ਪੰਜਾਬ ਵਿਚ ਚੋਣਾਂ ਦਾ ਬਿਗਲ ਵੱਜਦੇ ਸਾਰ ਪਹਿਲਾਂ ਹੀ ਭਖ਼ਿਆ ਚੋਣ ਦੰਗਲ ਹੋਰ ਮਘ ਚੁੱਕਿਆ ਹੈ। ਸਿਆਸੀ ਭਲਵਾਨਾਂ ਨੇ ਪਿੰਡਿਆਂ ਨੂੰ ਤੇਲ ਮਲਣਾ ਸ਼ੁਰੂ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਅਖਾੜਾ ਪੁੱਟ ਦਿੱਤਾ ਹੈ। ਤੇ ਜ਼ਾਬਤੇ ਰੂਪੀ ਕਲੀ ਪਾ ਕੇ ਮੈਦਾਨ ਦਾ ਦਾਇਰਾ ਬਣਾ ਦਿੱਤਾ ਹੈ। ਫਿਜ਼ਾ 'ਚ ਵਾਅਦਿਆਂ ਦੀ ਗੂੰਜ ਹੈ, ਨਾਅਰਿਆਂ ਦਾ ਸ਼ੋਰ ਹੈ.. ਮੁਜ਼ਾਹਰੇ, ਰੈਲੀਆਂ, ਨੁੱਕੜ ਸਭਾਵਾਂ ਅਤੇ ਦਰ-ਦਰ ਜਾਣ ਦਾ ਸਿਲਸਿਲਾ ਰਫਤਾਰ ਫੜ ਰਿਹਾ ਹੈ। ਰੁੱਸਿਆਂ ਨੂੰ ਮਨਾਉਣ ਲਈ ਨਰਾਇਣ ਕੀੜੀਆਂ ਦੇ ਘਰ ਤਸ਼ਰੀਫ਼ ਲਿਆ ਰਹੇ ਨੇ। ਗ਼ਰੀਬ ਦੀ ਬੱਕਰੀ ਦੇ ਦੁੱਧ 'ਚ ਦੋਇਮ ਦਰਜੇ ਦੇ ਗੁੜ ਵਾਲੀ ਅਤੇ ਵੱਡੇ ਵੱਡੇ ਡੱਕਰਿਆਂ ਵਾਲੀ ਚਾਹ ਪੱਤੀ ਨੂੰ 'ਸਾਫ਼ੀ' ਸਮਝ ਕੇ ਨੇਤਾ ਲੋਕ ਸੜਾਕੇ ਮਾਰ ਮਾਰ ਕੇ ਹਲਕੋਂ 'ਠਾਂਹ ਕਰ ਰਹੇ ਨੇ। (ਪਹਿਲਾਂ 'ਸਾਫ਼ੀ' ਸ਼ਬਦ ਦੀ ਇੱਥੇ ਕੀਤੀ ਵਰਤੋਂ ਬਾਰੇ ਜ਼ਰਾ ਪਰਤ ਖੋਲ ਦਿਆਂ, ਵੈਸੇ ਬਹੁਤੇ ਲੋਕ ਜਾਣਦੇ ਹੋਣਗੇ, ਪਰ ਮਹਾਤੜ ਜਿੰਨੀ ਸੋਝੀ ਰੱਖਣ ਵਾਲਿਆਂ ਨੂੰ ਦੱਸਦਿਆਂ ਕਿ- 'ਸਾਫ਼ੀ' ਆਯੁਰਵੈਦ ਵੱਲੋਂ ਬਣਾਈ ਗਈ ਉਹ ਦਵਾਈ ਹੈ ਜੋ ਬੰਦੇ ਦਾ ਲਹੂ ਸਾਫ਼ ਕਰਦੀ ਹੈ। ਪਰ ਇੱਥੇ ਇਸ ਸ਼ਬਦ ਦੀ ਵਰਤੋਂ ਇਸ ਦਾ ਅਤਿ ਬੇਸੁਆਦਾ ਅਤੇ ਕੌੜਾ ਹੋਣਾ ਹੈ, ਜੋ ਪੀਣੀ ਬੜੀ ਔਖੀ ਹੈ ਪਰ ਇਸ ਦੇ ਨਤੀਜੇ ਸ਼ਾਨਦਾਰ ਹੁੰਦੇ ਨੇ। ਬੱਸ ਸ਼ਾਨਦਾਰ ਨਤੀਜਿਆਂ ਕਰਕੇ ਈ ਛੰਨਾਂ, ਢਾਰਿਆਂ, ਕੱਚੇ ਕੋਠੜਿਆਂ ਵਾਲਿਆਂ ਦੀ 'ਸਾਫ਼ੀ' ਨੇਤਾ ਲੋਕ ਪੀ ਰਹੇ ਨੇ ਅੱਜ-ਕੱਲ..)
ਪਰ ਇਹ ਵੀ ਸੱਚ ਹੈ ਕਿ ਇਹੋ ਜਿਹੇ ਉਪਰਾਲੇ ਤਾਂ ਰਵਾਇਤ ਨੇ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਬੱਸ ਜੇ ਇਸ ਰਵਾਇਤ 'ਚ ਕੁਝ ਨਵਾਂ ਜੁੜਿਆ ਤਾਂ ਉਹ ਹੈ ਮੋਨੀ ਵੋਟਰ ਬਾਬਾ ਨੂੰ ਅੱਜ ਸਵਾਲਾਂ ਵਾਲੀ ਚੇਟਕ ਲੱਗ ਚੁੱਕੀ ਹੈ, ਜੋ ਇਸ ਰਵਾਇਤੀ ਦੰਗਲ ਦੇ ਮਹੌਲ ਨੂੰ ਹੋਰ ਦਿਲਚਸਪ ਬਣਾਉਣ 'ਚ ਸਹਾਈ ਹੋਣਗੇ ਇਹ ਆਸ ਤਾਂ ਹੈ, ਪਰ ਜ਼ਮੀਨੀ ਸਚਾਈ ਕੁੱਝ ਹੋਰ ਵੀ ਕਹਿੰਦੀ ਹੈ। ( ਆਪਾਂ 'ਦੰਗਲ' ਸ਼ਬਦ ਨੂੰ ਵੀ ਖੋਲ ਲਈਏ ਪਹਿਲਾਂ, - ਦੰਗਲ ਦਾ ਅਸਲ 'ਚ ਅੱਖਰੀ ਅਰਥ, ਉਹ ਥਾਂ ਹੁੰਦੀ ਹੈ ਜਿੱਥੇ ਦੋ ਭਲਵਾਨ ਆਪਸ 'ਚ ਘੁਲ਼ਦੇ ਨੇ, ਜੀਹਦੇ ਆਪਣੇ ਕੁਝ ਨਿਯਮ-ਕਾਨੂੰਨ ਹੁੰਦੇ ਨੇ। ਭਲਵਾਨ ਗੁੱਝੇ ਦਾਅ ਲਾਉਣ ਲਈ ਆਜ਼ਾਦ ਹੁੰਦੇ ਨੇ ਪਰ ਆਪਣੀਆਂ ਹੱਦਾਂ 'ਚ ਰਹਿ ਕੇ। ਭਾਵੇਂ ਦੰਗਲ ਦਾ ਮਾਹੌਲ ਜਿੰਨਾ ਮਰਜ਼ੀ ਭਖ਼ ਜਾਵੇ ਪਰ ਕਦੇ ਕੋਈ ਭਲਵਾਨ ਦੂਜੇ ਭਲਵਾਨ ਦੇ ਸਿਰ 'ਚ ਡਲ਼ੇ ਜਾਂ ਛਿੱਤਰ ਨਹੀਂ ਮਾਰਦੇ ਹੁੰਦੇ। )ਤੇ ਆਪਾਂ ਪਹਿਲਾਂ ਛਿੱਤਰ ਸ਼ਬਦ ਨੂੰ ਗਰੀਬ ਦੇ ਛਿਤਰ ਵਾਂਗ ਖਿਲਾਰ ਲੈਂਦੇ ਆਂ.. ਹਰ ਚੀਜ਼ ਦੇ ਕਈ ਨਾਂ ਹੁੰਦੇ ਨੇ, ਜੋ ਸਮੇਂ ਅਤੇ ਸਥਿਤੀ ਅਨੁਸਾਰ ਹੀ ਵਰਤੇ ਜਾਣ ਤਾਂ ਚੰਗੇ ਲੱਗਦੇ ਨੇ। ਮਸਲਨ ਜੇ ਅਸੀਂ ਕਿਸੇ ਨੂੰ ਇਹ ਕਹੀਏ ਬਈ.. ਭਾਈ ਆਹ ਆਵਦੇ ਛਿੱਤਰ ਲਾਹ ਕੇ ਅੰਦਰ ਆਓ ਜੀ, ਤਾਂ ਹਜ਼ਮ ਨਹੀਂ ਹੁੰਦਾ। ਸੋ ਸੱਭਿਅਕ ਸ਼ਬਦ ਜੁੱਤੀ ਵਰਤਿਆ ਜਾਂਦਾ ਹੈ। ਤੇ ਜੇ ਜੁੱਤੀ ਸੱਭਿਅਕ ਜਾਂ ਸਤਿਕਾਰਤ ਸ਼ਬਦਾਂ ਦੀ ਸ਼੍ਰੇਣੀ 'ਚ ਆਉਂਦਾ ਹੈ ਤਾਂ ਫੇਰ ਕਿਸੇ ਦੇ ਮਾਰਨ ਲਈ ਇਸ ਸ਼ਬਦ ਦੀ ਵਰਤੋਂ ਜਾਇਜ਼ ਨਹੀਂ ਲੱਗਦੀ। ਕਹਿਣ ਦਾ ਭਾਵ ਜਦੋਂ ਲੜਾਈ ਝਗੜੇ 'ਚ ਇਹਦੀ ਵਰਤੋਂ ਹੁੰਦੀ ਹੈ ਤਾਂ ਉੱਥੇ ਇਹ ਨਹੀਂ ਕਿਹਾ ਜਾਣਾ ਚਾਹੀਦਾ ਕਿ ਫਲਾਂ ਬੰਦੇ ਦੇ ਜੁੱਤੀਆਂ ਮਾਰੀਆਂ।
ਢੁਕਵੇਂ ਸਿਰਲੇਖ ਵਿਚ ਛਿੱਤਰ ਪਏ ਜਾਂ ਮਾਰੇ ਵਰਤਿਆ ਜਾਣਾ ਚਾਹੀਦਾ ਹੈ। ਉਂਞ ਇਹ ਤਾਂ ਐਵੇਂ ਗੱਲ 'ਚੋਂ ਗੱਲ ਨਿਕਲ ਆਈ ਮੀਡੀਆ ਦੀਆਂ ਸੁਰਖ਼ੀਆਂ ਕਰਕੇ..।
ਮੀਡੀਆ ਹਲਕੇ ਅਕਸਰ ਮਾੜੀਆਂ ਖ਼ਬਰਾਂ ਦਿੰਦੇ ਹੋਏ ਡਰਦੇ ਮਾਰੇ ਸ਼ਬਦਾਂ ਦੀ ਚੋਣ ਕਰਦਿਆਂ ਭਾਸ਼ਾ ਦੇ ਦਾਇਰੇ ਤੋੜ ਦਿੰਦੇ ਨੇ।) ਹੁਣ ਕੋਈ ਆਖੇ ਬਈ ਛਿੱਤਰ ਮਾਰਨ ਵਾਲਾ ਤੇ ਛਿੱਤਰ ਖਾਣ ਵਾਲਾ ਕੰਮ ਤਾਂ ਦੋਹੇਂ ਅਸਭਿਅਕ ਨੇ, ਜਦ ਕੰਮ ਅਸਭਿਅਕ ਨੇ ਤਾਂ ਫੇਰ ਇਹਦੀ ਗੱਲ ਸੱਭਿਅਕ ਭਾਸ਼ਾ 'ਚ ਕਿਵੇਂ ਕਰੀਏ. . . ਖੈਰ ਆਵਦੀ ਖੱਲੜੀ ਦਾ ਤਾਂ ਸਭ ਨੂੰ ਫਿਕਰ ਹੁੰਦੈ..
ਹੁਣ ਦੰਗਲ ਦੀ ਗੱਲ ਆ ਜਾਂਦੀ ਹੈ ਤਾਂ ਜਦੋਂ ਦੰਗਲ ਵਿਚ ਕੁੱਦਣ ਵਾਲੇ ਬੰਦੇ ਨੂੰ ਉਸ ਦੇ ਕਾਇਦੇ ਕਾਨੂੰਨ ਮੰਨਣੇ ਪੈਂਦੇ ਨੇ ਤਾਂ ਚੋਣ ਦੰਗਲ ਵਿਚ ਡਲ਼ੇ ਤੇ ਛਿੱਤਰ ਕਿੱਥੋਂ ਆ ਗਏ? ਇਹਦਾ ਜਵਾਬ ਵੀ ਹੈ ਸਾਡੇ ਕੁਝ ਕੁ ਵਿਦਵਾਨਾਂ ਕੋਲ! ਸਦੀਆਂ ਪੁਰਾਣਾ ਕਥਨ ਬਦਲ ਧਰਿਆ, ਕਹਿੰਦੇ - ਹੁਣ ਜੰਗ ਨੂੰ ਛੱਡੋ ਹੁਣ “ਪਿਆਰ ਅਤੇ ਸਿਆਸਤ 'ਚ ਸਭ ਜਾਇਜ਼ ਹੈ।''
ਆਪਾਂ ਨੂੰ ਹੁਣ ਇੱਕ ਸ਼ਬਦ ਹੀ ਨਹੀਂ ਇਸ ਸਾਰੀ ਸਤਰ ਨੂੰ ਹੀ ਖੋਲਣਾ ਪੈਣਾ। ਇਤਿਹਾਸ ਗਵਾਹ ਹੈ ਕਿ ਜੇ ਕੋਈ ਰਾਜ ਕਰਨਾ ਚਾਹੁੰਦਾ ਹੈ, ਭਾਵ ਸੱਤਾ ਸਾਂਭਣੀ ਚਾਹੁੰਦਾ ਹੈ ਤਾਂ ਉਸ ਦਾ ਚੰਗਾ ਸਿਆਸਤਦਾਨ ਹੋਣਾ ਲਾਜ਼ਮੀ ਹੁੰਦੈ। ਸਿਆਸਤ ਦੇ ਅੱਖਰੀ ਅਰਥ ਭਾਵੇਂ 'ਕਾਲਾ ਸੱਚ' ਹੁੰਦੇ ਨੇ, ਪਰ ਮੇਰਾ ਮੰਨਣਾ ਹੈ ਕਿ ਸਿਆਸਤ ਦਾ ਮਤਲਬ ਉਹ ਸੱਚ ਹੈ ਜੋ ਵਾਪਰਨ ਤੋਂ ਬਾਅਦ 'ਚ ਸਮਝ ਆਵੇ ਤੇ ਮੂਹਰਲਾ ਆਪ ਮੁਹਾਰੇ ਕਹੇ ''ਜੀ, ਇਹ ਤਾਂ ਮੇਰੇ ਨਾਲ ਸਿਆਸਤ ਹੋ ਗਈ''। ਮਤਲਬ ਠੱਗੀ ਹੋ ਗਈ। ਇੱਕ ਅਜੀਬ ਇਤਫ਼ਾਕ ਸ਼ਬਦਾਂ ਦੇ ਜੋੜ ਮੇਲ ਤੇ ਅਰਥਾਂ 'ਚ ਨਿਕਲ ਆਇਆ, ਸੋ ਸਿਆਸਤ ਦਾ ਮਤਲਬ 'ਠੱਗੀ' ਹੋ ਗਿਆ!! ਫੇਰ ਤੁਸੀਂ ਹੁਣ ਅਗਲੇ ਅਰਥ ਆਪ ਹੀ ਕੱਢ ਲਵੋ ਕਿ ਠੱਗੀ ਮਰਨ ਵਾਲੇ ਬੰਦੇ ਨੂੰ ਕਿਹਾ ਕੀ ਜਾਂਦੈ? ਸੋ ਜੇ ਕਿਤੇ ਅਚਨਚੇਤ ਮੇਰੇ ਤੋਂ ਕਿਸੇ ਸਿਆਸੀ ਬੰਦੇ ਨੂੰ ਠੱਗ ਲਿਖਿਆ ਜਾਵੇ ਤਾਂ ਬੁਰਾ ਨਾ ਮਨਾਇਓ ਜੀ, ਮੈਂ ਤਾਂ ਸ਼ਬਦਾਂ ਦੀ ਸੁ-ਵਰਤੋਂ ਕਰਨ 'ਚ ਯਕੀਨ ਰੱਖਦਾਂ।
ਲੀਹ ਤੋਂ ਨਾ ਭਟਕਾਂ ਤੇ ਉਪਰੋਕਤ ਕਥਨ ਮਤਲਬ ਪਿਆਰ ਤੇ ਸਿਆਸਤ 'ਚ ਸਭ ਜਾਇਜ਼ ਨੂੰ ਖੋਲਾਂ।
ਦੇਖੋ ਪਿਆਰ 'ਚ ਤਾਂ ਹੋ ਸਕਦਾ ਕਿ ਕਾਫ਼ੀ ਹੱਦ ਤੱਕ ਸਭ ਜਾਇਜ਼ ਹੋਵੇ, ਪਰ ਇਸ ਕਥਨ ਦੀ ਆੜ ਲੈ ਕੇ ਜੋ ਕੁਝ ਸਿਆਸਤ 'ਚ ਅੱਜ ਕੱਲ ਵਾਪਰ ਰਿਹੈ, ਉਸ ਨੂੰ ਸੋਚ ਕੇ ਕਈ ਵਾਰ ਰੌਂਗਟੇ ਖੜੇ ਹੋ ਜਾਂਦੇ ਨੇ। ਸਾਡੇ ਰੌਂਗਟੇ ਤਾਂ ਸਿਰਫ਼ ਜੋ ਸਾਹਮਣੇ ਵਾਪਰ ਰਿਹਾ ਜਾਂ ਜਿੰਨੀ ਕੁ ਸਿਆਸਤ ਸਾਡੇ ਸਮਝ ਆ ਰਹੀ ਹੈ ਉਸ ਨੂੰ ਦੇਖ ਕੇ ਹੀ ਖੜੇ ਹੋ ਜਾਂਦੇ ਨੇ। ਜਿਹੜੀਆਂ ਮੰਝੀਆਂ ਹੋਈਆਂ ਚਾਲਾਂ ਘਾਗ ਸਿਆਸਤਦਾਨ ਚੱਲ ਜਾਂਦੇ ਨੇ ਉਨਾਂ ਬਾਰੇ ਤਾਂ ਸੋਚਣ ਨੂੰ ਵੀ ਜੀਅ ਨਹੀਂ ਕਰਦਾ।
ਜ਼ਿਆਦਾ ਗਹਿਰਾਈ 'ਚ ਨਾ ਜਾਇਆ ਜਾਏ, ਸਿਰਫ਼ ਇੱਕ ਮੁੱਦਾ ਹੀ ਵਿਚਾਰ ਕੇ ਗੱਲ ਖ਼ਤਮ ਕਰਦੇ ਹਾਂ। ਸਿਆਸਤ ਦੇ ਅੱਜ ਦੇ ਯੁੱਗ 'ਚ ਕਿਸੇ ਇੱਕ ਪਾਰਟੀ ਦੀ ਹੂੰਝਾ ਫੇਰੂ ਜਾਂ ਪਾਸਾ-ਪਲਟ ਜਿੱਤ ਦੇ ਸੰਯੋਗ ਬਹੁਤ ਘੱਟ ਦਿਸਦੇ ਨੇ। ਪਿਛਲੇ ਕੁਝ ਸਾਲਾਂ 'ਤੇ ਝਾਤ ਮਾਰੀ ਜਾਵੇ ਤਾਂ ਦਿੱਲੀ 'ਚ 'ਆਪ' ਦੀ ਜਿੱਤ ਨੂੰ ਛੱਡ ਬਾਕੀ ਥਾਂਵਾਂ 'ਤੇ ਕਿਸੇ ਇੱਕ ਪਾਰਟੀ ਨੂੰ ਉਹ ਜਿੱਤ ਨਹੀਂ ਮਿਲੀ। ਗੱਠਜੋੜ ਦੀ ਰਾਜਨੀਤੀ ਭਾਰੂ ਬਣੀ ਹੋਈ ਹੈ। ਇੱਕ ਤਰਫੀ ਜਾਂ ਪਾਸਾ-ਪਲਟ ਰਾਜਨੀਤੀ ਕਈ ਕਾਰਨਾਂ ਕਰਕੇ ਹੁੰਦੀ ਹੈ। ਬਾਕੀ ਛੱਡੀਏ ਸਿਰਫ਼ ਇੱਕ ਕਾਰਨ ਨੂੰ ਖੋਲਦੇ ਹਾਂ।
ਉਹ ਹੈ ਹਮਦਰਦੀ 'ਚੋਂ ਨਿਕਲਿਆ ਵੋਟਰ ਦਾ ਜਜ਼ਬਾਤੀ ਉਲਾਰ। ਤੇ ਉਹ ਕਦੋਂ ਹੁੰਦੈ? ਜਦੋਂ ਲੋਕਾਂ ਦੇ ਧੁਰ ਅੰਦਰਲੇ ਜਜ਼ਬਾਤਾਂ ਤੱਕ ਪਹੁੰਚ ਕੀਤੀ ਜਾ ਸਕੇ। ਅਜਿਹਾ ਕੁਝ ਹੋ ਵਾਪਰ ਜਾਵੇ ਕਿ ਲੋਕ ਸਭ ਗਿਲੇ ਭੁਲਾ ਕੇ ਹਮਦਰਦੀ ਵਾਲੇ ਸਾਰੇ ਨੱਕੇ ਤੋੜ ਦੇਣ ਤੇ ਜਜ਼ਬਾਤਾਂ ਦੇ ਵਹਿਣ 'ਚ ਵਹਿ ਜਾਣ। ਸਭ ਤੋਂ ਵੱਧ ਜਜ਼ਬਾਤ ਕਦੋਂ ਪ੍ਰਭਾਵਿਤ ਹੁੰਦੇ ਨੇ? ਜਦੋਂ ਧਰਮ ਦਾ ਪੱਤਾ ਸੁੱਟਿਆ ਜਾਵੇ। ਪਰ ਇਹ ਪੱਤਾ ਤਾਂ ਹੁਣ ਜੱਗ ਜ਼ਾਹਰ ਹੋ ਚੁੱਕਿਐ। ਸੋ ਕੋਈ ਨਵੀਂ ਚਾਲ ਬਾਰੇ ਸੋਚੋ। ਚਾਲ ਤਾਂ ਕੋਈ ਨਵੀਂ ਨਹੀਂ ਪਰ ਹਾਲੇ ਵੀ ਉਹ ਅਸਰਦਾਰ ਹੈ।
ਭਾਰਤ 'ਚ ਰਾਜੀਵ ਗਾਂਧੀ ਨੂੰ ਇਸ ਦਾ ਫ਼ਾਇਦਾ ਮਿਲ ਚੁੱਕਿਐ, ਪਾਕਿਸਤਾਨ 'ਚ ਆਸਿਫ਼ ਅਲੀ ਜ਼ਰਦਾਰੀ ਵੀ ਲੈ ਚੁੱਕਿਆ ਹੈ ਜਾਂ ਕਹਿ ਲਓ ਕਿ ਉਸ ਨੂੰ ਵੀ ਮਿਲਚੁੱਕਿਆ। ਦੋਵਾਂ ਨੂੰ ਜਾਨਣ ਵਾਲੇ ਜਾਣਦੇ ਨੇ ਕਿ ਉਹ ਕਿੰਨੇ ਕੁ ਸੁਲਝੇ ਸਿਆਸਤਦਾਨ ਸੀ! ਸਿਆਸਤ ਦਾ ਤਾਂ ਉਨਾਂ ਨੂੰ ਹਾਲੇ ਊੜਾ-ਐੜਾ ਵੀ ਨਹੀਂ ਸੀ ਆਉਂਦਾ ਕਿ ਉਨਾਂ ਦੀ ਝੋਲ਼ੀ ਤਾਂ ਸੱਤਾ ਵਾਲੀ ਕੁਰਸੀ ਹਮਦਰਦੀ ਤੇ ਜਜ਼ਬਾਤੀ ਵੋਟ ਨੇ ਪਾ ਦਿੱਤੀ ਸੀ। ਜੇ ਇੰਦਰਾ ਗਾਂਧੀ ਦਾ ਕਤਲ ਨਾ ਹੁੰਦਾ ਤਾਂ ਕੀ ਰਾਜੀਵ ਨੇ ਪ੍ਰਧਾਨ ਮੰਤਰੀ ਬਣਨਾ ਸੀ? ਕਾਂਗਰਸ ਦਾ ਜੋ ਹਾਲ ਹੁਣ ਹੋਇਆ ਓਦੋਂ ਹੀ ਹੋ ਜਾਣਾ ਸੀ। ਜੇ ਬੇਨਜ਼ੀਰ ਭੁੱਟੋ ਨਾ ਮਾਰੀ ਜਾਂਦੀ ਤਾਂ ਆਸਿਫ਼ ਅਲੀ ਜ਼ਰਦਾਰੀ ਰਾਸ਼ਟਰਪਤੀ ਤਾਂ ਕੀ ਦਰਬਾਨ ਲੱਗਣ ਦੀ ਕਾਬਲੀਅਤ ਵੀ ਨਹੀਂ ਸੀ ਰੱਖਦਾ।
ਹੁਣ ਤੱਕ ਤੁਸੀਂ ਸਮਝ ਹੀ ਚੁੱਕੇ ਹੋਵੋਗੇ ਕਿ ਮੈਨੂੰ ਕਿਹੜੀ ਸਿਆਸੀ ਚਾਲ ਦਾ ਡਰ ਆਉਣ ਸਤਾ ਰਿਹੈ? ਜਾਂਦਾ-ਜਾਂਦਾ ਗੱਲ ਨੂੰ ਥੋੜਾ ਜਿਹਾ ਹੋਰ ਖੋਲ ਦਿਆਂ। ਧਿਆਨ ਰੱਖਣਯੋਗ ਗੱਲ ਇਹ ਹੈ ਕਿ ਹਮਦਰਦੀ ਤੇ ਜਜ਼ਬਾਤੀ ਵੋਟ ਹਾਸਲ ਲਈ ਕੋਈ ਪਾਰਟੀ ਕਦੇ ਵੀ ਦੂਜੀ ਪਾਰਟੀ 'ਤੇ ਨਿਰਭਰ ਨਹੀਂ ਹੁੰਦੀ। ਇਹ ਤਾਂ ਪਾਰਟੀ ਦਾ ਅੰਦਰੂਨੀ ਮਸਲਾ ਹੁੰਦਾ ਹੈ ਕਿ ਕੁਰਬਾਨੀ ਕਿਸ ਦੀ ਦਿੱਤੀ ਜਾਵੇ। ਲੋਕਾਂ ਦੇ ਜਜ਼ਬਾਤਾਂ ਨੂੰ ਛੋਟੀ ਮੋਟੀ ਕੁਰਬਾਨੀ ਨਾਲ ਨਹੀਂ ਜਿੱਤਿਆ ਜਾ ਸਕਦਾ, ਸਗੋਂ ਲੋੜ ਹੁੰਦੀ ਹੈ ਵੱਡੀ ਕੁਰਬਾਨੀ ਦੀ।
ਹੋ ਸਕਦਾ ਮੈਂ ਔਕਾਤ ਤੋਂ ਬਾਹਰ ਦੀ ਗੱਲ ਕਰ ਰਿਹਾ ਹੋਵਾਂ, ਹੋ ਸਕਦਾ ਕਿਸੇ ਦੇ ਗੱਲ ਹਜ਼ਮ ਨਾ ਆਵੇ। ਪਰ ਪੁਰਾਣੀ ਆਦਤ ਹੈ ਮਸਲੇ ਦੇ ਹਰ ਪਹਿਲੂ ਨੂੰ ਫਰੋਲਣ ਦੀ। ਹੁਣ ਸੋਚਣ ਦਾ ਕੰਮ ਤੁਹਾਡੇ 'ਤੇ ਛੱਡਦਾ ਹਾਂ ਕਿ ਵਾਹਿਗੁਰੂ ਜੀ ਮਿਹਰ ਕਰਨ ਤੇ ਇਹੋ ਜਿਹਾ ਕੁਝ ਨਾ ਹੀ ਵਾਪਰੇ ਤਾਂ ਚੰਗਾ ਹੈ। ਜੇ ਸਿਆਸਤ 'ਚ ਸਭ ਜਾਇਜ਼ ਹੈ ਤਾਂ ਸੋਚੋ ਕਿਹੜੀ ਪਾਰਟੀ ਕਿਹੜੇ ਬੰਦੇ ਦੀ ਕੁਰਬਾਨੀ ਦੇ ਕੇ ਸਭ ਤੋਂ ਵੱਧ ਹਮਦਰਦੀ ਤੇ ਜਜ਼ਬਾਤੀ ਵੋਟ ਹਾਸਲ ਕਰ ਸਕਦੀ ਹੈ? ਹੁਣ ਜਦੋਂ ਔਕਾਤ ਤੋਂ ਬਾਹਰ ਹੋ ਕੇ ਇਹ ਗੱਲਾਂ ਕਹਿ ਹੀ ਦਿੱਤੀਆਂ ਨੇ ਤਾਂ ਉਨਾਂ ਨੇਤਾਵਾਂ ਨੂੰ ਵੀ ਨਸੀਹਤ ਦੇ ਹੀ ਦਿੰਦੇ ਹਾਂ ਜੋ ਅਕਸਰ ਕਹਿੰਦੇ ਹਨ ਕਿ ਉਨਾਂ ਦੀ ਜਾਨ ਨੂੰ ਖ਼ਤਰਾ, ਵਿਰੋਧੀ ਉਨਾਂ ਨੂੰ ਮਰਵਾ ਵੀ ਸਕਦੇ ਨੇ। ਪਰ ਪਿਆਰੇ ਨੇਤਾਗਣ.. ਵਿਰੋਧੀ ਇਹੋ ਜਿਹੇ ਵਕਤ ਤੇ ਤੁਹਾਡੀ ਹਿਫ਼ਾਜ਼ਤ ਕਰਦੇ ਹੁੰਦੇ ਨੇ, ਤੁਹਾਨੂੰ ਮਰਵਾ ਕੇ ਉਨਾਂ ਨੇ ਆਪ ਸਿਆਸੀ ਤੌਰ ਨਹੀਂ ਮਰਨਾ ਹੁੰਦਾ। ਸੋ ਜੇ ਮੰਨਣਾ ਤਾਂ ਖ਼ਤਰਾ ਆਪਣਿਆਂ ਤੋਂ ਮੰਨੋ। ਇਹ ਨਾ ਹੋਵੇ ਕਿ ਆਪ ਜੀ ਦੀ ਕੁਰਬਾਨੀ ਹਮਦਰਦੀ ਤੇ ਜਜ਼ਬਾਤੀ ਵੋਟ ਜ਼ਰੀਏ ਤੁਹਾਡੇ ਆਪਣਿਆਂ ਲਈ ਸਿੰਘਾਸਣ ਦੇ ਰੂਪ 'ਚ ਬਦਲ ਜਾਵੇ।
ਗਿਲਾ ਨਾ ਕਰਿਓ ਮੇਰੇ ਇਹਨਾਂ ਸ਼ਬਦਾਂ ਨਾਲ, ਕਿਉਂਕਿ ਤੁਸੀਂ ਆਪ ਹੀ ਤਾਂ ਕਿਹਾ ਕਿ ਪਿਆਰ ਤੇ ਸਿਆਸਤ 'ਚ ਸਭ ਜਾਇਜ਼ ਹੈ। ਪਿਆਰ ਅਸੀਂ ਵੋਟਰ ਤੁਹਾਨੂੰ ਬਹੁਤ ਕਰਦੇ ਹਾਂ ਤੇ ਸਿਆਸਤ ਤੁਸੀਂ ਸਾਡੇ ਨਾਲ ਬਹੁਤ ਕਰਦੇ ਹੋ, ਫੇਰ ਹੋਏ ਨਾ ਆਪਾਂ ਦੋਨੋਂ ਹੀ ਜਾਇਜ਼!!!
ਆਸਟ੍ਰੇਲੀਆ
ਮਿੰਟੂ ਬਰਾੜ
-
ਮਿੰਟੂ ਬਰਾੜ, ਲੇਖਕ
mintubrar@gmail.com
+61 434 289 905
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.