀ ਫਿਜ਼ਾ 'ਚ ਗੂੰਜ ਰਹੀ ਹੈ। ਇੱਕ ਦੂਜੇ ਦੇ ਨੇਤਾਵਾਂ ਨੂੰ ਚੋਣਾਂ ਉਪਰੰਤ ਜੇਲਾਂ 'ਚ ਡੱਕਣ ਦੇ ਬਿਆਨ ਪੰਜਾਬ ਦੀ ਪਹਿਲਾਂ ਹੀ ਗੰਧਲੀ ਹੋ ਚੁੱਕੀ ਸਿਆਸਤ ਨੂੰ ਹੋਰ ਵੀ ਗੰਧਲਾਕਰ ਰਹੇ ਹਨ। ਉਮੀਦਵਾਰਾਂ ਦੇ ਜਿੱਤਣ-ਹਾਰਨ ਦੇ ਦਾਅਵਿਆਂ ਦੌਰਾਨ ਆਪਣੀ ਜਿੱਤ ਨੂੰ ਪੱਕਿਆਂ ਕਰਨ ਲਈ ਹਾਕਮ ਤੇ ਵਿਰੋਧੀ ਧਿਰ ਵਾਲੇ ਵੱਡੇ ਨੇਤਾ ਵੀ ਦੋ-ਦੋ ਸੀਟਾਂ ਉੱਤੇ ਚੋਣ ਲੜਨ ਲਈ ਮਜਬੂਰ ਹੋਏ ਦਿੱਸ ਰਹੇ ਹਨ। ਉਨਾਂ ਦੇ ਮਨਾਂ 'ਚ ਚੋਣ ਜਿੱਤਣ ਦੇ ਵਿਸ਼ਵਾਸਨਾਲੋਂ ਚੋਣ ਹਾਰਨ ਦਾ ਤੌਖਲਾ ਜ਼ਿਆਦਾ ਨਜ਼ਰੀਂ ਪੈਂਦਾ ਹੈ। ਇਸ ਦਾ ਕਾਰਨ ਜਿੱਥੇ ਆਪੋ-ਆਪਣੀਆਂ ਪਾਰਟੀਆਂ ਤੋਂ ਨਾਰਾਜ਼ ਹੋਏ ਨੇਤਾ ਹਨ, ਉਥੇ ਇਨਾਂ ਪਾਰਟੀਆਂ ਤੋਂ ਵੱਖ ਹੋਏ ਉਹ ਵੱਡੇ ਨੇਤਾ ਵੀ ਹਨ, ਜੋ ਆਪਣੇ ਛੋਟੇ ਦਲ ਬਣਾ ਕੇ ਇਨਾਂ ਵੱਡੇ ਨੇਤਾਵਾਂ ਲਈ ਚੈਲਿੰਜ ਬਣਖੜੋਤੇ ਹਨ।
ਸੁੱਚਾ ਸਿੰਘ ਛੋਟੇਪੁਰ ਦੀ 'ਆਪਣਾ ਪੰਜਾਬ', ਧਰਮਵੀਰ ਗਾਂਧੀ ਦਾ ਪੰਜਾਬ ਫ਼ਰੰਟ, ਜਗਮੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਪੰਜਾਬ 'ਚ ਤੀਜੀ ਧਿਰ ਵਜੋਂ ਉੱਭਰ ਰਹੀ ਆਮ ਆਦਮੀ ਪਾਰਟੀ ਦੀ ਜਿੱਤ ਅੱਗੇ ਰੋੜੇ ਅਟਕਾ ਰਹੀ ਹੈ। ਭਾਵੇਂ ਲੋਕ ਇਨਸਾਫ਼ਪਾਰਟੀ ਦੇ ਬੈਂਸ ਭਰਾ ਆਮ ਆਦਮੀ ਪਾਰਟੀ ਨਾਲ ਖੜੇ ਹਨ, ਪਰ ਪੰਜਾਬ ਦੇ ਵੱਖੋ-ਵੱਖਰੇ ਹਿੱਸਿਆਂ 'ਚ ਟਿਕਟਾਂ ਤੋਂ ਨਾਰਾਜ਼ ਹੋਏ ਹਜ਼ਾਰਾਂ ਸਧਾਰਨ ਚਾਹ ਦੇ ਖੋਖਿਆਂ, ਸਾਈਕਲ ਮੁਰੰਮਤਾਂ ਕਰਨ ਵਾਲੇ ਉਹ ਉਮੀਦਵਾਰ ਆਮ ਆਦਮੀ ਪਾਰਟੀ ਨਾਲੋਂ ਤੋੜ-ਵਿਛੋੜਾ ਕਰ ਕੇਆਪੋ-ਆਪਣੇ ਝੁੱਗੇ ਚੌੜ ਕਰਾ ਕੇ ਘਰਾਂ 'ਚ ਜਾ ਬੈਠੇ ਹਨ, ਜਿਹੜੇ ਪੰਜਾਬ 'ਚ ਇੱਕ ਵੱਖਰੀ ਅਸੂਲਾਂ ਵਾਲੀ ਪਾਰਟੀ ਦੀ ਆਮਦ 'ਚ ਆਪਣਾ ਸੱਭੋ ਕੁਝ ਛੱਡ-ਛੁਡਾ ਕੇ 'ਆਪ' ਦੀ ਮੁਹਿੰਮ ਨਾਲ ਜੁੜ ਗਏ ਸਨ। 'ਆਪ' ਦੇ ਕਨਵੀਨਰ ਕੇਜਰੀਵਾਲ ਵੱਲੋਂ ਸੂਬੇ ਦੇ ਵੱਖੋ-ਵੱਖਰੇਖੇਤਰਾਂ 'ਚ 100 ਰੈਲੀਆਂ ਕਰ ਕੇ ਰੁੱਸਿਆਂ ਨੂੰ ਮਨਾਉਣ ਅਤੇ ਲੋਕਾਂ ਨੂੰ ਲਾਮਬੰਦ ਕਰਨ ਲਈ ਯਤਨ ਜਾਰੀ ਹਨ।
ਅਕਾਲੀ-ਭਾਜਪਾ ਹਾਕਮ ਗੱਠਜੋੜ ਵੱਲੋਂ ਵਿਕਾਸ ਦੇ ਨਾਮ ਉੱਤੇ ਵੋਟਾਂ ਦੀ ਮੰਗ ਤਾਂ ਕੀਤੀ ਹੀ ਜਾ ਰਹੀ ਹੈ, ਪਿਛਲੇ ਦਸ ਸਾਲਾਂ ਦੌਰਾਨ ਉਸ ਵੱਲੋਂ 'ਰਾਜ ਨਹੀਂ, ਸੇਵਾ' ਅਧੀਨ ਕੀਤੇ ਕੰਮਾਂ ਨੂੰ ਵੀ ਖੂਬ ਪ੍ਰਚਾਰਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵਿੱਚੋਂ ਨਾਰਾਜ਼ ਹੋਏ ਲੋਕਕਾਂਗਰਸ ਵੱਲ ਭੱਜ ਰਹੇ ਹਨ, ਜਿਨਾਂ ਨੂੰ ਇਹ ਆਸ ਬੱਝੀ ਹੋਈ ਹੈ ਕਿ ਅਗਲੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਆਉਣ ਵਾਲੀ ਹੈ। ਭਾਵੇਂ ਸ਼੍ਰੋਮਣੀ ਅਕਾਲੀ ਦਲ ਵਿੱਚ ਟਿਕਟਾਂ ਤੋਂ ਨਾਰਾਜ਼ ਹੋਣ ਵਾਲਿਆਂ ਦੀ ਗਿਣਤੀ ਬਹੁਤੀ ਨਹੀਂ, ਪਰ ਉਸ ਦੀਭਾਈਵਾਲ ਭਾਜਪਾ ਅੰਦਰੂਨੀ ਤੌਰ 'ਤੇ ਖੱਖੜੀਆਂ-ਖੱਖੜੀਆਂ ਹੋਈ ਨਜ਼ਰ ਆਉਂਦੀ ਹੈ, ਜਿਸ ਦੇ ਸੂਬਾ ਪ੍ਰਧਾਨ ਵਿਜੈ ਕੁਮਾਰ ਸਾਂਪਲਾ ਨੂੰ ਆਪਣੇ ਬੰਦਿਆਂ ਨੂੰ ਟਿਕਟਾਂ ਨਾ ਮਿਲਣ ਕਾਰਨ ਆਪਣੀ ਹਾਈ ਕਮਾਂਡ ਨੂੰ ਆਪਣੇ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇਣ 'ਤੇ ਮਜਬੂਰ ਹੋਣਾਪਿਆ, ਪਰ ਬਾਅਦ ਵਿੱਚ ਇਸ ਨੂੰ ਅਫਵਾਹ ਕਰਾਰ ਦਿੱਤਾ ਗਿਆ।
ਇਹੋ ਹਾਲ ਕਾਂਗਰਸ ਦਾ ਹੈ, ਜਿਸ ਵਿੱਚ ਟਿਕਟਾਂ ਦੀ ਵੰਡ 'ਚ ਖੋਹ-ਖਿੱਚ ਦਾ ਨਜ਼ਾਰਾ ਨਿਵੇਕਲਾ ਹੀ ਰਿਹਾ ਅਤੇ ਕਈ ਥਾਂਵਾਂ ਤੋਂ ਪਾਰਟੀ ਨੂੰ ਆਪਣੇ ਉਮੀਦਵਾਰ ਬਦਲਣੇ ਪਏ। ਪੰਜਾਬ ਦੇ ਹਾਕਮ ਦੀ ਕੁਰਸੀ ਦੀ ਝਾਕ 'ਚ ਇਨਾਂ ਤਿੰਨਾਂ ਧਿਰਾਂ ਵੱਲੋਂ ਅਪਣਾਈਆਂ ਗਈਆਂਨੀਤੀਆਂ ਦੇ ਤਹਿਤ ਪੰਜਾਬ ਦੀ ਸਥਿਤੀ ਗੁੰਝਲਦਾਰ ਅਤੇ ਨਾਜ਼ੁਕ ਬਣੀ ਦਿੱਸਦੀ ਹੈ।
ਅਕਾਲੀ-ਭਾਜਪਾ ਹਾਕਮ ਧਿਰ, ਕਾਂਗਰਸ ਅਤੇ 'ਆਪ' ਦੀ ਕਾਰਜ ਸ਼ੈਲੀ ਦਾ ਪੂਰਾ ਵਿਰੋਧ ਕਰਨ ਵਾਲੀਆਂ ਪਾਰਟੀਆਂ ਵਿੱਚੋਂ ਸਿਮਰਨਜੀਤ ਸਿੰਘ ਮਾਨ ਦਾ ਸ਼੍ਰੋਮਣੀ ਅਕਾਲੀ ਦਲ (ਮਾਨ), ਬਸਪਾ, ਖੱਬੇ-ਪੱਖੀ ਪਾਰਟੀਆਂ, ਰਾਸ਼ਟਰਵਾਦੀ ਪਾਰਟੀ, ਕ੍ਰਾਂਤੀਕਾਰੀ ਯੁਵਾ ਪਾਰਟੀ,ਬਜਰੰਗ ਦਲ, ਪੰਥਕ ਦਲ, ਬਹੁਜਨ ਸਮਾਜ ਪਾਰਟੀ (ਅੰਬੇਡਕਰ), ਸ਼ਿਵ ਸੈਨਾ (ਬਾਲ ਠਾਕਰੇ), ਬਹੁ-ਜਨ ਮੁਕਤੀ ਪਾਰਟੀ, ਭਾਈ ਮੋਹਕਮ ਸਿੰਘ ਦੀ ਅਗਵਾਈ ਵਾਲਾ ਯੂਨਾਈਟਿਡ ਅਕਾਲੀ ਦਲ, ਯੋਗੇਂਦਰ ਯਾਦਵ ਦੀ ਅਗਵਾਈ ਵਾਲੀ ਸਵਰਾਜ ਅਭਿਮਾਨ ਪਾਰਟੀਸਮੇਤ ਦਰਜਨ ਕੁ ਭਰ ਹੋਰ ਛੋਟੀਆਂ ਪਾਰਟੀਆਂ ਚੋਣ ਮੈਦਾਨ ਵਿੱਚ ਹਨ। ਇਨਾਂ ਵਿੱਚੋਂ ਬਹੁਤੀਆਂ ਪੰਜਾਬ ਦੇ ਮਸਲਿਆਂ, ਮੁੱਦਿਆਂ, ਸਮੱਸਿਆਵਾਂ ਨੂੰ ਲੋਕਾਂ ਵਿੱਚ ਲੈ ਕੇ ਜਾਣ ਲਈ ਜ਼ੋਰ ਲਗਾ ਰਹੀਆਂ ਹਨ। ਉਹ ਸੀਮਤ ਜਿਹੇ ਇਕੱਠ ਕਰ ਕੇ ਵੀ ਲੋਕਾਂ ਤੱਕ ਆਪਣੀ ਗੱਲਕਹਿਣ ਲਈ ਤੱਤਪਰ ਦਿੱਸਦੀਆਂ ਹਨ। ਖੱਬੇ-ਪੱਖੀ ਪਾਰਟੀਆਂ ਵੱਲੋਂ ਸਾਂਝਾ ਫ਼ਰੰਟ ਬਣਾ ਕੇ ਲੋਕਾਂ ਨੂੰ ਲੋਕ ਹਿੱਤੂ ਸੇਧ ਦੇਣ ਦਾ ਸੰਕਲਪ ਕੀਤਾ ਗਿਆ ਹੈ। ਇਨਾਂ ਪਾਰਟੀਆਂ ਨੇ 60 ਉਮੀਦਵਾਰ ਸਾਂਝੇ ਤੌਰ 'ਤੇ ਖੜੇ ਕੀਤੇ ਹਨ। ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨਾਲਪੰਥਕ ਦਲ ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਵੱਲੋਂ ਰਲ ਕੇ ਚੋਣਾਂ ਲੜੀਆਂ ਜਾਣਗੀਆਂ। ਇੰਜ ਇਹ ਸਿਆਸੀ ਦਲ ਭਾਵੇਂ ਪੂਰੇ ਪੰਜਾਬ 'ਚ ਆਪਣਾ ਵੱਡਾ ਆਧਾਰ ਨਾ ਵੀ ਰੱਖਦੇ ਹੋਣ, ਪਰ ਇਨਾਂ ਦਲਾਂ ਦੀ ਲੋਕਾਂ ਨੂੰ ਲਾਮਬੰਦ ਕਰ ਕੇ ਵੱਡੀਆਂ ਪਾਰਟੀਆਂ ਦੀ ਅਸਲੀਅਤ ਲੋਕਾਂਸਾਹਮਣੇ ਲਿਆਉਣ ਦੀ ਸਮਰੱਥਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਭਾਵੇਂ ਇਹ ਛੋਟੇ ਸਿਆਸੀ ਦਲ ਪਿਛਲੀਆਂ ਚੋਣਾਂ ਦੀ ਤਰਾਂ ਪੰਜਾਬ ਵਿਧਾਨ ਸਭਾ 'ਚ ਆਪਣੀ ਹਾਜ਼ਰੀ ਨਾ ਵੀ ਲੁਆ ਸਕਣ, ਪਰ ਇਹ ਪਾਰਟੀਆਂ, ਸਿਆਸੀ ਦਲ ਵੱਡੇ ਧੁਰੰਤਰਾਂ ਦੀ ਹਾਰ ਦਾ ਕਾਰਨਜ਼ਰੂਰ ਬਣ ਸਕਦੇ ਹਨ।
2012 ਵਿੱਚ ਕੁਝ ਅਜਿਹੀਆਂ ਸੀਟਾਂ ਸਨ, ਜਿੱਥੇ ਵਿਧਾਨ ਸਭਾ ਚੋਣਾਂ 'ਚ ਹਾਰ-ਜਿੱਤ ਦਾ ਫ਼ਰਕ ਇੱਕ ਫ਼ੀਸਦੀ ਸੀ। ਇਨਾਂ ਵਿੱਚ ਜ਼ਿਆਦਾਤਰ ਸੀਟਾਂ ਰਾਖਵੀਆਂ ਸਨ। ਫਿਲੌਰ (ਰੀਜ਼ਰਵ) ਅਤੇ ਪੱਟੀ ਵਿਧਾਨ ਸਭਾ ਸੀਟ 'ਤੇ ਹਾਰ-ਜਿੱਤ 100 ਵੋਟਾਂ ਤੋਂ ਵੀ ਘੱਟ ਦੇ ਫ਼ਰਕਨਾਲ ਹੋਈ ਸੀ। ਫਿਲੌਰ 'ਚ ਫ਼ਰਕ 0.02 ਫ਼ੀਸਦੀ, ਪੱਟੀ 'ਚ 0.04 ਫ਼ੀਸਦੀ ਸੀ, ਜਦੋਂ ਕਿ ਫਿਰੋਜ਼ਪੁਰ ਦਿਹਾਤੀ 'ਚ 0.12, ਜਗਰਾਉਂ 'ਚ 0.17, ਨਿਹਾਲ ਸਿੰਘ ਵਾਲਾ 'ਚ 0.43, ਪਾਇਲ 'ਚ 0.52, ਫਤਿਹਗੜ ਚੂੜੀਆਂ 'ਚ 0.56, ਸ਼ੁਤਰਾਣਾ 'ਚ 0.64,ਕਰਤਾਰਪੁਰ 'ਚ 0.71, ਰਾਜਾਸਾਂਸੀ 'ਚ 0.85, ਮਾਨਸਾ 'ਚ 0.88 ਅਤੇ ਭੁੱਚੋ ਮੰਡੀ 'ਚ 0.95 ਫ਼ੀਸਦੀ ਦਾ ਫ਼ਰਕ ਹੀ ਰਿਹਾ ਸੀ। ਅਜਿਹੀ ਹਾਲਤ ਵਿੱਚ ਇਸ ਵੇਰ ਸੱਤਾ ਕਿਸ ਦੇ ਹੱਥ ਹੋਵੇਗੀ, ਇਸ ਦਾ ਫ਼ੈਸਲਾ ਕਰਨ ਲਈ ਛੋਟੇ ਦਲਾਂ ਤੇ ਆਜ਼ਾਦ ਉਮੀਦਵਾਰਾਂ ਦੀਵਿਸ਼ੇਸ਼ ਭੂਮਿਕਾ ਹੋ ਸਕਦੀ ਹੈ।
ਪੰਜਾਬ ਵਿੱਚ ਇਸ ਸਮੇਂ ਚੋਣਾਂ ਦਾ ਮਾਹੌਲ ਜੋਬਨ ਉੱਤੇ ਹੈ। ਪੰਜਾਬ ਦੇ ਮੁੱਦਿਆਂ, ਮਸਲਿਆਂ, ਸਮੱਸਿਆਵਾਂ ਉੱਤੇ ਵਿਚਾਰ-ਚਰਚਾ ਅਤੇ ਇਨਾਂ ਦਾ ਹੱਲ ਸਮੇਂ ਦੀ ਮੰਗ ਹੈ। ਮੌਜੂਦਾ ਸਿਆਸੀ ਖਿਲਾਰੇ 'ਚ ਲੋਕਾਂ ਨੂੰ ਸੂਝ-ਬੂਝ ਅਤੇ ਠਰੰਮੇ ਨਾਲ ਉਨਾਂ ਸਿਆਸੀ ਦਲਾਂ ਨੂੰ ਅੱਗੇਲਿਆਉਣ ਦੀ ਲੋੜ ਹੈ, ਜਿਹੜੇ ਲੋਕ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ ਹੋਣ। ਇਸ ਮਾਹੌਲ ਵਿੱਚ ਪੰਜਾਬ ਦੇ ਚੇਤੰਨ ਲੋਕ ਅਤੇ ਛੋਟੇ ਸਿਆਸੀ ਦਲ ਵਿਸ਼ੇਸ਼ ਭੂਮਿਕਾ ਨਿਭਾ ਸਕਦੇ ਹਨ।
-
ਗੁਰਮੀਤ ਪਲਾਹੀ,
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.