ਖ਼ਬਰ ਹੈ ਕਿ ਸੂਬੇ ਪੰਜਾਬ ਵਿਚ ਆਮ ਲੋਕਾਂ ਦੀ ਆਮਦਨ ਵਧੀ ਹੋਵੇ ਜਾਂ ਨਾ ਪਰ ਬਾਦਲਾਂ ਦੀ ਆਮਦਨ ਵਿਚ ਦੁਗਣੇ ਤੋਂ ਵੀ ਵੱਧ ਦਾ ਵਾਧਾ ਹੋ ਗਿਆ ਹੈ। ਇਹ ਗੱਲ ਚੋਣਾਂ ਵਿਚ ਉਨਾਂ ਵੱਲੋਂ ਦਿੱਤੇ ਹਲਫ਼ਨਾਮੇ ਤੋਂ ਉਜਾਗਰ ਹੋਈ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਸਾਲ 2012 ਦੀਆਂ ਚੋਣਾਂਦੌਰਾਨ 6 ਕਰੋੜ 75 ਲੱਖ 27 ਹਜ਼ਾਰ 294 ਰੁਪਈਏ ਦੀ ਕੁਲ ਚੱਲ/ਅਚੱਲ ਜਾਇਦਾਦ ਸੀ। ਹੁਣ ਪੰਜ ਸਾਲਾਂ ਬਾਅਦ 14 ਕਰੋੜ 49 ਲੱਖ 82 ਹਜ਼ਾਰ 207 ਰੁਪਏ ਦੀ ਚੱਲ/ਅਚੱਲ ਜਾਇਦਾਦ ਹੈ। ਸੁਖਬੀਰ ਕੋਲ 2012 ਵਿਚ 11 ਕਰੋੜ ਦੀ ਜਾਇਦਾਦ ਸੀ ਜੋ ਹੁਣ 22 ਕਰੋੜ ਹੋ ਗਈ ਹੈ।ਹੈਰਾਨੀ ਦੀ ਗੱਲ ਹੈ ਦੋਹਾਂ ਕੋਲ ਕਾਰ ਨਹੀਂ, ਸਗੋਂ ਖੇਤੀ ਲਈ ਟਰੈਕਟਰ ਹਨ ।
ਜਦ ਸਰਕਾਰੀ ਹੈਲੀਕਾਪਟਰਾਂ ਦੀ ਸਵਾਰੀ ਬਾਦਲਾਂ ਕੋਲ ਆਂ ਤਾਂ ਆਪਣੀਆਂ ਕਾਰਾਂ ਕੀ ਕਰਨੀਆਂ ਨੇ ਬਾਦਲਾਂ ਨੇ? ਜਦ ਸਰਕਾਰ ਹੀ ਆਪਣੀ ਆਂ ਤਾਂ ਸਰਕਾਰੀ ਕਾਰ ਵੀ ਆਪਣੀ। ਸਰਕਾਰੀ ਕੁਰਸੀ, ਕੁਰਸੀ ਉੱਤੇ ਚਿੱਟਾ ਤੋਲੀਆ, ਕੁਰਸੀ ਉੱਤੋ ਰੱਖੀ ਗੱਦੀ, ਚਾਹ ਪਾਣੀ, ਖਾਣਾ ਦਾਣਾ, ਸਰਕਾਰੀਕੋਠੀ, ਸਰਕਾਰ ਮੁਹੱਈਆ ਕਰਦੀ ਆ। ਲੀੜਾ-ਲੱਤਾ, ਬੂਟ-ਜੁਰਾਬਾਂ, ਨੌਕਰ-ਚਾਕਰ ਸਭ ਬਾਦਲਾਂ ਦੇ ਦਰ ਉੱਤੇ ਸਰਕਾਰ ਦਿੰਦੀ ਆ ਤਾਂ ਭਾਈ ਉਨਾਂ ਦਾ ਆਪਣਾ ਖਰਚਾ ਕੇਹਾ?
ਉਂਜ ਭਾਈ ਵਿਰੋਧੀ ਕਿਹੜਾ ਕਹਿਣੋਂ ਹਟਦੇ ਆ, ਅਖੇ ਬਾਦਲਾਂ ਦਾ ਤਾਂ ਸਾਰਾ ਪੰਜਾਬ ਆ। ਬੱਸਾਂ ਬਾਦਲਾਂ ਦੀਆਂ, ਰੇਤਾ ਬਾਦਲਾਂ ਦਾ, ਹੋਟਲ ਬਾਦਲਾਂ ਦੇ, ਮੋਟਲ ਬਾਦਲਾਂ ਦੇ, ਚੈਨਲ ਬਾਦਲਾਂ ਦੇ, ਖੇਤ-ਖਲਿਆਣ, ਆਲੂ-ਭਾਲੂ, ਸਭ ਬਾਦਲਾਂ ਦੇ! ਤਾਂ ਫਿਰ ਮਾਇਆ ਦੇ ਅੰਬਾਰ ਤਾਂ ਲੱਗਣੇ ਹੀ ਹੋਏ।ਬਿਨਾਂ ਗਿਣਿਆ, ਟਿਕ-ਟਿਕ ਹੋਈ ਜਾਂਦੀ ਆ, ਸਰਕਾਰੀ ਖਜ਼ਾਨੇ ਖਾਲੀ ਹੋਈ ਜਾਂਦੇ ਆ, ਆਪਣੇ ਖਜ਼ਾਨੇ ਭਰੀ ਜਾਂਦੇ ਆ। ਕਰਨ ਕੀ ਬਾਦਲ ਲੋਕ ਹੀ ਪਿੱਛਾ ਨਹੀਂ ਛੱਡਦੇ, ਅਖੇ ਬਣੋ ਸੂਬੇ ਦੇ ਹਾਕਮ, ਪੰਜਾਬ ਰਹੇ ਨਾ ਰਹੇ, ਬਾਦਲ ਹਾਕਮ ਰਹਿਣੇ ਚਾਹੀਦੇ ਆ। ਆਪਣੇ ਬਾਬਾ ਬਾਦਲ ਜੀ ਵੀ ਜਾਣਦੇਆ ਕਿ ਹਾਕਮਾਂ ਦੇ ਪੁਤਰਾਂ ਹਾਕਮ ਹੀ ਬਣਨਾ, ਤਦੇ ਛੋਟੇ ਬਾਦਲ ਨੂੰ ਮਾਇਆ ਇਕੱਠੀ ਕਰਨ ਤੇ ਲੋਕਾਂ ਨੂੰ ਕਾਬੂ ਕਰਨ ਦੇ ਗੁਰ ਸਿਖਾਈ ਜਾਂਦੇ ਆ, ਉਹਦੀ ਝੋਲੀ ਦਾਣੇ ਪਾਈ ਜਾਂਦੇ ਆ। ਕਿਉਂਕਿ ਸਿਆਣੇ ਬਾਬਾ ਬਾਦਲ ਜਾਣਦੇ ਆ ਕਿ ''ਘਾਹੀਆਂ ਦੇ ਪੁੱਤ ਘਾਹੀ ਹੁੰਦੇ, ਹਲ ਵਾਹਾਂ ਦੇ ਹਾਲੀ। ਆਹਲੈ ਪਕੜ ਪਰੈਣੀ ਪੁੱਤਰਾ ਸਾਂਭ ਮੁੰਨਾ ਪੰਜਾਲੀ।''
ਦੁਪੱਟਿਆ ਸੱਚ ਦੱਸ ਵੇ
ਖ਼ਬਰ ਹੈ ਕਿ ਖਾਦੀ ਵਿਲੇਜ਼ ਇੰਡਸਟਰੀਜ਼ ਕਮਿਸ਼ਨ ਦੇ ਨਵੇਂ ਸਾਲ ਦੇ ਕੈਲੰਡਰ ਅਤੇ ਡਾਇਰੀਆਂ ਤੋਂ ਗਾਇਬ ਹੋਈ ਮਹਾਤਮਾ ਗਾਂਧੀ ਦੀ ਤਸਵੀਰ 'ਤੇ ਖਾਸਾ ਵਿਵਾਦ ਛਿੜ ਗਿਆ ਹੈ। ਵਿਵਾਦ ਦਾ ਕਾਰਨ ਹੈ ਤਸਵੀਰ 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਧੁਨਿਕ ਚਰਖੇ 'ਤੇ ਸੂਤ ਕੱਤਦੇ ਨਜ਼ਰ ਆਰਹੇ ਹਨ। ਵਿਰੋਧੀ ਧਿਰ ਜਿਥੇ ਬਾਪੂ ਨੂੰ ਅਣਗੌਲਣ ਕਾਰਨ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧ ਰਹੀ ਹੈ ਉਥੇ ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਨੇ ਵੀ ਦੋਸ਼ ਲਗਾਇਆ ਹੈ ਕਿ ਪ੍ਰਧਾਨ ਮੰਤਰੀ ਸਿਰਫ਼ ਆਪਣੀ ਸ਼ਾਖ ਚਮਕਾਉਣ ਲਈ ਬਾਪੂ ਦਾ ਇਸਤੇਮਾਲ ਕਰ ਰਹੇ ਹਨ। ਉਨਾਂ ਕਿਹਾ ਕਿਗਰੀਬਾਂ ਦੀ ਆਰਥਿਕ ਤਰੱਕੀ ਲਈ ਖਾਦੀ ਦੀ ਸ਼ੁਰੂਆਤ ਕੀਤੀ ਸੀ ਪਰ ਹੁਣ ਇਹ ਸਿਰਫ਼ ਫੋਟੋ ਖਿਚਵਾਉਣ ਦਾ ਇਕ ਜ਼ਰੀਆ ਬਣ ਕੇ ਰਹਿ ਗਈ ਹੈ।
ਮੋਦੀ ਜੀ ਨੂੰ ਰਾਤ ਨੂੰ ਕੋਈ ਸੁਫ਼ਨਾ ਆਉਂਦਾ ਹੈ ਤਾਂ ਉਹ ਸੁਵੱਖਤੇ ਉੱਠ ਆਪਣੀ 'ਮਨ ਕੀ ਬਾਤ' ਰਾਹੀਂ ਜਨਤਾ ਨੂੰ ਦੱਸਣ ਤੋਂ ਪਹਿਲਾਂ ਆਪਣੇ ਕਰਿੰਦਿਆਂ-ਅਫ਼ਸਰਾਂ-ਬਾਬੂਆਂ ਨਾਲ ਗੱਲ ਸਾਂਝੀ ਕਰਦੇ ਆ। ਉਹ ਕਰਿੰਦੇ ਹੱਥ ਤੇ ਸਰੋਂ ਜਮਾਉਣ ਵਾਂਗਰ ਉਸ ਸੁਫ਼ਨੇ ਨੂੰ ਹੁਕਮ ਬਣਾ ਕੇ ਤਟ-ਫਟ ਲਾਗੂਕਰਨ ਦਾ ਹੁਕਮ ਸੁਣਾ ਦਿੰਦੇ ਆ। ਵੇਖੋ ਨਾ ਨੋਟਬੰਦੀ ਆਈ! ਹਨੇਰੀ ਲਿਆਈ! ਆਮ ਬੰਦੇ ਦੀ ਹੋਈ ਭਕਾਈ ਰਾਤੀਂ ਸੁਫਨਾ ਆਇਆ, 'ਮੋਦੀ ਬਾਬੂ' ਨੇ 500 ਤੇ 1000 ਦੇ ਨੋਟ ਬੈਂਕਾਂ 'ਚ ਕਰ ਦਿੱਤੇ ਬੰਦ! ਪੌਣੇ ਤਿੰਨ ਸਾਲਾਂ ਦੇ ਹਾਕਮਪੁਣੇ 'ਚ ਪੌਣਾ-ਸੈਂਕੜਾ ਸਕੀਮਾਂ ਦੇਸ਼ 'ਚ ਲਾਗੂ ਕਰ ਦਿੱਤੀਆਂ,ਜਿਨਾਂ 'ਚੋਂ ਚੱਲੀ ਕੋਈ ਨਾ, ਬਸ ਬਾਬੂਆਂ ਅਫ਼ਸਰਾਂ ਦੀਆਂ ਮੇਜਾਂ 'ਤੇ ਤੁਰਦੀਆਂ ਫਿਰਦੀਆਂ, ਲੋਕਾਂ ਤੱਕ ਰਤਾ ਕੁ ਹਵਾ ਦੇ ਬੁਲੇ ਵਾਂਗਰ ਇਹ ਪੁੱਛਣ ਲਈ ਆਉਂਦੀਆਂ ਆ, ''ਕਿਉਂ ਭਾਈ ਲੋਕੋਂ, ਜੀਊਂਦੇ ਜਾਗਦੇ ਹੋ, ਮਰੇ ਤਾਂ ਨਹੀਂ, ਕੋਈ ਯੋਜਨਾ ਚਾਹੀਦੀ ਆ, ਤਾਂ ਸਵੇਰੇ ਸੁਵੱਖਤੇ ਹੀ ਹਾਜ਼ਰ ਹੋ ਜੂਤੁਹਾਡੇ ਦਰ ਉੱਤੇ।''
ਆਹ ਨਵਾਂ ਕੰਮ ਤਾਂ ਭਾਈ ਲੋਹੜਾ ਹੀ ਆ, ''ਗਾਂਧੀ ਚਰਖਾ ਕੱਤਦਾ, ਕਿੰਨਾ ਸੋਹਣਾ ਲੱਗਦਾ ਸੀ, ਰੀਸੋ ਰੀਸੀ ਬੁੱਢੀਆਂ ਠੇਰੀਆ ਵੀ ਕੱਤੀ ਜਾਂਦੀਆਂ ਸੀ।'' ਆਹ ਮੋਦੀ ਤਾਂ ਰਤਾ ਵੀ ਨਹੀਂ ਸਜਦਾ ਚਰਖਾ ਕੱਤਦਾ। ਉਂਜ ਭਾਈ ਡਾਇਰੀ ਤੇ ਚਰਖਾ ਕੱਤਦਾ ਕੱਤਦਾ ਕਿਧਰੇ ਮੋਦੀ ਬਾਪੂ ਗਾਂਧੀ ਵਾਲੇ ਨੋਟਉੱਤੇ ਹੀ ਨਾ ਆ ਚੜੇ, ''ਨਵੀਂ ਬਹੂ ਮੁਕਲਾਵੇ ਆਈ, ਧਰਤੀ ਪੈਰ ਨਾ ਲਾਵੇ, ਦੁਪੱਟਿਆ ਸੱਚ ਦੱਸ ਵੇ ਕਿਹੜੇ ਪਿੰਡ ਮੁਕਲਾਵੇ ਜਾਣਾ'' ਦੀ ਪੰਜਾਬੀ ਕਹਾਵਤ ਵਾਂਗਰ ਮੋਦੀ ਜੀ ਦਾ ਕੀ ਭਰੋਸਾ?
ਸਭ ਕਹਿਣ ਦੀਆਂ ਗੱਲਾਂ ਨੇ
ਖ਼ਬਰ ਹੈ ਕਿ ਆਮ ਆਦਮੀ ਉਮੀਦਵਾਰਾਂ ਦੀ ਸੂਚੀ 'ਚ ਸਿਰਫ਼ 9 ਮਹਿਲਾਵਾਂ ਨੂੰ ਟਿਕਟਾਂ ਮਿਲੀਆਂ ਹਨ। ਕਾਂਗਰਸ ਦੀ ਸੂਚੀ ਵਿਚ ਵੀ ਮਹਿਲਾ ਉਮੀਦਵਾਰਾਂ ਦੀ ਕਮੀ ਹੈ। ਇਹੋ ਹਾਲ ਅਕਾਲੀ ਦਲ ਅਤੇ ਹੋਰ ਪਾਰਟੀਆਂ ਦਾ ਹੈ, ਜਿਥੇ ਬੀਬੀਆਂ ਦੀ ਰਤਾ ਵੀ ਪੁੱਛ ਪ੍ਰਤੀਤ ਨਹੀਂ ਹੈ। ਅਕਾਲੀ ਦਲਅਤੇ ਕਾਂਗਰਸੀ ਉਮੀਦਵਾਰਾਂ 'ਤੇ ਪਰਿਵਾਰਵਾਦ ਭਾਰੂ ਹੈ। ਮਜੀਠੀਆ, ਆਦੇਸ਼ ਪ੍ਰਤਾਪ ਕੈਂਰੋ, ਪਰਮਿੰਦਰ ਢੀਂਡਸਾ, ਕਰਨ ਕੌਰ ਬਰਾੜ, ਗੁਰਕੀਰਤ ਕੌਰ, ਹਰਪ੍ਰੀਤ ਕੋਟ ਭਾਈ, ਫਤਹਿਜੰਗ ਬਾਜਵਾ, ਬਡਾਲਾ, ਤਲਵੰਡੀ ਆਦਿ ਕੁਝ ਇਹੋ ਜਿਹੇ ਉਮੀਦਵਾਰ ਹਨ, ਜਿਹੜੇ ਪਰਿਵਾਰਵਾਦ ਦੀ ਵੱਡੀਉਦਾਹਰਨ ਹਨ। ਇਹੋ ਜਿਹੇ ਉਮੀਦਵਾਰਾਂ ਨੂੰ ਟੱਕਰ ਦੇਣ ਲਈ ਆਮ ਆਦਮੀ ਨੇ ਵੀ 'ਲੋਹੇ ਨੂੰ ਲੋਹਾ ਕੱਟੂ' ਦਾ ਅਸੂਲ ਲਾਗੂ ਕਰਦਿਆਂ ਆਮ ਆਦਮੀ ਨੂੰ ਟਿਕਟ ਦੇਣ ਦੀ ਥਾਂ ਅਮੀਰ ਉਮੀਦਵਾਰਾਂ ਨੂੰ ਟਿਕਟ ਦਿੱਤੇ ਹਨ।
ਸੁਣਿਆ ਸੀ ਆਪ ਵਾਲੇ ਦਹੀਂ ਭਲਿਆਂ ਵਾਲਿਆਂ ਨੂੰ, ਰੇਹੜੀ ਲਾਉਣ ਵਾਲਿਆਂ ਨੂੰ ਟਿਕਟਾਂ ਦੇਣਗੇ, ਪਰ ਭਾਈ ਉਹ ਵੀ ਟਨਾ-ਟਨ ਸਿੱਕਿਆਂ ਦੇ ਮਾਲਕਾਂ ਨੂੰ ਨਿਵਾਜ ਰਹੇ ਆ। ਬੀਬੀਆਂ ਦੀ ਥਾਂ ਬੀਬਿਆਂ ਨੂੰ ਟਿਕਟਾਂ ਦੇ ਰਹੇ ਆ। ਭਲਾ ਕਾਂਗਰਸੀ-ਅਕਾਲੀ ਤਾਂ ਹੋਏ ਇਕੋ ਥੈਲੀ ਦੇ ਚੱਟੇ-ਬੱਟੇ, ਪਰਇਹ ਆਪ ਵਾਲੇ ਭਲਾ ਖਾਸ ਕਿਉਂ ਬਣੀ ਤੁਰੇ ਜਾਂਦੇ ਆ। ਬਸਪਾ ਵਿਚੋਂ ਕਾਂਗਰਸ, ਕਾਂਗਰਸ ਵਿਚੋਂ ਆਪ ਅਤੇ ਲਉ ਭਾਈ ਟਿਕਟ ਹਾਜ਼ਰ। ਅਕਾਲੀਆਂ 'ਚੋਂ ਕਾਂਗਰਸ ਅਤੇ ਕਾਂਗਰਸ ਵਿਚੋਂ ਆਪ, ਲਉ ਭਾਈ ਟਿਕਟ ਹਾਜ਼ਰ।
ਕੌਣ ਪੁੱਛਦਾ ਬੀਬੀਆਂ ਨੂੰ? ਕੌਣ ਪੁੱਛਦਾ ਬੀਬਿਆਂ ਨੂੰ? ਮਾਇਆ ਕੇ ਤੀਨ ਨਾਮ ਵਾਲਿਆਂ ਦੀ ਤੂਤੀ ਬੋਲਦੀ ਆ । ਜਾਂ ਭਾਈ ਤੂਤੀ ਬੋਲਦੀ ਆ ਤਿਕੜਮਬਾਜਾਂ, ਦੱਲਿਆਂ, ਦਲਾਲਾਂ ਦੀ, ਬਾਕੀ ਤਾਂ ਭਾਈ ਸਭ ਕਹਿਣ ਦੀਆਂ ਗੱਲਾਂ ਨੇ। ਹਮਾਮ ਵਿਚ ਸਭ ਨੰਗੇ ਆ ਭਾਈ! ਤੂੰ ਗੱਲ ਛੱਡ ਪਰੇ!!
ਨਾ ਕਿਤੋਂ ਛਣਕਾਰ ਨਾ ਝਾਂਜਰ ਮਿਲੇ
ਖ਼ਬਰ ਹੈ ਕਿ ਪੰਜਾਬ ਦੇ ਆਪਸੀ ਵਿਰੋਧੀਆਂ ਕਾਂਗਰਸ ਅਤੇ ਅਕਾਲੀ ਦਲ ਵਿਚਲੀ ਸਿੱਧੀ ਜੰਗ ਨੂੰ ਤਿਕੋਣੀ ਜੰਗ ਬਣਾ ਰਹੀ ਆਮ ਆਦਮੀ ਪਾਰਟੀ ਨੂੰ ਘੇਰਨ ਲਈ ਪੰਜਾਬ 'ਚ ਬਿਹਾਰ ਵਾਲਾ ਮੰਤਰ ਫੂਕਿਆ ਜਾ ਰਿਹਾ ਹੈ। ਬਿਹਾਰ ਦੀ ਤਰਾਂ ਪੰਜਾਬ ਵਿਚ ਵੀ ਕਾਂਗਰਸ ਅਤੇ ਅਕਾਲੀ ਦਲ ਨੇਪੰਜਾਬੀ ਬਨਾਮ ਬਾਹਰੀ ਮੁੱਦੇ ਉੱਤੇ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਘੇਰਨ ਦੀ ਨੀਤੀ ਬਣਾ ਲਈ ਹੈ। ਕੁਝ ਦਿਨ ਪਹਿਲਾਂ ਹੀ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਦੀਆ ਨੇ ਮੋਹਾਲੀ ਵਿਚ ਕੇਜਰੀਵਾਲ ਦਾ ਮੁੱਖ ਮੰਤਰੀ ਵਜੋਂ ਨਾਮ ਲੈ ਕੇ ਇਕ ਭਰਮ ਪਾ ਦਿੱਤਾ ਸੀ ਤਦੇ ਤੋਂਕਾਂਗਰਸ ਅਕਾਲੀ ਦਲ ਵੱਲੋਂ ਕੇਜਰੀਵਾਲ ਵਿਰੁੱਧ ਪ੍ਰਚਾਰ ਆਰੰਭਿਆ ਗਿਆ ਹੈ। ਕਾਂਗਰਸ 'ਪੰਜਾਬ ਦਾ ਕੈਪਟਨ' ਅਤੇ ਅਕਾਲੀ ਦਲ ਵੱਡੇ ਬਾਦਲ ਨੂੰ ਮੁੱਖ ਮੰਤਰੀ ਬਨਾਉਣ ਦਾ ਨਾਹਰਾ ਲਗਾ ਰਹੇ ਹਨ ਅਤੇ ਉਸੇ ਨੂੰ ਪੰਜਾਬ ਦਾ ਰਾਖਾ ਗਰਦਾਨ ਰਹੇ ਹਨ।
ਆਪੋ-ਧਾਪੀ ਪਈ ਹੋਈ ਆ ਪੰਜਾਬ ਵਿਚ। ਸੱਜੇ ਨੂੰ ਖੱਬਾ ਅਤੇ ਖੱਬੇ ਨੂੰ ਸੱਜਾ ਹੱਥ ਪਹਿਚਾਨਣ ਤੋਂ ਇਨਕਾਰੀ ਹੋਇਆ ਬੈਠਾ ਹੈ। ਇਕ ਦੂਜੇ ਨੂੰ ਕਹਿਰੀ ਅੱਖ ਨਾਲ ਵੇਖ ਰਿਹਾ ਹੈ ਛੋਟਾ-ਵੱਡਾ ਨੇਤਾ ਜਾਂ ਨੇਤਾਵਾਂ ਦਾ ਕਰਿੰਦਾ। ਅਤੇ ਉਨਾਂ ਦੀ ਅੱਖ ਸਿੱਧੀ ਵੋਟਰ ਤੇ ਟਿਕੀ ਹੋਈ ਹੈ, ਵੋਟਰ ਜਿਹੜਾ ਉਹਨਾਂਨੂੰ ਇਨਾਂ ਦਿਨਾਂ 'ਚ ਵੱਡਾ ਸਰਮਾਇਆ ਦਿੱਸਦਾ ਹੈ।
ਆਪਣਾ ਹਾਕਮ ਲੋਕਾਂ ਨੇ ਚੁਣਨਾ ਹੈ ਆਪਣੇ ਵਿਚੋਂ। ਵੱਢ-ਟੁੱਕ ਨੇਤਾਵਾਂ 'ਚ ਆਪਸੀ ਹੋ ਰਹੀ ਹੈ ਆਪਣਾ ਕੋਈ ਦਿਸ ਹੀ ਨਹੀਂ ਰਿਹਾ। ਕੋਈ ਇਕ ਪਾਸਿਓਂ ਛਾਂਗਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਪਿਊਂਦ ਦੀ ਤਰਾਂ ਮੜਿਆ ਜਾ ਰਿਹਾ ਹੈ। ਕਲਾਕਾਰ, ਕਲਾਕਾਰੀ ਕਰ ਰਹੇ ਹਨ। ਨੇਤਾ, ਨੇਤਾਗਿਰੀ ਕਰਰਹੇ ਹਨ। ਬੁਰਛਾਗਰਦ ਆਪਣਾ ਕੰਮ ਕਰ ਰਹੇ ਹਨ ਤੇ ਅਫ਼ਸਰ ਆਪਣੀ ਤੂਤੀ ਵਜਾ ਰਹੇ ਹਨ। ਪਰ ਗਰੀਬ ਵੋਟਰ ਦੋ-ਟੁਕ ਰੋਟੀ ਲਈ ਸੜਕਾਂ ਤੇ ਵਾਹੋ-ਦਾਹੀ ਭੱਜਿਆ ਤੁਰਿਆ ਫਿਰਦਾ ਨਜ਼ਰ ਆ ਰਿਹਾ ਹੈ।
ਔਹ ਵੇਖੋ ਬਾਦਲ, ਔਹ ਦੇਖੋ ਕੈਪਟਨ, ਔਹ ਵੇਖੋ ਕੇਜਰੀ, ਔਹ ਦੇਖੋ ਮਾਨ, ਔਹ ਵੇਖੋ ਘੁੱਗੀ, ਔਹ ਵੇਖੋ ਹੰਸ, ਔਹ ਵੇਖੋ ਬਿੱਟੀ! ਐਧਰ ਔਹ ਵੇਖੋ ਸਰਵਨ ਸਿਹੁੰ, ਪ੍ਰਗਟ ਸਿਹੁੰ, ਸਿੱਧੂ ਸਿਹੁੰ, ਘੁਗਿਆਣਾ, ਸਤਪਾਲ ਗੌਸਾਈ, ਆਪੋ ਆਪਣੀ ਡਫਲੀ ਆਪੋ-ਆਪਣਾ ਰਾਗ ਗਾਈ ਤੁਰੇ ਜਾਂਦੇ ਆ। ਲੋਕਾਂ ਦੇਮੁੱਦੇ, ਲੋਕਾਂ ਦੇ ਮਸਲੇ, ਲੋਕਾਂ ਦੀਆਂ ਸਮੱਸਿਆਵਾਂ ਨਾਲ ਉਨਾਂ ਨੂੰ ਕੀ ਭਾਅ-ਭਾੜਾ? ਉਹ ਤਾਂ ਹੱਥ 'ਚ ਦਾਤ, ਦਾਤਰੀ, ਖੰਜਰ, ਟਕੂਆ ਲਈ ਬੱਸ ਵੋਟਰਾਂ ਦੇ ਸੱਥਰਾ ਦੇ ਸੱਥਰ, ਬਿਨਾਂ ਡਰੋਂ, ਬਿਨਾਂ ਵਤਰੋਂ ਵੱਢੀ ਤੁਰੇ ਜਾਂਦੇ ਆ।
ਲੋਕਾਂ ਦੀਆਂ ਖੁਸ਼ੀਆਂ? ਗਾਇਬ। ਲੋਕਾਂ ਦੇ ਚਾਅ-ਮਲਾਰ? ਗਾਇਬ। ਲੋਕਾਂ ਦੇ ਸੁਫ਼ਨੇ? ਗਾਇਬ। ਲੋਕਾਂ ਨੂੰ ਨਾ ਕਿਤੋਂ ਛਣਕਾਰ ਨਾ ਝਾਂਜਰ ਮਿਲੇ ਹਰ ਜਗਾ ਤ੍ਰਿਸ਼ੂਲ ਜਾਂ ਖੰਜਰ ਮਿਲੇ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਸਾਡੇ ਦੇਸ਼ ਵਿਚ ਔਰਤਾਂ ਦੀ ਅਬਾਦੀ ਲਗਭਗ ਅੱਧੀ ਹੈ। ਦੇਸ਼ ਦੇ ਸੁਪਰੀਮ ਕੋਰਟ ਅਤੇ ਹਾਈਕੋਰਟ ਵਿਚ ਕੁਲ 676 ਜੱਜ ਹਨ, ਜਿਨਾਂ ਵਿਚ ਸਿਰਫ਼ 70 ਜੱਜ ਹੀ ਔਰਤਾਂ ਹਨ। ਦੂਜੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਔਰਤ ਜੱਜਾਂ ਦੀ ਔਸਤ ਦੇਸ਼ ਵਿਚ 10.4% ਹੈ।
ਇਕ ਵਿਚਾਰ
ਰਾਜਨੀਤੀ ਵਿਚ ਨੈਤਿਕਤਾ ਨਹੀਂ ਹੁੰਦੀ, ਉਥੇ ਸਿਰਫ਼ ਫਾਇਦੇ ਉਤੇ ਧਿਆਨ ਦਿੱਤਾ ਜਾਂਦਾ ਹੈ…।
ਵਲਾ ਦੀਮੀਰ ਲੈਨਿਨ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.