ਜਲਾਲਾਬਾਦ ਹਲਕੇ ਵਿੱਚ ਚੋਣਾਂ ਦੇ ਹਾਲਾਤ ਪਲ-ਪਲ ਬਦਲ ਰਹੇ ਹਨ. ਜਾਤਾਂ ਅਤੇ ਬਰਾਦਰੀਆਂ ਨੂੰ ਪਹਿਲ ਦੇਣ ਵਾਲਾ ਇਹ ਹਲਕਾ ਚੋਣਾਂ ਦੇ ਪੱਖ ਤੋਂ ‘ਪੰਜਾਬ ਦੇ ਬਿਹਾਰ’ ਵਰਗਾ ਹੈ. ਫਿਰ ਵੀ ਜੇਕਰ ਜਾਤਾਂ-ਬਰਾਦਰੀਆਂ ਤੋਂ ਬਾਹਰ ਜਾ ਕੇ ਸਿਰਫ ਸਿਆਸੀ ਪਾਰਟੀਆਂ ਦੇ ਵੋਟ-ਆਧਾਰ ਅਤੇ ਰਣਨੀਤੀ ਬਾਰੇ ਹੀ ਗੱਲ ਕਰਨੀ ਹੋਵੇ ਤਾਂ ਸਿਆਸੀ ਸਮੀਕਰਨ ਕਾਫੀ ਉਲਝੇ ਹੋਏ ਨਜ਼ਰ ਆਉਂਦੇ ਹਨ. ਖਾਸ ਕਰਕੇ ਕਾਂਗਰਸ ਵਿੱਚ ਤਾਂ ਉਲਝਣ ਦੀ ਸਥਿਤੀ ਅਜੇ ਵੀ ਪਹਿਲਾਂ ਵਾਂਗੂੰ ਹੀ ਬਣੀ ਹੋਈ ਹੈ. ਆਪਣੇ ਉਮੀਦਵਾਰ ਦਾ ਐਲਾਨ ਦੇਰ ਨਾਲ ਕਰਨ ਵਾਲਾ ਫੈਸਲਾ ਉਸਨੂੰ ਮਹਿੰਗਾ ਪੈ ਸਕਦਾ ਹੈ.
ਕਾਂਗਰਸ ਦਾ ਇਸ ਹਲਕੇ ਵਿੱਚ ਵੱਡਾ ਵੋਟ ਬੈਂਕ ਹੈ. ਉਸ ਵੋਟ ਬੈਂਕ ਦਾ ਕਿਸੇ ਖਾਸ ਪਾਸੇ ਤੁਲ ਜਾਣਾ ਹੀ ਫੈਸਲਾ ਕਰੇਗਾ ਕਿ ਕਿਹੜੇ ਉਮੀਦਵਾਰ ਦੀ ਕਿਸਮਤ ਚਮਕਦੀ ਹੈ. ਇੱਥੋਂ ਦੇ ਲੋਕਲ ਕਾਂਗਰਸੀ ਆਗੂ, ਆਪੋ-ਆਪਣੀ ਚੌਧਰ ਚਮਕਾਉਣ ਲਈ, ਆਮ ਕਰਕੇ ਇੱਕ ਦੂਜੇ ਨਾਲ ਈਰਖਾ ਵਿੱਚ ਹੀ ਉਲਝੇ ਰਹਿੰਦੇ ਹਨ. ਉਹ ਸਾਰੇ ਹੀ, ਸੁਖਬੀਰ ਬਾਦਲ ਨੂੰ ਤਾਂ ਇੱਥੋਂ ਕੱਢਣਾ ਚਾਹੁੰਦੇ ਹਨ ਕਿਉਂਕਿ ਜਦੋਂ ਤੱਕ ਇੱਥੇ ਸੁਖਬੀਰ ਬੈਠਾ ਹੈ, ਉਦੋਂ ਤੱਕ ਕਿਸੇ ਕਾਂਗਰਸੀ ਨੂੰ ਆਪਣਾ ਕੋਈ ਭਵਿੱਖ ਨਜ਼ਰ ਨਹੀਂ ਆਉਂਦਾ. ਪਰ ਭਗਵੰਤ ਮਾਨ ਤੋਂ ਉਹਨਾਂ ਨੂੰ ਬਹੁਤਾ ਡਰ ਨਹੀਂ ਲੱਗਦਾ ਕਿਉਂਕਿ ਉਹ ਸੋਚਦੇ ਹਨ ਕਿ ਉਹ ਤਾਂ ਸੁਖਬੀਰ ਨੂੰ ਟੱਕਰ ਦੇਣ ਲਈ ਹੀ ਇੱਥੇ ਆਇਆ ਹੋਇਆ ਹੈ ਅਤੇ ਉਹ ਸੁਖਬੀਰ ਵਾਂਗੂੰ ਇਥੇ ਪੱਕਾ ਡੇਰਾ ਨਹੀਂ ਜਮਾਵੇਗਾ.
ਇਸ ਹਾਲਤ ਵਿੱਚ, ਲੋਕਲ ਕਾਂਗਰਸੀਆਂ ਦੀ ਨਜ਼ਰ ਵਿੱਚ, ਭਗਵੰਤ ਮਾਨ ਅਤੇ ਕਾਂਗਰਸੀ ਉਮੀਦਵਾਰ ਰਵਨੀਤ ਬਿੱਟੂ, ਬਾਹਰਲੇ ਉਮੀਦਵਾਰ ਹੋਣ ਦੇ ਬਾਵਜੂਦ ਵੀ ਸੁਖਬੀਰ ਬਾਦਲ ਨਾਲੋਂ ਘੱਟ ਖਤਰਨਾਕ ਹਨ. ਉਹ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਜਿਤਾਉਣਾ ਚਾਹੁਣਗੇ ਕਿਉਂਕਿ ਦੋਵੇਂ ਹੀ ਇੱਥੇ ਹਮੇਸ਼ਾ ਲਈ ਨਹੀਂ ਰਹਿਣਗੇ. ਪਰ ਇਸਦੇ ਉਲਟ, ਜੇਕਰ ਸੁਖਬੀਰ ਬਾਦਲ ਅੱਜ ਵਰਗੇ ਵਿਰੋਧੀ ਹਾਲਾਤ ਵਿੱਚ ਵੀ ਜਿੱਤ ਜਾਂਦਾ ਹੈ ਤਾਂ ਉਹ ਇੱਥੋਂ ਜਾਣ ਬਾਰੇ ਕਦੇ ਸੋਚ ਵੀ ਨਹੀਂ ਸਕੇਗਾ. ਉਸ ਹਿਸਾਬ ਨਾਲ ਇਥੋਂ ਦੇ ਕਾਂਗਰਸੀਆਂ ਦੀ ਐਮ.ਐਲ.ਏ. ਬਣਨ ਦੀ ਰੀਝ ਕਦੇ ਪੂਰੀ ਨਹੀਂ ਹੋ ਸਕੇਗੀ.
ਲੋਕਲ ਕਾਂਗਰਸੀ ਆਗੂਆਂ ਵਿੱਚ ਆਪਸੀ ਠੰਢੀ ਜੰਗ ਹਮੇਸ਼ਾ ਚੱਲਦੀ ਰਹਿੰਦੀ ਹੈ. ਉਹਨਾਂ ਨੂੰ ਸੁਖਬੀਰ ਦੇ ਨਾਲ-ਨਾਲ ਇੱਕ-ਦੂਜੇ ਤੋਂ ਵੀ ਖਤਰਾ ਹੈ ਕਿ ਕੋਈ ਦੂਸਰਾ ਕਾਂਗਰਸੀ ਇੱਥੇ ਪੈਰ ਨਾ ਜਮਾ ਲਵੇ. ਇਸ ਲਈ ਜੇਕਰ ਇਥੋਂ ਦੀ ਟਿਕਟ, ਰਵਨੀਤ ਬਿੱਟੂ ਦੀ ਬਜਾਇ ਕਿਸੇ ਲੋਕਲ ਕਾਂਗਰਸੀ ਨੂੰ ਮਿਲ ਜਾਂਦੀ ਤਾਂ ਉਸਦੇ ਵਿਰੋਧੀ ਕਾਂਗਰਸੀ ਆਪਣੀਆਂ ਵੋਟਾਂ ਭਗਵੰਤ ਨੂੰ ਭੁਗਤਾ ਸਕਦੇ ਸਨ ਤਾਂ ਕਿ ਉਹਨਾਂ ਦਾ ਕੋਈ ਕਾਂਗਰਸੀ ਸ਼ਰੀਕ ਇਸ ਹਲਕੇ ਉੱਤੇ ਕਬਜ਼ਾ ਨਾ ਕਰ ਸਕਦਾ. ਉਸ ਹਾਲਤ ਵਿੱਚ ਕਾਂਗਰਸ ਦੀ ਹਾਰ ਪੂਰੀ ਤਰਾਂ ਯਕੀਨੀ ਸੀ. ਪਰ ਹੁਣ ਉਹ ਆਪਣੀਆਂ ਵੋਟਾਂ ਭਗਵੰਤ ਦੀ ਬਜਾਇ ਬਿੱਟੂ ਨੂੰ ਪਵਾਉਣ ਵਿੱਚ ਕੋਈ ਨੁਕਸਾਨ ਨਹੀਂ ਸਮਝਦੇ ਕਿਉਂਕਿ ਉਹਨਾਂ ਦੀ ਆਪਸੀ ਈਰਖਾ ਦਾ ਹੁਣ ਕੋਈ ਬਹੁਤਾ ਦਖਲ ਨਹੀਂ ਰਿਹਾ.
ਇਸ ਲਈ ਵੇਖਿਆ ਜਾਵੇ ਤਾਂ ਹੁਣ ਇੱਥੇ ਕਾਂਗਰਸ ਦੀ ਸਥਿਤੀ ਮਜ਼ਬੂਤ ਹੋਣੀ ਚਾਹੀਦੀ ਹੈ. ਪਰ ਜ਼ਮੀਨੀ ਹਾਲਾਤ ਨੂੰ ਵੇਖ ਕੇ ਲੱਗਦਾ ਨਹੀਂ ਕਿ ਕਾਂਗਰਸੀ ਆਗੂਆਂ ਦੇ ਕਹਿਣ ਉੱਤੇ ਬਿੱਟੂ ਨੂੰ ਬਹੁਤੀਆਂ ਵੋਟਾਂ ਪੈ ਜਾਣਗੀਆਂ. ਇਸ ਦਾ ਮੁੱਖ ਕਾਰਨ ਇਹ ਹੈ ਕਿ ਬਿੱਟੂ ਬਹੁਤ ਲੇਟ ਹੋ ਚੁੱਕਿਆ ਹੈ. ਹੁਣ ਤੱਕ ਬਹੁਤ ਸਾਰੀ ਕਾਂਗਰਸੀ ਵੋਟ ਅਤੇ ਬਦਲਵੀਆਂ ਵੋਟਾਂ ਭਗਵੰਤ ਦੇ ਹੱਕ ਵਿੱਚ ਤੁਲ ਚੁੱਕੀਆਂ ਹਨ ਕਿਉਂਕਿ ਉਹ ਦੋ ਮਹੀਨੇ ਤੋਂ ਆਪਣਾ ਪ੍ਰਚਾਰ ਜ਼ੋਰ-ਸ਼ੋਰ ਨਾਲ ਕਰ ਰਿਹਾ ਹੈ. ਜਿਹੜੇ ਲੋਕ ਹੁਣ ਤੱਕ ਆਪਣਾ ਮਨ ਬਣਾ ਚੁੱਕੇ ਹਨ ਉਹਨਾਂ ਨੂੰ ਦੁਬਾਰਾ ਪਿੱਛੇ ਮੋੜਨਾ ਹੁਣ ਸੌਖਾ ਨਹੀਂ ਰਿਹਾ. ਭਗਵੰਤ ਦੀ ਇੱਕ ਸਟਾਰ ਦੇ ਤੌਰ ਉੱਤੇ ਪਛਾਣ ਵੀ ਇਸਦੀ ਖਾਸ ਵਜਾਹ ਹੈ. ਪਿੰਡਾਂ ਦੇ ਨੌਜਵਾਨਾਂ ਅਤੇ ਔਰਤਾਂ ਵਿੱਚ ਉਸ ਪ੍ਰਤੀ ਬਹੁਤ ਖਿੱਚ ਨਜ਼ਰ ਆਉਂਦੀ ਹੈ. ਇੱਕ ਬਾਹਰਲਾ ਅਤੇ ਨਿਰੋਲ ਸਿਆਸੀ ਆਗੂ ਰਵਨੀਤ ਬਿੱਟੂ, ਭਗਵੰਤ ਮਾਨ ਵਾਲਾ ਸਟਾਰਡਮ ਕਿੱਥੋਂ ਲਿਆਵੇਗਾ ?
ਇਸ ਲਈ, ਮੌਜੂਦਾ ਹਾਲਾਤ ਮੁਤਾਬਕ ਤਾਂ ਮੁੱਖ ਮੁਕਾਬਲਾ ਸੁਖਬੀਰ ਅਤੇ ਭਗਵੰਤ ਵਿੱਚ ਹੀ ਰਹਿ ਗਿਆ ਹੈ. ਪਰ ਭਗਵੰਤ ਲਈ ਵੀ ਇਹ ਇੱਕ ਚੁਣੌਤੀ ਹੀ ਹੈ ਕਿ ਜਿਹੜੇ ਲੋਕਾਂ ਨੂੰ ਉਹ ਹੁਣ ਤੱਕ ਆਪਣੇ ਨਾਲ ਜੋੜ ਚੁੱਕਿਆ ਹੈ, ਕੀ ਉਹ ਪੱਕੇ ਤੌਰ ਉੱਤੇ ਉਸ ਨਾਲ ਜੁੜੇ ਰਹਿੰਦੇ ਹਨ ਜਾਂ ਲੋਕਲ ਆਗੂਆਂ ਪਿੱਛੇ ਲੱਗ ਕੇ ਮੁੜ ਰਵਾਇਤੀ ਪਾਰਟੀਆਂ ਵੱਲ ਮੁੜ ਜਾਂਦੇ ਹਨ. ਨਾਲੇ ਆਉਣ ਵਾਲੇ ਦਿਨਾਂ ਵਿੱਚ ਕੁਝ ਨਵਾਂ ਅਤੇ ਖਾਸ ਘਟਨਾਕ੍ਰਮ ਵਾਪਰ ਜਾਵੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਅੱਜਕੱਲ ਦੀਆਂ ਚੋਣਾਂ ਵਿੱਚ ਅਮਰੀਕਾ ਦੇ ਡੋਨਲਡ ਟਰੰਪ ਵਰਗੇ ਕਈ ਉਮੀਦਵਾਰ, ਹਾਰਦੇ-ਹਾਰਦੇ ਵੀ ਜਿੱਤ ਜਾਂਦੇ ਹਨ.
ਚੱਕ ਬੁੱਧੋ ਕੇ ( ਜਲਾਲਾਬਾਦ )
16 ਜਨਵਰੀ 2017
-
ਜੀ. ਐੱਸ. ਗੁਰਦਿੱਤ, ਲੇਖਕ
gurditgs@gmail.com
9417193193
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.