ਕੋਈ ਵੇਲਾ ਹੁੰਦਾ ਜਦੋਂ ਐਮ. ਐਲ. ਏ. ਤੇ ਐਮ. ਪੀ ਸਿਰਫ ਬੱਸਾਂ ਚ ਸਿਫਰ ਕਰਨ ਜੋਗੇ ਹੀ ਹੁੰਦੇ ਸੀ। 1985 ਚ ਬਰਨਾਲਾ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ 95 ਫੀਸਦੀ ਐਮ. ਪੀਆਂ ਤੇ ਐਮ. ਐਲਿਆਂ ਕੋਲ ਆਪਦੀਆਂ ਗੱਡੀਆਂ ਨੀ ਸੀ ਹੁੰਦੀਆਂ। ਭਾਵੇਂ ਗੱਡੀ ਰੱਖਣਾ ਅੱਜ ਕੱਲ੍ਹ ਆਮ ਗੱਲ ਹੋ ਗਈ ਤੇ ਪਿੰਡਾਂ ਚ ਵੀ ਲਗਭਗ ਅੱਧਿਓਂ ਵੱਧ ਜਿਮੀਂਦਾਰ ਘਰਾਂ ਚ ਗੱਡੀਆਂ ਨੇ ਤੇ ਹਰੇਕ ਸਰਕਾਰੀ ਮੁਲਾਜ਼ਮ ਦੀ ਗੱਡੀ ਰੱਖਣ ਦੀ ਹੈਸੀਅਤ ਹੈ। ਓਸ ਹਿਸਾਬ ਨਾਲ ਭਾਵੇਂ ਅੱਜ ਕੱਲ੍ਹ ਐਮ. ਐਲਿਆਂ ਕੋਲ ਆਪਦੀਆਂ ਗੱਡੀਆਂ ਹੋਣਾ ਕੋਈ ਖਾਮ ਗੱਲ ਨਹੀਂ ਹੈ ਪਰ ਜਿਸ ਹਿਸਾਬ ਨਾਲ ਅੱਜ ਕੱਲ੍ਹ ਦੇ ਐਮ. ਐਲ. ਏ ਤੇ ਐਮ. ਪੀਆਂ ਦੀਆਂ ਜਾਇਦਾਦਾਂ ਛੜੱਪੇ ਮਾਰ ਕੇ ਵਧਦੀਆਂਨੇ ਉਸ ਹਿਸਾਬ ਨਾਲ ਪਤਾ ਲੱਗਦਾ ਹੈ ਕਿ ਪਹਿਲੇ ਸਮਿਆਂ ਵਿੱਚ ਐਮ. ਐਲ. ਏ ਕਿੰਨ੍ਹੇ ਫੱਕਰ ਸੁਭਾ ਦੇ ਹੁੰਦੇ ਸੀ। ਐਮ. ਐਲਿਆਂ ਵੱਲੋਂ ਕਾਗਜ਼ ਭਰਨ ਮੌਕੇ ਜੋ ਆਪਦੀ ਜਾਇਦਾਦ ਦੇ ਮਗਰਲੇ ਤੇ ਹੁਣ ਵਾਲੇ ਦੱਸੇ ਵੇਰਵਿਆ ਤੋਂ ਇਹ ਕਾਫੀ ਹੱਦ ਤੱਕ ਸਪਸ਼ਟ ਹੋ ਜਾਂਦਾ ਹੈ। ਹਾਂਲਾਕਿ ਇਹ ਉਹ ਜਾਇਦਾਦ ਹੈ ਜਿਹੜੀ ਉਹਨਾਂ ਨੇ ਜੱਗ ਜ਼ਾਹਿਰ ਕੀਤੀ ਹੈ। ਮਿਸਾਲ ਦੇ ਤੌਰ ਤੇ ਵਿਰੋਧੀ ਪਾਰਟੀ ਕਾਂਗਰਸ ਦੇ ਇੱਕ ਐਮ. ਐਲ. ਏ ਦੀ ਜਾਇਦਾਦ ਪਿਛਲੇ ਪੰਜ ਸਾਲਾਂ ਦੌਰਾਨ ਦੂਣੀ ਤੋਂ ਵੀ ਵਧੀ ਹੈ। ਕਪੂਰਥਲਾ ਹਲਕੇ ਤੋਂ ਖੰਡ ਮਿੱਲਾਂ ਦੇ ਮਾਲਿਕ ਰਾਣਾ ਗੁਰਜੀਤ ਸਿੰਘ ਐਮ. ਐਲ. ਏ. ਨੇ ਚੋਣ ਅਫਸਰ ਕੋਲ ਨਸ਼ਰ ਕੀਤੇ ਵੇਰਵਿਆਂ ਚ ਦੱਸਿਆ ਹੈ ਕਿ ਮੇਰੇ ਕੋਲ 2012 ਚ ਲਗਭਗ 68 ਕਰੋੜ ਰੁਪਏ ਦੀ ਜਾਇਦਾਦ ਸੀ ਜਦਕਿ ਅੱਜ ਦੀ ਤਰੀਕ ਵਿੱਚ ਮੇਰੇ ਕੋਲ 169 ਕਰੋੜ ਦੀ ਜਾਇਦਾਦ ਹੈ। ਦੂਜੇ ਪਾਸੇ ਪੰਜਾਬ ਦੀਆਂ ਲਗਭਗ ਸਾਰੀਆਂ ਸਰਕਾਰੀ ਖੰਡ ਮਿੱਲਾਂ ਘਾਟੇ ਕਰਕੇ ਬੰਦ ਹੋ ਚੁੱਕੀਆਂ ਨੇ।
ਗੱਲ ਪਹਿਲੇ ਸਮਿਆਂ ਦੇ ਐਮ . ਐਲਿਆਂ ਦੀ ਚੱਲ ਰਹੀ ਸੀ। ਪੰਜਾਬ ਦੀਆਂ ਸਰਕਾਰੀ ਬੱਸਾਂ ਚ ਐਮ. ਐਲ. ਏ. ਤੇ ਐਮ. ਪੀ ਨੂੰ ਮੁਫਤ ਸਫਰ ਦੀ ਸਹੂਲਤ ਸੀ ਤੇ ਲਗਭਗ ਸਾਰੇ ਐਮ. ਐਲ. ਏ ਬੱਸਾਂ ਚ ਹੀ ਸਫਰ ਕਰਦੇ ਹੁੰਦੇ ਸੀ। ਬੱਸਾਂ ਵਿੱਚ ਇਹਨਾਂ ਵਾਸਤੇ ਸੀਟਾਂ ਵੀ ਰਿਜ਼ਵਰ ਹੁੰਦੀਆਂ ਸੀ। ਤੇ ਸੀਟਾਂ ਤੇ ਲਿਖਿਆ ਵੀ ਹੁੰਦਾ ਸੀ ਕਿ ਇਹ ਸੀਟ ਐਮ. ਐਲ. ਏ. ਤੇ ਐਮ. ਪੀ. ਵਾਸਤੇ ਰਿਜ਼ਰਵ ਹੈ। ਪੰਜਾਬ ਦੇ ਅਨੇਕਾਂ ਐਮ. ਐਲਿਆਂ ਨੂੰ ਚੰਡੀਗੜ੍ਹ 17 ਸੈਕਟਰ ਦੇ ਬੱਸ ਅੱਡੇ ਤੋਂ 17 ਸੈਕਟਰ ਦੇ ਦਫਤਰਾਂ ਵੱਲ ਨੂੰ ਜਾਂਦੀ ਡੰਡੀ ਤੇ ਪੈਦਲ ਤੁਰਕੇ ਜਾਂਦਿਆਂ ਮੈਂ ਖੁਦ ਅਕਸਰ ਤੱਕਦਾ ਹੰਦਾ ਸੀ। 17 ਦੇ ਬੱਸ ਅੱਡੇ ਤੋਂ 3 ਸੈਕਟਰ ਵਾਲੇ ਐਮ.ਐਲ. ਏ. ਹੋਸਟਲ ਤੱਕ ਜਾਣ ਲਈ ਸਾਰੇ ਐਮ. ਐਲ. ਏ. 5 ਰੁਪਏ ਦਾ ਆਟੋ ਰਿਕਸ਼ਾ ਕਰਨ ਦੀ ਬਜਾਏ ਲੋਕਲ ਬੱਸ ਚ ਚੁਆਨੀ ਦਾ ਟਿਕਟ ਕਟਾ ਕੇ ਸਫਰ ਕਰਨ ਨੂੰ ਤਰਜੀਹ ਦਿੰਦੇ ਹੁੰਦੇ ਸੀ।
ਇਹ ਸੂਰਤੇਹਾਲ ਅਚਾਨਕ ਉਦੋਂ ਬਦਲੀ ਜਦੋਂ 1985 ਚ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣੀ। ਉਦੋਂ 29 ਸਤੰਬਰ ਨੂੰ ਵਿਧਾਨ ਸਭਾ ਅਤੇ ਲੋਕ ਸਭਾ (ਸਿਰਫ ਪੰਜਾਬ ਚ) ਦੀਆਂ ਚੋਣਾਂ ਕੱਠੀਆਂ ਹੋਈਆਂ ਸੀ। ਉਦੋਂ ਹੀ ਖਾੜਕੂਵਾਦ ਦੀ ਆੜ ਚ ਹਰੇਕ ਐਮ. ਐਲ. ਏ ਤੇ ਐਮ. ਪੀ. ਨੂੰ ਪੁਲਿਸ ਗਾਰਦ ਮਿਲ ਗਈ ਉਹ ਵੀ ਸਣੇ ਸਰਕਾਰੀ ਗੱਡੀ ਦੇ। ਉਦੋਂ ਇਹ ਗੱਲ ਪਹਿਲੀ ਵਾਰ ਹੋਈ ਸੀ ਕਿ ਸਾਰੇ ਅਕਾਲੀ ਐਮ. ਐਲ. ਏ. ਤੇ ਐਮ. ਪੀਆਂ. ਨੂੰ ਗੱਡੀ ਖਰੀਦਣ ਜੋਗੇ ਪੈਸੇ ਕੱਠੇ ਹੋਏ ਚੋਣ ਫੰਡ ਚੋਂ ਖਰਚੇ ਕੱਢ ਕੇ ਵੀ ਬਚ ਗਏ ਸਨ। ਸੋ ਬਹੁਤ ਸਾਰੇ ਐਮ. ਐਲਿਆਂ ਨੇ ਗੱਡੀਆਂ ਦਾ ਇੰਤਜਾਮ ਖੁਦ ਕਰ ਲਿਆ ਤੇ ਬਾਕੀਆਂ ਦਾ ਇੰਤਜ਼ਾਮ ਉਹਨਾਂ ਦੇ ਲਿਹਾਜ਼ਦਾਰਾਂ ਨੇ ਕਰ ਦਿੱਤਾ। ਸੰਗਰੂਰ ਲੋਕ ਸਭਾ ਤੋਂ ਸੀਟ ਜਿੱਤ ਕੇ ਐਮ. ਪੀ ਬਣੇ ਬਲਵੰਤ ਸਿੰਘ ਰਾਮੂਵਾਲੀਆ ਦੀ ਪਲਿਸ ਗਾਰਦ ਨੂੰ ਇੱਕ ਨੀਲੇ ਰੰਗ ਦੀ ਮੈਟਾਡੋਰ ਗੱਡੀ ਮਿਲ ਗਈ ਸੀ ਜੀਹਦੇ ਚ 6-7 ਬੰਦੇ ਬੈਠ ਸਕਦੇ ਸੀ। ਬਲਵੰਤ ਸਿੰਘ ਰਾਮੂਵਾਲੀਆ ਨੂੰ ਮੈਂ ਉਸੇ ਮੈਟਾਡੋਰ ਚ ਸਫਰ ਕਰਦੇ ਦੇਖਿਆ ਹੈ। ਹੋ ਸਕਦਾ ਹੈ ਕਿ ਰਾਮੂਵਾਲੀਆ ਵਰਗੇ ਕੁੱਝ ਹੀ ਐਮ. ਐਲ. ਏ. ਵੀ ਗਾਰਦ ਵਾਲੀ ਗੱਡੀ ਚ ਹੀ ਸਫਰ ਕਰਦੇ ਹੋਣ । ਐਮ. ਐਲਿਆਂ ਤੋਂ ਵਜ਼ੀਰ ਬਣੇ ਲੀਡਰਾਂ ਨੂੰ ਸਰਕਾਰੀ ਕਾਰਾਂ ਹੀ ਮਿਲ ਗਈਆਂ ਜਿੰਨ੍ਹਾਂ ਚੋਂ ਦਾਖਾ ਹਲਕੇ ਤੋਂ ਐਮ. ਐਲ. ਏ. ਜਿੱਤੇ ਸ. ਬਸੰਤ ਸਿੰਘ ਖਾਲਸਾ ਵੀ ਸ਼ਾਮਿਲ ਸਨ। ਮੁੱਖ ਮੰਤਰੀ ਬਰਨਾਲਾ ਤੋਂ ਬਾਗੀ ਹੋ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਮੌਕੇ ਜੱਥੇਦਾਰ ਟੌਹੜਾ ਨੂੰ ਵੋਟ ਪਾਉਣ ਦੇ ਗੁੱਸੇ ਵੱਜੋਂ ਜਦੋਂ ਬਰਨਾਲਾ ਨੇ ਵਜ਼ੀਰੇ ਤਾਲੀਮ ਬਸੰਤ ਸਿੰਘ ਖਲਾਸਾ ਨੂੰ ਬਰਤਰਫ ਕਰਦਿਆਂ ਜਦੋਂ ਉਨ੍ਹਾਂ ਤੋਂ ਸਰਕਾਰੀ ਗੱਡੀ ਖੋਹ ਲਈ ਤਾਂ ਉਸ ਮੌਕੇ ਖਾਲਸਾ ਜੀ ਦੇ ਕੋਲ ਆਪਦੀ ਕੋਈ ਗੱਡੀ ਨਹੀਂ ਸੀ ਤੇ ਉਹ ਬੱਸ ਚ ਬੈਠ ਕੇ ਚੰਡੀਗੜ੍ਹੋਂ ਲੁਧਿਆਣੇ ਪੁੱਜੇ ਸਨ। ਨਵੰਬਰ 1986 ਚ ਦਾਖੇ ਹਲਕੇ ਦੇ ਲੋਕਾਂ ਨੇ ਜੱਥੇਦਾਰ ਟੌਹੜਾ ਨੂੰ ਵੋਟ ਪਾਉਣ ਦੀ ਸ਼ਲਾਘਾ ਕਰਦਿਆ ਪੈਸੇ ਢਾਲ ਕੇ ਬਸੰਤ ਸਿੰਘ ਖਾਲਸਾ ਨੂੰ ਨਵੀਂ ਫਿੱਕੇ ਹਰੇ ਰੰਗ ਦੀ ਫੀਅਟ ਕਾਰ ਖਰੀਦ ਕੇ ਭੇਟ ਕੀਤੀ ਸੀ। ਬਰਨਾਲੇ ਵਾਲੀ ਸਰਕਾਰ ਮੌਕੇ ਐਮ. ਐਲਿਆਂ ਵੱਲੋਂ ਬੱਸਾਂ ਚ ਸਫਰ ਕਰਨ ਦਾ ਰਿਵਾਜ਼ ਤਾਂ ਭਾਵੇਂ ਬਿਲਕੁਲ ਮੁਕ ਗਿਆ ਸੀ ਪਰ ਬੱਸਾਂ ਦੀਆਂ ਸੀਟਾਂ ਚ ਰਿਜ਼ਵਰ ਤਾਂ ਕਈ ਸਾਲ ਬਾਅਦ ਵੀ ਲਿਖਿਆ ਜਾਂਦਾ ਰਿਹਾ। ਐਮ. ਐਲ. ਏ. ਨੂੰ ਮੁਫਤ ਬੱਸ ਦੀ ਸਹੂਲਤ ਭਾਵੇਂ ਅੱਜ ਵੀ ਹੈ ਪਰ ਸੀਟਾਂ ਤੇ ਰਿਜ਼ਵਰ ਫਾਰ ਐਮ. ਐਲ. ਏ. ਲਫਜ਼ ਬੇਲੋੜਾ ਸਮਝ ਕੇ ਲਿਖਿਆ ਨਹੀਂ ਜਾਂਦਾ। ਹਾਂ ਇੱਕ ਵਾਧਾ ਹੋਰ ਹੋਇਆ ਹੈ ਕਿ ਐਮ. ਐਲ. ਏ. ਦੀ ਗੱਡੀ ਉ¥ਤੇ ਲਾਲ ਬੱਤੀ ਜ਼ਰੂਰ ਲੱਗ ਗਈ ਹੈ। ਪੁਰਾਣੇ ਵੇਲਿਆਂ ਦੇ ਐਮ. ਐਲ. ਏ. ਅਜੋਕੇ ਐਮ.ਐਲਿਆਂ ਦੀਆਂ ਲਾਲ ਬੱਤੀਆਂ ਵਾਲੀਆਂ ਗੱਡੀਆਂ ਦੇਖਦੇ ਆਪਦਾ ਬੱਸਾਂ ਦਾ ਸਫਰ ਯਾਦ ਕਰਕੇ ਜ਼ਰੂਰ ਸੋਚਦੇ ਹੋਣਗੇ ਕਿ ਕਾਸ਼ ਅਸੀਂ ਵੀ 21ਵੀਂ ਸਦੀ ਚ ਜਾ ਕੇ ਐਮ. ਐਲ. ਏ. ਬਣਦੇ।
-
ਗੁਰਪਰੀਤ ਸਿੰਘ ਮੰਡਿਆਣੀ, ਲੇਖਕ
gurpreetmandiani@gmail.com
8872664000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.