ਸੰਸਾਰ ਅੰਦਰ ਜਦ ਮਨੁੱਖੀ ਜਿੰਦਗੀ ਵੱਲ ਇਕ ਨਜਰ ਮਾਰਦੇ ਹਾਂ ਤਾਂ ਆਮ ਇਨਸਾਨ ਚਿੰਤਾ-ਫਿਕਰ ਅੰਦਰ ਗ੍ਰੱਸਿਆ ਹੋਇਆ ਨਜਰੀਂ ਪੈਂਦਾ ਹੈ।ਕੋਈ ਨਾ ਕੋਈ ਡਰ,ਝੋਰਾ,ਫਿਕਰ ਅਤੇ ਸਹਿਮ ਆਮ ਇਨਸਾਨੀ ਜਿੰਦਗੀ ਦਾ ਇੱਕ ਹਿੱਸਾ ਜਿਹਾ ਬਣਿਆ ਪਰਤੀਤ ਹੁੱਦਾ ਹੈ।ਹੈਰਾਨੀ ਇਸ ਗੱਲ ਦੀ ਹੈ ਕਿ ਹਰ ਇਕ ਮਨੁੱਖ ਯਤਨ ਤਾ ਸੁਖ ਲਈ ਹੀ ਕਰ ਰਿਹਾ ਹੈ,ਸੁਖਾਂ ਦੇ ਸਾਧਨ ਵੀ ਇਸ ਨੇ ਮਿਹਨਤ ਕਰਕੇ ਜੁਟਾ ਲਏ ਹਨ। ਰੋਟੀ ਕਪੜੇ ਮਕਾਨ ਦੀ ਜਰੂਰਤ ਵੀ ਪੂਰੀ ਹੋ ਰਹੀ ਹੈ ਫਿਰ ਵੀ ਇਸ ਦੀ ਜਿੰਦਗੀ ਅੰਦਰ ਖੁਸ਼ੀ ਨਹੀਂ ਹੈ।
ਖੁਸ਼ੀ ਕੇਵਲ ਪਦਾਰਥਾਂ ਦੀ ਪ੍ਰਾਪਤੀ ਜਾ ਪਦਾਰਥਾਂ ਦੀ ਬਹੁਤਾਤ ਵਿਚ ਹੁੰਦੀ ਤਾਂ ਦੁਨੀਆਂ ਦੇ ਹਰ ਅਮੀਰ ਮਨੁੱਖ ਦਾ ਜੀਵਨ ਖੁਸ਼ੀਆ ਭਰਿਆ ਹੋਣਾ ਚਾਹੀਦਾ ਸੀ,ਪਰ ਐਸਾ ਵੇਖਣ ਵਿਚ ਨਹੀਂ ਆੳਂਦਾ। ਸਿਆਣਿਆਂ ਦਾ ਕਥਨ ਹੈ ਕਿ ਹਰ ਅਮੀਰ ਸੁਖੀ ਨਹੀਂ ਹੁੰਦਾ ਅਤੇ ਹਰ ਸੁਖੀ ਅਮੀਰ ਨਹੀਂ ਹੁੰਦਾ।ਜਰੂਰੀ ਨਹੀਂ ਕਿ ਹਰ ਧਨਵਾਨ ਦੇ ਜੀਵਨ ਵਿਚ ਖੁਸ਼ੀਆਂ ਹੋਣ ਅਤੇ ਅਤੇ ਹਰ ਸੁਖੀ ਬੰਦਾ ਧਨਵਾਨ ਵੀ ਹੋਵੇ।ਬਹੁ ਮੰਜਲੀ ਇਮਾਰਤਾਂ ਵਿਚ ਬੈਠੇ ਲੋਕ ਵੀ ਚਿੰਤਾ ਗ੍ਰਸਤ ਹੋ ਸਕਦੇ ਹਨ ਅਤੇ ਕੋਈ ਝੁੱਗੀ ਝੌਂਪੜੀ ਵਿਚ ਜੀਵਨ ਗੁਜਾਰ ਰਿਹਾ ਮਨੁੱਖ ਵੀ ਖੁਸ਼ੀਆਂ ਭਰਿਆ ਜੀਵਨ ਗੁਜਾਰ ਰਿਹਾ ਹੋ ਸਕਦਾ ਹੈ।ਕਿੳਂਕਿ ਖੁਸ਼ੀ ਦਾ ਸਬੰਧ ਪਦਾਰਥਾਂ ਨਾਲ ਨਹੀਂ ਹੈ ਖੁਸੀ ਦਾ ਸਬੰਧ ਸੋਚ ਨਾਲ ਅਤੇ ਜੀਵਨ ਜੀਣ ਦੇ ਢੰਗ ਨਾਲ ਹੈ।
ਖੁਸ਼ ਰਹਿਣਾ ਹਰ ਮਨੁੱਖ ਦਾ ਹੱਕ ਵੀ ਹੈ ਅਤੇ ਫਰਜ ਵੀ।ਹਰ ਇਨਸਾਨ ਨੂੰ ਖੁਸ਼ ਰਹਿਣ ਲਈ ਆਪਣੀ ਸੋਚ ਵਿਚ ਵਿਸ਼ਾਲਤਾ ਲਿਆਉਣੀ ਅਤੀ ਜਰੂਰੀ ਹੈ।ਸੋਚ ਵਿੱਚ ਵਿਸ਼ਾਲਤਾ ਲਿਆਏ ਬਿਨਾ ਖੁਸ਼ੀਆਂ ਨਸੀਬ ਨਹੀਂ ਹੋ ਸਕਦੀਆਂ।ਜੀਵਨ ਅਮਦਰ ਸਦ ਖੁਸ਼ ਰਹਿਣ ਲਈ ਹੇਠਾਂ ਕੁਝ ਸੁਝਾ ਪੇਸ਼ ਕਰ ਰਹੇ ਹਾਂ,ਉੱਮੀਦ ਹੈ ਕਿ ਇਹ ਸੁਝਾ ਕਿਸੇ ਵੀ ਮਨੁੱਖ ਦੀ ਜਿੰਦਗੀ ਵਿਚ ਖੁਸ਼ੀਆਂ ਦੇ ਫੁੱਲ਼ ਖਿੜਾਉਣ ਲਈ ਸਹਿਯੋਗੀ ਹੋ ਸਕਣਗੇ
1. ਸੱਚੀ-ਸੁੱਚੀ ਕਿਰਤ ਕਰੋ : ਕਈ ਲੋਕ ਕੋਈ ਕੰਮ ਨਹੀਂ ਕਰਣਾ ਚਾਹੁੰਦੇ ਵੇਹਲੇ ਰਹਿ ਕੇ ਹਰ ਖੁਸ਼ੀ ਅਤੇ ਸੁਖ ਮਾਨਣਾ ਚਾਹੁੰਦੇ ਹਨ।ਪਰ ਐਸਾ ਕਦੇ ਨਹੀਂ ਹੋ ਸਕਦਾ ਕਿ ਕੰਮ-ਕਾਰ ਕਰਣ ਤੋਂ ਬਿਨਾ ਕਿਸੇ ਨੂੰ ਕੋਈ ਖੁਸ਼ੀ ਮਿਲੇ।ਵੇਹਲਾ ਇਨਸਾਨ ਸਮਾਜ ਤੇ ਵਜਨ ਵੀ ਬਣਦਾ ਹੈ ਅਤੇ ਸਿਆਣਿਆਂ ਦਾ ਕਥਨ ਹੈ ‘ਵੇਹਲਾ ਮਨ ਸ਼ੈਤਾਨ ਦਾ ਘਰ’।ਆਲਸੀ ਮਨੁੱਖ ਹੀ ਵੇਹਲਾ ਰਹਿਣਾ ਲੋਚਦਾ ਹੈ।ਆਲਸੀ ਮਨੱਖ ਜਿੱਥੇ ਗਰੀਬੀ ਦਾ ਦੁਖ ਭੋਗਦਾ ਹੈ ਉੱਥੇ ਉਹ ਕਈ ਸਾਰੇ ਸ਼ਰੀਰਕ ਅਤੇ ਮਾਨਸਕ ਰੋਗਾਂ ਦਾ ਸ਼ਿਕਾਰ ਵੀ ਹੋ ਜਾਂਦਾ ਹੈ। ਸੱਜਣਾ ਮਿੱਤਰਾਂ ਅਤੇ ਸਮਾਜ ਦੇ ਮਜਾਕ ਦਾ ਪਾਤਰ ਵੀ ਬਣ ਜਾਂਦਾ ਹੈ। ਦੂਜੇ ਪਾਸੇ ਕਈ ਲੋਕ ਕੰਮ ਤਾ ਕਰਦੇ ਹਨ ਪਰ ਉਹਨਾ ਦੇ ਕੰਮ ਦਾ ਆਧਾਰ ਸੱਚ ਨਹੀਂ ਹੁੰਦਾ।ਉਹ ਅਮੀਰ ਬਨਣ ਲਈ ਕੋਈ ਛੋਟਾ ਰਾਸਤਾ ਭਾਲਦੇ ਹਨ। ਰਿਸ਼ਵਤ ਖੋਰੀ ਜਾਂ ਚੋਰ-ਬਾਜਾਰੀ ਦਾ ਰਾਹ ਅਪਣਾੳਂਦੇ ਹਨ।ਐਸੇ ਕਰਮ ਕਰਕੇ ਕਦੇ ਵੀ ਕਿਸੇ ਨੂੰ ਸੱਚੀ ਖੁਸ਼ੀ ਨਸੀਬ ਨਹੀਂ ਹੋਈ।ਐਸੇ ਲੋਕਾਂ ਦੇ ਮਨਾਂ ਅੰਦਰ ਅਪਰਾਧ ਕਰਕੇ ਸਦਾ ਹੀ ਡਰ ਦੀ ਭਾਵਨਾ ਬਣੀ ਰਹਿੰਦੀ ਹੈ।ਇਸ ਲਈ ਸਦੈਵੀ ਸੁਖ ਅਤੇ ਸਦੈਵੀ ਖੁਸ਼ੀ ਲਈ ਸੱਚੀ-ਸੁੱਚੀ ਕਿਰਤ ਕਰਣੀ ਚਾਹੀਦੀ ਹੈ।ਸੱਚੀ ਕਿਰਤ ਕਰਣ ਵਾਲਾ ਇਨਸਾਨ ਸਵਾਭੀਮਾਨੀ ਹੁੰਦਾ ਹੈ। ਉਸਨੂੰ ਆਪਣੇ ਕੀਤੇ ਹੋਏ ਹਰ ਇਕ ਛੋਟੇ ਵੱਡੇ ਕੰਮ ਵਿਚੋਂ ਖੁਸ਼ੀ ਮਿਲਦੀ ਹੈ।
2. ਸਦਾ ਵਿਕਾਸਸ਼ੀਲ ਬਣੇ ਰਹੋ : ਸੱਚੀ ਖੁਸ਼ੀ ਲਈ ਵਿਕਾਸ ਦੀ ਭਾਵਨਾ ਦਾ ਹੋਣਾ ਅਤਿਅੰਤ ਜਰੂਰੀ ਹੈ।ਜੇ ਮਨੁੱਖੀ ਜੀਵਨ ਦੇ ਇਤੀਹਾਸ ਵਿੱਚੋਂ ਵਿਕਾਸ ਨੂੰ ਪਾਸੇ ਕਰ ਦਿੱਤਾ ਜਾਏ ਤਾਂ ਮਨੁੱਖ ਜੰਗਲੀ ਜਾਨਵਰਾਂ ਦੀ ਤਰ੍ਹਾਂ ਵਿਚਰਦਾ ਹੋਇਆ ਨਜਰੀਂ ਪਵੇਗਾ। ਕਦੇ ਸਮਾਂ ਸੀ ਜਦ ਮਨੁੱਖ ਜੰਗਲਾਂ ਅੰਦਰ ਬਾਕੀ ਪਸ਼ੂਆਂ ਵਰਗਾ ਜੀਵਨ ਹੀ ਗੁਜਾਰ ਰਿਹਾ ਸੀ। ਨਾ ਰਹਿਣ ਲਈ ਕੋਈ ਮਕਾਨ ਸੀ ਨਾ ਪਾਉਣ ਲਈ ਕੋਈ ਕਪੜਾ ਸੀ।ਰੁੱਖਾਂ ਦਰਖਤਾਂ ਦੇ ਥੱਲੇ ਜੀਵਨ ਗੁਜਾਰਨਾ ਅਤੇ ਕੰਦਮੂਲ ਖਾ ਕੇ ਗੁਜਾਰਾ ਕਰਨਾ ਹੀ ਇਸਦੇ ਹਿੱਸੇ ਆਇਆ ਸੀ।ਹੌਲੀ ਹੌਲ਼ੀ ਇਸਨੇ ਵਿਕਾਸ ਕੀਤਾ ਅੱਗ ਦੀ ਖੋਜ ਹੋਈ,ਪਹੀਏ ਦੀ ਖੋਜ ਹੋਈ ਇਸਨੇ ਅਨਾਜ ਉਗਾਣਾ ਸਿੱਖ ਲਿਆ।ਕਬੀਲਿਆਂ ਦੇ ਰੂਪ ਵਿਚ ਰਹਿਣਾ ਸਿੱਖਿਆ ਪਿੰਡ ਅਤੇ ਸ਼ਹਿਰ ਵਸਦੇ ਚਲੇ ਗਏ। ਵਿਕਾਸ ਕਰਦਾ ਹੋੲਆ ਅੱਜ ਦੇ ਯੁਗ ਵਿਚ ਪੈਰ ਧਰਿਆ ਅਤੇ ਅਨੇਕਾਂ ਸੁਖ ਸਹੂਲਤਾ ਦੇ ਸਾਧਨ ਪੈਦਾ ਕਰ ਲਏ।ਨਦੀ ਦਰਿਆ ਦਾ ਪਾਣੀ ਵੀ ਉਦੋਂ ਤਕ ਹੀ ਸਾਫ ਸੁਥਰਾ ਰਹਿੰਦਾ ਹੈ ਜਦ ਤਕ ਗਤੀਸ਼ੀਲ ਹੈ।ਜਦ ਵੀ ਪਾਣੀ ਵਿਚ ਖੜੋਤ ਪੈਦਾ ਹੋ ਜਾਏ ਤਾਂ ਉਸ ਵਿਚ ਗੰਦਗੀ ਪੈਦਾ ਹੋ ਜਾਦੀ ਹੈ ਉਹ ਕਈ ਸਾਰੇ ਰੋਗਾਂ ਦਾ ਕਾਰਣ ਬਣ ਜਾਂਦਾ ਹੈ।ਜੀਵਨ ਵਿਚ ਵੀ ਜਦੋਂ ਤਕ ਗਤੀਸ਼ੀਲਤਾ ਹੈ ਤਦ ਤਕ ਹੀ ਖੁਸ਼ੀਆਂ ਦੀ ਸੰਭਾਵਨਾ ਹੈ।ਜਦ ਜੀਵਨ ਵਿਚ ਖੜੋਤ ਆ ਜਾਏ ਵਿਕਾਸ ਰੁਕ ਜਾਂਦਾ ਹੈ ਖੁਸ਼ੀਆਂ ਮੁਕ ਜਾਂਦੀਆਂ ਹਨ।ਇਸ ਲਈ ਹਮੇਸ਼ਾ ਆਪਣੇ ਜੀਵਨ ਅੰਦਰ ਨਵਾਂ ਜੋਸ਼ ਉਤਸ਼ਾਹ ਭਰ ਕੇ ਰੱਖੋ।ਆਪਣੇ ਜੀਵਨ ਵਿਚ ਸ਼ੁਭ ਗੁਣ ਪੈਦਾ ਕਰਦੇ ਰਹੋ।ਹਮੇਸ਼ਾ ਉਤਸ਼ਾਹੀ ਬਣੇ ਰਹੋ ਹਮੇਸ਼ਾ ਚੜਦੀ ਕਲਾ ਵਿਚ ਰਹੋ
3. ਸਵੈ ਨਿਰਭਰ ਬਣੋ : ਜੀਵਨ ਹਮੇਸ਼ਾ ਆਪਣੇ ਬਲ ਤੇ ਹੀ ਜੀਵਿਆ ਜਾਂਦਾ ਹੈ ਦੂਜਿਆਂ ਦੇ ਮੋਢਿਆਂ ਤੇ ਤਾਂ ਮੁਰਦੇ ਹੀ ਜਾਂਦੇ ਹਨ।ਕਦੇ ਵੀ ਆਪਣੇ ਆਪ ਨੂੰ ਕਿਸੇ ਤੇ ਵਜਨ ਨਾ ਬਨਣ ਦਿੳ।ਕਿਸੇ ਦੇ ਸਹਾਰੇ ਜੀਵਨ ਜੀਣ ਨਾਲ ਹੀਣ ਭਾਵਨਾ ਪੈਦਾ ਹੁੰਦੀ ਹੈ ਤੇ ਹੀਣ ਭਾਵਨਾ ਕਰਕੇ ਮਨੁੱਖ ਚਿੰਤਾ ਰੋਗ ਦਾ ਸ਼ਿਕਾਰ ਹੋ ਜਾਂਦਾ ਹੈ।ਐਸੇ ਇਨਸਾਨ ਦੀਆਂ ਖੁਸ਼ੀਆਂ ਸਦਾ ਲਈ ਖਤਮ ਹੋ ਜਾਂਦੀਆਂ ਹਨ।ਕਿਸੇ ਦੇ ਸਹਾਰੇ ਜੀਵਨ ਜੀਣ ਵਾਲੇ ਨੂੰ ਕਦੇ ਵੀ ਕੋਈ ਆਦਰ ਮਾਣ ਦੇ ਨਜਰੀਏ ਨਾਲ ਨਹੀਂ ਵੇਖਦਾ ਸਗੋਂ ਉਸਨੁੰ ਜੀਵਨ ਦੇ ਹਰ ਕਦਮ ਤੇ ਨਿਰਾਸ਼ਾ ਅਤੇ ਨਮੋਸ਼ੀ ਦਾ ਸਾਮ੍ਹਣਾ ਕਰਣਾ ਪੈਂਦਾ ਹੈ।ਨੋਟ:ਜੇ ਕੋਈ ਅਪਾਹਜ ਹੈ ਤਾਂ ਇਹ ਉਸਦੀ ਮਜਬੂਰੀ ਹੈ ਉਸਨੂੰ ਕਿਸੇ ਤੋਂ ਸਹਾਇਤਾ ਲੈਣ ਵਿਚ ਸੰਕੋਚ ਨਹੀਂ ਕਰਣਾ ਚਾਹੀਦਾ
4. ਸੁਖਾਵੇਂ ਸਬੰਧ ਬਣਾੳ : ਮਨੁੱਖ ਸਮਾਜਕ ਪ੍ਰਾਣੀ ਹੈ ਕਦੇ ਵੀ ਇਹ ਇਕੱਲਾ ਸੁਖੀ ਅਤੇ ਸ਼ਾਂਤ ਨਹੀਂ ਰਿਹ ਸਕਦਾ।ਇਕੱਲਾ ਇਹ ਜੀਵਨ ਗੁਜਾਰ ਸਕੇ ਇਹ ਤਾਂ ਕਦੇ ਸੋਚਿਆ ਵੀ ਨਹੀਂ ਜਾ ਸਕਦਾ।ਇਕੱਲਾਪਨ ਤਾਂ ਮਨੁੱਖ ਨੂੰ ਚਿੰਤਾ ਰੋਗ ਦਾ ਸ਼ਿਕਾਰ ਕੁਝ ਪਲਾਂ ਵਿਚ ਕਰ ਦਿੰਦਾ ਹੈ।ਜੇਲ ਵਿਚ ਜਿਸਨੂੰ ਸਖਤ ਸਜਾ ਦੇਣੀ ਹੋਵੇ ਉਸਨੂੰ ਇਕੱਲਿਆਂ ਹੀ ਕੈਦ ਕੀਤਾ ਜਾਂਦਾ ਹੈ। ਐਸੇ ਅਨੇਕਾ ਕੈਦੀ ਇਕੱਲੇਪਨ ਦਾ ਸ਼ਿਕਾਰ ਹੋ ਕੇ ਕੁਝ ਦਿਨਾ ਵਿਚ ਹੀ ਆਪਣਾ ਮਾਨਸਕ ਸੰਤੁਲਨ ਗਵਾ ਬੈਠਦੇ ਹਨ ਅਤੇ ਪਾਗਲ ਹੋ ਜਾਂਦੇ ਹਨ।ਇਨਸਾਨ ਸੁਖ ਅਤੇ ਸ਼ਾਂਤੀ ਨਾਲ ਜੀਵਨ ਬਿਤਾ ਸਕੇ ਇਸ ਕਰਕੇ ਹੀ ਰਿਸ਼ਤੇ-ਨਾਤੇ ੳਤੇ ਸੱਜਣ-ਮਿੱਤਰ ਬਣਾਏ ਜਾਂਦੇ ਹਨ।ਪਰ ਵੇਖਣ ਵਿਚ ਆੳਂਦਾ ਹੈ ਕਿ ਰਿਸ਼ਤੇ ਨਾਤੇ ਬਾਲ-ਬੱਚੇ ਹੁੰਦਿਆਂ ਵੀ ਮਨੁੱਖ ਸੁਖੀ ਅਤੇ ਸ਼ਾਂਤ ਨਹੀਂ ਹੈ ਕਿੳਂਕਿ ਇਸਦੇ ਸਬੰਧ ਸੁਖਵੇਂ ਨਹੀਂ ਹਨ।ਜੇ ਆਪਸੀ ਸਬੰਧਾਂ ਵਿਚ ਛਲ-ਫਰੇਬ,ਧੋਖਾ ਅਤੇ ਬੇਵਿਸ਼ਵਾਸੀ ਹੈ ਤਾਂ ਜੀਵਨ ਵਿਚ ਖੁਸ਼ੀ ਪੈਦਾ ਨਹੀਂ ਹੋ ਸਕੇਗੀ।ਇਸ ਲਈ ਜੇ ਸੱਚੀ ਅਤੇ ਸਦੈਵੀਂ ਖੁਸ਼ੀ ਚਾਹੁੰਦੇ ਹੋ ਤਾਂ ਆਪਣੇ ਸਬੰਧ ਸੁਖਾਵੇਂ ਬਣਾੳ। ਈਮਾਨਦਾਰ ਬਣੋ,ਵਿਸ਼ਵਾਸ ਦੇ ਪਾਤਰ ਬਣੋ,ਆਪਣਾ ਵਿਵਹਾਰ ਅਤੇ ਮਿਲਵਰਤਨ ਪਾਰਦਰਸ਼ੀ ਰੱਖੋ।
5. ਦੂਜਿਆਂ ਦੀ ਸਹਾਇਤਾ ਕਰੋ : ਇਸ ਦੁਨੀਆਂ ਅੰਦਰ ਅਨੇਕਾਂ ਐਸੇ ਲੋਕ ਹਨ ਜੋ ਜੀਵਨ ਵਿਚ ਹੋਰਨਾ ਲੋਕਾਂ ਤੋਂ ਕਈ ਕਾਰਣਾ ਕਰਕੇ ਪਛੜ ਗਏ ਹਨ । ਬਹੁਤ ਸਾਰੇ ਲੋਕ ਅਪਾਹਜ ਲਾਚਾਰਗੀ ਭਰੀ ਜਿੰਦਗੀ ਜੀਣ ਲਈ ਮਜਬੂਰ ਹਨ। ਐਸੇ ਲੋਕਾਂ ਦੀ ਸਹਾਇਤਾ ਕਰੋ। ਬਜੁਰਗਾਂ ਦੀ ਯਥਾਯੋਗ ਸੇਵਾ ਕਰੋ ਉਹ ਤੁਹਾਨੂੰ ਅਸ਼ੀਸ ਦੇਣਗੇ ਤੁਹਾਨੂਂ ਵਿਸ਼ੇਸ ਕਿਸਮ ਦੀ ਖੁਸ਼ੀ ਮਹਿਸੁਸ ਹੋਵੇਗੀ । ਕਿਸੇ ਗਰੀਬ ਬੱਚੇ ਦੀ ਪੜਾਈ ਵਿਚ ਆਰਥਕ ਸਹਾਇਤਾ ਕਰੋ।ਤੁਹਾਡੀ ਥੋੜੀ ਜਿਹੀ ਫਿਰਾਕ ਦਿਲੀ ਨਾਲ ਕੀਤੀ ਸਹਾਇਤਾ ਕਿਸੇ ਦੇ ਜੀਵਨ ਵਿਚ ਖੁਸ਼ੀਆਂ ਦਾ ਕਾਰਣ ਬਣੇ ਇਸ ਵਿਚ ਹੀ ਤੁਹਾਡੀ ਮਹਾਨਤਾ ਹੈ। ਦਾਸ ਲੇਖਕ ਵੀ ਆਪਣੇ ਕੁਝ ਹੋਰ ਸਾਥੀਆਂ ਦੇ ਸਹਿਯੋਗ ਨਾਲ ਕਰਨਾਲ (ਹਰਿਆਣਾ)ਵਿਖੇ ਸ਼ਿਕਲੀਗਰ ਸਿੱਖ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਦਾ ਉਪਰਾਲਾ ਕੀਤਾ ਹੋਇਆ ਹੈ।ਇਹਨਾ ਬੱਚਿਆਂ ਲਈ ਕਰੀਬ ਡੇਢ ਸਾਲ ਤੋਂ ਲਗਾਤਾਰ ਗੁਰਮਤਿ ਕਲਾਸ ਲਗਾਈ ਜਾ ਰਹੀ ਹੈ।ਜਿਸ ਵਿਚ ਗੁਰਬਾਣੀ ਦੇ ਗੁਟਕੇ,ਪੋਥੀਆਂ ਫ੍ਰੀ ਦਿੱਤੇ ਜਾਂਦੇ ਹਨ।ਗੁਰਬਾਣੀ ਸੰਥਿਆ ਲਈ ਉਚੇਚੇ ਤੌਰ ਤੇ ਇੱਕ ਪਰਚਾਰਕ ਵੀਰ ਦੀ ਡਿਉਟੀ ਲਗਾਈ ਗਈ ਹੈ। ਜਿਸਦੀ ਤਨਖਾਹ ਦੀ ਸੇਵਾ ‘ਸਿੰਘ ਸਭਾ ਇਟਰਨੈਸ਼ਨਲ ਇੰਗਲੈਂਡ’ ਦੇ ਵੀਰ ਕਰਦੇ ਹਨ ।ਇਸਤੋਂ ਅਲਾਵਾ ਇਹਨਾ ਬੱਚਿਆਂ ਨੂੰ ਸਮੇਂ ਸਮੇਂ ਤੇ ਲੋੜ ਅਨੁਸਾਰ ਸਕੂਲ਼ ਬੈਗ,ਸਕੂਲ ਦੀਆਂ ਪੁਸਤਕਾਂ,ਕਪੜੇ,ਜੁੱਤੀਆਂ,ਪੈਨ,ਕਾਪੀਆਂ ਆਦਿ ਦੀ ਸੇਵਾ ਵੀ ਕੀਤੀ ਜਾਂਦੀ ਹੈ ।ਜੋ ਬੱਚੇ ਸਕੂਲੀ ਪੜ੍ਹਾਈ ਚੋਂ ਚੰਗੇ ਨੰਬਰ ਲੈ ਕੇ ਪਾਸ ਹੁੰਦੇ ਹਨ ਉਹਨਾ ਨੁੰ ਸਪੈਸ਼ਲ ਇਨਾਮ ਵੀ ਦਿੱਤੇ ਜਾਂਦੇ ਹਨ।ਇਸਤਰ੍ਹਾਂ ਸੇਵਾ ਕਰਕੇ ਸੱਚੀ ਖੁਸ਼ੀ ਨਸੀਬ ਹੁੰਦੀ ਹੈ।
6. ਪਰਿਵਾਰ ਵਿਚ ਸਮਾਂ ਗੁਜਾਰੋ : ਜਦੋਂ ਕੋਈ ਆਪਣੇ ਪਰਿਵਾਰ ਨੂੰ ਨਜਰ ਅੰਦਾਜ ਕਰਨ ਲਗ ਜਾਏ ਤਾਂ ਸਮਝੋ ਉਸ ਪਰਿਵਾਰ ਦੀਆਂ ਖੁਸ਼ੀਆਂ ਖਤਮ ਹੋਣ ਵਾਲੀਆਂ ਹਨ।ਅਤੇ ਪਰਿਵਾਰ ਦੇ ਪਤਨ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ।ਪਰਿਵਾਰ ਵਿਚ ਬੱਚਿਆਂ ਨਾਲ ਮਿਲਕੇ ਖੇਲੋ ਤੁਹਾਡਾ ਜੀਵਨ ਫੁੱਲ ਦੀ ਤਰ੍ਹਾਂ ਖਿੜ ਜਾਇਗਾ। ਬੱਚਿਆਂ ਨੂੰ ਵਿਸ਼ੇਸ ਖੁਸ਼ੀ ਹੋਵੇਗੀ ।ਉਹ ਹਮੇਸ਼ਾ ਤੁਹਾਡੇ ਨਾਲ ਪਿਆਰ ਕਰਣਗੇ।ਪਿਆਰ ਨਾਲ ਬੈਠਕੇ ਬੱਚਿਆਂ ਦ ਾਹੋਮ ਵਰਕ ਕਰਾੳ।ਬਜੁਰਗ ਮਾਂ-ਬਾਪ ਨਾਲ ਕੁਝ ਸਮਾਂ ਬਿਤਾੳ ਉਹਨਾ ਨਾਲ ਪਿਆਰ ਭਰੀ ਗੱਲ ਬਾਤ ਕਰੋ ਉਹਨਾ ਕੋਲ ਜੀਵਨ ਦਾ ਬਹੁਤ ਵੱਡਾ ਤਜਰਬਾ ਹੈ ਉਸਦਾ ਲਾਭ ਉਠਾੳ।ਪਰਿਵਾਰ ਵਿਚ ਤਾਲਮੇਲ ਬਣਾ ਕੇ ਰੱਖੋ ਪਰਿਵਾਰ ਦੇ ਹਰ ਜੀਅ ਦੇ ਸੁਖ ਦੁਖ ਦਾ ਖਿਆਲ ਰੱਖੋ।ਇਸ ਤਰ੍ਹਾਂ ਤੁਹਾਡਾ ਘਰ ਪਰਿਵਾਰ ਸਵਰਗ ਬਣ ਜਾਏਗਾ।
7. ਦੂਜਿਆਂ ਦਾ ਸਤਕਾਰ ਕਰੋ : ਯਾਦ ਰੱਖੋ ਦੁਨੀਆਂ ਦਾ ਹਰ ਇਨਸਾਨ ਤੁਹਾਡੀ ਤਰ੍ਹਾਂ ਹੀ ਆਦਰ ਅਤੇ ਸਤਕਾਰ ਦੀ ਚਾਹਤ ਰੱਖਦਾ ਹੈ। ਇਸ ਲਈ ਹਮੇਸ਼ਾ ਹਰ ਇੱਕ ਛੋਟੇ ਵੱਡੇ ਇਸਤ੍ਰੀ ਪੁਰਸ਼ ਨੂੰ ਬਣਦਾ ਸਤਕਾਰ ਦਿੳ।ਜਦੋਂ ਤੁਸੀ ਕਿਸੇ ਦਾ ਆਦਰ ਕਰੋਗੇ ਬਦਲੇ ਵਿੱਚ ਤੁਹਾਨੂਂ ਵੀ ਆਦਰ ਅਤੇ ਪਿਆਰ ਮਿਲੇਗਾ ।ਜਿਸ ਕਰਕੇ ਤੁਹਾਨੂੰ ਸੱਚੀ ਖੁਸ਼ੀ ਮਿਲੇਗੀ।
8. ਰੱਬ ਦਾ ਸ਼ੁਕਰਾਨਾ ਕਰੋ : ਜੋ ਕੁਝ ਵੀ ਤੁਹਾਨੂੰ ਜੀਵਨ ਵਿਚ ਮਿਲਿਆ ਹੈ ।ਉਸ ਲਈ ਹਮੇਸ਼ਾ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਰਹੋ।ਜੋ ਇਨਸਾਨ ਸ਼ੁਕਰਾਨੇ ਨਾਲ ਭਰਿਆ ਰਹਿੰਦਾ ਹੈ ਉਸਦੇ ਜੀਵਨ ਅੰਦਰ ਕਦੇ ਨਿਰਾਸ਼ਤਾ ਨਹੀਂ ਆਉਂਦੀ ਸਗੋਂ ਹਮੇਸ਼ਾ ਵਿਗਾਸਤਾ ਅਤੇ ਚੜਦੀ ਕਲਾ ਬਣੀ ਰਹਿੰਦੀ ਹੈ। ਇਹ ਕੁਝ ਕੂ ਨਿਯਮ ਅਪਨਾ ਕੇ ਜੀਵਨ ਵਿਚ ਸੁਖ ਅਤੇ ਖੁਸ਼ੀਆਂ ਮਾਣੀਆਂ ਜਾ ਸਕਦੀਆਂ ਹਨ
ਮੋਹਰ ਸਿੰਘ ਚੰਡੀਗੜ੍ਹ
http://sikhjagat.com/
-
ਮੋਹਰ ਸਿੰਘ ਚੰਡੀਗੜ੍ਹ, ਲੇਖਕ
contact@lazanews.com
(84) 383 723 2558
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.