ਕੀ ਅਕਾਲੀ ਦਲ ਐਤਕੀਂ ਬਹੁਮੱਤ ਦੀ ਦੌੜ ਚੋਂ ਬਾਹਰ ਹੈ? ਇਹ ਗੱਲ ਹੁਣ ਕਿਸੇ ਹੱਟੀ ਭੱਠੀ ਤੇ ਬਹਿਸ ਦਾ ਮਜ਼ਮੂਨ ਨਹੀਂ ਰਹੀ। ਦੋ ਮਹੀਨੇ ਪਹਿਲਾਂ ਇਹ ਗੱਲ ਤੁਰਦੀ ਸੀ ਕਿ ਅਕਾਲੀ ਦਲ ਪੈਸੇ ਦੇ ਜ਼ੋਰ ਤੇ ਬਹੁਮਤ ਲਿਜਾ ਸਕਦਾ ਹੈ ਪਰ ਅੱਜ ਕੱਲ੍ਹ ਇਸ ਚਰਚਾ ਤੇ ਵੀ ਫੁਲ ਸਟਾਪ ਲੱਗ ਗਿਆ ਹੈ। ਲੋਕ ਸਭਾ ਚੋਣਾਂ ਮੌਕੇ ਅਕਾਲੀ ਨੇ ਪੰਜਾਬ ਚ ਵੱਡੀਆਂ ਹਾਰਾਂ ਦੇਖੀਆਂ ਨੇ। ੧੯੮੦ ਅਤੇ ੧੯੭੧ ਅਕਾਲੀ ਦਲ ਨੂੰ ਪੰਜਾਬ ਚ ਸਿਰਫ ਇੱਕ- ਇੱਕ ਸੀਟ ਮਿਲੀ ਸੀ ਉਹ ਵੀ ਉਦੋਂ ਜਦੋਂ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀਗੇ। ਵਿਧਾਨ ਸਭਾ ਚੋਣਾਂ ਚ ਅਕਾਲੀ ਦਲ ਨੂੰ ਕਦੇ ਵੀ ਬਹੁਤੀ ਵੱਡੀ ਹਾਰ ਨਹੀਂ ਸੀ ਮਿਲੀ ਤੇ ਨਾ ਹੀ ਆਕਲੀ ਦਲ ਕਦੇ ਮੁੱਖ ਮੁਕਾਬਲੇ ਚੋਂ ਬਾਹਰ ਹੋਇਆ ਸੀ । ਜਦ ਕਿ ਐਂਤਕੀ ਪਹਿਲੀ ਵਾਰ ਹੈ ਕਿ ਅਕਾਲੀ ਦਲ ਪਹਿਲੇ ਦੂਜੇ ਮੁਕਾਬਲੇ ਚੋਂ ਬਾਹਰ ਹੈ। ਅਕਾਲੀ ਦਲ ਦੇ ਇਸ ਪੁਜ਼ੀਸ਼ਨ ਚ ਪਹੁੰਚਣ ਤੋਂ ਚ ਬਹੁਤ ਸਾਰੇ ਸਿਆਸੀ ਕਾਰਨਾਂ ਤੋਂ ਇਲਾਵਾ ਸਿੱਖਾਂ ਦੇ ਮਨਾਂ ਵਿਚੋਂ ਲਹਿ ਜਾਣਾ ਵੀ ਹੈ। ਸਿੱਖ ਵੋਟਰ ਹੀ ਇਸ ਪਾਰਟੀ ਨੂੰ ਬੁਨਿਆਦੀ ਪਲੇਟਫਾਰਮ ਮੁਹੱਈਆ ਕਰਦੇ ਹੁੰਦੇ ਸੀ। ਇਹਦੇ ਪਿਛੇ ਬੀਤੇ ਡੇਢ ਸਾਲ ਦੌਰਾਨ ਗੁਰੂ ਗਰੰਥ ਸਾਹਿਬ ਜੀ ਲਗਾਤਾਰ ਬੇਅਦਬੀ, ਕਿਸੇ ਕਸੂਰਵਾਰ ਦੇ ਨਾ ਫੜੇ ਜਾਣ ਤੇ ਉਲਟਾ ਸਿੱਖ ਮੁਜ਼ਾਹਰਾਕਾਰੀਆਂ ਤੇ ਗੋਲੀ ਚਲਾਉਣੀ ਮੁੱਖ ਵਜਾਹ ਹੈ। ੧੯੯੭ ਤੋਂ ੨੦੦੨ ਤੱਕ ਚਲੀ ਅਕਾਲੀ ਸਰਕਾਰ ਦੀ ਕਾਰਗੁਜ਼ਾਰੀ ਕੁੱਝ ਇਸ ਤਰ੍ਹਾਂ ਦੀ ਰਹੀ ਕਿ ਸਿੱਖ ਅਵਾਮ ਕਾਫੀ ਹੱਦ ਤੱਕ ਅਕਾਲੀ ਸਰਕਾਰ ਤੋਂ ਮਾਯੂਸ ਹੋ ਗਿਆ। ੨੦੦੭ ਤੋਂ ਲੈ ਕੇ ਦੋ ਵਾਰੀ ਬਣੀਆਂ ਅਕਾਲੀ ਸਰਕਾਰਾਂ ਦੌਰਾਨ ਸਿੱਖਾਂ ਵਿੱਚ ਨਰਾਜ਼ਗੀ ਦੀ ਭਾਵਨਾ ਭਾਵੇਂ ਹੋਰ ਵਧੀ ਪਰ ਸਿੱਖਾਂ ਕੋਲ ਰਿਵਾਇਤੀ ਤੌਰ ਪੰਥਕ ਕਹਾਉਂਦੀ ਅਕਾਲੀ ਪਾਰਟੀ ਨਾਲ ਟੁੱਟਣ ਦੀ ਕੋਈ ਖਾਸ ਜਚਣਹਾਰ ਵਿਖਾਇਆ ਨਹੀਂ ਸੀ। ੨੦੦੨ ਤੋਂ ੨੦੦੭ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਾਂਗਰਸ ਤੇ ਸਿੱਖ ਵਿਰੋਧੀ ਪਾਰਟੀ ਦਾ ਲੱਗਿਆ ਧੱਬਾ ਭਾਵੇਂ ਕਾਫੀ ਹੱਦ ਤੱਕ ਮੱਧਮ ਕਰ ਦਿੱਤਾ ਪਰ ਬਹੁਗਿਣਤੀ ਸਿੱਖ ਅਜੇ ਵੀ ਕਾਂਗਰਸ ਨੂੰ ਜੂਨ ੧੯੮੪ ਤੇ ਨਵੰਬਰ ੧੯੮੪ ਵਾਲੇ ਕਾਰਿਆ ਤੋਂ ਬਰੀ ਹੀਂ ਕਰ ਰਹੇ। ਅਕਾਲੀ ਦਲ ਤੋਂ ਨਰਾਜ਼ ਹੋਏ ਸਿੱਖਾਂ ਕੋਲ ਕਾਂਗਰਸ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਸੀ। ਅਕਾਲੀ ਨਾਲ ਨਰਾਜ਼ਗੀ ਕਰਕੇ ਭਾਵੇਂ ਸਿੱਖਾਂ ਦਾ ਕਾਫੀ ਹਿੱਸਾ ਕਾਂਗਰਸ ਵੱਲ ਝੁਕ ਗਿਆ ਸੀ ਸਿੱਖ ਵਿਰੋਧੀ ਕਾਗਰਸ ਪਾਰਟੀ ਨਾਲ ਜੁੜਨ ਦਾ ਮਿਹਣਾ ਉਹਨਾਂ ਨੂੰ ਸਦਾ ਔਖਾ ਕਰਦਾ ਰਿਹਾ। ਆਮ ਆਦਮੀ ਪਾਰਟੀ ਦੇ ਸਿਆਸੀ ਅਖਾੜੇ ਚ ਆਉਣ ਨੇ ਸਿੱਖਾਂ ਵਾਸਤੇ ਅਕਾਲੀ ਦਲ ਨਾਲੋਂ ਟੁੱਟਣ ਤੇ ਕਾਂਗਰਸ ਵਾਲੇ ਮੇਹਣੇ ਤੋਂ ਬਚਣ ਖਾਤਰ ਸਿੱਖਾਂ ਵਾਸਤੇ ਇੱਕ ਨਵਾਂ ਰਾਹ ਪੱਧਰਾ ਕਰ ਦਿੱਤਾ। ਇਹੀ ਵਜਾਹ ਸੀ ਕਿ ਆਮ ਆਦਮੀ ਪਾਰਟੀ ੨੦੧੪ ਦੀਆ ਲੋਕ ਸਭਾ ਚੋਣਾਂ ਚ ਸਾਰੇ ਭਾਰਤ ਚ ਬੁਰੀ ਤਰ੍ਹਾਂ ਹਾਰਨ ਦੇ ਬਾਵਜੂਦ ਪੰਜਾਬ ਚੋਂ ੪ ਸੀਟਾਂ ਜਿੱਤਣ ਚ ਕਾਮਯਾਬ ਰਹੀ। ੨੦੧੫ ਦਿੱਲੀ ਵਿਧਾਨ ਵੋਟਾਂ ਚ ਆਮ ਆਦਮੀ ਪਾਰਟੀ ਦੀ ਆਈ ਬਰੋਟੇ ਪੱਟ ਹਨੇਰੀ ਨੇ ਸਿੱਖਾਂ ਨੂੰ ਮਿਲੇ ਤੀਜੇ ਰਾਹ ਨੂੰ ਹੋਰ ਪੱਧਰਾ ਕਰ ਦਿੱਤਾ। ੨੦੧੫ ਤੇ ੨੦੧੬ ਚ ਅਕਾਲੀ ਰਾਜ ਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ, ਮੁਜ਼ਹਰਾਕਾਰੀ ਸਿੱਖਾਂ ਤੇ ਪੁਲਿਸ ਫਾਇਰਿੰਗ ਤੇ ਸੌਧਾ ਸਾਧ ਨੂੰ ਦਿੱਤੀ ਗਈ ਮੁਆਫੀ ਦੇ ਰੋਸ ਵਜੋਂ ਲਗਭਗ ਸਾਰਾ ਸਿੱਖ ਅਵਾਮ ਸੜਕਾਂ ਤੇ ਆ ਗਿਆ। ਇਹਨਾਂ ਘਟਨਾਵਾਂ ਦੇ ਬਾਅਦ ਆਈ ਪਹਿਲੀ ਦਿਵਾਲੀ ਨੂੰ ਰੋਸ ਵਜੋਂ ਕਿਸੇ ਸਿੱਖ ਦੇ ਘਰ ਦੀਵਾ ਨਹੀਂ ਜਗਿਆ। ਹਾਲਾਂਕਿ ਇਸ ਬਾਬਤ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਨੇ ਕੋਈ ਫਰਮਾਨ ਜਾਰੀ ਨਹੀਂ ਸੀ ਕੀਤਾ। ਅਕਾਲੀ ਵਜ਼ੀਰ ਸਿੰਕਦਰ ਸਿੰਘ ਮਲੂਕਾ ਵੱਲੋਂ ਦੀਵਾਲੀ ਮਨਾਉਣ ਵਾਲੇ ਸਿੱਖਾਂ ਨੂੰ ਸਿਕਿਓਰਟੀ ਮੁਹੱਈਆ ਕਰਵਾਉਣ ਵਰਗੇ ਬਿਆਨਾਂ ਤੋਂ ਸਪੱਸ਼ਟ ਸੀ ਅਕਾਲੀ ਦਲ ਜਾਂ ਤਾਂ ਸਿੱਖ ਜ਼ਜ਼ਬਾਤਾਂ ਨੂੰ ਪੜ੍ਹ ਨਹੀਂ ਸੀ ਸਕਿਆ ਜਾਂ ਸਮਝਦਾ ਸੀ ਕਿ ਸਿੱਖ ਇਹ ਸਭ ਕੁੱਝ ਭੁੱਲ ਜਾਣਗੇ। ਅਕਾਲੀ ਦਲ ਵੱਲੋਂ ਸਿੱਖ ਜਜਬਾਤਾਂ ਨੂੰ ਇਸ ਕਦਰ ਮਧੋਲਣ ਵਾਲੀਆ ਕਾਰਵਾਈਆਂ ਨੇ ਸਿੱਖਾਂ ਨੂੰ ਅਕਾਲੀਆਂ ਨਾਲੋਂ ਟੁੱਟਣ ਦੀ ਇੱਕ ਠੋਸ ਵਜ੍ਹਾ ਤੇ ਵਿਖਾਇਆ ਦੇ ਦਿੱਤੀ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਸਿੱਖਾਂ ਨੂੰ ਕਾਂਗਰਸ ਵੱਲ ਜਾਣ ਦੇ ਮੇਹਣੇ ਤੋਂ ਬਚਣ ਦਾ ਇੱਕ ਨਵਾਂ ਪਲੇਟਫਾਰਮ ਮੁਹੱਈਆ ਕਰ ਦਿੱਤਾ। ਸਿੱਖਾਂ ਵੱਲੋਂ ਇਸ ਨਵੇਂ ਨਕੋਰ ਸਿਆਸੀ ਪਲੇਟਫਾਰਮ ਤੋਂ ਖੜ ਕੇ ਅਕਾਲੀ ਦਲ ਪੰਥ ਵਿਰੋਧੀ ਪਾਰਟੀ ਕਹਿਣਾ ਬੜਾ ਸੌਖਾ ਹੋ ਗਿਆ ਜੋ ਕਿ ਕਾਂਗਰਸ ਦੇ ਪਲੇਟਫਾਰਮ ਤੋਂ ਮੁਮਕਿਨ ਨਹੀਂ ਸੀ। ਰਹਿੰਦੀ ਕਸਰ ਸ਼ੋਸ਼ਲ ਮੀਡੀਆ ਵਾਲੇ ਪਲੇਟਫਾਰਮ ਨੇ ਕੱਢ ਦਿੱਤੀ। ਫੇਸਬੁੱਕ ਮੀਡੀਆ ਨੇ ਲੋਕਾਂ ਦੀ ਨਿਰਭਰਤਾ ਅਖਬਾਰਾਂ ਤੇ ਟੈਲੀਵਿਜ਼ਨਾਂ ਤੋਂ ਘਟਾ ਦਿੱਤੀ। ਜੂਨ- ਜੁਲਾਈ ੨੦੧੪ ਚ ਜਦੋਂ ਅਕਾਲੀ ਵਜ਼ੀਰ ਮੰਡਲੀ ਦੀ ਅਮਰੀਕਾ- ਕਨੇਡਾ ਚ ੧੫ ਦਿਨ ਤੱਕ ਹੋਈ ਕੁਪੱਤ ਦੁਨੀਆ ਭਰ ਦੇ ਸਿੱਖਾਂ ਨੇ ਫੇਸਬੁੱਕ ਤੇ ਹੀ ਦੇਖੀ ਤੇ ਆਪ ਦੇ ਕੁਮੈਂਟ ਪਾ ਕੇ ਇਹਦੀ ਭਰਪੂਰ ਸ਼ਲਾਘਾ ਕੀਤੀ ਤਾਂ ਇਹਨੇ ਪੰਜਾਬ ਭਰ ਵਿੱਚ ਬੈਠੇ ਅਕਾਲੀ ਵਿਰੋਧੀ ਸਿੱਖਾਂ ਨੂੰ ਹੋਰ ਹੌਸਲੇ ਚ ਕੀਤਾ। ਸਿੱਖਾਂ ਵੱਲੋਂ ਅਕਾਲੀ ਦਲ ਨਾਲੋਂ ਟੁੱਟਣ ਦੇ ਠੋਸ ਕਾਰਨ, ਕਾਂਗਰਸ ਨਾਲੋਂ ਹੋਰ ਪਾਰਟੀ ਮਿਲਣ ਅਤੇ ਸ਼ੋਸ਼ਲ ਮੀਡੀਆ ਦੇ ਹੋਂਦ ਚ ਆਉਣ ਵਾਲੇ ਤਿੰਨ ਕਾਰਨ ਮੁੱਖ ਨੇ ਜੀਹਦੇ ਕਰਕੇ ਅਕਾਲੀ ਐਂਤਕੀ ਮੁਕਾਬਲੇ ਚੋਂ ਬਾਹਰ ਹੋਇਆ ਹੈ।
-
ਗੁਰਪ੍ਰੀਤ ਸਿੰਘ ਮੰਡਿਆਣੀ,
gurpreetmandiani@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.